ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਦਾ ਗੁੰਝਲਦਾਰ ਮਸਲਾ ....

-ਮਝੈਲ ਸਿੰਘ ਸਰਾਂ

ਦੁਨੀਆਂ ਵਿੱਚ ਸ਼ਾਇਦ ਅਮਰੀਕਾ ਹੀ ਐਹੋ ਜਿਹਾ ਮੁਲਕ ਹੈ ਜਿੱਥੇ ਇਹਦੇ ਮੁਖੀ ਦੀ ਚੋਣ ਛੇਤੀ ਕੀਤੇ ਸਮਝ ਚ ਨਹੀਂ ਆਉਂਦੀ ਖਾਸ ਕਰਕੇ ਜਦੋਂ ਵੱਧ ਵੋਟਾਂ ਲੈਣ ਵਾਲਾ ਉਮੀਦਵਾਰ ਹਾਰ ਜਾਂਦਾ ਜਿਵੇਂ ਕਿ ਪਿਛਲੀ 2016  ਵਾਲੀ ਇਲੈਕਸ਼ਨ ਵਿੱਚ ਹੋਇਆ ਸੀ ਟਰੰਪ ਨੂੰ ਹਿਲੇਰੀ ਨਾਲੋਂ ਘੱਟ ਵੋਟਾਂ ਮਿਲੀਆਂ ਸਨ ਪਰ ਜਿੱਤ ਉਹ ਗਿਆ ਇਹ ਸਭ ਨੂੰ ਬੜਾ ਹੈਰਾਨ ਕਰਨ ਵਾਲਾ ਲਗਦਾ ! ਇਸ ਗੁੰਝਲ ਨੂੰ ਬਹੁਤ ਹੀ ਵੀਰਾਂ ਨੇ ਲੇਖ ਲਿਖ ਕੇ ਸੁਲਝਾਇਆ ਵੀ ਹੈ ਪਰ ਫਿਰ ਵੀ ਇਹਦਾ ਗੁੰਝਲਪੁਣਾ ਬਰਕਰਾਰ ਹੀ ਹੈ

ਮੈਂ ਵੀ ਇੱਕ ਕੋਸ਼ਿਸ਼ ਕਰਨ ਲੱਗਾਂ ਕਿ ਇਸ ਗੁੰਝਲ ਨੂੰ ਥੋੜਾ ਖੋਲ ਸਕਾਂ ਤਿੰਨ ਕੁ ਗੱਲਾਂ ਨੂੰ ਧਿਆਨ ਚ ਰੱਖਣਾ ਪੈਣਾ ...

ਪਹਿਲੀ ਕਿ ਅਮਰੀਕਾ ਦਾ ਢਾਂਚਾ ਪੂਰੀ ਤਰ੍ਹਾਂ ਫੈਡਰਲ ਹੈ ਭਾਵ ਕਿ ਅਮਰੀਕਾ ਦੇਸ਼ ਦੇ ਨਾਲ ਨਾਲ ਇਹਦੀ ਹਰੇਕ ਸਟੇਟ ਇੱਕ ਤਰ੍ਹਾਂ ਅਰਧ ਆਜ਼ਾਦ ਮੁਲਕ ਵੀ ਹੈ ਹਰ ਸਟੇਟ ਦਾ ਆਪਣਾ ਝੰਡਾ ਹੈ ਆਪਣੀ ਵੱਖਰੀ ਪਛਾਣ ਵੀ ਹੁੰਦੀ ਆ ਹਰ ਛੋਟੀ ਵੱਡੀ ਸਟੇਟ ਦੀ ਅਮਰੀਕਾ ਦੇ ਵੱਡੇ ਕੰਮਾਂ ਵਿੱਚ ਵੁੱਕਤ ਬਰਾਬਰ ਜਿਹੀ ਹੁੰਦੀ ਆ ਇਹਦੇ ਵਿੱਚ ਹੀ ਰਾਸ਼ਟਰਪਤੀ ਦੀ ਚੋਣ ਵੀ ਇੱਕ ਹੈ, ਇਹ ਬਰਾਬਰਤਾ ਦਾ ਹੀ ਇੱਕ ਸਿਧਾਂਤ ਹੈ ਜਿਹਨੇ ਅਮਰੀਕਾ ਨੂੰ ਇੱਕਠੇ ਰਖਿਆ ਹੋਇਆ 

ਅਗਲੀ ਗੱਲ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਸੰਵਿਧਾਨ ਮੁਤਾਬਿਕ ਅਸਿੱਧੇ ਤਰੀਕੇ ਨਾਲ ਹੁੰਦੀ ਹੈ, ਇਹਨੂੰ ਇੱਕ ਇਲੈਕਟੋਰਲ ਕਾਲਜ ਦੇ ਮੈਂਬਰ ਚੁਣਦੇ ਹਨ। ਹੁਣ ਇਲੈਕਟੋਰਲ ਕਾਲਜ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਇਹ ਕੀ ਹੈ | ਇਲੈਕਟੋਰਲ ਕਾਲਜ ਦੇ ਮੈਂਬਰਾਂ ਨੂੰ ਇਲੈਕਟਰ ਕਹਿੰਦੇ ਹਨ ਤੇ ਇਹਨਾਂ ਦੀ ਕੁਲ ਗਿਣਤੀ 538  ਹੈ ਜਿਸ ਨੁਮਾਇੰਦੇ ਨੂੰ ਅੱਧੇ ਤੋਂ ਵੱਧ ਇਹਨਾਂ ਇਲੈਕਟਰਾਂ ਦੀਆਂ ਵੋਟਾਂ ਪੈ ਜਾਣ ਉਹ ਜਿੱਤ ਜਾਂਦਾ ਹੈ | ਅਮਰੀਕਾ ਦੀਆਂ ਕੁੱਲ ਪੰਜਾਹ ਸਟੇਟਾਂ ਹਨ ਤੇ ਹਰੇਕ ਸਟੇਟ ਦੇ ਇਲੈਕਟਰਾਂ ਦੀ ਗਿਣਤੀ ਉਸ ਸਟੇਟ ਦੇ ਅਮਰੀਕਾ ਦੇ ਦੋਵਾਂ ਸਦਨਾਂ ਦੇ ਚੁਣੇ ਹੋਏ ਮੈਂਬਰਾਂ ਦੇ ਬਰਾਬਰ ਹੁੰਦੀ ਹੈ ਅਮਰੀਕਾ ਦੇ ਸਦਨਾਂ ਦਾ ਨਾਂ ਹੈ ਸੈਨੇਟ ਤੇ ਹਾਊਸ ਮਤਲਬ ਸਮਝ ਲਓ ਰਾਜ ਸਭਾ ਤੇ ਲੋਕ ਸਭਾ | ਵੱਡੀਆਂ ਤੇ ਵੱਧ ਅਬਾਦੀ ਵਾਲੀਆਂ ਸਟੇਟਾਂ ਦੇ ਮੈਂਬਰ ਵੱਧ ਹੁੰਦੇ ਹਨ ਬਿਨਿਸਬਤ ਛੋਟੀਆਂ ਸਟੇਟਾਂ ਦੇ ਜਿਵੇਂ ਸਭ ਤੋਂ ਵੱਧ 55 ਕੈਲੀਫੋਰਨੀਆ ਦੇ ਹਨ ਤੇ ਚਾਰ ਕੁ ਸਟੇਟਾਂ ਜਿਵੇਂ ਅਲਾਸਕਾ ਹੈ ਦੀ  ਗਿਣਤੀ 3 ਹੈ | ਇਹਨਾਂ ਇਲੈਕਟਰਾਂ ਨੂੰ ਹਰੇਕ ਸਟੇਟ ਦੀ ਸਰਕਾਰ ਆਪ ਹੀ ਨਾਮਜ਼ਦ ਕਰ ਲੈਂਦੀ ਹੈ ਚੁਣ ਵੀ ਸਕਦੀ ਹੈ ਪਰ ਅਕਸਰ ਨਾਮਜ਼ਦ ਹੀ ਕੀਤੇ ਹੁੰਦੇ ਹਨ | ਇਸ ਇਲੈਕਟਰ ਕਾਲਜ ਦਾ ਬਸ ਇੱਕੋ ਕੰਮ ਹੈ ਚਾਰ ਸਾਲ ਬਾਅਦ ਰਾਸ਼ਟਰਪਤੀ ਚੁਣਨਾ ਉਹਤੋਂ ਬਾਅਦ ਇਹ ਭੰਗ ਇਹਦਾ ਅਮਰੀਕਾ ਦੀ ਸਿਆਸਤ ਵਿੱਚ ਹੋਰ ਕੋਈ ਕੰਮ ਨਹੀਂ ਹੁੰਦਾ | 

ਸੱਚ ਤਾਂ ਇਹ ਹੈ ਕਿ ਲੋਕਾਂ ਨੂੰ ਕੋਈ ਪਤਾ ਈ ਨਹੀਂ ਹੁੰਦਾ ਕਿ ਕੌਣ ਇਲੈਕਟਰ ਹੈ ਸੁਣਨ ਨੂੰ ਬੜਾ ਅਟਪਟਾ ਜਿਹਾ ਲਗਦਾ ਕਿ ਦੁਨੀਆਂ ਦੇ ਸਭ ਤੋਂ ਤਾਕਤਵਰ ਮੁਲਕ ਦੇ ਮੁਖੀ ਨੂੰ ਚੁਣਨ ਵਾਲੇ ਬੇਨਾਮ ਕਿਓਂ ? ਇਹੋ ਹੀ ਥੋੜੀ ਗੁੰਝਲ ਹੈ,ਹੋਵੇ ਸਾਡਾ ਭਾਰਤ ਵਰਸ਼ ਫਿਰ ਦੇਖੋ ਇਹਨਾਂ ਇਲੈਕਟਰਾਂ ਦੀ ਬੋਲੀ ਅਰਬਾਂ ਤੱਕ ਦੀ ਲਗਦੀ ਪਰ ਅਮਰੀਕਾ ਵਿੱਚ ਬੇਨਾਮ ਹਨ ਬੱਸ ਚੋਣ ਵਾਲੇ ਸਾਲ ਦਿਸੰਬਰ ਮਹੀਨੇ ਵਿੱਚ ਆਪਣੀ ਆਪਣੀ ਸਟੇਟ ਦੀ ਰਾਜਧਾਨੀ ਵਿੱਚ ਇੱਕਠੇ ਹੁੰਦੇ ਹਨ ਤੇ ਰਸਮੀ ਵਿਚਾਰ ਵਟਾਂਦਰਾ ਕਰਦੇ ਹਨ ਤੇ ਰਸਮੀ ਵੋਟ ਪਾਕੇ ਕੌਫੀ ਦਾ ਕੱਪ ਪੀ ਕੇ ਆਪਣੇ ਆਪਣੇ ਘਰ ਨੂੰ ਚਲੇ ਜਾਂਦੇ ਹਨ | ਆਹ ਜਿਹੜਾ ਲਫ਼ਜ਼ ਮੈਂ ਰਸਮੀ ਵਰਤਿਆ ਇਹਦਾ ਖੁਲਾਸਾ ਬਾਅਦ ਵਿੱਚ ਕਰਾਂਗਾ

ਅਗਲਾ ਸਵਾਲ ਇਹ ਆਉਂਦਾ ਕਿ ਜੇ ਚੋਣ ਕਰਨੀ ਹੀ ਇਹਨਾਂ ਇਲੈਕਟਰਾਂ ਨੇ ਆ ਤਾਂ ਆਮ ਨਾਗਰਿਕ ਦੀ ਵੋਟ ਦੀ ਕਾਹਦੀ ਅਹਿਮੀਅਤ ਆ ਕਿਓਂ ਕੈਂਡੀਡੇਟ ਸਾਲ ਭਰ ਤੋਂ ਲੋਕਾਂ ਨੂੰ ਭਰਮਾਉਣ ਜਾਂ ਜਾਗਰੂਕ ਕਰ ਰਹੇ ਆ ਕਿ ਵੋਟ ਸਾਨੂੰ ਪਾਇਓ, ਕਿਓਂ ਰੈਲੀਆਂ ਤੇ ਆਹਮੋ ਸਾਹਮਣੇ ਡਿਬੇਟ ਤੇ ਮਿਹਣ ਕੁਮਿਹਣੇ ਹੁੰਦੇ ਹਨ ਨਾਲੇ ਜਿਹੜੀ ਵੋਟ ਬੈਲਟ ਹੈ ਉਹਦੇ ਤੇ ਤਾਂ ਰਾਸ਼ਟਰਪਤੀ ਕੈਂਡੀਡੇਟਾਂ ਦੇ ਹੀ ਨਾਮ ਹਨ ਜਿਹਨਾਂ ਨੂੰ ਨਾਗਰਿਕ ਸਿਧੇ ਵੋਟ  ਪਾਉਂਦੇ ਆ | ਦਰਅਸਲ ਇਹਨੂੰ ਕਹਿੰਦੇ ਹਨ " ਪਾਪੂਲਰ ਵੋਟ " | ਅਮਰੀਕਾ ਦੀਆਂ ਸਾਰੀਆਂ ਸਟੇਟਾਂ ਦੀ ਜਦੋਂ ਵੋਟਾਂ ਦੀ ਗਿਣਤੀ ਹੋ ਜਾਂਦੀ ਉਹ ਉਸ ਉਮੀਦਵਾਰ ਦੀ ਕੁੱਲ ਪਾਪੂਲਰ ਵੋਟ ਹੁੰਦੀ ਹੈ ਜਿਹੜੀ ਨਾਗਰਿਕਾਂ ਨੇ ਸਿੱਧੀ ਪਾਈ ਤੇ ਜਿੱਤ ਦਾ ਨਤੀਜਾ ਉਸੇ ਦੇ ਹੱਕ ਵਿੱਚ ਜਾਣਾ ਚਾਹੀਦਾ ਜਿਸਦੀਆਂ ਵੋਟਾਂ ਵੱਧ ਹੋਣ ਪਰ ਸੰਵਿਧਾਨ ਮੁਤਾਬਿਕ ਇੱਦਾਂ ਨਹੀਂ ਹੁੰਦਾ ਕਿਓਂਕਿ ਚੋਣ ਤਾਂ ਇਲੈਕਟੋਰਲ ਕਾਲਜ ਵਲੋਂ ਹੋਣੀ ਹੁੰਦੀ ਆ | ਇਲੈਕਟਰ ਵੋਟ ਕਿਵੇਂ ਪਾਉਂਦੇ ਹਨ ਇਹਨੂੰ ਧਿਆਨ ਵਿੱਚ ਰੱਖਣਾ ਬੜਾ ਜ਼ਰੂਰੀ ਆ, ਇੱਕ ਸਟੇਟ ਦੇ ਸਾਰੇ ਇਲੈਕਟਰ ਉਸੇ ਉਮੀਦਵਾਰ ਨੂੰ ਹੀ ਸਾਰੀਆਂ ਵੋਟਾਂ ਪਾ ਦਿੰਦੇ ਹਨ ਜਿਸ ਦੇ ਹੱਕ ਵਿੱਚ ਉਸ ਸਟੇਟ ਦੀਆਂ ਪਾਪੂਲਰ ਵੋਟਾਂ ਵੱਧ ਹੋਣ ਇਹਨੂੰ ਹੀ ਪਹਿਲਾਂ ਮੈਂ ਰਸਮੀ ਵੋਟ ਕਿਹਾ ਕਿਓਂਕਿ ਇਲੈਕਟਰ ਆਪਣੀ ਮਰਜ਼ੀ ਨਾਲ ਵੋਟ ਨਹੀਂ ਪਾ ਸਕਦਾ ਉਹਨੂੰ ਪਾਪੂਲਰ ਵੋਟ ਮੁਤਾਬਿਕ ਹੀ ਵੋਟ ਪਾਉਣੀ ਪੈਂਦੀ ਆ  ਇਥੇ ਇਲੈਕਟਰ ਵੋਟਾਂ ਤੇ ਪਾਪੁਲਰ ਵੋਟਾਂ ਵਿੱਚ ਫਰਕ ਆ ਸਕਦਾ ਜਿਵੇਂ ਪਿਛਲੀ ਵਾਰੀ ਪ੍ਰੈਜ਼ੀਡੈਂਟ ਟਰੰਪ ਵੇਲੇ ਹੋਇਆ  ਇਹੋ ਜਿਹੀ ਹਾਲਾਤ ਸ਼ਾਇਦ ਤਿੰਨ ਕੁ ਵਾਰ ਹੋਈ ਅਮਰੀਕਾ ਦੇ ਇਤਿਹਾਸ ਵਿੱਚ |

ਇਹਨੂੰ ਥੋੜਾ ਹੋਰ ਸੁਖਾਲਾ ਕਰਨ ਵਾਸਤੇ ਹਿਸਾਬ ਦੀ ਮੰਨ ਲਓ ਵਾਲੀ ਥਿਊਰੀ ਵਰਤਦੇ ਆਂ .....

ਮੰਨ ਲਈਏ ਕਿ ਅਮਰੀਕਾ ਦੀਆਂ ਕੁੱਲ ਸਟੇਟਾਂ ਹਨ 5 ਕੁੱਲ ਵੋਟਾਂ ਜਾਂ ਪਾਪੂਲਰ ਵੋਟਾਂ ਹਨ 10000 ਕੁੱਲ ਇਲੈਕਟੋਰੇਟ ਕਾਲਜ  ਦੇ ਇਲੈਕਟਰਾਂ ਦੀ ਗਿਣਤੀ ਹੈ 100 | 
  1. ਪਹਿਲੀ ਸਟੇਟ ਦੀਆਂ ਕੁੱਲ ਵੋਟਾਂ ਹਨ 3500  ਤੇ ਇਲੈਕਟਰ ਹਨ 35 ਪਿਛਲੀ ਇਲੈਕਸ਼ਨ ਨੂੰ ਮੰਨ ਲਈਏ ਇਸ ਸਟੇਟ ਵਿਚੋਂ ਹਿਲਰੀ ਨੂੰ ਮਿਲੀਆਂ 2500  ਤੇ ਟਰੰਪ ਨੂੰ 1000 ,ਕਿਓਂਕਿ ਪਾਪੂਲਰ ਵੋਟਾਂ ਹਿਲਰੀ ਦੇ ਪੱਖ ਵਿੱਚ ਪਈਆਂ ਇਸ ਕਰਕੇ ਸਾਰੇ 35  ਇਲੈਕਟਰਾਂ ਦੀ ਵੋਟ ਪਈ ਹਿਲਰੀ ਨੂੰ ਤੇ ਟਰੰਪ ਨੂੰ 0  
  2. ਦੂਜੀ ਸਟੇਟ ਦੀਆਂ ਕੁੱਲ ਵੋਟਾਂ ਹਨ 2500 ਤੇ ਇਲੈਕਟਰ ਹਨ 25 ਜਿਸ ਵਿਚੋਂ ਹਿਲਰੀ ਨੂੰ ਪਈਆਂ ਨੂੰ 1100 ਤੇ ਟਰੰਪ ਨੂੰ 1400 ਸਾਰੇ ਇਲੈਕਟਰਾਂ ਦੀ ਵੋਟ ਟਰੰਪ ਨੂੰ ਪਈ 
  3. ਤੀਜੀ ਸਟੇਟ ਵਿੱਚ ਕੁੱਲ ਵੋਟ ਹੈ 2000  ਤੇ ਇਲੈਕਟਰ ਹਨ 20 ਹਿਲਰੀ ਨੂੰ ਪਈਆਂ 700 ਤੇ ਟਰੰਪ ਨੂੰ 1300 ਤੇ ਸਾਰੇ 20  ਇਲੈਕਟਰ ਟਰੰਪ ਦੇ ਪੱਖ ਵਿੱਚ ਗਏ 
  4. ਚੌਥੀ ਸਟੇਟ ਵਿੱਚ ਕੁੱਲ ਵੋਟਾਂ ਹਨ 1200  ਤੇ ਇਲੈਕਟਰ 12 ਹਿਲਰੀ ਨੂੰ ਵੋਟਾਂ ਪਈਆਂ 700 ਤੇ ਟਰੰਪ ਨੂੰ 500  ਸਾਰੇ 12  ਇਲੈਕਟਰਾਂ ਦੀ ਵੋਟ ਪਈ ਹਿਲਰੀ ਨੂੰ 
  5. ਪੰਜਵੀਂ ਸਟੇਟ ਵਿੱਚ ਕੁੱਲ ਵੋਟਾਂ ਹਨ 800  ਤੇ 8  ਇਲੈਕਟਰ ਹਿਲਰੀ ਨੂੰ ਪਈਆਂ 300 ਤੇ ਟਰੰਪ ਨੂੰ 500 ਇਥੇ ਸਾਰੇ 8  ਇਲੈਕਟਰ ਟਰੰਪ ਦੇ ਪੱਖ ਵਿੱਚ ਗਏ | 
ਇਹਨਾਂ ਸਾਰਿਆਂ ਦਾ ਜੋੜ ਇਹ ਬਣਦਾ ਹਿਲਰੀ ਨੂੰ ਕੁੱਲ ਪਾਪੂਲਰ ਵੋਟਾਂ ਪਈਆਂ 5300 ਤੇ ਟਰੰਪ ਨੂੰ 4700 , ਪਾਪੂਲਰ ਵੋਟਾਂ ਮੁਤਾਬਿਕ ਹਿਲਰੀ ਜਿੱਤ ਗਈ ਸੰਵਿਧਾਨ ਮੁਤਾਬਿਕ ਜਿੱਤ ਉਹਦੀ ਹੋਣੀ ਜਿਹ ਦੇ ਹੱਕ ਵਿੱਚ ਇਲੈਕਟੋਰੇਟ ਦੀਆਂ ਵੋਟਾਂ ਵੱਧ ਪਈਆਂ ਉੱਪਰਲੇ ਜੋੜ ਮੁਤਾਬਿਕ ਹਿਲਰੀ ਨੂੰ ਕੁੱਲ ਇਲੈਕਟੋਰੇਟ ਦੀਆਂ ਵੋਟਾਂ ਪਈਆਂ 47  ਤੇ ਟਰੰਪ ਨੂੰ 53  ਤੇ ਟਰੰਪ ਜਿੱਤ ਗਿਆ |

ਇਲੈਕਟੋਰੇਟ ਕਾਲਜ ਤੇ ਇਥੇ ਨੁਕਤਾਚੀਨੀ ਹੁੰਦੀ ਰਹਿੰਦੀ ਆ ਪਰ ਫੈਡਰਲ ਸਿਸਟਮ ਮੁਤਾਬਿਕ ਹਰ ਛੋਟੀ ਸਟੇਟ ਨੂੰ ਵੀ ਪੂਰੀ ਅਹਿਮੀਅਤ ਦੇਣ ਕਰਕੇ ਇਹਨੂੰ ਬਰਕਰਾਰ ਰਖਿਆ ਹੋਇਆ ਇੱਕ ਗੱਲੋਂ ਠੀਕ ਵੀ ਆ ਕਿ ਜੇ ਇੱਕ ਉਮੀਦਵਾਰ ਕੁਸ਼ ਵੱਡੀਆਂ  ਸੱਤ ਅੱਠ ਸਟੇਟਾਂ ਵਿਚੋਂ ਵੱਡੇ  ਫਰਕ ਨਾਲ ਜਿੱਤ ਹਾਸਲ ਕਰ ਲਵੇ ਤੇ ਬਾਕੀ 40 - 42 ਸਟੇਟਾਂ ਤੋਂ ਹਾਰ ਕੇ ਵੀ ਸਾਰੀ ਅਮਰੀਕਾ ਦਾ ਪ੍ਰੈਜ਼ੀਡੈਂਟ ਬਣ ਸਕਦਾ ਬਿਲਕੁਲ ਉਸੇ ਤਰਾਂ ਜਿਵੇਂ ਪਹਿਲਾਂ ਪਹਿਲਾਂ ਨਹਿਰੂ ਟੱਬਰ ਯੂ . ਪੀ. ਤੇ ਬਿਹਾਰ ਵਿਚੋਂ ਵੱਡੇ ਫਰਕ ਨਾਲ ਜਿੱਤ ਕੇ ਸਾਰੇ ਮੁਲਕ ਤੇ ਰਾਜ ਕਰਦੇ ਰਹੇ |

ਇਸ ਵਿਸਥਾਰ ਵਿੱਚ ਬਹੁਤ ਕਮੀਆਂ ਹੋਣੀਆਂ ਪਰ ਮਨਸ਼ਾ ਆ ਇਲੈਕਟੋਰੇਟ ਵੋਟ ਤੇ ਪਾਪੂਲਰ ਵੋਟ ਦੇ ਫਰਕ ਨੂੰ ਸੁਖਾਲਾ ਕਰਕੇ ਸਮਝਣ ਦੀ |