ਕਿਰਸਾਣੀ ਕਿਰਸਾਣੁ ਕਰੇ ....

-ਮਝੈਲ ਸਿੰਘ ਸਰਾਂ

"ਕਿਰਸਾਣੀ ਕਿਰਸਾਣੁ ਕਰੇ ਲੋਚੈ ਜੀਉ ਲਾਇ ਹਲੁ ਜੋਤੈ ਉਦਮੁ ਕਰੇ ਮੇਰਾ ਪੁਤੁ ਧੀ ਖਾਇ"

ਇਸ ਸ਼ਬਦ ਦਾ ਕੀਰਤਨ ਜਦੋਂ ਮੈਂ ਸੁਣਿਆ ਜਿਹੜਾ ਮੈਨੂੰ ਇੱਕ ਭੁਲੇਖਾ ਜਿਹਾ ਚੱਲ ਰਿਹਾ ਸੀ ਕਈਆਂ ਦਿਨਾਂ ਤੋਂ ਉਹ ਇੱਕ ਦਮ ਦੂਰ ਹੋ ਗਿਆ, ਭੁਲੇਖਾ ਉਦੋਂ ਸ਼ੁਰੂ ਹੋਇਆ ਜਦੋਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਨਵੰਬਰ ਦੇ ਅਖੀਰ ਵਿੱਚ ਇਹ ਫੈਸਲਾ ਕੀਤਾ ਕਿ ਦਿੱਲੀ ਵੱਲ ਨੂੰ ਟਰੈਕਟਰ ਟਰਾਲੀਆਂ ਤੇ ਮਾਰਚ ਕਰਕੇ ਦਿੱਲੀ ਨੂੰ ਘੇਰਕੇ ਮੋਦੀ ਸਰਕਾਰ ਨੂੰ ਝੁਕਾਉਣਾ ਉਦੋਂ ਸੋਚਿਆ ਇਹ ਕਿਥੋਂ ਸੰਭਵ ਹੋਣਾ ਭਲਾ, ਟਰਾਲੀਆਂ ਤੇ ਐਨਾ ਲੰਮਾ ਪੈਂਡਾ?


ਬਚਕਾਨੀ ਜਿਹੀ ਲੱਗੀ ਸੀ ਇਹ ਗੱਲ ਮੈਨੂੰ, ਇਹ ਵੀ ਪਤਾ ਸੀ ਕਿ ਸਰਕਾਰੀ ਅੜਿੱਕੇ ਬੇਹਿਸਾਬ ਪੈਣੇ ਆਂ, ਪਾਏ ਵੀ ਸਟੇਟ ਨੇ ਜ਼ਿਦ ਕੇ ਰੂਹ ਨਾਲ ਕਿ ਜਾਣ ਈ ਨੀ ਦੇਣੇ ਦੋ ਪੈਰ ਵੀ ਅੱਗੇ ਨੂੰ, ਖੱਟਰ ਵਰਗੇ ਬੇਦੀਨੇ ਬੰਦੇ ਰਖਿਓ ਸੀ ਮੋਦੀ ਨੇ ਇਸ ਕੰਮ ਲਈ ਪਰ ਸਭ ਅੜਿਕੇ ਜਿਵੇਂ ਨੇਰ੍ਹੀ ਮੋਹਰੇ ਕੱਖ ਕਾਨੇ ਉਡਦੇ ਹੁੰਦੇ ਆ ਪੰਜਾਬੀਆਂ ਨੇ ਚੱਕ ਕੇ ਔਹ ਮਾਰੇ ਦੇਖਦੇ ਰਹਿ ਗਏ ਖੱਟਰ ਵਰਗੇ ਕਿ ਆਹ ਕੀ ਹੋਗਿਆ ਦਿੱਲੀ ਆਲੇ ਹਾਕਮਾਂ ਨੂੰ ਇਹ ਵੀ ਭਰਮ ਸੀ ਕਿ ਇਹ ਐਥੇ ਨੀ ਪੁੱਜ ਸਕਦੇ ਕਿਸੇ ਵੀ ਸੂਰਤ ਵਿੱਚ, ਪਰ ਅਗਲੇ ਦਿਨ ਹੀ ਪੰਜਾਬੀ ਕਿਸਾਨਾਂ ਨੇ ਦਿੱਲੀ ਦਾ ਜਾ ਕੁੰਡਾ ਖੜਕਾਇਆ ਸਭ ਹੱਕੇ ਬੱਕੇ ਰਹਿ ਗਏ |

ਬਸ ਫਿਰ ਤਾਂ ਦੇਖਦੇ ਦੇਖਦੇ ਸਭ ਪਾਸਿਓਂ ਕਿਸਾਨਾਂ ਦੇ ਨਾਲ ਨਾਲ ਹਰ ਵਰਗ ਦੇ ਲੋਕਾਂ ਨੇ ਦਿੱਲੀ ਨੂੰ ਵਹੀਰਾਂ ਹੀ ਘੱਤ ਦਿੱਤੀਆਂ, ਲੰਗਰ ਚੱਲ ਪਏ, ਡਾਕਟਰਾਂ ਨੇ ਆਰਜ਼ੀ ਕਲੀਨਿਕ ਖੋਲ ਦਿੱਤੇ, ਕਿਤਾਬਾਂ ਦੇ ਸਟਾਲ ਲੱਗ ਗਏ, ਕਿਸਾਨ ਮਾਲ ਖੁੱਲ ਗਏ, ਕਲਾਕਾਰਾਂ ਨੇ ਕਿਸਾਨੀ ਰੰਗ ਵਿੱਚ ਭਿੱਜ ਕੇ ਗੀਤ ਲਿਖੇ ਤੇ ਗਾਏ, ਬੁਧੀਜੀਵੀ, ਰਿਟਾਇਰ ਅਫਸਰ ਤੇ ਫੌਜੀ, ਵਕੀਲ, ਜੱਜ, ਖਿਡਾਰੀ, ਵਿਦਿਆਰਥੀ, ਧਾਰਮਿਕ ਹਸਤੀਆਂ ਤੇ ਵਿਦੇਸ਼ਾਂ ਤੋਂ ਜਾਕੇ ਲੋਕਾਂ ਨੇ ਪੁੱਜਕੇ ਕਿਸਾਨਾਂ ਨਾਲ ਖੜਨ ਦਾ ਭਰੋਸਾ ਦਿੱਤਾ, ਸਰਕਾਰੀ ਮੀਡੀਏ ਨੂੰ ਪੰਜਾਬੀ ਮੀਡੀਏ ਨੇ ਹਾਸ਼ੀਏ ਤੇ ਧੱਕ ਕੇ ਜ਼ੀਰੋ ਲਾਈਨ ਤੋਂ ਜਾਕੇ ਅਸਲੀਅਤ ਜਗਤ ਨੂੰ ਦਿਖਾਈ ਤਾਂ ਦੁਨੀਆਂ ਦੇ ਵੱਡੇ ਨੇਤਾਵਾਂ ਨੇ ਕਿਸਾਨ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ, ਦੁਨੀਆਂ ਦੇ ਵੱਡੇ ਸ਼ਹਿਰਾਂ ਵਿੱਚ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਕਾਰ ਰੈਲੀਆਂ ਕੱਢੀਆਂ ਹੁਣ ਇਹ ਕਿਸਾਨ ਮੋਰਚਾ ਕੁੱਲ ਜਹਾਨ ਦੇ ਕਿਸਾਨਾਂ ਦਾ ਬਣਦਾ ਜਾ ਰਿਹਾ, ਮਰਦਾਂ ਦੇ ਨਾਲ ਨਾਲ ਬੀਬੀਆਂ ਖਾਸ ਕਰਕੇ ਮੁਟਿਆਰਾਂ ਨੇ ਮੋਦੀ ਨੂੰ ਲੰਮੇ ਹੱਥੀਂ ਲਿਆ |

ਜਿਹੜੇ ਕੁਛ ਬੁਧੀਜੀਵੀ ਉਥੇ ਦੇਖ ਆਏ ਆ ਉਹ ਇੱਕੋ ਗੱਲ ਕਹਿੰਦੇ ਆ ਕਿ ਉਥੇ ਤਾਂ ਕੋਈ ਕੌਤਕ ਈ ਵਰਸ ਰਿਹਾ ਜਿਹੜਾ ਦੱਸਿਆ ਨੀ ਜਾ ਸਕਦਾ ਹਰ ਚੀਜ਼ ਵਿਉਂਤਬੱਧ,

  • ਆਪਸੀ ਸਾਂਝ ਪਿਆਰ ਸਤਿਕਾਰ ਸੇਵਾ ਭਾਵਨਾ ਸਹਿਣਸ਼ੀਲਤਾ ਇਖਲਾਕੀ ਸੁੱਚਮਤਾ ਦਾ ਸਿਖਰ ਆ ਦਿੱਲੀ ਕਿਸਾਨ ਮੋਰਚਾ !
  • ਊਚ ਨੀਚ ਜਾਤ ਪਾਤ ਛੋਟਾ ਵੱਡਾ ਅਮੀਰ ਗਰੀਬ ਜ਼ਿਮੀਦਾਰ ਮਜ਼ਦੂਰ ਧਾਰਮਿਕ ਵਖਰੇਵਾਂ ਮਨਫ਼ੀ ਆ ਇਸ ਮੋਰਚੇ ਵਿੱਚ!
  • ਕੌਣ ਚਲਾ ਰਿਹਾ ਇਹ ਲੱਖਾਂ ਦੇ ਇੱਕਠ ਵਾਲਾ ਮੋਰਚਾ ਕੋਈ ਮੋਰਚਾ ਡਿਕਟੇਟਰ ਨਹੀਂ ਥਾਪਿਆ ਹੋਇਆ ਜਿਹਦੀ ਜ਼ਿੰਮੇਵਾਰੀ ਲਾਈ ਹੋਵੇ ਫਿਰ ਕੋਈ ਤਾਕਤ ਤਾਂ ਹੈ ਈ ਜਿਹੜੀ ਇਹਨੂੰ ਐਨਾ ਸਫਲਤਾ ਪੂਰਨ ਚਲਾ ਰਹੀ ਹੈ !

ਮੈਨੂੰ ਜੁਆਬ ਲੱਭਾ ਗੁਰਬਾਣੀ ਦੇ ਇਸ ਸ਼ਬਦ ਵਿਚੋਂ "ਕਿਰਸਾਣੀ ਕਿਰਸਾਣੁ ਕਰੇ ਲੋਚੈ ਜੀਉ ਲਾਇ ਹਲੁ ਜੋਤੈ ਉਦਮੁ ਕਰੇ ਮੇਰਾ ਪੁਤੁ ਧੀ ਖਾਇ" ਗੁਰਬਾਣੀ ਖੁਦਾਈ ਬੋਲ ਹਨ ਇਹ ਰੱਬੀ ਅਹਲਾਮ ਹੈ ਸਾਰੇ ਜਗਤ ਲਈ ਇਹਦੇ ਵਿੱਚ ਉਨੀਂ ਇੱਕੀ ਦੀ ਵੀ ਗੁੰਜਾਇਸ਼ ਨਹੀਂ , ਇਹ ਰੱਬੀ ਹੁਕਮ ਆ ਸੰਸਾਰ ਦੇ ਕਿਸਾਨਾਂ ਲਈ ਕਿ ਤੂੰ ਖੁਸ਼ੀ ਨਾਲ ਜੀਅ ਲਾਕੇ ਉਦਮ ਕਰਕੇ ਹਲ ਵਾਹ ਤੇ ਕਿਸਾਨੀ ਕਰ ਤਾਂ ਕਿ ਮੇਰੇ ਸੰਸਾਰ ਦੇ ਸਾਰੇ ਪੁੱਤ ਧੀਆਂ ਰੱਜ ਕੇ ਖਾਣ | ਇਹ ਵਰਦਾਨ ਆ ਕਾਦਿਰ ਦਾ ਕਿਸਾਨ ਨੂੰ ਕਿ ਜਿੰਨਾ ਚਿਰ ਤੂੰ ਕਾਇਮ ਹੈਗਾ ਕੋਈ ਭੁੱਖਾ ਨਹੀਂ ਰਵੇਗਾ |


ਭਾਰਤ ਦੇ ਹਾਕਮ ਪਤਾ ਨਹੀਂ ਕਿਓਂ ਇਸ ਰੱਬੀ ਹੁਕਮ ਤੋਂ ਅਣਜਾਣ ਹਨ ਜਾਂ ਖੁਦਗਰਜ਼ੀ ਨੇ ਮਤ ਮਾਰ ਦਿੱਤੀ ਕਿ ਮੁਲਕ ਦੇ ਕਿਸਾਨ ਦੀ ਕਿਸਾਨੀ ਨੂੰ ਹੀ ਖਤਮ ਕਰਨ ਲਈ ਕਾਨੂੰਨ ਬਣਾ ਦਿੱਤੇ, ਕਿਸਾਨ ਪੈਦਾਵਾਰ ਇਸ ਕਰਕੇ ਨਹੀਂ ਕਰਦਾ ਕਿ
ਅਡਾਨੀਆਂ ਦੇ ਗੁਦਾਮ ਭਰੇ | ਹਾਕਮਾਂ ਦੇ ਇਹ ਖੇਤੀ ਬਿੱਲ ਰੱਬੀ ਹੁਕਮ ਅਦੂਲੀ ਆ ਤੇ ਸ੍ਰਿਸ਼ਟੀ ਦਾ ਸਿਰਜਣਹਾਰ ਇਹ ਕਦੇ ਬਰਦਾਸ਼ਿਤ ਨਹੀਂ ਕਰਦਾ ਇਸੇ ਕਰਕੇ ਉਹਦੀ ਅਦ੍ਰਿਸ਼ਟ ਸ਼ਕਤੀ ਅੱਜ ਕਿਸਾਨ ਮੋਰਚਾ ਸੰਭਾਲੀ ਬੈਠੀ ਆ ਤੇ ਹਰ ਇੱਕ ਇਨਸਾਨ ਜਿਹੜਾ ਇਸ ਮੋਰਚੇ ਚ ਜਾ ਰਿਹਾ ਉਹਦੇ ਅੰਦਰੋਂ ਕੋਈ ਆਵਾਜ਼ ਉੱਠਦੀ ਆ ਜਿਹੜੀ ਉਹਨੂੰ ਕਹਿੰਦੀ ਚੱਲ ਉਥੇ !

ਇਹ ਪਹਿਲੀ ਆਵਾਜ਼ ਉੱਠਣੀ ਵੀ ਸਹਿਬਨ ਉਸੇ ਜ਼ਮੀਨ ਤੋਂ ਸੀ ਜਿਥੇ ਇਸ ਰੱਬੀ ਅਹਲਾਮ ਨੂੰ ਗੁਰੂ ਸਾਹਿਬਾਂ ਨੇ ਧਰਤੀ ਤੇ ਲਿਆਂਦਾ ਤੇ, "ਉਹ ਪੰਜਾਬ ਈ ਆ ਤਾਂ ਹੀ ਤਾਂ ਇਹਦੇ ਯੋਧਿਆਂ ਮੋਹਰੇ ਸਭ ਸਰਕਾਰੀ ਅੜਿੱਕੇ ਰੇਤੇ ਦੀ ਕੰਧ ਵਾਂਗ ਢਹਿ ਪਏ ਤੇ ਅੱਜ ਸਾਰੇ ਮੁਲਕ ਦੇ ਲੋਕ ਪੰਜਾਬ ਆਲਿਆਂ ਨੂੰ ਵੱਡੇ ਭਰਾ ਕਹਿ ਕੇ ਵਡਿਆਉਂਦੇ ਆ" |


ਦਿੱਲੀ ਕਿਸਾਨ ਮੋਰਚੇ ਵਿੱਚ ਸਭ ਤੋਂ ਪਹਿਲਾਂ ਪੰਜਾਬੀ ਕਿਸਾਨ ਮਜ਼ਦੂਰ ਪੁੱਜੇ ਤੇ ਭਾਰਤੀ ਗੋਦੀ ਮੀਡੀਏ ਨੇ ਪ੍ਰਚਾਰਿਆ ਕਿ ਇਹ ਖਾਲਿਸਤਾਨੀ ਤੇ ਵਖਵਾਦੀ ਹਨ ਫਿਰ ਖਾਲਸਾ ਏਡ ਨੇ ਸ਼ਮੂਲੀਅਤ ਕਰਕੇ ਮੌਕੇ ਮੁਤਾਬਿਕ ਮੋਰਚੇ ਚ ਹਿੱਸਾ ਲੈਣ ਵਾਲੇ ਕਿਸਾਨਾਂ ਦੇ ਨਾਲ ਨਾਲ ਆਲੇ ਦੁਆਲੇ ਦੇ ਲੋਕਲ ਰਹਿਣ ਵਾਲਿਆਂ ਨੂੰ ਸਹੂਲਤਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਉਹਨਾਂ ਨੂੰ ਅਤਿਵਾਦੀ ਕਹਿਣਾ ਸ਼ੁਰੂ ਕਰ ਦਿੱਤਾ | ਪਿਛਲੇ ਇੱਕ ਮਹੀਨੇ ਤੋਂ ਦਿੱਲੀ ਦੇ ਆਲੇ ਦੁਆਲੇ ਰਹਿਣ ਆਲੇ ਗਰੀਬ ਲੋਕਾਂ ਨੂੰ ਕਿਸਾਨ ਮੋਰਚੇ ਦੇ ਲੰਗਰਾਂ ਚੋਂ ਰੱਜ ਕੇ ਖਾਣਾ ਮਿਲਣਾ ਸ਼ੁਰੂ ਹੋ ਗਿਆ, ਦਿੱਲੀ ਦੀਆਂ ਧੀਆਂ ਭੈਣਾਂ ਆਪਣੇ ਆਪ ਨੂੰ ਕਿਸਾਨਾਂ ਵਿੱਚ ਜਾਕੇ ਸੁਰਖਿਅਤ ਮਹਿਸੂਸ ਕਰਦੀਆਂ ਦਿੱਲੀ ਦਾ ਕਰਾਈਮ ਰੇਟ ਬਹੁਤ ਘੱਟ ਗਿਆ ਤੇ ਦੁਨੀਆਂ ਦਾ ਮੀਡੀਆ ਤੇ ਵੱਡੇ ਨੇਤਾ ਕਿਸਾਨ ਮੋਰਚੇ ਦੀ ਹਿਮਾਇਤ ਕਰਦੇ ਆ |

ਹੁਣ ਸਵਾਲ ਇਹ ਹੈ ਕਿ ਜੇ ਇਹ ਕਿਸਾਨ ਮੋਰਚੇ ਦਾ ਪ੍ਰਬੰਧ ਮੋਦੀ ਸਰਕਾਰ ਨਾਲੋਂ ਹਰ ਤਰੀਕੇ ਨਾਲ ਬਿਹਤਰ ਹੈ ਤਾਂ ਫਿਰ ਅਸੀਂ ਖਾਲਿਸਤਾਨੀ ਤੇ ਅਤਿਵਾਦੀ ਹੀ ਠੀਕ ਹਾਂ ਕਿਓਂਕਿ ਸਾਨੂੰ ਲੋਕਾਂ ਨੇ ਇਹੋ ਜਿਹਿਆਂ ਨੂੰ ਹੀ ਪ੍ਰਵਾਨ ਕਰ ਲਿਆ ! ਆਪਾਂ ਮੋਦੀ ਦੇ ਨਸਲਵਾਦੀ ਰਾਸ਼ਟਰਵਾਦ ਦੇ ਫਿੱਟ ਬੈਠਦੇ ਈ ਨਹੀਂ ਹੁਣ ਲੋਕਾਂ ਨੇ ਵੀ ਇਹਦੀ ਅਸਲੀਅਤ ਨੂੰ ਜਾਣ ਕੇ ਰੱਦ ਕਰ ਦਿੱਤਾ, ਮੋਦੀ ਦਾ ਇਖਲਾਕੀ ਫਰਜ਼ ਬਣਦਾ ਕਿ ਲੋਕਾਂ ਦੀ ਇੱਛਾ ਮੁਤਾਬਿਕ ਦਿੱਲੀ ਤਖਤ ਛੱਡ ਦੇਵੇ |

ਇਹ ਮੋਰਚਾ ਹਰ ਹਾਲਤ ਵਿੱਚ ਫਤਿਹ ਹੋਣਾ ਈ ਹੋਣਾ, ਹੋ ਸਕਦਾ ਕਿ ਹਾਕਮਾਂ ਦੇ ਬਿਸਤਰੇ ਵੀ ਗੋਲ ਹੋ ਜਾਣ ਕਿਓਂਕਿ ਇਹਦੇ ਤੇ ਰੱਬੀ ਬਖਸ਼ਿਸ਼ ਆ ਤੇ ਤੁਸੀਂ ਸਾਰੇ ਮੋਰਚਾ ਸੰਭਾਲੀ ਬੈਠੇ ਸਾਰੇ ਭੈਣ ਭਰਾ ਰੱਬੀ ਹੁਕਮ ਤੇ ਪਹਿਰਾ ਦੇ ਰਹੇ ਹੋ ਤੇ ਇੱਕ ਬਹੁਤ ਵੱਡਾ ਇਤਿਹਾਸ ਸਿਰਜ ਰਹੇ ਹੋ |

"ਜਿਹਨਾਂ ਵੀਰਾਂ ਭੈਣਾਂ ਨੇ ਆਪਣੀ ਕੁਰਬਾਨੀ ਦਿੱਤੀ ਉਹ ਵੀ ਇੱਕ ਇਤਿਹਾਸ ਦਾ ਵਰਕਾ ਬਣ ਗਏ ਆ" ਆਉਣ ਵਾਲੀਆਂ ਪੁਸ਼ਤਾਂ ਫਖਰ ਮਹਿਸੂਸ ਕਰਿਆ ਕਰਨਗੀਆਂ ਕਿ ਸਾਡੇ ਵਡੇਰਿਆਂ ਨੇ ਫਤਿਹ ਦੇ ਝੰਡੇ ਗੱਡੇ ਸੀ |