ਨਾਗਾਸਾਕੀ `ਤੇ ਐਟਮ ਬੰਬ ਕਿਓਂ ਸੁੱਟਿਆ?

ਮਝੈਲ ਸਿੰਘ ਸਰਾਂ.

ਨਾਗਾਸਾਕੀ `ਤੇ ਸੁੱਟੇ ਗਏ ਪੰਜ ਟਨ ਭਾਰੇ ਐਟਮ ਬੰਬ ‘ਫੈਟ ਮੈਨ’ 

ਜਪਾਨ ਦੇ ਸ਼ਹਿਰ ਹੀਰੋਸ਼ੀਮਾ `ਤੇ ਪਹਿਲਾ ਐਟਮ ਬੰਬ 6 ਅਗਸਤ 1945 ਨੂੰ ਸੁੱਟਣ ਤੋਂ ਬਾਅਦ ਉਥੇ ਮਚਾਈ ਤਬਾਹੀ ਨੂੰ ਦੇਖ ਕੇ ਦੂਜਾ ਐਟਮ ਬੰਬ ਵੀ ਜਪਾਨ `ਤੇ ਛੇਤੀ ਤੋਂ ਛੇਤੀ ਸੁੱਟ ਕੇ ਅਮਰੀਕਾ ਦੂਜੇ ਵਿਸ਼ਵ ਯੁੱਧ ਨੂੰ ਖਤਮ ਕਰਨ ਦਾ ਸਿਹਰਾ ਰੂਸ ਦੀ ਬਜਾਏ ਆਪਣੇ ਸਿਰ ਬੰਨ੍ਹਣਾ ਚਾਹੁੰਦਾ ਸੀ, ਤੇ ਇਹ ਵੀ ਦੱਸਣਾ ਚਾਹੁੰਦਾ ਸੀ ਕਿ ਜਪਾਨ ਇਹ ਸਮਝੇ ਕਿ ਪਤਾ ਨਹੀਂ ਹੋਰ ਕਿੰਨੇ ਕੁ ਐਹੋ ਜਿਹੇ ਅਮਰੀਕਾ ਕੋਲ ਤਬਾਹੀ ਆਲੇ ਬੰਬ ਹਨ। ਤੇ ਉਸੇ ਦਿਨ ਟੀਨੀਅਨ ਟਾਪੂ `ਤੇ ਦੂਜੇ ਐਟਮ ਬੰਬ ਦੀ ਤਿਆਰੀ ਸ਼ੁਰੂ ਕਰ ਦਿੱਤੀ, ਪਰ 7 ਤੇ 8 ਅਗਸਤ ਨੂੰ ਮੌਸਮ ਹਵਾਈ ਹਮਲੇ ਦੇ ਅਨੁਕੂਲ ਨਾ ਹੋਣ ਕਰਕੇ ਜਿਓਂ ਹੀ 9 ਅਗਸਤ ਨੂੰ ਮੌਸਮ ਥੋੜ੍ਹਾ ਜਿਹਾ ਠੀਕ ਹੋਇਆ ਤਾਂ ਇਹ ਦੂਜਾ ਐਟਮ ਬੰਬ ਸੁੱਟਣ ਲਈ ਹਵਾਈ ਹਮਲਾ ਕਰ ਦਿੱਤਾ ਗਿਆ। ਪਰ ਇਹ ਐਟਮ ਬੰਬ ਨਾਗਾਸਾਕੀ ਸ਼ਹਿਰ `ਤੇ ਸੁੱਟਣ ਲਈ ਨਹੀਂ ਸੀ ਭੇਜਿਆ। ਦਰਅਸਲ ਅਮਰੀਕੀ ਰੱਖਿਆ ਮਹਿਕਮੇ ਨੇ ਜਿਹੜੀ ਤਿੰਨ ਸ਼ਹਿਰਾਂ ਦੀ ਲਿਸਟ ਬਣਾਈ ਸੀ, ਉਹਦੇ ਵਿਚ ਹੀਰੋਸ਼ੀਮਾ, ਕੋਕੂਰਾ ਤੇ ਕੋਇਓਟਾ ਸਨ ਪਰ ਬਾਅਦ ਵਿਚ ਕੋਇਓਟਾ ਦਾ ਨਾਮ ਇਸ ਕਰਕੇ ਕੱਢ ਦਿੱਤਾ ਕਿ ਇਹਦੇ ਵਿਚ ਜਪਾਨ ਦੀਆਂ ਵਿਰਾਸਤੀ ਤੇ ਸਭਿਅਤਾ ਨਾਲ ਸਬੰਧਤ ਇਮਾਰਤਾਂ ਸਨ। ਇਸ ਦੀ ਜਗ੍ਹਾ ਨਾਗਾਸਾਕੀ ਦਾ ਨਾਮ ਪਾ ਲਿਆ ਕਿ ਜੇ ਦੋ ਤੋਂ ਜ਼ਿਆਦਾ ਐਟਮ ਬੰਬ ਸੁੱਟਣੇ ਪਏ ਤਾਂ ਉਹ ਨਾਗਾਸਾਕੀ ਹੋਵੇਗਾ| ਜਿਵੇਂ ਪਹਿਲੇ ਐਟਮ ਬੰਬ ਸੁੱਟਣ ਵਿਚ ਕੋਈ ਦਿੱਕਤ ਨਹੀਂ ਸੀ ਆਈ ਤੇ ਸਭ ਕੁਝ ਯੋਜਨਾਬੱਧ ਤਰੀਕੇ ਨਾਲ ਨਿਪਟਿਆ ਸੀ, ਪਰ ਦੂਜੇ ਐਟਮ ਬੰਬ ਦੀ ਵਾਰੀ ਸ਼ੁਰੂ ਵਿਚ ਹੀ ਕਈ ਗੱਲਾਂ ਅਣਕਿਆਸੀਆਂ ਹੋ ਗਈਆਂ, ਜਿਸ ਕਾਰਨ ਇਹ ਬੰਬ ਨਾਗਾਸਾਕੀ `ਤੇ ਸੁੱਟਿਆ ਗਿਆ, ਇਸ ਦਾ ਥੋੜ੍ਹਾ ਜਿਹਾ ਵੇਰਵਾ ਇਸ ਤਰ੍ਹਾਂ ਹੈ:

ਦੂਜਾ ਐਟਮ ਬੰਬ ਪਲੂਟੋਨੀਅਮ ਸੀ ਜਦੋਂ ਕਿ ਪਹਿਲਾ ਯੂਰੇਨੀਅਮ ਸੀ। ਇਹ 6 ਅਗਸਤ ਨੂੰ ਹੀ ਅਸੈਂਬਲ ਕਰ ਲਿਆ ਸੀ ਤਾਂ ਕਿ ਛੇਤੀ ਤੋਂ ਛੇਤੀ ਜਪਾਨ `ਤੇ ਸੁੱਟਿਆ ਜਾਵੇ। ਇਸ ਦੂਜੇ ਐਟਮ ਬੰਬ ਨੂੰ ਵੀ ਸੁੱਟਣ ਲਈ ਪਹਿਲੇ ਐਟਮ ਬੰਬ ਵਾਲੇ ਪੌਲ ਟਿੱਬਟ ਨੂੰ ਹੀ ਇੰਚਾਰਜ ਬਣਾਇਆ ਗਿਆ ਤੇ ਉਸਦਾ ਹੀ ਪਹਿਲੇ ਵਾਲਾ ਬੰਬਰ ਜਹਾਜ਼ ਇਨੋਲਾ ਗੇ ਇਸ ਕੰਮ ਵਾਸਤੇ ਚੁਣਿਆ ਸੀ। ਆਉਣ ਵਾਲੇ ਦਿਨਾਂ ਦੇ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ 11 ਅਗਸਤ ਦਾ ਦਿਨ ਮੁਕੱਰਰ ਕਰ ਦਿੱਤਾ ਸੀ। ਪੌਲ ਟਿੱਬਟ ਇਸ ਦੂਜੇ ਐਟਮ ਬੰਬ ਨੂੰ ਸੁੱਟਣ ਦੀ ਜ਼ਿੰਮੇਵਾਰੀ ਆਪਣੇ ਦੋਸਤ ਮੇਜਰ ਸਵੀਨੇ ਨੂੰ ਦੇਣੀ ਚਾਹੁੰਦਾ ਸੀ ਤਾਂਕਿ ਉਸ ਦਾ ਨਾਮ ਵੀ ਇਤਿਹਾਸ ਵਿਚ ਲਿਖਿਆ ਜਾ ਸਕੇ| ਜਿਓਂ ਹੀ ਟੀਨੀਅਨ ਟਾਪੂ `ਤੇ ਦੂਜੇ ਐਟਮ ਬੰਬ ਦੀ ਤਿਆਰੀ ਸ਼ੁਰੂ ਕੀਤੀ ਗਈ ਤਾਂ ਰੱਖਿਆ ਮਹਿਕਮੇ ਵਲੋਂ ਇਹ ਹੁਕਮ ਆ ਗਏ ਕਿ ਐਟਮ ਬੰਬ ਹੁਣ 11 ਦੀ ਬਜਾਏ 9 ਅਗਸਤ ਨੂੰ ਸੁੱਟਿਆ ਜਾਵੇ, ਕਿਓਂਕਿ 10 ਤੇ 11 ਨੂੰ ਜਪਾਨ `ਤੇ ਮੌਨਸੂਨ ਦੇ ਤੂਫ਼ਾਨ ਦੀ ਕਿਆਸਅਰਾਈ ਸੀ, ਇਸ ਕਰਕੇ ਬੰਬ ਦੀ ਤਿਆਰੀ ਵਿਚ ਤੇਜ਼ੀ ਲਿਆਂਦੀ ਗਈ ਤੇ 8 ਅਗਸਤ ਤੱਕ ਐਟਮ ਬੰਬ ਤਿਆਰ ਕਰ ਕੇ ਜਹਾਜ਼ ਵਿਚ ਲੋਡ ਕਰਨ ਯੋਗ ਬਣਾ ਦਿੱਤਾ ਸੀ। ਮੇਜਰ ਸਵੀਨੇ ਨੇ ਬੋਕਸਕਾਰ ਨਾਮ ਜਹਾਜ਼ ਦੀ ਚੋਣ ਕੀਤੀ ਤੇ 8 ਅਗਸਤ ਨੂੰ ਇਸੇ ਜਹਾਜ਼ ਦੀ ਰਨਵੇਅ `ਤੇ ਰਿਹਰਸਲ ਕੀਤੀ। ਐਟਮ ਬੰਬ ਜਿਸਦਾ ਨਾਮ ‘ਫੈਟ ਮੈਨ’ ਰੱਖਿਆ ਸੀ, ਨੂੰ ਲੋਡ ਕਰ ਦਿੱਤਾ ਗਿਆ ਤੇ ਨਾਲ ਦੀ ਨਾਲ ਹੀ ਕਈ ਖਤਰਨਾਕ ਤੇ ਦਿਲਚਸਪ ਕਿੱਸੇ ਵੀ ਸ਼ੁਰੂ ਹੋ ਗਏ| ਜਦੋਂ ਦੋਵੇਂ ਪ੍ਰਮਾਣੂ ਇੰਜੀਨੀਅਰ ਐਟਮ ਬੰਬ ਦੀ ਆਖ਼ਿਰੀ ਅਸੈਂਬਲੀ ਕਰ ਰਹੇ ਸੀ, ਤਾਂ ਉਨ੍ਹਾਂ ਤੋਂ ਫਾਇਰਿੰਗ ਯੂਨਿਟ ਵਿਚ ਤਾਰ ਉਲਟ ਪਾਸੇ ਤੋਂ ਪਾ ਹੋ ਗਈ, ਜਿਸ ਕਰਕੇ ਬੰਬ ਫਟਣ ਵਾਲਾ ਪਲੀਤਾ ਤਿਆਰ ਹੋ ਗਿਆ। ਉਹ ਦੋਵੇਂ ਬਹੁਤ ਪ੍ਰੇਸ਼ਾਨ ਤੇ ਖ਼ੌਫਜ਼ਦਾ ਹੋ ਗਏ ਕਿ ਬੰਬ ਹੁਣੇ ਹੀ ਉਨ੍ਹਾਂ ਦੇ ਹੱਥਾਂ ਵਿਚ ਹੀ ਫਟ ਜਾਵੇਗਾ, ਪਰ ਕਈ ਘੰਟੇ ਅਤਿ ਦੀ ਹੁੰਮਸ ਭਰੀ ਗਰਮੀ `ਚ ਘੋਲ ਕਰ ਕੇ ਗ਼ਲਤੀ ਠੀਕ ਕਰ ਦਿੱਤੀ| ਦੂਜੀ ਮੁਸ਼ਕਿਲ ਐਨ ਉਡਾਣ ਭਰਨ ਤੋਂ ਪਹਿਲਾਂ ਜਿਓਂ ਹੀ ਜਹਾਜ਼ ਦੀ ਪ੍ਰੀ-ਚੈਕਿੰਗ ਕੀਤੀ, ਤਾਂ ਜਿਹੜਾ 640 ਗੈਲਨ ਤੇਲ ਰਿਜ਼ਰਵ ਟੈਂਕੀ ਵਿਚ ਸੀ, ਉਹਨੂੰ ਲੋੜ ਪੈਣ ‘ਤੇ ਮੇਨ ਟੈਂਕੀ ਵਿਚ ਭੇਜਣ ਵਾਲੀ ਗੇਜ਼ ਖਰਾਬ ਸੀ, ਜਿਸਨੂੰ ਠੀਕ ਕਰਨ ਨੂੰ ਕਈ ਘੰਟੇ ਲੱਗ ਜਾਣੇ ਸੀ ਤੇ ਜਹਾਜ਼ ਬਦਲ ਕੇ ਹੋਰ ਜਹਾਜ਼ ਵਿਚ ਬੰਬ ਲੋਡ ਕਰਦੇ ਤਾਂ ਵੱਡਾ ਖਤਰਾ ਸੀ ਬੰਬ ਫਟਣ ਦਾ। ਬੜੀ ਕਸੂਤੀ ਦੁਬਿਧਾ, ਅੰਤ ਨੂੰ ਪੌਲ ਟਿੱਬਟ ਨੇ ਫੈਸਲਾ ਕੀਤਾ ਕਿ ਇਸੇ ਤਰ੍ਹਾਂ ਹੀ ਬੋਕਸਕਾਰ ਜਹਾਜ਼ ਬੰਬ ਸੁੱਟਣ ਲਈ ਉਡਾਇਆ ਜਾਵੇਗਾ, ਕਿਓਂਕਿ ਉਸ ਮੁਤਾਬਿਕ ਮੇਨ ਟੈਂਕੀ ਦਾ ਤੇਲ ਆਉਣ-ਜਾਣ ਲਈ ਕਾਫ਼ੀ ਹੈ। ਉਸਨੇ ਮੇਜਰ ਸਵੀਨੇ ਨੂੰ ਲੋੜੀਂਦੀਆਂ ਹਦਾਇਤਾਂ ਕੀਤੀਆਂ, ਜੋ ਬੰਬ ਸੁੱਟਣ ਵਕਤ ਜ਼ਰੂਰੀ ਸਨ| ਇਹ ਐਟਮ ਜਪਾਨ ਦੇ ਸ਼ਹਿਰ ਕੋਕੂਰਾ `ਤੇ ਸੁੱਟਣ ਲਈ ਭੇਜਿਆ ਗਿਆ|

ਬੋਕਸਕਾਰ ਦੀ ਉਡਾਣ ਤੋਂ ਪਹਿਲਾਂ ਦੋ ਜਹਾਜ਼ ਇੱਕ ਘੰਟਾ ਪਹਿਲਾਂ ਉਡਾਏ ਗਏ ਤਾਂ ਕਿ ਉਥੋਂ ਦੇ ਮੌਸਮ ਬਾਰੇ ਜਾਣਕਾਰੀ ਦਿੱਤੀ ਜਾਵੇ ਬੋਕਸਕਾਰ ਨੇ 9 ਅਗਸਤ ਨੂੰ ਤੜਕੇ ਦੋ ਵਜੇ ਦੇ ਕਰੀਬ ਉਡਾਣ ਭਰੀ। ਉਸਦੇ ਨਾਲ ਜਹਾਜ਼ ਵਿਚ ਕੁੱਲ 10 ਅਫ਼ਸਰ ਸਨ ਤੇ ਇਹਦੀ ਮਦਦ ਲਈ ਦੋ ਹੋਰ ਬੰਬਰ ਜਹਾਜ਼ ਪਿਛੇ ਉਡਾਏ ਗਏ, ਜਿਨ੍ਹਾਂ ਦਾ ਕੰਮ ਸੀ, ਬੰਬ ਸੁੱਟਣ ਤੋਂ ਬਾਅਦ ਫੋਟੋਗ੍ਰਾਫੀ ਕਰਕੇ ਐਟਮ ਬੰਬ ਦੀ ਸਫ਼ਲਤਾ ਦੀ ਵਿਗਿਆਨਕ ਦ੍ਰਿਸ਼ਟੀ ਤੋਂ ਨਿਰੀਖਣ ਕਰਨਾ। ਤਾਂਕਿ ਭਵਿੱਖ ਵਿਚ ਸਫ਼ਲਤਾ ਪੂਰਵਕ ਉਸਤੋਂ ਵੀ ਵੱਡੇ ਤੇ ਮਾਰੂ ਬੰਬ ਬਣਾਏ ਜਾਣ| ਬੋਕਸਕਾਰ ਨੂੰ ਉਡਾਣ ਸਾਰ ਹੀ ਸਵੀਨੇ ਨੇ ਜਹਾਜ਼ ਦਾ ਕੰਟਰੋਲ ਆਪਣੇ ਸਹਾਇਕ ਪਾਇਲਟ ਨੂੰ ਸੰਭਾਲ ਕੇ ਆਪ ਥੋੜ੍ਹਾ ਆਰਾਮ ਕਰਨ ਲਈ ਲੰਮਾ ਪੈ ਗਿਆ। ਕਿਓਂਕਿ ਪਿਛਲਾ ਸਾਰਾ ਦਿਨ ਹੀ ਬਹੁਤ ਨੱਠ-ਭੱਜ ਕਰ ਕੇ ਥਕਾਵਟ ਮਹਿਸੂਸ ਕਰ ਰਿਹਾ ਸੀ। ਮੌਸਮ ਅਜੇ ਵੀ ਖਰਾਬ ਹੀ ਸੀ। ਮੀਂਹ, ਤੇਜ਼ ਹਵਾ ਤੇ ਖ਼ੌਫਜ਼ਦਾ ਲਿਸ਼ਕਦੀ ਬਿਜਲੀ ਵਿਚ ਬੋਕਸਕਾਰ ਨੱਕ ਦੀ ਸੇਧੇ ਸੈਂਕੜੇ ਮੀਲ ਦੂਰ ਲੱਖਾਂ ਲੋਕਾਂ ਨੂੰ ਮਾਰਨ ਉੱਡਿਆ ਜਾ ਰਿਹਾ ਸੀ। ਖਰਾਬ ਮੌਸਮ ਕਰਕੇ ਜਹਾਜ਼ ਨੂੰ 9000 ਫੁੱਟ ਦੀ ਉਚਾਈ `ਤੇ ਉਡਾਇਆ ਜਾ ਰਿਹਾ ਸੀ, ਜਿਸ ਕਰਕੇ ਜ਼ਿਆਦਾ ਤੇਲ ਖਾ ਰਿਹਾ ਸੀ। ਇਸੇ ਦੌਰਾਨ ਐਟਮ ਬੰਬ ਦੇ ਕਮਾਂਡਰ ਐਸ਼ਵਰਥ ਤੇ ਉਹਦੇ ਸਹਾਇਕ ਨੇ ਅੰਤਿਮ ਛੋਹਾਂ ਦਿੰਦੇ ਹੋਏ ਬੰਬ ਦੇ ਹਰੀ ਲਾਈਟ ਵਾਲੇ ਸੇਫਟੀ ਪਲੱਗ ਉਤਾਰ ਦਿੱਤੇ, ਤਾਂ ਕਿ ਫੈਟ ਮੈਨ ਤਿਆਰ ਹੋ ਜਾਵੇ। ਇਹ ਸਭ ਕਰਨ ਤੋਂ ਬਾਅਦ ਐਸ਼ਵਰਥ ਬੇਫਿਕਰ ਹੋ ਕੇ ਐਟਮ ਬੰਬ `ਤੇ ਸਿਰ ਰੱਖ ਕੇ ਸੌਂ ਗਿਆ| ਇਸਦੇ ਤਿੰਨ ਘੰਟੇ ਬਾਅਦ ਸਵੇਰ ਹੋਣ ਤੋਂ ਪਹਿਲਾਂ ਬੰਬ ਦੇ ਕੰਟਰੋਲ ਪੈਨਲ ‘ਤੇ ਲਾਲ ਲਾਈਟਾਂ ਫਲੈਸ਼ ਕਰਨ ਲੱਗ ਪਈਆਂ, ਜਿਸਦਾ ਮਤਲਬ ਸੀ ਕਿ ਬੰਬ ਹੁਣੇ ਹੀ ਫਟ ਜਾਵੇਗਾ। ਇਹ ਦੇਖ ਕੇ ਸਹਾਇਕ ਬਾਰਨੇ ਨੇ ਬਹੁਤ ਘਬਰਾ ਤੇ ਖ਼ੌਫਜ਼ਦਾ ਹੋ ਕੇ ਐਸ਼ਵਰਥ ਨੂੰ ਸੁੱਤੇ ਪਏ ਨੂੰ ਝੰਜੋੜ ਕੇ ਉਠਾਇਆ ਕਿ ਆਪਾਂ ਤੋਂ ਬਹੁਤ ਵੱਡੀ ਕੋਈ ਗਲਤੀ ਹੋ ਗਈ ਤੇ ਬੰਬ ਨੇ ਹੁਣੇ ਫਟ ਜਾਣਾ। ਐਸ਼ਵਰਥ ਅੱਬੜਵਾਹੇ ਜਾਗਿਆ ਤੇ ਕਹਿੰਦਾ ‘ਓ ਮਾਈ ਗੌਡ’ ਤੇ ਦੋਵਾਂ ਨੇ ਬਿਨਾਂ ਕਿਸੇ ਨੂੰ ਦੱਸੇ ਕਾਹਲੀ-ਕਾਹਲੀ ਸਾਰੇ ਬਲਿਊ ਪ੍ਰਿੰਟ ਦੇਖੇ ਤੇ ਦਸਾਂ ਕੁ ਮਿੰਟਾਂ ਵਿਚ ਗਲਤੀ ਲੱਭ ਕੇ ਠੀਕ ਕਰਕੇ ਸੁਖ ਦਾ ਸਾਹ ਲਿਆ। ਪਰ ਬੋਕਸਕਾਰ ਦੀਆਂ ਮੁਸ਼ਕਿਲਾਂ ਅਜੇ ਮੁੱਕੀਆਂ ਨਹੀਂ, ਕੋਕੂਰਾ `ਤੇ ਬੰਬ ਸੁੱਟਣ ਤੋਂ ਪਹਿਲਾਂ ਮਿਥੇ ਨਿਸ਼ਾਨੇ `ਤੇ ਇਨ੍ਹਾਂ ਤਿੰਨਾਂ ਜਹਾਜ਼ਾਂ ਨੇ ਇੱਕਠੇ ਹੋਣਾ ਸੀ। ਉਹ ਸੀ ਜਾਪਾਨੀ ਸਮੇਂ ਮੁਤਾਬਿਕ 9 ਵਜੇ ਤੇ 30000 ਫੁੱਟ ਦੀ ਉਚਾਈ। ਪਰ ਇਥੇ ਇੱਕ ਜਹਾਜ਼ ਨਾ ਪਹੁੰਚਿਆ ਤੇ ਸਵੀਨੇ ਨੇ ਉਸ ਜਗ੍ਹਾ `ਤੇ 50 ਮਿੰਟ ਗੇੜੇ ਲਾ ਕੇ ਤੇਲ ਫੂਕਿਆ। ਵੱਡੀ ਗੱਲ ਇਹ ਹੋਈ ਕਿ ਇਹਦਾ ਰੇਡੀਓ ਸਿਸਟਮ ਵੀ ਖਰਾਬ ਹੋ ਗਿਆ, ਜਿਸ ਕਰਕੇ ਇਹ ਦੂਜੇ ਜਹਾਜ਼ ਨਾਲ ਰਾਬਤਾ ਨਾ ਬਣਾ ਸਕਿਆ, ਜਦੋਂ ਕਿ ਇਹ ਉਸੇ ਜਗ੍ਹਾ ‘ਤੇ ਬੋਕਸਕਾਰ ਤੋਂ 9000 ਫੁੱਟ ਵੱਧ ਉਚਾਈ ‘ਤੇ ਉੱਡ ਰਿਹਾ ਸੀ। ਸਵੀਨੇ ਤੇਲ ਦੀ ਕਮੀ ਦੇ ਮੱਦੇਨਜ਼ਰ ਹੋਰ ਉਡੀਕ ਨਾ ਕਰਦੇ ਦਸ ਵਜੇ ਦੇ ਕਰੀਬ ਕੋਕੂਰਾ ਸ਼ਹਿਰ ‘ਤੇ ਬੰਬ ਸੁੱਟਣ ਨੂੰ ਜਹਾਜ਼ ਮੋੜ ਲਿਆ, ਪਰ ਇਥੇ ਇੱਕ ਹੋਰ ਸਮੱਸਿਆ ਇਹ ਆਈ ਕਿ ਜਿਹੜਾ ਜਹਾਜ਼ ਉਥੇ ਪਹੁੰਚਿਆ ਨਹੀਂ ਸੀ, ਉਹਦੇ ਪਾਇਲਟ ਨੇ ਸਮਝਿਆ ਕਿ ਬੋਕਸਕਾਰ ਕਿਤੇ ਰਸਤੇ ਵਿਚ ਨਾ ਡਿੱਗ ਗਿਆ ਹੋਵੇ। ਉਹਨੇ ਰੇਡੀਓ `ਤੇ ਟੀਨੀਅਨ ਟਾਪੂ ਦੇ ਕੰਟਰੋਲ ਰੂਮ ਤੋਂ ਪੁੱਛਿਆ, ‘ਕੀ ਬੋਕਸਕਾਰ ਡਿੱਗ ਗਿਆ?’ ਪਰ ਕੰਟਰੋਲ ਰੂਮ ਨੇ ਇਹ ਸੁਣਿਆ ਕਿ ‘ਬੋਕਸਕਾਰ ਡਿੱਗ ਗਿਆ’ ਜਿਓਂ ਹੀ ਇਹ ਲਫ਼ਜ਼ ਪੌਲ ਟਿੱਬਟ ਤੇ ਇੱਕ ਹੋਰ ਫੌਜੀ ਜਰਨੈਲ, ਜੋ ਬ੍ਰੇਕਫਾਸਟ ਕਰ ਰਹੇ ਸੀ ਨੇ ਸੁਣਿਆ, ਤਾਂ ਉਹਨੂੰ ਹੁੱਥੂ ਆ ਗਿਆ ਤੇ ਹੱਥਾਂ ਪੈਰਾਂ ਦੀ ਪੈ ਗਈ ਕਿ ਇਹ ਕੀ ਭਾਣਾ ਵਰਤ ਗਿਆ। ਕਿਓਂਕਿ ਉਹ ਤਾਂ ਦੂਜੇ ਐਟਮ ਬੰਬ ਦੀ ਕਾਮਯਾਬੀ ਦੇ ਜਸ਼ਨ ਮਨਾਉਣ ਦੀ ਤਿਆਰੀ ਕਰੀ ਬੈਠੇ ਸੀ। ਉਸ ਤੋਂ ਵੀ ਵੱਡੀ ਗੱਲ ਇਹ ਸੀ ਕਿ ਪ੍ਰੈਜ਼ੀਡੈਂਟ ਟਰੂਮੇਨ ਤੇ ਰੱਖਿਆ ਮਹਿਕਮੇ ਨੂੰ ਇਹ ਮਨਹੂਸ ਖਬਰ ਕਿੱਦਾਂ ਦੱਸੀ ਜਾਊਗੀ, ਕਿਓਂਕਿ ਅਮਰੀਕਾ ਵਾਸਤੇ ਇੱਕ ਬਹੁਤ ਵੱਡੀ ਨਮੋਸ਼ੀ ਦੇ ਨਾਲ-ਨਾਲ ਦੂਜੇ ਮਹਾਂਯੁੱਧ ਦਾ ਨਾਇਕ ਕੋਈ ਹੋਰ ਬਣ ਸਕਦਾ ਸੀ| ਕਾਹਲੀ ਵਿਚ ਉਨ੍ਹਾਂ ਨੇ ਸਾਰੇ ਬਚਾਅ ਕਰਨ ਵਾਲੇ ਜਹਾਜ਼ ਅਲਰਟ ਕਰ ਦਿੱਤੇ ਕਿ ਜਿਥੇ ਵੀ ਬੋਕਸਕਾਰ ਡਿੱਗਿਆ ਪਤਾ ਲਾਇਆ ਜਾਵੇ ਤੇ ਐਟਮ ਬੰਬ ਦਾ ਕੀ ਬਣਿਆ? ਘਬਰਾਹਟ ਵਿਚ ਕਿਸੇ ਨੇ ਵੀ ਬੋਕਸਕਾਰ ਤੇ ਇੱਕ ਹੋਰ ਤੀਜਾ ਜਹਾਜ਼ ਜਿਹੜਾ ਉਹਦੇ ਨਾਲ ਸੀ ਨਾਲ ਰਾਬਤਾ ਨਾ ਕੀਤਾ|

ਓਧਰ ਬੋਕਸਕਾਰ ਕੋਕੂਰਾ ਤੇ ਆਪਣੇ ਟਾਰਗੇਟ, ਜੋ ਕਿ ਬਹੁਤ ਵੱਡੀ ਅਸਲਾ ਫੈਕਟਰੀ ਸੀ, ਨੂੰ ਲੱਭਣ ਲਈ ਉਡਾਣ ਭਰ ਰਿਹਾ ਸੀ, ਪਰ ਬਹੁਤ ਜ਼ਿਆਦਾ ਸੰਘਣੀ ਬੱਦਲਵਾਈ ਅਤੇ ਨਾਲ ਦੇ ਸ਼ਹਿਰ ਦੀਆਂ ਫੈਕਟਰੀਆਂ ਦਾ ਧੂੰਆਂ ਇਧਰ ਆਉਣ ਕਰਕੇ ਥੱਲੇ ਕੁਛ ਵੀ ਨਜ਼ਰ ਨਹੀਂ ਸੀ ਆ ਰਿਹਾ। ਸਵੀਨੇ ਬੰਬ ਨੂੰ ਐਨ ਟਿਕਾਣੇ `ਤੇ ਸੁੱਟ ਕੇ ਇਤਿਹਾਸ ਸਿਰਜਣਾ ਚਾਹੁੰਦਾ ਸੀ। ਇਸ ਕਰਕੇ ਬੰਬ ਸੁੱਟਣ ਦੇ ਇੰਚਾਰਜ ਕੈਪਟਨ ਬੇਹਨ ਨੂੰ ਉਦੋਂ ਤੱਕ ਬੰਬ ਨਾ ਸੁੱਟਣ ਦੀ ਹਦਾਇਤ ਕੀਤੀ ਜਦੋਂ ਤੱਕ ਟਾਰਗੇਟ ਸਾਫ ਨਾ ਦਿਸੇ। ਸਿਰਫ ਰਾਡਾਰ ਦੇ ਭਰੋਸੇ ਬੰਬ ਨਾ ਸੁੱਟਿਆ ਜਾਵੇ। ਇਸ ਤਰ੍ਹਾਂ ਬੋਕਸਕਾਰ ਦੀ ਪਹਿਲੀ ਕੋਸ਼ਿਸ਼ ਬੇਕਾਰ ਗਈ ਤੇ ਜਦੋਂ ਸਵੀਨੇ ਨੇ ਦੂਜੀ ਵਾਰੀ ਕੋਸ਼ਿਸ਼ ਕੀਤੀ ਤਾਂ ਜਪਾਨ ਨੇ ਬੋਕਸਕਾਰ ‘ਤੇ ਹਵਾਈ ਤੋਪਾਂ ਨਾਲ ਜ਼ਮੀਨ ਤੋਂ ਹਮਲਾ ਕਰ ਦਿੱਤਾ ਤੇ ਨਾਲ ਹੀ ਜਾਪਾਨੀ 10 ਹਵਾਈ ਲੜਾਕੂ ਜਹਾਜ਼ਾਂ ਨੇ ਬੋਕਸਕਾਰ ਦਾ ਪਿੱਛਾ ਕਰ ਕੇ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ, ਜੋ ਬਿਲਕੁਲ ਬੋਕਸਕਾਰ ਦੇ ਲਾਗਿਓਂ ਜਾਂਦੇ ਸੀ ਤੇ ਬੜਾ ਵੱਡਾ ਖਤਰਾ ਹੋ ਗਿਆ, ਸਾਰੇ ਅਫਸਰਾਂ ਵਿਚ ਦਹਿਲ ਦਾ ਮਾਹੌਲ ਬਣ ਗਿਆ। ਜਦੋਂ ਇਹ ਦੂਜੀ ਕੋਸ਼ਿਸ਼ ਵੀ ਬੇਕਾਰ ਗਈ ਤਾਂ ਕਮਾਂਡਰ ਐਸ਼ਵਰਥ, ਜਿਹੜਾ ਇਸ ਸਾਰੇ ਮਿਸ਼ਨ ਦਾ ਚੀਫ ਸੀ, ਨੇ ਬੜੀ ਸਖਤੀ ਨਾਲ ਸਵੀਨੇ ਨੂੰ ਕਿਹਾ ਕਿ ਇਹ ਮਿਸ਼ਨ ਇਥੇ ਹੀ ਬੰਦ ਕਰ ਤੇ ਵਾਪਿਸ ਟੀਨੀਅਨ ਜਾਣ ਲਈ ਜਹਾਜ਼ ਮੋੜ! ਸਾਰੇ ਜਹਾਜ਼ ਦੇ ਮੈਂਬਰਾਂ ਵਿਚ ਤਲਖੀ ਵਧੀ ਹੋਈ ਸੀ| ਸਵੀਨੇ ਇਸ ਮਿਸ਼ਨ ਨੂੰ ਅਧੂਰਾ ਨਹੀਂ ਛੱਡਣਾ ਚਾਹੁੰਦਾ ਸੀ। ਉਸਨੇ ਬੜੀ ਉੱਚੀ ਆਵਾਜ਼ ਵਿਚ ਕਿਹਾ, ‘ਮੈਂ ਇੱਕ ਵਾਰ ਹੋਰ ਵੱਖਰੀ ਦਿਸ਼ਾ ਤੋਂ ਕੋਸ਼ਿਸ਼ ਕਰਕੇ ਦੇਖਦਾਂ।’ ਇਸ ਕੋਸ਼ਿਸ਼ ਦੌਰਾਨ ਜਪਾਨੀ ਲੜਾਕੂ ਜਹਾਜ਼ ਇੱਕ ਕਤਾਰ ਬਣਾ ਕੇ ਉਹਦੇ ਅੱਗੇ ਆ ਗਏ, ਪਰ ਬੋਕਸਕਾਰ ਨੇ ਕੋਸ਼ਿਸ਼ ਜਾਰੀ ਰੱਖੀ। ਇਸ ਵਾਰ ਵੀ ਸਫਲਤਾ ਨਹੀਂ ਮਿਲੀ। ਹਾਲਾਤ ਇਹ ਬਣ ਚੁੱਕੇ ਸਨ ਕਿ ਜਿੰਨਾ ਜਹਾਜ਼ ਵਿਚ ਤੇਲ ਸੀ, ਉਸ ਨਾਲ ਵਾਪਸ ਟੀਨੀਅਨ ਪਹੁੰਚਣਾ ਮੁਸ਼ਕਿਲ ਸੀ ਤੇ ਸਭ ਤੋਂ ਵੱਡਾ ਖਤਰਾ ਬੋਕਸਕਾਰ ‘ਚ ਉਸ ਵਕਤ ਦਾ ਸਭ ਤੋਂ ਵੱਡਾ ਤਬਾਹਕੁਨ ਐਟਮ ਬੰਬ ‘ਫੈਟ ਮੈਨ’ ਸੀ, ਜਿਹਨੂੰ ਫਟਣ ਨੂੰ ਇੱਕ ਸਵਿਚ ਹੀ ਉੱਪਰ ਥੱਲੇ ਹੋਣਾ ਸੀ। ਹੁਣ ਇੱਕ ਸਕਿੰਟ ਵੀ ਵਾਧੂ ਸਮਾਂ ਨਹੀਂ ਸੀ ਸੋਚਣ ਦਾ, ਕਿ ਇਹਦੇ ਤੋਂ ਛੁਟਕਾਰਾ ਕਿਵੇਂ ਮਿਲੇ। ਜਿਵੇਂ ਪੰਜਾਬੀ `ਚ ਕਹਾਵਤ ਆ ‘ਮੈਂ ਤਾਂ ਕੰਬਲ ਨੂੰ ਛੱਡਦਾਂ ਪਰ ਹੁਣ ਕੰਬਲ ਨੀ ਮੈਨੂੰ ਛੱਡਦਾ।’ ਇੰਨੇ ਨੂੰ ਕਮਾਂਡਰ ਐਸ਼ਵਰਥ ਨੇ ਪੂਰਾ ਕੰਟਰੋਲ ਆਪਣੇ ਹੱਥ ਲੈ ਕੇ ਹੁਕਮ ਕੀਤਾ ਕਿ ਬੋਕਸਕਾਰ ਨੂੰ ਨਾਗਾਸਾਕੀ ਜੋ ਉਥੋਂ 95 ਮੀਲ ਦੂਰ ਸੀ ਲਿਜਾਇਆ ਜਾਵੇ, ਤਾਂਕਿ ਉਥੇ ਜਿਹੜੀ ਸਭ ਤੋਂ ਵੱਡੀ ਜਪਾਨ ਦੀ ਮਿਤਸੁਬਿਸ਼ੀ ਅਸਲੇ ਦੀ ਫੈਕਟਰੀ ਤੇ ਹੋਰ ਵੱਡੀਆਂ ਫੈਕਟਰੀਆਂ ਹਨ, ਇਸ ਐਟਮ ਬੰਬ ਨਾਲ ਤਬਾਹ ਕੀਤੀਆਂ ਜਾ ਸਕਣ। ਇਸ ਤਬਦੀਲੀ ਲਈ ਉਹਨੇ ਕਿਸੇ ਵੀ ਉੱਚ ਅਧਿਕਾਰੀ ਦੀ ਇਜਾਜ਼ਤ ਨਾ ਮੰਗੀ। ਸਵੀਨੇ ਪਹਿਲਾਂ ਹੀ ਘਬਰਾਹਟ ਵਿਚ ਸੀ ਤੇ ਜਹਾਜ਼ ਵਿਚ ਤੇਲ ਵੀ ਸਿਰਫ ਕੁਛ ਕੁ ਘੰਟਿਆਂ ਦਾ ਹੀ ਬਚਿਆ ਸੀ। ਇਸ ਹਾਲਾਤ ਵਿਚ ਉਹਨੇ ਬੋਕਸਕਾਰ ਨੂੰ ਖਤਰਨਾਕ ਤਿੱਖਾ ਕੂਹਣੀ ਮੋੜ ਮੋੜਿਆ। ਬਿਨਾਂ ਸੋਚੇ ਕਿ ਇੱਕ ਤੀਜਾ ਜਹਾਜ਼ ਜਿਹੜਾ ਪਿਛੇ ਆ ਰਿਹਾ ਸੀ ਐਨਾ ਨੇੜੇ ਹੋ ਗਿਆ, ਕਿ ਦੋਵੇਂ ਆਪਸ ਵਿਚ ਟਕਰਾਉਣੋਂ ਮਸਾਂ ਬਚੇ। ਇਸ ਤਰ੍ਹਾਂ ਕੋਕੂਰਾ ਦੀ ਹੁੰਦੀ-ਹੁੰਦੀ ਤਬਾਹੀ ਹਾਲਾਤ ਕਾਰਨ ਬਚ ਗਈ ਪਰ ਨਾਗਾਸਾਕੀ ਵਾਲਿਆਂ ਦੀ ਮੌਤ ਦਾ ਸਬੱਬ ਬਣ ਗਈ।


ਜਿਓਂ ਹੀ ਬੋਕਸਕਾਰ ਨਾਗਾਸਾਕੀ ਵੱਲ ਚੱਲਿਆ ਤਾਂ ਸਵੀਨੇ ਨੇ ਤੇਲ ਦੇ ਹਿਸਾਬ ਨਾਲ ਇਹ ਨਤੀਜਾ ਕੱਢਿਆ ਕਿ ਇਹ ਨਾਗਾਸਾਕੀ `ਤੇ ਬੰਬ ਸੁੱਟ ਕੇ 450 ਮੀਲ ਤੋਂ ਵੱਧ ਨਹੀਂ ਜਾ ਸਕੇਗਾ। ਇਹ ਯਕੀਨੀ ਸੀ ਕਿ ਕਿਤੇ ਸਮੁੰਦਰ ਵਿਚ ਹੀ ਡਿੱਗੇਗਾ। ਇਸ ਨਾਲ ਸਾਰੇ ਜਹਾਜ਼ `ਚ ਸਵਾਰ ਭੈਭੀਤ ਬੈਠੇ ਸਨ। ਇਸ ਗਿਣਤੀ-ਮਿਣਤੀ ‘ਚ ਬੋਕਸਕਾਰ ਨਾਗਾਸਾਕੀ ਪੁੱਜ ਗਿਆ ਤੇ ਸਵੀਨੇ ਨੇ ਜਹਾਜ਼ ਨੂੰ 28000 ਫੁੱਟ ਦੀ ਉਚਾਈ ‘ਤੇ ਲੈ ਆਂਦਾ, ਪਰ ਮੁਸ਼ਕਿਲ ਇਥੇ ਵੀ ਉਹੋ ਸੀ ਕਿ ਸੰਘਣੇ ਬੱਦਲਾਂ ਵਿਚੋਂ ਥੱਲੇ ਕੁਛ ਵੀ ਨਹੀਂ ਸੀ ਦਿਸਦਾ। ਐਸ਼ਵਰਥ ਨੇ ਸਵੀਨੇ ਨੂੰ ਹੁਕਮ ਕੀਤਾ ਕਿ ਜੇ ਬੰਬ ਹੁਣ ਨਾ ਸੁੱਟ ਹੋਇਆ ਤਾਂ ਇਹਨੂੰ ਸਮੁੰਦਰ ਵਿਚ ਸੁੱਟ ਕੇ ਤਬਾਹ ਕਰ ਦੇਵੇ। ਜਿਸ ਨਾਲ ਉਹਨੇ ਵੀ ਸਹਿਮਤੀ ਪ੍ਰਗਟਾਈ। ਉਹ ਬੋਕਸਕਾਰ ਨੂੰ ਮੋੜਨ ਹੀ ਵਾਲਾ ਸੀ, ਕਿਓਂਕਿ ਪੰਜ ਮਿੰਟ ਦੀ ਬੰਬ ਸੁੱਟਣ ਵਾਲੀ ਉਡਾਣ ਐਵੇਂ ਅਜਾਈਂ ਹੀ ਜਾਂਦੀ ਦਿਸੀ। ਸਬੱਬੀਂ ਬਿਹਾਨ ਨੂੰ, ਜਿਥੋਂ ਬੱਦਲ ਥੋੜ੍ਹੇ ਫਟੇ ਹੋਏ ਸੀ, ਹੇਠ ਜ਼ਮੀਨ ‘ਤੇ ਇੱਕ ਬਿਲਡਿੰਗ ਦਿਖਾਈ ਦਿੱਤੀ ਤੇ ਨਾਲ ਹੀ ਉਹਨੇ ਚੀਕ ਮਾਰ ਕੇ ਕਿਹਾ ਕਿ ਟਾਰਗੇਟ ਮਿਲ਼ ਗਿਆ ਤੇ ਨਾਲ ਹੀ ਪੰਜ ਟਨ ਭਾਰਾ ਕਾਲੇ ਰੰਗ ਦਾ ਐਟਮ ਬੰਬ ‘ਫੈਟ ਮੈਨ’ ਸੁੱਟ ਦਿੱਤਾ ਤੇ ਸਵੀਨੇ ਨੂੰ ਕਿਹਾ ਕਿ ਹੁਣ ਭੱਜ ਲੈ ਜਿੰਨਾ ਛੇਤੀ ਹੋ ਸਕਦੈ। ਉਹਨੇ ਬੋਕਸਕਾਰ ਨੂੰ ਸੱਜੇ ਪਾਸੇ ਮੋੜ ਕੇ ਉਚਾਈ ਘਟਾਈ ਤੇ ਪੂਰੀ ਸਪੀਡ ਦੇ ਦਿੱਤੀ, ਤਾਂਕਿ ਐਟਮ ਬੰਬ ਡਿੱਗਣ ਸਾਰ ਜਿਹੜੀ ਅੱਗ ਦੀ ਲਾਟ ਨਿਕਲਣੀ ਸੀ, ਉਸ ਤੋਂ ਬਚਾ ਹੋ ਸਕੇ। ਪਿੱਛੇ ਮੁੜ ਕੇ ਵੀ ਨਾ ਦੇਖਿਆ, ਨਾ ਕੋਈ ਫੋਟੋ ਲੈ ਸਕੇ| ਐਟਮ ਬੰਬ ਡਿੱਗਣ ਤੋਂ ਬਾਅਦ 43 ਸਕਿੰਟਾਂ ਵਿਚ ਫਟ ਗਿਆ ਤੇ ਅੱਗ ਦਾ ਗੁਬਾਰ ਸਕਿੰਟਾਂ ਵਿਚ ਹੀ ਅਸਮਾਨ ਵੱਲ ਉੱਠ ਗਿਆ|

ਬੋਕਸਕਾਰ ਵਾਲਿਆਂ ਦੀ ਇੱਕ ਮੁਸ਼ਕਿਲ ਮਸਾਂ ਹੱਲ ਹੋਈ ਕਿ ਜਿਹੜੇ ਮੌਤ ਦੇ ਫਰਿਸ਼ਤੇ ‘ਫੈਟ ਮੈਨ’ ਨੂੰ ਚੁੱਕੀ ਫਿਰਦੇ ਸੀ, ਤੋਂ ਛੁਟਕਾਰਾ ਮਿਲਿਆ। ਪਰ ਜਹਾਜ਼ `ਚ ਤੇਲ ਦੀ ਕਮੀ ਨੇ ਤਾਂ ਉਨ੍ਹਾਂ ਨੂੰ ਜਿਉਂਦਿਆਂ ਹੀ ਮਾਰਿਆ ਪਿਆ ਸੀ। ਸਵੀਨੇ ਨੇ ਬੰਬ ਸੁੱਟਣ ਸਾਰ ਜਿਓਂ ਹੀ ਇਹਦੇ ਖਤਰੇ ਤੋਂ ਬਾਹਰ ਜਹਾਜ਼ ਨਿਕਲਿਆ ਤਾਂ ਰੇਡੀਓ `ਤੇ ‘ਮੇ ਡੇ ਮੇ ਡੇ’ ਪੁਕਾਰਿਆ ਤੇ ਕਿਹਾ ਤੇਲ ਖਤਮ ਹੋ ਗਿਆ ਤਾਂਕਿ ਕੋਈ ਵੀ ਅਮਰੀਕਨ ਜਹਾਜ਼ ਉਸ ਖਿੱਤੇ ਵਿਚ ਹੋਵੇ, ਉਹਨੂੰ ਪਤਾ ਲੱਗ ਜਾਵੇ। ਇਹ ਹਵਾਈ ਉਡਾਣਾਂ ਦੇ ਆਪਣੇ ਲਫ਼ਜ਼ ਹਨ ਜਿਹਦਾ ਮਤਲਬ ਹੁੰਦਾ ਕਿ ਜਹਾਜ਼ ਨੂੰ ਬਹੁਤ ਵੱਡਾ ਖਤਰਾ ਤੇ ਫੌਰੀ ਮੱਦਦ ਚਾਹੀਦੀ ਆ। ਉਸਦਾ ਇਹ ਮੈਸੇਜ ਪਤਾ ਨਹੀਂ ਕਿਵੇਂ ਟੀਨੀਅਨ ਟਾਪੂ ਦੇ ਕੰਟਰੋਲ ਟਾਵਰ ਵਿਚ ਸੁਣਿਆ ਗਿਆ। ਉਹ ਇਹ ਸੁਣ ਕੇ ਹੱਕੇ-ਬੱਕੇ ਰਹਿ ਗਏ ਕਿ ਬੋਕਸਕਾਰ ਅਜੇ ਸਹੀ ਸਲਾਮਤ ਹੈ ਤੇ ਸਾਰੇ ਮੈਂਬਰ ਜਿਊਂਦੇ ਹਨ। ਜਿਹਨੂੰ ਉਹ ਪਿਛਲੇ ਇੱਕ ਘੰਟੇ ਤੋਂ ਤਬਾਹ ਹੋਇਆ ਸਮਝ ਰਹੇ ਸੀ, ਉਥੋਂ ਸਭ ਤੋਂ ਨੇੜੇ ਓਕਿਨਾਵਾ ਟਾਪੂ ਸੀ ਜਿਹੜਾ ਅਜੇ ਕੁਛ ਹਫਤੇ ਪਹਿਲਾਂ ਹੀ ਅਮਰੀਕਨਾਂ ਨੇ ਜਪਾਨ ਤੋਂ ਖੋਹਿਆ ਸੀ। ਉਸ ਵੱਲ ਨੂੰ ਬੋਕਸਕਾਰ ਉਡਾ ਲਿਆ, ਪਰ ਜਦੋਂ ਤੇਲ ਦਾ ਜਾਇਜ਼ਾ ਲਿਆ ਤਾਂ ਜਹਾਜ਼ ਪੰਜਾਹ ਮੀਲ ਪਿੱਛੇ ਰਹਿ ਜਾਣਾ ਸੀ, ਮਤਲਬ ਕਿ ਸਮੁੰਦਰ ਵਿਚ। ਸਾਰੇ ਅਰਦਾਸਾਂ ਕਰੀ ਜਾਂਦੇ ਕਿ ਰੱਬਾ ਬਚਾ ਲੈ ਇੱਕ ਵਾਰ। ਖੁਦ ਇਹ ਸਾਰੇ ਹਜ਼ਾਰਾਂ ਬੇਕਸੂਰਿਆਂ ਨੂੰ ਕੁਛ ਮਿੰਟ ਪਹਿਲਾਂ ਹੀ ਮੌਤ ਦੇ ਘਾਟ ਉਤਾਰ ਕੇ ਖੁਸ਼ੀ ਮਨਾਉਂਦੇ ਸੀ। ਆਪਣੀ ਵਾਰੀ ਸਾਹਮਣੇ ਮੌਤ ਦੇਖ ਕੇ ਕਿੱਦਾਂ ਡਰ ਗਏ, ਆਪਣੇ ਬਚਾਅ ਲਈ ਸੇਫਟੀ ਜੈਕਟਾਂ ਪਾ ਲਈਆਂ ਤਾਂਕਿ ਸਮੁੰਦਰ ਵਿਚ ਡਿੱਗਣ ਕਰਕੇ ਇਹ ਤਰਦੇ ਰਹਿ ਸਕਣ। ਪਰ ਸਮੁੰਦਰ ਦੇ ਜਖ ਠੰਡੇ ਪਾਣੀ ਨੂੰ ਮਹਿਸੂਸ ਕਰਕੇ ਇਨ੍ਹਾਂ ਨੂੰ ਕੰਬਣੀ ਛਿੜੀ ਜਾਂਦੀ ਸੀ| ਸਵੀਨੇ ਬੜਾ ਤਜ਼ਰਬੇਕਾਰ ਪਾਇਲਟ ਸੀ ਇਸ ਲਈ ਉਹ ਬੋਕਸਕਾਰ ਨੂੰ ਉਸ ਉਚਾਈ `ਤੇ ਉਡਾ ਰਿਹਾ ਸੀ ਜਿਸ ਨਾਲ ਤੇਲ ਦੀ ਖਪਤ ਘੱਟ ਤੇ ਸਪੀਡ ਵੱਧ ਰਹੇ। ਉਹਨੂੰ ਓਕਿਨਾਵਾ ਟਾਪੂ ਦਿਸ ਪਿਆ ਪਰ ਉਹ ਉਸਦੇ ਕੰਟਰੋਲ ਟਾਵਰ ਨਾਲ ਰਾਬਤਾ ਨਾ ਬਣਾ ਸਕਿਆ। ਬੋਕਸਕਾਰ ਨੂੰ ਐਮਰਜੈਂਸੀ ਇਹ ਸੋਚ ਕੇ 1:51 ਵਜੇ ਦੁਪਹਿਰ ਨੂੰ ਉਤਾਰ ਦਿੱਤਾ ਕਿ ਰਨਵੇਅ ਪੱਧਰਾ ਹੀ ਹੋਣੈ। ਪਰ ਉਥੇ ਲੜਾਕੂ ਜਹਾਜ਼ ਛੋਟੇ ਬੰਬਾਂ ਨਾਲ ਲੋਡ ਹਵਾਈ ਹਮਲੇ ਦੀ ਤਿਆਰੀ ਵਿਚ ਕਤਾਰ ਬਣਾ ਕੇ ਖੜੇ ਸਨ, ਬੋਕਸਕਾਰ ਇੰਨੀਂ ਤੇਜ਼ ਰਫਤਾਰ ਨਾਲ ਰਨਵੇਅ `ਤੇ ਉਤਰਿਆ ਕਿ ਜ਼ਮੀਨ ਨਾਲ ਲੱਗ ਕੇ 25 ਫੁੱਟ ਉੱਪਰ ਨੂੰ ਉਭਰਿਆ ਤੇ ਉਹਦਾ ਸੰਤੁਲਨ ਵੀ ਵਿਗੜ ਗਿਆ, ਪਰ ਸਵੀਨੇ ਨੇ ਉਹਨੂੰ ਬੜੀ ਹੁਸ਼ਿਆਰੀ ਨਾਲ ਕਾਬੂ ਕਰ ਲਿਆ ਜਿਹੜਾ ਮਸਾਂ ਹੀ ਰਨਵੇਅ `ਤੇ ਖੜੇ ਬੀ-24 ਬੰਬਰ ਜਹਾਜ਼ਾਂ ਨਾਲ ਟਕਰਾਉਣ ਤੋਂ ਬਚ ਸਕਿਆ, ਨਹੀਂ ਤਾਂ ਉਥੇ ਉਹ ਤਬਾਹੀ ਮਚਣੀ ਸੀ ਕਿ ਇਸ ਮਹਾਂਯੁੱਧ ਦਾ ਇਤਿਹਾਸ ਹੀ ਵੱਖਰਾ ਹੋ ਜਾਣਾ ਸੀ। ਬੋਕਸਕਾਰ ਦੇ ਉਤਰਨਸਾਰ ਉਸਦੇ ਸਾਰੇ ਇੰਜਣ ਤੇਲ ਦੀ ਕਮੀ ਕਰਕੇ ਬੰਦ ਹੋਣੇ ਸ਼ੁਰੂ ਹੋ ਗਏ ਤੇ ਬੋਕਸਕਾਰ ਦੀਆਂ ਬਰੇਕਾਂ ਤੇ ਕੰਟਰੋਲ ਘਟਦਾ ਗਿਆ ਤੇ ਲਗਦਾ ਸੀ ਕਿ ਰਨਵੇਅ ਤੋਂ ਅੱਗੇ ਨਿਕਲ ਕੇ ਟਕਰਾ ਜਾਵੇਗਾ। ਦੋਵੇਂ ਪਾਇਲਟ ਇੱਕ ਤਰ੍ਹਾਂ ਬਰੇਕਾਂ `ਤੇ ਪੂਰਾ ਭਾਰ ਦੇ ਕੇ ਖੜੈ ਹੀ ਗਏ ਤੇ ਕੰਢੇ ‘ਤੇ ਜਾ ਕੇ ਇਹ ਮਸਾਂ ਹੀ ਰੁਕਿਆ। ਉਸ ਵਕਤ ਇਹਦੇ ਵਿਚ ਇੱਕ ਤੁਪਕਾ ਵੀ ਤੇਲ ਦਾ ਨਹੀਂ ਸੀ। ਜਿਓਂ ਹੀ ਬੋਕਸਕਾਰ ਖਤਰਨਾਕ ਤਰੀਕੇ ਨਾਲ ਉਤਰਿਆ ਤਾਂ ਇਹਨੂੰ ਐਮਰਜੈਂਸੀ ਫਾਇਰ ਟਰੱਕਾਂ ਨੇ ਘੇਰ ਲਿਆ ਤੇ ਏਅਰ ਬੇਸ ਦੇ ਕਮਾਂਡਰ ਜਿੰਮੀ ਨੇ ਉੱਚੀ ਆਵਾਜ਼ `ਚ ਕਿਹਾ ‘ਤੂੰ ਕੌਣ ਆ’ (ਹੂ ਦਾ ਹੈਲ ਆਰ ਯੂ) ਸਵੀਨੇ ਨੇ ਦੱਸਿਆ ਕਿ ਅਸੀਂ ਨਾਗਾਸਾਕੀ `ਤੇ ਐਟਮ ਬੰਬ ਸੁੱਟ ਕੇ ਆਏ ਆਂ ਤੇ ਮੈਨੂੰ ਲਗਦਾ ਕਿ ਸ਼ਾਇਦ ਅਸੀਂ ਸਹੀ ਟਾਰਗੇਟ `ਤੇ ਨਹੀਂ ਸੁੱਟ ਸਕੇ|


ਵਾਕਿਆ ਹੀ ਇਹ ਐਟਮ ਬੰਬ ਟਾਰਗੇਟ ਤੋਂ 2 ਮੀਲ ਦੂਰ ਦੋ ਪਹਾੜੀਆਂ ਦੇ ਵਿਚ ਡਿੱਗਿਆ ਜਿਸ ਕਰਕੇ ਇਹ ਪਹਿਲੇ ਐਟਮ ਬੰਬ ਜਿੰਨੀ ਤਬਾਹੀ ਨਾ ਮਚਾ ਸਕਿਆ। ਅੱਗ ਪਹਾੜੀਆਂ ਕਰਕੇ ਜ਼ਿਆਦਾ ਨਾ ਫ਼ੈਲ ਸਕੀ, ਜਦੋਂ ਕਿ ਇਹ ਐਟਮ ਬੰਬ ਪਹਿਲੇ ਨਾਲੋਂ ਕਈ ਗੁਣਾਂ ਵੱਧ ਤਾਕਤਵਰ ਸੀ। ਪਰ ਫਿਰ ਵੀ ਬੰਬ ਡਿੱਗਣ ਸਾਰ 45000 ਲੋਕਾਂ ਦੀ ਮੌਤ ਹੋ ਗਈ। ਮਿਤਸੁਬਿਸ਼ੀ ਅਸਲੇ ਦੀ ਫੈਕਟਰੀ ਸਮੇਤ ਸੈਂਕੜੇ ਕਾਮੇ ਖਤਮ ਹੋ ਗਏ, ਡੂੰਘੇ ਪੱਥਰ ਦੇ ਬੰਕਰਾਂ ਵਿਚ ਲੁਕੇ ਲੋਕ ਅੰਦਰ ਹੀ ਭੱਠੀ ਦੀ ਅੱਗ ਵਾਂਗ ਝੁਲਸੇ ਗਏ, ਤਪਸ਼ ਤੋਂ ਡਰਦੇ ਬਚਾਅ ਲਈ ਲੋਕ ਦੌੜਨ ਲੱਗ ਪਏ ਪਰ ਕੁਛ ਹੀ ਦੂਰ ਜਾ ਕੇ ਭੱਠੀ ‘ਚੋਂ ਭੁੱਜਦੇ ਦਾਣਿਆਂ ਵਾਂਗ ਡਿੱਗ ਕੇ ਦਮ ਤੋੜ ਦਿੰਦੇ। ਮਿੰਟਾਂ ਵਿਚ ਹੀ ਚਮੜੀ ਰੇਡੀਏਸ਼ਨ ਕਰਕੇ ਪੀਲੀ ਹੋਈ ਜਾਂਦੀ ਸੀ, ਲਾਸ਼ਾਂ ਕੋਲਿਆਂ ਵਾਂਗ ਕਾਲੀਆਂ ਬੇਪਛਾਣ ਹੋ ਗਈਆਂ। ਤਬਾਹੀ ਦਾ ਮੰਜ਼ਰ ਘੱਟ ਏਰੀਏ ਵਿਚ ਸੀ, ਪਰ ਸੀ ਬਹੁਤ ਡਰਾਵਣਾ। ਹਜ਼ਾਰਾਂ ਲੋਕ ਹੀ ਢਠੀਆਂ ਬਿਲਡਿੰਗਾਂ ਤੇ ਘਰਾਂ ਦੇ ਮਲਬੇ ਵਿਚ ਦੱਬੇ ਗਏ ਤੇ ਇੱਕ ਹਫਤੇ ਦੇ ਅੰਦਰ ਹੀ ਮੌਤਾਂ ਦੀ ਗਿਣਤੀ 80,000 ਨੂੰ ਪੁੱਜ ਗਈ, ਜੇ ਇਹ ਐਟਮ ਬੰਬ ਨਾਗਾਸਾਕੀ ਦੇ ਟਾਰਗੇਟ ‘ਤੇ ਡਿਗਦਾ ਜਾਂ ਕੋਕੂਰਾ ਸ਼ਹਿਰ ਦੇ ਸਹੀ ਟਾਰਗੇਟ ‘ਤੇ ਡਿਗਦਾ ਤਾਂ ਇਹਨੇ ਤਬਾਹੀ ਬਹੁਤ ਕਰਨੀ ਸੀ ਲੱਖਾਂ ਲੋਕ ਅੱਖ ਦੇ ਫਰੋਕੇ ਨਾਲ ਸੁਆਹ ਬਣ ਜਾਣੇ ਸਨ।

ਨਾਗਾਸਾਕੀ ਵਿਚ ਐਨੀਆਂ ਮ੍ਰਿਤਕ ਦੇਹਾਂ ਨੂੰ ਦਫਨਾਉਣ ਲਈ ਕੋਈ ਜਗ੍ਹਾ ਨਾ ਹੋਣ ਕਰਕੇ ਉਨ੍ਹਾਂ ਨੇ ਪਹਿਲੀ ਵਾਰ ਖੁੱਲ੍ਹੇ ਅਸਮਾਨ ਹੇਠ ਸਮੂਹਿਕ ਕੋਲੇ ਹੋਈਆਂ ਲਾਸ਼ਾਂ ਨੂੰ ਫੌਜ ਦੀ ਮਦਦ ਨਾਲ ਅੱਗ `ਚ ਜਲਾਉਣਾ ਸ਼ੁਰੂ ਕਰ ਦਿੱਤਾ। ਇਥੇ ਇੱਕ ਕਿੱਸਾ ਜਪਾਨ ਵਿਚ ਬੜਾ ਮਕਬੂਲ ਹੋਇਆ ਸੀ, ਜੋ ਇਨ੍ਹਾਂ ਬੰਬਾਂ ਨਾਲ ਹੋਈ ਤਬਾਹੀ ਦੇ ਮੰਜ਼ਰ ਦੇ ਦਰਦ ਨੂੰ ਖਾਮੋਸ਼ੀ ਨਾਲ ਬਿਆਨ ਕਰਦਾ ਹੈ,”ਇੱਕ ਦਸ ਕੁ ਸਾਲ ਦਾ ਮੁੰਡਾ ਆਪਣੀ ਪਿੱਠ `ਤੇ ਤਿੰਨ ਕੁ ਸਾਲ ਦੇ ਨਿਆਣੇ ਨੂੰ ਬੰਨ੍ਹੀ ਸਿਵਿਆਂ `ਚ ਕਤਾਰ `ਚ ਆ ਕੇ ਖੜ੍ਹ ਗਿਆ ਜੋਕਿ ਐਦਾਂ ਲਗਦਾ ਸੀ ਕਿ ਸੁੱਤਾ ਹੋਇਆ ਹੈ। ਉਹਨੂੰ ਦੇਖ ਕੇ ਉਥੇ ਕੰਮ ਕਰਦੇ ਕਰਿੰਦੇ ਨੇ ਕਿਹਾ ਕਿ ਤੈਨੂੰ ਭਾਰ ਲੱਗ ਜਾਣਾ ਇਹਨੂੰ ਥੱਲੇ ਲਾਹ ਲੈ ਤਾਂ ਮੁੰਡੇ ਨੇ ਜਵਾਬ ਦਿੱਤਾ ਇਹ ਭਾਰ ਥੋੜ੍ਹੋ ਆ ਇਹ ਮੇਰਾ ਭਰਾ ਆ। ਫਿਰ ਉਹਦੀ ਜਦੋਂ ਵਾਰੀ ਆਈ ਤਾਂ ਉਹਨੇ ਆਪਣੀ ਪਿੱਠ ਤੋਂ ਉਤਾਰ ਕੇ ਆਪਣੇ ਭਰਾ ਦੀ ਦੇਹ ਨੂੰ ਸੰਸਕਾਰ ਕਰਨ ਵਾਲੇ ਨੂੰ ਫੜਾ ਦਿੱਤਾ ਤੇ ਕੁੱਛ ਕਦਮ ਪਿੱਛੇ ਹਟ ਕੇ ਖੜ੍ਹ ਗਿਆ ਤੇ ਇੱਕ ਟੱਕ ਆਪਣੇ ਭਰਾ ਦੀ ਦੇਹ ਨੂੰ ਅੱਗ `ਚ ਸੜਦੀ ਦੇਖਦਾ ਰਿਹਾ। ਉਹਨੇ ਆਪਣਾ ਹੇਠਲਾ ਬੁੱਲ੍ਹ ਦੰਦਾਂ ਵਿਚ ਲਿਆ ਹੋਇਆ ਸੀ ਤੇ ਐਨੇ ਜ਼ੋਰ ਨਾਲ ਦੰਦੀ ਵੱਢੀ ਹੋਈ ਸੀ ਕਿ ਉਹਦੇ ਵਿਚੋਂ ਲਹੂ ਚੋਣ ਲੱਗ ਪਿਆ ਪਰ ਉਹਦੀ ਅੱਖ ਵਿਚੋਂ ਤਿੱਪ ਵੀ ਹੰਝੂ ਨਹੀਂ ਨਿਕਲਿਆ ਉਹ ਉਥੇ ਇੱਕ ਫੌਜੀ ਵਾਂਗ ਅਹਿੱਲ ਖੜ੍ਹਾ ਰਿਹਾ| ਦੂਜੇ ਮਹਾਂਯੁੱਧ ਤੋਂ ਬਾਅਦ ਜਪਾਨ ਵਿਚ ਉਸ ਮੁੰਡੇ ਦੇ ਬੋਲ “ਇਹ ਭਾਰ ਥੋੜ੍ਹੋ ਇਹ ਮੇਰਾ ਭਰਾ ਹੈ” ਇੱਕ ਅਖਾਣ ਵਾਂਗ ਹਰ ਇੱਕ ਦੀ ਜ਼ੁਬਾਨ `ਤੇ ਸਨ ਤੇ ਇਸਨੇ ਜਪਾਨ ਨੂੰ ਮੁੜ ਇੱਕਮੁੱਠ ਹੋ ਕੇ ਆਪਣੇ ਪੈਰਾਂ `ਤੇ ਖੜ੍ਹਨ `ਚ ਅਹਿਮ ਭੂਮਿਕਾ ਨਿਭਾਈ| ਬਾਅਦ ਵਿਚ ਪੋਪ ਨੇ ਉਹ ਫੋਟੋ ਲਾ ਕੇ ਲੱਖਾਂ ਪੋਸਟ ਕਾਰਡ ਵੰਡੇ ਕਿ ਲੋਕ ਜੰਗ ਨਹੀਂ ਸ਼ਾਂਤੀ ਚਾਹੁੰਦੇ ਆ ਪਰ ਬੇਰਹਿਮ ਹਾਕਮਾਂ `ਤੇ ਇਨ੍ਹਾਂ ਪੋਸਟ ਕਾਰਡਾਂ ਦਾ ਕਦੇ ਵੀ ਅਸਰ ਨਹੀਂ ਹੁੰਦਾ ਜੇ ਭੋਰਾ ਕੁ ਹੀ ਹੋਇਆ ਹੁੰਦਾ ਤਾਂ ਅੱਜ ਗਾਜ਼ਾ ਵਿਚ ਹਜ਼ਾਰਾਂ ਹੀ ਨਿੱਕੇ-ਨਿੱਕੇ ਨਿਆਣੇ ਰੋਟੀ ਨੂੰ ਤਰਸਦੇ ਬੰਬਾਂ ਦਾ ਸ਼ਿਕਾਰ ਨਾ ਹੋ ਰਹੇ ਹੁੰਦੇ। ਹਰ ਰੋਜ਼ ਉਥੇ ਨਾਗਾਸਾਕੀ ਬਣਾਇਆ ਜਾਂਦਾ, ਪਤਾ ਨਹੀਂ ਇਨ੍ਹਾਂ ਹਾਕਮਾਂ `ਚ ਐਨੀ ਨਿਰਦੈਤਾ ਤੇ ਪਸ਼ੂ ਬਿਰਤੀ ਕਿਓਂ ਭਰੀ ਹੋਈ ਆ|

ਅਪਰੇਸ਼ਨ ਸੰਧੂਰ ਬਨਾਮ ਵਿਧਵਾ ਕਲੋਨੀ

  -ਮਝੈਲ ਸਿੰਘ ਸਰਾਂ

ਬੇਗੁਨਾਹ ਤੇ ਨਿਹੱਥੇ ਦਾ ਕਤਲ ਕਰਨਾ ਕਾਨੂੰਨਨ ਅਪਰਾਧ ਹੀ ਨਹੀਂ ਬਲਿਕ ਘਿਨਾਉਣਾ ਪਾਪ ਵੀ ਹੁੰਦਾ ਹੈ, ਮੁਲਕ ਦਾ ਕਾਨੂੰਨ ਮੁਜਰਿਮ ਦੀ ਪਛਾਣ ਕਰ ਕੇ ਉਹਨੂੰ ਕਟਹਿਰੇ ਵਿਚ ਖੜ੍ਹਾ ਕਰਦਾ ਤੇ ਅਪਰਾਧੀ ਨੂੰ ਉਹਦੀ ਕੀਤੀ ਕਰਤੂਤ ਦੀ ਬਣਦੀ ਸਜ਼ਾ ਦਿੰਦਾ ਪਰ ਪਾਪ ਦੀ ਸਜ਼ਾ ਕਈ ਵਾਰ ਲੰਮਾ ਵਕਤ ਲੈ ਜਾਂਦੀ; ਅਗਲੀਆਂ ਪੀੜ੍ਹੀਆਂ ਤੱਕ ਵੀ ਚਲੇ ਜਾਂਦੀ ਆ ਕਿਉਂਕਿ ਇਹ ਸਜ਼ਾ ਕਿਸੇ ਦੁਨਿਆਵੀ ਅਦਾਲਤ ਨੇ ਨਹੀਂ ਦੇਣੀ ਹੁੰਦੀ ਇਹ ਉਨ੍ਹਾਂ ਬਦਕਿਸਮਤ ਜਿਸਮਾਂ 'ਚੋਂ ਧੁਰ ਅੰਦਰੋਂ ਨਿਕਲਦੀਆਂ ਧਾਹਾਂ ਨੇ ਦੁਆਣੀ ਹੁੰਦੀ, ਜਿਨ੍ਹਾਂ ਨੇ ਆਪਣਿਆਂ ਨੂੰ ਆਪਣੀਆਂ ਅੱਖਾਂ ਨਾਲ ਗੋਲੀ ਖਾ ਕੇ ਲਹੂ ਦੀਆਂ ਧਰਾਲਾਂ ਦੇ ਛੱਪੜ ਵਿਚ ਬਦਲਦੇ ਦੇਖਿਆ ਹੋਵੇ ਜਿਹੜਾ ਮਹਿਜ਼ ਇੱਕ ਮਿੰਟ ਪਹਿਲਾਂ ਹੀ ਹੱਸ-ਹੱਸ ਗੱਲਾਂ ਕਰਦਾ ਸੀ। ਕੁਛ ਦਿਨ ਪਹਿਲਾਂ ਬਣੀ ਸੁਹਾਗਣ ਆਪਣੇ ਡਿੱਗੇ ਸੁਹਾਗ ਦੇ ਕੋਲ ਬਹਿ ਕੇ ਉਹਨੂੰ ਲਾਸ਼ ਕਿੱਦਾਂ ਕਹੇ ਉਹਦਾ ਅੰਦਰਲਾ ਦਰਦ ਸ਼ਾਇਦ ਅੱਖਾਂ ਵੀ ਇਹ ਮੰਨਣ ਨੂੰ ਤਿਆਰ ਨਾ ਹੋਣ ਕਿਉਂਕਿ ਅਕਹਿ ਖੁਸ਼ੀ ਤੋਂ ਅਸਹਿ ਗਮੀ ਵਿਚ ਬਦਲਣਾ ਉਹ ਵੀ ਇੱਕ ਮਿੰਟ ਵਿਚ ਜਿਹੜੀ ਇੱਕ ਸ਼ੈਤਾਨ ਤੇ ਹੈਵਾਨ ਬੰਦੇ ਦੀ ਗੋਲੀ ਨੇ ਕਰ ਦਿੱਤਾ ਜਾਂ ਕਰਵਾ ਦਿੱਤਾ।

ਅਪ੍ਰੈਲ ਮਹੀਨੇ ਵਿਚ ਇੱਕ ਏਹੋ ਜਿਹੀ ਦਰਿੰਦਗੀ ਨੂੰ ਪਹਿਲਗਾਮ ਵਿਚ ਅੰਜ਼ਾਮ ਦਿੱਤਾ ਗਿਆ। ਹਸਦੇ-ਖੇਡਦੇ ਘਰੋਂ ਛੁੱਟੀਆਂ ਮਨਾਉਣ ਆਏ 26 ਇਨਸਾਨਾਂ ਨੂੰ ਉਨ੍ਹਾਂ ਦੇ ਘਰਦੇ ਜੀਆਂ ਦੇ ਸਾਹਮਣੇ ਦੋ ਮਿੰਟ 'ਚ ਗੋਲੀਆਂ ਨਾਲ ਭੁੰਨ ਸੁੱਟਿਆ, ਐਡਾ ਕਹਿਰ, ਐਨੀ ਜ਼ੁਲਮ ਦੀ ਇੰਤਹਾ ਕਿ 26 ਬੀਬੀਆਂ ਦੇ ਸਿਰ ਦੇ ਸੰਧੂਰ ਮਿਟਾ ਕੇ ਜਰਵਾਣੇ 'ਓਹ ਗਏ ਓਹ ਗਏ' ਮੁਲਕ ਵਿਚ ਤਾਂ ਹਲਚਲ ਮਚਣੀ ਹੀ ਸੀ ਸਾਰੀ ਦੁਨੀਆਂ ਨੇ ਇਹਨੂੰ ਕਾਇਰਾਨਾ ਹਰਕਤ ਗਰਦਾਨਿਆ। ਇਸ ਮੁਲਕ ਵਿਚ ਸੰਧੂਰ ਇਹ ਪਹਿਲੀ ਵਾਰ ਨਹੀਂ ਮਿਟਾਏ ਬੱਸ ਆਵਾਜ਼ ਹੀ ਇਹਦੇ ਖ਼ਿਲਾਫ ਸਿਰਫ ਗੁਰੂ ਨਾਨਕ ਜੀ ਨੇ ਉਠਾਈ ਸੀ 'ਜਿਨਿ ਸਿਰੁ ਸੋਹਨਿ ਪਟੀਆ ਮਾਂਗੀ ਪਾਇ ਸੰਧੁਰੁ ਸੇ ਸਿਰ ਕਾਤੀ ਮੁੰਨੀਅਨਿ ਗਲ ਵਿਚਿ ਆਵੈ ਧੂੜਿ' ਉਨ੍ਹਾਂ ਨੇ ਆਪਣੀ ਬਾਬਰਵਾਣੀ ਵਿਚ ਸਿੱਧਾ ਹੀ ਉਂਗਲੀ ਕਰ ਕੇ ਜਿੱਥੇ ਬਾਬਰ ਨੂੰ ਜ਼ਿੰਮੇਵਾਰ ਕਿਹਾ, ਨਾਲ ਹੀ ਦਿੱਲੀ ਵਾਲਿਆਂ ਨੂੰ ਵੀ ਕਸੂਰਵਾਰ ਠਹਿਰਾਇਆ ਕਿ ਜੇ ਤੁਸੀਂ ਮਰਦ ਹੁੰਦੇ ਤਾਂ ਬਾਹਰੋਂ ਆ ਕੇ ਕੋਈ ਹਮਲਾਵਰ ਸੰਧੂਰ ਮਿਟਾਉਣ ਦੀ ਜੁਰਅਤ ਵੀ ਕਿੱਦਾਂ ਕਰ ਜਾਂਦਾ, ਹੁਣ ਵਾਲਾ ਹਿੰਦੁਸਤਾਨ ਪੰਜ ਸੌ ਸਾਲ ਪਹਿਲਾਂ ਵਾਲਾ ਨਹੀਂ ਰਿਹਾ। ਹੁਣ ਦਾ ਹਿੰਦੂ ਹੁਕਮਰਾਨ ਹੁਕਮਰਾਨ ਬੜਾ ਸ਼ਕਤੀਸ਼ਾਲੀ ਬਣ ਚੁੱਕੈ। ਉਹ ਕਦੀ ਵੀ ਬਰਦਾਸ਼ਤ ਨਹੀਂ ਕਰ ਸਕਦਾ ਕਿ ਉਹਦੀ ਜ਼ਮੀਨ 'ਤੇ ਐਨੇ ਬੰਦਿਆਂ ਦਾ ਕਤਲ ਤੇ ਉਹ ਵੀ ਹਿੰਦੂਆਂ ਦਾ, ਸਾਰੇ ਮੁਲਕ ਦੇ ਲੀਡਰ ਸਭ ਆਪਣੇ ਗਿਲੇ-ਸ਼ਿਕਵੇ ਪਿਛੇ ਛੱਡ ਇੱਕ ਆਵਾਜ਼ ਵਿਚ ਮੁਲਕ ਦੇ ਹੁਕਮਰਾਨ ਦੇ ਨਾਲ ਖੜ੍ਹ ਗਏ ਕਿ ਜਿੰਨੀ ਛੇਤੀ ਹੋ ਸਕਦੈ, ਇਹਦਾ ਬਦਲਾ ਲਿਆ ਜਾਵੇ। ਕਿਸੇ ਨੇ ਨਹੀਂ ਕਿਹਾ ਕਿ ਪਹਿਲਾਂ ਇਹ ਕਾਲਾ ਕਾਰਨਾਮਾ ਕਰਨ ਵਾਲਿਆਂ ਦੀ ਸ਼ਨਾਖਤ ਤਾਂ ਕਰੋ, ਫਿਰ ਮਾਰੋ ਚੁਰਾਹੇ 'ਚ ਖੜ੍ਹੇ ਕਰ ਕੇ ਗੋਲੀ, ਪਰ ਇਹਦੇ ਨਾਲ ਓਹ ਗੱਲ ਬਣਨੀ ਨਹੀਂ ਸੀ ਜਿਹੜੀ ਹੁਕਮਰਾਨ ਦੇ ਢਿੱਡ ਵਿਚ ਸੀ। ਓਹ ਬਹੁਤ ਵੱਡਾ ਬਦਲਾ ਲੈਣਾ ਚਾਹੁੰਦਾ ਸੀ ਜਿਸਦੀ ਛਾਪ ਹਰ ਹਿੰਦੁਸਤਾਨੀ ਦੇ ਦਿਮਾਗ 'ਤੇ ਅਸਰ ਕਰੇ ਇਹਦਾ ਨਾਮ ਹੀ ਇਹੋ ਜਿਹਾ ਰੱਖਿਆ ਜਾਵੇ ਕਿ ਜਿਥੇ ਹਰ ਇੱਕ ਦੀ ਹਮਦਰਦੀ ਭਰੀ ਹਮਾਇਤ ਹੋਵੇ ਉਥੇ ਨਫਰਤ ਵੀ ਸਿਖਰ ਤੇ ਸਿਰ ਚੜ੍ਹ ਕੇ ਬੋਲੇ। ਨਫਰਤ ਤਾਂ ਖੈਰ ਪਹਿਲਾਂ ਹੀ ਅਸਮਾਨੇ ਚਾੜ੍ਹੀ ਹੋਈ ਆ: ਐਡਾ ਵੱਡਾ ਖੇਲ੍ਹ ਖੇਲਿਆ ਹੋਵੇ ਅੰਦਰਖਾਤੇ ਹੁਕਮਰਾਨ ਨੇ ਇਹਦਾ ਬਦਲਾ ਤਾਂ ਇਹ ਤੋਂ ਵੀ ਕਈ ਗੁਣਾਂ ਵੱਡਾ ਹੋਣਾ ਲਾਜ਼ਮੀ ਸੀ ਕੇਵਲ ਮੁਲਕ ਵਿਚ ਹੀ ਹਿੰਦੂ ਮੁਸਲਮਾਨ ਦੇ ਨਾਅਰੇ ਨਾਲ ਨਹੀਂ ਸੀ ਸੰਧੂਰ ਦਾ ਬਦਲਾ ਲਿਆ ਜਾਣਾ ਕਿਉਂਕਿ ਇਹੋ ਜਿਹਾ ਤਾਂ ਇਹ ਬਹੁਤ ਵਾਰੀ ਕਰ ਚੁੱਕਾ ਸੀ, ਇਸੇ ਕਸ਼ਮੀਰ ਵਿਚ ਸਿੱਖ ਵੀ ਤੇ ਆਪਣੇ ਹੀ ਫੌਜੀ ਮਰਵਾ ਕੇ ਪਹਿਲਾਂ ਹੀ ਦੇਖ ਚੁੱਕੇ ਸੀ।


ਹੁਕਮਰਾਨ ਨੂੰ ਇਹ ਸਹੀ ਲੱਗਿਆ ਕਿ ਇਹ ਕਾਲਾ ਕਾਰਨਾਮਾ ਕਰਨ ਵਾਲੇ ਸਰਹਦੋਂ ਪਾਰੋਂ ਆਏ ਸੀ ਜਿਨ੍ਹਾਂ ਨੂੰ ਮੁਲਕ ਦੇ ਕਾਨੂੰਨ ਮੁਤਾਬਿਕ ਸਜ਼ਾ ਦੇਣੀ ਨਾਮੁਮਕਿਨ ਸੀ, ਇਸ ਕਰਕੇ ਪਾਕਿਸਤਾਨ ਨੂੰ ਇਸਦਾ ਦੋਸ਼ੀ ਕਿਹਾ ਗਿਆ ਤੇ ਉਸਦਾ ਬਾਈਕਾਟ ਕਰ ਕੇ ਦਰਿਆਵਾਂ ਦੇ ਪਾਣੀ ਤੱਕ ਰੋਕ ਦਿੱਤੇ ਗਏ ਤਾਂ ਕਿ ਇਥੋਂ ਦੇ ਲੋਕਾਂ ਨੂੰ ਵੀ ਸਬਕ ਸਿਖਾਇਆ ਜਾ ਸਕੇ। ਫਿਰ ਅਗਲੀ ਤਜਵੀਜ਼ਸ਼ੁਦਾ ਸਕੀਮ ਮੁਤਾਬਿਕ ਤੇ ਪੂਰੀ ਰਾਸ਼ਟਰਵਾਦ ਦੀ ਭਾਵਨਾ ਹਿੱਤ ਮੁਲਕ ਦੀ ਸਮੂਹਿਕ ਚੇਤਨਾ ਨੂੰ ਧਿਆਨ ਵਿਚ ਰੱਖਦੇ ਹੋਏ ਪਾਕਿਸਤਾਨ 'ਤੇ 'ਓਪਰੇਸ਼ਨ ਸੰਧੂਰ' ਤਹਿਤ ਮਿਜ਼ਾਈਲਾਂ ਨਾਲ ਹਮਲਾ ਕਰ ਕੇ ਉਥੇ ਅਤਿਵਾਦੀਆਂ ਦੇ ਟਿਕਾਣਿਆਂ ਨੂੰ ਨੇਸਤੋ- ਨਾਬੂਦ ਕਰ ਦਿੱਤਾ। ਆਪਣੀ ਸਾਰੀ ਫੌਜੀ ਤਾਕਤ ਇਸ ਬਦਲਾ ਲੈਣ 'ਚ ਲਾ ਦਿੱਤੀ, ਇਥੋਂ ਤੱਕ ਕਿ ਆਪਣਾ ਸਭ ਤੋਂ ਮਹਿੰਗਾ ਹਥਿਆਰ ਰਾਫੇਲ ਜਹਾਜ਼ ਵੀ ਇਸ ਬਦਲੇ 'ਚ ਝੋਕ ਦਿੱਤਾ ਤੇ ਪਾਕਿਸਤਾਨ ਦੇ ਕਈ ਫੌਜੀ ਟਿਕਾਣੇ ਵੀ ਬਰਬਾਦ ਕਰ ਦਿੱਤੇ, ਬਿਲਕੁਲ ਦਰੁਸਤ ਕੀਤਾ! ਬਦਲਾ ਲੈਣਾ ਹੋਵੇ ਮਿਟਾਏ ਸੰਧੁਰ ਦਾ, ਇੱਦਾਂ ਹੀ ਲੈਣਾ ਬਣਦਾ। ਉਹ ਕੀ ਯਾਦ ਰੱਖਣਗੇ ਕਿ ਵਾਸਤਾ ਛਪੰਜਾ ਇੰਚ ਆਲੇ ਨਾਲ ਪਿਆ। ਇਹ ਤਾਂ ਵੱਡੇ ਸਰਪੰਚ ਨੇ ਰੋਕ ਦਿੱਤਾ ਨਹੀਂ ਤਾਂ ਗੁਆਂਢੀ ਦਾ ਸਭ ਕੁਛ ਢਾਹ ਕੇ ਓਹ ਮਾਰਨਾ ਸੀ ਭਾਵੇਂ ਪੰਜਾਂ ਦੀ ਬਜਾਏ ਪੰਜਾਹ ਰਾਫੇਲ ਵੀ ਕਿਉਂ ਨਾ ਤਬਾਹ ਹੋ ਜਾਂਦੇ। ਨਾਲੇ ਇਸਦੀ ਕੋਈ ਪ੍ਰਵਾਹ ਨਹੀਂ ਕਿ ਸ਼ੱਕ ਕਰਨ ਵਾਲੇ ਤਾਂ ਪਹਿਲਗਾਮ ਨੂੰ ਵੀ ਛਪੰਜਾ ਇੰਚ ਨਾਲ ਜੋੜੀ ਜਾਂਦੇ ਆ। ਆਉਣ ਆਲੇ ਵਕਤ ਵਿਚ ਬੜਾ ਕੁਛ ਨੰਗਾ ਹੋ ਜਾਣਾ, ਅੰਦਰਖਾਤੇ ਗੁੰਦੀਆਂ ਗੋਂਦਾਂ ਦਾ ਇਸ ਸੰਧੂਰ ਓਪਰੇਸ਼ਨ ਬਾਰੇ! ਗੁਰਬਾਣੀ ਵਿਚ ਇਨ੍ਹਾਂ ਵਰਗਿਆਂ ਬਾਰੇ ਹੀ ਤਾਂ ਕਿਹਾ ਹੋਇਆ। ਦੁਨੀਆਂ ਨੂੰ ਦੱਸ ਦਿੱਤਾ ਕਿ ਤੱਟ-ਫੱਟ ਬਦਲਾ ਐਦਾਂ ਲਿਆ ਜਾਂਦਾ।


ਕੁਛ ਕੁ ਦਿਨਾਂ ਦੇ ਅੰਦਰ ਹੀ ਸੰਧੂਰ ਦਾ ਬਦਲਾ ਲੈਣ ਵਾਲੇ ਹਾਕਮ ਨੂੰ ਕਦੇ ਦਿੱਲੀ ਵਿਚ ਇਨ੍ਹਾਂ ਵਲੋਂ ਖੁਦ ਵਸਾਈ ਵਿਧਵਾ ਕਲੋਨੀ ਪਿਛਲੇ 40 ਸਾਲਾਂ ਤੋਂ ਦਿਖਾਈ ਕਿਉਂ ਨਹੀਂ ਦਿੰਦੀ। ਇਥੇ ਤਾਂ 26 ਨਹੀਂ 3000 ਤੋਂ ਵੀ ਵੱਧ ਸੰਧੁਰ ਉਜਾੜੇ ਗਏ ਸੀ ਉਹ ਵੀ ਸ਼ਰ੍ਹੇਆਮ ਲਲਕਾਰ ਕੇ ਲਗਾਤਾਰ ਤਿੰਨ ਦਿਨ, ਇਕੱਲੇ ਸੰਧੂਰ ਹੀ ਨਹੀਂ ਸੀ ਮਿਟਾਏ, ਬਲਕਿ ਸੰਧੂਰ ਦੀ ਅਜ਼ਮਤ ਵੀ ਲੁੱਟੀ ਸੀ ਦਿਨ ਦਿਹਾੜੇ ਤੇ ਭੰਗੜੇ ਪਾਏ ਗਏ ਸੀ ਇਸ ਖੁਸ਼ੀ 'ਚ। ਇਹ ਕਰਤੁਤ ਕਰਨ ਵਾਲੇ ਪਛਾਣੇ ਵੀ ਗਏ, ਪਛਾਣਨੇ ਕਿਹੜੇ ਮੁਸ਼ਕਿਲ ਸੀ ਹਾਕਮਾਂ ਦੇ ਹੀ ਗੁੰਡੇ ਸੀ ਜਿਨ੍ਹਾਂ ਨੇ ਕਿਹਾ ਸੀ ਕਿ 'ਬੜਾ ਪੇੜ ਗਿਰਨੇ ਸੇ ਧਰਤੀ ਕਾਂਪਤੀ ਹੀ ਹੈ' ਹੁਣ ਜੇ ਹਵਾਈ ਜਹਾਜ਼ ਤੇ ਮਿਜ਼ਾਈਲਾਂ ਨਾਲ ਸੰਧੂਰ ਮਿਟਾਉਣ ਵਾਲਿਆਂ 'ਤੇ ਹਮਲਾ ਕੀਤਾ ਗਿਆ ਤਾਂ ਚੁਰਾਸੀ 'ਚ ਇੱਕ ਗੋਲੀ ਵੀ ਨਾ ਚਲਾਈ ਗਈ, ਜਦੋਂ ਕਿ ਸਾਰੇ ਦਰਿੰਦੇ ਹਾਕਮ ਦੀਆਂ ਅੱਖਾਂ ਮੁਹਰੇ ਫਿਰਦੇ ਸੀ। ਚਾਲੀ ਸਾਲ ਤੋਂ ਸੰਧੂਰ ਅਦਾਲਤਾਂ 'ਚ ਰੁਲਦਾ-ਫਿਰਦਾ ਇਨਸਾਫ਼ ਲੈਣ ਲਈ। ਮਜਾਲ ਆ ਕਿ ਛਪੰਜਾ ਇੰਚ ਦੇ ਕੰਨ 'ਤੇ ਜੂੰ ਵੀ ਸਰਕੀ ਹੋਵੇ, ਨਾਲੇ ਇਸ ਛਪੰਜਾ ਇੰਚ ਦਾ ਤਾਂ ਆਪਣਾ ਖੁਦ ਦਾ ਰਿਕਾਰਡ ਬੋਲਦਾ ਸੰਧੂਰ ਮਿਟਾਉਣ ਆਲਿਆਂ 'ਚ। ਇਸ ਹਾਕਮ ਨੂੰ ਸੰਧੂਰ- ਸੰਧੂਰ 'ਚ ਬੜਾ ਵੱਡਾ ਫਰਕ ਨਜ਼ਰ ਆਇਆ। ਦਿੱਲੀ ਵਾਲਾ ਸੰਧੂਰ ਸਿੱਖ ਦਾ ਸੀ, ਜਦੋਂ ਕਿ ਪਹਿਲਗਾਮ ਵਾਲਾ ਹਿੰਦੂ ਦਾ, ਭਾਵੇਂ ਕਿ ਇਨ੍ਹਾਂ ਦੋਹਾਂ ਸੰਧੁਰਾਂ ਵਿਚ ਇੱਕ ਸਮਾਨਤਾ ਵੀ ਹੋਵੇ ਕਿ ਇਹ ਸੰਧੂਰ ਮਿਟਾਏ ਵੀ ਹੁਕਮਰਾਨ ਦੀ ਸ਼ਹਿ 'ਤੇ ਹੋਣ। ਸਾਡੇ ਤਾਂ ਗੁਰੂ ਸਾਹਿਬਾਨ ਨੇ ਹੀ ਇਨ੍ਹਾਂ ਹਾਕਮਾਂ ਬਾਰੇ ਗੁਰਬਾਣੀ ਵਿਚ ਕਿਹਾ ਹੋਇਆ 'ਰਾਜੇ ਪਾਪ ਕਮਾਂਵਦੇ ਉਲਟੀ ਵਾੜ ਖੇਤ ਕਉ ਖਾਇ' ਇਨ੍ਹਾਂ ਹਾਕਮਾਂ ਨੇ ਕਦੇ ਇਹ ਸ਼ਰਮ ਮਹਿਸੂਸ ਨਹੀਂ ਕੀਤੀ ਕਿ ਦੁਨੀਆਂ 'ਚ ਸਭ ਤੋਂ ਵੱਡੇ ਲੋਕਤੰਤਰ 'ਚ ਉਹਦੀ ਹੀ ਰਾਜਧਾਨੀ ਵਿਚ ਇੱਕ ਵਿਧਵਾ ਕਲੋਨੀ ਵੀ ਜਿਹੜੀ ਕਿਸੇ ਕੁਦਰਤੀ ਆਫ਼ਤ ਕਰਕੇ ਨਹੀਂ, ਸਗੋਂ ਇਸ ਵੱਡੇ ਲੋਕਤੰਤਰ ਦੀ ਦੇਣ ਹੈ। ਦੁਨੀਆਂ ਭਰ ਦੇ ਵੱਡੇ ਤੋਂ ਵੱਡੇ ਲੀਡਰ ਇਸ ਲੋਕਤੰਤਰ ਨੂੰ ਦੇਖਣ ਆਉਂਦੇ ਆ; ਹੇ ਰਾਮ ਦੀ ਮੜ੍ਹੀ 'ਤੇ ਲਿਜਾਣ ਦੀ ਬਜਾਏ ਵਿਧਵਾ ਕਲੋਨੀ ਦੇ ਦਰਸ਼ਨ ਕਰਾਉਣ ਲਿਜਾਇਆ ਕਰੋ ਕਿ ਦੇਖੋ ਸਾਡੀ ਪ੍ਰਾਪਤੀ। ਓਪਰੇਸ਼ਨ ਸੰਧੂਰ ਦੇ ਨਾਮ 'ਤੇ ਥਾਪੀਆਂ ਮਾਰਨ ਵਾਲਿਓ ਆਪਣਾ ਲੁਕਵਾਂ ਅਸਲੀ ਚਿਹਰਾ ਵੀ ਬੇਨਕਾਬ ਕਰਿਆ ਕਰੋ।

ਕਿਰਸਾਣੀ ਕਿਰਸਾਣੁ ਕਰੇ ....

-ਮਝੈਲ ਸਿੰਘ ਸਰਾਂ

"ਕਿਰਸਾਣੀ ਕਿਰਸਾਣੁ ਕਰੇ ਲੋਚੈ ਜੀਉ ਲਾਇ ਹਲੁ ਜੋਤੈ ਉਦਮੁ ਕਰੇ ਮੇਰਾ ਪੁਤੁ ਧੀ ਖਾਇ"

ਇਸ ਸ਼ਬਦ ਦਾ ਕੀਰਤਨ ਜਦੋਂ ਮੈਂ ਸੁਣਿਆ ਜਿਹੜਾ ਮੈਨੂੰ ਇੱਕ ਭੁਲੇਖਾ ਜਿਹਾ ਚੱਲ ਰਿਹਾ ਸੀ ਕਈਆਂ ਦਿਨਾਂ ਤੋਂ ਉਹ ਇੱਕ ਦਮ ਦੂਰ ਹੋ ਗਿਆ, ਭੁਲੇਖਾ ਉਦੋਂ ਸ਼ੁਰੂ ਹੋਇਆ ਜਦੋਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਨਵੰਬਰ ਦੇ ਅਖੀਰ ਵਿੱਚ ਇਹ ਫੈਸਲਾ ਕੀਤਾ ਕਿ ਦਿੱਲੀ ਵੱਲ ਨੂੰ ਟਰੈਕਟਰ ਟਰਾਲੀਆਂ ਤੇ ਮਾਰਚ ਕਰਕੇ ਦਿੱਲੀ ਨੂੰ ਘੇਰਕੇ ਮੋਦੀ ਸਰਕਾਰ ਨੂੰ ਝੁਕਾਉਣਾ ਉਦੋਂ ਸੋਚਿਆ ਇਹ ਕਿਥੋਂ ਸੰਭਵ ਹੋਣਾ ਭਲਾ, ਟਰਾਲੀਆਂ ਤੇ ਐਨਾ ਲੰਮਾ ਪੈਂਡਾ?


ਬਚਕਾਨੀ ਜਿਹੀ ਲੱਗੀ ਸੀ ਇਹ ਗੱਲ ਮੈਨੂੰ, ਇਹ ਵੀ ਪਤਾ ਸੀ ਕਿ ਸਰਕਾਰੀ ਅੜਿੱਕੇ ਬੇਹਿਸਾਬ ਪੈਣੇ ਆਂ, ਪਾਏ ਵੀ ਸਟੇਟ ਨੇ ਜ਼ਿਦ ਕੇ ਰੂਹ ਨਾਲ ਕਿ ਜਾਣ ਈ ਨੀ ਦੇਣੇ ਦੋ ਪੈਰ ਵੀ ਅੱਗੇ ਨੂੰ, ਖੱਟਰ ਵਰਗੇ ਬੇਦੀਨੇ ਬੰਦੇ ਰਖਿਓ ਸੀ ਮੋਦੀ ਨੇ ਇਸ ਕੰਮ ਲਈ ਪਰ ਸਭ ਅੜਿਕੇ ਜਿਵੇਂ ਨੇਰ੍ਹੀ ਮੋਹਰੇ ਕੱਖ ਕਾਨੇ ਉਡਦੇ ਹੁੰਦੇ ਆ ਪੰਜਾਬੀਆਂ ਨੇ ਚੱਕ ਕੇ ਔਹ ਮਾਰੇ ਦੇਖਦੇ ਰਹਿ ਗਏ ਖੱਟਰ ਵਰਗੇ ਕਿ ਆਹ ਕੀ ਹੋਗਿਆ ਦਿੱਲੀ ਆਲੇ ਹਾਕਮਾਂ ਨੂੰ ਇਹ ਵੀ ਭਰਮ ਸੀ ਕਿ ਇਹ ਐਥੇ ਨੀ ਪੁੱਜ ਸਕਦੇ ਕਿਸੇ ਵੀ ਸੂਰਤ ਵਿੱਚ, ਪਰ ਅਗਲੇ ਦਿਨ ਹੀ ਪੰਜਾਬੀ ਕਿਸਾਨਾਂ ਨੇ ਦਿੱਲੀ ਦਾ ਜਾ ਕੁੰਡਾ ਖੜਕਾਇਆ ਸਭ ਹੱਕੇ ਬੱਕੇ ਰਹਿ ਗਏ |

ਬਸ ਫਿਰ ਤਾਂ ਦੇਖਦੇ ਦੇਖਦੇ ਸਭ ਪਾਸਿਓਂ ਕਿਸਾਨਾਂ ਦੇ ਨਾਲ ਨਾਲ ਹਰ ਵਰਗ ਦੇ ਲੋਕਾਂ ਨੇ ਦਿੱਲੀ ਨੂੰ ਵਹੀਰਾਂ ਹੀ ਘੱਤ ਦਿੱਤੀਆਂ, ਲੰਗਰ ਚੱਲ ਪਏ, ਡਾਕਟਰਾਂ ਨੇ ਆਰਜ਼ੀ ਕਲੀਨਿਕ ਖੋਲ ਦਿੱਤੇ, ਕਿਤਾਬਾਂ ਦੇ ਸਟਾਲ ਲੱਗ ਗਏ, ਕਿਸਾਨ ਮਾਲ ਖੁੱਲ ਗਏ, ਕਲਾਕਾਰਾਂ ਨੇ ਕਿਸਾਨੀ ਰੰਗ ਵਿੱਚ ਭਿੱਜ ਕੇ ਗੀਤ ਲਿਖੇ ਤੇ ਗਾਏ, ਬੁਧੀਜੀਵੀ, ਰਿਟਾਇਰ ਅਫਸਰ ਤੇ ਫੌਜੀ, ਵਕੀਲ, ਜੱਜ, ਖਿਡਾਰੀ, ਵਿਦਿਆਰਥੀ, ਧਾਰਮਿਕ ਹਸਤੀਆਂ ਤੇ ਵਿਦੇਸ਼ਾਂ ਤੋਂ ਜਾਕੇ ਲੋਕਾਂ ਨੇ ਪੁੱਜਕੇ ਕਿਸਾਨਾਂ ਨਾਲ ਖੜਨ ਦਾ ਭਰੋਸਾ ਦਿੱਤਾ, ਸਰਕਾਰੀ ਮੀਡੀਏ ਨੂੰ ਪੰਜਾਬੀ ਮੀਡੀਏ ਨੇ ਹਾਸ਼ੀਏ ਤੇ ਧੱਕ ਕੇ ਜ਼ੀਰੋ ਲਾਈਨ ਤੋਂ ਜਾਕੇ ਅਸਲੀਅਤ ਜਗਤ ਨੂੰ ਦਿਖਾਈ ਤਾਂ ਦੁਨੀਆਂ ਦੇ ਵੱਡੇ ਨੇਤਾਵਾਂ ਨੇ ਕਿਸਾਨ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ, ਦੁਨੀਆਂ ਦੇ ਵੱਡੇ ਸ਼ਹਿਰਾਂ ਵਿੱਚ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਕਾਰ ਰੈਲੀਆਂ ਕੱਢੀਆਂ ਹੁਣ ਇਹ ਕਿਸਾਨ ਮੋਰਚਾ ਕੁੱਲ ਜਹਾਨ ਦੇ ਕਿਸਾਨਾਂ ਦਾ ਬਣਦਾ ਜਾ ਰਿਹਾ, ਮਰਦਾਂ ਦੇ ਨਾਲ ਨਾਲ ਬੀਬੀਆਂ ਖਾਸ ਕਰਕੇ ਮੁਟਿਆਰਾਂ ਨੇ ਮੋਦੀ ਨੂੰ ਲੰਮੇ ਹੱਥੀਂ ਲਿਆ |

ਜਿਹੜੇ ਕੁਛ ਬੁਧੀਜੀਵੀ ਉਥੇ ਦੇਖ ਆਏ ਆ ਉਹ ਇੱਕੋ ਗੱਲ ਕਹਿੰਦੇ ਆ ਕਿ ਉਥੇ ਤਾਂ ਕੋਈ ਕੌਤਕ ਈ ਵਰਸ ਰਿਹਾ ਜਿਹੜਾ ਦੱਸਿਆ ਨੀ ਜਾ ਸਕਦਾ ਹਰ ਚੀਜ਼ ਵਿਉਂਤਬੱਧ,

  • ਆਪਸੀ ਸਾਂਝ ਪਿਆਰ ਸਤਿਕਾਰ ਸੇਵਾ ਭਾਵਨਾ ਸਹਿਣਸ਼ੀਲਤਾ ਇਖਲਾਕੀ ਸੁੱਚਮਤਾ ਦਾ ਸਿਖਰ ਆ ਦਿੱਲੀ ਕਿਸਾਨ ਮੋਰਚਾ !
  • ਊਚ ਨੀਚ ਜਾਤ ਪਾਤ ਛੋਟਾ ਵੱਡਾ ਅਮੀਰ ਗਰੀਬ ਜ਼ਿਮੀਦਾਰ ਮਜ਼ਦੂਰ ਧਾਰਮਿਕ ਵਖਰੇਵਾਂ ਮਨਫ਼ੀ ਆ ਇਸ ਮੋਰਚੇ ਵਿੱਚ!
  • ਕੌਣ ਚਲਾ ਰਿਹਾ ਇਹ ਲੱਖਾਂ ਦੇ ਇੱਕਠ ਵਾਲਾ ਮੋਰਚਾ ਕੋਈ ਮੋਰਚਾ ਡਿਕਟੇਟਰ ਨਹੀਂ ਥਾਪਿਆ ਹੋਇਆ ਜਿਹਦੀ ਜ਼ਿੰਮੇਵਾਰੀ ਲਾਈ ਹੋਵੇ ਫਿਰ ਕੋਈ ਤਾਕਤ ਤਾਂ ਹੈ ਈ ਜਿਹੜੀ ਇਹਨੂੰ ਐਨਾ ਸਫਲਤਾ ਪੂਰਨ ਚਲਾ ਰਹੀ ਹੈ !

ਮੈਨੂੰ ਜੁਆਬ ਲੱਭਾ ਗੁਰਬਾਣੀ ਦੇ ਇਸ ਸ਼ਬਦ ਵਿਚੋਂ "ਕਿਰਸਾਣੀ ਕਿਰਸਾਣੁ ਕਰੇ ਲੋਚੈ ਜੀਉ ਲਾਇ ਹਲੁ ਜੋਤੈ ਉਦਮੁ ਕਰੇ ਮੇਰਾ ਪੁਤੁ ਧੀ ਖਾਇ" ਗੁਰਬਾਣੀ ਖੁਦਾਈ ਬੋਲ ਹਨ ਇਹ ਰੱਬੀ ਅਹਲਾਮ ਹੈ ਸਾਰੇ ਜਗਤ ਲਈ ਇਹਦੇ ਵਿੱਚ ਉਨੀਂ ਇੱਕੀ ਦੀ ਵੀ ਗੁੰਜਾਇਸ਼ ਨਹੀਂ , ਇਹ ਰੱਬੀ ਹੁਕਮ ਆ ਸੰਸਾਰ ਦੇ ਕਿਸਾਨਾਂ ਲਈ ਕਿ ਤੂੰ ਖੁਸ਼ੀ ਨਾਲ ਜੀਅ ਲਾਕੇ ਉਦਮ ਕਰਕੇ ਹਲ ਵਾਹ ਤੇ ਕਿਸਾਨੀ ਕਰ ਤਾਂ ਕਿ ਮੇਰੇ ਸੰਸਾਰ ਦੇ ਸਾਰੇ ਪੁੱਤ ਧੀਆਂ ਰੱਜ ਕੇ ਖਾਣ | ਇਹ ਵਰਦਾਨ ਆ ਕਾਦਿਰ ਦਾ ਕਿਸਾਨ ਨੂੰ ਕਿ ਜਿੰਨਾ ਚਿਰ ਤੂੰ ਕਾਇਮ ਹੈਗਾ ਕੋਈ ਭੁੱਖਾ ਨਹੀਂ ਰਵੇਗਾ |


ਭਾਰਤ ਦੇ ਹਾਕਮ ਪਤਾ ਨਹੀਂ ਕਿਓਂ ਇਸ ਰੱਬੀ ਹੁਕਮ ਤੋਂ ਅਣਜਾਣ ਹਨ ਜਾਂ ਖੁਦਗਰਜ਼ੀ ਨੇ ਮਤ ਮਾਰ ਦਿੱਤੀ ਕਿ ਮੁਲਕ ਦੇ ਕਿਸਾਨ ਦੀ ਕਿਸਾਨੀ ਨੂੰ ਹੀ ਖਤਮ ਕਰਨ ਲਈ ਕਾਨੂੰਨ ਬਣਾ ਦਿੱਤੇ, ਕਿਸਾਨ ਪੈਦਾਵਾਰ ਇਸ ਕਰਕੇ ਨਹੀਂ ਕਰਦਾ ਕਿ
ਅਡਾਨੀਆਂ ਦੇ ਗੁਦਾਮ ਭਰੇ | ਹਾਕਮਾਂ ਦੇ ਇਹ ਖੇਤੀ ਬਿੱਲ ਰੱਬੀ ਹੁਕਮ ਅਦੂਲੀ ਆ ਤੇ ਸ੍ਰਿਸ਼ਟੀ ਦਾ ਸਿਰਜਣਹਾਰ ਇਹ ਕਦੇ ਬਰਦਾਸ਼ਿਤ ਨਹੀਂ ਕਰਦਾ ਇਸੇ ਕਰਕੇ ਉਹਦੀ ਅਦ੍ਰਿਸ਼ਟ ਸ਼ਕਤੀ ਅੱਜ ਕਿਸਾਨ ਮੋਰਚਾ ਸੰਭਾਲੀ ਬੈਠੀ ਆ ਤੇ ਹਰ ਇੱਕ ਇਨਸਾਨ ਜਿਹੜਾ ਇਸ ਮੋਰਚੇ ਚ ਜਾ ਰਿਹਾ ਉਹਦੇ ਅੰਦਰੋਂ ਕੋਈ ਆਵਾਜ਼ ਉੱਠਦੀ ਆ ਜਿਹੜੀ ਉਹਨੂੰ ਕਹਿੰਦੀ ਚੱਲ ਉਥੇ !

ਇਹ ਪਹਿਲੀ ਆਵਾਜ਼ ਉੱਠਣੀ ਵੀ ਸਹਿਬਨ ਉਸੇ ਜ਼ਮੀਨ ਤੋਂ ਸੀ ਜਿਥੇ ਇਸ ਰੱਬੀ ਅਹਲਾਮ ਨੂੰ ਗੁਰੂ ਸਾਹਿਬਾਂ ਨੇ ਧਰਤੀ ਤੇ ਲਿਆਂਦਾ ਤੇ, "ਉਹ ਪੰਜਾਬ ਈ ਆ ਤਾਂ ਹੀ ਤਾਂ ਇਹਦੇ ਯੋਧਿਆਂ ਮੋਹਰੇ ਸਭ ਸਰਕਾਰੀ ਅੜਿੱਕੇ ਰੇਤੇ ਦੀ ਕੰਧ ਵਾਂਗ ਢਹਿ ਪਏ ਤੇ ਅੱਜ ਸਾਰੇ ਮੁਲਕ ਦੇ ਲੋਕ ਪੰਜਾਬ ਆਲਿਆਂ ਨੂੰ ਵੱਡੇ ਭਰਾ ਕਹਿ ਕੇ ਵਡਿਆਉਂਦੇ ਆ" |


ਦਿੱਲੀ ਕਿਸਾਨ ਮੋਰਚੇ ਵਿੱਚ ਸਭ ਤੋਂ ਪਹਿਲਾਂ ਪੰਜਾਬੀ ਕਿਸਾਨ ਮਜ਼ਦੂਰ ਪੁੱਜੇ ਤੇ ਭਾਰਤੀ ਗੋਦੀ ਮੀਡੀਏ ਨੇ ਪ੍ਰਚਾਰਿਆ ਕਿ ਇਹ ਖਾਲਿਸਤਾਨੀ ਤੇ ਵਖਵਾਦੀ ਹਨ ਫਿਰ ਖਾਲਸਾ ਏਡ ਨੇ ਸ਼ਮੂਲੀਅਤ ਕਰਕੇ ਮੌਕੇ ਮੁਤਾਬਿਕ ਮੋਰਚੇ ਚ ਹਿੱਸਾ ਲੈਣ ਵਾਲੇ ਕਿਸਾਨਾਂ ਦੇ ਨਾਲ ਨਾਲ ਆਲੇ ਦੁਆਲੇ ਦੇ ਲੋਕਲ ਰਹਿਣ ਵਾਲਿਆਂ ਨੂੰ ਸਹੂਲਤਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਉਹਨਾਂ ਨੂੰ ਅਤਿਵਾਦੀ ਕਹਿਣਾ ਸ਼ੁਰੂ ਕਰ ਦਿੱਤਾ | ਪਿਛਲੇ ਇੱਕ ਮਹੀਨੇ ਤੋਂ ਦਿੱਲੀ ਦੇ ਆਲੇ ਦੁਆਲੇ ਰਹਿਣ ਆਲੇ ਗਰੀਬ ਲੋਕਾਂ ਨੂੰ ਕਿਸਾਨ ਮੋਰਚੇ ਦੇ ਲੰਗਰਾਂ ਚੋਂ ਰੱਜ ਕੇ ਖਾਣਾ ਮਿਲਣਾ ਸ਼ੁਰੂ ਹੋ ਗਿਆ, ਦਿੱਲੀ ਦੀਆਂ ਧੀਆਂ ਭੈਣਾਂ ਆਪਣੇ ਆਪ ਨੂੰ ਕਿਸਾਨਾਂ ਵਿੱਚ ਜਾਕੇ ਸੁਰਖਿਅਤ ਮਹਿਸੂਸ ਕਰਦੀਆਂ ਦਿੱਲੀ ਦਾ ਕਰਾਈਮ ਰੇਟ ਬਹੁਤ ਘੱਟ ਗਿਆ ਤੇ ਦੁਨੀਆਂ ਦਾ ਮੀਡੀਆ ਤੇ ਵੱਡੇ ਨੇਤਾ ਕਿਸਾਨ ਮੋਰਚੇ ਦੀ ਹਿਮਾਇਤ ਕਰਦੇ ਆ |

ਹੁਣ ਸਵਾਲ ਇਹ ਹੈ ਕਿ ਜੇ ਇਹ ਕਿਸਾਨ ਮੋਰਚੇ ਦਾ ਪ੍ਰਬੰਧ ਮੋਦੀ ਸਰਕਾਰ ਨਾਲੋਂ ਹਰ ਤਰੀਕੇ ਨਾਲ ਬਿਹਤਰ ਹੈ ਤਾਂ ਫਿਰ ਅਸੀਂ ਖਾਲਿਸਤਾਨੀ ਤੇ ਅਤਿਵਾਦੀ ਹੀ ਠੀਕ ਹਾਂ ਕਿਓਂਕਿ ਸਾਨੂੰ ਲੋਕਾਂ ਨੇ ਇਹੋ ਜਿਹਿਆਂ ਨੂੰ ਹੀ ਪ੍ਰਵਾਨ ਕਰ ਲਿਆ ! ਆਪਾਂ ਮੋਦੀ ਦੇ ਨਸਲਵਾਦੀ ਰਾਸ਼ਟਰਵਾਦ ਦੇ ਫਿੱਟ ਬੈਠਦੇ ਈ ਨਹੀਂ ਹੁਣ ਲੋਕਾਂ ਨੇ ਵੀ ਇਹਦੀ ਅਸਲੀਅਤ ਨੂੰ ਜਾਣ ਕੇ ਰੱਦ ਕਰ ਦਿੱਤਾ, ਮੋਦੀ ਦਾ ਇਖਲਾਕੀ ਫਰਜ਼ ਬਣਦਾ ਕਿ ਲੋਕਾਂ ਦੀ ਇੱਛਾ ਮੁਤਾਬਿਕ ਦਿੱਲੀ ਤਖਤ ਛੱਡ ਦੇਵੇ |

ਇਹ ਮੋਰਚਾ ਹਰ ਹਾਲਤ ਵਿੱਚ ਫਤਿਹ ਹੋਣਾ ਈ ਹੋਣਾ, ਹੋ ਸਕਦਾ ਕਿ ਹਾਕਮਾਂ ਦੇ ਬਿਸਤਰੇ ਵੀ ਗੋਲ ਹੋ ਜਾਣ ਕਿਓਂਕਿ ਇਹਦੇ ਤੇ ਰੱਬੀ ਬਖਸ਼ਿਸ਼ ਆ ਤੇ ਤੁਸੀਂ ਸਾਰੇ ਮੋਰਚਾ ਸੰਭਾਲੀ ਬੈਠੇ ਸਾਰੇ ਭੈਣ ਭਰਾ ਰੱਬੀ ਹੁਕਮ ਤੇ ਪਹਿਰਾ ਦੇ ਰਹੇ ਹੋ ਤੇ ਇੱਕ ਬਹੁਤ ਵੱਡਾ ਇਤਿਹਾਸ ਸਿਰਜ ਰਹੇ ਹੋ |

"ਜਿਹਨਾਂ ਵੀਰਾਂ ਭੈਣਾਂ ਨੇ ਆਪਣੀ ਕੁਰਬਾਨੀ ਦਿੱਤੀ ਉਹ ਵੀ ਇੱਕ ਇਤਿਹਾਸ ਦਾ ਵਰਕਾ ਬਣ ਗਏ ਆ" ਆਉਣ ਵਾਲੀਆਂ ਪੁਸ਼ਤਾਂ ਫਖਰ ਮਹਿਸੂਸ ਕਰਿਆ ਕਰਨਗੀਆਂ ਕਿ ਸਾਡੇ ਵਡੇਰਿਆਂ ਨੇ ਫਤਿਹ ਦੇ ਝੰਡੇ ਗੱਡੇ ਸੀ |


ਸਿੱਖ ਕੜਾ ਕਿਓਂ ਪਾਉਂਦੇ ਆ !

-ਮਝੈਲ ਸਿੰਘ ਸਰਾਂ

ਅੱਜ ਮੈਂ ਆਪਣੀ ਹੱਡ ਬੀਤੀ ਸਾਂਝੀ ਕਰਨ ਲੱਗਿਆਂ, ਅੱਜ ਮੈਂ ਕੰਮ ਤੇ ਥੋੜਾ ਚਿਰ ਇੱਕ ਹੋਰ ਪਾਸੇ ਗਿਆ ਹੋਇਆ ਸੀ ਕਿਓਂਕਿ ਮੇਰਾ ਕੰਮ ਤੁਰਨੇ ਫਿਰਨੇ ਆਲਾ ਹੁੰਦਾ ਜਦੋਂ ਮੈਂ ਇੱਕ ਘਰ ਵਿਚ ਮੇਲ ਰੱਖ ਕੇ ਵਾਪਿਸ ਮੁੜਿਆ ਤਾਂ ਘਰ ਦੀ ਗੋਰੀ ਬਜ਼ੁਰਗ ਮਾਲਕਣ ਬਾਹਰ ਨਿਕਲ ਕੇ ਮੈਨੂੰ ਕਹਿੰਦੀ ਮੈਰੀ ਕ੍ਰਿਸੱਮਿਸ ਮੈਂ ਵੀ ਅੱਗੋਂ ਕਹਿ ਦਿੱਤਾ ਮੈਰੀ ਕ੍ਰਿਸਮਿਸ ਫਿਰ ਮੈਨੂੰ ਕਹਿੰਦੀ ਤੂੰ ਸਿੱਖ ਈ ਆਂ ਮੈਂ ਕਿਹਾ ਆਹੋ ਫਿਰ ਕਹਿੰਦੀ ਤੁਸੀਂ ਕ੍ਰਿਸਮਿਸ ਮਨਾਉਂਦੇ ਹੁੰਨੇ ਆਂ ਮੈਂ ਬੜਾ ਕਸੂਤਾ ਜਿਹਾ ਫਸਿਆ ਮਹਿਸੂਸ ਕੀਤਾ ਕਿ ਜੇ ਮੈਂ ਕਹਿ ਦਿੱਤਾ ਨਹੀਂ ਤਾਂ ਸ਼ਾਇਦ ਬੁਰਾ ਮਨਾਊਗੀ .ਮੈਂ ਕਿਹਾ ਸਾਡੇ ਸਿੱਖ ਧਰਮ ਵਿੱਚ ਵੀ ਕ੍ਰਿਸਮਿਸ ਦੇ ਦਿਨਾਂ ਵਿੱਚ ਇੱਕ ਬਹੁਤ ਵੱਡਾ ਸ਼ਹੀਦੀ ਹਫਤਾ ਹੁੰਦਾ ਅਸੀਂ ਕ੍ਰਿਸਮਿਸ ਦੇ ਨਾਲ ਨਾਲ ਉਹ ਮਨਾਉਂਦੇ ਹੁੰਨੇ ਆਂ ਫਿਰ ਕਹਿੰਦੀ ਅੱਛਾ ਦੋ ਧਰਮਾਂ ਦਾ ਇੱਕੋ ਦਿਨ ਮਨਾਉਣਾ ਤਾਂ ਹੋਰ ਵੀ ਵੱਡੀ ਗੱਲ ਹੋ ਗਈ | ਮੈਨੂੰ ਕੰਮ ਦੀ ਕਾਹਲ ਸੀ ਜਦੋਂ ਤੁਰਨ ਲੱਗਾ ਮੈਨੂੰ ਕਹਿੰਦੀ ਤੁਸੀਂ ਸਿੱਖ ਬ੍ਰੇਸਲੈਟ ( ਕੜਾ ) ਪਾਉਂਦੇ ਹੋ ਤੂੰ ਵੀ ਪਾਇਆ ਹੋਇਆ ਇੱਕ ਦਮ ਤਾਂ ਮੈਨੂੰ ਬ੍ਰੇਸਲੈਟ ਸਮਝ ਈ ਨਾ ਲੱਗੀ : ਚਲੋ ਸਮਝ ਗਿਆ ਛੇਤੀ; ਮੈਖਿਆ ਪਾਇਆ ਆ . ਕਹਿੰਦੀ ਰੁਕੀਂ ਮੈਂ ਮਾਸਕ ਪਾ ਕੇ ਆਉ ਨੀ ਆਂ ਮੈਨੂੰ ਦਿਖਾਈਂ ,ਮੈਂ ਪੁੱਛਿਆ ਤੂੰ ਕਿਦਾਂ ਜਾਣਦੀ ਆਂ ਕਿ ਮੈਂ ਸਿੱਖ ਆਂ ਤੇ ਸਿੱਖ ਕੜਾ ਪਾਉਂਦੇ ਆ ਉਹ ਕਹਿੰਦੀ ਹੁਣ ਮੈਂ ਕਾਰ ਨਹੀਂ ਚਲਾਉਂਦੀ ਤੇ ਟੈਕਸੀ ਤੇ ਹੀ ਆਉਣ ਜਾਣ ਕਰਦੀ ਆਂ ਤੇ ਜ਼ਿਆਦਾਤਰ ਟੈਕਸੀ ਵਾਲੇ ਸਿੱਖ ਹੁੰਦੇ ਆਂ ਤੇ ਮੈਂ ਕਦੇ ਪਿਛਲੀ ਸੀਟ ਤੇ ਨੀ ਬਹਿੰਦੀ ਡਰਾਈਵਰ ਦੇ ਨਾਲ ਵਾਲੀ ਸੀਟ ਤੇ ਬਹਿ ਜਾਨੀ ਤੇ ਉਹਨਾਂ ਨੂੰ ਸਿਖਾਂ ਬਾਰੇ ਪੁੱਛਦੀਂ ਹੁੰਦੀ | ਮੈਂ ਪੁੱਛਿਆ ਫਿਰ ਤੇਰੇ ਸਿੱਖਾਂ ਬਾਰੇ ਕੀ ਵਿਚਾਰ ਆ .. ਜੁਆਬ ਚ ਕਹਿੰਦੀ ਬਹੁਤ ਹੀ ਮਿੱਠ ਬੋਲੜੇ ਤੇ ਮਦਦਗਾਰ ਹਨ ਬਹੁਤ ਹੀ ਨਿੱਘੇ ਸੁਭਾਅ ਦੇ ਮਾਲਕ ਹਨ ਫਿਰ ਕਹਿੰਦੀ ਸਿਰਫ ਇੱਕ ਸਿੱਖ ਨੇ ਮੇਰੇ ਨਾਲ ਕੌੜਾ ਬੋਲਿਆ ਸੀ ,,ਮੈਂ ਕਿਹਾ ਮੈਂ ਬਹੁਤ ਸ਼ਰਮਸਾਰ ਹਾਂ ਉਸ ਸਿੱਖ ਵਲੋਂ ਬੋਲੇ ਕੌੜੇ ਲਫ਼ਜ਼ਾਂ ਲਈ ਮੈਂ ਜਦੋਂ ਤਿੰਨ ਚਾਰ ਵਾਰ ਸੌਰੀ ਸੌਰੀ ਕਿਹਾ ਤਾਂ ਕਹਿੰਦੀ ਮੇਰਾ ਮਕਸਦ ਤੇਰਾ ਦਿਲ ਦੁਖਾਉਣਾ ਨਹੀਂ ਸੀ ਮੈਨੂੰ ਇਹ ਗੱਲ ਤੈਨੂੰ ਦੱਸਣੀ ਹੀ ਨਹੀਂ ਸੀ ਚਾਹੀਦੀ ਤੁਸੀਂ ਸਾਰੇ ਹੀ ਬਹੁਤ ਵਧੀਆ ਇਨਸਾਨ ਹੋ | ਫਿਰ ਕਹਿੰਦੀ ਆਪਣਾ ਕੜਾ ਦਿਖਾਲ ਮੈਂ ਬਾਂਹ ਅੱਗੇ ਕਰ ਦਿੱਤੀ ਤੇ ਹੱਥ ਚ ਫੜ ਕੇ ਕਹਿੰਦੀ ਕਿ ਇਹ ਲੋਹੇ ਦਾ ਆ ਮੈਂ ਕਿਹਾ ਸਾਡੇ ਧਰਮ ਵਿੱਚ ਲੋਹੇ ਦਾ ਪਾਉਣ ਦਾ ਹੀ ਨਿਯਮ ਹੈ ਫਿਰ ਕਹਿੰਦੀ ਮੈਂ ਅਕਸਰ ਸਿੱਖਾਂ ਨੂੰ ਪੁੱਛਦੀਂ ਹੁਨੀਂ ਕਿ ਇਹ ਤੁਸੀਂ ਕਿਓਂ ਪਾਉਂਦੇ ਓ ? ਮੈਂ ਕਿਹਾ ਫੇ ਕੀ ਦੱਸਦੇ ਹੁੰਦੇ ਉਹ .. ਉਹ ਕਹਿੰਦੀ ਬਸ ਇੰਨਾਂ ਕੁ ਈ ਦੱਸਦੇ ਆ ਸਾਡੇ ਧਰਮ ਵਿੱਚ ਜ਼ਰੂਰੀ ਆ ਪਾਉਣਾ , ਪੈਂਦੀ ਸੱਟੇ ਮੈਨੂੰ ਕਹਿੰਦੀ ਤੂੰ ਦੱਸ ਕਿਓਂ ਪਾਉਂਦੇ ਓ ? ਇੱਕ ਦਮ ਜਿਹੜਾ ਮੈਂ ਜੁਆਬ ਦਿੱਤਾ ਉਹ ਸੀ ' ਅਸੀਂ ਇਹ ਸੱਜੇ ਹੱਥ ਵਿੱਚ ਹੀ ਪਾਉਂਦੇ ਆਂ ਤੇ ਤਕਰੀਬਨ ਹਰ ਇਨਸਾਨ ਜਿਹੜਾ ਵੀ ਕੰਮ ਕਰਦਾ ਉਹ ਸੱਜੇ ਹੱਥ ਨਾਲ ਹੀ ਕਰਦਾ ਤੇ ਜਦੋਂ ਸਿੱਖ ਕੋਈ ਕੰਮ ਕਰਨ ਲਗਦਾ ਤਾਂ ਇਹ ਕੜਾ ਯਾਦ ਦੁਆਉਂਦਾ ਕਿ ਜਿਹੜਾ ਕੰਮ ਕਰਨ ਲੱਗਿਆਂ ਕੀ ਉਹ ਸਹੀ ਹੈ ਜੇ ਸਹੀ ਹੈ ਤਾਂ ਕਰੀਂ ਨਹੀਂ ਤਾਂ ਨਾ ਕਰੀਂ ! ਸੁਣ ਕੇ ਇੱਕ ਦਮ ਉਹ ਬੋਲੀ ਓ ਵਾਓ ! ਐਡੀ ਵੱਡੀ ਮਹਾਨਤਾ ਹੈ ਇਹਦੀ ਸਿੱਖ ਧਰਮ ਵਿੱਚ !! ਫਿਰ ਕਹਿੰਦੀ ਤੂੰ ਅੱਜ ਮੈਨੂੰ ਬਹੁਤ ਹੀ ਵੱਡੀ ਗੱਲ ਦੱਸਕੇ ਚੱਲਿਆਂ ਵਾਕਿਆ ਹੀ ਤੁਸੀਂ ਸਿੱਖ ਮਹਾਨ ਹੋ |

ਹੁਣ ਪਤਾ ਨਹੀਂ ਤੁਸੀਂ ਮੇਰੇ ਜੁਆਬ ਨਾਲ ਸਹਿਮਤ ਹੋਵੋਗੇ ਜਾਂ ਨਹੀਂ ...

ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਦਾ ਗੁੰਝਲਦਾਰ ਮਸਲਾ ....

-ਮਝੈਲ ਸਿੰਘ ਸਰਾਂ

ਦੁਨੀਆਂ ਵਿੱਚ ਸ਼ਾਇਦ ਅਮਰੀਕਾ ਹੀ ਐਹੋ ਜਿਹਾ ਮੁਲਕ ਹੈ ਜਿੱਥੇ ਇਹਦੇ ਮੁਖੀ ਦੀ ਚੋਣ ਛੇਤੀ ਕੀਤੇ ਸਮਝ ਚ ਨਹੀਂ ਆਉਂਦੀ ਖਾਸ ਕਰਕੇ ਜਦੋਂ ਵੱਧ ਵੋਟਾਂ ਲੈਣ ਵਾਲਾ ਉਮੀਦਵਾਰ ਹਾਰ ਜਾਂਦਾ ਜਿਵੇਂ ਕਿ ਪਿਛਲੀ 2016  ਵਾਲੀ ਇਲੈਕਸ਼ਨ ਵਿੱਚ ਹੋਇਆ ਸੀ ਟਰੰਪ ਨੂੰ ਹਿਲੇਰੀ ਨਾਲੋਂ ਘੱਟ ਵੋਟਾਂ ਮਿਲੀਆਂ ਸਨ ਪਰ ਜਿੱਤ ਉਹ ਗਿਆ ਇਹ ਸਭ ਨੂੰ ਬੜਾ ਹੈਰਾਨ ਕਰਨ ਵਾਲਾ ਲਗਦਾ ! ਇਸ ਗੁੰਝਲ ਨੂੰ ਬਹੁਤ ਹੀ ਵੀਰਾਂ ਨੇ ਲੇਖ ਲਿਖ ਕੇ ਸੁਲਝਾਇਆ ਵੀ ਹੈ ਪਰ ਫਿਰ ਵੀ ਇਹਦਾ ਗੁੰਝਲਪੁਣਾ ਬਰਕਰਾਰ ਹੀ ਹੈ

ਮੈਂ ਵੀ ਇੱਕ ਕੋਸ਼ਿਸ਼ ਕਰਨ ਲੱਗਾਂ ਕਿ ਇਸ ਗੁੰਝਲ ਨੂੰ ਥੋੜਾ ਖੋਲ ਸਕਾਂ ਤਿੰਨ ਕੁ ਗੱਲਾਂ ਨੂੰ ਧਿਆਨ ਚ ਰੱਖਣਾ ਪੈਣਾ ...

ਪਹਿਲੀ ਕਿ ਅਮਰੀਕਾ ਦਾ ਢਾਂਚਾ ਪੂਰੀ ਤਰ੍ਹਾਂ ਫੈਡਰਲ ਹੈ ਭਾਵ ਕਿ ਅਮਰੀਕਾ ਦੇਸ਼ ਦੇ ਨਾਲ ਨਾਲ ਇਹਦੀ ਹਰੇਕ ਸਟੇਟ ਇੱਕ ਤਰ੍ਹਾਂ ਅਰਧ ਆਜ਼ਾਦ ਮੁਲਕ ਵੀ ਹੈ ਹਰ ਸਟੇਟ ਦਾ ਆਪਣਾ ਝੰਡਾ ਹੈ ਆਪਣੀ ਵੱਖਰੀ ਪਛਾਣ ਵੀ ਹੁੰਦੀ ਆ ਹਰ ਛੋਟੀ ਵੱਡੀ ਸਟੇਟ ਦੀ ਅਮਰੀਕਾ ਦੇ ਵੱਡੇ ਕੰਮਾਂ ਵਿੱਚ ਵੁੱਕਤ ਬਰਾਬਰ ਜਿਹੀ ਹੁੰਦੀ ਆ ਇਹਦੇ ਵਿੱਚ ਹੀ ਰਾਸ਼ਟਰਪਤੀ ਦੀ ਚੋਣ ਵੀ ਇੱਕ ਹੈ, ਇਹ ਬਰਾਬਰਤਾ ਦਾ ਹੀ ਇੱਕ ਸਿਧਾਂਤ ਹੈ ਜਿਹਨੇ ਅਮਰੀਕਾ ਨੂੰ ਇੱਕਠੇ ਰਖਿਆ ਹੋਇਆ 

ਅਗਲੀ ਗੱਲ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਸੰਵਿਧਾਨ ਮੁਤਾਬਿਕ ਅਸਿੱਧੇ ਤਰੀਕੇ ਨਾਲ ਹੁੰਦੀ ਹੈ, ਇਹਨੂੰ ਇੱਕ ਇਲੈਕਟੋਰਲ ਕਾਲਜ ਦੇ ਮੈਂਬਰ ਚੁਣਦੇ ਹਨ। ਹੁਣ ਇਲੈਕਟੋਰਲ ਕਾਲਜ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਇਹ ਕੀ ਹੈ | ਇਲੈਕਟੋਰਲ ਕਾਲਜ ਦੇ ਮੈਂਬਰਾਂ ਨੂੰ ਇਲੈਕਟਰ ਕਹਿੰਦੇ ਹਨ ਤੇ ਇਹਨਾਂ ਦੀ ਕੁਲ ਗਿਣਤੀ 538  ਹੈ ਜਿਸ ਨੁਮਾਇੰਦੇ ਨੂੰ ਅੱਧੇ ਤੋਂ ਵੱਧ ਇਹਨਾਂ ਇਲੈਕਟਰਾਂ ਦੀਆਂ ਵੋਟਾਂ ਪੈ ਜਾਣ ਉਹ ਜਿੱਤ ਜਾਂਦਾ ਹੈ | ਅਮਰੀਕਾ ਦੀਆਂ ਕੁੱਲ ਪੰਜਾਹ ਸਟੇਟਾਂ ਹਨ ਤੇ ਹਰੇਕ ਸਟੇਟ ਦੇ ਇਲੈਕਟਰਾਂ ਦੀ ਗਿਣਤੀ ਉਸ ਸਟੇਟ ਦੇ ਅਮਰੀਕਾ ਦੇ ਦੋਵਾਂ ਸਦਨਾਂ ਦੇ ਚੁਣੇ ਹੋਏ ਮੈਂਬਰਾਂ ਦੇ ਬਰਾਬਰ ਹੁੰਦੀ ਹੈ ਅਮਰੀਕਾ ਦੇ ਸਦਨਾਂ ਦਾ ਨਾਂ ਹੈ ਸੈਨੇਟ ਤੇ ਹਾਊਸ ਮਤਲਬ ਸਮਝ ਲਓ ਰਾਜ ਸਭਾ ਤੇ ਲੋਕ ਸਭਾ | ਵੱਡੀਆਂ ਤੇ ਵੱਧ ਅਬਾਦੀ ਵਾਲੀਆਂ ਸਟੇਟਾਂ ਦੇ ਮੈਂਬਰ ਵੱਧ ਹੁੰਦੇ ਹਨ ਬਿਨਿਸਬਤ ਛੋਟੀਆਂ ਸਟੇਟਾਂ ਦੇ ਜਿਵੇਂ ਸਭ ਤੋਂ ਵੱਧ 55 ਕੈਲੀਫੋਰਨੀਆ ਦੇ ਹਨ ਤੇ ਚਾਰ ਕੁ ਸਟੇਟਾਂ ਜਿਵੇਂ ਅਲਾਸਕਾ ਹੈ ਦੀ  ਗਿਣਤੀ 3 ਹੈ | ਇਹਨਾਂ ਇਲੈਕਟਰਾਂ ਨੂੰ ਹਰੇਕ ਸਟੇਟ ਦੀ ਸਰਕਾਰ ਆਪ ਹੀ ਨਾਮਜ਼ਦ ਕਰ ਲੈਂਦੀ ਹੈ ਚੁਣ ਵੀ ਸਕਦੀ ਹੈ ਪਰ ਅਕਸਰ ਨਾਮਜ਼ਦ ਹੀ ਕੀਤੇ ਹੁੰਦੇ ਹਨ | ਇਸ ਇਲੈਕਟਰ ਕਾਲਜ ਦਾ ਬਸ ਇੱਕੋ ਕੰਮ ਹੈ ਚਾਰ ਸਾਲ ਬਾਅਦ ਰਾਸ਼ਟਰਪਤੀ ਚੁਣਨਾ ਉਹਤੋਂ ਬਾਅਦ ਇਹ ਭੰਗ ਇਹਦਾ ਅਮਰੀਕਾ ਦੀ ਸਿਆਸਤ ਵਿੱਚ ਹੋਰ ਕੋਈ ਕੰਮ ਨਹੀਂ ਹੁੰਦਾ | 

ਸੱਚ ਤਾਂ ਇਹ ਹੈ ਕਿ ਲੋਕਾਂ ਨੂੰ ਕੋਈ ਪਤਾ ਈ ਨਹੀਂ ਹੁੰਦਾ ਕਿ ਕੌਣ ਇਲੈਕਟਰ ਹੈ ਸੁਣਨ ਨੂੰ ਬੜਾ ਅਟਪਟਾ ਜਿਹਾ ਲਗਦਾ ਕਿ ਦੁਨੀਆਂ ਦੇ ਸਭ ਤੋਂ ਤਾਕਤਵਰ ਮੁਲਕ ਦੇ ਮੁਖੀ ਨੂੰ ਚੁਣਨ ਵਾਲੇ ਬੇਨਾਮ ਕਿਓਂ ? ਇਹੋ ਹੀ ਥੋੜੀ ਗੁੰਝਲ ਹੈ,ਹੋਵੇ ਸਾਡਾ ਭਾਰਤ ਵਰਸ਼ ਫਿਰ ਦੇਖੋ ਇਹਨਾਂ ਇਲੈਕਟਰਾਂ ਦੀ ਬੋਲੀ ਅਰਬਾਂ ਤੱਕ ਦੀ ਲਗਦੀ ਪਰ ਅਮਰੀਕਾ ਵਿੱਚ ਬੇਨਾਮ ਹਨ ਬੱਸ ਚੋਣ ਵਾਲੇ ਸਾਲ ਦਿਸੰਬਰ ਮਹੀਨੇ ਵਿੱਚ ਆਪਣੀ ਆਪਣੀ ਸਟੇਟ ਦੀ ਰਾਜਧਾਨੀ ਵਿੱਚ ਇੱਕਠੇ ਹੁੰਦੇ ਹਨ ਤੇ ਰਸਮੀ ਵਿਚਾਰ ਵਟਾਂਦਰਾ ਕਰਦੇ ਹਨ ਤੇ ਰਸਮੀ ਵੋਟ ਪਾਕੇ ਕੌਫੀ ਦਾ ਕੱਪ ਪੀ ਕੇ ਆਪਣੇ ਆਪਣੇ ਘਰ ਨੂੰ ਚਲੇ ਜਾਂਦੇ ਹਨ | ਆਹ ਜਿਹੜਾ ਲਫ਼ਜ਼ ਮੈਂ ਰਸਮੀ ਵਰਤਿਆ ਇਹਦਾ ਖੁਲਾਸਾ ਬਾਅਦ ਵਿੱਚ ਕਰਾਂਗਾ

ਅਗਲਾ ਸਵਾਲ ਇਹ ਆਉਂਦਾ ਕਿ ਜੇ ਚੋਣ ਕਰਨੀ ਹੀ ਇਹਨਾਂ ਇਲੈਕਟਰਾਂ ਨੇ ਆ ਤਾਂ ਆਮ ਨਾਗਰਿਕ ਦੀ ਵੋਟ ਦੀ ਕਾਹਦੀ ਅਹਿਮੀਅਤ ਆ ਕਿਓਂ ਕੈਂਡੀਡੇਟ ਸਾਲ ਭਰ ਤੋਂ ਲੋਕਾਂ ਨੂੰ ਭਰਮਾਉਣ ਜਾਂ ਜਾਗਰੂਕ ਕਰ ਰਹੇ ਆ ਕਿ ਵੋਟ ਸਾਨੂੰ ਪਾਇਓ, ਕਿਓਂ ਰੈਲੀਆਂ ਤੇ ਆਹਮੋ ਸਾਹਮਣੇ ਡਿਬੇਟ ਤੇ ਮਿਹਣ ਕੁਮਿਹਣੇ ਹੁੰਦੇ ਹਨ ਨਾਲੇ ਜਿਹੜੀ ਵੋਟ ਬੈਲਟ ਹੈ ਉਹਦੇ ਤੇ ਤਾਂ ਰਾਸ਼ਟਰਪਤੀ ਕੈਂਡੀਡੇਟਾਂ ਦੇ ਹੀ ਨਾਮ ਹਨ ਜਿਹਨਾਂ ਨੂੰ ਨਾਗਰਿਕ ਸਿਧੇ ਵੋਟ  ਪਾਉਂਦੇ ਆ | ਦਰਅਸਲ ਇਹਨੂੰ ਕਹਿੰਦੇ ਹਨ " ਪਾਪੂਲਰ ਵੋਟ " | ਅਮਰੀਕਾ ਦੀਆਂ ਸਾਰੀਆਂ ਸਟੇਟਾਂ ਦੀ ਜਦੋਂ ਵੋਟਾਂ ਦੀ ਗਿਣਤੀ ਹੋ ਜਾਂਦੀ ਉਹ ਉਸ ਉਮੀਦਵਾਰ ਦੀ ਕੁੱਲ ਪਾਪੂਲਰ ਵੋਟ ਹੁੰਦੀ ਹੈ ਜਿਹੜੀ ਨਾਗਰਿਕਾਂ ਨੇ ਸਿੱਧੀ ਪਾਈ ਤੇ ਜਿੱਤ ਦਾ ਨਤੀਜਾ ਉਸੇ ਦੇ ਹੱਕ ਵਿੱਚ ਜਾਣਾ ਚਾਹੀਦਾ ਜਿਸਦੀਆਂ ਵੋਟਾਂ ਵੱਧ ਹੋਣ ਪਰ ਸੰਵਿਧਾਨ ਮੁਤਾਬਿਕ ਇੱਦਾਂ ਨਹੀਂ ਹੁੰਦਾ ਕਿਓਂਕਿ ਚੋਣ ਤਾਂ ਇਲੈਕਟੋਰਲ ਕਾਲਜ ਵਲੋਂ ਹੋਣੀ ਹੁੰਦੀ ਆ | ਇਲੈਕਟਰ ਵੋਟ ਕਿਵੇਂ ਪਾਉਂਦੇ ਹਨ ਇਹਨੂੰ ਧਿਆਨ ਵਿੱਚ ਰੱਖਣਾ ਬੜਾ ਜ਼ਰੂਰੀ ਆ, ਇੱਕ ਸਟੇਟ ਦੇ ਸਾਰੇ ਇਲੈਕਟਰ ਉਸੇ ਉਮੀਦਵਾਰ ਨੂੰ ਹੀ ਸਾਰੀਆਂ ਵੋਟਾਂ ਪਾ ਦਿੰਦੇ ਹਨ ਜਿਸ ਦੇ ਹੱਕ ਵਿੱਚ ਉਸ ਸਟੇਟ ਦੀਆਂ ਪਾਪੂਲਰ ਵੋਟਾਂ ਵੱਧ ਹੋਣ ਇਹਨੂੰ ਹੀ ਪਹਿਲਾਂ ਮੈਂ ਰਸਮੀ ਵੋਟ ਕਿਹਾ ਕਿਓਂਕਿ ਇਲੈਕਟਰ ਆਪਣੀ ਮਰਜ਼ੀ ਨਾਲ ਵੋਟ ਨਹੀਂ ਪਾ ਸਕਦਾ ਉਹਨੂੰ ਪਾਪੂਲਰ ਵੋਟ ਮੁਤਾਬਿਕ ਹੀ ਵੋਟ ਪਾਉਣੀ ਪੈਂਦੀ ਆ  ਇਥੇ ਇਲੈਕਟਰ ਵੋਟਾਂ ਤੇ ਪਾਪੁਲਰ ਵੋਟਾਂ ਵਿੱਚ ਫਰਕ ਆ ਸਕਦਾ ਜਿਵੇਂ ਪਿਛਲੀ ਵਾਰੀ ਪ੍ਰੈਜ਼ੀਡੈਂਟ ਟਰੰਪ ਵੇਲੇ ਹੋਇਆ  ਇਹੋ ਜਿਹੀ ਹਾਲਾਤ ਸ਼ਾਇਦ ਤਿੰਨ ਕੁ ਵਾਰ ਹੋਈ ਅਮਰੀਕਾ ਦੇ ਇਤਿਹਾਸ ਵਿੱਚ |

ਇਹਨੂੰ ਥੋੜਾ ਹੋਰ ਸੁਖਾਲਾ ਕਰਨ ਵਾਸਤੇ ਹਿਸਾਬ ਦੀ ਮੰਨ ਲਓ ਵਾਲੀ ਥਿਊਰੀ ਵਰਤਦੇ ਆਂ .....

ਮੰਨ ਲਈਏ ਕਿ ਅਮਰੀਕਾ ਦੀਆਂ ਕੁੱਲ ਸਟੇਟਾਂ ਹਨ 5 ਕੁੱਲ ਵੋਟਾਂ ਜਾਂ ਪਾਪੂਲਰ ਵੋਟਾਂ ਹਨ 10000 ਕੁੱਲ ਇਲੈਕਟੋਰੇਟ ਕਾਲਜ  ਦੇ ਇਲੈਕਟਰਾਂ ਦੀ ਗਿਣਤੀ ਹੈ 100 | 
  1. ਪਹਿਲੀ ਸਟੇਟ ਦੀਆਂ ਕੁੱਲ ਵੋਟਾਂ ਹਨ 3500  ਤੇ ਇਲੈਕਟਰ ਹਨ 35 ਪਿਛਲੀ ਇਲੈਕਸ਼ਨ ਨੂੰ ਮੰਨ ਲਈਏ ਇਸ ਸਟੇਟ ਵਿਚੋਂ ਹਿਲਰੀ ਨੂੰ ਮਿਲੀਆਂ 2500  ਤੇ ਟਰੰਪ ਨੂੰ 1000 ,ਕਿਓਂਕਿ ਪਾਪੂਲਰ ਵੋਟਾਂ ਹਿਲਰੀ ਦੇ ਪੱਖ ਵਿੱਚ ਪਈਆਂ ਇਸ ਕਰਕੇ ਸਾਰੇ 35  ਇਲੈਕਟਰਾਂ ਦੀ ਵੋਟ ਪਈ ਹਿਲਰੀ ਨੂੰ ਤੇ ਟਰੰਪ ਨੂੰ 0  
  2. ਦੂਜੀ ਸਟੇਟ ਦੀਆਂ ਕੁੱਲ ਵੋਟਾਂ ਹਨ 2500 ਤੇ ਇਲੈਕਟਰ ਹਨ 25 ਜਿਸ ਵਿਚੋਂ ਹਿਲਰੀ ਨੂੰ ਪਈਆਂ ਨੂੰ 1100 ਤੇ ਟਰੰਪ ਨੂੰ 1400 ਸਾਰੇ ਇਲੈਕਟਰਾਂ ਦੀ ਵੋਟ ਟਰੰਪ ਨੂੰ ਪਈ 
  3. ਤੀਜੀ ਸਟੇਟ ਵਿੱਚ ਕੁੱਲ ਵੋਟ ਹੈ 2000  ਤੇ ਇਲੈਕਟਰ ਹਨ 20 ਹਿਲਰੀ ਨੂੰ ਪਈਆਂ 700 ਤੇ ਟਰੰਪ ਨੂੰ 1300 ਤੇ ਸਾਰੇ 20  ਇਲੈਕਟਰ ਟਰੰਪ ਦੇ ਪੱਖ ਵਿੱਚ ਗਏ 
  4. ਚੌਥੀ ਸਟੇਟ ਵਿੱਚ ਕੁੱਲ ਵੋਟਾਂ ਹਨ 1200  ਤੇ ਇਲੈਕਟਰ 12 ਹਿਲਰੀ ਨੂੰ ਵੋਟਾਂ ਪਈਆਂ 700 ਤੇ ਟਰੰਪ ਨੂੰ 500  ਸਾਰੇ 12  ਇਲੈਕਟਰਾਂ ਦੀ ਵੋਟ ਪਈ ਹਿਲਰੀ ਨੂੰ 
  5. ਪੰਜਵੀਂ ਸਟੇਟ ਵਿੱਚ ਕੁੱਲ ਵੋਟਾਂ ਹਨ 800  ਤੇ 8  ਇਲੈਕਟਰ ਹਿਲਰੀ ਨੂੰ ਪਈਆਂ 300 ਤੇ ਟਰੰਪ ਨੂੰ 500 ਇਥੇ ਸਾਰੇ 8  ਇਲੈਕਟਰ ਟਰੰਪ ਦੇ ਪੱਖ ਵਿੱਚ ਗਏ | 
ਇਹਨਾਂ ਸਾਰਿਆਂ ਦਾ ਜੋੜ ਇਹ ਬਣਦਾ ਹਿਲਰੀ ਨੂੰ ਕੁੱਲ ਪਾਪੂਲਰ ਵੋਟਾਂ ਪਈਆਂ 5300 ਤੇ ਟਰੰਪ ਨੂੰ 4700 , ਪਾਪੂਲਰ ਵੋਟਾਂ ਮੁਤਾਬਿਕ ਹਿਲਰੀ ਜਿੱਤ ਗਈ ਸੰਵਿਧਾਨ ਮੁਤਾਬਿਕ ਜਿੱਤ ਉਹਦੀ ਹੋਣੀ ਜਿਹ ਦੇ ਹੱਕ ਵਿੱਚ ਇਲੈਕਟੋਰੇਟ ਦੀਆਂ ਵੋਟਾਂ ਵੱਧ ਪਈਆਂ ਉੱਪਰਲੇ ਜੋੜ ਮੁਤਾਬਿਕ ਹਿਲਰੀ ਨੂੰ ਕੁੱਲ ਇਲੈਕਟੋਰੇਟ ਦੀਆਂ ਵੋਟਾਂ ਪਈਆਂ 47  ਤੇ ਟਰੰਪ ਨੂੰ 53  ਤੇ ਟਰੰਪ ਜਿੱਤ ਗਿਆ |

ਇਲੈਕਟੋਰੇਟ ਕਾਲਜ ਤੇ ਇਥੇ ਨੁਕਤਾਚੀਨੀ ਹੁੰਦੀ ਰਹਿੰਦੀ ਆ ਪਰ ਫੈਡਰਲ ਸਿਸਟਮ ਮੁਤਾਬਿਕ ਹਰ ਛੋਟੀ ਸਟੇਟ ਨੂੰ ਵੀ ਪੂਰੀ ਅਹਿਮੀਅਤ ਦੇਣ ਕਰਕੇ ਇਹਨੂੰ ਬਰਕਰਾਰ ਰਖਿਆ ਹੋਇਆ ਇੱਕ ਗੱਲੋਂ ਠੀਕ ਵੀ ਆ ਕਿ ਜੇ ਇੱਕ ਉਮੀਦਵਾਰ ਕੁਸ਼ ਵੱਡੀਆਂ  ਸੱਤ ਅੱਠ ਸਟੇਟਾਂ ਵਿਚੋਂ ਵੱਡੇ  ਫਰਕ ਨਾਲ ਜਿੱਤ ਹਾਸਲ ਕਰ ਲਵੇ ਤੇ ਬਾਕੀ 40 - 42 ਸਟੇਟਾਂ ਤੋਂ ਹਾਰ ਕੇ ਵੀ ਸਾਰੀ ਅਮਰੀਕਾ ਦਾ ਪ੍ਰੈਜ਼ੀਡੈਂਟ ਬਣ ਸਕਦਾ ਬਿਲਕੁਲ ਉਸੇ ਤਰਾਂ ਜਿਵੇਂ ਪਹਿਲਾਂ ਪਹਿਲਾਂ ਨਹਿਰੂ ਟੱਬਰ ਯੂ . ਪੀ. ਤੇ ਬਿਹਾਰ ਵਿਚੋਂ ਵੱਡੇ ਫਰਕ ਨਾਲ ਜਿੱਤ ਕੇ ਸਾਰੇ ਮੁਲਕ ਤੇ ਰਾਜ ਕਰਦੇ ਰਹੇ |

ਇਸ ਵਿਸਥਾਰ ਵਿੱਚ ਬਹੁਤ ਕਮੀਆਂ ਹੋਣੀਆਂ ਪਰ ਮਨਸ਼ਾ ਆ ਇਲੈਕਟੋਰੇਟ ਵੋਟ ਤੇ ਪਾਪੂਲਰ ਵੋਟ ਦੇ ਫਰਕ ਨੂੰ ਸੁਖਾਲਾ ਕਰਕੇ ਸਮਝਣ ਦੀ |

ਦਸਤਾਰ ਦੀ ਮਹਾਨਤਾ ....


ਬਾਹਰਲੇ ਮੁਲਕਾਂ ਵਿੱਚ ਜਦੋਂ ਵੀ ਕੋਈ ਦਸਤਾਰਧਾਰੀ ਪਬਲਿਕ ਵਿੱਚ ਕਿਸੇ ਦੀ ਥੋੜੀ ਜਿਹੀ ਵੀ ਮਦਦ ਕਰ ਦਿੰਦਾ ਤਾਂ ਇਹਦਾ ਹਾਂ ਪੱਖੀ ਅਸਰ ਸਿੱਖੀ ਕਿਰਦਾਰ ਤੇ ਬਹੁਤ ਪੈਂਦਾ | ਜਿਸ ਪਾਸੇ ਮੈਂ ਕੰਮ ਤੇ ਜਾਂਦਾ ਉਧਰ ਕਈ ਛੋਟੇ ਤੇ ਦਰਮਿਆਨੇ ਕਾਰੋਬਾਰੀ ਹਨ ਤੇ ਤਕਰੀਬਨ ਥੋੜਾ ਬਹੁਤ ਸਾਰੇ ਜਾਣਦੇ ਹੀ ਹਨ ਜਿਹਨਾਂ ਵਿੱਚ ਕਈ ਗੋਰੇ ਵੀ ਹਨ ਕਿਓਂਕਿ ਮੈਂ ਰੋਜ਼ ਜਾਣਾ ਹੁੰਦਾ ਹੈਲੋ ਹਾਇ ਹੁੰਦੀ ਰਹਿੰਦੀ ਤੇ ਹੁਣ ਬਹੁਤਿਆਂ ਨੂੰ ਪਤਾ ਵੀ ਲੱਗ ਗਿਆ ਕਿ ਦਸਤਾਰ ਬੰਨ੍ਹਣ ਵਾਲੇ ਕੌਣ ਹਨ ਕਦੇ ਕਦੇ ਚਲੰਤ ਮਸਲਿਆਂ ਤੇ ਦੋ ਚਾਰ ਮਿੰਟ ਗੱਲ ਵੀ ਕਰ ਲੈਂਦੇ ਹਨ, ਇਹਨਾਂ ਵਿੱਚ ਇੱਕ ਗੋਰੀ ਦਾ ਵੀ ਆਪਣਾ ਛੋਟਾ ਕਾਰੋਬਾਰ ਹੈ , ਇਹਨੇ ਮਹੀਨੇ ਚ ਇੱਕ ਅੱਧ ਵਾਰ ਰੋਕ ਕੇ ਜ਼ਰੂਰ ਗੱਲਾਂ ਕਰਨੀਆਂ ਹੁੰਦੀਆਂ ਖਾਸ ਕਰਕੇ ਅੱਜਕੱਲ ਜਦੋਂ ਇਹਨੇ ਟਰੰਪ ਨੂੰ ਕੋਸਣਾ ਹੁੰਦਾ ਤਾਂ, ਖਿਆਲਾਂ ਦੀ ਬੜੀ ਧਾਰਮਿਕ ਜਿਹੀ ਵੀ ਲਗਦੀ ਹੁੰਦੀ ਮੈਨੂੰ ਕਦੇ ਕਦ ਸਿੱਖ ਸਿਧਾਂਤਾਂ ਬਾਰੇ ਵੀ ਪੁੱਛਦੀ ਹੁੰਦੀ ,ਦੋ ਕੁ ਸਾਲ ਪਹਿਲਾਂ ਮੈਂ ਉਹਨੂੰ ਦਰਬਾਰ ਸਾਹਿਬ ਦਾ ਛੋਟਾ ਜਿਹਾ ਮਾਡਲ ਲਿਆ ਕੇ ਦਿੱਤਾ ਤੇ ਮੁਨਸਰ ਜਿਹਾ ਇੱਤਿਹਾਸ ਵੀ ਦੱਸਿਆ ਹੋਇਆ | ਅੱਜ ਮੈਂ ਜਦੋਂ ਉਹਦੇ ਦਫਤਰ ਮੇਲ ਦੇਣ ਗਿਆ ਤਾਂ ਅੰਦਰੋਂ ਬਾਹਰ ਆਕੇ ਕਹਿੰਦੀ ਰੁਕੀਂ ਮਾੜਾ ਜਿਹਾ, ਮੈਨੂੰ ਲੱਗਾ ਅੱਜ ਫਿਰ ਜਾ ਤਾਂ ਟਰੰਪ ਦੀ ਖੈਰ ਨੀ ਜਾ ਫਿਰ ਬਿਜ਼ਨੈਸ ਬਾਰੇ ਕੋਈ ਗੱਲ ਕਰਨੀ ਹੋਣੀ ਪਰ ਬੜੀ ਖੁਸ਼ ਹੋਕੇ ਕਹਿੰਦੀ ਕੱਲ ਮੈਂ ਪੋਸਟ ਆਫਿਸ ਕੁਸ਼ ਪਾਰਸਲ ਭੇਜਣ ਗਈ ਸੀ ਤਾਂ ਸੋਸ਼ਲ distancing ਕਰਕੇ ਲਾਈਨ ਬੜੀ ਲੰਮੀ ਸੀ ਤੇ ਗਰਮੀ ਵੀ ਬਹੁਤ ਸੀ ਉਤੋਂ ਪਾਰਸਲ ਭਾਰੇ ਸੀ ਇੰਨੀਂ ਦੇਰ ਨੂੰ ਮੈਂ ਦੇਖਿਆ ਕਿ ਲਾਈਨ ਵਿੱਚ ਦਸਤਾਰ ਵਾਲਾ ਸਿੱਖ ਖੜਾ ਸੀ ਉਹਨੇ ਮੈਨੂੰ ਆਕੇ ਕਿਹਾ ਕਿ ਤੇਰੇ ਕੁਸ਼ ਪਾਰਸਲ ਮੈਂ ਚੁੱਕ ਲੈਨਾ | ਉਹ ਕਹਿੰਦੀ ਮੈਨੂੰ ਹੈਰਾਨੀ ਹੋਈ ਕਿ ਐਨੀ ਲਾਈਨ ਵਿਚੋਂ ਉਹ ਹੀ ਕਿਓਂ ਮੇਰੀ ਮੱਦਦ ਲਈ ਆਇਆ, ਕਹਿੰਦੀ ਮੈਂ ਉਹਨੂੰ ਕਿਹਾ ਤੁਸੀਂ ਸਾਰੇ ਸਿੱਖ ਹੀ ਬਹੁਤ ਚੰਗੇ ਹੁੰਦੇ ਹੋ ਇਹ ਮੈਨੂੰ ਪਤਾ ਹੈ ਉਹਦੀ ਗੱਲ ਸੁਣ ਕੇ ਮੈਂ ਕਿਹਾ ਮੈਂ ਚਲਦਾ | ਉਹ ਫਿਰ ਕਹਿੰਦੀ ਤੂੰ ਚੁੱਪ ਕਿਓਂ ਏਂ ਘਰ ਸਭ ਪਰਿਵਾਰ ਠੀਕ ਹੈ, ਫਿਰ ਮੈਂ ਉਹਨੂੰ ਕਿਹਾ ਕਿ ਐਨਾ ਜੂਨ ਦੇ ਦਿਨਾਂ ਵਿੱਚ ਸਾਰੇ ਸਿਖਾਂ ਅੰਦਰ ਇੱਕ ਸਨਾਟਾ ਹੁੰਦਾ ਪਤਾ ਨਹੀਂ ਉਹ ਕਦੋਂ ਟੁੱਟਣਾ ਤੇ ਉਸ ਦਿਨ ਕੀ ਹੋਣਾ ? ਸੀਰੀਅਸ ਹੋਕੇ ਕਹਿੰਦੀ ਕੀ ਗੱਲ ਆ ਮੈਂ ਚੁਰਾਸੀ ਬਾਰੇ ਗੱਲ ਕੀਤੀ ਤੇ ਦੱਸਿਆ ਜਿਹੜਾ ਤੈਨੂੰ ਦਰਬਾਰ ਸਾਹਿਬ ਦਾ ਮਾਡਲ ਦਿੱਤਾ ਹੋਇਆ ਇਹਨਾਂ ਦਿਨਾਂ ਵਿੱਚ ਭਾਰਤੀ ਸਟੇਟ ਨੇ ਫੌਜ ਦਾ ਹਮਲਾ ਕਰਕੇ ਢਾਹ ਦਿੱਤਾ ਸੀ ਤੇ ਹਜ਼ਾਰਾਂ ਸਿੱਖ ,ਬੀਬੀਆਂ ਬੱਚੇ ਸ਼ਹੀਦ ਕਰ ਦਿੱਤੇ ਸੀ ਤੇ ਸਭ ਤੋਂ ਛੋਟੀ ਉਮਰ ਦਾ ਸ਼ਹੀਦ ਪੰਦਰਾਂ ਦਿਨਾਂ ਦਾ ਸੀ ਅਜੇ , ਉਹਨੂੰ ਗੋਲੀ ਚੀਰ ਕੇ ਅੱਗੇ ਉਹਦੀ ਮਾਂ ਨੂੰ ਲੱਗੀ ਸੀ, ਉਹ ਹਾਉਕਾ ਲੈਕੇ ਕਹਿੰਦੀ ਕਿਓਂ ? ਮੈਂ ਕਿਹਾ ਕਿ ਜੋ ਤੈਨੂੰ ਸਿਖਾਂ ਵਿੱਚ ਚੰਗਿਆਈ ਦਿਸਦੀ ਉਸਤੋਂ ਭਾਰਤੀ ਸਟੇਟ ਨੂੰ ਨਫਰਤ ਹੈ ਜੋ ਪਿਛਲੀਆਂ ਪੰਜ ਸਦੀਆਂ ਤੋਂ ਕਰ ਰਿਹਾ !

ਇੱਕ ਇਤਿਹਾਸਿਕ ਤੱਥ


-ਮਝੈਲ ਸਿੰਘ ਸਰਾਂ
ਇੱਕ ਇਤਿਹਾਸਿਕ ਤੱਥ ਨੂੰ ਅੱਜ ਦੇ ਹਾਲਾਤਾਂ ਨਾਲ ਜੋੜ ਕੇ ਬਿਆਨ ਕਰਨ ਲਗਿਆਂ ਸਹਿਮਤੀ ਅਸਹਿਮਤੀ ਆਪੋ ਆਪਣੀ ਭਰਾਵੋ ਪੰਜਾਬ ਨੇ ਬਾਬਾ ਬੰਦਾ ਸਿੰਘ ਜੀ ਤੋਂ ਬਾਅਦ ਬੜਾ ਔਖਾ ਵਕਤ ਦੇਖਿਆ  ਇੱਕਲਾ ਦੇਖਿਆ ਹੀ ਨੀਂ ਪਿੰਡੇ ਤੇ ਹੰਢਾਇਆ ਵੀ ਦਿੱਲੀ ਤੇ ਕਾਬਜ਼ ਹਾਕਮ ਤੇ ਪੂਰਬੀਏ ਸਦਾ ਹੀ ਪੰਜਾਬ ਨਾਲ ਖ਼ਾਰ ਖਾਂਦੇ ਰਹੇ ਪੰਜਾਬ ਦੇ ਸੂਬੇਦਾਰ ਸਦਾ ਹੀ ਬੇਵਫ਼ਾਈ ਕਰਦੇ ਰਹੇ ਇਥੋਂ ਦੇ ਬਸ਼ਿੰਦਿਆਂ ਨਾਲ ਕਾਰਨ ਆਪਾਂ ਸਾਰੇ ਜਾਣਦੇ ਹੀ ਹਾਂ ਕਿ ਸਿੱਖ ਗੁਰੂ ਸਾਹਿਬਾਨ ਦੀ ਲੋਕਾਂ ਜਗਾਈ ਚਿਣਗ ਤੋਂ ਇਹਨਾਂ ਨੂੰ ਖੌਫ ਆਉਂਦਾ ਰਿਹਾ ਅੱਜ ਵੀ ਆਉਂਦਾ ਇਹਦੇ ਕੋਈ ਛੱਕ ਨਹੀਂ  ਬੜੀਆਂ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਪੰਜਾਬ ਵਿਚ ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਦੀ ਸਰਪ੍ਰਸਤੀ ਹੇਠ ਪੂਰਨ ਤੌਰ ਤੇ ਦਿੱਲੀ ਤੋਂ ਆਜ਼ਾਦ ਬਣਾਇਆ ਤੇ ਵੱਡੀ ਗੱਲ ਇਹਦੇ ਵਿਚ ਸਾਰਾ ਕੰਟਰੋਲ ਪੰਜਾਬੀਆਂ ਦੇ ਹੱਥ ਵਿਚ ਸੀ ਭਾਵੇਂ ਉਹ ਸਿੱਖ ਸਨਮੁਸਲਮਾਨ ਸਨ ਜਾਂ ਹਿੰਦੂ ਸਨ ਦੇਖਦੇ ਦੇਖਦੇ ਖਾਲਸਾ ਰਾਜ ਅਫਗਾਨਿਸਤਾਨ ਤੇ ਚੀਨ ਦੀਆਂ ਸਰਹੱਦਾਂ ਨੂੰ ਜਾ ਲਗਾ  ਦਿੱਲੀ ਤੇ ਕਾਬਜ਼ ਫਰੰਗੀ ਨੂੰ ਖੌਫ ਹੋਇਆ ਆਪਣੇ ਸਾਮਰਾਜ ਦਾ ਇਸ ਵਿਲੱਖਣਨਿਵੇਕਲੇ ਤੇ ਧਰਮ ਨਿਰਪੱਖ ਰਾਜ ਤੋਂ ਫਿਰ ਇੱਕ ਚਾਲ ਤਹਿਤ ਪੂਰਬ ਦੇ ਹਿੰਦੂ ਤੇਜ ਸਿੰਘ ਤੇ ਲਾਲ ਸਿੰਘ ਵਰਗੇ ਸਿੱਖੀ ਭੇਸ ਰਣਜੀਤ ਸਿੰਘ ਦੀ ਫੌਜ ਵਿਚ ਭਿਜਵਾਏ ਤੇ ਕਮਾਂਡਰ ਬਣ ਗਏ ਉਧਰ ਤਿੰਨੋਂ ਜੰਮੂ ਦੇ ਡੋਗਰੇ ਭਰਾਵਾਂ ਨੇ ਦਰਬਾਰ ਸਾਂਭ ਲਿਆ ਤੇ ਹੌਲੀ ਹੌਲੀ ਕਰਕੇ ਪੰਜਾਬੀਆਂ ਦੀ ਫੌਜ ਤੇ ਸਿਵਿਲ ਵਿਚੋਂ ਸਰਦਾਰੀ ਮਨਫ਼ੀ ਕਰ ਦਿੱਤੀ ਫਿਰ ਕੀ ਹੋਇਆ ? ਆਪਣੇ ਸਭ ਦੇ ਸਾਹਮਣੇ ਹੈ  ਇਹਨਾਂ ਪੂਰਬੀਏ ਤੇ ਡੋਗਰਿਆਂ ਨੇ ਸਿੱਖ ਰਾਜ ਦਾ ਭੋਗ ਪੁਆ ਦਿੱਤਾ ਤਕਰੀਬਨ ਸਾਰੇ ਸਿੱਖ ਸਰਦਾਰ ਸਿਖਾਂ ਨੇ ਆਪ ਹੀ ਕਤਲ ਕਰ ਦਿੱਤੇ ਬੇਸਮਝੀ ਸੀ ਜਾਂ ਕਿ ਚਾਬੀ ਹੀ ਐਹੋ ਜਿਹੀ ਦਿੱਤੀ ਸੀ ਕਿ ਬਣਾ ਦਿੱਤੇ ਦੁਸ਼ਮਣ ਇੱਕ ਦੂਜੇ ਦੇ ਤੇ ਗੁਆ ਕੇ ਬਹਿ ਗਏ ਕੁਰਬਾਨੀਆਂ ਨਾਲ ਬਣਾਏ ਖਾਲਸਾ ਰਾਜ ਨੂੰ 1947 ਤੋਂ ਬਾਅਦ ਪੰਜਾਬ ਨਾਲ ਤੇ ਸਿੱਖ ਕੌਮ ਨਾਲ ਨਿੱਠ ਕੇ ਦਿੱਲੀ ਵੈਰ ਕਮਾ ਰਹੀ ਇਸ ਦਵੈਤ ਦੇ ਖਿਲਾਫ ਸਿਖਾਂ ਨੇ ਆਜ਼ਾਦੀ ਵਾਲੇ ਦਿਨ ਤੋਂ ਹੀ ਦਿੱਲੀ ਨਾਲ ਆਢਾ ਲਾਇਆ ਹੋਇਆ  ਕਾਂਗਰਸ ਪਾਰਟੀ ਨੇ ਤੇ ਹੁਣ ਇਸ ਭਗਵੀਂ ਪਾਰਟੀ ਬੀ ਜੇ ਪੀ ਨੇ ਸਿਖਾਂ ਵਿਚ ਹੀ ਇੱਕ ਵਰਗ ਐਹੋ ਜਿਹਾ ਤਿਆਰ ਕੀਤਾ ਹੋਇਆ ਜਿਹੜਾ ਤੇਜ ਸਿੰਘ ਲਾਲ ਸਿੰਘ ਤੇ ਡੋਗਰੇ ਭਰਾਵਾਂ ਵਾਲਾ ਰੋਲ ਬੜਾ ਬਾਖੂਬੀ ਨਿਭਾ ਕੇ ਗੁਝੀ ਦਾਤੀ ਫੇਰ ਰਹੇ ਹਨ  ਪੰਜਾਬ ਦੇ ਲੋਕ ਅੱਕੇ ਪਏ ਇਹਨਾਂ ਬੁੱਕਲ ਦੇ ਚੋਰਾਂ ਤੋਂ  ਨਿਜਾਤ ਚਾਹੁੰਦੇ ਪਾਉਣੀ ਇਹਨਾਂ ਬੇਗੈਰਤਾਂ ਤੋਂ  ਹਰ ਕਿਸੇ ਨੂੰ ਉਂਗਲੀ ਫੜਾਉਣ ਨੂੰ ਤਿਆਰ ਬੈਠੇ ਭਾਵੇਂ ਕੋਈ ਪੂਰਬ ਜਾਂ ਦਿੱਲੀ ਤੋਂ ਹੀ ਜਾਵੇ ਪਰ ਪੱਲੇ ਨਿਰਾਸ਼ਾ ਪੈਂਦੀ ਜਦੋਂ ਉਂਗਲੀ ਫੜਨ ਵਾਲੇ ਕਿਸੇ ਤਣ ਪੱਤਣ ਲਾਉਣ ਦੀ ਬਜਾਏ ਦਰਿਆ ਦੇ ਗਭੇ ਲਿਜਾ ਕੇ ਛੱਡ ਦਿੰਦੇ ਹਨ ਗੱਲ ਲੰਬੀ ਨਾ ਕਰਾਂ ਆਹ ਦੋ ਤਿੰਨ ਕੁ ਸਾਲ ਪਹਿਲਾਂ ਦਿੱਲੀ ਬਣੀ ਆਮ ਆਦਮੀ ਪਾਰਟੀ ਤੋਂ ਪੰਜਾਬੀ ਬੜੇ ਹੁਲਾਰੇ ਗਏ ਤੇ ਬਿਨਾਂ ਕਿਸੇ ਭਰੋਸੇ ਦਿੱਤੇ ਕਿ ਪੰਜਾਬ ਦਾ ਕਿਵੇਂ ਪੁਨਰ ਨਿਰਮਾਣ ਕਰਨਾ ਪੰਜਾਬੀਆਂ ਨਾਲ ਹੁੰਦੀ ਬੇਇਨਸਾਫ਼ੀ ਨੂੰ ਕਿਵੇਂ ਇਨਸਾਫ ਦੇਣਾ ,ਸਿੱਖ ਨਾਲ ਹੁੰਦੀਆਂ ਵਧੀਕੀਆਂ ਕਿਵੇਂ ਰੋਕਣੀਆਂ  ਚਾਰ ਸੰਸਦ ਜਿਤਾ ਦਿੱਤਾ ਉਸੇ ਦਿਨ ਤੋਂ ਦਿੱਲੀ ਵਾਲੀ ਇਸ ਪਾਰਟੀ ਦੀ ਅੱਖ ਪੰਜਾਬ ਤੇ ਟਿੱਕ ਗਈ ਕਿ ਇਹ ਤਾਂ ਗੋਹਟੇ ਨਾਲ ਸੈਹਾ ਮਾਰਨ ਵਾਲੀ ਗੱਲ  ਇਹ ਤਾਂ ਪੈਸੇ ਵੀ ਕੋਲੋਂ ਦਿੰਦੇ ਤੇ ਰਾਜਗੱਦੀ ਤੇ ਵੀ ਬਿਠਾਉਣ ਨੂੰ ਤਿਆਰ ਬੈਠੇ ਹੋਰ ਕਿ ਚਾਹੀਦਾ ਸੀ ਇਸਨੂੰ ਆਹ ਜਿਹੜੇ ਦੋ ਬੰਦੇ ਲੀਡਰ ਸੰਜੇ ਸਿੰਘ ਤੇ ਦੁਰ੍ਗੇਸ਼ ਪਾਠਕ ਪੰਜਾਬ ਦੇ ਲੀਡਰਾਂ ਨੂੰ ਆਪਸ ਵਿਚ ਲੜਾਉਣ ਲੱਗੇ ਇਹਨਾਂ ਦਾ ਰੋਲ ਤੇਜ ਸਿੰਹ ਤੇ ਲਾਲ ਸਿੰਹ ਵਰਗਾ ਹੀ ਹੈ ਪੰਜਾਬੀਆਂ ਦੀ ਨਬਜ਼ ਟੋਹਣੀ ਤਾਂ ਇੱਕ ਗੱਲ ਜ਼ਿਹਨ ਸਦਾ ਰੱਖਣੀ ਪੈਣੀ ਕਿ "ਪੰਜਾਬ ਵਸਦਾ ਗੁਰਾਂ ਦੇ ਨਾਮ ਤੇ" ਇੱਕਲੀਆਂ ਆਮ ਆਦਮੀ ਦੀਆਂ ਟੋਪੀਆਂ ਪਾਕੇ ਤੇ ਪੀਲੀਆਂ ਪੱਗਾਂ ਬੰਨ ਕੇ ਸ: ਭਗਤ ਸਿੰਘ ਦੇ ਖਟਕੜ ਕਲਾਂ ਬੁੱਤ ਥੱਲੇ ਖੜ ਕੇ ਜ਼ਿੰਦਾਬਾਦ ਨਾਲ ਪੰਜਾਬ ਸੁਖੀ ਨਹੀਂ ਵਸ ਸਕਦਾ ਸੰਭਲ ਸਕਦੇ ਹੋ ਤਾਂ ਸੰਭਲ ਜਾਓ ...