ਮਿਟੀ ਧੁੰਧੁ ਜਗਿ ਚਾਨਣੁ ਹੋਆ

ਧੁੰਦ ਅਗਿਆਨ ਦਾ ਪਸਾਰਾ ਹੈ। ਬਾਬੇ ਨਾਨਕ ਨੇ ਦੁਨੀਆਂ ਵਿਚ ਇਸੇ ਧੁੰਦ ਨੂੰ ਮਿਟਾਉਣ ਦਾ ਹੰਭਲਾ ਮਾਰਿਆ ਸੀ। ਤਾਂ ਹੀ ਤਾਂ ਭਾਈ ਗੁਰਦਾਸ ਨੇ ਕਿਹਾ ਸੀ, “ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ।” ਅਫਸੋਸ ਇਸ ਗੱਲ ਦਾ ਹੈ ਕਿ ਅਸੀਂ ਬਾਬੇ ਨਾਨਕ ਦੇ ਦਿੱਤੇ ਗਿਆਨ ਨੂੰ ਵਿਸਾਰ ਚੁਕੇ ਹਾਂ ਅਤੇ ਸਾਡੇ ਧਾਰਮਿਕ ਤੇ ਸਿਆਸੀ ਰਹਿਬਰ ਸਿਰਫ ਅਗਿਆਨ ਦੀ ਧੁੰਦ ਦਾ ਪਸਾਰਾ ਕਰ ਰਹੇ ਹਨ। ਆਪਣੇ ਵੱਖਰੇ ਅੰਦਾਜ਼ ਵਿਚ ਲਿਖਣ ਵਾਲੇ ਮਝੈਲ ਸਿੰਘ ਸਰਾਂ ਨੇ ਇਸ ਲੇਖ ਵਿਚ ਅਗਿਆਨ ਦੀ ਇਸੇ ਧੁੰਦ ਤੋਂ ਬਚਣ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ।
-ਸੰਪਾਦਕ ਪੰਜਾਬ ਟਾਈਮਜ਼
-ਮਝੈਲ ਸਿੰਘ ਸਰਾਂ
ਧੁੰਦ ਕੁਦਰਤ ਦਾ ਅਜਿਹਾ ਵਰਤਾਰਾ ਹੈ ਕਿ ਇਹ ਹਰ ਦਿਸਦੀ ਚੀਜ਼ `ਤੇ ਪਰਦਾ ਪਾ ਕੇ ਢਕਣ ਦੇ ਸਮਰਥ ਹੈ। ਧੁੰਦ ਕੋਈ ਵੀ ਸਥੂਲ ਚੀਜ਼ ਨਹੀਂ, ਜੋ ਪਕੜ `ਚ ਆ ਸਕੇ; ਨਾ ਹੀ ਧੁੰਦ ਨੂੰ ਦਿਨ-ਰਾਤ ਦਾ ਕੋਈ ਫਰਕ ਪੈਂਦਾ, ਪਰ ਇਹਦੇ ਵਿਚ ਇੰਨੀ ਤਾਕਤ ਹੈ ਕਿ ਚਲਦੀ ਜ਼ਿੰਦਗੀ ਵਿਚ ਖੜ੍ਹੋਤ ਲਿਆ ਦਿੰਦੀ ਹੈ। ਚੰਗੀ ਭਲੀ ਚਲਦੀ ਸੜਕ ਸੁੰਨ ਮਸਾਣ ਕਰ ਦਿੰਦੀ, ਅਸਮਾਨੀਂ ਚੜ੍ਹੇ ਜਹਾਜਾਂ ਨੂੰ ਥੱਲੇ ਲੁਹਾ ਦਿੰਦੀ ਤੇ ਸਮੁੰਦਰ `ਚ ਜਾਂਦੇ ਪਿੰਡਾਂ ਜਿੱਡੇ ਸਮੁੰਦਰੀ ਜਹਾਜਾਂ ਨੂੰ ਰੋਕ ਲੈਂਦੀ ਇਹ ਧੁੰਦ।

ਕਈ ਇਤਿਹਾਸਕ ਲੜਾਈਆਂ ਦਾ ਰੁਖ ਬਦਲ ਦਿੱਤਾ ਇਸ ਧੁੰਦ ਨੇ, ਜਿੱਤ ਨੂੰ ਹਾਰ ਤੇ ਹਾਰ ਨੂੰ ਜਿੱਤ ਵਿਚ ਬਦਲ ਦਿੱਤਾ! 27 ਅਗਸਤ 1776 ਨੂੰ ਬਰੁਕਲਿਨ ਦੀ ਲੜਾਈ ਵਿਚ ਜੇ ਰਾਤ ਨੂੰ ਧੁੰਦ ਨਾ ਪੈਂਦੀ ਤਾਂ ਸ਼ਾਇਦ ਅਮਰੀਕਾ ਦਾ ਨਕਸ਼ਾ ਵੀ ਕੁਝ ਹੋਰ ਹੁੰਦਾ ਤੇ ਜਾਰਜ ਵਾਸ਼ਿੰਗਟਨ ਦਾ ਨਸੀਬ ਵੀ ਵੱਖਰਾ ਹੁੰਦਾ। ਦੂਰ ਕਿਵੇਂ ਕੀਤੀ ਜਾਏ ਇਹ ਧੁੰਦ, ਇਨਸਾਨ ਦੇ ਵੱਸ `ਚ ਨਹੀਂ। ਹਨੇਰੇ ਦਾ ਹੱਲ ਹੈ ਰੋਸ਼ਨੀ, ਜੋ ਇਨਸਾਨ ਦੇ ਵੱਸ ਹੈ, ਪਰ ਧੁੰਦ ਦਾ ਹੱਲ ਸਿਰਫ ਤੇ ਸਿਰਫ ਕੁਦਰਤ ਜਾਂ ਸਿਰਜਣਹਾਰੇ ਦੇ ਹੱਥ!

ਧੁੰਦ! ਇੱਕਲੀ ਕੁਦਰਤੀ ਵਰਤਾਰਾ ਹੀ ਨਹੀਂ, ਸਗੋਂ ਇਹ ਤਾਂ ਆਦਮੀ ਦੇ ਦਿਮਾਗ ਵਿਚ ਵੀ ਪੈ ਜਾਂਦੀ ਆ। ਇਸੇ ਸਾਲ ਮਈ ਮਹੀਨੇ ਹੋਈਆਂ ਚੋਣਾਂ ਵੇਲੇ ‘ਮਿਟੀ ਧੁੰਧੁ ਜਗਿ ਚਾਨਣੁ ਹੋਆ’ ਗਾਉਣ ਵਾਲਿਆਂ `ਤੇ ਐਸੀ ਧੁੰਦ ਪਈ ਕਿ ਉਹ ਆਪਣੇ ਹੀ ਪੁੱਤਾਂ ਦੀਆਂ ਲਾਵਾਰਿਸ ਲਾਸ਼ਾਂ ਦੀ ਨਿਸ਼ਾਨਦੇਹੀ ਕਰਨ ਦੇ ਉਲਟ ਲਾਸ਼ਾਂ ਦੇ ਵਪਾਰੀਆਂ ਨਾਲ ਜਾ ਖੜ੍ਹੇ ਹੋਏ। ਧੁੰਦ ਸਮਾਜ ਨੂੰ ਵੀ ਆਪਣੀ ਗਲਵੱਕੜੀ ਵਿਚ ਜਕੜ ਲੈਂਦੀ, ਕਾਨੂੰਨ ਦੀ ਐਨਕ ਨੂੰ ਧੁੰਦਲਾ ਕਰ ਜਾਂਦੀ। ਰਾਜ ਸੱਤਾ `ਤੇ ਵੀ ਕਾਬਜ਼ ਹੋ ਜਾਂਦੀ ਆ ਤੇ ਅਕਸਰ ਜ਼ੁਲਮ ਨੂੰ ਇਨਸਾਫ ਬਣਾ ਕੇ ਪਰੋਸ ਦਿੰਦੀ ਧੁੰਦ।

ਸਭ ਤੋਂ ਖਤਰਨਾਕ ਹੁੰਦੀ ਧਾਰਮਿਕ ਧੁੰਦ, ਜੋ ਪੁਜਾਰੀ ਧਰਮ ਦਾ ਲਿਬਾਸ ਪਾ ਕੇ ਅਧਰਮ ਫੈਲਾਉਂਦੇ| ਭਰਮ ਨੂੰ ਸੱਚ ਬਣਾ ਕੇ ਲੋਕਾਂ ਦੀ ਸਹਿਮਤੀ ਨਾਲ ਉਨ੍ਹਾਂ ਦੀ ਹੀ ਹਰ ਤਰ੍ਹਾਂ ਦੀ ਲੁੱਟ ਖਸੁੱਟ ਕੀਤੀ ਜਾਂਦੀ। ਪੁਜਾਰੀ ਦੀ ਧੁੰਦ ਬੜੇ ਖੌਫਨਾਕ ਨਤੀਜੇ ਕੱਢਦੀ, ਅਸੀਂ ਆਹ ਪਿਛੇ ਜਿਹੇ ਦੇਖਿਆ ਈ ਆ ਕਿ ਇੱਕ ਪੁਜਾਰੀ ਨੇ ਇੱਕ ਧਾਰਮਿਕ ਥਾਂ ਤੋਂ ਇਹ ਕਹਿ ਦਿੱਤਾ ਕਿ ਫਲਾਣੇ ਮੁਸਲਮਾਨ ਦੇ ਘਰ ਗਾਂ ਦਾ ਮਾਸ ਪਿਆ, ਬੱਸ ਕਿਸੇ ਨੇ ਜਾਣਨ ਦੀ ਕੋਸ਼ਿਸ਼ ਨਾ ਕੀਤੀ! ਜਾ ਕਤਲ ਕੀਤਾ ਉਹ ਮੁਸਲਮਾਨ, ਉਹਦੇ ਆਪਣੇ ਹੀ ਘਰ ਵਿਚ ਤੇ ਸਾਰੇ ਮੁਲਕ ਵਿਚ ਫੈਲ ਗਈ ਮੁਤੱਸਬੀ ਅੱਗ।

ਪੁਜਾਰੀ ਜਦੋਂ ਰਾਜ ਸਿੰਘਾਸਨ ਵਾਲਿਆਂ ਨਾਲ ਰਲ ਕੇ ਧੁੰਦ ਦਾ ਜ਼ਰੀਆ ਬਣਦਾ, ਉਦੋਂ ਉਹਦਾ ਕਹਿਰ ਸਿਖਰ `ਤੇ ਹੁੰਦਾ। 1947 `ਚ ਪੰਜਾਬ ਦੀ ਵੰਡ ਵੇਲੇ ਹੋਇਆ ਕਤਲੇਆਮ ਇੱਕ ਮਿਸਾਲ ਆ। ਇਨ੍ਹਾਂ ਧਾਰਮਿਕ ਲੋਕਾਂ ਬਾਰੇ ਲਿਬਨਾਨ ਦੇ ਸੰਸਾਰ ਪ੍ਰਸਿੱਧ ਲੇਖਕ ਖਲੀਲ ਜ਼ਿਬਰਾਨ ਨੇ ਕਿਹਾ ਹੈ, “ਪੂਰਬ ਦੇ ਧਾਰਮਿਕ ਮੁਖੀ ਈਸਾਈ ਪਾਦਰੀ, ਮੁਸਲਿਮ ਇਮਾਮ ਤੇ ਬ੍ਰਾਹਮਣ ਪੁਜਾਰੀ ਸਮੁੰਦਰੀ ਖੂੰਖਾਰ ਜੀਵਾਂ ਵਾਂਗ ਹੁੰਦੇ ਹਨ, ਜੋ ਆਪਣੇ ਸ਼ਿਕਾਰ ਨੂੰ ਸ਼ਿਕੰਜਿਆਂ ਵਿਚ ਜਕੜ ਕੇ ਅਨੇਕਾਂ ਮੂੰਹਾਂ ਨਾਲ ਉਨ੍ਹਾਂ ਦਾ ਖੂਨ ਚੂਸਦੇ ਹਨ।”

ਬਾਈਬਲ ਅਨੁਸਾਰ ਧੁੰਦ ਰੂਹਾਨੀਅਤ ਦੇ ਰਾਹ ਦਾ ਰੋੜਾ ਹੈ, ਇਹ ਅਸਲੀਅਤ ਤੇ ਨਕਲ ਦੇ ਵਿਚਾਲੇ ਪਰਛਾਵਾਂ ਹੈ, ਜੋ ਅਸਲੀਅਤ ਨੂੰ ਸਦਾ ਲੁਕੋਈ ਰੱਖਦਾ। ਉਨੀਵੀਂ ਸਦੀ ਦੇ ਅੰਗਰੇਜ਼ੀ ਕਵੀ ਬ੍ਰਾਊਨਿੰਗ ਮੁਤਾਬਕ ਧੁੰਦ ਮੌਤ ਦੀ ਨਿਸ਼ਾਨੀ ਹੁੰਦੀ। ਇਸਲਾਮ ਵਿਚ ਧੁੰਦ ਨੂੰ ਕਿਆਮਤ ਨਾਲ ਵੀ ਜੋੜਿਆ ਗਿਆ, ਜਿਸ ਵਿਚ ਸਾਰੇ ਕਾਫਿਰ ਬੇਹੋਸ਼ ਹੋ ਜਾਣਗੇ ਤੇ ਮੁਸਲਮਾਨ ਬਚਣਗੇ। ਸਾਹਿਤ ਵਿਚ ਜਦੋਂ ਕਿਸੇ ਚੀਜ਼ ਨੂੰ ਅਸਪਸ਼ਟ, ਅਗਿਆਨ, ਭੇਤ, ਉਲਝਣ, ਨਕਲੀ, ਭੁਲੇਖਾ, ਭਰਮ ਵਗੈਰਾ ਦੱਸਣਾ ਹੋਵੇ ਤਾਂ ਲਫਜ਼ ਧੁੰਦ ਜਾਂ ਧੁੰਦਲਾ ਵਰਤਿਆ ਜਾਂਦਾ। ਧੁੰਦ ਨੂੰ ਕਰੀਬ ਸਾਰੇ ਵੱਡੇ ਧਰਮਾਂ ਨੇ ਇੱਕ ਵਿਨਾਸ਼ਕਾਰੀ ਵਜੋਂ ਲਿਆ ਸਿਵਾਏ ਇੱਕ ਧਰਮ ਦੇ, ਜਿਸ ਵਿਚ ਇਹ ਵੀ ਇੱਕ ਦੇਵਤਾ ਹੈ। ਧੁੰਦ ਬਾਰੇ ਇਹ ਥੋੜ੍ਹਾ ਜਿਹਾ ਜ਼ਿਕਰ ਤਾਂ ਕੀਤਾ ਕਿ ਜਦੋਂ ਆਪਾਂ ਭਾਈ ਗੁਰਦਾਸ ਜੀ ਦਾ ਸ਼ਬਦ ‘ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ’ ਪੜ੍ਹੀਏ ਤਾਂ ਇਹ ਜ਼ਿਹਨ ਵਿਚ ਰਹੇ ਕਿ ਇਹ ਸ਼ਬਦ ਸਿਰਫ ਪ੍ਰਭਾਤ ਫੇਰੀਆਂ `ਤੇ ਗਾਉਣ, ਸੁਣਨ ਤੇ ਬਦਾਨਾ-ਬੂੰਦੀ ਖਾਣ ਤੱਕ ਹੀ ਸੀਮਿਤ ਨਾ ਰਹੇ, ਧੁੰਦ ਨੂੰ ਬਾਬੇ ਨਾਨਕ ਨੇ ਆਪਣੀ ਜ਼ਿੰਦਗੀ ਦਾ ਹਰ ਦਿਨ, ਹਰ ਪਲ, ਹਰ ਦੁਨਿਆਵੀ ਦੁੱਖ-ਤਕਲੀਫ, ਮੁਸੀਬਤ ਨੂੰ ਆਪਣੇ ਪਿੰਡੇ `ਤੇ ਹੰਢਾ ਕੇ ਮਿਟਾਇਆ ਤਾਂ ਜਗਤ ਵਿਚ ਚਾਨਣ ਹੋਇਆ। ਜ਼ਿੰਦਗੀ ਦਾ ਕਿਹੜਾ ਦਿਨ ਸੀ, ਜਿੱਦਣ ਇਸ ਧੁੰਦ ਨੇ ਬਾਬੇ ਦਾ ਰਾਹ ਰੋਕਣ ਦਾ ਯਤਨ ਨਾ ਕੀਤਾ ਹੋਵੇ।

ਗੁਰੂ ਨਾਨਕ ਸਾਹਿਬ ਦੇ ਅਵਤਾਰ ਧਾਰਨ ਵਕਤ ਜੋ ਹਾਲਾਤ ਸਨ, ਉਹ ਆਪਾਂ ਇਤਿਹਾਸ ਵਿਚ ਪੜ੍ਹੇ ਹੋਏ ਹਨ, ਇੱਕੋ ਲਫਜ਼ ਵਿਚ ਜੇ ਕਹਿਣਾ ਹੋਵੇ ਤਾਂ ਸਭ ਪਾਸੇ ‘ਗੂੜ੍ਹੀ ਧੁੰਦ’ ਸੀ ਤੇ ਬਾਬੇ ਨਾਨਕ ਦੀ ਪੈਗੰਬਰੀ ਆਮਦ ਇਸ ਧੁੰਦ ਨੂੰ ਮਿਟਾਉਣ ਖਾਤਿਰ ਹੀ ਹੋਈ। ਜਨਮ ਤੋਂ ਲੈ ਕੇ ਪਰਲੋਕ ਗਮਨ ਤੱਕ ਬਾਬਾ ਨਾਨਕ ਇਸ ਧੁੰਦ ਨਾਲ ਦੋ ਦੋ ਹੱਥ ਕਰਦਾ ਰਿਹਾ। ਜਿਥੇ ਬਾਬਾ ਰੱਬੀ ਬਾਣੀ ਦੇ ਛੱਟੇ ਮਾਰ ਕੇ ਲੋਕਾਈ ਨੂੰ ਇਸ ਧੁੰਦ ਤੋਂ ਛੁਟਕਾਰਾ ਦਿਵਾਉਂਦਾ ਰਿਹਾ, ਉਥੇ ਖੁਦ ਧੁੰਦ ਨਾਲ ਟੱਕਰ ਕੇ ਚਾਨਣ ਵੰਡਦਾ ਰਿਹਾ।

ਇਥੇ ਆਪਾਂ ਸਿਰਫ ਬਾਬੇ ਨਾਨਕ ਨਾਲ ਜੁੜੀਆਂ ਕੁਝ ਪ੍ਰਚਲਿਤ ਕਥਾਵਾਂ ਸਾਂਝੀਆਂ ਕਰਾਂਗੇ, ਜਿਨ੍ਹਾਂ ਤੋਂ ਪਤਾ ਲੱਗੂ ਕਿ ਉਨ੍ਹਾਂ ਦੀ ਪੈਗੰਬਰੀ ਸੁਰਤ ਦੀ ਪਹੁੰਚ ਕਿਥੋਂ ਤੱਕ ਸੀ ਤਾਂ ਕਿ ਜੋ ਉਹਦਾ ਕਰਾਮਾਤੀ ਅਕਸ ਸਾਡੇ ਮਨਾਂ ਵਿਚ ਬੈਠਾਇਆ ਗਿਆ ਹੈ, ਉਹ ਵੀ ਨਿਕਲ ਜਾਵੇ। ਸੱਤ ਸਾਲ ਦੀ ਉਮਰ ਵਿਚ ਬਾਲ ਨਾਨਕ ਨੂੰ ਪਹਿਲਾਂ ਪੰਡਿਤ ਗੋਪਾਲ ਤੇ ਫਿਰ ਪੰਡਿਤ ਬ੍ਰਿਜ ਨਾਥ ਕੋਲ ਪੜ੍ਹਨ ਪਾ ਦਿੱਤਾ, ਜੋ ਸੰਸਕ੍ਰਿਤ ਦੇ ਨਾਲ ਨਾਲ ਹਿੰਦੂ ਸ਼ਾਸਤਰਾਂ ਦਾ ਵੀ ਵਿਦਵਾਨ ਸੀ। ਬਾਬਾ ਨਾਨਕ ਦੋ ਸਾਲ ਤੱਕ ਉਥੇ ਪੜ੍ਹਿਆ ਤੇ ਸੰਸਕ੍ਰਿਤ ਸਿੱਖੀ। ਜਦੋਂ ਸ਼ਾਸਤਰਾਂ ਦੀ ਗੱਲ ਹੋਈ ਤਾਂ ਬਾਲ ਨਾਨਕ ਪੰਡਿਤ ਨੂੰ ਉਹ ਸੁਆਲ ਪੁੱਛਣ ਲੱਗਾ, ਜਿਨ੍ਹਾਂ ਦਾ ਉਸ ਕੋਲ ਕੋਈ ਜੁਆਬ ਨਹੀਂ ਸੀ। ਨਾਨਕ ਰੂਹਾਨੀਅਤ ਦੀਆਂ ਉਹ ਗੱਲਾਂ ਕਰਨ ਲੱਗ ਪਿਆ, ਜੋ ਪੰਡਿਤ ਦੇ ਸ਼ਾਸਤਰਾਂ ਵਿਚੋਂ ਨਹੀਂ ਸਨ ਮਿਲਦੀਆਂ। ਬਾਲ ਨਾਨਕ ਨੇ ਉਸ ਛੋਟੀ ਉਮਰ ਵਿਚ ਹੀ ਸਮਝ ਲਿਆ ਕਿ ਜੋ ਵਿਦਿਆ ਪੰਡਿਤ ਸੰਸਕ੍ਰਿਤ ਵਿਚ ਦਿੰਦਾ, ਉਹ ਤਾਂ ਤਲਵੰਡੀ ਦਾ ਕੋਈ ਵੀ ਬਾਸ਼ਿੰਦਾ ਨਹੀਂ ਸਮਝਦਾ ਤੇ ਉਸ ਵਿੱਦਿਆ ਦਾ ਕੀ ਫਾਇਦਾ ਜੋ ਆਪਣੀ ਬੋਲੀ ਵਿਚ ਨਾ ਹੋਵੇ, ਜਿਸ ਦੀ ਸਮਝ ਨਾ ਪਵੇ?

ਬਾਲ ਨਾਨਕ ਦੀ ਪੈਗੰਬਰੀ ਸੁਰਤ ਨੇ ਜਾਣ ਲਿਆ ਕਿ ਲੋਕਾਂ ਦੇ ਮਨਾਂ ਅੰਦਰ ਜੋ ਧੁੰਦ ਪਈ ਹੋਈ ਹੈ, ਉਹਦਾ ਇੱਕ ਕਾਰਨ ਅਗਿਆਨ ਹੈ ਤੇ ਦੂਜਾ, ਜੋ ਗਿਆਨ ਦਿੱਤਾ ਜਾ ਰਿਹਾ ਹੈ, ਉਹ ਪਰਾਈ ਬੋਲੀ ਵਿਚ ਹੋਣ ਕਰਕੇ ਉਸ ਧੁੰਦ ਨੂੰ ਹੋਰ ਗਹਿਰਾ ਕਰੀ ਜਾਂਦਾ। ਇਥੇ ਬਾਬੇ ਨਾਨਕ ਨੇ ਸਭ ਤੋਂ ਪਹਿਲਾ ਇਨਕਲਾਬੀ ਕਦਮ ਚੁੱਕਿਆ ਤੇ ਗੁਰਮੁਖੀ ਵਿਚ ਪੱਟੀ ਲਿਖ ਕੇ ਪੰਡਿਤ ਨੂੰ ਕਿਹਾ ਕਿ ਐਸ ਬੋਲੀ ਵਿਚ ਗਿਆਨ ਚਾਹੀਦਾ। ਸਦੀਆਂ ਤੋਂ ਚਲੀ ਆ ਰਹੀ ਦੇਵ ਬੋਲੀ ਸੰਸਕ੍ਰਿਤ ਨੂੰ ਸਿੱਧਾ ਚੈਲੰਜ ਸੀ ਇਹ, ਬਾਬੇ ਨਾਨਕ ਦਾ। ਸਾਰੀ ਉਮਰ ਇਸੇ ਬੋਲੀ ਵਿਚ ਰੱਬੀ ਬਾਣੀ ਉਚਾਰ ਕੇ ਇਹ ਦੱਸ ਦਿੱਤਾ ਕਿ ਪੁਜਾਰੀ ਦੀ ਅਖੌਤੀ ਦੇਵ ਬੋਲੀ ਨਾਲੋਂ ਵੀ ਬਿਹਤਰ ਰੱਬੀ ਗਿਆਨ ਲੋਕ ਬੋਲੀ ਗੁਰਮੁਖੀ ਵਿਚ ਹੁੰਦਾ, ਜੋ ਮਨਾਂ ਅੰਦਰ ਪਈ ਧੁੰਦ ਨੂੰ ਦੂਰ ਕਰ ਸਕਦਾ। ਇਹ ਨਾਬਰੀ ਸ਼ਾਇਦ ਪੁਜਾਰੀ ਤੋਂ ਸਹਾਰੀ ਨਾ ਗਈ ਤੇ ਉਦੋਂ ਦਾ ਹੀ ਉਹ ਗੁਰਮੁਖੀ ਨਾਲ ਖੁੰਦਕ ਖਾ ਗਿਆ ਲਗਦਾ, ਜੋ ਅੱਜ ਤੱਕ ਵੀ ਸਿਰੇ ਦੀ ਨਫਰਤ ਪਾਲੀ ਬੈਠਾ ਇਸ ਨਾਲ।

ਬਾਬੇ ਨਾਨਕ ਦੀ ਸੁਰਤ ਇਹ ਵੀ ਜਾਣ ਗਈ ਕਿ ਜੇ ਭੋਲੇ ਭਾਲੇ ਲੋਕਾਂ ਨੂੰ ਅਗਿਆਨ ਦੀ ਧੁੰਦ ਵਿਚੋਂ ਕੱਢਣਾ ਹੈ ਤਾਂ ਸਹੀ ਗਿਆਨ ਜਾਂ ਸਹੀ ਪੜ੍ਹਾਈ ਬਹੁਤ ਜ਼ਰੂਰੀ ਹੈ| ਬਾਬਾ ਕੱਤਈ ਨਹੀਂ ਚਾਹੁੰਦਾ ਹੋਣਾ ਕਿ ਜੋ ਉਹਦੇ ਨਿਰਮਲ ਪੰਥ ਦੇ ਪਾਂਧੀ ਬਣਨ, ਉਹ ਜਾਹਲ, ਅਨਪੜ੍ਹ, ਅਗਿਆਨੀ ਤੇ ਪਿਛਲੱਗ ਹੋਣ। ਨਿਰਮਲ ਪੰਥ ਵਾਲੇ ਐਨੇ ਕੁ ਜ਼ਰੂਰ ਰੌਸ਼ਨ ਦਿਮਾਗ ਹੋਣ ਕਿ ਉਹ ਚੰਗੇ-ਬੁਰੇ ਦੀ ਪਛਾਣ ਕਰ ਸਕਣ, ਉਹਨੂੰ ਇੰਨਾ ਕੁ ਗਿਆਨ ਜ਼ਰੂਰ ਹੋਣਾ ਚਾਹੀਦਾ ਕਿ ਅੱਜ ਪੁਜਾਰੀ ਦੀ ਹਾਕਮ ਜਮਾਤ ਬੜੇ ਸ਼ਾਤਰ ਤਰੀਕੇ ਨਾਲ ਉਹਦੇ ਪੁਰਖਿਆਂ ਦੇ ਇਤਿਹਾਸ ਵਿਚ ਰੌਲ ਘਚੋਲਾ ਪਾ ਰਹੀ ਹੈ।

ਡਰ ਤਾਂ ਇਹ ਵੀ ਹੈ ਕਿ ਸਰਕਾਰੀ ਤੰਤਰ 550 ਸਾਲਾ ਗੁਰਪੁਰਬ ਮਨਾਉਣ ਦੀ ਆੜ ਥੱਲੇ ਬਾਬੇ ਨਾਨਕ ਦੇ ਨਿਰਮਲ ਪੰਥ ਨੂੰ ਭਗਵੇਂ ਰੰਗ ਵਿਚ ਹੀ ਨਾ ਪੇਸ਼ ਕਰ ਦੇਵੇ ਤੇ ਸਿੱਖ ਨਗਰ ਕੀਰਤਨਾਂ ਅੱਗੇ ਬੱਸ ਗਤਕੇ ਖੇਡੀ ਜਾਣ ਤੇ ਅਗਲੇ ਸਾਡੇ ਅਵੇਸਲੇਪਨ ਵਿਚ ਹੀ ਐਸੀ ਧੁੰਦ ਪਾ ਜਾਣ ਕਿ ਸਾਡੀਆਂ ਆਉਣ ਵਾਲੀਆਂ ਪੁਸ਼ਤਾਂ ਇਹਦੀ ਚੀਸ ਸਹਿੰਦੀਆਂ ਫਿਰਨ।

ਗੁਰਦੁਆਰਾ ਪੱਟੀ ਸਾਹਿਬ (ਪਾਕਿਸਤਾਨ) ਕੇਵਲ ਸ਼ਰਧਾ ਵੱਸ ਮੱਥਾ ਟੇਕਣ ਵਾਲੇ ਧਾਰਮਿਕ ਸਥਾਨ ਨਾਲੋਂ ਵੱਧ ਸਾਨੂੰ ਬਾਬੇ ਨਾਨਕ ਦਾ ਇਹ ਸੁਨੇਹਾ ਵੀ ਦਿੰਦਾ ਕਿ ਮਨਾਂ ਅੰਦਰ ਪਈ ਅਗਿਆਨ ਦੀ ਧੁੰਦ ਗਿਆਨ ਨਾਲ ਹਟਣੀ ਆ|

ਗਿਆਰਾਂ ਸਾਲ ਦੀ ਉਮਰ ਵਿਚ ਬਾਬੇ ਨਾਨਕ ਨੂੰ ਜਦੋਂ ਪੰਡਿਤ ਜਨੇਊ ਦੀਆਂ ਰਸਮਾਂ ਦੇ ਮੰਤਰ ਪੜ੍ਹ ਕੇ ਜਨੇਊ ਪਾਉਣ ਲੱਗਾ ਤਾਂ ਬਾਬੇ ਨੇ ਇਹੋ ਹੀ ਪੁੱਛਿਆ ਕਿ ਆਹ ਜੋ ਸੂਤ ਦੇ ਧਾਗੇ ਨੂੰ ਵੱਟ ਦੇ ਕੇ ਗੰਢਾਂ ਦਿੰਨਾਂ, ਇਨ੍ਹਾਂ ਦਾ ਮਤਲਬ ਕੀ ਹੈ? ਪੰਡਿਤ ਕਹੇ ਕਿ ਇਹ ਸ਼ਾਸਤਰਾਂ ਦੀ ਵਿਦਿਆ ਮੁਤਾਬਕ ਹੈ, ਬਾਬਾ ਇਹੋ ਕਹਿੰਦਾ ਹੋਣਾ ਕਿ ਕਿਹੜੇ ਸ਼ਾਸਤਰਾਂ ਦੀ ਗੱਲ ਕਰਦਾ? ਉਨ੍ਹਾਂ ਦੀ, ਜੋ ਸਮਾਜ ਵਿਚ ਵੰਡੀਆਂ ਪਾਉਂਦੇ ਆ? ਰੱਬ ਦੇ ਇਨਸਾਨਾਂ ਨੂੰ ਅਛੂਤ ਗਰਦਾਨ ਕੇ ਪਸੂਆਂ ਤੋਂ ਵੀ ਬਦਤਰ ਜ਼ਿੰਦਗੀ ਬਸਰ ਕਰਨ `ਤੇ ਮਜ਼ਬੂਰ ਕੀਤਾ ਹੋਇਆ, ਉਹ ਸ਼ਾਸਤਰ ਜੋ ਜਗਤ ਜਣਨੀ ਨੂੰ ਪੈਰ ਦੀ ਜੁੱਤੀ ਕਹਿ ਕੇ ਦੁਰਕਾਰਦੇ ਆ? ਉਨ੍ਹਾਂ ਸ਼ਾਸਤਰਾਂ ਦੀ ਗੱਲ ਕਰਦੈਂ, ਜੋ ਜ਼ਾਲਮ ਹੁਕਮਰਾਨ ਨੂੰ ਨੇਹ-ਕਲੰਕ ਕਹਿ ਕੇ ਵਡਿਆਉਂਦਾ ਅਤੇ ਪੁਜਾਰੀ ਰਿਸ਼ਵਤਖੋਰ ਬਣ ਕੇ ਉਹਦੀ ਪਿੱਠ `ਤੇ ਹੱਥ ਰੱਖਦਾ, ਤੇ ਧਰਮ ਵਲੋਂ ਮੂੰਹ ਫੇਰ ਲੈਂਦਾ?

ਸਨਾਤਨ ਮਤ ਵਿਚ ਜਨੇਊ ਦੀ ਰਸਮ ਇੱਕ ਤਰ੍ਹਾਂ ਵਿਆਹ ਜਿਹੀ ਹੁੰਦੀ ਆ। ਸਭ ਰਿਸ਼ਤੇਦਾਰ ਤੇ ਹੋਰ ਸ਼ਰੀਕੇ ਭਾਈਚਾਰੇ ਦੇ ਸਾਰੇ ਪਤਵੰਤੇ ਸੱਦੇ ਜਾਂਦੇ ਹਨ ਤੇ ਮਹਿਤਾ ਕਾਲੂ ਜੀ ਤਾਂ ਇਲਾਕੇ ਦੇ ਪਟਵਾਰੀ ਤੇ ਵੱਡੇ ਅਸਰ ਰਸੂਖ ਵਾਲੇ ਹੋਣ ਕਰਕੇ ਨਾਨਕ ਦੀ ਇਸ ਜਨੇਊ ਰਸਮ ਵਿਚ ਦੋਹਾਂ ਧਰਮਾਂ ਦੇ ਲੋਕਾਂ ਦਾ ਬੜਾ ਵੱਡਾ ਇੱਕਠ ਹੋਇਆ ਸੀ। ਨਾਨਕ ਆਪਣੇ ਬਾਪ ਨੂੰ ਪਹਿਲਾਂ ਵੀ ਕਹਿ ਸਕਦਾ ਸੀ ਕਿ ਮੈਂ ਜਨੇਊ ਨਹੀਂ ਪਾਉਣਾ ਤੇ ਐਵੇਂ ਨਾ ਐਨਾ ਵੱਡਾ ਇੱਕਠ ਕਰ, ਪਰ ਬਾਬੇ ਨੇ ਤਾਂ ਸਦੀਆਂ ਤੋਂ ਪੈ ਰਹੀ ਧੁੰਦ ਨੂੰ ਲੋਕਾਂ ਦੇ ਸਾਹਮਣੇ ਨਸ਼ਰ ਕਰਨਾ ਸੀ, ਭਾਵੇਂ ਉਹਨੂੰ ਬਾਪ ਦੇ ਨਾਲ ਰਿਸ਼ਤੇਦਾਰਾਂ ਦੀ ਵੀ ਤਲਖੀ ਕਿਉਂ ਨਾ ਝੱਲਣੀ ਪਈ ਹੋਵੇ! ਪੁਜਾਰੀ ਨੂੰ ਨਾਨਕ ਦਾ ਇਹ ਕਦਮ ਭੈਭੀਤ ਕਰ ਗਿਆ, ਜੋ ਉਹਦੀ ਸਰਦਾਰੀ ਨੂੰ ਸਿੱਧੀ ਚੁਣੌਤੀ ਦਿੰਦਾ ਹੋਵੇ, ਪਰ ਲੋਕਾਂ ਦੇ ਮਨਾਂ ਨੂੰ ਬਾਬੇ ਨਾਨਕ ਦਾ ਤਰਕ ਭਾਅ ਗਿਆ ਤੇ ਉਹ ਵੀ ਜ਼ੁਰਅਤ ਕਰਨ ਲੱਗ ਪਏ ਪੁਜਾਰੀ ਨੂੰ ਸੁਆਲ ਪੁੱਛਣ ਦੀ।

ਪਿਤਾ ਮਹਿਤਾ ਕਾਲੂ ਨੇ ਸੋਚਿਆ ਕਿ ਪੁੱਤ ਦੇ ਕੰਮ ਕੁਝ ਅਵੱਲੇ ਜਿਹੇ ਹਨ ਤਾਂ ਉਨ੍ਹਾਂ ਨੇ ਨਾਨਕ ਨੂੰ ਦੁਨੀਆਂਦਾਰੀ ਵਿਚ ਪਾਉਣ ਖਾਤਿਰ ਉਹਦਾ ਵਿਆਹ ਕਰਨਾ ਠੀਕ ਸਮਝਿਆ। ਅਕਸਰ ਇਹੋ ਪ੍ਰਚਾਰਿਆ ਜਾਂਦਾ ਕਿ ਨਾਨਕ ਦੀ ਬਰਾਤ ਵਿਚ ਸਾਰੇ ਸਾਧੂ ਸੰਤ ਹੀ ਗਏ, ਇਹ ਸਾਧਾਂ ਦੇ ਵੱਧ ਫਿੱਟ ਵੀ ਬੈਠਦਾ ਕਿ ਉਨ੍ਹਾਂ ਦੀ ਇਸ ਨਾਲ ਮਾਨਤਾ ਬਰਕਰਾਰ ਰਹਿੰਦੀ; ਪਰ ਇਸ ਤੋਂ ਉਲਟ ਨਾਨਕ ਦੀ ਬਰਾਤ ਵਿਚ ਤਲਵੰਡੀ ਦੇ ਸਾਰੇ ਸਰਦੇ-ਪੁੱਜਦੇ ਵੱਡੇ ਲੋਕ ਗਏ, ਕਿਉਂਕਿ ਮਹਿਤਾ ਕਾਲੂ ਦੀ ਆਪਣੀ ਹੈਸੀਅਤ ਬਹੁਤ ਵੱਡੀ ਸੀ ਤੇ ਅੱਗੋਂ ਨਾਨਕ ਦਾ ਸਹੁਰਾ ਪਰਿਵਾਰ ਵੀ ਇਲਾਕੇ ਦਾ ਮੰਨਿਆ ਦੰਨਿਆ ਸੀ। ਬਾਬਾ ਨਾਨਕ ਕੋਈ ਵੀ ਅਜਿਹਾ ਮੌਕਾ ਨਹੀਂ ਸੀ ਖੁੰਝਾਉਂਦਾ, ਜਦੋਂ ਉਹਨੂੰ ਪੁਜਾਰੀ ਦੀ ਪਾਈ ਧੁੰਦ ਨਾਲ ਖੁਦ ਨਾ ਨਜਿਠਿਆ ਹੋਵੇ! ਇਥੇ ਵੀ ਬਾਬਾ ਨਾਨਕ ਅੜ੍ਹ ਗਿਆ ਕਿ ਮੈਂ ਅਗਨੀ ਦੁਆਲੇ ਫੇਰੇ ਕਿਉਂ ਲਵਾਂ? ਪੁਰੋਹਿਤਾਂ ਨੇ ਬਥੇਰਾ ਦੱਸਿਆ ਕਿ ਇਹ ਅਗਨੀ ਸ਼ਾਸਤਰਾਂ ਦੇ ਮੰਤਰਾਂ ਨਾਲ ਪਵਿੱਤਰ ਹੈ ਤੇ ਦੇਵੀ-ਦੇਵਤਿਆਂ ਨੇ ਇਹਨੂੰ ਪਵਿੱਤਰ ਕਿਹਾ ਹੋਇਆ ਤੇ ਸਦੀਆਂ ਤੋਂ ਸਭ ਇਹਨੂੰ ਚਸ਼ਮਦੀਦ ਗਵਾਹ ਮੰਨ ਕੇ ਵਿਆਹ ਦੀਆਂ ਰਸਮਾਂ ਪੂਰੀਆਂ ਕਰਦੇ ਆ ਰਹੇ ਹਨ ਤੇ ਤੈਨੂੰ ਵੀ ਕਰਨੀਆਂ ਹੀ ਪੈਣੀਆਂ। ਬਾਬੇ ਨੇ ਤਰਕ ਦਿੱਤਾ ਹੋਣਾ ਕਿ ਫਿਰ ਤਾਂ ਚੁੱਲ੍ਹੇ ਵਿਚ ਬਲਦੀ ਅੱਗ ਇਸ ਨਾਲੋਂ ਵੀ ਪਵਿੱਤਰ ਹੋਈ, ਜੋ ਭੁੱਖੇ ਢਿੱਡ ਨੂੰ ਜੀਵਨ ਦਾਨ ਦਿੰਦੀ ਹੈ, ਫਿਰ ਦੱਸੋ ਇਹ ਉਹਦੇ ਤੋਂ ਬਿਹਤਰ ਕਿੱਦਾਂ ਹੋਈ?

ਇਹ ਬਹਿਸ ਕੋਈ ਘੰਟੇ, ਅੱਧੇ ਘੰਟੇ ਦੀ ਥੋੜੋ ਹੋਈ ਹੋਣੀ, ਕਿਉਂਕਿ ਪੁਜਾਰੀ ਹਾਰ ਮੰਨਣ ਵਾਲਾ ਛੇਤੀ ਕਿਤੇ! ਕਮਾਲ ਤਾਂ ਇਹ ਵੀ ਹੋਣਾ ਕਿ ਇਕੱਲਾ ਵਿਆਹੁੰਦੜ ਨਾਨਕ ਇੱਕ ਪਾਸੇ ਤੇ ਦੋ ਪਰਿਵਾਰਾਂ ਦਾ ਸਾਰਾ ਕੁਨਬਾ, ਸਮੇਤ ਪੁਜਾਰੀ ਇੱਕ ਪਾਸੇ। ਉਤੋਂ ਸਿਤਮ ਇਹ ਕਿ ਮਹਿਤਾ ਕਾਲੂ ਪਹਿਲਾਂ ਹੀ ਆਪਣੇ ਪੁੱਤ ਤੋਂ ਖਫਾ ਸੀ ਤੇ ਆਹ ਉਹਦਾ ਨਵਾਂ ਪੁਆੜਾ ਉਹਨੂੰ ਹੋਰ ਵੀ ਨਮੋਸ਼ੀ ਭਰਿਆ ਲਗਦਾ ਹੋਣਾ ਇਸ ਖੁਸ਼ੀ ਦੇ ਮਾਹੌਲ ਵਿਚ। ਪਤਾ ਨਹੀਂ ਨਾਨਕ `ਤੇ ਕਿੰਨਾ ਕੁ ਦਬਾਅ ਪਾਇਆ ਹੋਣਾ ਕਿ ਛੱਡ ਪਰੇ, ਲੈ ਫੇਰੇ ਜਿਵੇਂ ਪੁਜਾਰੀ ਕਹਿੰਦਾ, ਪਰ ਬਾਬੇ ਨਾਨਕ ਨੇ ਤਾਂ ‘ਜਗਿ’ ਭਾਵ ਸੰਸਾਰ ਵਿਚ ਚਾਨਣ ਕਰਨਾ ਸੀ, ਸਦੀਆਂ ਤੋਂ ਚਲੀ ਆ ਰਹੀ ਪੁਜਾਰੀ ਦੀ ਧੁੰਦ ਨੂੰ ਮਿਟਾ ਕੇ|

ਦਰਅਸਲ ਪੁਜਾਰੀ ਇਹਦੀ ਆੜ `ਚ ਲੋਕਾਂ ਵਿਚ ਬੜੇ ਵਹਿਮ ਭਰਮ ਪਾ ਕੇ ਰੱਖਦਾ ਸੀ ਜਿਵੇਂ ਪੱਤਰੀ, ਮੰਗਲੀਕ, ਕੁੰਡਲੀ ਨਾ ਮਿਲਣਾ, ਗੰਧਮੂਲ, ਪੈਂਚਕਾਂ, ਤਾਰਾ ਡੁੱਬਿਆ, ਤਾਰਾ ਚੜ੍ਹਿਆ, ਰਾਹੂ-ਕੇਤੂ, ਸ਼ਨੀ, ਸਰਾਧ, ਨਰਾਤੇ-ਪਤਾ ਨਹੀਂ ਕੀ ਕੀ ਕੁਝ! ਤੇ ਫਿਰ ਉਹਦਾ ਉਪਾਅ ਵੀ ਆਪ ਹੀ ਦੱਸ ਕੇ ਮਣਾਂ ਮੂੰਹੀਂ ਦਾਨ ਲੈਂਦਾ ਸੀ। ਬਾਬੇ ਨਾਨਕ ਦੀਆਂ ਦਲੀਲਾਂ ਅੱਗੇ ਪੁਜਾਰੀ ਪਤਲਾ ਪੈਂਦਾ ਗਿਆ ਤੇ ਲੋਕ ਉਹਦੇ ਝੂਠ ਨੂੰ ਸਮਝਣ ਲੱਗ ਪਏ। ਸਮਾਜ ਦੀ ਸਭ ਤੋਂ ਵੱਡੀ ਰਸਮ ਆਪਣੇ ਹੱਥੋਂ ਜਾਂਦੀ ਦੇਖ ਉਹ ਬੌਖਲਾ ਗਿਆ ਤੇ ਨਾਨਕ ਦਾ ਵੈਰੀ ਬਣ ਕੇ ਉਹਦੇ `ਤੇ ਕੰਧ ਡੇਗਣ ਦੀ ਵੀ ਕੋਸ਼ਿਸ਼ ਕੀਤੀ ਤਾਂ ਕਿ ਫਾਹਾ ਹੀ ਵੱਢਿਆ ਜਾਵੇ। ਨਾਨਕ ਜੋਤ ਨਾਲ ਅੱਜ ਤੱਕ ਇਹ ਵੈਰ ਬਰਕਰਾਰ ਹੈ, ਆਪਾਂ ਮੰਨੀਏ, ਭਾਵੇਂ ਨਾ ਮੰਨੀਏ| ਅਨੰਦ ਮੈਰਿਜ ਐਕਟ ਨੂੰ ਕਿਉਂ ਮਾਨਤਾ ਨਹੀਂ ਦਿੱਤੀ ਜਾਂਦੀ ਭਲਾ? ਸੋਚਿਆ ਕਦੀ!

ਸਾਡੇ ਗੁਰਦੁਆਰਿਆਂ ਵਿਚ ਸਭ ਤੋਂ ਵੱਧ ਬਾਬੇ ਨਾਨਕ ਦੀ ਸੱਚਾ ਸੌਦਾ ਵਾਲੀ ਸਾਖੀ ਬੜੇ ਮਸਾਲੇ ਲਾ ਲਾ ਕੇ ਸੁਣਾਈ ਜਾਂਦੀ ਤੇ ਇਹੋ ਕਿਹਾ ਜਾਂਦਾ ਕਿ ਉਨ੍ਹਾਂ ਵੀਹਾਂ ਰੁਪਿਆਂ ਨਾਲ ਹੀ ਅੱਜ ਤੱਕ ਸਾਰੇ ਲੰਗਰ ਚਲੀ ਜਾਂਦੇ ਹਨ, ਕਿਉਂਕਿ ਜਿਨ੍ਹਾਂ ਭੁੱਖੇ ਸਾਧੂਆਂ ਨੂੰ ਬਾਬੇ ਨੇ ਲੰਗਰ ਛਕਾਇਆ ਸੀ, ਉਨ੍ਹਾਂ ਨੇ ਇਹ ਹੀ ਵਰਦਾਨ ਦਿੱਤਾ ਹੋਇਆ। ਕਿਹਾ ਇਹ ਜਾਂਦਾ ਕਿ ਵਪਾਰ ਵਾਸਤੇ ਬਾਪ ਵਲੋਂ ਦਿੱਤੇ ਉਹ ਵੀਹ ਰੁਪਏ ਨਾਨਕ ਜਦੋਂ ਵਪਾਰ `ਤੇ ਨਾ ਖਰਚ ਕੇ ਸਾਧਾਂ ਨੂੰ ਛਕਾ ਕੇ ਵਾਪਿਸ ਘਰ ਮੁੜਿਆ ਤਾਂ ਬਾਪ ਦਾ ਗੁੱਸੇ ਹੋਣਾ ਕੁਦਰਤੀ ਸੀ। ਪੁੱਛਣ `ਤੇ ਬਾਬੇ ਨੇ ਕਿਹਾ ਕਿ ਮੈਂ ‘ਖਰਾ ਸੌਦਾ’ ਕਰ ਆਇਆਂ। ਇਹ ਖਰਾ ਸੌਦਾ ਸੱਚਾ ਸੌਦਾ ਕਿਸ ਨੇ ਤੇ ਕਦੋਂ ਬਣਾ ਦਿੱਤਾ, ਸਿੱਖਾਂ ਨੂੰ ਪਤਾ ਹੀ ਨਾ ਲੱਗਾ। ਖਰੇ ਦਾ ਮਤਲਬ ਸੀ ਖੋਟ ਤੋਂ ਰਹਿਤ, ਜਿਸ ਵਿਚ ਕਿਸੇ ਦੀ ਅਸਲੀਅਤ ਨੂੰ ਜਾਹਰ ਕਰਨਾ ਸੀ। ਉਹ ਸਾਧ ਇੱਕਲੇ ਭੁੱਖੇ ਹੀ ਨਹੀਂ ਸਨ, ਸਿਰੇ ਦੇ ਲਾਲਚੀ ਵੀ ਹੋਣੇ ਤੇ ਚੂਹੜਕਾਣੇ ਪੱਕਾ ਡੇਰਾ ਬਣਾ ਕੇ ਵਿਹਲੜ ਬੈਠੇ ਹੋਣੇ ਆ, ਤਾਂ ਹੀ ਐਡੀ ਵੱਡੀ ਰਕਮ ਨਾਨਕ ਤੋਂ ਲੈ ਗਏ, ਪਰ ਅਸੀਂ ਇਨ੍ਹਾਂ ਸਾਧਾਂ ਨੂੰ ਸੱਚਾ ਸਾਬਿਤ ਕਰਨ ਵਿਚ ਕੋਈ ਕਸਰ ਨਹੀਂ ਛੱਡੀ, ਜਦੋਂ ਕਿ ਬਾਬਾ ਨਾਨਕ ਸ਼ਾਇਦ ਇਨ੍ਹਾਂ ਤੋਂ ਬਚਣ ਦੀ ਰਮਜ਼ ਸਮਝਾਉਣੀ ਚਾਹੁੰਦਾ ਹੋਣਾ ਕਿ ਜੇ ਪੈਸਾ ਧੇਲਾ ਕੋਲ ਲੈ ਕੇ ਕਿਤੇ ਕਾਰੋਬਾਰ `ਤੇ ਜਾਣਾ ਤਾਂ ਭੁੱਲ ਕੇ ਵੀ ਐਦਾਂ ਦੇ ਸਾਧਾਂ ਦੇ ਡੇਰੇ `ਤੇ ਨਾ ਚਲੇ ਜਾਇਓ! ਅਜਿਹੇ ਸਾਧਾਂ ਬਾਰੇ ਪਿਛੋਂ ਬਾਬੇ ਨਾਨਕ ਨੇ ਸਿੱਧ ਗੋਸ਼ਟਿ ਵਿਚ ਵਰਣਨ ਕੀਤਾ ਹੋਇਆ।

ਬਾਬਾ ਨਾਨਕ ਸੰਤਾਂ ਦੇ ਖਿਲਾਫ ਥੋੜਾ ਸੀ, ਉਹ ਤਾਂ ਹਜ਼ਾਰਾਂ ਮੀਲ ਪੈਦਲ ਤੁਰ ਕੇ ਉਨ੍ਹਾਂ ਕੋਲ ਪਹੁੰਚਿਆ ਤੇ ਉਨ੍ਹਾਂ ਦੀ ਰੱਬੀ ਬਾਣੀ ਇੱਕਠੀ ਕਰਕੇ ਲਿਆਇਆ ਤਾਂ ਕਿ ਵਿਹਲੜ ਸਾਧਾਂ ਵਲੋਂ ਜਗਤ ਵਿਚ ਪਾਈ ਧੁੰਦ ਦੂਰ ਕੀਤੀ ਜਾ ਸਕੇ। ਇਥੇ ਇੱਕ ਹੋਰ ਜ਼ਿਕਰ ਜ਼ਰੂਰ ਕਰਾਂਗਾ, ਜਿਹਦਾ ਨਾ ਕੋਈ ਪ੍ਰਚਾਰਕ ਤੇ ਨਾ ਕੋਈ ਸੰਤ ਕਦੇ ਕਰਦਾ; ਹੈ ਉਹ ਵੀ ਇੱਕ ਸਾਖੀ ਹੀ। ਕਰਤਾਰਪੁਰ ਵਸਾ ਕੇ ਜਦੋਂ ਗੁਰੂ ਜੀ ਨੇ ਖੁਦ ਖੇਤੀ ਕਰਨੀ ਸ਼ੁਰੂ ਕੀਤੀ ਤਾਂ ਉਹ ਨਾਲ ਦੀ ਨਾਲ ਸਵੇਰ-ਸ਼ਾਮ ਰੱਬ ਦੀ ਬੰਦਗੀ ਸੰਗਤੀ ਰੂਪ ਵਿਚ ਕਰਦੇ ਤੇ ਗੁਰਬਾਣੀ ਮੁਤਾਬਕ ਜੀਵਨ ਕਿਵੇਂ ਜਿਉਣਾ, ਇਹਦਾ ਪ੍ਰਚਾਰ ਵੀ ਕਰਦੇ। ਦੂਰੋਂ ਨੇੜਿਓਂ ਆਈ ਸੰਗਤ ਦਾ ਲੰਗਰ ਬਾਬੇ ਦੇ ਘਰੋਂ ਹੀ ਹੁੰਦਾ ਸੀ। ਕੁਝ ਸੰਤ ਕਹਾਉਣ ਵਾਲੇ ਵੀ ਆ ਜਾਂਦੇ, ਇਨ੍ਹਾਂ ਨੇ ਜਦੋਂ ਦੇਖਿਆ ਕਿ ਖਾਣ-ਪੀਣ ਦਾ ਲੰਗਰ ਖੁੱਲ੍ਹਾ ਚਲਦਾ, ਨਾਲੇ ਇਨ੍ਹਾਂ ਨੂੰ ਯਕੀਨ ਸੀ ਕਿ ਇਹ ਉਹੀ ਨਾਨਕ ਆ, ਜਿਹਨੇ ਬਿਨਾ ਕਿਸੇ ਹੀਲ ਹੁੱਜਤ ਦੇ ਚੂਹੜਕਾਣੇ ਇੱਕ ਵੱਡੀ ਰਕਮ ਸਾਨੂੰ ਦੇ ਦਿੱਤੀ ਸੀ। ਇਨ੍ਹਾਂ ਨੇ ਪੱਕਾ ਟਿਕਾਣਾ ਹੀ ਇਥੇ ਕਰਨਾ ਸ਼ੁਰੂ ਕਰ ਦਿੱਤਾ ਤੇ ਹੌਲੀ ਹੌਲੀ ਇਨ੍ਹਾਂ ਦੀ ਗਿਣਤੀ ਸੈਂਕੜਿਆਂ ਨੂੰ ਅੱਪੜ ਗਈ। ਸਾਰਾ ਦਿਨ ਇਹ ਦਰਿਆ ਕੰਢੇ ਦਰਖਤਾਂ ਥੱਲੇ ਪਏ ਰਹਿੰਦੇ ਤੇ ਲੰਗਰ ਛਕਣ ਵਕਤ ਆ ਬਹਿੰਦੇ। ਬਾਬੇ ਨਾਨਕ ਨੂੰ ਤਾਂ ਇਨ੍ਹਾਂ ਦਾ ਪਤਾ ਸੀ ਕਿ ਨਾ ਤਾਂ ਇਨ੍ਹਾਂ ਵਿਚ ਰੂਹਾਨੀ ਗੁਣ ਦੀ ਕੋਈ ਕਣੀ ਆ ਤੇ ਨਾ ਹੀ ਇਹ ਕਿਰਤ ਬਿਰਤੀ ਵਾਲੇ ਆ, ਇਹ ਨਿਰੀਆਂ ਵਿਹਲੜ ਜੋਕਾਂ ਹਨ ਜੋ ਕਿਰਤੀ ਦੇ ਸਿਰੋਂ ਪਲਦੀਆਂ।

ਇੱਕ ਸ਼ਾਮ ਲੰਗਰ ਤੋਂ ਬਾਅਦ ਬਾਬੇ ਨਾਨਕ ਨੇ ਕਿਹਾ ਕਿ ਸਵੇਰੇ ਸਾਝਰੇ ਉਠ ਕੇ ਆਪਾਂ ਸਭ ਨੇ ਖੇਤਾਂ `ਚ ਕਣਕ ਵੱਢਣ ਜਾਣਾ ਤੇ ਕੁਝ ਨੇ ਡੰਗਰਾਂ ਲਈ ਪੱਠੇ ਵੱਢ ਕੇ ਲਿਆਉਣੇ ਆ। ਸਾਧਾਂ ਦਾ ਵਗ ਰਾਤੋ ਰਾਤ ਆਪਣੀਆਂ ਕਮੰਡਲੀਆਂ ਚੁੱਕ ਕੇ ਫੁਰਰ ਹੋ ਗਿਆ, ਸਵੇਰ ਤੱਕ ਇੱਕ ਵੀ ਨਾ ਰਿਹਾ। ਬਾਬਾ ਤਾਂ ਸਾਨੂੰ ਕਿਰਤੀਆਂ ਨੂੰ ਬੜੀ ਵੱਡੀ ਜੁਗਤ ਦੱਸ ਗਿਆ ਹੋਇਆ ਕਿ ਆਪਣੀ ਦਸਾਂ ਨਹੁੰਆਂ ਦੀ ਕਿਰਤ ਇਨ੍ਹਾਂ ਵਿਹਲੜਾਂ ਨੂੰ ਐਵੇਂ ਨਾ ਇਨ੍ਹਾਂ ਦੇ ਚੋਲੇ ਦੇਖ ਕੇ ਖੁਆਈ ਜਾਓ; ਪਰ ਅਸੀਂ ਹਟੇ ਕਦੋਂ ਆਂ? ਜੇ ਬਾਬੇ ਨਾਨਕ ਦਾ ਕਿਹਾ ਮੰਨਿਆ ਹੁੰਦਾ ਤਾਂ ਅੱਜ ਲਿਸ਼ਕਦੇ ਲੀੜਿਆਂ ਵਾਲਿਆਂ ਦੇ ਐਨੇ ਡੇਰੇ ਨਾ ਬਣੇ ਹੁੰਦੇ, ਨਿਗਾਹ ਮਾਰ ਕੇ ਦੇਖੋ ਕਿਹੜਾ ਡੇਰੇਦਾਰ ਸੰਤ, ਬਾਬੇ ਨਾਨਕ ਵਾਂਗ ਖੁਦ ਹੱਥੀਂ ਕੰਮ ਕਰਦਾ ਖੇਤਾਂ ਵਿਚ?

ਅਗਲਾ ਜੋ ਬਾਬੇ ਨਾਨਕ ਨੂੰ ਮੋਦੀਖਾਨੇ ਵਿਚ ਤੇਰਾਂ ਤੇਰਾਂ ਤੋਲਣ ਬਾਰੇ ਹੈ, ਉਹਦਾ ਬੜਾ ਜ਼ਿਕਰ ਹੁੰਦਾ ਸਾਡੇ ਧਾਰਮਿਕ ਦੀਵਾਨਾਂ ਵਿਚ ਕਿ ਨਾਨਕ ਦੀ ਲਿਵ ਐਸੀ ਰੱਬ ਨਾਲ ਜੁੜ ਗਈ, ਉਹ ਤੋਲਦਾ ਤੋਲਦਾ ਤੇਰਾਂ ਹਿੰਦਸੇ `ਤੇ ਐਸਾ ਅੜਿਆ ਕਿ ਸਾਰਾ ਦਿਨ ਲੋਕਾਂ ਨੂੰ ਪੰਡਾਂ ਬੰਨ੍ਹ ਕੇ ਚੁਕਾਈ ਗਿਆ, ਸਾਰਾ ਮੋਦੀਖਾਨਾ ਲੁਟਾ ਦਿੱਤਾ। ਜਦੋਂ ਪੜਤਾਲ ਹੋਈ ਤਾਂ ਬਾਬੇ ਨੇ ਆਪਣੀ ਗੈਬੀ ਸ਼ਕਤੀ ਨਾਲ ਸਾਰਾ ਘਾਟਾ ਪੂਰਾ ਕਰ ਦਿੱਤਾ ਤੇ ਇਸ ਕਰਾਮਾਤੀ ਕ੍ਰਿਸ਼ਮੇ ਨੂੰ ਸਹੀ ਸਾਬਿਤ ਕਰਨ ਲਈ ਅੱਜ ਵੀ ਸੁਲਤਾਨਪੁਰ ਲੋਧੀ ਵਿਚ ਉਹ ਵੱਟੇ ਰੱਖੇ ਹੋਏ ਹਨ, ਜਿਨ੍ਹਾਂ ਨਾਲ ਤੇਰਾਂ ਤੇਰਾਂ ਤੋਲਿਆ। ਹੁਣ ਇਸ ਦੀ ਹਕੀਕਤ ਕੀ ਹੈ? ਇਹ ਬਹੁਤ ਜ਼ਰੂਰੀ ਆ ਜਾਣਨਾ। ਮੋਦੀਖਾਨਾ ਸੁਲਤਾਨਪੁਰ ਪਰਗਨੇ ਦਾ ਸਰਕਾਰੀ ਸਟੋਰ ਸੀ, ਜਿਸ ਵਿਚ ਸਾਰਾ ਮਾਲੀਆ, ਜੋ ਫਸਲ ਦੇ ਰੂਪ ਵਿਚ ਹੀ ਇਥੇ ਜਮਾਂ ਹੁੰਦਾ ਸੀ ਤੇ ਅਗਾਂਹ ਸਰਕਾਰੀ ਨਿਯਮਾਂ ਮੁਤਾਬਕ ਵੰਡਿਆ ਜਾਂਦਾ ਸੀ। ਦੌਲਤ ਖਾਨ ਪਰਗਨੇ ਦਾ ਨਵਾਬ ਸੀ ਤੇ ਬਾਬੇ ਨਾਨਕ ਨੂੰ ਉਥੇ ਨੌਕਰੀ ਇਸ ਕਰਕੇ ਮਿਲੀ ਸੀ ਕਿ ਉਹ ਫਾਰਸੀ ਬੋਲੀ ਦੇ ਮਾਹਰ ਸਨ, ਜੋ ਉਨ੍ਹਾਂ ਨੇ ਕਾਜ਼ੀ ਰੁਕਨਦੀਨ ਤੋਂ ਸਿੱਖੀ ਸੀ। ਕਰੀਬ 8 ਸਾਲ ਇਥੇ ਉਨ੍ਹਾਂ ਨੇ ਕੰਮ ਕੀਤਾ। ਉਸ ਵਕਤ ਵੀ ਸਰਕਾਰੀ ਮਹਿਕਮਿਆਂ ਵਿਚ ਭ੍ਰਿਸ਼ਟਾਚਾਰ ਸਿਖਰ `ਤੇ ਸੀ ਤੇ ਨਾਨਕ ਨੇ ਆਪਣਾ ਕੰਮ ਇਮਾਨਦਾਰੀ ਨਾਲ ਕਰਕੇ ਮੋਦੀਖਾਨਾ, ਜੋ ਘਾਟੇ ਵਿਚ ਜਾਂਦਾ ਸੀ, ਚੋਰ ਮੋਰੀਆਂ ਬੰਦ ਕਰਕੇ ਮੁਨਾਫੇ ਵਿਚ ਕਰ ਦਿੱਤਾ।

ਇੱਕ ਗੱਲ ਹੋਰ ਵੀ ਸਾਹਮਣੇ ਆਉਂਦੀ ਹੈ ਕਿ ਬਾਬਾ ਨਾਨਕ ਲੇਖੇ ਜੋਖੇ ਦੇ ਵੀ ਮਾਹਰ ਸਨ, ਆਹ ਜੋ ਅੱਖਾਂ ਬੰਦ ਕਰਕੇ ਤੇਰਾਂ ਤੇਰਾਂ ਕਹਿ ਕੇ ਤੋਲਣ ਵਾਲੀ ਗੱਲ ਆ, ਇਹ ਨਿਰੀ ਮਨਘੜਤ ਆ, ਸਿਰਫ ਬਾਬੇ ਨੂੰ ਇੱਕ ਸੰਤ ਸਾਬਿਤ ਕਰਨ ਖਾਤਿਰ ਪੁਜਾਰੀ ਨੇ ਸਾਡੇ ਮਨਾਂ ਵਿਚ ਪੱਕੀ ਕਰ ਦਿੱਤੀ ਆ ਤਾਂ ਕਿ ਹਕੀਕਤ ਤੋਂ ਪਰ੍ਹਾਂ ਰਹੀਏ। ਇਸਲਾਮ ਵਿਚ ਇੱਕ ਧਾਰਮਿਕ ਟੈਕਸ ਹੁੰਦਾ, ਜਿਸ ਦਾ ਨਾਂ ‘ਜ਼ਕਾਤ’ ਹੈ। ਇਹ ਇੱਕ ਤਰ੍ਹਾਂ ਸਾਡੇ ਦਸਵੰਧ ਜਿਹਾ ਹੈ, ਜੋ ਮੁਸਲਮਾਨ ਆਪਣੀ ਖੁਸ਼ੀ ਨਾਲ ਦਿੰਦੇ ਹਨ ਤੇ ਇਹ ਲੋੜਮੰਦਾਂ ਵਿਚ ਵੰਡਿਆ ਜਾਂਦਾ ਹੈ। ਮੋਦੀਖਾਨੇ ਵਿਚ ਵੀ ਜ਼ਕਾਤ ਦੇ ਨਾਂ `ਤੇ ਕੁਝ ਮਾਇਆ/ਸਾਮਾਨ ਇੱਕਠਾ ਹੁੰਦਾ ਸੀ, ਜੋ ਲੋੜਮੰਦ ਗਰੀਬਾਂ ਵਿਚ ਵੰਡਿਆ ਜਾਣਾ ਹੁੰਦਾ ਸੀ। ਇਹਦਾ ਹਿਸਾਬ ਕਿਤਾਬ ਮੋਦੀਖਾਨੇ ਦੇ ਲੇਖੇ ਵਿਚ ਨਹੀਂ ਸੀ ਹੁੰਦਾ ਤੇ ਇਹਦੇ ਵਿਚ ਰੱਜ ਕੇ ਭ੍ਰਿਸ਼ਟਾਚਾਰ ਹੁੰਦਾ, ਐਨ ਉਵੇਂ ਹੀ ਜਿਵੇਂ ਅੱਜ ਸ਼੍ਰੋਮਣੀ ਕਮੇਟੀ ਕੁਝ ਟੱਬਰਾਂ ਦੇ ਢਿੱਡ ਭਰ ਕੇ ਕਰ ਰਹੀ ਆ। ਇੱਕਲੀ ਸ਼੍ਰੋਮਣੀ ਕਮੇਟੀ ਹੀ ਕਾਹਨੂੰ, ਇਥੇ ਤਾਂ ਬਾਹਰਲੇ ਮੁਲਕਾਂ ਦੇ ਗੁਰਦੁਆਰਿਆਂ ਵਾਲੇ ਵੀ ਦੋਹੀਂ ਹੱਥੀਂ ਲੁਟਾ ਰਹੇ ਗੁਰੂ ਦੀ ਗੋਲਕ ਨੂੰ ਕੋਰਟਾਂ ਕਚਹਿਰੀਆਂ ਵਿਚ ਇੱਕ ਦੂਜੇ `ਤੇ ਕੇਸ ਕਰ ਕੇ, ਸਿਰਫ ਚੌਧਰ ਬਰਕਰਾਰ ਰੱਖਣ ਖਾਤਰ।

ਬਾਬੇ ਨਾਨਕ ਕੋਲ ਜਦੋਂ ਮੋਦੀਖਾਨੇ ਦਾ ਚਾਰਜ ਆਇਆ ਤਾਂ ਨਾਲ ਹੀ ਜ਼ਕਾਤ ਦਾ ਹਿਸਾਬ ਵੀ ਆ ਗਿਆ। ਹੁਣ ਬਾਬੇ ਨਾਨਕ ਨੇ ਜ਼ਕਾਤ ਦਾ ਮਾਲ, ਜੋ ਕੁਝ ਇੱਕ ਉਚ ਅਹੁਦੇਦਾਰਾਂ, ਕਾਜ਼ੀਆਂ ਤੇ ਪੁਰੋਹਿਤਾਂ ਦੇ ਘਰ ਜਾਂਦਾ ਸੀ, ਰੋਕ ਕੇ ਲੋੜਵੰਦਾਂ ਨੂੰ ਮੁਫਤ ਦੇਣਾ ਸ਼ੁਰੂ ਕਰ ਦਿੱਤਾ ਕਿ ਪਹਿਲਾਂ ਉਨ੍ਹਾਂ ਵਿਚਾਰਿਆਂ ਨੂੰ ਮੋਦੀਖਾਨੇ ਵਿਚੋਂ ਕਦੇ ਕੁਝ ਮੁਫਤ ਮਿਲਿਆ ਹੀ ਨਹੀਂ ਸੀ ਤੇ ਜਦੋਂ ਉਨ੍ਹਾਂ ਨੂੰ ਨਾਨਕ ਨੇ ਦੇਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਨੇ ਪੁੱਛਣਾ ਇਹ ਕਿਹਦਾ ਆ ਤਾਂ ਬਾਬੇ ਨੇ ਕਹਿਣਾ ਇਹ ‘ਤੇਰਾ’ ਹੈ। ਬਸ ਇਸ ‘ਤੇਰਾ’ ਤੋਂ ਤੇਰਾਂ (13) ਕਿਸ ਨੇ ਬਣਾ ਦਿੱਤਾ, ਸਾਨੂੰ ਸਿੱਖਾਂ ਨੂੰ ਪਤਾ ਹੀ ਨਹੀਂ ਲੱਗਣ ਦਿੱਤਾ! ਬੱਸ ਆਹੀ ਧੁੰਦ ਆ, ਜੋ ਬਾਬੇ ਨੇ ਦੂਰ ਕੀਤੀ ਸੀ।

ਗੱਲ ਸੀ ਰੱਬ ਦੇ ਨਾਂ `ਤੇ ਇੱਕਠੀ ਕੀਤੀ ਮਾਇਆ ਨੂੰ ਰੱਬ ਦੇ ਲੋੜਵੰਦ ਬੰਦਿਆਂ ਵਿਚ ਵੰਡਣ ਦੀ ਤੇ ਸਾਨੂੰ ਲਾ ਦਿੱਤਾ ਨਾਨਕ ਦੇ ਨਾਂ `ਤੇ ਵੱਟੇ ਪੂਜਣ, ਜਿਹਦੇ ਬਾਬਾ ਖੁਦ ਖਿਲਾਫ ਸੀ। ਜਨੇਊ ਬੋਦੀ ਵਾਲਾ ਪੁਜਾਰੀ ਕਦੋਂ ਗਾਤਰਾ ਦਸਤਾਰ ਸਜਾ ਕੇ ਸਾਡੇ ਵਿਚ ਆ ਵੜਿਆ, ਪਤਾ ਹੀ ਨਾ ਲੱਗਾ। ਮਾਰੀ ਜਾਓ ਜਿੰਨੀਆਂ ਮਰਜ਼ੀ ਟੱਕਰਾਂ ਹੁਣ! ਅਸੀਂ ਨ੍ਹੀਂ ਹਟਦੇ, ਆਪਾਂ ਤਾਂ ਠਾਕੁਰ ਪੂਜਾਂਗੇ ਹੀ, ਨਾਲੇ ਉਚੀ ਉਚੀ ਪੜ੍ਹਾਂਗੇ ਵੀ ‘ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ।’ ਨਾਲੇ ਫਿਰ ਵੋਟਾਂ ਪਾ ਕੇ ਖੁਦ ਗੁਰਦੁਆਰਿਆਂ ਵਿਚ ਗੁਰੂ ਦੀ ਗੋਲਕ ਨੂੰ ਲੁੱਟਣ ਵਾਲੇ ਮਾਡਰਨ ਮਸੰਦਾਂ ਨੂੰ ਬਿਠਾਲਾਂਗੇ, ਜੋ ਸਭ ਤੋਂ ਮੋਹਰੇ ਹੋ ਕੇ 550 ਸਾਲਾ ਬਾਬੇ ਨਾਨਕ ਦਾ ਗੁਰਪੁਰਬ ਬੜੀ ਧੂਮਧਾਮ ਨਾਲ ਮਨਾਉਣਗੇ ਤੇ ਸਭ ਤੋਂ ਵੱਡੇ ਬਾਬੇ ਨਾਨਕ ਦੇ ਸਿੱਖ ਹੋਣ ਦਾ ਦਾਅਵਾ ਕਰਨਗੇ; ਇੱਕ ਦੂਜੇ ਦੇ ਗਲਾਂ ਵਿਚ ਸਿਰੋਪਾਓ ਵੀ ਪਾਉਣਗੇ ਤੇ ਅਸੀਂ ਜੈਕਾਰੇ ਛੱਡਾਂਗੇ|

ਮੈਂ ਦੱਸਣਾ ਚਾਹੁਨਾਂ ਕਿ ਇੱਥੇ ਸਿਰਫ ਉਨ੍ਹਾਂ ਸਾਖੀਆਂ ਦੇ ਹਕੀਕੀ ਪੱਖ ਨੂੰ ਹੀ ਲੈ ਕੇ ਉਹ ਧੁੰਦ ਮਿਟਾਉਣ ਦੀ ਗੱਲ ਕੀਤੀ, ਜੋ ਬਾਬੇ ਨਾਨਕ ਨੂੰ ਇੱਕ ਕਰਾਮਾਤੀ ਸਾਧੂ ਸਾਬਿਤ ਕਰਕੇ ਬੱਸ ਪੂਜਣ ਵਾਲੀ ਹਸਤੀ ਪੇਸ਼ ਕਰਦੀਆਂ ਸਨ। ਉਨ੍ਹਾਂ ਦੀਆਂ ਉਦਾਸੀਆਂ ਬਾਰੇ ਤਾਂ ਇਤਿਹਾਸ ਵਿਚ ਬਹੁਤ ਲਿਖਿਆ ਮਿਲ ਜਾਂਦਾ, ਦੁਹਰਾਉਣ ਦੀ ਲੋੜ ਨਹੀਂ। ਬਾਬੇ ਨਾਨਕ ਦੀ ਸੂਰਬੀਰ ਯੋਧੇ ਵਰਗੀ ਬਾਬਰ ਨੂੰ ਦਹਾੜ, ਮਲਿਕ ਭਾਗੋ ਦੀ ਨਹੱਕੀ ਕਮਾਈ ਤੇ ਉਸ ਵਿਚੋਂ ਕੀਤੇ ਪੁੰਨ ਦਾਨ ਦੀ ਅਸਲੀਅਤ ਦਾ ਉਹਨੂੰ ਅਹਿਸਾਸ ਕਰਾਉਣਾ ਜਿਵੇਂ ਬਾਦਲਾਂ ਵਲੋਂ ਅਕਸਰ ਦਰਬਾਰ ਸਾਹਿਬ ਵਿਚ ਅਖੰਡ ਪਾਠ ਕਰਵਾ ਕੇ ਤੇ ਲੰਗਰ ਲਵਾ ਕੇ ਕੀਤਾ ਜਾਂਦਾ, ਇੱਕ ਕਿਰਤੀ ਭਾਈ ਲਾਲੋ ਨੂੰ ਵਡਿਆਈ ਬਖਸ਼ਣੀ, ਵਲੀ ਕੰਧਾਰੀ ਨੂੰ ਇਸਲਾਮ ਦਾ ਨਿਮਰਤਾ ਤੇ ਹਲੀਮੀ ਵਾਲਾ ਪੱਖ ਵੀ ਸਮਝਾਉਣਾ, ਸੱਜਣ ਵਰਗੇ ਦੋਗਲੇ ਕਿਰਦਾਰ ਵਾਲਿਆਂ ਨੂੰ ਸਹੀ ਰਸਤੇ ਲਿਆਉਣਾ, ਕੌਡੇ ਵਰਗੇ ਮਾਨਸ ਖਾਣੇ ਨੂੰ ਇਨਸਾਨੀਅਤ ਦਾ ਪਾਠ ਪੜ੍ਹਾਉਣਾ, ਹਰਿਦੁਆਰ ਦੇ ਪੁਜਾਰੀਆਂ ਨੂੰ ਸੂਰਜ ਤੇ ਪਿੱਤਰਾਂ ਨੂੰ ਪਾਣੀ ਦੇਣ ਦਾ ਰਾਜ਼ ਖੋਲ੍ਹਣਾ ਅਤੇ ਉਨ੍ਹਾਂ ਨੂੰ ਉਹ ਗਿਆਨ ਦੇਣਾ ਜਿਸ ਤੋਂ ਸੱਖਣੇ ਸਨ। ਇਹ ਗੱਲ ਵੱਖਰੀ ਰਹੀ ਕਿ ਪੁਜਾਰੀ ਨੇ ਗਿਆਨ ਲੈ ਕੇ ਵੀ ਉਸ `ਤੇ ਅਮਲ ਨਾ ਕੀਤਾ, ਉਲਟਾ ਬਰਖਿਲਾਫ ਹੋ ਗਏ, ਤਾਂਹੀਂ ਤਾਂ ਅਗਲਿਆਂ ਨੇ ਗੁਰਦੁਆਰਾ ਗਿਆਨ ਗੋਦੜੀ ਵੀ ਢਾਹ ਕੇ ਅਹੁ ਮਾਰਿਆ ਕਿ ਬਾਬੇ ਨਾਨਕ ਦਾ ਗਿਆਨ ਲੋਕਾਂ ਨੂੰ ਜਿਗਿਆਸੂ ਬਣਾਉਂਦਾ, ਜੋ ਪੁਜਾਰੀ ਦੀ ਹਸਤੀ ਨੂੰ ਖਤਰਾ ਪੈਦਾ ਕਰਦਾ। ਪੁਜਾਰੀ ਤੇ ਸ਼ਾਸਕ ਰਲ ਕੇ ਤਾਂ ਕਰਤਾਰਪੁਰ ਸਾਹਿਬ ਲਾਂਘੇ `ਚ ਵੀ ਹਰ ਅੜਿੱਕਾ ਖੜ੍ਹਾ ਕਰਨ ਦੀ ਤਾਕ `ਚ ਬੈਠੇ। ਰੱਬ ਕਰੇ ਇਹ ਖੁੱਲ੍ਹ ਜਾਵੇ!

ਬਾਬੇ ਨਾਨਕ ਦੀ ਮੱਕੇ ਦੀ ਯਾਤਰਾ ਇਹ ਦੱਸਦੀ ਆ ਕਿ ਉਹ ਕਿੰਨੇ ਬੁਲੰਦ ਹੌਸਲੇ ਦੇ ਮਾਲਕ ਸਨ। ਮੱਕੇ ਜਾ ਕੇ ਉਨ੍ਹਾਂ ਆਪਣੀ ਜਾਨ ਨੂੰ ਵੀ ਖਤਰੇ ਵਿਚ ਪਾ ਲਿਆ, ਕਿਉਂਕਿ ਉਥੇ ਸਿਵਾਏ ਮੁਸਲਮਾਨ ਦੇ ਕੋਈ ਜਾ ਹੀ ਨਹੀਂ ਸਕਦਾ, ਅੱਜ ਤੱਕ ਵੀ ਇਹੋ ਦਸਤੂਰ ਹੈ। ਜੇ ਦੇਖਿਆ ਜਾਵੇ, ਉਥੇ ਬਾਬਾ ਕਿਹੜਾ ਉਨ੍ਹਾਂ ਨੂੰ ਸਿੱਖ ਬਣਾਉਣ ਗਿਆ ਸੀ! ਉਥੇ ਤਾਂ ਇਸਲਾਮ ਦੇ ਉਹ ਪੈਗੰਬਰੀ ਰਹੱਸ ਸਮਝਾਉਣ ਗਿਆ ਸੀ, ਜਿਨ੍ਹਾਂ ਤੋਂ ਮੁਸਲਮਾਨ ਅਣਜਾਣ ਸਨ। ਬੜੀਆਂ ਲੰਮੀਆਂ ਗੋਸ਼ਟੀਆਂ ਹੋਈਆਂ ਪੀਰ ਦਸਤਗੀਰ ਤੇ ਹੋਰਨਾਂ ਨਾਲ, ਕਹਿੰਦੇ ਹਨ ਕਿ ਉਨ੍ਹਾਂ ਨੇ ਬਾਬੇ ਨਾਨਕ ਨੂੰ 360 ਸਵਾਲ ਪੁੱਛੇ ਤੇ ਸ਼ਰਤ ਇਹ ਸੀ ਕਿ ਜੇ ਇੱਕ ਦਾ ਵੀ ਜੁਆਬ ਗਲਤ ਹੋ ਗਿਆ ਤਾਂ ਸਜ਼ਾ ਸ਼ਰੀਅਤ ਮੁਤਾਬਕ ਮੌਤ ਹੋਵੇਗੀ। ਬਾਬੇ ਦੇ ਸਾਰੇ ਜੁਆਬ ਐਨੇ ਦਲੀਲ ਭਰਪੂਰ ਤੇ ਰੂਹਾਨੀਅਤ ਨਾਲ ਲਬਾ ਲਬਾ ਸਨ ਕਿ ਉਹ ਸਾਰੇ ਸੁੰਨ ਮੁਨ ਹੋ ਗਏ ਤਾਂ ਉਨ੍ਹਾਂ ਨੇ ਬਾਬੇ ਨਾਨਕ ਨੂੰ ਪੀਰ ਦੀ ਜਗ੍ਹਾ ਪੈਗੰਬਰ ਦਾ ਦਰਜਾ ਦਿੱਤਾ। ਐਵੇਂ ਤਾਂ ਨ੍ਹੀਂ ‘ਮਿਟੀ ਧੁੰਦ ਜਗੁ ਚਾਨਣ ਹੋਇਆ’, ਇਹ ਬਾਬੇ ਦੇ ਇਲਹਾਮੀ ਗਿਆਨ, ਵਿਦਵਤਾ, ਜ਼ਿੰਦਗੀ ਦੇ ਤਜ਼ਰਬੇ, ਇਨਸਾਨ ਦੇ ਮਨੋਵਿਗਿਆਨ ਦੀ ਜਾਣਕਾਰੀ ਸਦਕਾ ਹੋਇਆ, ਨਾ ਕਿ ਇੱਕ ਕਰਾਮਾਤੀ ਹੋਣ ਕਰਕੇ, ਜਿਹਦੇ ਸਿਰ `ਤੇ ਸੱਪ ਛਾਂ ਕਰਕੇ ਬੈਠਾ ਦਿਖਾਇਆ ਜਾਂਦਾ।

ਰਾਵੀ ਦੇ ਕੰਢੇ ਜਮੀਨ ਲੈ ਕੇ ਖੁਦ ਖੇਤੀ ਕਰਨੀ ਇੱਕ ਸਬੱਬ ਹੀ ਨਹੀਂ ਸਮਝਣਾ ਚਾਹੀਦਾ, ਇਹ ਬਾਬੇ ਨਾਨਕ ਵਿਚਲਾ ਇੱਕ ਸਫਲ ਕਿਸਾਨ ਹੋਣਾ ਵੀ ਦੱਸਦਾ। ਦਰਿਆ ਕੰਢੇ ਮੰਡ ਦੀ ਮੈਰੀ ਜਮੀਨ ਖੇਤੀ ਲਈ ਸਭ ਤੋਂ ਵਧੀਆ ਤੇ ਸੇਂਜੂ ਸੀ, ਜਿਸ ਵਿਚ ਹਲਟ ਲੱਗਾ ਹੋਇਆ ਸੀ, ਤਾਂ ਹੀ ਬਾਬੇ ਨੇ ਇਹ ਖਰੀਦੀ ਹੋਣੀ। ਜੇ ਉਹਨੇ ਜਿਮੀਂਦਾਰ ਹੀ ਕਹਾਉਣਾ ਸੀ, ਫਿਰ ਤਾਂ ਤਲਵੰਡੀ ਵਿਚ 750 ਮੁਰੱਬਾ ਰਾਏ ਬੁਲਾਰ ਨੇ ਉਹਦੇ ਨਾਂ ਕੀਤਾ ਹੋਇਆ ਸੀ, ਜਿਥੇ ਬਾਬੇ ਨੇ ਕਦੇ ਪੈਰ ਪਾ ਕੇ ਵੀ ਨਹੀਂ ਸੀ ਦੇਖਿਆ। ਬਾਬੇ ਨੇ ਜਮੀਨ ਖਰੀਦੀ, ਜਿਸ ਵਿਚ ਆਪਣਾ ਰੈਣ ਬਸੇਰਾ ਵੀ ਕੀਤਾ ਤੇ ਨਾਂ ਰਖਿਆ ਕਰਤਾਰਪੁਰ, ਕਾਇਨਾਤ ਦੇ ਸਿਰਜਣਹਾਰੇ ਦੇ ਨਾਂ `ਤੇ। ਬਾਬੇ ਨੇ ਤਾਂ ਖੁਦ ਕਿਰਤ ਦਾ ਪਾਠ ਪੜ੍ਹਾਉਣਾ ਸੀ ਆਪਣੇ ਨਿਰਮਲ ਪੰਥ ਦੇ ਪਾਂਧੀਆਂ ਨੂੰ, ਉਹ ਆਪ ਖੱਦਰ ਦਾ ਝੱਗਾ ਪਾ ਕੇ ਹਲ ਦੀ ਹੱਥੀ ਆਪਣੇ ਹੱਥ ਫੜ ਕੇ ਧੌੜੀ ਦੀ ਜੁੱਤੀ ਪੈਰੀਂ ਪਾ ਕੇ ਖੇਤ ਵਾਹੁਣ ਲੱਗ ਪਿਆ। ਇਹ ਸਿਰਫ ਦਿਖਾਵਾ ਹੀ ਨਹੀਂ ਸੀ ਜਿਵੇਂ ਅੱਜ ਸਾਡੇ ਬ੍ਰਹਮ ਗਿਆਨੀ 108 ਸੰਤ ਮਹਾਂਪੁਰਸ਼ ਝਿਲਮਿਲੇ ਲੀੜੇ ਤੇ ਖੜਾਵਾਂ ਪਾ ਕੇ ਫੋਟੋ ਖਿਚਾਉਣ ਲਈ ਕਰਦੇ ਆ। ਬਾਬੇ ਨੇ ਅਠਾਰਾਂ ਸਾਲ ਖੁਦ ਮੁੜ੍ਹਕੋ ਮੁੜ੍ਹਕੀ ਹੋ ਕੇ ਖੇਤੀ ਕੀਤੀ। ਆਪਣੇ ਟੱਬਰ ਦੇ ਨਾਲ ਲੋੜਵੰਦਾਂ ਨੂੰ ਵੀ ਆਪਣੀ ਕਿਰਤ ਵਿਚੋਂ ਪਾਲਣ ਦੀ ਜ਼ਿੰਮੇਵਾਰੀ ਨਿਭਾਈ। ਬਾਬੇ ਨਾਨਕ ਨੇ ਇਥੇ ਕਿਰਤ ਕਰ ਕੇ ਬੜੀ ਸਾਦੀ ਤੇ ਖੁਸ਼ਹਾਲ ਜ਼ਿੰਦਗੀ ਬਸਰ ਕੀਤੀ।

ਅੱਜ ਸਾਨੂੰ ਪੰਜਾਬੀਆਂ ਨੂੰ ਇਹ ਸਬਕ ਹੈ ਬਾਬੇ ਨਾਨਕ ਦਾ ਕਿ ਆਹ ਜੋ ਖੁਦਕੁਸ਼ੀਆਂ ਕਰ ਰਹੇ ਹੋ ਕਿ ਖੇਤੀ `ਚ ਕੁਝ ਬਣਦਾ ਨ੍ਹੀਂ; ਹਟ ਜਾਓ ਇਸ ਪਾਸਿਓਂ। ਕਿਰਤੀ ਬਣੋ, ਸਾਦਗੀ ਲਿਆਓ ਜ਼ਿੰਦਗੀ ਵਿਚ, ਛੱਡੋ ਅਡੰਬਰਪੁਣਾ, ਨਾ ਖੁਆਓ ਆਪਣੀ ਕਿਰਤ ਕਮਾਈ ਵਿਹਲੜ ਤੇ ਅੱਯਾਸ਼ ਸਾਧਾਂ ਨੂੰ। ਫਿਰ ਆਪੇ ਰੱਸਾ ਗਲ `ਚ ਪੈਣੋਂ ਹਟ ਜਾਊ। ਕਿਸੇ ਕੈਪਟਨ-ਬਾਦਲ ਨੇ ਨ੍ਹੀਂ ਤੁਹਾਡੇ ਹੱਥੋਂ ਫੜਨਾ ਇਹ ਰੱਸਾ। ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਹਾੜੇ `ਤੇ ਇਹ ਵਾਅਦਾ ਕਰਿਓ ਬਾਬੇ ਨਾਨਕ ਨਾਲ। ਧਾਰਮਿਕ ਦੁਨੀਆਂ ਵਿਚ ਕਿਰਤ ਨੂੰ ਕਰਤਾਰ ਨਾਲ ਜੋੜਨ ਵਾਲਾ ਸਿਰਫ ਤੇ ਸਿਰਫ ਗੁਰੂ ਨਾਨਕ ਹੈ, ਜਿਸ ਨੇ ਉਨ੍ਹਾਂ ਕਿਰਤੀ ਸੰਤਾਂ ਦੀ ਬਾਣੀ ਨੂੰ ਵੀ ਗੁਰੂ ਦਾ ਰੂਪ ਦੇ ਦਿੱਤਾ, ਜਿਨ੍ਹਾਂ ਨੂੰ ਪੁਜਾਰੀ ਅਛੂਤ ਕਹਿ ਕੇ ਦੁਰਕਾਰਦਾ ਰਿਹਾ। ਇਹ ਸਦੀਆਂ ਤੋਂ ਪੈ ਰਹੀ ਧੁੰਦ ਨੂੰ ਮਿਟਾਉਣ ਵਾਲਾ ਬਾਬਾ ਨਾਨਕ ਹੀ ਹੋਇਆ|

ਸਾਡੇ ਲੋਕ-ਹਿਤੈਸ਼ੀ ਕਹਾਉਣ ਵਾਲੇ ਲੀਡਰ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਨੂੰ ਆਪਣੀ ਜਿੱਤ ਤੇ ਨਿੱਜੀ ਹਉਮੈ ਤੱਕ ਹੀ ਸੀਮਿਤ ਨਾ ਰੱਖਣ, ਬਾਬੇ ਨਾਨਕ ਦੀ ਰਹਿਮਤ ਨੂੰ ਸਮਝਣ, ਜਿਸ ਸਦਕਾ ਦੋ ਦੁਸ਼ਮਣੀ ਪਾਲੀ ਬੈਠੇ ਮੁਲਕ ਫਿਰ ਨੇੜੇ ਹੋਣ ਲੱਗੇ ਆ। ਇਹ ਲਾਂਘਾ ਨਫਰਤ ਦੀ ਧੁੰਦ ਨੂੰ ਮਿਟਾਉਣ ਲਈ ਖੁੱਲਿ੍ਹਆ। ਕਰਤਾਰਪੁਰ ਸਾਹਿਬ ਪ੍ਰਤੀਕ ਹੈ, ਬਾਬੇ ਨਾਨਕ ਦੇ ਕਿਸਾਨੀ ਕਿਰਤੀ ਰੂਪ ਦਾ ਤੇ ਇਹ ਸਾਰੇ ਵੱਡੇ ਲੀਡਰ 550 ਸਾਲਾ ਪ੍ਰਕਾਸ਼ ਦਿਹਾੜੇ `ਤੇ ਪ੍ਰਣ ਕਰਨ ਕਿ ਹਰ ਕਿਰਤੀ ਕਿਸਾਨ, ਜੋ ਕਰਜ਼ੇ ਦੀ ਮਾਰ ਵਿਚ ਬੁਰੀ ਤਰ੍ਹਾਂ ਫਸਿਆ ਪਿਆ, ਉਹਦੀ ਬਾਂਹ ਫੜਨੀ ਸਾਡਾ ਇਖਲਾਕੀ, ਧਾਰਮਿਕ ਤੇ ਇਨਸਾਨੀਅਤ ਫਰਜ਼ ਹੈ। ਨਿਰੇ ਸਿਰੋਪਾਓ ਪੁਆ ਕੇ ਤੇ ਨਗਰ ਕੀਰਤਨਾਂ ਮੋਹਰੇ ਫੁੱਲ ਸੁੱਟਣ ਨਾਲ ਬਾਬੇ ਨਾਨਕ ਦੇ ਦਰ ਦੀਆਂ ਬਖਸ਼ਿਸ਼ਾਂ ਦੀ ਆਸ ਨਾ ਰੱਖਣ। ਕਿਰਤੀ ਤੇ ਕਰਤਾਰ ਨੂੰ ਹਿਰਦੇ ਵਿਚ ਵਸਾਓ।

ਸਮੂਹ ਜਗਤ ਨੇ ਹੁਣ ਗੁਰੂ ਨਾਨਕ ਜੀ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਮਨਾਉਣਾ ਤਾਂ ਇਹ ਵੀ ਖਿਆਲ ਰੱਖਣਾ ਪੈਣਾ ਕਿ ਜੋ ਧੁੰਦ ਬਾਬੇ ਨਾਨਕ ਨੇ ਹਟਾਈ, ਉਹ ਕਿਤੇ ਮੁੜ ਤਾਂ ਨਹੀਂ ਪੈ ਰਹੀ? ਜੇ ਅੱਜ ਗੁਰਦੁਆਰਿਆਂ ਵਿਚ ਗੁਰੂ ਗ੍ਰੰਥ ਸਾਹਿਬ ਦੀ ਥਾਂ ਹੋਰ ਗ੍ਰੰਥਾਂ ਵਿਚੋਂ ਕਥਾਵਾਂ ਕੀਤੀਆਂ ਜਾਂਦੀਆਂ ਤਾਂ ਸਮਝ ਲਓ ਧੁੰਦ ਪੈਣੀ ਸ਼ੁਰੂ ਹੋ ਗਈ। ਜੇ ਕਿਸੇ ਹੋਰ ਮਨਮਤੀ ਗ੍ਰੰਥ ਨੂੰ ਪਾਲਕੀਆਂ ਵਿਚ ਸਜਾ ਕੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਰੱਖ ਕੇ ਮੱਥੇ ਟਿਕਾਏ ਜਾਣ ਤਾਂ ਇਹ ਧੁੰਦ ਦੀ ਨਿਸ਼ਾਨੀ ਹੀ ਹੈ, ਆਹ ਜਿੰਨੇ ਵੀ ਗ੍ਰੰਥ ਮਸਲਨ ਦਸਮ ਗ੍ਰੰਥ, ਪੰਥ ਪ੍ਰਕਾਸ਼, ਸੂਰਜ ਪ੍ਰਕਾਸ਼, ਗੁਰ ਬਿਲਾਸ ਵਗੈਰਾ ਇਹ ਸਾਰੇ ਧੁੰਦ ਹੀ ਹਨ, ਲਿਸ਼ਕਦੇ ਚੋਲਿਆਂ ਵਾਲੇ, ਢੋਲਕੀਆਂ ਛੈਣਿਆਂ ਵਾਲੇ, ਅਖੰਡ ਪਾਠ ਕੋਤਰੀਆਂ ਦੀਆਂ ਲੜੀਆਂ ਵਾਲੇ, ਸੰਪਟ ਪਾਠਾਂ ਵਾਲੇ, ਮਿਸ਼ਰੀ ਲੈਚੀਆਂ ਦਾ ਪ੍ਰਸ਼ਾਦ ਦੇਣ ਵਾਲੇ, ਬ੍ਰਹਮ ਕਵਚ ਦਾ ਪਾਠ ਕਰਾਉਣ ਵਾਲੇ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਦਾ ਅੰਦਰੋਗਤੀ ਸਾਥ ਦੇਣ ਵਾਲੇ ਅਖੌਤੀ ਪੰਥਕ ਲੀਡਰ, ਗੁਰੂ ਦੀ ਗੋਲਕ ਨਾਲ ਭ੍ਰਿਸ਼ਟ ਹੋਏ ਸ਼੍ਰੋਮਣੀ ਕਮੇਟੀ ਦੇ ਮਸੰਦ, ਬਾਹਰਲੇ ਮੁਲਕਾਂ ਵਿਚਲੇ ਗੁਰਦੁਆਰਿਆਂ ਦੀਆਂ ਕਮੇਟੀਆਂ ਨੂੰ ਧੜੇਬੰਦੀਆਂ `ਚ ਵੰਡਣ ਵਾਲੇ ਵੀ ਧੁੰਦ ਹੀ ਹਨ। ਇਨ੍ਹਾਂ ਧੁੰਦਾਂ ਤੋਂ ਛੁਟਕਾਰਾ ਇੱਕਲੇ ਨਗਰ ਕੀਰਤਨਾਂ ਤੇ ਪ੍ਰਭਾਤ ਫੇਰੀਆਂ ਅਤੇ ਨਿਰਾ ‘ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ’ ਸ਼ਬਦ ਪੜ੍ਹ ਕੇ ਹੀ ਨਹੀਂ ਹੋਣਾ, ਸਗੋਂ ਇੱਕਠੇ ਹੋ ਕੇ ਤੇ ਹਉਮੈ ਤਿਆਗ ਕੇ ਨਾਨਕ ਜੋਤ ਦੀ ਲਹਿਰ ਬਣਿਆਂ ਇਹ ਅਜੋਕੀ ਧੁੰਦ ਮਿਟਣੀ ਆ!