ਕਿਰਸਾਣੀ ਕਿਰਸਾਣੁ ਕਰੇ ....

-ਮਝੈਲ ਸਿੰਘ ਸਰਾਂ

"ਕਿਰਸਾਣੀ ਕਿਰਸਾਣੁ ਕਰੇ ਲੋਚੈ ਜੀਉ ਲਾਇ ਹਲੁ ਜੋਤੈ ਉਦਮੁ ਕਰੇ ਮੇਰਾ ਪੁਤੁ ਧੀ ਖਾਇ"

ਇਸ ਸ਼ਬਦ ਦਾ ਕੀਰਤਨ ਜਦੋਂ ਮੈਂ ਸੁਣਿਆ ਜਿਹੜਾ ਮੈਨੂੰ ਇੱਕ ਭੁਲੇਖਾ ਜਿਹਾ ਚੱਲ ਰਿਹਾ ਸੀ ਕਈਆਂ ਦਿਨਾਂ ਤੋਂ ਉਹ ਇੱਕ ਦਮ ਦੂਰ ਹੋ ਗਿਆ, ਭੁਲੇਖਾ ਉਦੋਂ ਸ਼ੁਰੂ ਹੋਇਆ ਜਦੋਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਨਵੰਬਰ ਦੇ ਅਖੀਰ ਵਿੱਚ ਇਹ ਫੈਸਲਾ ਕੀਤਾ ਕਿ ਦਿੱਲੀ ਵੱਲ ਨੂੰ ਟਰੈਕਟਰ ਟਰਾਲੀਆਂ ਤੇ ਮਾਰਚ ਕਰਕੇ ਦਿੱਲੀ ਨੂੰ ਘੇਰਕੇ ਮੋਦੀ ਸਰਕਾਰ ਨੂੰ ਝੁਕਾਉਣਾ ਉਦੋਂ ਸੋਚਿਆ ਇਹ ਕਿਥੋਂ ਸੰਭਵ ਹੋਣਾ ਭਲਾ, ਟਰਾਲੀਆਂ ਤੇ ਐਨਾ ਲੰਮਾ ਪੈਂਡਾ?


ਬਚਕਾਨੀ ਜਿਹੀ ਲੱਗੀ ਸੀ ਇਹ ਗੱਲ ਮੈਨੂੰ, ਇਹ ਵੀ ਪਤਾ ਸੀ ਕਿ ਸਰਕਾਰੀ ਅੜਿੱਕੇ ਬੇਹਿਸਾਬ ਪੈਣੇ ਆਂ, ਪਾਏ ਵੀ ਸਟੇਟ ਨੇ ਜ਼ਿਦ ਕੇ ਰੂਹ ਨਾਲ ਕਿ ਜਾਣ ਈ ਨੀ ਦੇਣੇ ਦੋ ਪੈਰ ਵੀ ਅੱਗੇ ਨੂੰ, ਖੱਟਰ ਵਰਗੇ ਬੇਦੀਨੇ ਬੰਦੇ ਰਖਿਓ ਸੀ ਮੋਦੀ ਨੇ ਇਸ ਕੰਮ ਲਈ ਪਰ ਸਭ ਅੜਿਕੇ ਜਿਵੇਂ ਨੇਰ੍ਹੀ ਮੋਹਰੇ ਕੱਖ ਕਾਨੇ ਉਡਦੇ ਹੁੰਦੇ ਆ ਪੰਜਾਬੀਆਂ ਨੇ ਚੱਕ ਕੇ ਔਹ ਮਾਰੇ ਦੇਖਦੇ ਰਹਿ ਗਏ ਖੱਟਰ ਵਰਗੇ ਕਿ ਆਹ ਕੀ ਹੋਗਿਆ ਦਿੱਲੀ ਆਲੇ ਹਾਕਮਾਂ ਨੂੰ ਇਹ ਵੀ ਭਰਮ ਸੀ ਕਿ ਇਹ ਐਥੇ ਨੀ ਪੁੱਜ ਸਕਦੇ ਕਿਸੇ ਵੀ ਸੂਰਤ ਵਿੱਚ, ਪਰ ਅਗਲੇ ਦਿਨ ਹੀ ਪੰਜਾਬੀ ਕਿਸਾਨਾਂ ਨੇ ਦਿੱਲੀ ਦਾ ਜਾ ਕੁੰਡਾ ਖੜਕਾਇਆ ਸਭ ਹੱਕੇ ਬੱਕੇ ਰਹਿ ਗਏ |

ਬਸ ਫਿਰ ਤਾਂ ਦੇਖਦੇ ਦੇਖਦੇ ਸਭ ਪਾਸਿਓਂ ਕਿਸਾਨਾਂ ਦੇ ਨਾਲ ਨਾਲ ਹਰ ਵਰਗ ਦੇ ਲੋਕਾਂ ਨੇ ਦਿੱਲੀ ਨੂੰ ਵਹੀਰਾਂ ਹੀ ਘੱਤ ਦਿੱਤੀਆਂ, ਲੰਗਰ ਚੱਲ ਪਏ, ਡਾਕਟਰਾਂ ਨੇ ਆਰਜ਼ੀ ਕਲੀਨਿਕ ਖੋਲ ਦਿੱਤੇ, ਕਿਤਾਬਾਂ ਦੇ ਸਟਾਲ ਲੱਗ ਗਏ, ਕਿਸਾਨ ਮਾਲ ਖੁੱਲ ਗਏ, ਕਲਾਕਾਰਾਂ ਨੇ ਕਿਸਾਨੀ ਰੰਗ ਵਿੱਚ ਭਿੱਜ ਕੇ ਗੀਤ ਲਿਖੇ ਤੇ ਗਾਏ, ਬੁਧੀਜੀਵੀ, ਰਿਟਾਇਰ ਅਫਸਰ ਤੇ ਫੌਜੀ, ਵਕੀਲ, ਜੱਜ, ਖਿਡਾਰੀ, ਵਿਦਿਆਰਥੀ, ਧਾਰਮਿਕ ਹਸਤੀਆਂ ਤੇ ਵਿਦੇਸ਼ਾਂ ਤੋਂ ਜਾਕੇ ਲੋਕਾਂ ਨੇ ਪੁੱਜਕੇ ਕਿਸਾਨਾਂ ਨਾਲ ਖੜਨ ਦਾ ਭਰੋਸਾ ਦਿੱਤਾ, ਸਰਕਾਰੀ ਮੀਡੀਏ ਨੂੰ ਪੰਜਾਬੀ ਮੀਡੀਏ ਨੇ ਹਾਸ਼ੀਏ ਤੇ ਧੱਕ ਕੇ ਜ਼ੀਰੋ ਲਾਈਨ ਤੋਂ ਜਾਕੇ ਅਸਲੀਅਤ ਜਗਤ ਨੂੰ ਦਿਖਾਈ ਤਾਂ ਦੁਨੀਆਂ ਦੇ ਵੱਡੇ ਨੇਤਾਵਾਂ ਨੇ ਕਿਸਾਨ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ, ਦੁਨੀਆਂ ਦੇ ਵੱਡੇ ਸ਼ਹਿਰਾਂ ਵਿੱਚ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਕਾਰ ਰੈਲੀਆਂ ਕੱਢੀਆਂ ਹੁਣ ਇਹ ਕਿਸਾਨ ਮੋਰਚਾ ਕੁੱਲ ਜਹਾਨ ਦੇ ਕਿਸਾਨਾਂ ਦਾ ਬਣਦਾ ਜਾ ਰਿਹਾ, ਮਰਦਾਂ ਦੇ ਨਾਲ ਨਾਲ ਬੀਬੀਆਂ ਖਾਸ ਕਰਕੇ ਮੁਟਿਆਰਾਂ ਨੇ ਮੋਦੀ ਨੂੰ ਲੰਮੇ ਹੱਥੀਂ ਲਿਆ |

ਜਿਹੜੇ ਕੁਛ ਬੁਧੀਜੀਵੀ ਉਥੇ ਦੇਖ ਆਏ ਆ ਉਹ ਇੱਕੋ ਗੱਲ ਕਹਿੰਦੇ ਆ ਕਿ ਉਥੇ ਤਾਂ ਕੋਈ ਕੌਤਕ ਈ ਵਰਸ ਰਿਹਾ ਜਿਹੜਾ ਦੱਸਿਆ ਨੀ ਜਾ ਸਕਦਾ ਹਰ ਚੀਜ਼ ਵਿਉਂਤਬੱਧ,

  • ਆਪਸੀ ਸਾਂਝ ਪਿਆਰ ਸਤਿਕਾਰ ਸੇਵਾ ਭਾਵਨਾ ਸਹਿਣਸ਼ੀਲਤਾ ਇਖਲਾਕੀ ਸੁੱਚਮਤਾ ਦਾ ਸਿਖਰ ਆ ਦਿੱਲੀ ਕਿਸਾਨ ਮੋਰਚਾ !
  • ਊਚ ਨੀਚ ਜਾਤ ਪਾਤ ਛੋਟਾ ਵੱਡਾ ਅਮੀਰ ਗਰੀਬ ਜ਼ਿਮੀਦਾਰ ਮਜ਼ਦੂਰ ਧਾਰਮਿਕ ਵਖਰੇਵਾਂ ਮਨਫ਼ੀ ਆ ਇਸ ਮੋਰਚੇ ਵਿੱਚ!
  • ਕੌਣ ਚਲਾ ਰਿਹਾ ਇਹ ਲੱਖਾਂ ਦੇ ਇੱਕਠ ਵਾਲਾ ਮੋਰਚਾ ਕੋਈ ਮੋਰਚਾ ਡਿਕਟੇਟਰ ਨਹੀਂ ਥਾਪਿਆ ਹੋਇਆ ਜਿਹਦੀ ਜ਼ਿੰਮੇਵਾਰੀ ਲਾਈ ਹੋਵੇ ਫਿਰ ਕੋਈ ਤਾਕਤ ਤਾਂ ਹੈ ਈ ਜਿਹੜੀ ਇਹਨੂੰ ਐਨਾ ਸਫਲਤਾ ਪੂਰਨ ਚਲਾ ਰਹੀ ਹੈ !

ਮੈਨੂੰ ਜੁਆਬ ਲੱਭਾ ਗੁਰਬਾਣੀ ਦੇ ਇਸ ਸ਼ਬਦ ਵਿਚੋਂ "ਕਿਰਸਾਣੀ ਕਿਰਸਾਣੁ ਕਰੇ ਲੋਚੈ ਜੀਉ ਲਾਇ ਹਲੁ ਜੋਤੈ ਉਦਮੁ ਕਰੇ ਮੇਰਾ ਪੁਤੁ ਧੀ ਖਾਇ" ਗੁਰਬਾਣੀ ਖੁਦਾਈ ਬੋਲ ਹਨ ਇਹ ਰੱਬੀ ਅਹਲਾਮ ਹੈ ਸਾਰੇ ਜਗਤ ਲਈ ਇਹਦੇ ਵਿੱਚ ਉਨੀਂ ਇੱਕੀ ਦੀ ਵੀ ਗੁੰਜਾਇਸ਼ ਨਹੀਂ , ਇਹ ਰੱਬੀ ਹੁਕਮ ਆ ਸੰਸਾਰ ਦੇ ਕਿਸਾਨਾਂ ਲਈ ਕਿ ਤੂੰ ਖੁਸ਼ੀ ਨਾਲ ਜੀਅ ਲਾਕੇ ਉਦਮ ਕਰਕੇ ਹਲ ਵਾਹ ਤੇ ਕਿਸਾਨੀ ਕਰ ਤਾਂ ਕਿ ਮੇਰੇ ਸੰਸਾਰ ਦੇ ਸਾਰੇ ਪੁੱਤ ਧੀਆਂ ਰੱਜ ਕੇ ਖਾਣ | ਇਹ ਵਰਦਾਨ ਆ ਕਾਦਿਰ ਦਾ ਕਿਸਾਨ ਨੂੰ ਕਿ ਜਿੰਨਾ ਚਿਰ ਤੂੰ ਕਾਇਮ ਹੈਗਾ ਕੋਈ ਭੁੱਖਾ ਨਹੀਂ ਰਵੇਗਾ |


ਭਾਰਤ ਦੇ ਹਾਕਮ ਪਤਾ ਨਹੀਂ ਕਿਓਂ ਇਸ ਰੱਬੀ ਹੁਕਮ ਤੋਂ ਅਣਜਾਣ ਹਨ ਜਾਂ ਖੁਦਗਰਜ਼ੀ ਨੇ ਮਤ ਮਾਰ ਦਿੱਤੀ ਕਿ ਮੁਲਕ ਦੇ ਕਿਸਾਨ ਦੀ ਕਿਸਾਨੀ ਨੂੰ ਹੀ ਖਤਮ ਕਰਨ ਲਈ ਕਾਨੂੰਨ ਬਣਾ ਦਿੱਤੇ, ਕਿਸਾਨ ਪੈਦਾਵਾਰ ਇਸ ਕਰਕੇ ਨਹੀਂ ਕਰਦਾ ਕਿ
ਅਡਾਨੀਆਂ ਦੇ ਗੁਦਾਮ ਭਰੇ | ਹਾਕਮਾਂ ਦੇ ਇਹ ਖੇਤੀ ਬਿੱਲ ਰੱਬੀ ਹੁਕਮ ਅਦੂਲੀ ਆ ਤੇ ਸ੍ਰਿਸ਼ਟੀ ਦਾ ਸਿਰਜਣਹਾਰ ਇਹ ਕਦੇ ਬਰਦਾਸ਼ਿਤ ਨਹੀਂ ਕਰਦਾ ਇਸੇ ਕਰਕੇ ਉਹਦੀ ਅਦ੍ਰਿਸ਼ਟ ਸ਼ਕਤੀ ਅੱਜ ਕਿਸਾਨ ਮੋਰਚਾ ਸੰਭਾਲੀ ਬੈਠੀ ਆ ਤੇ ਹਰ ਇੱਕ ਇਨਸਾਨ ਜਿਹੜਾ ਇਸ ਮੋਰਚੇ ਚ ਜਾ ਰਿਹਾ ਉਹਦੇ ਅੰਦਰੋਂ ਕੋਈ ਆਵਾਜ਼ ਉੱਠਦੀ ਆ ਜਿਹੜੀ ਉਹਨੂੰ ਕਹਿੰਦੀ ਚੱਲ ਉਥੇ !

ਇਹ ਪਹਿਲੀ ਆਵਾਜ਼ ਉੱਠਣੀ ਵੀ ਸਹਿਬਨ ਉਸੇ ਜ਼ਮੀਨ ਤੋਂ ਸੀ ਜਿਥੇ ਇਸ ਰੱਬੀ ਅਹਲਾਮ ਨੂੰ ਗੁਰੂ ਸਾਹਿਬਾਂ ਨੇ ਧਰਤੀ ਤੇ ਲਿਆਂਦਾ ਤੇ, "ਉਹ ਪੰਜਾਬ ਈ ਆ ਤਾਂ ਹੀ ਤਾਂ ਇਹਦੇ ਯੋਧਿਆਂ ਮੋਹਰੇ ਸਭ ਸਰਕਾਰੀ ਅੜਿੱਕੇ ਰੇਤੇ ਦੀ ਕੰਧ ਵਾਂਗ ਢਹਿ ਪਏ ਤੇ ਅੱਜ ਸਾਰੇ ਮੁਲਕ ਦੇ ਲੋਕ ਪੰਜਾਬ ਆਲਿਆਂ ਨੂੰ ਵੱਡੇ ਭਰਾ ਕਹਿ ਕੇ ਵਡਿਆਉਂਦੇ ਆ" |


ਦਿੱਲੀ ਕਿਸਾਨ ਮੋਰਚੇ ਵਿੱਚ ਸਭ ਤੋਂ ਪਹਿਲਾਂ ਪੰਜਾਬੀ ਕਿਸਾਨ ਮਜ਼ਦੂਰ ਪੁੱਜੇ ਤੇ ਭਾਰਤੀ ਗੋਦੀ ਮੀਡੀਏ ਨੇ ਪ੍ਰਚਾਰਿਆ ਕਿ ਇਹ ਖਾਲਿਸਤਾਨੀ ਤੇ ਵਖਵਾਦੀ ਹਨ ਫਿਰ ਖਾਲਸਾ ਏਡ ਨੇ ਸ਼ਮੂਲੀਅਤ ਕਰਕੇ ਮੌਕੇ ਮੁਤਾਬਿਕ ਮੋਰਚੇ ਚ ਹਿੱਸਾ ਲੈਣ ਵਾਲੇ ਕਿਸਾਨਾਂ ਦੇ ਨਾਲ ਨਾਲ ਆਲੇ ਦੁਆਲੇ ਦੇ ਲੋਕਲ ਰਹਿਣ ਵਾਲਿਆਂ ਨੂੰ ਸਹੂਲਤਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਉਹਨਾਂ ਨੂੰ ਅਤਿਵਾਦੀ ਕਹਿਣਾ ਸ਼ੁਰੂ ਕਰ ਦਿੱਤਾ | ਪਿਛਲੇ ਇੱਕ ਮਹੀਨੇ ਤੋਂ ਦਿੱਲੀ ਦੇ ਆਲੇ ਦੁਆਲੇ ਰਹਿਣ ਆਲੇ ਗਰੀਬ ਲੋਕਾਂ ਨੂੰ ਕਿਸਾਨ ਮੋਰਚੇ ਦੇ ਲੰਗਰਾਂ ਚੋਂ ਰੱਜ ਕੇ ਖਾਣਾ ਮਿਲਣਾ ਸ਼ੁਰੂ ਹੋ ਗਿਆ, ਦਿੱਲੀ ਦੀਆਂ ਧੀਆਂ ਭੈਣਾਂ ਆਪਣੇ ਆਪ ਨੂੰ ਕਿਸਾਨਾਂ ਵਿੱਚ ਜਾਕੇ ਸੁਰਖਿਅਤ ਮਹਿਸੂਸ ਕਰਦੀਆਂ ਦਿੱਲੀ ਦਾ ਕਰਾਈਮ ਰੇਟ ਬਹੁਤ ਘੱਟ ਗਿਆ ਤੇ ਦੁਨੀਆਂ ਦਾ ਮੀਡੀਆ ਤੇ ਵੱਡੇ ਨੇਤਾ ਕਿਸਾਨ ਮੋਰਚੇ ਦੀ ਹਿਮਾਇਤ ਕਰਦੇ ਆ |

ਹੁਣ ਸਵਾਲ ਇਹ ਹੈ ਕਿ ਜੇ ਇਹ ਕਿਸਾਨ ਮੋਰਚੇ ਦਾ ਪ੍ਰਬੰਧ ਮੋਦੀ ਸਰਕਾਰ ਨਾਲੋਂ ਹਰ ਤਰੀਕੇ ਨਾਲ ਬਿਹਤਰ ਹੈ ਤਾਂ ਫਿਰ ਅਸੀਂ ਖਾਲਿਸਤਾਨੀ ਤੇ ਅਤਿਵਾਦੀ ਹੀ ਠੀਕ ਹਾਂ ਕਿਓਂਕਿ ਸਾਨੂੰ ਲੋਕਾਂ ਨੇ ਇਹੋ ਜਿਹਿਆਂ ਨੂੰ ਹੀ ਪ੍ਰਵਾਨ ਕਰ ਲਿਆ ! ਆਪਾਂ ਮੋਦੀ ਦੇ ਨਸਲਵਾਦੀ ਰਾਸ਼ਟਰਵਾਦ ਦੇ ਫਿੱਟ ਬੈਠਦੇ ਈ ਨਹੀਂ ਹੁਣ ਲੋਕਾਂ ਨੇ ਵੀ ਇਹਦੀ ਅਸਲੀਅਤ ਨੂੰ ਜਾਣ ਕੇ ਰੱਦ ਕਰ ਦਿੱਤਾ, ਮੋਦੀ ਦਾ ਇਖਲਾਕੀ ਫਰਜ਼ ਬਣਦਾ ਕਿ ਲੋਕਾਂ ਦੀ ਇੱਛਾ ਮੁਤਾਬਿਕ ਦਿੱਲੀ ਤਖਤ ਛੱਡ ਦੇਵੇ |

ਇਹ ਮੋਰਚਾ ਹਰ ਹਾਲਤ ਵਿੱਚ ਫਤਿਹ ਹੋਣਾ ਈ ਹੋਣਾ, ਹੋ ਸਕਦਾ ਕਿ ਹਾਕਮਾਂ ਦੇ ਬਿਸਤਰੇ ਵੀ ਗੋਲ ਹੋ ਜਾਣ ਕਿਓਂਕਿ ਇਹਦੇ ਤੇ ਰੱਬੀ ਬਖਸ਼ਿਸ਼ ਆ ਤੇ ਤੁਸੀਂ ਸਾਰੇ ਮੋਰਚਾ ਸੰਭਾਲੀ ਬੈਠੇ ਸਾਰੇ ਭੈਣ ਭਰਾ ਰੱਬੀ ਹੁਕਮ ਤੇ ਪਹਿਰਾ ਦੇ ਰਹੇ ਹੋ ਤੇ ਇੱਕ ਬਹੁਤ ਵੱਡਾ ਇਤਿਹਾਸ ਸਿਰਜ ਰਹੇ ਹੋ |

"ਜਿਹਨਾਂ ਵੀਰਾਂ ਭੈਣਾਂ ਨੇ ਆਪਣੀ ਕੁਰਬਾਨੀ ਦਿੱਤੀ ਉਹ ਵੀ ਇੱਕ ਇਤਿਹਾਸ ਦਾ ਵਰਕਾ ਬਣ ਗਏ ਆ" ਆਉਣ ਵਾਲੀਆਂ ਪੁਸ਼ਤਾਂ ਫਖਰ ਮਹਿਸੂਸ ਕਰਿਆ ਕਰਨਗੀਆਂ ਕਿ ਸਾਡੇ ਵਡੇਰਿਆਂ ਨੇ ਫਤਿਹ ਦੇ ਝੰਡੇ ਗੱਡੇ ਸੀ |


ਸਿੱਖ ਕੜਾ ਕਿਓਂ ਪਾਉਂਦੇ ਆ !

-ਮਝੈਲ ਸਿੰਘ ਸਰਾਂ

ਅੱਜ ਮੈਂ ਆਪਣੀ ਹੱਡ ਬੀਤੀ ਸਾਂਝੀ ਕਰਨ ਲੱਗਿਆਂ, ਅੱਜ ਮੈਂ ਕੰਮ ਤੇ ਥੋੜਾ ਚਿਰ ਇੱਕ ਹੋਰ ਪਾਸੇ ਗਿਆ ਹੋਇਆ ਸੀ ਕਿਓਂਕਿ ਮੇਰਾ ਕੰਮ ਤੁਰਨੇ ਫਿਰਨੇ ਆਲਾ ਹੁੰਦਾ ਜਦੋਂ ਮੈਂ ਇੱਕ ਘਰ ਵਿਚ ਮੇਲ ਰੱਖ ਕੇ ਵਾਪਿਸ ਮੁੜਿਆ ਤਾਂ ਘਰ ਦੀ ਗੋਰੀ ਬਜ਼ੁਰਗ ਮਾਲਕਣ ਬਾਹਰ ਨਿਕਲ ਕੇ ਮੈਨੂੰ ਕਹਿੰਦੀ ਮੈਰੀ ਕ੍ਰਿਸੱਮਿਸ ਮੈਂ ਵੀ ਅੱਗੋਂ ਕਹਿ ਦਿੱਤਾ ਮੈਰੀ ਕ੍ਰਿਸਮਿਸ ਫਿਰ ਮੈਨੂੰ ਕਹਿੰਦੀ ਤੂੰ ਸਿੱਖ ਈ ਆਂ ਮੈਂ ਕਿਹਾ ਆਹੋ ਫਿਰ ਕਹਿੰਦੀ ਤੁਸੀਂ ਕ੍ਰਿਸਮਿਸ ਮਨਾਉਂਦੇ ਹੁੰਨੇ ਆਂ ਮੈਂ ਬੜਾ ਕਸੂਤਾ ਜਿਹਾ ਫਸਿਆ ਮਹਿਸੂਸ ਕੀਤਾ ਕਿ ਜੇ ਮੈਂ ਕਹਿ ਦਿੱਤਾ ਨਹੀਂ ਤਾਂ ਸ਼ਾਇਦ ਬੁਰਾ ਮਨਾਊਗੀ .ਮੈਂ ਕਿਹਾ ਸਾਡੇ ਸਿੱਖ ਧਰਮ ਵਿੱਚ ਵੀ ਕ੍ਰਿਸਮਿਸ ਦੇ ਦਿਨਾਂ ਵਿੱਚ ਇੱਕ ਬਹੁਤ ਵੱਡਾ ਸ਼ਹੀਦੀ ਹਫਤਾ ਹੁੰਦਾ ਅਸੀਂ ਕ੍ਰਿਸਮਿਸ ਦੇ ਨਾਲ ਨਾਲ ਉਹ ਮਨਾਉਂਦੇ ਹੁੰਨੇ ਆਂ ਫਿਰ ਕਹਿੰਦੀ ਅੱਛਾ ਦੋ ਧਰਮਾਂ ਦਾ ਇੱਕੋ ਦਿਨ ਮਨਾਉਣਾ ਤਾਂ ਹੋਰ ਵੀ ਵੱਡੀ ਗੱਲ ਹੋ ਗਈ | ਮੈਨੂੰ ਕੰਮ ਦੀ ਕਾਹਲ ਸੀ ਜਦੋਂ ਤੁਰਨ ਲੱਗਾ ਮੈਨੂੰ ਕਹਿੰਦੀ ਤੁਸੀਂ ਸਿੱਖ ਬ੍ਰੇਸਲੈਟ ( ਕੜਾ ) ਪਾਉਂਦੇ ਹੋ ਤੂੰ ਵੀ ਪਾਇਆ ਹੋਇਆ ਇੱਕ ਦਮ ਤਾਂ ਮੈਨੂੰ ਬ੍ਰੇਸਲੈਟ ਸਮਝ ਈ ਨਾ ਲੱਗੀ : ਚਲੋ ਸਮਝ ਗਿਆ ਛੇਤੀ; ਮੈਖਿਆ ਪਾਇਆ ਆ . ਕਹਿੰਦੀ ਰੁਕੀਂ ਮੈਂ ਮਾਸਕ ਪਾ ਕੇ ਆਉ ਨੀ ਆਂ ਮੈਨੂੰ ਦਿਖਾਈਂ ,ਮੈਂ ਪੁੱਛਿਆ ਤੂੰ ਕਿਦਾਂ ਜਾਣਦੀ ਆਂ ਕਿ ਮੈਂ ਸਿੱਖ ਆਂ ਤੇ ਸਿੱਖ ਕੜਾ ਪਾਉਂਦੇ ਆ ਉਹ ਕਹਿੰਦੀ ਹੁਣ ਮੈਂ ਕਾਰ ਨਹੀਂ ਚਲਾਉਂਦੀ ਤੇ ਟੈਕਸੀ ਤੇ ਹੀ ਆਉਣ ਜਾਣ ਕਰਦੀ ਆਂ ਤੇ ਜ਼ਿਆਦਾਤਰ ਟੈਕਸੀ ਵਾਲੇ ਸਿੱਖ ਹੁੰਦੇ ਆਂ ਤੇ ਮੈਂ ਕਦੇ ਪਿਛਲੀ ਸੀਟ ਤੇ ਨੀ ਬਹਿੰਦੀ ਡਰਾਈਵਰ ਦੇ ਨਾਲ ਵਾਲੀ ਸੀਟ ਤੇ ਬਹਿ ਜਾਨੀ ਤੇ ਉਹਨਾਂ ਨੂੰ ਸਿਖਾਂ ਬਾਰੇ ਪੁੱਛਦੀਂ ਹੁੰਦੀ | ਮੈਂ ਪੁੱਛਿਆ ਫਿਰ ਤੇਰੇ ਸਿੱਖਾਂ ਬਾਰੇ ਕੀ ਵਿਚਾਰ ਆ .. ਜੁਆਬ ਚ ਕਹਿੰਦੀ ਬਹੁਤ ਹੀ ਮਿੱਠ ਬੋਲੜੇ ਤੇ ਮਦਦਗਾਰ ਹਨ ਬਹੁਤ ਹੀ ਨਿੱਘੇ ਸੁਭਾਅ ਦੇ ਮਾਲਕ ਹਨ ਫਿਰ ਕਹਿੰਦੀ ਸਿਰਫ ਇੱਕ ਸਿੱਖ ਨੇ ਮੇਰੇ ਨਾਲ ਕੌੜਾ ਬੋਲਿਆ ਸੀ ,,ਮੈਂ ਕਿਹਾ ਮੈਂ ਬਹੁਤ ਸ਼ਰਮਸਾਰ ਹਾਂ ਉਸ ਸਿੱਖ ਵਲੋਂ ਬੋਲੇ ਕੌੜੇ ਲਫ਼ਜ਼ਾਂ ਲਈ ਮੈਂ ਜਦੋਂ ਤਿੰਨ ਚਾਰ ਵਾਰ ਸੌਰੀ ਸੌਰੀ ਕਿਹਾ ਤਾਂ ਕਹਿੰਦੀ ਮੇਰਾ ਮਕਸਦ ਤੇਰਾ ਦਿਲ ਦੁਖਾਉਣਾ ਨਹੀਂ ਸੀ ਮੈਨੂੰ ਇਹ ਗੱਲ ਤੈਨੂੰ ਦੱਸਣੀ ਹੀ ਨਹੀਂ ਸੀ ਚਾਹੀਦੀ ਤੁਸੀਂ ਸਾਰੇ ਹੀ ਬਹੁਤ ਵਧੀਆ ਇਨਸਾਨ ਹੋ | ਫਿਰ ਕਹਿੰਦੀ ਆਪਣਾ ਕੜਾ ਦਿਖਾਲ ਮੈਂ ਬਾਂਹ ਅੱਗੇ ਕਰ ਦਿੱਤੀ ਤੇ ਹੱਥ ਚ ਫੜ ਕੇ ਕਹਿੰਦੀ ਕਿ ਇਹ ਲੋਹੇ ਦਾ ਆ ਮੈਂ ਕਿਹਾ ਸਾਡੇ ਧਰਮ ਵਿੱਚ ਲੋਹੇ ਦਾ ਪਾਉਣ ਦਾ ਹੀ ਨਿਯਮ ਹੈ ਫਿਰ ਕਹਿੰਦੀ ਮੈਂ ਅਕਸਰ ਸਿੱਖਾਂ ਨੂੰ ਪੁੱਛਦੀਂ ਹੁਨੀਂ ਕਿ ਇਹ ਤੁਸੀਂ ਕਿਓਂ ਪਾਉਂਦੇ ਓ ? ਮੈਂ ਕਿਹਾ ਫੇ ਕੀ ਦੱਸਦੇ ਹੁੰਦੇ ਉਹ .. ਉਹ ਕਹਿੰਦੀ ਬਸ ਇੰਨਾਂ ਕੁ ਈ ਦੱਸਦੇ ਆ ਸਾਡੇ ਧਰਮ ਵਿੱਚ ਜ਼ਰੂਰੀ ਆ ਪਾਉਣਾ , ਪੈਂਦੀ ਸੱਟੇ ਮੈਨੂੰ ਕਹਿੰਦੀ ਤੂੰ ਦੱਸ ਕਿਓਂ ਪਾਉਂਦੇ ਓ ? ਇੱਕ ਦਮ ਜਿਹੜਾ ਮੈਂ ਜੁਆਬ ਦਿੱਤਾ ਉਹ ਸੀ ' ਅਸੀਂ ਇਹ ਸੱਜੇ ਹੱਥ ਵਿੱਚ ਹੀ ਪਾਉਂਦੇ ਆਂ ਤੇ ਤਕਰੀਬਨ ਹਰ ਇਨਸਾਨ ਜਿਹੜਾ ਵੀ ਕੰਮ ਕਰਦਾ ਉਹ ਸੱਜੇ ਹੱਥ ਨਾਲ ਹੀ ਕਰਦਾ ਤੇ ਜਦੋਂ ਸਿੱਖ ਕੋਈ ਕੰਮ ਕਰਨ ਲਗਦਾ ਤਾਂ ਇਹ ਕੜਾ ਯਾਦ ਦੁਆਉਂਦਾ ਕਿ ਜਿਹੜਾ ਕੰਮ ਕਰਨ ਲੱਗਿਆਂ ਕੀ ਉਹ ਸਹੀ ਹੈ ਜੇ ਸਹੀ ਹੈ ਤਾਂ ਕਰੀਂ ਨਹੀਂ ਤਾਂ ਨਾ ਕਰੀਂ ! ਸੁਣ ਕੇ ਇੱਕ ਦਮ ਉਹ ਬੋਲੀ ਓ ਵਾਓ ! ਐਡੀ ਵੱਡੀ ਮਹਾਨਤਾ ਹੈ ਇਹਦੀ ਸਿੱਖ ਧਰਮ ਵਿੱਚ !! ਫਿਰ ਕਹਿੰਦੀ ਤੂੰ ਅੱਜ ਮੈਨੂੰ ਬਹੁਤ ਹੀ ਵੱਡੀ ਗੱਲ ਦੱਸਕੇ ਚੱਲਿਆਂ ਵਾਕਿਆ ਹੀ ਤੁਸੀਂ ਸਿੱਖ ਮਹਾਨ ਹੋ |

ਹੁਣ ਪਤਾ ਨਹੀਂ ਤੁਸੀਂ ਮੇਰੇ ਜੁਆਬ ਨਾਲ ਸਹਿਮਤ ਹੋਵੋਗੇ ਜਾਂ ਨਹੀਂ ...

ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਦਾ ਗੁੰਝਲਦਾਰ ਮਸਲਾ ....

-ਮਝੈਲ ਸਿੰਘ ਸਰਾਂ

ਦੁਨੀਆਂ ਵਿੱਚ ਸ਼ਾਇਦ ਅਮਰੀਕਾ ਹੀ ਐਹੋ ਜਿਹਾ ਮੁਲਕ ਹੈ ਜਿੱਥੇ ਇਹਦੇ ਮੁਖੀ ਦੀ ਚੋਣ ਛੇਤੀ ਕੀਤੇ ਸਮਝ ਚ ਨਹੀਂ ਆਉਂਦੀ ਖਾਸ ਕਰਕੇ ਜਦੋਂ ਵੱਧ ਵੋਟਾਂ ਲੈਣ ਵਾਲਾ ਉਮੀਦਵਾਰ ਹਾਰ ਜਾਂਦਾ ਜਿਵੇਂ ਕਿ ਪਿਛਲੀ 2016  ਵਾਲੀ ਇਲੈਕਸ਼ਨ ਵਿੱਚ ਹੋਇਆ ਸੀ ਟਰੰਪ ਨੂੰ ਹਿਲੇਰੀ ਨਾਲੋਂ ਘੱਟ ਵੋਟਾਂ ਮਿਲੀਆਂ ਸਨ ਪਰ ਜਿੱਤ ਉਹ ਗਿਆ ਇਹ ਸਭ ਨੂੰ ਬੜਾ ਹੈਰਾਨ ਕਰਨ ਵਾਲਾ ਲਗਦਾ ! ਇਸ ਗੁੰਝਲ ਨੂੰ ਬਹੁਤ ਹੀ ਵੀਰਾਂ ਨੇ ਲੇਖ ਲਿਖ ਕੇ ਸੁਲਝਾਇਆ ਵੀ ਹੈ ਪਰ ਫਿਰ ਵੀ ਇਹਦਾ ਗੁੰਝਲਪੁਣਾ ਬਰਕਰਾਰ ਹੀ ਹੈ

ਮੈਂ ਵੀ ਇੱਕ ਕੋਸ਼ਿਸ਼ ਕਰਨ ਲੱਗਾਂ ਕਿ ਇਸ ਗੁੰਝਲ ਨੂੰ ਥੋੜਾ ਖੋਲ ਸਕਾਂ ਤਿੰਨ ਕੁ ਗੱਲਾਂ ਨੂੰ ਧਿਆਨ ਚ ਰੱਖਣਾ ਪੈਣਾ ...

ਪਹਿਲੀ ਕਿ ਅਮਰੀਕਾ ਦਾ ਢਾਂਚਾ ਪੂਰੀ ਤਰ੍ਹਾਂ ਫੈਡਰਲ ਹੈ ਭਾਵ ਕਿ ਅਮਰੀਕਾ ਦੇਸ਼ ਦੇ ਨਾਲ ਨਾਲ ਇਹਦੀ ਹਰੇਕ ਸਟੇਟ ਇੱਕ ਤਰ੍ਹਾਂ ਅਰਧ ਆਜ਼ਾਦ ਮੁਲਕ ਵੀ ਹੈ ਹਰ ਸਟੇਟ ਦਾ ਆਪਣਾ ਝੰਡਾ ਹੈ ਆਪਣੀ ਵੱਖਰੀ ਪਛਾਣ ਵੀ ਹੁੰਦੀ ਆ ਹਰ ਛੋਟੀ ਵੱਡੀ ਸਟੇਟ ਦੀ ਅਮਰੀਕਾ ਦੇ ਵੱਡੇ ਕੰਮਾਂ ਵਿੱਚ ਵੁੱਕਤ ਬਰਾਬਰ ਜਿਹੀ ਹੁੰਦੀ ਆ ਇਹਦੇ ਵਿੱਚ ਹੀ ਰਾਸ਼ਟਰਪਤੀ ਦੀ ਚੋਣ ਵੀ ਇੱਕ ਹੈ, ਇਹ ਬਰਾਬਰਤਾ ਦਾ ਹੀ ਇੱਕ ਸਿਧਾਂਤ ਹੈ ਜਿਹਨੇ ਅਮਰੀਕਾ ਨੂੰ ਇੱਕਠੇ ਰਖਿਆ ਹੋਇਆ 

ਅਗਲੀ ਗੱਲ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਸੰਵਿਧਾਨ ਮੁਤਾਬਿਕ ਅਸਿੱਧੇ ਤਰੀਕੇ ਨਾਲ ਹੁੰਦੀ ਹੈ, ਇਹਨੂੰ ਇੱਕ ਇਲੈਕਟੋਰਲ ਕਾਲਜ ਦੇ ਮੈਂਬਰ ਚੁਣਦੇ ਹਨ। ਹੁਣ ਇਲੈਕਟੋਰਲ ਕਾਲਜ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਇਹ ਕੀ ਹੈ | ਇਲੈਕਟੋਰਲ ਕਾਲਜ ਦੇ ਮੈਂਬਰਾਂ ਨੂੰ ਇਲੈਕਟਰ ਕਹਿੰਦੇ ਹਨ ਤੇ ਇਹਨਾਂ ਦੀ ਕੁਲ ਗਿਣਤੀ 538  ਹੈ ਜਿਸ ਨੁਮਾਇੰਦੇ ਨੂੰ ਅੱਧੇ ਤੋਂ ਵੱਧ ਇਹਨਾਂ ਇਲੈਕਟਰਾਂ ਦੀਆਂ ਵੋਟਾਂ ਪੈ ਜਾਣ ਉਹ ਜਿੱਤ ਜਾਂਦਾ ਹੈ | ਅਮਰੀਕਾ ਦੀਆਂ ਕੁੱਲ ਪੰਜਾਹ ਸਟੇਟਾਂ ਹਨ ਤੇ ਹਰੇਕ ਸਟੇਟ ਦੇ ਇਲੈਕਟਰਾਂ ਦੀ ਗਿਣਤੀ ਉਸ ਸਟੇਟ ਦੇ ਅਮਰੀਕਾ ਦੇ ਦੋਵਾਂ ਸਦਨਾਂ ਦੇ ਚੁਣੇ ਹੋਏ ਮੈਂਬਰਾਂ ਦੇ ਬਰਾਬਰ ਹੁੰਦੀ ਹੈ ਅਮਰੀਕਾ ਦੇ ਸਦਨਾਂ ਦਾ ਨਾਂ ਹੈ ਸੈਨੇਟ ਤੇ ਹਾਊਸ ਮਤਲਬ ਸਮਝ ਲਓ ਰਾਜ ਸਭਾ ਤੇ ਲੋਕ ਸਭਾ | ਵੱਡੀਆਂ ਤੇ ਵੱਧ ਅਬਾਦੀ ਵਾਲੀਆਂ ਸਟੇਟਾਂ ਦੇ ਮੈਂਬਰ ਵੱਧ ਹੁੰਦੇ ਹਨ ਬਿਨਿਸਬਤ ਛੋਟੀਆਂ ਸਟੇਟਾਂ ਦੇ ਜਿਵੇਂ ਸਭ ਤੋਂ ਵੱਧ 55 ਕੈਲੀਫੋਰਨੀਆ ਦੇ ਹਨ ਤੇ ਚਾਰ ਕੁ ਸਟੇਟਾਂ ਜਿਵੇਂ ਅਲਾਸਕਾ ਹੈ ਦੀ  ਗਿਣਤੀ 3 ਹੈ | ਇਹਨਾਂ ਇਲੈਕਟਰਾਂ ਨੂੰ ਹਰੇਕ ਸਟੇਟ ਦੀ ਸਰਕਾਰ ਆਪ ਹੀ ਨਾਮਜ਼ਦ ਕਰ ਲੈਂਦੀ ਹੈ ਚੁਣ ਵੀ ਸਕਦੀ ਹੈ ਪਰ ਅਕਸਰ ਨਾਮਜ਼ਦ ਹੀ ਕੀਤੇ ਹੁੰਦੇ ਹਨ | ਇਸ ਇਲੈਕਟਰ ਕਾਲਜ ਦਾ ਬਸ ਇੱਕੋ ਕੰਮ ਹੈ ਚਾਰ ਸਾਲ ਬਾਅਦ ਰਾਸ਼ਟਰਪਤੀ ਚੁਣਨਾ ਉਹਤੋਂ ਬਾਅਦ ਇਹ ਭੰਗ ਇਹਦਾ ਅਮਰੀਕਾ ਦੀ ਸਿਆਸਤ ਵਿੱਚ ਹੋਰ ਕੋਈ ਕੰਮ ਨਹੀਂ ਹੁੰਦਾ | 

ਸੱਚ ਤਾਂ ਇਹ ਹੈ ਕਿ ਲੋਕਾਂ ਨੂੰ ਕੋਈ ਪਤਾ ਈ ਨਹੀਂ ਹੁੰਦਾ ਕਿ ਕੌਣ ਇਲੈਕਟਰ ਹੈ ਸੁਣਨ ਨੂੰ ਬੜਾ ਅਟਪਟਾ ਜਿਹਾ ਲਗਦਾ ਕਿ ਦੁਨੀਆਂ ਦੇ ਸਭ ਤੋਂ ਤਾਕਤਵਰ ਮੁਲਕ ਦੇ ਮੁਖੀ ਨੂੰ ਚੁਣਨ ਵਾਲੇ ਬੇਨਾਮ ਕਿਓਂ ? ਇਹੋ ਹੀ ਥੋੜੀ ਗੁੰਝਲ ਹੈ,ਹੋਵੇ ਸਾਡਾ ਭਾਰਤ ਵਰਸ਼ ਫਿਰ ਦੇਖੋ ਇਹਨਾਂ ਇਲੈਕਟਰਾਂ ਦੀ ਬੋਲੀ ਅਰਬਾਂ ਤੱਕ ਦੀ ਲਗਦੀ ਪਰ ਅਮਰੀਕਾ ਵਿੱਚ ਬੇਨਾਮ ਹਨ ਬੱਸ ਚੋਣ ਵਾਲੇ ਸਾਲ ਦਿਸੰਬਰ ਮਹੀਨੇ ਵਿੱਚ ਆਪਣੀ ਆਪਣੀ ਸਟੇਟ ਦੀ ਰਾਜਧਾਨੀ ਵਿੱਚ ਇੱਕਠੇ ਹੁੰਦੇ ਹਨ ਤੇ ਰਸਮੀ ਵਿਚਾਰ ਵਟਾਂਦਰਾ ਕਰਦੇ ਹਨ ਤੇ ਰਸਮੀ ਵੋਟ ਪਾਕੇ ਕੌਫੀ ਦਾ ਕੱਪ ਪੀ ਕੇ ਆਪਣੇ ਆਪਣੇ ਘਰ ਨੂੰ ਚਲੇ ਜਾਂਦੇ ਹਨ | ਆਹ ਜਿਹੜਾ ਲਫ਼ਜ਼ ਮੈਂ ਰਸਮੀ ਵਰਤਿਆ ਇਹਦਾ ਖੁਲਾਸਾ ਬਾਅਦ ਵਿੱਚ ਕਰਾਂਗਾ

ਅਗਲਾ ਸਵਾਲ ਇਹ ਆਉਂਦਾ ਕਿ ਜੇ ਚੋਣ ਕਰਨੀ ਹੀ ਇਹਨਾਂ ਇਲੈਕਟਰਾਂ ਨੇ ਆ ਤਾਂ ਆਮ ਨਾਗਰਿਕ ਦੀ ਵੋਟ ਦੀ ਕਾਹਦੀ ਅਹਿਮੀਅਤ ਆ ਕਿਓਂ ਕੈਂਡੀਡੇਟ ਸਾਲ ਭਰ ਤੋਂ ਲੋਕਾਂ ਨੂੰ ਭਰਮਾਉਣ ਜਾਂ ਜਾਗਰੂਕ ਕਰ ਰਹੇ ਆ ਕਿ ਵੋਟ ਸਾਨੂੰ ਪਾਇਓ, ਕਿਓਂ ਰੈਲੀਆਂ ਤੇ ਆਹਮੋ ਸਾਹਮਣੇ ਡਿਬੇਟ ਤੇ ਮਿਹਣ ਕੁਮਿਹਣੇ ਹੁੰਦੇ ਹਨ ਨਾਲੇ ਜਿਹੜੀ ਵੋਟ ਬੈਲਟ ਹੈ ਉਹਦੇ ਤੇ ਤਾਂ ਰਾਸ਼ਟਰਪਤੀ ਕੈਂਡੀਡੇਟਾਂ ਦੇ ਹੀ ਨਾਮ ਹਨ ਜਿਹਨਾਂ ਨੂੰ ਨਾਗਰਿਕ ਸਿਧੇ ਵੋਟ  ਪਾਉਂਦੇ ਆ | ਦਰਅਸਲ ਇਹਨੂੰ ਕਹਿੰਦੇ ਹਨ " ਪਾਪੂਲਰ ਵੋਟ " | ਅਮਰੀਕਾ ਦੀਆਂ ਸਾਰੀਆਂ ਸਟੇਟਾਂ ਦੀ ਜਦੋਂ ਵੋਟਾਂ ਦੀ ਗਿਣਤੀ ਹੋ ਜਾਂਦੀ ਉਹ ਉਸ ਉਮੀਦਵਾਰ ਦੀ ਕੁੱਲ ਪਾਪੂਲਰ ਵੋਟ ਹੁੰਦੀ ਹੈ ਜਿਹੜੀ ਨਾਗਰਿਕਾਂ ਨੇ ਸਿੱਧੀ ਪਾਈ ਤੇ ਜਿੱਤ ਦਾ ਨਤੀਜਾ ਉਸੇ ਦੇ ਹੱਕ ਵਿੱਚ ਜਾਣਾ ਚਾਹੀਦਾ ਜਿਸਦੀਆਂ ਵੋਟਾਂ ਵੱਧ ਹੋਣ ਪਰ ਸੰਵਿਧਾਨ ਮੁਤਾਬਿਕ ਇੱਦਾਂ ਨਹੀਂ ਹੁੰਦਾ ਕਿਓਂਕਿ ਚੋਣ ਤਾਂ ਇਲੈਕਟੋਰਲ ਕਾਲਜ ਵਲੋਂ ਹੋਣੀ ਹੁੰਦੀ ਆ | ਇਲੈਕਟਰ ਵੋਟ ਕਿਵੇਂ ਪਾਉਂਦੇ ਹਨ ਇਹਨੂੰ ਧਿਆਨ ਵਿੱਚ ਰੱਖਣਾ ਬੜਾ ਜ਼ਰੂਰੀ ਆ, ਇੱਕ ਸਟੇਟ ਦੇ ਸਾਰੇ ਇਲੈਕਟਰ ਉਸੇ ਉਮੀਦਵਾਰ ਨੂੰ ਹੀ ਸਾਰੀਆਂ ਵੋਟਾਂ ਪਾ ਦਿੰਦੇ ਹਨ ਜਿਸ ਦੇ ਹੱਕ ਵਿੱਚ ਉਸ ਸਟੇਟ ਦੀਆਂ ਪਾਪੂਲਰ ਵੋਟਾਂ ਵੱਧ ਹੋਣ ਇਹਨੂੰ ਹੀ ਪਹਿਲਾਂ ਮੈਂ ਰਸਮੀ ਵੋਟ ਕਿਹਾ ਕਿਓਂਕਿ ਇਲੈਕਟਰ ਆਪਣੀ ਮਰਜ਼ੀ ਨਾਲ ਵੋਟ ਨਹੀਂ ਪਾ ਸਕਦਾ ਉਹਨੂੰ ਪਾਪੂਲਰ ਵੋਟ ਮੁਤਾਬਿਕ ਹੀ ਵੋਟ ਪਾਉਣੀ ਪੈਂਦੀ ਆ  ਇਥੇ ਇਲੈਕਟਰ ਵੋਟਾਂ ਤੇ ਪਾਪੁਲਰ ਵੋਟਾਂ ਵਿੱਚ ਫਰਕ ਆ ਸਕਦਾ ਜਿਵੇਂ ਪਿਛਲੀ ਵਾਰੀ ਪ੍ਰੈਜ਼ੀਡੈਂਟ ਟਰੰਪ ਵੇਲੇ ਹੋਇਆ  ਇਹੋ ਜਿਹੀ ਹਾਲਾਤ ਸ਼ਾਇਦ ਤਿੰਨ ਕੁ ਵਾਰ ਹੋਈ ਅਮਰੀਕਾ ਦੇ ਇਤਿਹਾਸ ਵਿੱਚ |

ਇਹਨੂੰ ਥੋੜਾ ਹੋਰ ਸੁਖਾਲਾ ਕਰਨ ਵਾਸਤੇ ਹਿਸਾਬ ਦੀ ਮੰਨ ਲਓ ਵਾਲੀ ਥਿਊਰੀ ਵਰਤਦੇ ਆਂ .....

ਮੰਨ ਲਈਏ ਕਿ ਅਮਰੀਕਾ ਦੀਆਂ ਕੁੱਲ ਸਟੇਟਾਂ ਹਨ 5 ਕੁੱਲ ਵੋਟਾਂ ਜਾਂ ਪਾਪੂਲਰ ਵੋਟਾਂ ਹਨ 10000 ਕੁੱਲ ਇਲੈਕਟੋਰੇਟ ਕਾਲਜ  ਦੇ ਇਲੈਕਟਰਾਂ ਦੀ ਗਿਣਤੀ ਹੈ 100 | 
  1. ਪਹਿਲੀ ਸਟੇਟ ਦੀਆਂ ਕੁੱਲ ਵੋਟਾਂ ਹਨ 3500  ਤੇ ਇਲੈਕਟਰ ਹਨ 35 ਪਿਛਲੀ ਇਲੈਕਸ਼ਨ ਨੂੰ ਮੰਨ ਲਈਏ ਇਸ ਸਟੇਟ ਵਿਚੋਂ ਹਿਲਰੀ ਨੂੰ ਮਿਲੀਆਂ 2500  ਤੇ ਟਰੰਪ ਨੂੰ 1000 ,ਕਿਓਂਕਿ ਪਾਪੂਲਰ ਵੋਟਾਂ ਹਿਲਰੀ ਦੇ ਪੱਖ ਵਿੱਚ ਪਈਆਂ ਇਸ ਕਰਕੇ ਸਾਰੇ 35  ਇਲੈਕਟਰਾਂ ਦੀ ਵੋਟ ਪਈ ਹਿਲਰੀ ਨੂੰ ਤੇ ਟਰੰਪ ਨੂੰ 0  
  2. ਦੂਜੀ ਸਟੇਟ ਦੀਆਂ ਕੁੱਲ ਵੋਟਾਂ ਹਨ 2500 ਤੇ ਇਲੈਕਟਰ ਹਨ 25 ਜਿਸ ਵਿਚੋਂ ਹਿਲਰੀ ਨੂੰ ਪਈਆਂ ਨੂੰ 1100 ਤੇ ਟਰੰਪ ਨੂੰ 1400 ਸਾਰੇ ਇਲੈਕਟਰਾਂ ਦੀ ਵੋਟ ਟਰੰਪ ਨੂੰ ਪਈ 
  3. ਤੀਜੀ ਸਟੇਟ ਵਿੱਚ ਕੁੱਲ ਵੋਟ ਹੈ 2000  ਤੇ ਇਲੈਕਟਰ ਹਨ 20 ਹਿਲਰੀ ਨੂੰ ਪਈਆਂ 700 ਤੇ ਟਰੰਪ ਨੂੰ 1300 ਤੇ ਸਾਰੇ 20  ਇਲੈਕਟਰ ਟਰੰਪ ਦੇ ਪੱਖ ਵਿੱਚ ਗਏ 
  4. ਚੌਥੀ ਸਟੇਟ ਵਿੱਚ ਕੁੱਲ ਵੋਟਾਂ ਹਨ 1200  ਤੇ ਇਲੈਕਟਰ 12 ਹਿਲਰੀ ਨੂੰ ਵੋਟਾਂ ਪਈਆਂ 700 ਤੇ ਟਰੰਪ ਨੂੰ 500  ਸਾਰੇ 12  ਇਲੈਕਟਰਾਂ ਦੀ ਵੋਟ ਪਈ ਹਿਲਰੀ ਨੂੰ 
  5. ਪੰਜਵੀਂ ਸਟੇਟ ਵਿੱਚ ਕੁੱਲ ਵੋਟਾਂ ਹਨ 800  ਤੇ 8  ਇਲੈਕਟਰ ਹਿਲਰੀ ਨੂੰ ਪਈਆਂ 300 ਤੇ ਟਰੰਪ ਨੂੰ 500 ਇਥੇ ਸਾਰੇ 8  ਇਲੈਕਟਰ ਟਰੰਪ ਦੇ ਪੱਖ ਵਿੱਚ ਗਏ | 
ਇਹਨਾਂ ਸਾਰਿਆਂ ਦਾ ਜੋੜ ਇਹ ਬਣਦਾ ਹਿਲਰੀ ਨੂੰ ਕੁੱਲ ਪਾਪੂਲਰ ਵੋਟਾਂ ਪਈਆਂ 5300 ਤੇ ਟਰੰਪ ਨੂੰ 4700 , ਪਾਪੂਲਰ ਵੋਟਾਂ ਮੁਤਾਬਿਕ ਹਿਲਰੀ ਜਿੱਤ ਗਈ ਸੰਵਿਧਾਨ ਮੁਤਾਬਿਕ ਜਿੱਤ ਉਹਦੀ ਹੋਣੀ ਜਿਹ ਦੇ ਹੱਕ ਵਿੱਚ ਇਲੈਕਟੋਰੇਟ ਦੀਆਂ ਵੋਟਾਂ ਵੱਧ ਪਈਆਂ ਉੱਪਰਲੇ ਜੋੜ ਮੁਤਾਬਿਕ ਹਿਲਰੀ ਨੂੰ ਕੁੱਲ ਇਲੈਕਟੋਰੇਟ ਦੀਆਂ ਵੋਟਾਂ ਪਈਆਂ 47  ਤੇ ਟਰੰਪ ਨੂੰ 53  ਤੇ ਟਰੰਪ ਜਿੱਤ ਗਿਆ |

ਇਲੈਕਟੋਰੇਟ ਕਾਲਜ ਤੇ ਇਥੇ ਨੁਕਤਾਚੀਨੀ ਹੁੰਦੀ ਰਹਿੰਦੀ ਆ ਪਰ ਫੈਡਰਲ ਸਿਸਟਮ ਮੁਤਾਬਿਕ ਹਰ ਛੋਟੀ ਸਟੇਟ ਨੂੰ ਵੀ ਪੂਰੀ ਅਹਿਮੀਅਤ ਦੇਣ ਕਰਕੇ ਇਹਨੂੰ ਬਰਕਰਾਰ ਰਖਿਆ ਹੋਇਆ ਇੱਕ ਗੱਲੋਂ ਠੀਕ ਵੀ ਆ ਕਿ ਜੇ ਇੱਕ ਉਮੀਦਵਾਰ ਕੁਸ਼ ਵੱਡੀਆਂ  ਸੱਤ ਅੱਠ ਸਟੇਟਾਂ ਵਿਚੋਂ ਵੱਡੇ  ਫਰਕ ਨਾਲ ਜਿੱਤ ਹਾਸਲ ਕਰ ਲਵੇ ਤੇ ਬਾਕੀ 40 - 42 ਸਟੇਟਾਂ ਤੋਂ ਹਾਰ ਕੇ ਵੀ ਸਾਰੀ ਅਮਰੀਕਾ ਦਾ ਪ੍ਰੈਜ਼ੀਡੈਂਟ ਬਣ ਸਕਦਾ ਬਿਲਕੁਲ ਉਸੇ ਤਰਾਂ ਜਿਵੇਂ ਪਹਿਲਾਂ ਪਹਿਲਾਂ ਨਹਿਰੂ ਟੱਬਰ ਯੂ . ਪੀ. ਤੇ ਬਿਹਾਰ ਵਿਚੋਂ ਵੱਡੇ ਫਰਕ ਨਾਲ ਜਿੱਤ ਕੇ ਸਾਰੇ ਮੁਲਕ ਤੇ ਰਾਜ ਕਰਦੇ ਰਹੇ |

ਇਸ ਵਿਸਥਾਰ ਵਿੱਚ ਬਹੁਤ ਕਮੀਆਂ ਹੋਣੀਆਂ ਪਰ ਮਨਸ਼ਾ ਆ ਇਲੈਕਟੋਰੇਟ ਵੋਟ ਤੇ ਪਾਪੂਲਰ ਵੋਟ ਦੇ ਫਰਕ ਨੂੰ ਸੁਖਾਲਾ ਕਰਕੇ ਸਮਝਣ ਦੀ |

ਦਸਤਾਰ ਦੀ ਮਹਾਨਤਾ ....


ਬਾਹਰਲੇ ਮੁਲਕਾਂ ਵਿੱਚ ਜਦੋਂ ਵੀ ਕੋਈ ਦਸਤਾਰਧਾਰੀ ਪਬਲਿਕ ਵਿੱਚ ਕਿਸੇ ਦੀ ਥੋੜੀ ਜਿਹੀ ਵੀ ਮਦਦ ਕਰ ਦਿੰਦਾ ਤਾਂ ਇਹਦਾ ਹਾਂ ਪੱਖੀ ਅਸਰ ਸਿੱਖੀ ਕਿਰਦਾਰ ਤੇ ਬਹੁਤ ਪੈਂਦਾ | ਜਿਸ ਪਾਸੇ ਮੈਂ ਕੰਮ ਤੇ ਜਾਂਦਾ ਉਧਰ ਕਈ ਛੋਟੇ ਤੇ ਦਰਮਿਆਨੇ ਕਾਰੋਬਾਰੀ ਹਨ ਤੇ ਤਕਰੀਬਨ ਥੋੜਾ ਬਹੁਤ ਸਾਰੇ ਜਾਣਦੇ ਹੀ ਹਨ ਜਿਹਨਾਂ ਵਿੱਚ ਕਈ ਗੋਰੇ ਵੀ ਹਨ ਕਿਓਂਕਿ ਮੈਂ ਰੋਜ਼ ਜਾਣਾ ਹੁੰਦਾ ਹੈਲੋ ਹਾਇ ਹੁੰਦੀ ਰਹਿੰਦੀ ਤੇ ਹੁਣ ਬਹੁਤਿਆਂ ਨੂੰ ਪਤਾ ਵੀ ਲੱਗ ਗਿਆ ਕਿ ਦਸਤਾਰ ਬੰਨ੍ਹਣ ਵਾਲੇ ਕੌਣ ਹਨ ਕਦੇ ਕਦੇ ਚਲੰਤ ਮਸਲਿਆਂ ਤੇ ਦੋ ਚਾਰ ਮਿੰਟ ਗੱਲ ਵੀ ਕਰ ਲੈਂਦੇ ਹਨ, ਇਹਨਾਂ ਵਿੱਚ ਇੱਕ ਗੋਰੀ ਦਾ ਵੀ ਆਪਣਾ ਛੋਟਾ ਕਾਰੋਬਾਰ ਹੈ , ਇਹਨੇ ਮਹੀਨੇ ਚ ਇੱਕ ਅੱਧ ਵਾਰ ਰੋਕ ਕੇ ਜ਼ਰੂਰ ਗੱਲਾਂ ਕਰਨੀਆਂ ਹੁੰਦੀਆਂ ਖਾਸ ਕਰਕੇ ਅੱਜਕੱਲ ਜਦੋਂ ਇਹਨੇ ਟਰੰਪ ਨੂੰ ਕੋਸਣਾ ਹੁੰਦਾ ਤਾਂ, ਖਿਆਲਾਂ ਦੀ ਬੜੀ ਧਾਰਮਿਕ ਜਿਹੀ ਵੀ ਲਗਦੀ ਹੁੰਦੀ ਮੈਨੂੰ ਕਦੇ ਕਦ ਸਿੱਖ ਸਿਧਾਂਤਾਂ ਬਾਰੇ ਵੀ ਪੁੱਛਦੀ ਹੁੰਦੀ ,ਦੋ ਕੁ ਸਾਲ ਪਹਿਲਾਂ ਮੈਂ ਉਹਨੂੰ ਦਰਬਾਰ ਸਾਹਿਬ ਦਾ ਛੋਟਾ ਜਿਹਾ ਮਾਡਲ ਲਿਆ ਕੇ ਦਿੱਤਾ ਤੇ ਮੁਨਸਰ ਜਿਹਾ ਇੱਤਿਹਾਸ ਵੀ ਦੱਸਿਆ ਹੋਇਆ | ਅੱਜ ਮੈਂ ਜਦੋਂ ਉਹਦੇ ਦਫਤਰ ਮੇਲ ਦੇਣ ਗਿਆ ਤਾਂ ਅੰਦਰੋਂ ਬਾਹਰ ਆਕੇ ਕਹਿੰਦੀ ਰੁਕੀਂ ਮਾੜਾ ਜਿਹਾ, ਮੈਨੂੰ ਲੱਗਾ ਅੱਜ ਫਿਰ ਜਾ ਤਾਂ ਟਰੰਪ ਦੀ ਖੈਰ ਨੀ ਜਾ ਫਿਰ ਬਿਜ਼ਨੈਸ ਬਾਰੇ ਕੋਈ ਗੱਲ ਕਰਨੀ ਹੋਣੀ ਪਰ ਬੜੀ ਖੁਸ਼ ਹੋਕੇ ਕਹਿੰਦੀ ਕੱਲ ਮੈਂ ਪੋਸਟ ਆਫਿਸ ਕੁਸ਼ ਪਾਰਸਲ ਭੇਜਣ ਗਈ ਸੀ ਤਾਂ ਸੋਸ਼ਲ distancing ਕਰਕੇ ਲਾਈਨ ਬੜੀ ਲੰਮੀ ਸੀ ਤੇ ਗਰਮੀ ਵੀ ਬਹੁਤ ਸੀ ਉਤੋਂ ਪਾਰਸਲ ਭਾਰੇ ਸੀ ਇੰਨੀਂ ਦੇਰ ਨੂੰ ਮੈਂ ਦੇਖਿਆ ਕਿ ਲਾਈਨ ਵਿੱਚ ਦਸਤਾਰ ਵਾਲਾ ਸਿੱਖ ਖੜਾ ਸੀ ਉਹਨੇ ਮੈਨੂੰ ਆਕੇ ਕਿਹਾ ਕਿ ਤੇਰੇ ਕੁਸ਼ ਪਾਰਸਲ ਮੈਂ ਚੁੱਕ ਲੈਨਾ | ਉਹ ਕਹਿੰਦੀ ਮੈਨੂੰ ਹੈਰਾਨੀ ਹੋਈ ਕਿ ਐਨੀ ਲਾਈਨ ਵਿਚੋਂ ਉਹ ਹੀ ਕਿਓਂ ਮੇਰੀ ਮੱਦਦ ਲਈ ਆਇਆ, ਕਹਿੰਦੀ ਮੈਂ ਉਹਨੂੰ ਕਿਹਾ ਤੁਸੀਂ ਸਾਰੇ ਸਿੱਖ ਹੀ ਬਹੁਤ ਚੰਗੇ ਹੁੰਦੇ ਹੋ ਇਹ ਮੈਨੂੰ ਪਤਾ ਹੈ ਉਹਦੀ ਗੱਲ ਸੁਣ ਕੇ ਮੈਂ ਕਿਹਾ ਮੈਂ ਚਲਦਾ | ਉਹ ਫਿਰ ਕਹਿੰਦੀ ਤੂੰ ਚੁੱਪ ਕਿਓਂ ਏਂ ਘਰ ਸਭ ਪਰਿਵਾਰ ਠੀਕ ਹੈ, ਫਿਰ ਮੈਂ ਉਹਨੂੰ ਕਿਹਾ ਕਿ ਐਨਾ ਜੂਨ ਦੇ ਦਿਨਾਂ ਵਿੱਚ ਸਾਰੇ ਸਿਖਾਂ ਅੰਦਰ ਇੱਕ ਸਨਾਟਾ ਹੁੰਦਾ ਪਤਾ ਨਹੀਂ ਉਹ ਕਦੋਂ ਟੁੱਟਣਾ ਤੇ ਉਸ ਦਿਨ ਕੀ ਹੋਣਾ ? ਸੀਰੀਅਸ ਹੋਕੇ ਕਹਿੰਦੀ ਕੀ ਗੱਲ ਆ ਮੈਂ ਚੁਰਾਸੀ ਬਾਰੇ ਗੱਲ ਕੀਤੀ ਤੇ ਦੱਸਿਆ ਜਿਹੜਾ ਤੈਨੂੰ ਦਰਬਾਰ ਸਾਹਿਬ ਦਾ ਮਾਡਲ ਦਿੱਤਾ ਹੋਇਆ ਇਹਨਾਂ ਦਿਨਾਂ ਵਿੱਚ ਭਾਰਤੀ ਸਟੇਟ ਨੇ ਫੌਜ ਦਾ ਹਮਲਾ ਕਰਕੇ ਢਾਹ ਦਿੱਤਾ ਸੀ ਤੇ ਹਜ਼ਾਰਾਂ ਸਿੱਖ ,ਬੀਬੀਆਂ ਬੱਚੇ ਸ਼ਹੀਦ ਕਰ ਦਿੱਤੇ ਸੀ ਤੇ ਸਭ ਤੋਂ ਛੋਟੀ ਉਮਰ ਦਾ ਸ਼ਹੀਦ ਪੰਦਰਾਂ ਦਿਨਾਂ ਦਾ ਸੀ ਅਜੇ , ਉਹਨੂੰ ਗੋਲੀ ਚੀਰ ਕੇ ਅੱਗੇ ਉਹਦੀ ਮਾਂ ਨੂੰ ਲੱਗੀ ਸੀ, ਉਹ ਹਾਉਕਾ ਲੈਕੇ ਕਹਿੰਦੀ ਕਿਓਂ ? ਮੈਂ ਕਿਹਾ ਕਿ ਜੋ ਤੈਨੂੰ ਸਿਖਾਂ ਵਿੱਚ ਚੰਗਿਆਈ ਦਿਸਦੀ ਉਸਤੋਂ ਭਾਰਤੀ ਸਟੇਟ ਨੂੰ ਨਫਰਤ ਹੈ ਜੋ ਪਿਛਲੀਆਂ ਪੰਜ ਸਦੀਆਂ ਤੋਂ ਕਰ ਰਿਹਾ !

ਇੱਕ ਇਤਿਹਾਸਿਕ ਤੱਥ


-ਮਝੈਲ ਸਿੰਘ ਸਰਾਂ
ਇੱਕ ਇਤਿਹਾਸਿਕ ਤੱਥ ਨੂੰ ਅੱਜ ਦੇ ਹਾਲਾਤਾਂ ਨਾਲ ਜੋੜ ਕੇ ਬਿਆਨ ਕਰਨ ਲਗਿਆਂ ਸਹਿਮਤੀ ਅਸਹਿਮਤੀ ਆਪੋ ਆਪਣੀ ਭਰਾਵੋ ਪੰਜਾਬ ਨੇ ਬਾਬਾ ਬੰਦਾ ਸਿੰਘ ਜੀ ਤੋਂ ਬਾਅਦ ਬੜਾ ਔਖਾ ਵਕਤ ਦੇਖਿਆ  ਇੱਕਲਾ ਦੇਖਿਆ ਹੀ ਨੀਂ ਪਿੰਡੇ ਤੇ ਹੰਢਾਇਆ ਵੀ ਦਿੱਲੀ ਤੇ ਕਾਬਜ਼ ਹਾਕਮ ਤੇ ਪੂਰਬੀਏ ਸਦਾ ਹੀ ਪੰਜਾਬ ਨਾਲ ਖ਼ਾਰ ਖਾਂਦੇ ਰਹੇ ਪੰਜਾਬ ਦੇ ਸੂਬੇਦਾਰ ਸਦਾ ਹੀ ਬੇਵਫ਼ਾਈ ਕਰਦੇ ਰਹੇ ਇਥੋਂ ਦੇ ਬਸ਼ਿੰਦਿਆਂ ਨਾਲ ਕਾਰਨ ਆਪਾਂ ਸਾਰੇ ਜਾਣਦੇ ਹੀ ਹਾਂ ਕਿ ਸਿੱਖ ਗੁਰੂ ਸਾਹਿਬਾਨ ਦੀ ਲੋਕਾਂ ਜਗਾਈ ਚਿਣਗ ਤੋਂ ਇਹਨਾਂ ਨੂੰ ਖੌਫ ਆਉਂਦਾ ਰਿਹਾ ਅੱਜ ਵੀ ਆਉਂਦਾ ਇਹਦੇ ਕੋਈ ਛੱਕ ਨਹੀਂ  ਬੜੀਆਂ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਪੰਜਾਬ ਵਿਚ ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਦੀ ਸਰਪ੍ਰਸਤੀ ਹੇਠ ਪੂਰਨ ਤੌਰ ਤੇ ਦਿੱਲੀ ਤੋਂ ਆਜ਼ਾਦ ਬਣਾਇਆ ਤੇ ਵੱਡੀ ਗੱਲ ਇਹਦੇ ਵਿਚ ਸਾਰਾ ਕੰਟਰੋਲ ਪੰਜਾਬੀਆਂ ਦੇ ਹੱਥ ਵਿਚ ਸੀ ਭਾਵੇਂ ਉਹ ਸਿੱਖ ਸਨਮੁਸਲਮਾਨ ਸਨ ਜਾਂ ਹਿੰਦੂ ਸਨ ਦੇਖਦੇ ਦੇਖਦੇ ਖਾਲਸਾ ਰਾਜ ਅਫਗਾਨਿਸਤਾਨ ਤੇ ਚੀਨ ਦੀਆਂ ਸਰਹੱਦਾਂ ਨੂੰ ਜਾ ਲਗਾ  ਦਿੱਲੀ ਤੇ ਕਾਬਜ਼ ਫਰੰਗੀ ਨੂੰ ਖੌਫ ਹੋਇਆ ਆਪਣੇ ਸਾਮਰਾਜ ਦਾ ਇਸ ਵਿਲੱਖਣਨਿਵੇਕਲੇ ਤੇ ਧਰਮ ਨਿਰਪੱਖ ਰਾਜ ਤੋਂ ਫਿਰ ਇੱਕ ਚਾਲ ਤਹਿਤ ਪੂਰਬ ਦੇ ਹਿੰਦੂ ਤੇਜ ਸਿੰਘ ਤੇ ਲਾਲ ਸਿੰਘ ਵਰਗੇ ਸਿੱਖੀ ਭੇਸ ਰਣਜੀਤ ਸਿੰਘ ਦੀ ਫੌਜ ਵਿਚ ਭਿਜਵਾਏ ਤੇ ਕਮਾਂਡਰ ਬਣ ਗਏ ਉਧਰ ਤਿੰਨੋਂ ਜੰਮੂ ਦੇ ਡੋਗਰੇ ਭਰਾਵਾਂ ਨੇ ਦਰਬਾਰ ਸਾਂਭ ਲਿਆ ਤੇ ਹੌਲੀ ਹੌਲੀ ਕਰਕੇ ਪੰਜਾਬੀਆਂ ਦੀ ਫੌਜ ਤੇ ਸਿਵਿਲ ਵਿਚੋਂ ਸਰਦਾਰੀ ਮਨਫ਼ੀ ਕਰ ਦਿੱਤੀ ਫਿਰ ਕੀ ਹੋਇਆ ? ਆਪਣੇ ਸਭ ਦੇ ਸਾਹਮਣੇ ਹੈ  ਇਹਨਾਂ ਪੂਰਬੀਏ ਤੇ ਡੋਗਰਿਆਂ ਨੇ ਸਿੱਖ ਰਾਜ ਦਾ ਭੋਗ ਪੁਆ ਦਿੱਤਾ ਤਕਰੀਬਨ ਸਾਰੇ ਸਿੱਖ ਸਰਦਾਰ ਸਿਖਾਂ ਨੇ ਆਪ ਹੀ ਕਤਲ ਕਰ ਦਿੱਤੇ ਬੇਸਮਝੀ ਸੀ ਜਾਂ ਕਿ ਚਾਬੀ ਹੀ ਐਹੋ ਜਿਹੀ ਦਿੱਤੀ ਸੀ ਕਿ ਬਣਾ ਦਿੱਤੇ ਦੁਸ਼ਮਣ ਇੱਕ ਦੂਜੇ ਦੇ ਤੇ ਗੁਆ ਕੇ ਬਹਿ ਗਏ ਕੁਰਬਾਨੀਆਂ ਨਾਲ ਬਣਾਏ ਖਾਲਸਾ ਰਾਜ ਨੂੰ 1947 ਤੋਂ ਬਾਅਦ ਪੰਜਾਬ ਨਾਲ ਤੇ ਸਿੱਖ ਕੌਮ ਨਾਲ ਨਿੱਠ ਕੇ ਦਿੱਲੀ ਵੈਰ ਕਮਾ ਰਹੀ ਇਸ ਦਵੈਤ ਦੇ ਖਿਲਾਫ ਸਿਖਾਂ ਨੇ ਆਜ਼ਾਦੀ ਵਾਲੇ ਦਿਨ ਤੋਂ ਹੀ ਦਿੱਲੀ ਨਾਲ ਆਢਾ ਲਾਇਆ ਹੋਇਆ  ਕਾਂਗਰਸ ਪਾਰਟੀ ਨੇ ਤੇ ਹੁਣ ਇਸ ਭਗਵੀਂ ਪਾਰਟੀ ਬੀ ਜੇ ਪੀ ਨੇ ਸਿਖਾਂ ਵਿਚ ਹੀ ਇੱਕ ਵਰਗ ਐਹੋ ਜਿਹਾ ਤਿਆਰ ਕੀਤਾ ਹੋਇਆ ਜਿਹੜਾ ਤੇਜ ਸਿੰਘ ਲਾਲ ਸਿੰਘ ਤੇ ਡੋਗਰੇ ਭਰਾਵਾਂ ਵਾਲਾ ਰੋਲ ਬੜਾ ਬਾਖੂਬੀ ਨਿਭਾ ਕੇ ਗੁਝੀ ਦਾਤੀ ਫੇਰ ਰਹੇ ਹਨ  ਪੰਜਾਬ ਦੇ ਲੋਕ ਅੱਕੇ ਪਏ ਇਹਨਾਂ ਬੁੱਕਲ ਦੇ ਚੋਰਾਂ ਤੋਂ  ਨਿਜਾਤ ਚਾਹੁੰਦੇ ਪਾਉਣੀ ਇਹਨਾਂ ਬੇਗੈਰਤਾਂ ਤੋਂ  ਹਰ ਕਿਸੇ ਨੂੰ ਉਂਗਲੀ ਫੜਾਉਣ ਨੂੰ ਤਿਆਰ ਬੈਠੇ ਭਾਵੇਂ ਕੋਈ ਪੂਰਬ ਜਾਂ ਦਿੱਲੀ ਤੋਂ ਹੀ ਜਾਵੇ ਪਰ ਪੱਲੇ ਨਿਰਾਸ਼ਾ ਪੈਂਦੀ ਜਦੋਂ ਉਂਗਲੀ ਫੜਨ ਵਾਲੇ ਕਿਸੇ ਤਣ ਪੱਤਣ ਲਾਉਣ ਦੀ ਬਜਾਏ ਦਰਿਆ ਦੇ ਗਭੇ ਲਿਜਾ ਕੇ ਛੱਡ ਦਿੰਦੇ ਹਨ ਗੱਲ ਲੰਬੀ ਨਾ ਕਰਾਂ ਆਹ ਦੋ ਤਿੰਨ ਕੁ ਸਾਲ ਪਹਿਲਾਂ ਦਿੱਲੀ ਬਣੀ ਆਮ ਆਦਮੀ ਪਾਰਟੀ ਤੋਂ ਪੰਜਾਬੀ ਬੜੇ ਹੁਲਾਰੇ ਗਏ ਤੇ ਬਿਨਾਂ ਕਿਸੇ ਭਰੋਸੇ ਦਿੱਤੇ ਕਿ ਪੰਜਾਬ ਦਾ ਕਿਵੇਂ ਪੁਨਰ ਨਿਰਮਾਣ ਕਰਨਾ ਪੰਜਾਬੀਆਂ ਨਾਲ ਹੁੰਦੀ ਬੇਇਨਸਾਫ਼ੀ ਨੂੰ ਕਿਵੇਂ ਇਨਸਾਫ ਦੇਣਾ ,ਸਿੱਖ ਨਾਲ ਹੁੰਦੀਆਂ ਵਧੀਕੀਆਂ ਕਿਵੇਂ ਰੋਕਣੀਆਂ  ਚਾਰ ਸੰਸਦ ਜਿਤਾ ਦਿੱਤਾ ਉਸੇ ਦਿਨ ਤੋਂ ਦਿੱਲੀ ਵਾਲੀ ਇਸ ਪਾਰਟੀ ਦੀ ਅੱਖ ਪੰਜਾਬ ਤੇ ਟਿੱਕ ਗਈ ਕਿ ਇਹ ਤਾਂ ਗੋਹਟੇ ਨਾਲ ਸੈਹਾ ਮਾਰਨ ਵਾਲੀ ਗੱਲ  ਇਹ ਤਾਂ ਪੈਸੇ ਵੀ ਕੋਲੋਂ ਦਿੰਦੇ ਤੇ ਰਾਜਗੱਦੀ ਤੇ ਵੀ ਬਿਠਾਉਣ ਨੂੰ ਤਿਆਰ ਬੈਠੇ ਹੋਰ ਕਿ ਚਾਹੀਦਾ ਸੀ ਇਸਨੂੰ ਆਹ ਜਿਹੜੇ ਦੋ ਬੰਦੇ ਲੀਡਰ ਸੰਜੇ ਸਿੰਘ ਤੇ ਦੁਰ੍ਗੇਸ਼ ਪਾਠਕ ਪੰਜਾਬ ਦੇ ਲੀਡਰਾਂ ਨੂੰ ਆਪਸ ਵਿਚ ਲੜਾਉਣ ਲੱਗੇ ਇਹਨਾਂ ਦਾ ਰੋਲ ਤੇਜ ਸਿੰਹ ਤੇ ਲਾਲ ਸਿੰਹ ਵਰਗਾ ਹੀ ਹੈ ਪੰਜਾਬੀਆਂ ਦੀ ਨਬਜ਼ ਟੋਹਣੀ ਤਾਂ ਇੱਕ ਗੱਲ ਜ਼ਿਹਨ ਸਦਾ ਰੱਖਣੀ ਪੈਣੀ ਕਿ "ਪੰਜਾਬ ਵਸਦਾ ਗੁਰਾਂ ਦੇ ਨਾਮ ਤੇ" ਇੱਕਲੀਆਂ ਆਮ ਆਦਮੀ ਦੀਆਂ ਟੋਪੀਆਂ ਪਾਕੇ ਤੇ ਪੀਲੀਆਂ ਪੱਗਾਂ ਬੰਨ ਕੇ ਸ: ਭਗਤ ਸਿੰਘ ਦੇ ਖਟਕੜ ਕਲਾਂ ਬੁੱਤ ਥੱਲੇ ਖੜ ਕੇ ਜ਼ਿੰਦਾਬਾਦ ਨਾਲ ਪੰਜਾਬ ਸੁਖੀ ਨਹੀਂ ਵਸ ਸਕਦਾ ਸੰਭਲ ਸਕਦੇ ਹੋ ਤਾਂ ਸੰਭਲ ਜਾਓ ...

ਮਿਟੀ ਧੁੰਧੁ ਜਗਿ ਚਾਨਣੁ ਹੋਆ

ਧੁੰਦ ਅਗਿਆਨ ਦਾ ਪਸਾਰਾ ਹੈ। ਬਾਬੇ ਨਾਨਕ ਨੇ ਦੁਨੀਆਂ ਵਿਚ ਇਸੇ ਧੁੰਦ ਨੂੰ ਮਿਟਾਉਣ ਦਾ ਹੰਭਲਾ ਮਾਰਿਆ ਸੀ। ਤਾਂ ਹੀ ਤਾਂ ਭਾਈ ਗੁਰਦਾਸ ਨੇ ਕਿਹਾ ਸੀ, “ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ।” ਅਫਸੋਸ ਇਸ ਗੱਲ ਦਾ ਹੈ ਕਿ ਅਸੀਂ ਬਾਬੇ ਨਾਨਕ ਦੇ ਦਿੱਤੇ ਗਿਆਨ ਨੂੰ ਵਿਸਾਰ ਚੁਕੇ ਹਾਂ ਅਤੇ ਸਾਡੇ ਧਾਰਮਿਕ ਤੇ ਸਿਆਸੀ ਰਹਿਬਰ ਸਿਰਫ ਅਗਿਆਨ ਦੀ ਧੁੰਦ ਦਾ ਪਸਾਰਾ ਕਰ ਰਹੇ ਹਨ। ਆਪਣੇ ਵੱਖਰੇ ਅੰਦਾਜ਼ ਵਿਚ ਲਿਖਣ ਵਾਲੇ ਮਝੈਲ ਸਿੰਘ ਸਰਾਂ ਨੇ ਇਸ ਲੇਖ ਵਿਚ ਅਗਿਆਨ ਦੀ ਇਸੇ ਧੁੰਦ ਤੋਂ ਬਚਣ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ।
-ਸੰਪਾਦਕ ਪੰਜਾਬ ਟਾਈਮਜ਼
-ਮਝੈਲ ਸਿੰਘ ਸਰਾਂ
ਧੁੰਦ ਕੁਦਰਤ ਦਾ ਅਜਿਹਾ ਵਰਤਾਰਾ ਹੈ ਕਿ ਇਹ ਹਰ ਦਿਸਦੀ ਚੀਜ਼ `ਤੇ ਪਰਦਾ ਪਾ ਕੇ ਢਕਣ ਦੇ ਸਮਰਥ ਹੈ। ਧੁੰਦ ਕੋਈ ਵੀ ਸਥੂਲ ਚੀਜ਼ ਨਹੀਂ, ਜੋ ਪਕੜ `ਚ ਆ ਸਕੇ; ਨਾ ਹੀ ਧੁੰਦ ਨੂੰ ਦਿਨ-ਰਾਤ ਦਾ ਕੋਈ ਫਰਕ ਪੈਂਦਾ, ਪਰ ਇਹਦੇ ਵਿਚ ਇੰਨੀ ਤਾਕਤ ਹੈ ਕਿ ਚਲਦੀ ਜ਼ਿੰਦਗੀ ਵਿਚ ਖੜ੍ਹੋਤ ਲਿਆ ਦਿੰਦੀ ਹੈ। ਚੰਗੀ ਭਲੀ ਚਲਦੀ ਸੜਕ ਸੁੰਨ ਮਸਾਣ ਕਰ ਦਿੰਦੀ, ਅਸਮਾਨੀਂ ਚੜ੍ਹੇ ਜਹਾਜਾਂ ਨੂੰ ਥੱਲੇ ਲੁਹਾ ਦਿੰਦੀ ਤੇ ਸਮੁੰਦਰ `ਚ ਜਾਂਦੇ ਪਿੰਡਾਂ ਜਿੱਡੇ ਸਮੁੰਦਰੀ ਜਹਾਜਾਂ ਨੂੰ ਰੋਕ ਲੈਂਦੀ ਇਹ ਧੁੰਦ।

ਕਈ ਇਤਿਹਾਸਕ ਲੜਾਈਆਂ ਦਾ ਰੁਖ ਬਦਲ ਦਿੱਤਾ ਇਸ ਧੁੰਦ ਨੇ, ਜਿੱਤ ਨੂੰ ਹਾਰ ਤੇ ਹਾਰ ਨੂੰ ਜਿੱਤ ਵਿਚ ਬਦਲ ਦਿੱਤਾ! 27 ਅਗਸਤ 1776 ਨੂੰ ਬਰੁਕਲਿਨ ਦੀ ਲੜਾਈ ਵਿਚ ਜੇ ਰਾਤ ਨੂੰ ਧੁੰਦ ਨਾ ਪੈਂਦੀ ਤਾਂ ਸ਼ਾਇਦ ਅਮਰੀਕਾ ਦਾ ਨਕਸ਼ਾ ਵੀ ਕੁਝ ਹੋਰ ਹੁੰਦਾ ਤੇ ਜਾਰਜ ਵਾਸ਼ਿੰਗਟਨ ਦਾ ਨਸੀਬ ਵੀ ਵੱਖਰਾ ਹੁੰਦਾ। ਦੂਰ ਕਿਵੇਂ ਕੀਤੀ ਜਾਏ ਇਹ ਧੁੰਦ, ਇਨਸਾਨ ਦੇ ਵੱਸ `ਚ ਨਹੀਂ। ਹਨੇਰੇ ਦਾ ਹੱਲ ਹੈ ਰੋਸ਼ਨੀ, ਜੋ ਇਨਸਾਨ ਦੇ ਵੱਸ ਹੈ, ਪਰ ਧੁੰਦ ਦਾ ਹੱਲ ਸਿਰਫ ਤੇ ਸਿਰਫ ਕੁਦਰਤ ਜਾਂ ਸਿਰਜਣਹਾਰੇ ਦੇ ਹੱਥ!

ਧੁੰਦ! ਇੱਕਲੀ ਕੁਦਰਤੀ ਵਰਤਾਰਾ ਹੀ ਨਹੀਂ, ਸਗੋਂ ਇਹ ਤਾਂ ਆਦਮੀ ਦੇ ਦਿਮਾਗ ਵਿਚ ਵੀ ਪੈ ਜਾਂਦੀ ਆ। ਇਸੇ ਸਾਲ ਮਈ ਮਹੀਨੇ ਹੋਈਆਂ ਚੋਣਾਂ ਵੇਲੇ ‘ਮਿਟੀ ਧੁੰਧੁ ਜਗਿ ਚਾਨਣੁ ਹੋਆ’ ਗਾਉਣ ਵਾਲਿਆਂ `ਤੇ ਐਸੀ ਧੁੰਦ ਪਈ ਕਿ ਉਹ ਆਪਣੇ ਹੀ ਪੁੱਤਾਂ ਦੀਆਂ ਲਾਵਾਰਿਸ ਲਾਸ਼ਾਂ ਦੀ ਨਿਸ਼ਾਨਦੇਹੀ ਕਰਨ ਦੇ ਉਲਟ ਲਾਸ਼ਾਂ ਦੇ ਵਪਾਰੀਆਂ ਨਾਲ ਜਾ ਖੜ੍ਹੇ ਹੋਏ। ਧੁੰਦ ਸਮਾਜ ਨੂੰ ਵੀ ਆਪਣੀ ਗਲਵੱਕੜੀ ਵਿਚ ਜਕੜ ਲੈਂਦੀ, ਕਾਨੂੰਨ ਦੀ ਐਨਕ ਨੂੰ ਧੁੰਦਲਾ ਕਰ ਜਾਂਦੀ। ਰਾਜ ਸੱਤਾ `ਤੇ ਵੀ ਕਾਬਜ਼ ਹੋ ਜਾਂਦੀ ਆ ਤੇ ਅਕਸਰ ਜ਼ੁਲਮ ਨੂੰ ਇਨਸਾਫ ਬਣਾ ਕੇ ਪਰੋਸ ਦਿੰਦੀ ਧੁੰਦ।

ਸਭ ਤੋਂ ਖਤਰਨਾਕ ਹੁੰਦੀ ਧਾਰਮਿਕ ਧੁੰਦ, ਜੋ ਪੁਜਾਰੀ ਧਰਮ ਦਾ ਲਿਬਾਸ ਪਾ ਕੇ ਅਧਰਮ ਫੈਲਾਉਂਦੇ| ਭਰਮ ਨੂੰ ਸੱਚ ਬਣਾ ਕੇ ਲੋਕਾਂ ਦੀ ਸਹਿਮਤੀ ਨਾਲ ਉਨ੍ਹਾਂ ਦੀ ਹੀ ਹਰ ਤਰ੍ਹਾਂ ਦੀ ਲੁੱਟ ਖਸੁੱਟ ਕੀਤੀ ਜਾਂਦੀ। ਪੁਜਾਰੀ ਦੀ ਧੁੰਦ ਬੜੇ ਖੌਫਨਾਕ ਨਤੀਜੇ ਕੱਢਦੀ, ਅਸੀਂ ਆਹ ਪਿਛੇ ਜਿਹੇ ਦੇਖਿਆ ਈ ਆ ਕਿ ਇੱਕ ਪੁਜਾਰੀ ਨੇ ਇੱਕ ਧਾਰਮਿਕ ਥਾਂ ਤੋਂ ਇਹ ਕਹਿ ਦਿੱਤਾ ਕਿ ਫਲਾਣੇ ਮੁਸਲਮਾਨ ਦੇ ਘਰ ਗਾਂ ਦਾ ਮਾਸ ਪਿਆ, ਬੱਸ ਕਿਸੇ ਨੇ ਜਾਣਨ ਦੀ ਕੋਸ਼ਿਸ਼ ਨਾ ਕੀਤੀ! ਜਾ ਕਤਲ ਕੀਤਾ ਉਹ ਮੁਸਲਮਾਨ, ਉਹਦੇ ਆਪਣੇ ਹੀ ਘਰ ਵਿਚ ਤੇ ਸਾਰੇ ਮੁਲਕ ਵਿਚ ਫੈਲ ਗਈ ਮੁਤੱਸਬੀ ਅੱਗ।

ਪੁਜਾਰੀ ਜਦੋਂ ਰਾਜ ਸਿੰਘਾਸਨ ਵਾਲਿਆਂ ਨਾਲ ਰਲ ਕੇ ਧੁੰਦ ਦਾ ਜ਼ਰੀਆ ਬਣਦਾ, ਉਦੋਂ ਉਹਦਾ ਕਹਿਰ ਸਿਖਰ `ਤੇ ਹੁੰਦਾ। 1947 `ਚ ਪੰਜਾਬ ਦੀ ਵੰਡ ਵੇਲੇ ਹੋਇਆ ਕਤਲੇਆਮ ਇੱਕ ਮਿਸਾਲ ਆ। ਇਨ੍ਹਾਂ ਧਾਰਮਿਕ ਲੋਕਾਂ ਬਾਰੇ ਲਿਬਨਾਨ ਦੇ ਸੰਸਾਰ ਪ੍ਰਸਿੱਧ ਲੇਖਕ ਖਲੀਲ ਜ਼ਿਬਰਾਨ ਨੇ ਕਿਹਾ ਹੈ, “ਪੂਰਬ ਦੇ ਧਾਰਮਿਕ ਮੁਖੀ ਈਸਾਈ ਪਾਦਰੀ, ਮੁਸਲਿਮ ਇਮਾਮ ਤੇ ਬ੍ਰਾਹਮਣ ਪੁਜਾਰੀ ਸਮੁੰਦਰੀ ਖੂੰਖਾਰ ਜੀਵਾਂ ਵਾਂਗ ਹੁੰਦੇ ਹਨ, ਜੋ ਆਪਣੇ ਸ਼ਿਕਾਰ ਨੂੰ ਸ਼ਿਕੰਜਿਆਂ ਵਿਚ ਜਕੜ ਕੇ ਅਨੇਕਾਂ ਮੂੰਹਾਂ ਨਾਲ ਉਨ੍ਹਾਂ ਦਾ ਖੂਨ ਚੂਸਦੇ ਹਨ।”

ਬਾਈਬਲ ਅਨੁਸਾਰ ਧੁੰਦ ਰੂਹਾਨੀਅਤ ਦੇ ਰਾਹ ਦਾ ਰੋੜਾ ਹੈ, ਇਹ ਅਸਲੀਅਤ ਤੇ ਨਕਲ ਦੇ ਵਿਚਾਲੇ ਪਰਛਾਵਾਂ ਹੈ, ਜੋ ਅਸਲੀਅਤ ਨੂੰ ਸਦਾ ਲੁਕੋਈ ਰੱਖਦਾ। ਉਨੀਵੀਂ ਸਦੀ ਦੇ ਅੰਗਰੇਜ਼ੀ ਕਵੀ ਬ੍ਰਾਊਨਿੰਗ ਮੁਤਾਬਕ ਧੁੰਦ ਮੌਤ ਦੀ ਨਿਸ਼ਾਨੀ ਹੁੰਦੀ। ਇਸਲਾਮ ਵਿਚ ਧੁੰਦ ਨੂੰ ਕਿਆਮਤ ਨਾਲ ਵੀ ਜੋੜਿਆ ਗਿਆ, ਜਿਸ ਵਿਚ ਸਾਰੇ ਕਾਫਿਰ ਬੇਹੋਸ਼ ਹੋ ਜਾਣਗੇ ਤੇ ਮੁਸਲਮਾਨ ਬਚਣਗੇ। ਸਾਹਿਤ ਵਿਚ ਜਦੋਂ ਕਿਸੇ ਚੀਜ਼ ਨੂੰ ਅਸਪਸ਼ਟ, ਅਗਿਆਨ, ਭੇਤ, ਉਲਝਣ, ਨਕਲੀ, ਭੁਲੇਖਾ, ਭਰਮ ਵਗੈਰਾ ਦੱਸਣਾ ਹੋਵੇ ਤਾਂ ਲਫਜ਼ ਧੁੰਦ ਜਾਂ ਧੁੰਦਲਾ ਵਰਤਿਆ ਜਾਂਦਾ। ਧੁੰਦ ਨੂੰ ਕਰੀਬ ਸਾਰੇ ਵੱਡੇ ਧਰਮਾਂ ਨੇ ਇੱਕ ਵਿਨਾਸ਼ਕਾਰੀ ਵਜੋਂ ਲਿਆ ਸਿਵਾਏ ਇੱਕ ਧਰਮ ਦੇ, ਜਿਸ ਵਿਚ ਇਹ ਵੀ ਇੱਕ ਦੇਵਤਾ ਹੈ। ਧੁੰਦ ਬਾਰੇ ਇਹ ਥੋੜ੍ਹਾ ਜਿਹਾ ਜ਼ਿਕਰ ਤਾਂ ਕੀਤਾ ਕਿ ਜਦੋਂ ਆਪਾਂ ਭਾਈ ਗੁਰਦਾਸ ਜੀ ਦਾ ਸ਼ਬਦ ‘ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ’ ਪੜ੍ਹੀਏ ਤਾਂ ਇਹ ਜ਼ਿਹਨ ਵਿਚ ਰਹੇ ਕਿ ਇਹ ਸ਼ਬਦ ਸਿਰਫ ਪ੍ਰਭਾਤ ਫੇਰੀਆਂ `ਤੇ ਗਾਉਣ, ਸੁਣਨ ਤੇ ਬਦਾਨਾ-ਬੂੰਦੀ ਖਾਣ ਤੱਕ ਹੀ ਸੀਮਿਤ ਨਾ ਰਹੇ, ਧੁੰਦ ਨੂੰ ਬਾਬੇ ਨਾਨਕ ਨੇ ਆਪਣੀ ਜ਼ਿੰਦਗੀ ਦਾ ਹਰ ਦਿਨ, ਹਰ ਪਲ, ਹਰ ਦੁਨਿਆਵੀ ਦੁੱਖ-ਤਕਲੀਫ, ਮੁਸੀਬਤ ਨੂੰ ਆਪਣੇ ਪਿੰਡੇ `ਤੇ ਹੰਢਾ ਕੇ ਮਿਟਾਇਆ ਤਾਂ ਜਗਤ ਵਿਚ ਚਾਨਣ ਹੋਇਆ। ਜ਼ਿੰਦਗੀ ਦਾ ਕਿਹੜਾ ਦਿਨ ਸੀ, ਜਿੱਦਣ ਇਸ ਧੁੰਦ ਨੇ ਬਾਬੇ ਦਾ ਰਾਹ ਰੋਕਣ ਦਾ ਯਤਨ ਨਾ ਕੀਤਾ ਹੋਵੇ।

ਗੁਰੂ ਨਾਨਕ ਸਾਹਿਬ ਦੇ ਅਵਤਾਰ ਧਾਰਨ ਵਕਤ ਜੋ ਹਾਲਾਤ ਸਨ, ਉਹ ਆਪਾਂ ਇਤਿਹਾਸ ਵਿਚ ਪੜ੍ਹੇ ਹੋਏ ਹਨ, ਇੱਕੋ ਲਫਜ਼ ਵਿਚ ਜੇ ਕਹਿਣਾ ਹੋਵੇ ਤਾਂ ਸਭ ਪਾਸੇ ‘ਗੂੜ੍ਹੀ ਧੁੰਦ’ ਸੀ ਤੇ ਬਾਬੇ ਨਾਨਕ ਦੀ ਪੈਗੰਬਰੀ ਆਮਦ ਇਸ ਧੁੰਦ ਨੂੰ ਮਿਟਾਉਣ ਖਾਤਿਰ ਹੀ ਹੋਈ। ਜਨਮ ਤੋਂ ਲੈ ਕੇ ਪਰਲੋਕ ਗਮਨ ਤੱਕ ਬਾਬਾ ਨਾਨਕ ਇਸ ਧੁੰਦ ਨਾਲ ਦੋ ਦੋ ਹੱਥ ਕਰਦਾ ਰਿਹਾ। ਜਿਥੇ ਬਾਬਾ ਰੱਬੀ ਬਾਣੀ ਦੇ ਛੱਟੇ ਮਾਰ ਕੇ ਲੋਕਾਈ ਨੂੰ ਇਸ ਧੁੰਦ ਤੋਂ ਛੁਟਕਾਰਾ ਦਿਵਾਉਂਦਾ ਰਿਹਾ, ਉਥੇ ਖੁਦ ਧੁੰਦ ਨਾਲ ਟੱਕਰ ਕੇ ਚਾਨਣ ਵੰਡਦਾ ਰਿਹਾ।

ਇਥੇ ਆਪਾਂ ਸਿਰਫ ਬਾਬੇ ਨਾਨਕ ਨਾਲ ਜੁੜੀਆਂ ਕੁਝ ਪ੍ਰਚਲਿਤ ਕਥਾਵਾਂ ਸਾਂਝੀਆਂ ਕਰਾਂਗੇ, ਜਿਨ੍ਹਾਂ ਤੋਂ ਪਤਾ ਲੱਗੂ ਕਿ ਉਨ੍ਹਾਂ ਦੀ ਪੈਗੰਬਰੀ ਸੁਰਤ ਦੀ ਪਹੁੰਚ ਕਿਥੋਂ ਤੱਕ ਸੀ ਤਾਂ ਕਿ ਜੋ ਉਹਦਾ ਕਰਾਮਾਤੀ ਅਕਸ ਸਾਡੇ ਮਨਾਂ ਵਿਚ ਬੈਠਾਇਆ ਗਿਆ ਹੈ, ਉਹ ਵੀ ਨਿਕਲ ਜਾਵੇ। ਸੱਤ ਸਾਲ ਦੀ ਉਮਰ ਵਿਚ ਬਾਲ ਨਾਨਕ ਨੂੰ ਪਹਿਲਾਂ ਪੰਡਿਤ ਗੋਪਾਲ ਤੇ ਫਿਰ ਪੰਡਿਤ ਬ੍ਰਿਜ ਨਾਥ ਕੋਲ ਪੜ੍ਹਨ ਪਾ ਦਿੱਤਾ, ਜੋ ਸੰਸਕ੍ਰਿਤ ਦੇ ਨਾਲ ਨਾਲ ਹਿੰਦੂ ਸ਼ਾਸਤਰਾਂ ਦਾ ਵੀ ਵਿਦਵਾਨ ਸੀ। ਬਾਬਾ ਨਾਨਕ ਦੋ ਸਾਲ ਤੱਕ ਉਥੇ ਪੜ੍ਹਿਆ ਤੇ ਸੰਸਕ੍ਰਿਤ ਸਿੱਖੀ। ਜਦੋਂ ਸ਼ਾਸਤਰਾਂ ਦੀ ਗੱਲ ਹੋਈ ਤਾਂ ਬਾਲ ਨਾਨਕ ਪੰਡਿਤ ਨੂੰ ਉਹ ਸੁਆਲ ਪੁੱਛਣ ਲੱਗਾ, ਜਿਨ੍ਹਾਂ ਦਾ ਉਸ ਕੋਲ ਕੋਈ ਜੁਆਬ ਨਹੀਂ ਸੀ। ਨਾਨਕ ਰੂਹਾਨੀਅਤ ਦੀਆਂ ਉਹ ਗੱਲਾਂ ਕਰਨ ਲੱਗ ਪਿਆ, ਜੋ ਪੰਡਿਤ ਦੇ ਸ਼ਾਸਤਰਾਂ ਵਿਚੋਂ ਨਹੀਂ ਸਨ ਮਿਲਦੀਆਂ। ਬਾਲ ਨਾਨਕ ਨੇ ਉਸ ਛੋਟੀ ਉਮਰ ਵਿਚ ਹੀ ਸਮਝ ਲਿਆ ਕਿ ਜੋ ਵਿਦਿਆ ਪੰਡਿਤ ਸੰਸਕ੍ਰਿਤ ਵਿਚ ਦਿੰਦਾ, ਉਹ ਤਾਂ ਤਲਵੰਡੀ ਦਾ ਕੋਈ ਵੀ ਬਾਸ਼ਿੰਦਾ ਨਹੀਂ ਸਮਝਦਾ ਤੇ ਉਸ ਵਿੱਦਿਆ ਦਾ ਕੀ ਫਾਇਦਾ ਜੋ ਆਪਣੀ ਬੋਲੀ ਵਿਚ ਨਾ ਹੋਵੇ, ਜਿਸ ਦੀ ਸਮਝ ਨਾ ਪਵੇ?

ਬਾਲ ਨਾਨਕ ਦੀ ਪੈਗੰਬਰੀ ਸੁਰਤ ਨੇ ਜਾਣ ਲਿਆ ਕਿ ਲੋਕਾਂ ਦੇ ਮਨਾਂ ਅੰਦਰ ਜੋ ਧੁੰਦ ਪਈ ਹੋਈ ਹੈ, ਉਹਦਾ ਇੱਕ ਕਾਰਨ ਅਗਿਆਨ ਹੈ ਤੇ ਦੂਜਾ, ਜੋ ਗਿਆਨ ਦਿੱਤਾ ਜਾ ਰਿਹਾ ਹੈ, ਉਹ ਪਰਾਈ ਬੋਲੀ ਵਿਚ ਹੋਣ ਕਰਕੇ ਉਸ ਧੁੰਦ ਨੂੰ ਹੋਰ ਗਹਿਰਾ ਕਰੀ ਜਾਂਦਾ। ਇਥੇ ਬਾਬੇ ਨਾਨਕ ਨੇ ਸਭ ਤੋਂ ਪਹਿਲਾ ਇਨਕਲਾਬੀ ਕਦਮ ਚੁੱਕਿਆ ਤੇ ਗੁਰਮੁਖੀ ਵਿਚ ਪੱਟੀ ਲਿਖ ਕੇ ਪੰਡਿਤ ਨੂੰ ਕਿਹਾ ਕਿ ਐਸ ਬੋਲੀ ਵਿਚ ਗਿਆਨ ਚਾਹੀਦਾ। ਸਦੀਆਂ ਤੋਂ ਚਲੀ ਆ ਰਹੀ ਦੇਵ ਬੋਲੀ ਸੰਸਕ੍ਰਿਤ ਨੂੰ ਸਿੱਧਾ ਚੈਲੰਜ ਸੀ ਇਹ, ਬਾਬੇ ਨਾਨਕ ਦਾ। ਸਾਰੀ ਉਮਰ ਇਸੇ ਬੋਲੀ ਵਿਚ ਰੱਬੀ ਬਾਣੀ ਉਚਾਰ ਕੇ ਇਹ ਦੱਸ ਦਿੱਤਾ ਕਿ ਪੁਜਾਰੀ ਦੀ ਅਖੌਤੀ ਦੇਵ ਬੋਲੀ ਨਾਲੋਂ ਵੀ ਬਿਹਤਰ ਰੱਬੀ ਗਿਆਨ ਲੋਕ ਬੋਲੀ ਗੁਰਮੁਖੀ ਵਿਚ ਹੁੰਦਾ, ਜੋ ਮਨਾਂ ਅੰਦਰ ਪਈ ਧੁੰਦ ਨੂੰ ਦੂਰ ਕਰ ਸਕਦਾ। ਇਹ ਨਾਬਰੀ ਸ਼ਾਇਦ ਪੁਜਾਰੀ ਤੋਂ ਸਹਾਰੀ ਨਾ ਗਈ ਤੇ ਉਦੋਂ ਦਾ ਹੀ ਉਹ ਗੁਰਮੁਖੀ ਨਾਲ ਖੁੰਦਕ ਖਾ ਗਿਆ ਲਗਦਾ, ਜੋ ਅੱਜ ਤੱਕ ਵੀ ਸਿਰੇ ਦੀ ਨਫਰਤ ਪਾਲੀ ਬੈਠਾ ਇਸ ਨਾਲ।

ਬਾਬੇ ਨਾਨਕ ਦੀ ਸੁਰਤ ਇਹ ਵੀ ਜਾਣ ਗਈ ਕਿ ਜੇ ਭੋਲੇ ਭਾਲੇ ਲੋਕਾਂ ਨੂੰ ਅਗਿਆਨ ਦੀ ਧੁੰਦ ਵਿਚੋਂ ਕੱਢਣਾ ਹੈ ਤਾਂ ਸਹੀ ਗਿਆਨ ਜਾਂ ਸਹੀ ਪੜ੍ਹਾਈ ਬਹੁਤ ਜ਼ਰੂਰੀ ਹੈ| ਬਾਬਾ ਕੱਤਈ ਨਹੀਂ ਚਾਹੁੰਦਾ ਹੋਣਾ ਕਿ ਜੋ ਉਹਦੇ ਨਿਰਮਲ ਪੰਥ ਦੇ ਪਾਂਧੀ ਬਣਨ, ਉਹ ਜਾਹਲ, ਅਨਪੜ੍ਹ, ਅਗਿਆਨੀ ਤੇ ਪਿਛਲੱਗ ਹੋਣ। ਨਿਰਮਲ ਪੰਥ ਵਾਲੇ ਐਨੇ ਕੁ ਜ਼ਰੂਰ ਰੌਸ਼ਨ ਦਿਮਾਗ ਹੋਣ ਕਿ ਉਹ ਚੰਗੇ-ਬੁਰੇ ਦੀ ਪਛਾਣ ਕਰ ਸਕਣ, ਉਹਨੂੰ ਇੰਨਾ ਕੁ ਗਿਆਨ ਜ਼ਰੂਰ ਹੋਣਾ ਚਾਹੀਦਾ ਕਿ ਅੱਜ ਪੁਜਾਰੀ ਦੀ ਹਾਕਮ ਜਮਾਤ ਬੜੇ ਸ਼ਾਤਰ ਤਰੀਕੇ ਨਾਲ ਉਹਦੇ ਪੁਰਖਿਆਂ ਦੇ ਇਤਿਹਾਸ ਵਿਚ ਰੌਲ ਘਚੋਲਾ ਪਾ ਰਹੀ ਹੈ।

ਡਰ ਤਾਂ ਇਹ ਵੀ ਹੈ ਕਿ ਸਰਕਾਰੀ ਤੰਤਰ 550 ਸਾਲਾ ਗੁਰਪੁਰਬ ਮਨਾਉਣ ਦੀ ਆੜ ਥੱਲੇ ਬਾਬੇ ਨਾਨਕ ਦੇ ਨਿਰਮਲ ਪੰਥ ਨੂੰ ਭਗਵੇਂ ਰੰਗ ਵਿਚ ਹੀ ਨਾ ਪੇਸ਼ ਕਰ ਦੇਵੇ ਤੇ ਸਿੱਖ ਨਗਰ ਕੀਰਤਨਾਂ ਅੱਗੇ ਬੱਸ ਗਤਕੇ ਖੇਡੀ ਜਾਣ ਤੇ ਅਗਲੇ ਸਾਡੇ ਅਵੇਸਲੇਪਨ ਵਿਚ ਹੀ ਐਸੀ ਧੁੰਦ ਪਾ ਜਾਣ ਕਿ ਸਾਡੀਆਂ ਆਉਣ ਵਾਲੀਆਂ ਪੁਸ਼ਤਾਂ ਇਹਦੀ ਚੀਸ ਸਹਿੰਦੀਆਂ ਫਿਰਨ।

ਗੁਰਦੁਆਰਾ ਪੱਟੀ ਸਾਹਿਬ (ਪਾਕਿਸਤਾਨ) ਕੇਵਲ ਸ਼ਰਧਾ ਵੱਸ ਮੱਥਾ ਟੇਕਣ ਵਾਲੇ ਧਾਰਮਿਕ ਸਥਾਨ ਨਾਲੋਂ ਵੱਧ ਸਾਨੂੰ ਬਾਬੇ ਨਾਨਕ ਦਾ ਇਹ ਸੁਨੇਹਾ ਵੀ ਦਿੰਦਾ ਕਿ ਮਨਾਂ ਅੰਦਰ ਪਈ ਅਗਿਆਨ ਦੀ ਧੁੰਦ ਗਿਆਨ ਨਾਲ ਹਟਣੀ ਆ|

ਗਿਆਰਾਂ ਸਾਲ ਦੀ ਉਮਰ ਵਿਚ ਬਾਬੇ ਨਾਨਕ ਨੂੰ ਜਦੋਂ ਪੰਡਿਤ ਜਨੇਊ ਦੀਆਂ ਰਸਮਾਂ ਦੇ ਮੰਤਰ ਪੜ੍ਹ ਕੇ ਜਨੇਊ ਪਾਉਣ ਲੱਗਾ ਤਾਂ ਬਾਬੇ ਨੇ ਇਹੋ ਹੀ ਪੁੱਛਿਆ ਕਿ ਆਹ ਜੋ ਸੂਤ ਦੇ ਧਾਗੇ ਨੂੰ ਵੱਟ ਦੇ ਕੇ ਗੰਢਾਂ ਦਿੰਨਾਂ, ਇਨ੍ਹਾਂ ਦਾ ਮਤਲਬ ਕੀ ਹੈ? ਪੰਡਿਤ ਕਹੇ ਕਿ ਇਹ ਸ਼ਾਸਤਰਾਂ ਦੀ ਵਿਦਿਆ ਮੁਤਾਬਕ ਹੈ, ਬਾਬਾ ਇਹੋ ਕਹਿੰਦਾ ਹੋਣਾ ਕਿ ਕਿਹੜੇ ਸ਼ਾਸਤਰਾਂ ਦੀ ਗੱਲ ਕਰਦਾ? ਉਨ੍ਹਾਂ ਦੀ, ਜੋ ਸਮਾਜ ਵਿਚ ਵੰਡੀਆਂ ਪਾਉਂਦੇ ਆ? ਰੱਬ ਦੇ ਇਨਸਾਨਾਂ ਨੂੰ ਅਛੂਤ ਗਰਦਾਨ ਕੇ ਪਸੂਆਂ ਤੋਂ ਵੀ ਬਦਤਰ ਜ਼ਿੰਦਗੀ ਬਸਰ ਕਰਨ `ਤੇ ਮਜ਼ਬੂਰ ਕੀਤਾ ਹੋਇਆ, ਉਹ ਸ਼ਾਸਤਰ ਜੋ ਜਗਤ ਜਣਨੀ ਨੂੰ ਪੈਰ ਦੀ ਜੁੱਤੀ ਕਹਿ ਕੇ ਦੁਰਕਾਰਦੇ ਆ? ਉਨ੍ਹਾਂ ਸ਼ਾਸਤਰਾਂ ਦੀ ਗੱਲ ਕਰਦੈਂ, ਜੋ ਜ਼ਾਲਮ ਹੁਕਮਰਾਨ ਨੂੰ ਨੇਹ-ਕਲੰਕ ਕਹਿ ਕੇ ਵਡਿਆਉਂਦਾ ਅਤੇ ਪੁਜਾਰੀ ਰਿਸ਼ਵਤਖੋਰ ਬਣ ਕੇ ਉਹਦੀ ਪਿੱਠ `ਤੇ ਹੱਥ ਰੱਖਦਾ, ਤੇ ਧਰਮ ਵਲੋਂ ਮੂੰਹ ਫੇਰ ਲੈਂਦਾ?

ਸਨਾਤਨ ਮਤ ਵਿਚ ਜਨੇਊ ਦੀ ਰਸਮ ਇੱਕ ਤਰ੍ਹਾਂ ਵਿਆਹ ਜਿਹੀ ਹੁੰਦੀ ਆ। ਸਭ ਰਿਸ਼ਤੇਦਾਰ ਤੇ ਹੋਰ ਸ਼ਰੀਕੇ ਭਾਈਚਾਰੇ ਦੇ ਸਾਰੇ ਪਤਵੰਤੇ ਸੱਦੇ ਜਾਂਦੇ ਹਨ ਤੇ ਮਹਿਤਾ ਕਾਲੂ ਜੀ ਤਾਂ ਇਲਾਕੇ ਦੇ ਪਟਵਾਰੀ ਤੇ ਵੱਡੇ ਅਸਰ ਰਸੂਖ ਵਾਲੇ ਹੋਣ ਕਰਕੇ ਨਾਨਕ ਦੀ ਇਸ ਜਨੇਊ ਰਸਮ ਵਿਚ ਦੋਹਾਂ ਧਰਮਾਂ ਦੇ ਲੋਕਾਂ ਦਾ ਬੜਾ ਵੱਡਾ ਇੱਕਠ ਹੋਇਆ ਸੀ। ਨਾਨਕ ਆਪਣੇ ਬਾਪ ਨੂੰ ਪਹਿਲਾਂ ਵੀ ਕਹਿ ਸਕਦਾ ਸੀ ਕਿ ਮੈਂ ਜਨੇਊ ਨਹੀਂ ਪਾਉਣਾ ਤੇ ਐਵੇਂ ਨਾ ਐਨਾ ਵੱਡਾ ਇੱਕਠ ਕਰ, ਪਰ ਬਾਬੇ ਨੇ ਤਾਂ ਸਦੀਆਂ ਤੋਂ ਪੈ ਰਹੀ ਧੁੰਦ ਨੂੰ ਲੋਕਾਂ ਦੇ ਸਾਹਮਣੇ ਨਸ਼ਰ ਕਰਨਾ ਸੀ, ਭਾਵੇਂ ਉਹਨੂੰ ਬਾਪ ਦੇ ਨਾਲ ਰਿਸ਼ਤੇਦਾਰਾਂ ਦੀ ਵੀ ਤਲਖੀ ਕਿਉਂ ਨਾ ਝੱਲਣੀ ਪਈ ਹੋਵੇ! ਪੁਜਾਰੀ ਨੂੰ ਨਾਨਕ ਦਾ ਇਹ ਕਦਮ ਭੈਭੀਤ ਕਰ ਗਿਆ, ਜੋ ਉਹਦੀ ਸਰਦਾਰੀ ਨੂੰ ਸਿੱਧੀ ਚੁਣੌਤੀ ਦਿੰਦਾ ਹੋਵੇ, ਪਰ ਲੋਕਾਂ ਦੇ ਮਨਾਂ ਨੂੰ ਬਾਬੇ ਨਾਨਕ ਦਾ ਤਰਕ ਭਾਅ ਗਿਆ ਤੇ ਉਹ ਵੀ ਜ਼ੁਰਅਤ ਕਰਨ ਲੱਗ ਪਏ ਪੁਜਾਰੀ ਨੂੰ ਸੁਆਲ ਪੁੱਛਣ ਦੀ।

ਪਿਤਾ ਮਹਿਤਾ ਕਾਲੂ ਨੇ ਸੋਚਿਆ ਕਿ ਪੁੱਤ ਦੇ ਕੰਮ ਕੁਝ ਅਵੱਲੇ ਜਿਹੇ ਹਨ ਤਾਂ ਉਨ੍ਹਾਂ ਨੇ ਨਾਨਕ ਨੂੰ ਦੁਨੀਆਂਦਾਰੀ ਵਿਚ ਪਾਉਣ ਖਾਤਿਰ ਉਹਦਾ ਵਿਆਹ ਕਰਨਾ ਠੀਕ ਸਮਝਿਆ। ਅਕਸਰ ਇਹੋ ਪ੍ਰਚਾਰਿਆ ਜਾਂਦਾ ਕਿ ਨਾਨਕ ਦੀ ਬਰਾਤ ਵਿਚ ਸਾਰੇ ਸਾਧੂ ਸੰਤ ਹੀ ਗਏ, ਇਹ ਸਾਧਾਂ ਦੇ ਵੱਧ ਫਿੱਟ ਵੀ ਬੈਠਦਾ ਕਿ ਉਨ੍ਹਾਂ ਦੀ ਇਸ ਨਾਲ ਮਾਨਤਾ ਬਰਕਰਾਰ ਰਹਿੰਦੀ; ਪਰ ਇਸ ਤੋਂ ਉਲਟ ਨਾਨਕ ਦੀ ਬਰਾਤ ਵਿਚ ਤਲਵੰਡੀ ਦੇ ਸਾਰੇ ਸਰਦੇ-ਪੁੱਜਦੇ ਵੱਡੇ ਲੋਕ ਗਏ, ਕਿਉਂਕਿ ਮਹਿਤਾ ਕਾਲੂ ਦੀ ਆਪਣੀ ਹੈਸੀਅਤ ਬਹੁਤ ਵੱਡੀ ਸੀ ਤੇ ਅੱਗੋਂ ਨਾਨਕ ਦਾ ਸਹੁਰਾ ਪਰਿਵਾਰ ਵੀ ਇਲਾਕੇ ਦਾ ਮੰਨਿਆ ਦੰਨਿਆ ਸੀ। ਬਾਬਾ ਨਾਨਕ ਕੋਈ ਵੀ ਅਜਿਹਾ ਮੌਕਾ ਨਹੀਂ ਸੀ ਖੁੰਝਾਉਂਦਾ, ਜਦੋਂ ਉਹਨੂੰ ਪੁਜਾਰੀ ਦੀ ਪਾਈ ਧੁੰਦ ਨਾਲ ਖੁਦ ਨਾ ਨਜਿਠਿਆ ਹੋਵੇ! ਇਥੇ ਵੀ ਬਾਬਾ ਨਾਨਕ ਅੜ੍ਹ ਗਿਆ ਕਿ ਮੈਂ ਅਗਨੀ ਦੁਆਲੇ ਫੇਰੇ ਕਿਉਂ ਲਵਾਂ? ਪੁਰੋਹਿਤਾਂ ਨੇ ਬਥੇਰਾ ਦੱਸਿਆ ਕਿ ਇਹ ਅਗਨੀ ਸ਼ਾਸਤਰਾਂ ਦੇ ਮੰਤਰਾਂ ਨਾਲ ਪਵਿੱਤਰ ਹੈ ਤੇ ਦੇਵੀ-ਦੇਵਤਿਆਂ ਨੇ ਇਹਨੂੰ ਪਵਿੱਤਰ ਕਿਹਾ ਹੋਇਆ ਤੇ ਸਦੀਆਂ ਤੋਂ ਸਭ ਇਹਨੂੰ ਚਸ਼ਮਦੀਦ ਗਵਾਹ ਮੰਨ ਕੇ ਵਿਆਹ ਦੀਆਂ ਰਸਮਾਂ ਪੂਰੀਆਂ ਕਰਦੇ ਆ ਰਹੇ ਹਨ ਤੇ ਤੈਨੂੰ ਵੀ ਕਰਨੀਆਂ ਹੀ ਪੈਣੀਆਂ। ਬਾਬੇ ਨੇ ਤਰਕ ਦਿੱਤਾ ਹੋਣਾ ਕਿ ਫਿਰ ਤਾਂ ਚੁੱਲ੍ਹੇ ਵਿਚ ਬਲਦੀ ਅੱਗ ਇਸ ਨਾਲੋਂ ਵੀ ਪਵਿੱਤਰ ਹੋਈ, ਜੋ ਭੁੱਖੇ ਢਿੱਡ ਨੂੰ ਜੀਵਨ ਦਾਨ ਦਿੰਦੀ ਹੈ, ਫਿਰ ਦੱਸੋ ਇਹ ਉਹਦੇ ਤੋਂ ਬਿਹਤਰ ਕਿੱਦਾਂ ਹੋਈ?

ਇਹ ਬਹਿਸ ਕੋਈ ਘੰਟੇ, ਅੱਧੇ ਘੰਟੇ ਦੀ ਥੋੜੋ ਹੋਈ ਹੋਣੀ, ਕਿਉਂਕਿ ਪੁਜਾਰੀ ਹਾਰ ਮੰਨਣ ਵਾਲਾ ਛੇਤੀ ਕਿਤੇ! ਕਮਾਲ ਤਾਂ ਇਹ ਵੀ ਹੋਣਾ ਕਿ ਇਕੱਲਾ ਵਿਆਹੁੰਦੜ ਨਾਨਕ ਇੱਕ ਪਾਸੇ ਤੇ ਦੋ ਪਰਿਵਾਰਾਂ ਦਾ ਸਾਰਾ ਕੁਨਬਾ, ਸਮੇਤ ਪੁਜਾਰੀ ਇੱਕ ਪਾਸੇ। ਉਤੋਂ ਸਿਤਮ ਇਹ ਕਿ ਮਹਿਤਾ ਕਾਲੂ ਪਹਿਲਾਂ ਹੀ ਆਪਣੇ ਪੁੱਤ ਤੋਂ ਖਫਾ ਸੀ ਤੇ ਆਹ ਉਹਦਾ ਨਵਾਂ ਪੁਆੜਾ ਉਹਨੂੰ ਹੋਰ ਵੀ ਨਮੋਸ਼ੀ ਭਰਿਆ ਲਗਦਾ ਹੋਣਾ ਇਸ ਖੁਸ਼ੀ ਦੇ ਮਾਹੌਲ ਵਿਚ। ਪਤਾ ਨਹੀਂ ਨਾਨਕ `ਤੇ ਕਿੰਨਾ ਕੁ ਦਬਾਅ ਪਾਇਆ ਹੋਣਾ ਕਿ ਛੱਡ ਪਰੇ, ਲੈ ਫੇਰੇ ਜਿਵੇਂ ਪੁਜਾਰੀ ਕਹਿੰਦਾ, ਪਰ ਬਾਬੇ ਨਾਨਕ ਨੇ ਤਾਂ ‘ਜਗਿ’ ਭਾਵ ਸੰਸਾਰ ਵਿਚ ਚਾਨਣ ਕਰਨਾ ਸੀ, ਸਦੀਆਂ ਤੋਂ ਚਲੀ ਆ ਰਹੀ ਪੁਜਾਰੀ ਦੀ ਧੁੰਦ ਨੂੰ ਮਿਟਾ ਕੇ|

ਦਰਅਸਲ ਪੁਜਾਰੀ ਇਹਦੀ ਆੜ `ਚ ਲੋਕਾਂ ਵਿਚ ਬੜੇ ਵਹਿਮ ਭਰਮ ਪਾ ਕੇ ਰੱਖਦਾ ਸੀ ਜਿਵੇਂ ਪੱਤਰੀ, ਮੰਗਲੀਕ, ਕੁੰਡਲੀ ਨਾ ਮਿਲਣਾ, ਗੰਧਮੂਲ, ਪੈਂਚਕਾਂ, ਤਾਰਾ ਡੁੱਬਿਆ, ਤਾਰਾ ਚੜ੍ਹਿਆ, ਰਾਹੂ-ਕੇਤੂ, ਸ਼ਨੀ, ਸਰਾਧ, ਨਰਾਤੇ-ਪਤਾ ਨਹੀਂ ਕੀ ਕੀ ਕੁਝ! ਤੇ ਫਿਰ ਉਹਦਾ ਉਪਾਅ ਵੀ ਆਪ ਹੀ ਦੱਸ ਕੇ ਮਣਾਂ ਮੂੰਹੀਂ ਦਾਨ ਲੈਂਦਾ ਸੀ। ਬਾਬੇ ਨਾਨਕ ਦੀਆਂ ਦਲੀਲਾਂ ਅੱਗੇ ਪੁਜਾਰੀ ਪਤਲਾ ਪੈਂਦਾ ਗਿਆ ਤੇ ਲੋਕ ਉਹਦੇ ਝੂਠ ਨੂੰ ਸਮਝਣ ਲੱਗ ਪਏ। ਸਮਾਜ ਦੀ ਸਭ ਤੋਂ ਵੱਡੀ ਰਸਮ ਆਪਣੇ ਹੱਥੋਂ ਜਾਂਦੀ ਦੇਖ ਉਹ ਬੌਖਲਾ ਗਿਆ ਤੇ ਨਾਨਕ ਦਾ ਵੈਰੀ ਬਣ ਕੇ ਉਹਦੇ `ਤੇ ਕੰਧ ਡੇਗਣ ਦੀ ਵੀ ਕੋਸ਼ਿਸ਼ ਕੀਤੀ ਤਾਂ ਕਿ ਫਾਹਾ ਹੀ ਵੱਢਿਆ ਜਾਵੇ। ਨਾਨਕ ਜੋਤ ਨਾਲ ਅੱਜ ਤੱਕ ਇਹ ਵੈਰ ਬਰਕਰਾਰ ਹੈ, ਆਪਾਂ ਮੰਨੀਏ, ਭਾਵੇਂ ਨਾ ਮੰਨੀਏ| ਅਨੰਦ ਮੈਰਿਜ ਐਕਟ ਨੂੰ ਕਿਉਂ ਮਾਨਤਾ ਨਹੀਂ ਦਿੱਤੀ ਜਾਂਦੀ ਭਲਾ? ਸੋਚਿਆ ਕਦੀ!

ਸਾਡੇ ਗੁਰਦੁਆਰਿਆਂ ਵਿਚ ਸਭ ਤੋਂ ਵੱਧ ਬਾਬੇ ਨਾਨਕ ਦੀ ਸੱਚਾ ਸੌਦਾ ਵਾਲੀ ਸਾਖੀ ਬੜੇ ਮਸਾਲੇ ਲਾ ਲਾ ਕੇ ਸੁਣਾਈ ਜਾਂਦੀ ਤੇ ਇਹੋ ਕਿਹਾ ਜਾਂਦਾ ਕਿ ਉਨ੍ਹਾਂ ਵੀਹਾਂ ਰੁਪਿਆਂ ਨਾਲ ਹੀ ਅੱਜ ਤੱਕ ਸਾਰੇ ਲੰਗਰ ਚਲੀ ਜਾਂਦੇ ਹਨ, ਕਿਉਂਕਿ ਜਿਨ੍ਹਾਂ ਭੁੱਖੇ ਸਾਧੂਆਂ ਨੂੰ ਬਾਬੇ ਨੇ ਲੰਗਰ ਛਕਾਇਆ ਸੀ, ਉਨ੍ਹਾਂ ਨੇ ਇਹ ਹੀ ਵਰਦਾਨ ਦਿੱਤਾ ਹੋਇਆ। ਕਿਹਾ ਇਹ ਜਾਂਦਾ ਕਿ ਵਪਾਰ ਵਾਸਤੇ ਬਾਪ ਵਲੋਂ ਦਿੱਤੇ ਉਹ ਵੀਹ ਰੁਪਏ ਨਾਨਕ ਜਦੋਂ ਵਪਾਰ `ਤੇ ਨਾ ਖਰਚ ਕੇ ਸਾਧਾਂ ਨੂੰ ਛਕਾ ਕੇ ਵਾਪਿਸ ਘਰ ਮੁੜਿਆ ਤਾਂ ਬਾਪ ਦਾ ਗੁੱਸੇ ਹੋਣਾ ਕੁਦਰਤੀ ਸੀ। ਪੁੱਛਣ `ਤੇ ਬਾਬੇ ਨੇ ਕਿਹਾ ਕਿ ਮੈਂ ‘ਖਰਾ ਸੌਦਾ’ ਕਰ ਆਇਆਂ। ਇਹ ਖਰਾ ਸੌਦਾ ਸੱਚਾ ਸੌਦਾ ਕਿਸ ਨੇ ਤੇ ਕਦੋਂ ਬਣਾ ਦਿੱਤਾ, ਸਿੱਖਾਂ ਨੂੰ ਪਤਾ ਹੀ ਨਾ ਲੱਗਾ। ਖਰੇ ਦਾ ਮਤਲਬ ਸੀ ਖੋਟ ਤੋਂ ਰਹਿਤ, ਜਿਸ ਵਿਚ ਕਿਸੇ ਦੀ ਅਸਲੀਅਤ ਨੂੰ ਜਾਹਰ ਕਰਨਾ ਸੀ। ਉਹ ਸਾਧ ਇੱਕਲੇ ਭੁੱਖੇ ਹੀ ਨਹੀਂ ਸਨ, ਸਿਰੇ ਦੇ ਲਾਲਚੀ ਵੀ ਹੋਣੇ ਤੇ ਚੂਹੜਕਾਣੇ ਪੱਕਾ ਡੇਰਾ ਬਣਾ ਕੇ ਵਿਹਲੜ ਬੈਠੇ ਹੋਣੇ ਆ, ਤਾਂ ਹੀ ਐਡੀ ਵੱਡੀ ਰਕਮ ਨਾਨਕ ਤੋਂ ਲੈ ਗਏ, ਪਰ ਅਸੀਂ ਇਨ੍ਹਾਂ ਸਾਧਾਂ ਨੂੰ ਸੱਚਾ ਸਾਬਿਤ ਕਰਨ ਵਿਚ ਕੋਈ ਕਸਰ ਨਹੀਂ ਛੱਡੀ, ਜਦੋਂ ਕਿ ਬਾਬਾ ਨਾਨਕ ਸ਼ਾਇਦ ਇਨ੍ਹਾਂ ਤੋਂ ਬਚਣ ਦੀ ਰਮਜ਼ ਸਮਝਾਉਣੀ ਚਾਹੁੰਦਾ ਹੋਣਾ ਕਿ ਜੇ ਪੈਸਾ ਧੇਲਾ ਕੋਲ ਲੈ ਕੇ ਕਿਤੇ ਕਾਰੋਬਾਰ `ਤੇ ਜਾਣਾ ਤਾਂ ਭੁੱਲ ਕੇ ਵੀ ਐਦਾਂ ਦੇ ਸਾਧਾਂ ਦੇ ਡੇਰੇ `ਤੇ ਨਾ ਚਲੇ ਜਾਇਓ! ਅਜਿਹੇ ਸਾਧਾਂ ਬਾਰੇ ਪਿਛੋਂ ਬਾਬੇ ਨਾਨਕ ਨੇ ਸਿੱਧ ਗੋਸ਼ਟਿ ਵਿਚ ਵਰਣਨ ਕੀਤਾ ਹੋਇਆ।

ਬਾਬਾ ਨਾਨਕ ਸੰਤਾਂ ਦੇ ਖਿਲਾਫ ਥੋੜਾ ਸੀ, ਉਹ ਤਾਂ ਹਜ਼ਾਰਾਂ ਮੀਲ ਪੈਦਲ ਤੁਰ ਕੇ ਉਨ੍ਹਾਂ ਕੋਲ ਪਹੁੰਚਿਆ ਤੇ ਉਨ੍ਹਾਂ ਦੀ ਰੱਬੀ ਬਾਣੀ ਇੱਕਠੀ ਕਰਕੇ ਲਿਆਇਆ ਤਾਂ ਕਿ ਵਿਹਲੜ ਸਾਧਾਂ ਵਲੋਂ ਜਗਤ ਵਿਚ ਪਾਈ ਧੁੰਦ ਦੂਰ ਕੀਤੀ ਜਾ ਸਕੇ। ਇਥੇ ਇੱਕ ਹੋਰ ਜ਼ਿਕਰ ਜ਼ਰੂਰ ਕਰਾਂਗਾ, ਜਿਹਦਾ ਨਾ ਕੋਈ ਪ੍ਰਚਾਰਕ ਤੇ ਨਾ ਕੋਈ ਸੰਤ ਕਦੇ ਕਰਦਾ; ਹੈ ਉਹ ਵੀ ਇੱਕ ਸਾਖੀ ਹੀ। ਕਰਤਾਰਪੁਰ ਵਸਾ ਕੇ ਜਦੋਂ ਗੁਰੂ ਜੀ ਨੇ ਖੁਦ ਖੇਤੀ ਕਰਨੀ ਸ਼ੁਰੂ ਕੀਤੀ ਤਾਂ ਉਹ ਨਾਲ ਦੀ ਨਾਲ ਸਵੇਰ-ਸ਼ਾਮ ਰੱਬ ਦੀ ਬੰਦਗੀ ਸੰਗਤੀ ਰੂਪ ਵਿਚ ਕਰਦੇ ਤੇ ਗੁਰਬਾਣੀ ਮੁਤਾਬਕ ਜੀਵਨ ਕਿਵੇਂ ਜਿਉਣਾ, ਇਹਦਾ ਪ੍ਰਚਾਰ ਵੀ ਕਰਦੇ। ਦੂਰੋਂ ਨੇੜਿਓਂ ਆਈ ਸੰਗਤ ਦਾ ਲੰਗਰ ਬਾਬੇ ਦੇ ਘਰੋਂ ਹੀ ਹੁੰਦਾ ਸੀ। ਕੁਝ ਸੰਤ ਕਹਾਉਣ ਵਾਲੇ ਵੀ ਆ ਜਾਂਦੇ, ਇਨ੍ਹਾਂ ਨੇ ਜਦੋਂ ਦੇਖਿਆ ਕਿ ਖਾਣ-ਪੀਣ ਦਾ ਲੰਗਰ ਖੁੱਲ੍ਹਾ ਚਲਦਾ, ਨਾਲੇ ਇਨ੍ਹਾਂ ਨੂੰ ਯਕੀਨ ਸੀ ਕਿ ਇਹ ਉਹੀ ਨਾਨਕ ਆ, ਜਿਹਨੇ ਬਿਨਾ ਕਿਸੇ ਹੀਲ ਹੁੱਜਤ ਦੇ ਚੂਹੜਕਾਣੇ ਇੱਕ ਵੱਡੀ ਰਕਮ ਸਾਨੂੰ ਦੇ ਦਿੱਤੀ ਸੀ। ਇਨ੍ਹਾਂ ਨੇ ਪੱਕਾ ਟਿਕਾਣਾ ਹੀ ਇਥੇ ਕਰਨਾ ਸ਼ੁਰੂ ਕਰ ਦਿੱਤਾ ਤੇ ਹੌਲੀ ਹੌਲੀ ਇਨ੍ਹਾਂ ਦੀ ਗਿਣਤੀ ਸੈਂਕੜਿਆਂ ਨੂੰ ਅੱਪੜ ਗਈ। ਸਾਰਾ ਦਿਨ ਇਹ ਦਰਿਆ ਕੰਢੇ ਦਰਖਤਾਂ ਥੱਲੇ ਪਏ ਰਹਿੰਦੇ ਤੇ ਲੰਗਰ ਛਕਣ ਵਕਤ ਆ ਬਹਿੰਦੇ। ਬਾਬੇ ਨਾਨਕ ਨੂੰ ਤਾਂ ਇਨ੍ਹਾਂ ਦਾ ਪਤਾ ਸੀ ਕਿ ਨਾ ਤਾਂ ਇਨ੍ਹਾਂ ਵਿਚ ਰੂਹਾਨੀ ਗੁਣ ਦੀ ਕੋਈ ਕਣੀ ਆ ਤੇ ਨਾ ਹੀ ਇਹ ਕਿਰਤ ਬਿਰਤੀ ਵਾਲੇ ਆ, ਇਹ ਨਿਰੀਆਂ ਵਿਹਲੜ ਜੋਕਾਂ ਹਨ ਜੋ ਕਿਰਤੀ ਦੇ ਸਿਰੋਂ ਪਲਦੀਆਂ।

ਇੱਕ ਸ਼ਾਮ ਲੰਗਰ ਤੋਂ ਬਾਅਦ ਬਾਬੇ ਨਾਨਕ ਨੇ ਕਿਹਾ ਕਿ ਸਵੇਰੇ ਸਾਝਰੇ ਉਠ ਕੇ ਆਪਾਂ ਸਭ ਨੇ ਖੇਤਾਂ `ਚ ਕਣਕ ਵੱਢਣ ਜਾਣਾ ਤੇ ਕੁਝ ਨੇ ਡੰਗਰਾਂ ਲਈ ਪੱਠੇ ਵੱਢ ਕੇ ਲਿਆਉਣੇ ਆ। ਸਾਧਾਂ ਦਾ ਵਗ ਰਾਤੋ ਰਾਤ ਆਪਣੀਆਂ ਕਮੰਡਲੀਆਂ ਚੁੱਕ ਕੇ ਫੁਰਰ ਹੋ ਗਿਆ, ਸਵੇਰ ਤੱਕ ਇੱਕ ਵੀ ਨਾ ਰਿਹਾ। ਬਾਬਾ ਤਾਂ ਸਾਨੂੰ ਕਿਰਤੀਆਂ ਨੂੰ ਬੜੀ ਵੱਡੀ ਜੁਗਤ ਦੱਸ ਗਿਆ ਹੋਇਆ ਕਿ ਆਪਣੀ ਦਸਾਂ ਨਹੁੰਆਂ ਦੀ ਕਿਰਤ ਇਨ੍ਹਾਂ ਵਿਹਲੜਾਂ ਨੂੰ ਐਵੇਂ ਨਾ ਇਨ੍ਹਾਂ ਦੇ ਚੋਲੇ ਦੇਖ ਕੇ ਖੁਆਈ ਜਾਓ; ਪਰ ਅਸੀਂ ਹਟੇ ਕਦੋਂ ਆਂ? ਜੇ ਬਾਬੇ ਨਾਨਕ ਦਾ ਕਿਹਾ ਮੰਨਿਆ ਹੁੰਦਾ ਤਾਂ ਅੱਜ ਲਿਸ਼ਕਦੇ ਲੀੜਿਆਂ ਵਾਲਿਆਂ ਦੇ ਐਨੇ ਡੇਰੇ ਨਾ ਬਣੇ ਹੁੰਦੇ, ਨਿਗਾਹ ਮਾਰ ਕੇ ਦੇਖੋ ਕਿਹੜਾ ਡੇਰੇਦਾਰ ਸੰਤ, ਬਾਬੇ ਨਾਨਕ ਵਾਂਗ ਖੁਦ ਹੱਥੀਂ ਕੰਮ ਕਰਦਾ ਖੇਤਾਂ ਵਿਚ?

ਅਗਲਾ ਜੋ ਬਾਬੇ ਨਾਨਕ ਨੂੰ ਮੋਦੀਖਾਨੇ ਵਿਚ ਤੇਰਾਂ ਤੇਰਾਂ ਤੋਲਣ ਬਾਰੇ ਹੈ, ਉਹਦਾ ਬੜਾ ਜ਼ਿਕਰ ਹੁੰਦਾ ਸਾਡੇ ਧਾਰਮਿਕ ਦੀਵਾਨਾਂ ਵਿਚ ਕਿ ਨਾਨਕ ਦੀ ਲਿਵ ਐਸੀ ਰੱਬ ਨਾਲ ਜੁੜ ਗਈ, ਉਹ ਤੋਲਦਾ ਤੋਲਦਾ ਤੇਰਾਂ ਹਿੰਦਸੇ `ਤੇ ਐਸਾ ਅੜਿਆ ਕਿ ਸਾਰਾ ਦਿਨ ਲੋਕਾਂ ਨੂੰ ਪੰਡਾਂ ਬੰਨ੍ਹ ਕੇ ਚੁਕਾਈ ਗਿਆ, ਸਾਰਾ ਮੋਦੀਖਾਨਾ ਲੁਟਾ ਦਿੱਤਾ। ਜਦੋਂ ਪੜਤਾਲ ਹੋਈ ਤਾਂ ਬਾਬੇ ਨੇ ਆਪਣੀ ਗੈਬੀ ਸ਼ਕਤੀ ਨਾਲ ਸਾਰਾ ਘਾਟਾ ਪੂਰਾ ਕਰ ਦਿੱਤਾ ਤੇ ਇਸ ਕਰਾਮਾਤੀ ਕ੍ਰਿਸ਼ਮੇ ਨੂੰ ਸਹੀ ਸਾਬਿਤ ਕਰਨ ਲਈ ਅੱਜ ਵੀ ਸੁਲਤਾਨਪੁਰ ਲੋਧੀ ਵਿਚ ਉਹ ਵੱਟੇ ਰੱਖੇ ਹੋਏ ਹਨ, ਜਿਨ੍ਹਾਂ ਨਾਲ ਤੇਰਾਂ ਤੇਰਾਂ ਤੋਲਿਆ। ਹੁਣ ਇਸ ਦੀ ਹਕੀਕਤ ਕੀ ਹੈ? ਇਹ ਬਹੁਤ ਜ਼ਰੂਰੀ ਆ ਜਾਣਨਾ। ਮੋਦੀਖਾਨਾ ਸੁਲਤਾਨਪੁਰ ਪਰਗਨੇ ਦਾ ਸਰਕਾਰੀ ਸਟੋਰ ਸੀ, ਜਿਸ ਵਿਚ ਸਾਰਾ ਮਾਲੀਆ, ਜੋ ਫਸਲ ਦੇ ਰੂਪ ਵਿਚ ਹੀ ਇਥੇ ਜਮਾਂ ਹੁੰਦਾ ਸੀ ਤੇ ਅਗਾਂਹ ਸਰਕਾਰੀ ਨਿਯਮਾਂ ਮੁਤਾਬਕ ਵੰਡਿਆ ਜਾਂਦਾ ਸੀ। ਦੌਲਤ ਖਾਨ ਪਰਗਨੇ ਦਾ ਨਵਾਬ ਸੀ ਤੇ ਬਾਬੇ ਨਾਨਕ ਨੂੰ ਉਥੇ ਨੌਕਰੀ ਇਸ ਕਰਕੇ ਮਿਲੀ ਸੀ ਕਿ ਉਹ ਫਾਰਸੀ ਬੋਲੀ ਦੇ ਮਾਹਰ ਸਨ, ਜੋ ਉਨ੍ਹਾਂ ਨੇ ਕਾਜ਼ੀ ਰੁਕਨਦੀਨ ਤੋਂ ਸਿੱਖੀ ਸੀ। ਕਰੀਬ 8 ਸਾਲ ਇਥੇ ਉਨ੍ਹਾਂ ਨੇ ਕੰਮ ਕੀਤਾ। ਉਸ ਵਕਤ ਵੀ ਸਰਕਾਰੀ ਮਹਿਕਮਿਆਂ ਵਿਚ ਭ੍ਰਿਸ਼ਟਾਚਾਰ ਸਿਖਰ `ਤੇ ਸੀ ਤੇ ਨਾਨਕ ਨੇ ਆਪਣਾ ਕੰਮ ਇਮਾਨਦਾਰੀ ਨਾਲ ਕਰਕੇ ਮੋਦੀਖਾਨਾ, ਜੋ ਘਾਟੇ ਵਿਚ ਜਾਂਦਾ ਸੀ, ਚੋਰ ਮੋਰੀਆਂ ਬੰਦ ਕਰਕੇ ਮੁਨਾਫੇ ਵਿਚ ਕਰ ਦਿੱਤਾ।

ਇੱਕ ਗੱਲ ਹੋਰ ਵੀ ਸਾਹਮਣੇ ਆਉਂਦੀ ਹੈ ਕਿ ਬਾਬਾ ਨਾਨਕ ਲੇਖੇ ਜੋਖੇ ਦੇ ਵੀ ਮਾਹਰ ਸਨ, ਆਹ ਜੋ ਅੱਖਾਂ ਬੰਦ ਕਰਕੇ ਤੇਰਾਂ ਤੇਰਾਂ ਕਹਿ ਕੇ ਤੋਲਣ ਵਾਲੀ ਗੱਲ ਆ, ਇਹ ਨਿਰੀ ਮਨਘੜਤ ਆ, ਸਿਰਫ ਬਾਬੇ ਨੂੰ ਇੱਕ ਸੰਤ ਸਾਬਿਤ ਕਰਨ ਖਾਤਿਰ ਪੁਜਾਰੀ ਨੇ ਸਾਡੇ ਮਨਾਂ ਵਿਚ ਪੱਕੀ ਕਰ ਦਿੱਤੀ ਆ ਤਾਂ ਕਿ ਹਕੀਕਤ ਤੋਂ ਪਰ੍ਹਾਂ ਰਹੀਏ। ਇਸਲਾਮ ਵਿਚ ਇੱਕ ਧਾਰਮਿਕ ਟੈਕਸ ਹੁੰਦਾ, ਜਿਸ ਦਾ ਨਾਂ ‘ਜ਼ਕਾਤ’ ਹੈ। ਇਹ ਇੱਕ ਤਰ੍ਹਾਂ ਸਾਡੇ ਦਸਵੰਧ ਜਿਹਾ ਹੈ, ਜੋ ਮੁਸਲਮਾਨ ਆਪਣੀ ਖੁਸ਼ੀ ਨਾਲ ਦਿੰਦੇ ਹਨ ਤੇ ਇਹ ਲੋੜਮੰਦਾਂ ਵਿਚ ਵੰਡਿਆ ਜਾਂਦਾ ਹੈ। ਮੋਦੀਖਾਨੇ ਵਿਚ ਵੀ ਜ਼ਕਾਤ ਦੇ ਨਾਂ `ਤੇ ਕੁਝ ਮਾਇਆ/ਸਾਮਾਨ ਇੱਕਠਾ ਹੁੰਦਾ ਸੀ, ਜੋ ਲੋੜਮੰਦ ਗਰੀਬਾਂ ਵਿਚ ਵੰਡਿਆ ਜਾਣਾ ਹੁੰਦਾ ਸੀ। ਇਹਦਾ ਹਿਸਾਬ ਕਿਤਾਬ ਮੋਦੀਖਾਨੇ ਦੇ ਲੇਖੇ ਵਿਚ ਨਹੀਂ ਸੀ ਹੁੰਦਾ ਤੇ ਇਹਦੇ ਵਿਚ ਰੱਜ ਕੇ ਭ੍ਰਿਸ਼ਟਾਚਾਰ ਹੁੰਦਾ, ਐਨ ਉਵੇਂ ਹੀ ਜਿਵੇਂ ਅੱਜ ਸ਼੍ਰੋਮਣੀ ਕਮੇਟੀ ਕੁਝ ਟੱਬਰਾਂ ਦੇ ਢਿੱਡ ਭਰ ਕੇ ਕਰ ਰਹੀ ਆ। ਇੱਕਲੀ ਸ਼੍ਰੋਮਣੀ ਕਮੇਟੀ ਹੀ ਕਾਹਨੂੰ, ਇਥੇ ਤਾਂ ਬਾਹਰਲੇ ਮੁਲਕਾਂ ਦੇ ਗੁਰਦੁਆਰਿਆਂ ਵਾਲੇ ਵੀ ਦੋਹੀਂ ਹੱਥੀਂ ਲੁਟਾ ਰਹੇ ਗੁਰੂ ਦੀ ਗੋਲਕ ਨੂੰ ਕੋਰਟਾਂ ਕਚਹਿਰੀਆਂ ਵਿਚ ਇੱਕ ਦੂਜੇ `ਤੇ ਕੇਸ ਕਰ ਕੇ, ਸਿਰਫ ਚੌਧਰ ਬਰਕਰਾਰ ਰੱਖਣ ਖਾਤਰ।

ਬਾਬੇ ਨਾਨਕ ਕੋਲ ਜਦੋਂ ਮੋਦੀਖਾਨੇ ਦਾ ਚਾਰਜ ਆਇਆ ਤਾਂ ਨਾਲ ਹੀ ਜ਼ਕਾਤ ਦਾ ਹਿਸਾਬ ਵੀ ਆ ਗਿਆ। ਹੁਣ ਬਾਬੇ ਨਾਨਕ ਨੇ ਜ਼ਕਾਤ ਦਾ ਮਾਲ, ਜੋ ਕੁਝ ਇੱਕ ਉਚ ਅਹੁਦੇਦਾਰਾਂ, ਕਾਜ਼ੀਆਂ ਤੇ ਪੁਰੋਹਿਤਾਂ ਦੇ ਘਰ ਜਾਂਦਾ ਸੀ, ਰੋਕ ਕੇ ਲੋੜਵੰਦਾਂ ਨੂੰ ਮੁਫਤ ਦੇਣਾ ਸ਼ੁਰੂ ਕਰ ਦਿੱਤਾ ਕਿ ਪਹਿਲਾਂ ਉਨ੍ਹਾਂ ਵਿਚਾਰਿਆਂ ਨੂੰ ਮੋਦੀਖਾਨੇ ਵਿਚੋਂ ਕਦੇ ਕੁਝ ਮੁਫਤ ਮਿਲਿਆ ਹੀ ਨਹੀਂ ਸੀ ਤੇ ਜਦੋਂ ਉਨ੍ਹਾਂ ਨੂੰ ਨਾਨਕ ਨੇ ਦੇਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਨੇ ਪੁੱਛਣਾ ਇਹ ਕਿਹਦਾ ਆ ਤਾਂ ਬਾਬੇ ਨੇ ਕਹਿਣਾ ਇਹ ‘ਤੇਰਾ’ ਹੈ। ਬਸ ਇਸ ‘ਤੇਰਾ’ ਤੋਂ ਤੇਰਾਂ (13) ਕਿਸ ਨੇ ਬਣਾ ਦਿੱਤਾ, ਸਾਨੂੰ ਸਿੱਖਾਂ ਨੂੰ ਪਤਾ ਹੀ ਨਹੀਂ ਲੱਗਣ ਦਿੱਤਾ! ਬੱਸ ਆਹੀ ਧੁੰਦ ਆ, ਜੋ ਬਾਬੇ ਨੇ ਦੂਰ ਕੀਤੀ ਸੀ।

ਗੱਲ ਸੀ ਰੱਬ ਦੇ ਨਾਂ `ਤੇ ਇੱਕਠੀ ਕੀਤੀ ਮਾਇਆ ਨੂੰ ਰੱਬ ਦੇ ਲੋੜਵੰਦ ਬੰਦਿਆਂ ਵਿਚ ਵੰਡਣ ਦੀ ਤੇ ਸਾਨੂੰ ਲਾ ਦਿੱਤਾ ਨਾਨਕ ਦੇ ਨਾਂ `ਤੇ ਵੱਟੇ ਪੂਜਣ, ਜਿਹਦੇ ਬਾਬਾ ਖੁਦ ਖਿਲਾਫ ਸੀ। ਜਨੇਊ ਬੋਦੀ ਵਾਲਾ ਪੁਜਾਰੀ ਕਦੋਂ ਗਾਤਰਾ ਦਸਤਾਰ ਸਜਾ ਕੇ ਸਾਡੇ ਵਿਚ ਆ ਵੜਿਆ, ਪਤਾ ਹੀ ਨਾ ਲੱਗਾ। ਮਾਰੀ ਜਾਓ ਜਿੰਨੀਆਂ ਮਰਜ਼ੀ ਟੱਕਰਾਂ ਹੁਣ! ਅਸੀਂ ਨ੍ਹੀਂ ਹਟਦੇ, ਆਪਾਂ ਤਾਂ ਠਾਕੁਰ ਪੂਜਾਂਗੇ ਹੀ, ਨਾਲੇ ਉਚੀ ਉਚੀ ਪੜ੍ਹਾਂਗੇ ਵੀ ‘ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ।’ ਨਾਲੇ ਫਿਰ ਵੋਟਾਂ ਪਾ ਕੇ ਖੁਦ ਗੁਰਦੁਆਰਿਆਂ ਵਿਚ ਗੁਰੂ ਦੀ ਗੋਲਕ ਨੂੰ ਲੁੱਟਣ ਵਾਲੇ ਮਾਡਰਨ ਮਸੰਦਾਂ ਨੂੰ ਬਿਠਾਲਾਂਗੇ, ਜੋ ਸਭ ਤੋਂ ਮੋਹਰੇ ਹੋ ਕੇ 550 ਸਾਲਾ ਬਾਬੇ ਨਾਨਕ ਦਾ ਗੁਰਪੁਰਬ ਬੜੀ ਧੂਮਧਾਮ ਨਾਲ ਮਨਾਉਣਗੇ ਤੇ ਸਭ ਤੋਂ ਵੱਡੇ ਬਾਬੇ ਨਾਨਕ ਦੇ ਸਿੱਖ ਹੋਣ ਦਾ ਦਾਅਵਾ ਕਰਨਗੇ; ਇੱਕ ਦੂਜੇ ਦੇ ਗਲਾਂ ਵਿਚ ਸਿਰੋਪਾਓ ਵੀ ਪਾਉਣਗੇ ਤੇ ਅਸੀਂ ਜੈਕਾਰੇ ਛੱਡਾਂਗੇ|

ਮੈਂ ਦੱਸਣਾ ਚਾਹੁਨਾਂ ਕਿ ਇੱਥੇ ਸਿਰਫ ਉਨ੍ਹਾਂ ਸਾਖੀਆਂ ਦੇ ਹਕੀਕੀ ਪੱਖ ਨੂੰ ਹੀ ਲੈ ਕੇ ਉਹ ਧੁੰਦ ਮਿਟਾਉਣ ਦੀ ਗੱਲ ਕੀਤੀ, ਜੋ ਬਾਬੇ ਨਾਨਕ ਨੂੰ ਇੱਕ ਕਰਾਮਾਤੀ ਸਾਧੂ ਸਾਬਿਤ ਕਰਕੇ ਬੱਸ ਪੂਜਣ ਵਾਲੀ ਹਸਤੀ ਪੇਸ਼ ਕਰਦੀਆਂ ਸਨ। ਉਨ੍ਹਾਂ ਦੀਆਂ ਉਦਾਸੀਆਂ ਬਾਰੇ ਤਾਂ ਇਤਿਹਾਸ ਵਿਚ ਬਹੁਤ ਲਿਖਿਆ ਮਿਲ ਜਾਂਦਾ, ਦੁਹਰਾਉਣ ਦੀ ਲੋੜ ਨਹੀਂ। ਬਾਬੇ ਨਾਨਕ ਦੀ ਸੂਰਬੀਰ ਯੋਧੇ ਵਰਗੀ ਬਾਬਰ ਨੂੰ ਦਹਾੜ, ਮਲਿਕ ਭਾਗੋ ਦੀ ਨਹੱਕੀ ਕਮਾਈ ਤੇ ਉਸ ਵਿਚੋਂ ਕੀਤੇ ਪੁੰਨ ਦਾਨ ਦੀ ਅਸਲੀਅਤ ਦਾ ਉਹਨੂੰ ਅਹਿਸਾਸ ਕਰਾਉਣਾ ਜਿਵੇਂ ਬਾਦਲਾਂ ਵਲੋਂ ਅਕਸਰ ਦਰਬਾਰ ਸਾਹਿਬ ਵਿਚ ਅਖੰਡ ਪਾਠ ਕਰਵਾ ਕੇ ਤੇ ਲੰਗਰ ਲਵਾ ਕੇ ਕੀਤਾ ਜਾਂਦਾ, ਇੱਕ ਕਿਰਤੀ ਭਾਈ ਲਾਲੋ ਨੂੰ ਵਡਿਆਈ ਬਖਸ਼ਣੀ, ਵਲੀ ਕੰਧਾਰੀ ਨੂੰ ਇਸਲਾਮ ਦਾ ਨਿਮਰਤਾ ਤੇ ਹਲੀਮੀ ਵਾਲਾ ਪੱਖ ਵੀ ਸਮਝਾਉਣਾ, ਸੱਜਣ ਵਰਗੇ ਦੋਗਲੇ ਕਿਰਦਾਰ ਵਾਲਿਆਂ ਨੂੰ ਸਹੀ ਰਸਤੇ ਲਿਆਉਣਾ, ਕੌਡੇ ਵਰਗੇ ਮਾਨਸ ਖਾਣੇ ਨੂੰ ਇਨਸਾਨੀਅਤ ਦਾ ਪਾਠ ਪੜ੍ਹਾਉਣਾ, ਹਰਿਦੁਆਰ ਦੇ ਪੁਜਾਰੀਆਂ ਨੂੰ ਸੂਰਜ ਤੇ ਪਿੱਤਰਾਂ ਨੂੰ ਪਾਣੀ ਦੇਣ ਦਾ ਰਾਜ਼ ਖੋਲ੍ਹਣਾ ਅਤੇ ਉਨ੍ਹਾਂ ਨੂੰ ਉਹ ਗਿਆਨ ਦੇਣਾ ਜਿਸ ਤੋਂ ਸੱਖਣੇ ਸਨ। ਇਹ ਗੱਲ ਵੱਖਰੀ ਰਹੀ ਕਿ ਪੁਜਾਰੀ ਨੇ ਗਿਆਨ ਲੈ ਕੇ ਵੀ ਉਸ `ਤੇ ਅਮਲ ਨਾ ਕੀਤਾ, ਉਲਟਾ ਬਰਖਿਲਾਫ ਹੋ ਗਏ, ਤਾਂਹੀਂ ਤਾਂ ਅਗਲਿਆਂ ਨੇ ਗੁਰਦੁਆਰਾ ਗਿਆਨ ਗੋਦੜੀ ਵੀ ਢਾਹ ਕੇ ਅਹੁ ਮਾਰਿਆ ਕਿ ਬਾਬੇ ਨਾਨਕ ਦਾ ਗਿਆਨ ਲੋਕਾਂ ਨੂੰ ਜਿਗਿਆਸੂ ਬਣਾਉਂਦਾ, ਜੋ ਪੁਜਾਰੀ ਦੀ ਹਸਤੀ ਨੂੰ ਖਤਰਾ ਪੈਦਾ ਕਰਦਾ। ਪੁਜਾਰੀ ਤੇ ਸ਼ਾਸਕ ਰਲ ਕੇ ਤਾਂ ਕਰਤਾਰਪੁਰ ਸਾਹਿਬ ਲਾਂਘੇ `ਚ ਵੀ ਹਰ ਅੜਿੱਕਾ ਖੜ੍ਹਾ ਕਰਨ ਦੀ ਤਾਕ `ਚ ਬੈਠੇ। ਰੱਬ ਕਰੇ ਇਹ ਖੁੱਲ੍ਹ ਜਾਵੇ!

ਬਾਬੇ ਨਾਨਕ ਦੀ ਮੱਕੇ ਦੀ ਯਾਤਰਾ ਇਹ ਦੱਸਦੀ ਆ ਕਿ ਉਹ ਕਿੰਨੇ ਬੁਲੰਦ ਹੌਸਲੇ ਦੇ ਮਾਲਕ ਸਨ। ਮੱਕੇ ਜਾ ਕੇ ਉਨ੍ਹਾਂ ਆਪਣੀ ਜਾਨ ਨੂੰ ਵੀ ਖਤਰੇ ਵਿਚ ਪਾ ਲਿਆ, ਕਿਉਂਕਿ ਉਥੇ ਸਿਵਾਏ ਮੁਸਲਮਾਨ ਦੇ ਕੋਈ ਜਾ ਹੀ ਨਹੀਂ ਸਕਦਾ, ਅੱਜ ਤੱਕ ਵੀ ਇਹੋ ਦਸਤੂਰ ਹੈ। ਜੇ ਦੇਖਿਆ ਜਾਵੇ, ਉਥੇ ਬਾਬਾ ਕਿਹੜਾ ਉਨ੍ਹਾਂ ਨੂੰ ਸਿੱਖ ਬਣਾਉਣ ਗਿਆ ਸੀ! ਉਥੇ ਤਾਂ ਇਸਲਾਮ ਦੇ ਉਹ ਪੈਗੰਬਰੀ ਰਹੱਸ ਸਮਝਾਉਣ ਗਿਆ ਸੀ, ਜਿਨ੍ਹਾਂ ਤੋਂ ਮੁਸਲਮਾਨ ਅਣਜਾਣ ਸਨ। ਬੜੀਆਂ ਲੰਮੀਆਂ ਗੋਸ਼ਟੀਆਂ ਹੋਈਆਂ ਪੀਰ ਦਸਤਗੀਰ ਤੇ ਹੋਰਨਾਂ ਨਾਲ, ਕਹਿੰਦੇ ਹਨ ਕਿ ਉਨ੍ਹਾਂ ਨੇ ਬਾਬੇ ਨਾਨਕ ਨੂੰ 360 ਸਵਾਲ ਪੁੱਛੇ ਤੇ ਸ਼ਰਤ ਇਹ ਸੀ ਕਿ ਜੇ ਇੱਕ ਦਾ ਵੀ ਜੁਆਬ ਗਲਤ ਹੋ ਗਿਆ ਤਾਂ ਸਜ਼ਾ ਸ਼ਰੀਅਤ ਮੁਤਾਬਕ ਮੌਤ ਹੋਵੇਗੀ। ਬਾਬੇ ਦੇ ਸਾਰੇ ਜੁਆਬ ਐਨੇ ਦਲੀਲ ਭਰਪੂਰ ਤੇ ਰੂਹਾਨੀਅਤ ਨਾਲ ਲਬਾ ਲਬਾ ਸਨ ਕਿ ਉਹ ਸਾਰੇ ਸੁੰਨ ਮੁਨ ਹੋ ਗਏ ਤਾਂ ਉਨ੍ਹਾਂ ਨੇ ਬਾਬੇ ਨਾਨਕ ਨੂੰ ਪੀਰ ਦੀ ਜਗ੍ਹਾ ਪੈਗੰਬਰ ਦਾ ਦਰਜਾ ਦਿੱਤਾ। ਐਵੇਂ ਤਾਂ ਨ੍ਹੀਂ ‘ਮਿਟੀ ਧੁੰਦ ਜਗੁ ਚਾਨਣ ਹੋਇਆ’, ਇਹ ਬਾਬੇ ਦੇ ਇਲਹਾਮੀ ਗਿਆਨ, ਵਿਦਵਤਾ, ਜ਼ਿੰਦਗੀ ਦੇ ਤਜ਼ਰਬੇ, ਇਨਸਾਨ ਦੇ ਮਨੋਵਿਗਿਆਨ ਦੀ ਜਾਣਕਾਰੀ ਸਦਕਾ ਹੋਇਆ, ਨਾ ਕਿ ਇੱਕ ਕਰਾਮਾਤੀ ਹੋਣ ਕਰਕੇ, ਜਿਹਦੇ ਸਿਰ `ਤੇ ਸੱਪ ਛਾਂ ਕਰਕੇ ਬੈਠਾ ਦਿਖਾਇਆ ਜਾਂਦਾ।

ਰਾਵੀ ਦੇ ਕੰਢੇ ਜਮੀਨ ਲੈ ਕੇ ਖੁਦ ਖੇਤੀ ਕਰਨੀ ਇੱਕ ਸਬੱਬ ਹੀ ਨਹੀਂ ਸਮਝਣਾ ਚਾਹੀਦਾ, ਇਹ ਬਾਬੇ ਨਾਨਕ ਵਿਚਲਾ ਇੱਕ ਸਫਲ ਕਿਸਾਨ ਹੋਣਾ ਵੀ ਦੱਸਦਾ। ਦਰਿਆ ਕੰਢੇ ਮੰਡ ਦੀ ਮੈਰੀ ਜਮੀਨ ਖੇਤੀ ਲਈ ਸਭ ਤੋਂ ਵਧੀਆ ਤੇ ਸੇਂਜੂ ਸੀ, ਜਿਸ ਵਿਚ ਹਲਟ ਲੱਗਾ ਹੋਇਆ ਸੀ, ਤਾਂ ਹੀ ਬਾਬੇ ਨੇ ਇਹ ਖਰੀਦੀ ਹੋਣੀ। ਜੇ ਉਹਨੇ ਜਿਮੀਂਦਾਰ ਹੀ ਕਹਾਉਣਾ ਸੀ, ਫਿਰ ਤਾਂ ਤਲਵੰਡੀ ਵਿਚ 750 ਮੁਰੱਬਾ ਰਾਏ ਬੁਲਾਰ ਨੇ ਉਹਦੇ ਨਾਂ ਕੀਤਾ ਹੋਇਆ ਸੀ, ਜਿਥੇ ਬਾਬੇ ਨੇ ਕਦੇ ਪੈਰ ਪਾ ਕੇ ਵੀ ਨਹੀਂ ਸੀ ਦੇਖਿਆ। ਬਾਬੇ ਨੇ ਜਮੀਨ ਖਰੀਦੀ, ਜਿਸ ਵਿਚ ਆਪਣਾ ਰੈਣ ਬਸੇਰਾ ਵੀ ਕੀਤਾ ਤੇ ਨਾਂ ਰਖਿਆ ਕਰਤਾਰਪੁਰ, ਕਾਇਨਾਤ ਦੇ ਸਿਰਜਣਹਾਰੇ ਦੇ ਨਾਂ `ਤੇ। ਬਾਬੇ ਨੇ ਤਾਂ ਖੁਦ ਕਿਰਤ ਦਾ ਪਾਠ ਪੜ੍ਹਾਉਣਾ ਸੀ ਆਪਣੇ ਨਿਰਮਲ ਪੰਥ ਦੇ ਪਾਂਧੀਆਂ ਨੂੰ, ਉਹ ਆਪ ਖੱਦਰ ਦਾ ਝੱਗਾ ਪਾ ਕੇ ਹਲ ਦੀ ਹੱਥੀ ਆਪਣੇ ਹੱਥ ਫੜ ਕੇ ਧੌੜੀ ਦੀ ਜੁੱਤੀ ਪੈਰੀਂ ਪਾ ਕੇ ਖੇਤ ਵਾਹੁਣ ਲੱਗ ਪਿਆ। ਇਹ ਸਿਰਫ ਦਿਖਾਵਾ ਹੀ ਨਹੀਂ ਸੀ ਜਿਵੇਂ ਅੱਜ ਸਾਡੇ ਬ੍ਰਹਮ ਗਿਆਨੀ 108 ਸੰਤ ਮਹਾਂਪੁਰਸ਼ ਝਿਲਮਿਲੇ ਲੀੜੇ ਤੇ ਖੜਾਵਾਂ ਪਾ ਕੇ ਫੋਟੋ ਖਿਚਾਉਣ ਲਈ ਕਰਦੇ ਆ। ਬਾਬੇ ਨੇ ਅਠਾਰਾਂ ਸਾਲ ਖੁਦ ਮੁੜ੍ਹਕੋ ਮੁੜ੍ਹਕੀ ਹੋ ਕੇ ਖੇਤੀ ਕੀਤੀ। ਆਪਣੇ ਟੱਬਰ ਦੇ ਨਾਲ ਲੋੜਵੰਦਾਂ ਨੂੰ ਵੀ ਆਪਣੀ ਕਿਰਤ ਵਿਚੋਂ ਪਾਲਣ ਦੀ ਜ਼ਿੰਮੇਵਾਰੀ ਨਿਭਾਈ। ਬਾਬੇ ਨਾਨਕ ਨੇ ਇਥੇ ਕਿਰਤ ਕਰ ਕੇ ਬੜੀ ਸਾਦੀ ਤੇ ਖੁਸ਼ਹਾਲ ਜ਼ਿੰਦਗੀ ਬਸਰ ਕੀਤੀ।

ਅੱਜ ਸਾਨੂੰ ਪੰਜਾਬੀਆਂ ਨੂੰ ਇਹ ਸਬਕ ਹੈ ਬਾਬੇ ਨਾਨਕ ਦਾ ਕਿ ਆਹ ਜੋ ਖੁਦਕੁਸ਼ੀਆਂ ਕਰ ਰਹੇ ਹੋ ਕਿ ਖੇਤੀ `ਚ ਕੁਝ ਬਣਦਾ ਨ੍ਹੀਂ; ਹਟ ਜਾਓ ਇਸ ਪਾਸਿਓਂ। ਕਿਰਤੀ ਬਣੋ, ਸਾਦਗੀ ਲਿਆਓ ਜ਼ਿੰਦਗੀ ਵਿਚ, ਛੱਡੋ ਅਡੰਬਰਪੁਣਾ, ਨਾ ਖੁਆਓ ਆਪਣੀ ਕਿਰਤ ਕਮਾਈ ਵਿਹਲੜ ਤੇ ਅੱਯਾਸ਼ ਸਾਧਾਂ ਨੂੰ। ਫਿਰ ਆਪੇ ਰੱਸਾ ਗਲ `ਚ ਪੈਣੋਂ ਹਟ ਜਾਊ। ਕਿਸੇ ਕੈਪਟਨ-ਬਾਦਲ ਨੇ ਨ੍ਹੀਂ ਤੁਹਾਡੇ ਹੱਥੋਂ ਫੜਨਾ ਇਹ ਰੱਸਾ। ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਹਾੜੇ `ਤੇ ਇਹ ਵਾਅਦਾ ਕਰਿਓ ਬਾਬੇ ਨਾਨਕ ਨਾਲ। ਧਾਰਮਿਕ ਦੁਨੀਆਂ ਵਿਚ ਕਿਰਤ ਨੂੰ ਕਰਤਾਰ ਨਾਲ ਜੋੜਨ ਵਾਲਾ ਸਿਰਫ ਤੇ ਸਿਰਫ ਗੁਰੂ ਨਾਨਕ ਹੈ, ਜਿਸ ਨੇ ਉਨ੍ਹਾਂ ਕਿਰਤੀ ਸੰਤਾਂ ਦੀ ਬਾਣੀ ਨੂੰ ਵੀ ਗੁਰੂ ਦਾ ਰੂਪ ਦੇ ਦਿੱਤਾ, ਜਿਨ੍ਹਾਂ ਨੂੰ ਪੁਜਾਰੀ ਅਛੂਤ ਕਹਿ ਕੇ ਦੁਰਕਾਰਦਾ ਰਿਹਾ। ਇਹ ਸਦੀਆਂ ਤੋਂ ਪੈ ਰਹੀ ਧੁੰਦ ਨੂੰ ਮਿਟਾਉਣ ਵਾਲਾ ਬਾਬਾ ਨਾਨਕ ਹੀ ਹੋਇਆ|

ਸਾਡੇ ਲੋਕ-ਹਿਤੈਸ਼ੀ ਕਹਾਉਣ ਵਾਲੇ ਲੀਡਰ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਨੂੰ ਆਪਣੀ ਜਿੱਤ ਤੇ ਨਿੱਜੀ ਹਉਮੈ ਤੱਕ ਹੀ ਸੀਮਿਤ ਨਾ ਰੱਖਣ, ਬਾਬੇ ਨਾਨਕ ਦੀ ਰਹਿਮਤ ਨੂੰ ਸਮਝਣ, ਜਿਸ ਸਦਕਾ ਦੋ ਦੁਸ਼ਮਣੀ ਪਾਲੀ ਬੈਠੇ ਮੁਲਕ ਫਿਰ ਨੇੜੇ ਹੋਣ ਲੱਗੇ ਆ। ਇਹ ਲਾਂਘਾ ਨਫਰਤ ਦੀ ਧੁੰਦ ਨੂੰ ਮਿਟਾਉਣ ਲਈ ਖੁੱਲਿ੍ਹਆ। ਕਰਤਾਰਪੁਰ ਸਾਹਿਬ ਪ੍ਰਤੀਕ ਹੈ, ਬਾਬੇ ਨਾਨਕ ਦੇ ਕਿਸਾਨੀ ਕਿਰਤੀ ਰੂਪ ਦਾ ਤੇ ਇਹ ਸਾਰੇ ਵੱਡੇ ਲੀਡਰ 550 ਸਾਲਾ ਪ੍ਰਕਾਸ਼ ਦਿਹਾੜੇ `ਤੇ ਪ੍ਰਣ ਕਰਨ ਕਿ ਹਰ ਕਿਰਤੀ ਕਿਸਾਨ, ਜੋ ਕਰਜ਼ੇ ਦੀ ਮਾਰ ਵਿਚ ਬੁਰੀ ਤਰ੍ਹਾਂ ਫਸਿਆ ਪਿਆ, ਉਹਦੀ ਬਾਂਹ ਫੜਨੀ ਸਾਡਾ ਇਖਲਾਕੀ, ਧਾਰਮਿਕ ਤੇ ਇਨਸਾਨੀਅਤ ਫਰਜ਼ ਹੈ। ਨਿਰੇ ਸਿਰੋਪਾਓ ਪੁਆ ਕੇ ਤੇ ਨਗਰ ਕੀਰਤਨਾਂ ਮੋਹਰੇ ਫੁੱਲ ਸੁੱਟਣ ਨਾਲ ਬਾਬੇ ਨਾਨਕ ਦੇ ਦਰ ਦੀਆਂ ਬਖਸ਼ਿਸ਼ਾਂ ਦੀ ਆਸ ਨਾ ਰੱਖਣ। ਕਿਰਤੀ ਤੇ ਕਰਤਾਰ ਨੂੰ ਹਿਰਦੇ ਵਿਚ ਵਸਾਓ।

ਸਮੂਹ ਜਗਤ ਨੇ ਹੁਣ ਗੁਰੂ ਨਾਨਕ ਜੀ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਮਨਾਉਣਾ ਤਾਂ ਇਹ ਵੀ ਖਿਆਲ ਰੱਖਣਾ ਪੈਣਾ ਕਿ ਜੋ ਧੁੰਦ ਬਾਬੇ ਨਾਨਕ ਨੇ ਹਟਾਈ, ਉਹ ਕਿਤੇ ਮੁੜ ਤਾਂ ਨਹੀਂ ਪੈ ਰਹੀ? ਜੇ ਅੱਜ ਗੁਰਦੁਆਰਿਆਂ ਵਿਚ ਗੁਰੂ ਗ੍ਰੰਥ ਸਾਹਿਬ ਦੀ ਥਾਂ ਹੋਰ ਗ੍ਰੰਥਾਂ ਵਿਚੋਂ ਕਥਾਵਾਂ ਕੀਤੀਆਂ ਜਾਂਦੀਆਂ ਤਾਂ ਸਮਝ ਲਓ ਧੁੰਦ ਪੈਣੀ ਸ਼ੁਰੂ ਹੋ ਗਈ। ਜੇ ਕਿਸੇ ਹੋਰ ਮਨਮਤੀ ਗ੍ਰੰਥ ਨੂੰ ਪਾਲਕੀਆਂ ਵਿਚ ਸਜਾ ਕੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਰੱਖ ਕੇ ਮੱਥੇ ਟਿਕਾਏ ਜਾਣ ਤਾਂ ਇਹ ਧੁੰਦ ਦੀ ਨਿਸ਼ਾਨੀ ਹੀ ਹੈ, ਆਹ ਜਿੰਨੇ ਵੀ ਗ੍ਰੰਥ ਮਸਲਨ ਦਸਮ ਗ੍ਰੰਥ, ਪੰਥ ਪ੍ਰਕਾਸ਼, ਸੂਰਜ ਪ੍ਰਕਾਸ਼, ਗੁਰ ਬਿਲਾਸ ਵਗੈਰਾ ਇਹ ਸਾਰੇ ਧੁੰਦ ਹੀ ਹਨ, ਲਿਸ਼ਕਦੇ ਚੋਲਿਆਂ ਵਾਲੇ, ਢੋਲਕੀਆਂ ਛੈਣਿਆਂ ਵਾਲੇ, ਅਖੰਡ ਪਾਠ ਕੋਤਰੀਆਂ ਦੀਆਂ ਲੜੀਆਂ ਵਾਲੇ, ਸੰਪਟ ਪਾਠਾਂ ਵਾਲੇ, ਮਿਸ਼ਰੀ ਲੈਚੀਆਂ ਦਾ ਪ੍ਰਸ਼ਾਦ ਦੇਣ ਵਾਲੇ, ਬ੍ਰਹਮ ਕਵਚ ਦਾ ਪਾਠ ਕਰਾਉਣ ਵਾਲੇ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਦਾ ਅੰਦਰੋਗਤੀ ਸਾਥ ਦੇਣ ਵਾਲੇ ਅਖੌਤੀ ਪੰਥਕ ਲੀਡਰ, ਗੁਰੂ ਦੀ ਗੋਲਕ ਨਾਲ ਭ੍ਰਿਸ਼ਟ ਹੋਏ ਸ਼੍ਰੋਮਣੀ ਕਮੇਟੀ ਦੇ ਮਸੰਦ, ਬਾਹਰਲੇ ਮੁਲਕਾਂ ਵਿਚਲੇ ਗੁਰਦੁਆਰਿਆਂ ਦੀਆਂ ਕਮੇਟੀਆਂ ਨੂੰ ਧੜੇਬੰਦੀਆਂ `ਚ ਵੰਡਣ ਵਾਲੇ ਵੀ ਧੁੰਦ ਹੀ ਹਨ। ਇਨ੍ਹਾਂ ਧੁੰਦਾਂ ਤੋਂ ਛੁਟਕਾਰਾ ਇੱਕਲੇ ਨਗਰ ਕੀਰਤਨਾਂ ਤੇ ਪ੍ਰਭਾਤ ਫੇਰੀਆਂ ਅਤੇ ਨਿਰਾ ‘ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ’ ਸ਼ਬਦ ਪੜ੍ਹ ਕੇ ਹੀ ਨਹੀਂ ਹੋਣਾ, ਸਗੋਂ ਇੱਕਠੇ ਹੋ ਕੇ ਤੇ ਹਉਮੈ ਤਿਆਗ ਕੇ ਨਾਨਕ ਜੋਤ ਦੀ ਲਹਿਰ ਬਣਿਆਂ ਇਹ ਅਜੋਕੀ ਧੁੰਦ ਮਿਟਣੀ ਆ!