-ਮਝੈਲ ਸਿੰਘ ਸਰਾਂ
ਅਪ੍ਰੈਲ ਮਹੀਨੇ ਵਿਚ ਇੱਕ ਏਹੋ ਜਿਹੀ ਦਰਿੰਦਗੀ ਨੂੰ ਪਹਿਲਗਾਮ ਵਿਚ ਅੰਜ਼ਾਮ ਦਿੱਤਾ ਗਿਆ। ਹਸਦੇ-ਖੇਡਦੇ ਘਰੋਂ ਛੁੱਟੀਆਂ ਮਨਾਉਣ ਆਏ 26 ਇਨਸਾਨਾਂ ਨੂੰ ਉਨ੍ਹਾਂ ਦੇ ਘਰਦੇ ਜੀਆਂ ਦੇ ਸਾਹਮਣੇ ਦੋ ਮਿੰਟ 'ਚ ਗੋਲੀਆਂ ਨਾਲ ਭੁੰਨ ਸੁੱਟਿਆ, ਐਡਾ ਕਹਿਰ, ਐਨੀ ਜ਼ੁਲਮ ਦੀ ਇੰਤਹਾ ਕਿ 26 ਬੀਬੀਆਂ ਦੇ ਸਿਰ ਦੇ ਸੰਧੂਰ ਮਿਟਾ ਕੇ ਜਰਵਾਣੇ 'ਓਹ ਗਏ ਓਹ ਗਏ' ਮੁਲਕ ਵਿਚ ਤਾਂ ਹਲਚਲ ਮਚਣੀ ਹੀ ਸੀ ਸਾਰੀ ਦੁਨੀਆਂ ਨੇ ਇਹਨੂੰ ਕਾਇਰਾਨਾ ਹਰਕਤ ਗਰਦਾਨਿਆ। ਇਸ ਮੁਲਕ ਵਿਚ ਸੰਧੂਰ ਇਹ ਪਹਿਲੀ ਵਾਰ ਨਹੀਂ ਮਿਟਾਏ ਬੱਸ ਆਵਾਜ਼ ਹੀ ਇਹਦੇ ਖ਼ਿਲਾਫ ਸਿਰਫ ਗੁਰੂ ਨਾਨਕ ਜੀ ਨੇ ਉਠਾਈ ਸੀ 'ਜਿਨਿ ਸਿਰੁ ਸੋਹਨਿ ਪਟੀਆ ਮਾਂਗੀ ਪਾਇ ਸੰਧੁਰੁ ਸੇ ਸਿਰ ਕਾਤੀ ਮੁੰਨੀਅਨਿ ਗਲ ਵਿਚਿ ਆਵੈ ਧੂੜਿ' ਉਨ੍ਹਾਂ ਨੇ ਆਪਣੀ ਬਾਬਰਵਾਣੀ ਵਿਚ ਸਿੱਧਾ ਹੀ ਉਂਗਲੀ ਕਰ ਕੇ ਜਿੱਥੇ ਬਾਬਰ ਨੂੰ ਜ਼ਿੰਮੇਵਾਰ ਕਿਹਾ, ਨਾਲ ਹੀ ਦਿੱਲੀ ਵਾਲਿਆਂ ਨੂੰ ਵੀ ਕਸੂਰਵਾਰ ਠਹਿਰਾਇਆ ਕਿ ਜੇ ਤੁਸੀਂ ਮਰਦ ਹੁੰਦੇ ਤਾਂ ਬਾਹਰੋਂ ਆ ਕੇ ਕੋਈ ਹਮਲਾਵਰ ਸੰਧੂਰ ਮਿਟਾਉਣ ਦੀ ਜੁਰਅਤ ਵੀ ਕਿੱਦਾਂ ਕਰ ਜਾਂਦਾ, ਹੁਣ ਵਾਲਾ ਹਿੰਦੁਸਤਾਨ ਪੰਜ ਸੌ ਸਾਲ ਪਹਿਲਾਂ ਵਾਲਾ ਨਹੀਂ ਰਿਹਾ। ਹੁਣ ਦਾ ਹਿੰਦੂ ਹੁਕਮਰਾਨ ਹੁਕਮਰਾਨ ਬੜਾ ਸ਼ਕਤੀਸ਼ਾਲੀ ਬਣ ਚੁੱਕੈ। ਉਹ ਕਦੀ ਵੀ ਬਰਦਾਸ਼ਤ ਨਹੀਂ ਕਰ ਸਕਦਾ ਕਿ ਉਹਦੀ ਜ਼ਮੀਨ 'ਤੇ ਐਨੇ ਬੰਦਿਆਂ ਦਾ ਕਤਲ ਤੇ ਉਹ ਵੀ ਹਿੰਦੂਆਂ ਦਾ, ਸਾਰੇ ਮੁਲਕ ਦੇ ਲੀਡਰ ਸਭ ਆਪਣੇ ਗਿਲੇ-ਸ਼ਿਕਵੇ ਪਿਛੇ ਛੱਡ ਇੱਕ ਆਵਾਜ਼ ਵਿਚ ਮੁਲਕ ਦੇ ਹੁਕਮਰਾਨ ਦੇ ਨਾਲ ਖੜ੍ਹ ਗਏ ਕਿ ਜਿੰਨੀ ਛੇਤੀ ਹੋ ਸਕਦੈ, ਇਹਦਾ ਬਦਲਾ ਲਿਆ ਜਾਵੇ। ਕਿਸੇ ਨੇ ਨਹੀਂ ਕਿਹਾ ਕਿ ਪਹਿਲਾਂ ਇਹ ਕਾਲਾ ਕਾਰਨਾਮਾ ਕਰਨ ਵਾਲਿਆਂ ਦੀ ਸ਼ਨਾਖਤ ਤਾਂ ਕਰੋ, ਫਿਰ ਮਾਰੋ ਚੁਰਾਹੇ 'ਚ ਖੜ੍ਹੇ ਕਰ ਕੇ ਗੋਲੀ, ਪਰ ਇਹਦੇ ਨਾਲ ਓਹ ਗੱਲ ਬਣਨੀ ਨਹੀਂ ਸੀ ਜਿਹੜੀ ਹੁਕਮਰਾਨ ਦੇ ਢਿੱਡ ਵਿਚ ਸੀ। ਓਹ ਬਹੁਤ ਵੱਡਾ ਬਦਲਾ ਲੈਣਾ ਚਾਹੁੰਦਾ ਸੀ ਜਿਸਦੀ ਛਾਪ ਹਰ ਹਿੰਦੁਸਤਾਨੀ ਦੇ ਦਿਮਾਗ 'ਤੇ ਅਸਰ ਕਰੇ ਇਹਦਾ ਨਾਮ ਹੀ ਇਹੋ ਜਿਹਾ ਰੱਖਿਆ ਜਾਵੇ ਕਿ ਜਿਥੇ ਹਰ ਇੱਕ ਦੀ ਹਮਦਰਦੀ ਭਰੀ ਹਮਾਇਤ ਹੋਵੇ ਉਥੇ ਨਫਰਤ ਵੀ ਸਿਖਰ ਤੇ ਸਿਰ ਚੜ੍ਹ ਕੇ ਬੋਲੇ। ਨਫਰਤ ਤਾਂ ਖੈਰ ਪਹਿਲਾਂ ਹੀ ਅਸਮਾਨੇ ਚਾੜ੍ਹੀ ਹੋਈ ਆ: ਐਡਾ ਵੱਡਾ ਖੇਲ੍ਹ ਖੇਲਿਆ ਹੋਵੇ ਅੰਦਰਖਾਤੇ ਹੁਕਮਰਾਨ ਨੇ ਇਹਦਾ ਬਦਲਾ ਤਾਂ ਇਹ ਤੋਂ ਵੀ ਕਈ ਗੁਣਾਂ ਵੱਡਾ ਹੋਣਾ ਲਾਜ਼ਮੀ ਸੀ ਕੇਵਲ ਮੁਲਕ ਵਿਚ ਹੀ ਹਿੰਦੂ ਮੁਸਲਮਾਨ ਦੇ ਨਾਅਰੇ ਨਾਲ ਨਹੀਂ ਸੀ ਸੰਧੂਰ ਦਾ ਬਦਲਾ ਲਿਆ ਜਾਣਾ ਕਿਉਂਕਿ ਇਹੋ ਜਿਹਾ ਤਾਂ ਇਹ ਬਹੁਤ ਵਾਰੀ ਕਰ ਚੁੱਕਾ ਸੀ, ਇਸੇ ਕਸ਼ਮੀਰ ਵਿਚ ਸਿੱਖ ਵੀ ਤੇ ਆਪਣੇ ਹੀ ਫੌਜੀ ਮਰਵਾ ਕੇ ਪਹਿਲਾਂ ਹੀ ਦੇਖ ਚੁੱਕੇ ਸੀ।
ਹੁਕਮਰਾਨ ਨੂੰ ਇਹ ਸਹੀ ਲੱਗਿਆ ਕਿ ਇਹ ਕਾਲਾ ਕਾਰਨਾਮਾ ਕਰਨ ਵਾਲੇ ਸਰਹਦੋਂ ਪਾਰੋਂ ਆਏ ਸੀ ਜਿਨ੍ਹਾਂ ਨੂੰ ਮੁਲਕ ਦੇ ਕਾਨੂੰਨ ਮੁਤਾਬਿਕ ਸਜ਼ਾ ਦੇਣੀ ਨਾਮੁਮਕਿਨ ਸੀ, ਇਸ ਕਰਕੇ ਪਾਕਿਸਤਾਨ ਨੂੰ ਇਸਦਾ ਦੋਸ਼ੀ ਕਿਹਾ ਗਿਆ ਤੇ ਉਸਦਾ ਬਾਈਕਾਟ ਕਰ ਕੇ ਦਰਿਆਵਾਂ ਦੇ ਪਾਣੀ ਤੱਕ ਰੋਕ ਦਿੱਤੇ ਗਏ ਤਾਂ ਕਿ ਇਥੋਂ ਦੇ ਲੋਕਾਂ ਨੂੰ ਵੀ ਸਬਕ ਸਿਖਾਇਆ ਜਾ ਸਕੇ। ਫਿਰ ਅਗਲੀ ਤਜਵੀਜ਼ਸ਼ੁਦਾ ਸਕੀਮ ਮੁਤਾਬਿਕ ਤੇ ਪੂਰੀ ਰਾਸ਼ਟਰਵਾਦ ਦੀ ਭਾਵਨਾ ਹਿੱਤ ਮੁਲਕ ਦੀ ਸਮੂਹਿਕ ਚੇਤਨਾ ਨੂੰ ਧਿਆਨ ਵਿਚ ਰੱਖਦੇ ਹੋਏ ਪਾਕਿਸਤਾਨ 'ਤੇ 'ਓਪਰੇਸ਼ਨ ਸੰਧੂਰ' ਤਹਿਤ ਮਿਜ਼ਾਈਲਾਂ ਨਾਲ ਹਮਲਾ ਕਰ ਕੇ ਉਥੇ ਅਤਿਵਾਦੀਆਂ ਦੇ ਟਿਕਾਣਿਆਂ ਨੂੰ ਨੇਸਤੋ- ਨਾਬੂਦ ਕਰ ਦਿੱਤਾ। ਆਪਣੀ ਸਾਰੀ ਫੌਜੀ ਤਾਕਤ ਇਸ ਬਦਲਾ ਲੈਣ 'ਚ ਲਾ ਦਿੱਤੀ, ਇਥੋਂ ਤੱਕ ਕਿ ਆਪਣਾ ਸਭ ਤੋਂ ਮਹਿੰਗਾ ਹਥਿਆਰ ਰਾਫੇਲ ਜਹਾਜ਼ ਵੀ ਇਸ ਬਦਲੇ 'ਚ ਝੋਕ ਦਿੱਤਾ ਤੇ ਪਾਕਿਸਤਾਨ ਦੇ ਕਈ ਫੌਜੀ ਟਿਕਾਣੇ ਵੀ ਬਰਬਾਦ ਕਰ ਦਿੱਤੇ, ਬਿਲਕੁਲ ਦਰੁਸਤ ਕੀਤਾ! ਬਦਲਾ ਲੈਣਾ ਹੋਵੇ ਮਿਟਾਏ ਸੰਧੁਰ ਦਾ, ਇੱਦਾਂ ਹੀ ਲੈਣਾ ਬਣਦਾ। ਉਹ ਕੀ ਯਾਦ ਰੱਖਣਗੇ ਕਿ ਵਾਸਤਾ ਛਪੰਜਾ ਇੰਚ ਆਲੇ ਨਾਲ ਪਿਆ। ਇਹ ਤਾਂ ਵੱਡੇ ਸਰਪੰਚ ਨੇ ਰੋਕ ਦਿੱਤਾ ਨਹੀਂ ਤਾਂ ਗੁਆਂਢੀ ਦਾ ਸਭ ਕੁਛ ਢਾਹ ਕੇ ਓਹ ਮਾਰਨਾ ਸੀ ਭਾਵੇਂ ਪੰਜਾਂ ਦੀ ਬਜਾਏ ਪੰਜਾਹ ਰਾਫੇਲ ਵੀ ਕਿਉਂ ਨਾ ਤਬਾਹ ਹੋ ਜਾਂਦੇ। ਨਾਲੇ ਇਸਦੀ ਕੋਈ ਪ੍ਰਵਾਹ ਨਹੀਂ ਕਿ ਸ਼ੱਕ ਕਰਨ ਵਾਲੇ ਤਾਂ ਪਹਿਲਗਾਮ ਨੂੰ ਵੀ ਛਪੰਜਾ ਇੰਚ ਨਾਲ ਜੋੜੀ ਜਾਂਦੇ ਆ। ਆਉਣ ਆਲੇ ਵਕਤ ਵਿਚ ਬੜਾ ਕੁਛ ਨੰਗਾ ਹੋ ਜਾਣਾ, ਅੰਦਰਖਾਤੇ ਗੁੰਦੀਆਂ ਗੋਂਦਾਂ ਦਾ ਇਸ ਸੰਧੂਰ ਓਪਰੇਸ਼ਨ ਬਾਰੇ! ਗੁਰਬਾਣੀ ਵਿਚ ਇਨ੍ਹਾਂ ਵਰਗਿਆਂ ਬਾਰੇ ਹੀ ਤਾਂ ਕਿਹਾ ਹੋਇਆ। ਦੁਨੀਆਂ ਨੂੰ ਦੱਸ ਦਿੱਤਾ ਕਿ ਤੱਟ-ਫੱਟ ਬਦਲਾ ਐਦਾਂ ਲਿਆ ਜਾਂਦਾ।