ਨਾਗਾਸਾਕੀ `ਤੇ ਐਟਮ ਬੰਬ ਕਿਓਂ ਸੁੱਟਿਆ?

ਮਝੈਲ ਸਿੰਘ ਸਰਾਂ.

ਨਾਗਾਸਾਕੀ `ਤੇ ਸੁੱਟੇ ਗਏ ਪੰਜ ਟਨ ਭਾਰੇ ਐਟਮ ਬੰਬ ‘ਫੈਟ ਮੈਨ’ 
ਜਪਾਨ ਦੇ ਸ਼ਹਿਰ ਹੀਰੋਸ਼ੀਮਾ `ਤੇ ਪਹਿਲਾ ਐਟਮ ਬੰਬ 6 ਅਗਸਤ 1945 ਨੂੰ ਸੁੱਟਣ ਤੋਂ ਬਾਅਦ ਉਥੇ ਮਚਾਈ ਤਬਾਹੀ ਨੂੰ ਦੇਖ ਕੇ ਦੂਜਾ ਐਟਮ ਬੰਬ ਵੀ ਜਪਾਨ `ਤੇ ਛੇਤੀ ਤੋਂ ਛੇਤੀ ਸੁੱਟ ਕੇ ਅਮਰੀਕਾ ਦੂਜੇ ਵਿਸ਼ਵ ਯੁੱਧ ਨੂੰ ਖਤਮ ਕਰਨ ਦਾ ਸਿਹਰਾ ਰੂਸ ਦੀ ਬਜਾਏ ਆਪਣੇ ਸਿਰ ਬੰਨ੍ਹਣਾ ਚਾਹੁੰਦਾ ਸੀ, ਤੇ ਇਹ ਵੀ ਦੱਸਣਾ ਚਾਹੁੰਦਾ ਸੀ ਕਿ ਜਪਾਨ ਇਹ ਸਮਝੇ ਕਿ ਪਤਾ ਨਹੀਂ ਹੋਰ ਕਿੰਨੇ ਕੁ ਐਹੋ ਜਿਹੇ ਅਮਰੀਕਾ ਕੋਲ ਤਬਾਹੀ ਆਲੇ ਬੰਬ ਹਨ। ਤੇ ਉਸੇ ਦਿਨ ਟੀਨੀਅਨ ਟਾਪੂ `ਤੇ ਦੂਜੇ ਐਟਮ ਬੰਬ ਦੀ ਤਿਆਰੀ ਸ਼ੁਰੂ ਕਰ ਦਿੱਤੀ, ਪਰ 7 ਤੇ 8 ਅਗਸਤ ਨੂੰ ਮੌਸਮ ਹਵਾਈ ਹਮਲੇ ਦੇ ਅਨੁਕੂਲ ਨਾ ਹੋਣ ਕਰਕੇ ਜਿਓਂ ਹੀ 9 ਅਗਸਤ ਨੂੰ ਮੌਸਮ ਥੋੜ੍ਹਾ ਜਿਹਾ ਠੀਕ ਹੋਇਆ ਤਾਂ ਇਹ ਦੂਜਾ ਐਟਮ ਬੰਬ ਸੁੱਟਣ ਲਈ ਹਵਾਈ ਹਮਲਾ ਕਰ ਦਿੱਤਾ ਗਿਆ। ਪਰ ਇਹ ਐਟਮ ਬੰਬ ਨਾਗਾਸਾਕੀ ਸ਼ਹਿਰ `ਤੇ ਸੁੱਟਣ ਲਈ ਨਹੀਂ ਸੀ ਭੇਜਿਆ। ਦਰਅਸਲ ਅਮਰੀਕੀ ਰੱਖਿਆ ਮਹਿਕਮੇ ਨੇ ਜਿਹੜੀ ਤਿੰਨ ਸ਼ਹਿਰਾਂ ਦੀ ਲਿਸਟ ਬਣਾਈ ਸੀ, ਉਹਦੇ ਵਿਚ ਹੀਰੋਸ਼ੀਮਾ, ਕੋਕੂਰਾ ਤੇ ਕੋਇਓਟਾ ਸਨ ਪਰ ਬਾਅਦ ਵਿਚ ਕੋਇਓਟਾ ਦਾ ਨਾਮ ਇਸ ਕਰਕੇ ਕੱਢ ਦਿੱਤਾ ਕਿ ਇਹਦੇ ਵਿਚ ਜਪਾਨ ਦੀਆਂ ਵਿਰਾਸਤੀ ਤੇ ਸਭਿਅਤਾ ਨਾਲ ਸਬੰਧਤ ਇਮਾਰਤਾਂ ਸਨ। ਇਸ ਦੀ ਜਗ੍ਹਾ ਨਾਗਾਸਾਕੀ ਦਾ ਨਾਮ ਪਾ ਲਿਆ ਕਿ ਜੇ ਦੋ ਤੋਂ ਜ਼ਿਆਦਾ ਐਟਮ ਬੰਬ ਸੁੱਟਣੇ ਪਏ ਤਾਂ ਉਹ ਨਾਗਾਸਾਕੀ ਹੋਵੇਗਾ| ਜਿਵੇਂ ਪਹਿਲੇ ਐਟਮ ਬੰਬ ਸੁੱਟਣ ਵਿਚ ਕੋਈ ਦਿੱਕਤ ਨਹੀਂ ਸੀ ਆਈ ਤੇ ਸਭ ਕੁਝ ਯੋਜਨਾਬੱਧ ਤਰੀਕੇ ਨਾਲ ਨਿਪਟਿਆ ਸੀ, ਪਰ ਦੂਜੇ ਐਟਮ ਬੰਬ ਦੀ ਵਾਰੀ ਸ਼ੁਰੂ ਵਿਚ ਹੀ ਕਈ ਗੱਲਾਂ ਅਣਕਿਆਸੀਆਂ ਹੋ ਗਈਆਂ, ਜਿਸ ਕਾਰਨ ਇਹ ਬੰਬ ਨਾਗਾਸਾਕੀ `ਤੇ ਸੁੱਟਿਆ ਗਿਆ, ਇਸ ਦਾ ਥੋੜ੍ਹਾ ਜਿਹਾ ਵੇਰਵਾ ਇਸ ਤਰ੍ਹਾਂ ਹੈ:

ਦੂਜਾ ਐਟਮ ਬੰਬ ਪਲੂਟੋਨੀਅਮ ਸੀ ਜਦੋਂ ਕਿ ਪਹਿਲਾ ਯੂਰੇਨੀਅਮ ਸੀ। ਇਹ 6 ਅਗਸਤ ਨੂੰ ਹੀ ਅਸੈਂਬਲ ਕਰ ਲਿਆ ਸੀ ਤਾਂ ਕਿ ਛੇਤੀ ਤੋਂ ਛੇਤੀ ਜਪਾਨ `ਤੇ ਸੁੱਟਿਆ ਜਾਵੇ। ਇਸ ਦੂਜੇ ਐਟਮ ਬੰਬ ਨੂੰ ਵੀ ਸੁੱਟਣ ਲਈ ਪਹਿਲੇ ਐਟਮ ਬੰਬ ਵਾਲੇ ਪੌਲ ਟਿੱਬਟ ਨੂੰ ਹੀ ਇੰਚਾਰਜ ਬਣਾਇਆ ਗਿਆ ਤੇ ਉਸਦਾ ਹੀ ਪਹਿਲੇ ਵਾਲਾ ਬੰਬਰ ਜਹਾਜ਼ ਇਨੋਲਾ ਗੇ ਇਸ ਕੰਮ ਵਾਸਤੇ ਚੁਣਿਆ ਸੀ। ਆਉਣ ਵਾਲੇ ਦਿਨਾਂ ਦੇ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ 11 ਅਗਸਤ ਦਾ ਦਿਨ ਮੁਕੱਰਰ ਕਰ ਦਿੱਤਾ ਸੀ। ਪੌਲ ਟਿੱਬਟ ਇਸ ਦੂਜੇ ਐਟਮ ਬੰਬ ਨੂੰ ਸੁੱਟਣ ਦੀ ਜ਼ਿੰਮੇਵਾਰੀ ਆਪਣੇ ਦੋਸਤ ਮੇਜਰ ਸਵੀਨੇ ਨੂੰ ਦੇਣੀ ਚਾਹੁੰਦਾ ਸੀ ਤਾਂਕਿ ਉਸ ਦਾ ਨਾਮ ਵੀ ਇਤਿਹਾਸ ਵਿਚ ਲਿਖਿਆ ਜਾ ਸਕੇ| ਜਿਓਂ ਹੀ ਟੀਨੀਅਨ ਟਾਪੂ `ਤੇ ਦੂਜੇ ਐਟਮ ਬੰਬ ਦੀ ਤਿਆਰੀ ਸ਼ੁਰੂ ਕੀਤੀ ਗਈ ਤਾਂ ਰੱਖਿਆ ਮਹਿਕਮੇ ਵਲੋਂ ਇਹ ਹੁਕਮ ਆ ਗਏ ਕਿ ਐਟਮ ਬੰਬ ਹੁਣ 11 ਦੀ ਬਜਾਏ 9 ਅਗਸਤ ਨੂੰ ਸੁੱਟਿਆ ਜਾਵੇ, ਕਿਓਂਕਿ 10 ਤੇ 11 ਨੂੰ ਜਪਾਨ `ਤੇ ਮੌਨਸੂਨ ਦੇ ਤੂਫ਼ਾਨ ਦੀ ਕਿਆਸਅਰਾਈ ਸੀ, ਇਸ ਕਰਕੇ ਬੰਬ ਦੀ ਤਿਆਰੀ ਵਿਚ ਤੇਜ਼ੀ ਲਿਆਂਦੀ ਗਈ ਤੇ 8 ਅਗਸਤ ਤੱਕ ਐਟਮ ਬੰਬ ਤਿਆਰ ਕਰ ਕੇ ਜਹਾਜ਼ ਵਿਚ ਲੋਡ ਕਰਨ ਯੋਗ ਬਣਾ ਦਿੱਤਾ ਸੀ। ਮੇਜਰ ਸਵੀਨੇ ਨੇ ਬੋਕਸਕਾਰ ਨਾਮ ਜਹਾਜ਼ ਦੀ ਚੋਣ ਕੀਤੀ ਤੇ 8 ਅਗਸਤ ਨੂੰ ਇਸੇ ਜਹਾਜ਼ ਦੀ ਰਨਵੇਅ `ਤੇ ਰਿਹਰਸਲ ਕੀਤੀ। ਐਟਮ ਬੰਬ ਜਿਸਦਾ ਨਾਮ ‘ਫੈਟ ਮੈਨ’ ਰੱਖਿਆ ਸੀ, ਨੂੰ ਲੋਡ ਕਰ ਦਿੱਤਾ ਗਿਆ ਤੇ ਨਾਲ ਦੀ ਨਾਲ ਹੀ ਕਈ ਖਤਰਨਾਕ ਤੇ ਦਿਲਚਸਪ ਕਿੱਸੇ ਵੀ ਸ਼ੁਰੂ ਹੋ ਗਏ| ਜਦੋਂ ਦੋਵੇਂ ਪ੍ਰਮਾਣੂ ਇੰਜੀਨੀਅਰ ਐਟਮ ਬੰਬ ਦੀ ਆਖ਼ਿਰੀ ਅਸੈਂਬਲੀ ਕਰ ਰਹੇ ਸੀ, ਤਾਂ ਉਨ੍ਹਾਂ ਤੋਂ ਫਾਇਰਿੰਗ ਯੂਨਿਟ ਵਿਚ ਤਾਰ ਉਲਟ ਪਾਸੇ ਤੋਂ ਪਾ ਹੋ ਗਈ, ਜਿਸ ਕਰਕੇ ਬੰਬ ਫਟਣ ਵਾਲਾ ਪਲੀਤਾ ਤਿਆਰ ਹੋ ਗਿਆ। ਉਹ ਦੋਵੇਂ ਬਹੁਤ ਪ੍ਰੇਸ਼ਾਨ ਤੇ ਖ਼ੌਫਜ਼ਦਾ ਹੋ ਗਏ ਕਿ ਬੰਬ ਹੁਣੇ ਹੀ ਉਨ੍ਹਾਂ ਦੇ ਹੱਥਾਂ ਵਿਚ ਹੀ ਫਟ ਜਾਵੇਗਾ, ਪਰ ਕਈ ਘੰਟੇ ਅਤਿ ਦੀ ਹੁੰਮਸ ਭਰੀ ਗਰਮੀ `ਚ ਘੋਲ ਕਰ ਕੇ ਗ਼ਲਤੀ ਠੀਕ ਕਰ ਦਿੱਤੀ| ਦੂਜੀ ਮੁਸ਼ਕਿਲ ਐਨ ਉਡਾਣ ਭਰਨ ਤੋਂ ਪਹਿਲਾਂ ਜਿਓਂ ਹੀ ਜਹਾਜ਼ ਦੀ ਪ੍ਰੀ-ਚੈਕਿੰਗ ਕੀਤੀ, ਤਾਂ ਜਿਹੜਾ 640 ਗੈਲਨ ਤੇਲ ਰਿਜ਼ਰਵ ਟੈਂਕੀ ਵਿਚ ਸੀ, ਉਹਨੂੰ ਲੋੜ ਪੈਣ ‘ਤੇ ਮੇਨ ਟੈਂਕੀ ਵਿਚ ਭੇਜਣ ਵਾਲੀ ਗੇਜ਼ ਖਰਾਬ ਸੀ, ਜਿਸਨੂੰ ਠੀਕ ਕਰਨ ਨੂੰ ਕਈ ਘੰਟੇ ਲੱਗ ਜਾਣੇ ਸੀ ਤੇ ਜਹਾਜ਼ ਬਦਲ ਕੇ ਹੋਰ ਜਹਾਜ਼ ਵਿਚ ਬੰਬ ਲੋਡ ਕਰਦੇ ਤਾਂ ਵੱਡਾ ਖਤਰਾ ਸੀ ਬੰਬ ਫਟਣ ਦਾ। ਬੜੀ ਕਸੂਤੀ ਦੁਬਿਧਾ, ਅੰਤ ਨੂੰ ਪੌਲ ਟਿੱਬਟ ਨੇ ਫੈਸਲਾ ਕੀਤਾ ਕਿ ਇਸੇ ਤਰ੍ਹਾਂ ਹੀ ਬੋਕਸਕਾਰ ਜਹਾਜ਼ ਬੰਬ ਸੁੱਟਣ ਲਈ ਉਡਾਇਆ ਜਾਵੇਗਾ, ਕਿਓਂਕਿ ਉਸ ਮੁਤਾਬਿਕ ਮੇਨ ਟੈਂਕੀ ਦਾ ਤੇਲ ਆਉਣ-ਜਾਣ ਲਈ ਕਾਫ਼ੀ ਹੈ। ਉਸਨੇ ਮੇਜਰ ਸਵੀਨੇ ਨੂੰ ਲੋੜੀਂਦੀਆਂ ਹਦਾਇਤਾਂ ਕੀਤੀਆਂ, ਜੋ ਬੰਬ ਸੁੱਟਣ ਵਕਤ ਜ਼ਰੂਰੀ ਸਨ| ਇਹ ਐਟਮ ਜਪਾਨ ਦੇ ਸ਼ਹਿਰ ਕੋਕੂਰਾ `ਤੇ ਸੁੱਟਣ ਲਈ ਭੇਜਿਆ ਗਿਆ|

ਬੋਕਸਕਾਰ ਦੀ ਉਡਾਣ ਤੋਂ ਪਹਿਲਾਂ ਦੋ ਜਹਾਜ਼ ਇੱਕ ਘੰਟਾ ਪਹਿਲਾਂ ਉਡਾਏ ਗਏ ਤਾਂ ਕਿ ਉਥੋਂ ਦੇ ਮੌਸਮ ਬਾਰੇ ਜਾਣਕਾਰੀ ਦਿੱਤੀ ਜਾਵੇ ਬੋਕਸਕਾਰ ਨੇ 9 ਅਗਸਤ ਨੂੰ ਤੜਕੇ ਦੋ ਵਜੇ ਦੇ ਕਰੀਬ ਉਡਾਣ ਭਰੀ। ਉਸਦੇ ਨਾਲ ਜਹਾਜ਼ ਵਿਚ ਕੁੱਲ 10 ਅਫ਼ਸਰ ਸਨ ਤੇ ਇਹਦੀ ਮਦਦ ਲਈ ਦੋ ਹੋਰ ਬੰਬਰ ਜਹਾਜ਼ ਪਿਛੇ ਉਡਾਏ ਗਏ, ਜਿਨ੍ਹਾਂ ਦਾ ਕੰਮ ਸੀ, ਬੰਬ ਸੁੱਟਣ ਤੋਂ ਬਾਅਦ ਫੋਟੋਗ੍ਰਾਫੀ ਕਰਕੇ ਐਟਮ ਬੰਬ ਦੀ ਸਫ਼ਲਤਾ ਦੀ ਵਿਗਿਆਨਕ ਦ੍ਰਿਸ਼ਟੀ ਤੋਂ ਨਿਰੀਖਣ ਕਰਨਾ। ਤਾਂਕਿ ਭਵਿੱਖ ਵਿਚ ਸਫ਼ਲਤਾ ਪੂਰਵਕ ਉਸਤੋਂ ਵੀ ਵੱਡੇ ਤੇ ਮਾਰੂ ਬੰਬ ਬਣਾਏ ਜਾਣ| ਬੋਕਸਕਾਰ ਨੂੰ ਉਡਾਣ ਸਾਰ ਹੀ ਸਵੀਨੇ ਨੇ ਜਹਾਜ਼ ਦਾ ਕੰਟਰੋਲ ਆਪਣੇ ਸਹਾਇਕ ਪਾਇਲਟ ਨੂੰ ਸੰਭਾਲ ਕੇ ਆਪ ਥੋੜ੍ਹਾ ਆਰਾਮ ਕਰਨ ਲਈ ਲੰਮਾ ਪੈ ਗਿਆ। ਕਿਓਂਕਿ ਪਿਛਲਾ ਸਾਰਾ ਦਿਨ ਹੀ ਬਹੁਤ ਨੱਠ-ਭੱਜ ਕਰ ਕੇ ਥਕਾਵਟ ਮਹਿਸੂਸ ਕਰ ਰਿਹਾ ਸੀ। ਮੌਸਮ ਅਜੇ ਵੀ ਖਰਾਬ ਹੀ ਸੀ। ਮੀਂਹ, ਤੇਜ਼ ਹਵਾ ਤੇ ਖ਼ੌਫਜ਼ਦਾ ਲਿਸ਼ਕਦੀ ਬਿਜਲੀ ਵਿਚ ਬੋਕਸਕਾਰ ਨੱਕ ਦੀ ਸੇਧੇ ਸੈਂਕੜੇ ਮੀਲ ਦੂਰ ਲੱਖਾਂ ਲੋਕਾਂ ਨੂੰ ਮਾਰਨ ਉੱਡਿਆ ਜਾ ਰਿਹਾ ਸੀ। ਖਰਾਬ ਮੌਸਮ ਕਰਕੇ ਜਹਾਜ਼ ਨੂੰ 9000 ਫੁੱਟ ਦੀ ਉਚਾਈ `ਤੇ ਉਡਾਇਆ ਜਾ ਰਿਹਾ ਸੀ, ਜਿਸ ਕਰਕੇ ਜ਼ਿਆਦਾ ਤੇਲ ਖਾ ਰਿਹਾ ਸੀ। ਇਸੇ ਦੌਰਾਨ ਐਟਮ ਬੰਬ ਦੇ ਕਮਾਂਡਰ ਐਸ਼ਵਰਥ ਤੇ ਉਹਦੇ ਸਹਾਇਕ ਨੇ ਅੰਤਿਮ ਛੋਹਾਂ ਦਿੰਦੇ ਹੋਏ ਬੰਬ ਦੇ ਹਰੀ ਲਾਈਟ ਵਾਲੇ ਸੇਫਟੀ ਪਲੱਗ ਉਤਾਰ ਦਿੱਤੇ, ਤਾਂ ਕਿ ਫੈਟ ਮੈਨ ਤਿਆਰ ਹੋ ਜਾਵੇ। ਇਹ ਸਭ ਕਰਨ ਤੋਂ ਬਾਅਦ ਐਸ਼ਵਰਥ ਬੇਫਿਕਰ ਹੋ ਕੇ ਐਟਮ ਬੰਬ `ਤੇ ਸਿਰ ਰੱਖ ਕੇ ਸੌਂ ਗਿਆ| ਇਸਦੇ ਤਿੰਨ ਘੰਟੇ ਬਾਅਦ ਸਵੇਰ ਹੋਣ ਤੋਂ ਪਹਿਲਾਂ ਬੰਬ ਦੇ ਕੰਟਰੋਲ ਪੈਨਲ ‘ਤੇ ਲਾਲ ਲਾਈਟਾਂ ਫਲੈਸ਼ ਕਰਨ ਲੱਗ ਪਈਆਂ, ਜਿਸਦਾ ਮਤਲਬ ਸੀ ਕਿ ਬੰਬ ਹੁਣੇ ਹੀ ਫਟ ਜਾਵੇਗਾ। ਇਹ ਦੇਖ ਕੇ ਸਹਾਇਕ ਬਾਰਨੇ ਨੇ ਬਹੁਤ ਘਬਰਾ ਤੇ ਖ਼ੌਫਜ਼ਦਾ ਹੋ ਕੇ ਐਸ਼ਵਰਥ ਨੂੰ ਸੁੱਤੇ ਪਏ ਨੂੰ ਝੰਜੋੜ ਕੇ ਉਠਾਇਆ ਕਿ ਆਪਾਂ ਤੋਂ ਬਹੁਤ ਵੱਡੀ ਕੋਈ ਗਲਤੀ ਹੋ ਗਈ ਤੇ ਬੰਬ ਨੇ ਹੁਣੇ ਫਟ ਜਾਣਾ। ਐਸ਼ਵਰਥ ਅੱਬੜਵਾਹੇ ਜਾਗਿਆ ਤੇ ਕਹਿੰਦਾ ‘ਓ ਮਾਈ ਗੌਡ’ ਤੇ ਦੋਵਾਂ ਨੇ ਬਿਨਾਂ ਕਿਸੇ ਨੂੰ ਦੱਸੇ ਕਾਹਲੀ-ਕਾਹਲੀ ਸਾਰੇ ਬਲਿਊ ਪ੍ਰਿੰਟ ਦੇਖੇ ਤੇ ਦਸਾਂ ਕੁ ਮਿੰਟਾਂ ਵਿਚ ਗਲਤੀ ਲੱਭ ਕੇ ਠੀਕ ਕਰਕੇ ਸੁਖ ਦਾ ਸਾਹ ਲਿਆ। ਪਰ ਬੋਕਸਕਾਰ ਦੀਆਂ ਮੁਸ਼ਕਿਲਾਂ ਅਜੇ ਮੁੱਕੀਆਂ ਨਹੀਂ, ਕੋਕੂਰਾ `ਤੇ ਬੰਬ ਸੁੱਟਣ ਤੋਂ ਪਹਿਲਾਂ ਮਿਥੇ ਨਿਸ਼ਾਨੇ `ਤੇ ਇਨ੍ਹਾਂ ਤਿੰਨਾਂ ਜਹਾਜ਼ਾਂ ਨੇ ਇੱਕਠੇ ਹੋਣਾ ਸੀ। ਉਹ ਸੀ ਜਾਪਾਨੀ ਸਮੇਂ ਮੁਤਾਬਿਕ 9 ਵਜੇ ਤੇ 30000 ਫੁੱਟ ਦੀ ਉਚਾਈ। ਪਰ ਇਥੇ ਇੱਕ ਜਹਾਜ਼ ਨਾ ਪਹੁੰਚਿਆ ਤੇ ਸਵੀਨੇ ਨੇ ਉਸ ਜਗ੍ਹਾ `ਤੇ 50 ਮਿੰਟ ਗੇੜੇ ਲਾ ਕੇ ਤੇਲ ਫੂਕਿਆ। ਵੱਡੀ ਗੱਲ ਇਹ ਹੋਈ ਕਿ ਇਹਦਾ ਰੇਡੀਓ ਸਿਸਟਮ ਵੀ ਖਰਾਬ ਹੋ ਗਿਆ, ਜਿਸ ਕਰਕੇ ਇਹ ਦੂਜੇ ਜਹਾਜ਼ ਨਾਲ ਰਾਬਤਾ ਨਾ ਬਣਾ ਸਕਿਆ, ਜਦੋਂ ਕਿ ਇਹ ਉਸੇ ਜਗ੍ਹਾ ‘ਤੇ ਬੋਕਸਕਾਰ ਤੋਂ 9000 ਫੁੱਟ ਵੱਧ ਉਚਾਈ ‘ਤੇ ਉੱਡ ਰਿਹਾ ਸੀ। ਸਵੀਨੇ ਤੇਲ ਦੀ ਕਮੀ ਦੇ ਮੱਦੇਨਜ਼ਰ ਹੋਰ ਉਡੀਕ ਨਾ ਕਰਦੇ ਦਸ ਵਜੇ ਦੇ ਕਰੀਬ ਕੋਕੂਰਾ ਸ਼ਹਿਰ ‘ਤੇ ਬੰਬ ਸੁੱਟਣ ਨੂੰ ਜਹਾਜ਼ ਮੋੜ ਲਿਆ, ਪਰ ਇਥੇ ਇੱਕ ਹੋਰ ਸਮੱਸਿਆ ਇਹ ਆਈ ਕਿ ਜਿਹੜਾ ਜਹਾਜ਼ ਉਥੇ ਪਹੁੰਚਿਆ ਨਹੀਂ ਸੀ, ਉਹਦੇ ਪਾਇਲਟ ਨੇ ਸਮਝਿਆ ਕਿ ਬੋਕਸਕਾਰ ਕਿਤੇ ਰਸਤੇ ਵਿਚ ਨਾ ਡਿੱਗ ਗਿਆ ਹੋਵੇ। ਉਹਨੇ ਰੇਡੀਓ `ਤੇ ਟੀਨੀਅਨ ਟਾਪੂ ਦੇ ਕੰਟਰੋਲ ਰੂਮ ਤੋਂ ਪੁੱਛਿਆ, ‘ਕੀ ਬੋਕਸਕਾਰ ਡਿੱਗ ਗਿਆ?’ ਪਰ ਕੰਟਰੋਲ ਰੂਮ ਨੇ ਇਹ ਸੁਣਿਆ ਕਿ ‘ਬੋਕਸਕਾਰ ਡਿੱਗ ਗਿਆ’ ਜਿਓਂ ਹੀ ਇਹ ਲਫ਼ਜ਼ ਪੌਲ ਟਿੱਬਟ ਤੇ ਇੱਕ ਹੋਰ ਫੌਜੀ ਜਰਨੈਲ, ਜੋ ਬ੍ਰੇਕਫਾਸਟ ਕਰ ਰਹੇ ਸੀ ਨੇ ਸੁਣਿਆ, ਤਾਂ ਉਹਨੂੰ ਹੁੱਥੂ ਆ ਗਿਆ ਤੇ ਹੱਥਾਂ ਪੈਰਾਂ ਦੀ ਪੈ ਗਈ ਕਿ ਇਹ ਕੀ ਭਾਣਾ ਵਰਤ ਗਿਆ। ਕਿਓਂਕਿ ਉਹ ਤਾਂ ਦੂਜੇ ਐਟਮ ਬੰਬ ਦੀ ਕਾਮਯਾਬੀ ਦੇ ਜਸ਼ਨ ਮਨਾਉਣ ਦੀ ਤਿਆਰੀ ਕਰੀ ਬੈਠੇ ਸੀ। ਉਸ ਤੋਂ ਵੀ ਵੱਡੀ ਗੱਲ ਇਹ ਸੀ ਕਿ ਪ੍ਰੈਜ਼ੀਡੈਂਟ ਟਰੂਮੇਨ ਤੇ ਰੱਖਿਆ ਮਹਿਕਮੇ ਨੂੰ ਇਹ ਮਨਹੂਸ ਖਬਰ ਕਿੱਦਾਂ ਦੱਸੀ ਜਾਊਗੀ, ਕਿਓਂਕਿ ਅਮਰੀਕਾ ਵਾਸਤੇ ਇੱਕ ਬਹੁਤ ਵੱਡੀ ਨਮੋਸ਼ੀ ਦੇ ਨਾਲ-ਨਾਲ ਦੂਜੇ ਮਹਾਂਯੁੱਧ ਦਾ ਨਾਇਕ ਕੋਈ ਹੋਰ ਬਣ ਸਕਦਾ ਸੀ| ਕਾਹਲੀ ਵਿਚ ਉਨ੍ਹਾਂ ਨੇ ਸਾਰੇ ਬਚਾਅ ਕਰਨ ਵਾਲੇ ਜਹਾਜ਼ ਅਲਰਟ ਕਰ ਦਿੱਤੇ ਕਿ ਜਿਥੇ ਵੀ ਬੋਕਸਕਾਰ ਡਿੱਗਿਆ ਪਤਾ ਲਾਇਆ ਜਾਵੇ ਤੇ ਐਟਮ ਬੰਬ ਦਾ ਕੀ ਬਣਿਆ? ਘਬਰਾਹਟ ਵਿਚ ਕਿਸੇ ਨੇ ਵੀ ਬੋਕਸਕਾਰ ਤੇ ਇੱਕ ਹੋਰ ਤੀਜਾ ਜਹਾਜ਼ ਜਿਹੜਾ ਉਹਦੇ ਨਾਲ ਸੀ ਨਾਲ ਰਾਬਤਾ ਨਾ ਕੀਤਾ|

ਓਧਰ ਬੋਕਸਕਾਰ ਕੋਕੂਰਾ ਤੇ ਆਪਣੇ ਟਾਰਗੇਟ, ਜੋ ਕਿ ਬਹੁਤ ਵੱਡੀ ਅਸਲਾ ਫੈਕਟਰੀ ਸੀ, ਨੂੰ ਲੱਭਣ ਲਈ ਉਡਾਣ ਭਰ ਰਿਹਾ ਸੀ, ਪਰ ਬਹੁਤ ਜ਼ਿਆਦਾ ਸੰਘਣੀ ਬੱਦਲਵਾਈ ਅਤੇ ਨਾਲ ਦੇ ਸ਼ਹਿਰ ਦੀਆਂ ਫੈਕਟਰੀਆਂ ਦਾ ਧੂੰਆਂ ਇਧਰ ਆਉਣ ਕਰਕੇ ਥੱਲੇ ਕੁਛ ਵੀ ਨਜ਼ਰ ਨਹੀਂ ਸੀ ਆ ਰਿਹਾ। ਸਵੀਨੇ ਬੰਬ ਨੂੰ ਐਨ ਟਿਕਾਣੇ `ਤੇ ਸੁੱਟ ਕੇ ਇਤਿਹਾਸ ਸਿਰਜਣਾ ਚਾਹੁੰਦਾ ਸੀ। ਇਸ ਕਰਕੇ ਬੰਬ ਸੁੱਟਣ ਦੇ ਇੰਚਾਰਜ ਕੈਪਟਨ ਬੇਹਨ ਨੂੰ ਉਦੋਂ ਤੱਕ ਬੰਬ ਨਾ ਸੁੱਟਣ ਦੀ ਹਦਾਇਤ ਕੀਤੀ ਜਦੋਂ ਤੱਕ ਟਾਰਗੇਟ ਸਾਫ ਨਾ ਦਿਸੇ। ਸਿਰਫ ਰਾਡਾਰ ਦੇ ਭਰੋਸੇ ਬੰਬ ਨਾ ਸੁੱਟਿਆ ਜਾਵੇ। ਇਸ ਤਰ੍ਹਾਂ ਬੋਕਸਕਾਰ ਦੀ ਪਹਿਲੀ ਕੋਸ਼ਿਸ਼ ਬੇਕਾਰ ਗਈ ਤੇ ਜਦੋਂ ਸਵੀਨੇ ਨੇ ਦੂਜੀ ਵਾਰੀ ਕੋਸ਼ਿਸ਼ ਕੀਤੀ ਤਾਂ ਜਪਾਨ ਨੇ ਬੋਕਸਕਾਰ ‘ਤੇ ਹਵਾਈ ਤੋਪਾਂ ਨਾਲ ਜ਼ਮੀਨ ਤੋਂ ਹਮਲਾ ਕਰ ਦਿੱਤਾ ਤੇ ਨਾਲ ਹੀ ਜਾਪਾਨੀ 10 ਹਵਾਈ ਲੜਾਕੂ ਜਹਾਜ਼ਾਂ ਨੇ ਬੋਕਸਕਾਰ ਦਾ ਪਿੱਛਾ ਕਰ ਕੇ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ, ਜੋ ਬਿਲਕੁਲ ਬੋਕਸਕਾਰ ਦੇ ਲਾਗਿਓਂ ਜਾਂਦੇ ਸੀ ਤੇ ਬੜਾ ਵੱਡਾ ਖਤਰਾ ਹੋ ਗਿਆ, ਸਾਰੇ ਅਫਸਰਾਂ ਵਿਚ ਦਹਿਲ ਦਾ ਮਾਹੌਲ ਬਣ ਗਿਆ। ਜਦੋਂ ਇਹ ਦੂਜੀ ਕੋਸ਼ਿਸ਼ ਵੀ ਬੇਕਾਰ ਗਈ ਤਾਂ ਕਮਾਂਡਰ ਐਸ਼ਵਰਥ, ਜਿਹੜਾ ਇਸ ਸਾਰੇ ਮਿਸ਼ਨ ਦਾ ਚੀਫ ਸੀ, ਨੇ ਬੜੀ ਸਖਤੀ ਨਾਲ ਸਵੀਨੇ ਨੂੰ ਕਿਹਾ ਕਿ ਇਹ ਮਿਸ਼ਨ ਇਥੇ ਹੀ ਬੰਦ ਕਰ ਤੇ ਵਾਪਿਸ ਟੀਨੀਅਨ ਜਾਣ ਲਈ ਜਹਾਜ਼ ਮੋੜ! ਸਾਰੇ ਜਹਾਜ਼ ਦੇ ਮੈਂਬਰਾਂ ਵਿਚ ਤਲਖੀ ਵਧੀ ਹੋਈ ਸੀ| ਸਵੀਨੇ ਇਸ ਮਿਸ਼ਨ ਨੂੰ ਅਧੂਰਾ ਨਹੀਂ ਛੱਡਣਾ ਚਾਹੁੰਦਾ ਸੀ। ਉਸਨੇ ਬੜੀ ਉੱਚੀ ਆਵਾਜ਼ ਵਿਚ ਕਿਹਾ, ‘ਮੈਂ ਇੱਕ ਵਾਰ ਹੋਰ ਵੱਖਰੀ ਦਿਸ਼ਾ ਤੋਂ ਕੋਸ਼ਿਸ਼ ਕਰਕੇ ਦੇਖਦਾਂ।’ ਇਸ ਕੋਸ਼ਿਸ਼ ਦੌਰਾਨ ਜਪਾਨੀ ਲੜਾਕੂ ਜਹਾਜ਼ ਇੱਕ ਕਤਾਰ ਬਣਾ ਕੇ ਉਹਦੇ ਅੱਗੇ ਆ ਗਏ, ਪਰ ਬੋਕਸਕਾਰ ਨੇ ਕੋਸ਼ਿਸ਼ ਜਾਰੀ ਰੱਖੀ। ਇਸ ਵਾਰ ਵੀ ਸਫਲਤਾ ਨਹੀਂ ਮਿਲੀ। ਹਾਲਾਤ ਇਹ ਬਣ ਚੁੱਕੇ ਸਨ ਕਿ ਜਿੰਨਾ ਜਹਾਜ਼ ਵਿਚ ਤੇਲ ਸੀ, ਉਸ ਨਾਲ ਵਾਪਸ ਟੀਨੀਅਨ ਪਹੁੰਚਣਾ ਮੁਸ਼ਕਿਲ ਸੀ ਤੇ ਸਭ ਤੋਂ ਵੱਡਾ ਖਤਰਾ ਬੋਕਸਕਾਰ ‘ਚ ਉਸ ਵਕਤ ਦਾ ਸਭ ਤੋਂ ਵੱਡਾ ਤਬਾਹਕੁਨ ਐਟਮ ਬੰਬ ‘ਫੈਟ ਮੈਨ’ ਸੀ, ਜਿਹਨੂੰ ਫਟਣ ਨੂੰ ਇੱਕ ਸਵਿਚ ਹੀ ਉੱਪਰ ਥੱਲੇ ਹੋਣਾ ਸੀ। ਹੁਣ ਇੱਕ ਸਕਿੰਟ ਵੀ ਵਾਧੂ ਸਮਾਂ ਨਹੀਂ ਸੀ ਸੋਚਣ ਦਾ, ਕਿ ਇਹਦੇ ਤੋਂ ਛੁਟਕਾਰਾ ਕਿਵੇਂ ਮਿਲੇ। ਜਿਵੇਂ ਪੰਜਾਬੀ `ਚ ਕਹਾਵਤ ਆ ‘ਮੈਂ ਤਾਂ ਕੰਬਲ ਨੂੰ ਛੱਡਦਾਂ ਪਰ ਹੁਣ ਕੰਬਲ ਨੀ ਮੈਨੂੰ ਛੱਡਦਾ।’ ਇੰਨੇ ਨੂੰ ਕਮਾਂਡਰ ਐਸ਼ਵਰਥ ਨੇ ਪੂਰਾ ਕੰਟਰੋਲ ਆਪਣੇ ਹੱਥ ਲੈ ਕੇ ਹੁਕਮ ਕੀਤਾ ਕਿ ਬੋਕਸਕਾਰ ਨੂੰ ਨਾਗਾਸਾਕੀ ਜੋ ਉਥੋਂ 95 ਮੀਲ ਦੂਰ ਸੀ ਲਿਜਾਇਆ ਜਾਵੇ, ਤਾਂਕਿ ਉਥੇ ਜਿਹੜੀ ਸਭ ਤੋਂ ਵੱਡੀ ਜਪਾਨ ਦੀ ਮਿਤਸੁਬਿਸ਼ੀ ਅਸਲੇ ਦੀ ਫੈਕਟਰੀ ਤੇ ਹੋਰ ਵੱਡੀਆਂ ਫੈਕਟਰੀਆਂ ਹਨ, ਇਸ ਐਟਮ ਬੰਬ ਨਾਲ ਤਬਾਹ ਕੀਤੀਆਂ ਜਾ ਸਕਣ। ਇਸ ਤਬਦੀਲੀ ਲਈ ਉਹਨੇ ਕਿਸੇ ਵੀ ਉੱਚ ਅਧਿਕਾਰੀ ਦੀ ਇਜਾਜ਼ਤ ਨਾ ਮੰਗੀ। ਸਵੀਨੇ ਪਹਿਲਾਂ ਹੀ ਘਬਰਾਹਟ ਵਿਚ ਸੀ ਤੇ ਜਹਾਜ਼ ਵਿਚ ਤੇਲ ਵੀ ਸਿਰਫ ਕੁਛ ਕੁ ਘੰਟਿਆਂ ਦਾ ਹੀ ਬਚਿਆ ਸੀ। ਇਸ ਹਾਲਾਤ ਵਿਚ ਉਹਨੇ ਬੋਕਸਕਾਰ ਨੂੰ ਖਤਰਨਾਕ ਤਿੱਖਾ ਕੂਹਣੀ ਮੋੜ ਮੋੜਿਆ। ਬਿਨਾਂ ਸੋਚੇ ਕਿ ਇੱਕ ਤੀਜਾ ਜਹਾਜ਼ ਜਿਹੜਾ ਪਿਛੇ ਆ ਰਿਹਾ ਸੀ ਐਨਾ ਨੇੜੇ ਹੋ ਗਿਆ, ਕਿ ਦੋਵੇਂ ਆਪਸ ਵਿਚ ਟਕਰਾਉਣੋਂ ਮਸਾਂ ਬਚੇ। ਇਸ ਤਰ੍ਹਾਂ ਕੋਕੂਰਾ ਦੀ ਹੁੰਦੀ-ਹੁੰਦੀ ਤਬਾਹੀ ਹਾਲਾਤ ਕਾਰਨ ਬਚ ਗਈ ਪਰ ਨਾਗਾਸਾਕੀ ਵਾਲਿਆਂ ਦੀ ਮੌਤ ਦਾ ਸਬੱਬ ਬਣ ਗਈ।

ਜਿਓਂ ਹੀ ਬੋਕਸਕਾਰ ਨਾਗਾਸਾਕੀ ਵੱਲ ਚੱਲਿਆ ਤਾਂ ਸਵੀਨੇ ਨੇ ਤੇਲ ਦੇ ਹਿਸਾਬ ਨਾਲ ਇਹ ਨਤੀਜਾ ਕੱਢਿਆ ਕਿ ਇਹ ਨਾਗਾਸਾਕੀ `ਤੇ ਬੰਬ ਸੁੱਟ ਕੇ 450 ਮੀਲ ਤੋਂ ਵੱਧ ਨਹੀਂ ਜਾ ਸਕੇਗਾ। ਇਹ ਯਕੀਨੀ ਸੀ ਕਿ ਕਿਤੇ ਸਮੁੰਦਰ ਵਿਚ ਹੀ ਡਿੱਗੇਗਾ। ਇਸ ਨਾਲ ਸਾਰੇ ਜਹਾਜ਼ `ਚ ਸਵਾਰ ਭੈਭੀਤ ਬੈਠੇ ਸਨ। ਇਸ ਗਿਣਤੀ-ਮਿਣਤੀ ‘ਚ ਬੋਕਸਕਾਰ ਨਾਗਾਸਾਕੀ ਪੁੱਜ ਗਿਆ ਤੇ ਸਵੀਨੇ ਨੇ ਜਹਾਜ਼ ਨੂੰ 28000 ਫੁੱਟ ਦੀ ਉਚਾਈ ‘ਤੇ ਲੈ ਆਂਦਾ, ਪਰ ਮੁਸ਼ਕਿਲ ਇਥੇ ਵੀ ਉਹੋ ਸੀ ਕਿ ਸੰਘਣੇ ਬੱਦਲਾਂ ਵਿਚੋਂ ਥੱਲੇ ਕੁਛ ਵੀ ਨਹੀਂ ਸੀ ਦਿਸਦਾ। ਐਸ਼ਵਰਥ ਨੇ ਸਵੀਨੇ ਨੂੰ ਹੁਕਮ ਕੀਤਾ ਕਿ ਜੇ ਬੰਬ ਹੁਣ ਨਾ ਸੁੱਟ ਹੋਇਆ ਤਾਂ ਇਹਨੂੰ ਸਮੁੰਦਰ ਵਿਚ ਸੁੱਟ ਕੇ ਤਬਾਹ ਕਰ ਦੇਵੇ। ਜਿਸ ਨਾਲ ਉਹਨੇ ਵੀ ਸਹਿਮਤੀ ਪ੍ਰਗਟਾਈ। ਉਹ ਬੋਕਸਕਾਰ ਨੂੰ ਮੋੜਨ ਹੀ ਵਾਲਾ ਸੀ, ਕਿਓਂਕਿ ਪੰਜ ਮਿੰਟ ਦੀ ਬੰਬ ਸੁੱਟਣ ਵਾਲੀ ਉਡਾਣ ਐਵੇਂ ਅਜਾਈਂ ਹੀ ਜਾਂਦੀ ਦਿਸੀ। ਸਬੱਬੀਂ ਬਿਹਾਨ ਨੂੰ, ਜਿਥੋਂ ਬੱਦਲ ਥੋੜ੍ਹੇ ਫਟੇ ਹੋਏ ਸੀ, ਹੇਠ ਜ਼ਮੀਨ ‘ਤੇ ਇੱਕ ਬਿਲਡਿੰਗ ਦਿਖਾਈ ਦਿੱਤੀ ਤੇ ਨਾਲ ਹੀ ਉਹਨੇ ਚੀਕ ਮਾਰ ਕੇ ਕਿਹਾ ਕਿ ਟਾਰਗੇਟ ਮਿਲ਼ ਗਿਆ ਤੇ ਨਾਲ ਹੀ ਪੰਜ ਟਨ ਭਾਰਾ ਕਾਲੇ ਰੰਗ ਦਾ ਐਟਮ ਬੰਬ ‘ਫੈਟ ਮੈਨ’ ਸੁੱਟ ਦਿੱਤਾ ਤੇ ਸਵੀਨੇ ਨੂੰ ਕਿਹਾ ਕਿ ਹੁਣ ਭੱਜ ਲੈ ਜਿੰਨਾ ਛੇਤੀ ਹੋ ਸਕਦੈ। ਉਹਨੇ ਬੋਕਸਕਾਰ ਨੂੰ ਸੱਜੇ ਪਾਸੇ ਮੋੜ ਕੇ ਉਚਾਈ ਘਟਾਈ ਤੇ ਪੂਰੀ ਸਪੀਡ ਦੇ ਦਿੱਤੀ, ਤਾਂਕਿ ਐਟਮ ਬੰਬ ਡਿੱਗਣ ਸਾਰ ਜਿਹੜੀ ਅੱਗ ਦੀ ਲਾਟ ਨਿਕਲਣੀ ਸੀ, ਉਸ ਤੋਂ ਬਚਾ ਹੋ ਸਕੇ। ਪਿੱਛੇ ਮੁੜ ਕੇ ਵੀ ਨਾ ਦੇਖਿਆ, ਨਾ ਕੋਈ ਫੋਟੋ ਲੈ ਸਕੇ| ਐਟਮ ਬੰਬ ਡਿੱਗਣ ਤੋਂ ਬਾਅਦ 43 ਸਕਿੰਟਾਂ ਵਿਚ ਫਟ ਗਿਆ ਤੇ ਅੱਗ ਦਾ ਗੁਬਾਰ ਸਕਿੰਟਾਂ ਵਿਚ ਹੀ ਅਸਮਾਨ ਵੱਲ ਉੱਠ ਗਿਆ|

ਬੋਕਸਕਾਰ ਵਾਲਿਆਂ ਦੀ ਇੱਕ ਮੁਸ਼ਕਿਲ ਮਸਾਂ ਹੱਲ ਹੋਈ ਕਿ ਜਿਹੜੇ ਮੌਤ ਦੇ ਫਰਿਸ਼ਤੇ ‘ਫੈਟ ਮੈਨ’ ਨੂੰ ਚੁੱਕੀ ਫਿਰਦੇ ਸੀ, ਤੋਂ ਛੁਟਕਾਰਾ ਮਿਲਿਆ। ਪਰ ਜਹਾਜ਼ `ਚ ਤੇਲ ਦੀ ਕਮੀ ਨੇ ਤਾਂ ਉਨ੍ਹਾਂ ਨੂੰ ਜਿਉਂਦਿਆਂ ਹੀ ਮਾਰਿਆ ਪਿਆ ਸੀ। ਸਵੀਨੇ ਨੇ ਬੰਬ ਸੁੱਟਣ ਸਾਰ ਜਿਓਂ ਹੀ ਇਹਦੇ ਖਤਰੇ ਤੋਂ ਬਾਹਰ ਜਹਾਜ਼ ਨਿਕਲਿਆ ਤਾਂ ਰੇਡੀਓ `ਤੇ ‘ਮੇ ਡੇ ਮੇ ਡੇ’ ਪੁਕਾਰਿਆ ਤੇ ਕਿਹਾ ਤੇਲ ਖਤਮ ਹੋ ਗਿਆ ਤਾਂਕਿ ਕੋਈ ਵੀ ਅਮਰੀਕਨ ਜਹਾਜ਼ ਉਸ ਖਿੱਤੇ ਵਿਚ ਹੋਵੇ, ਉਹਨੂੰ ਪਤਾ ਲੱਗ ਜਾਵੇ। ਇਹ ਹਵਾਈ ਉਡਾਣਾਂ ਦੇ ਆਪਣੇ ਲਫ਼ਜ਼ ਹਨ ਜਿਹਦਾ ਮਤਲਬ ਹੁੰਦਾ ਕਿ ਜਹਾਜ਼ ਨੂੰ ਬਹੁਤ ਵੱਡਾ ਖਤਰਾ ਤੇ ਫੌਰੀ ਮੱਦਦ ਚਾਹੀਦੀ ਆ। ਉਸਦਾ ਇਹ ਮੈਸੇਜ ਪਤਾ ਨਹੀਂ ਕਿਵੇਂ ਟੀਨੀਅਨ ਟਾਪੂ ਦੇ ਕੰਟਰੋਲ ਟਾਵਰ ਵਿਚ ਸੁਣਿਆ ਗਿਆ। ਉਹ ਇਹ ਸੁਣ ਕੇ ਹੱਕੇ-ਬੱਕੇ ਰਹਿ ਗਏ ਕਿ ਬੋਕਸਕਾਰ ਅਜੇ ਸਹੀ ਸਲਾਮਤ ਹੈ ਤੇ ਸਾਰੇ ਮੈਂਬਰ ਜਿਊਂਦੇ ਹਨ। ਜਿਹਨੂੰ ਉਹ ਪਿਛਲੇ ਇੱਕ ਘੰਟੇ ਤੋਂ ਤਬਾਹ ਹੋਇਆ ਸਮਝ ਰਹੇ ਸੀ, ਉਥੋਂ ਸਭ ਤੋਂ ਨੇੜੇ ਓਕਿਨਾਵਾ ਟਾਪੂ ਸੀ ਜਿਹੜਾ ਅਜੇ ਕੁਛ ਹਫਤੇ ਪਹਿਲਾਂ ਹੀ ਅਮਰੀਕਨਾਂ ਨੇ ਜਪਾਨ ਤੋਂ ਖੋਹਿਆ ਸੀ। ਉਸ ਵੱਲ ਨੂੰ ਬੋਕਸਕਾਰ ਉਡਾ ਲਿਆ, ਪਰ ਜਦੋਂ ਤੇਲ ਦਾ ਜਾਇਜ਼ਾ ਲਿਆ ਤਾਂ ਜਹਾਜ਼ ਪੰਜਾਹ ਮੀਲ ਪਿੱਛੇ ਰਹਿ ਜਾਣਾ ਸੀ, ਮਤਲਬ ਕਿ ਸਮੁੰਦਰ ਵਿਚ। ਸਾਰੇ ਅਰਦਾਸਾਂ ਕਰੀ ਜਾਂਦੇ ਕਿ ਰੱਬਾ ਬਚਾ ਲੈ ਇੱਕ ਵਾਰ। ਖੁਦ ਇਹ ਸਾਰੇ ਹਜ਼ਾਰਾਂ ਬੇਕਸੂਰਿਆਂ ਨੂੰ ਕੁਛ ਮਿੰਟ ਪਹਿਲਾਂ ਹੀ ਮੌਤ ਦੇ ਘਾਟ ਉਤਾਰ ਕੇ ਖੁਸ਼ੀ ਮਨਾਉਂਦੇ ਸੀ। ਆਪਣੀ ਵਾਰੀ ਸਾਹਮਣੇ ਮੌਤ ਦੇਖ ਕੇ ਕਿੱਦਾਂ ਡਰ ਗਏ, ਆਪਣੇ ਬਚਾਅ ਲਈ ਸੇਫਟੀ ਜੈਕਟਾਂ ਪਾ ਲਈਆਂ ਤਾਂਕਿ ਸਮੁੰਦਰ ਵਿਚ ਡਿੱਗਣ ਕਰਕੇ ਇਹ ਤਰਦੇ ਰਹਿ ਸਕਣ। ਪਰ ਸਮੁੰਦਰ ਦੇ ਜਖ ਠੰਡੇ ਪਾਣੀ ਨੂੰ ਮਹਿਸੂਸ ਕਰਕੇ ਇਨ੍ਹਾਂ ਨੂੰ ਕੰਬਣੀ ਛਿੜੀ ਜਾਂਦੀ ਸੀ| ਸਵੀਨੇ ਬੜਾ ਤਜ਼ਰਬੇਕਾਰ ਪਾਇਲਟ ਸੀ ਇਸ ਲਈ ਉਹ ਬੋਕਸਕਾਰ ਨੂੰ ਉਸ ਉਚਾਈ `ਤੇ ਉਡਾ ਰਿਹਾ ਸੀ ਜਿਸ ਨਾਲ ਤੇਲ ਦੀ ਖਪਤ ਘੱਟ ਤੇ ਸਪੀਡ ਵੱਧ ਰਹੇ। ਉਹਨੂੰ ਓਕਿਨਾਵਾ ਟਾਪੂ ਦਿਸ ਪਿਆ ਪਰ ਉਹ ਉਸਦੇ ਕੰਟਰੋਲ ਟਾਵਰ ਨਾਲ ਰਾਬਤਾ ਨਾ ਬਣਾ ਸਕਿਆ। ਬੋਕਸਕਾਰ ਨੂੰ ਐਮਰਜੈਂਸੀ ਇਹ ਸੋਚ ਕੇ 1:51 ਵਜੇ ਦੁਪਹਿਰ ਨੂੰ ਉਤਾਰ ਦਿੱਤਾ ਕਿ ਰਨਵੇਅ ਪੱਧਰਾ ਹੀ ਹੋਣੈ। ਪਰ ਉਥੇ ਲੜਾਕੂ ਜਹਾਜ਼ ਛੋਟੇ ਬੰਬਾਂ ਨਾਲ ਲੋਡ ਹਵਾਈ ਹਮਲੇ ਦੀ ਤਿਆਰੀ ਵਿਚ ਕਤਾਰ ਬਣਾ ਕੇ ਖੜੇ ਸਨ, ਬੋਕਸਕਾਰ ਇੰਨੀਂ ਤੇਜ਼ ਰਫਤਾਰ ਨਾਲ ਰਨਵੇਅ `ਤੇ ਉਤਰਿਆ ਕਿ ਜ਼ਮੀਨ ਨਾਲ ਲੱਗ ਕੇ 25 ਫੁੱਟ ਉੱਪਰ ਨੂੰ ਉਭਰਿਆ ਤੇ ਉਹਦਾ ਸੰਤੁਲਨ ਵੀ ਵਿਗੜ ਗਿਆ, ਪਰ ਸਵੀਨੇ ਨੇ ਉਹਨੂੰ ਬੜੀ ਹੁਸ਼ਿਆਰੀ ਨਾਲ ਕਾਬੂ ਕਰ ਲਿਆ ਜਿਹੜਾ ਮਸਾਂ ਹੀ ਰਨਵੇਅ `ਤੇ ਖੜੇ ਬੀ-24 ਬੰਬਰ ਜਹਾਜ਼ਾਂ ਨਾਲ ਟਕਰਾਉਣ ਤੋਂ ਬਚ ਸਕਿਆ, ਨਹੀਂ ਤਾਂ ਉਥੇ ਉਹ ਤਬਾਹੀ ਮਚਣੀ ਸੀ ਕਿ ਇਸ ਮਹਾਂਯੁੱਧ ਦਾ ਇਤਿਹਾਸ ਹੀ ਵੱਖਰਾ ਹੋ ਜਾਣਾ ਸੀ। ਬੋਕਸਕਾਰ ਦੇ ਉਤਰਨਸਾਰ ਉਸਦੇ ਸਾਰੇ ਇੰਜਣ ਤੇਲ ਦੀ ਕਮੀ ਕਰਕੇ ਬੰਦ ਹੋਣੇ ਸ਼ੁਰੂ ਹੋ ਗਏ ਤੇ ਬੋਕਸਕਾਰ ਦੀਆਂ ਬਰੇਕਾਂ ਤੇ ਕੰਟਰੋਲ ਘਟਦਾ ਗਿਆ ਤੇ ਲਗਦਾ ਸੀ ਕਿ ਰਨਵੇਅ ਤੋਂ ਅੱਗੇ ਨਿਕਲ ਕੇ ਟਕਰਾ ਜਾਵੇਗਾ। ਦੋਵੇਂ ਪਾਇਲਟ ਇੱਕ ਤਰ੍ਹਾਂ ਬਰੇਕਾਂ `ਤੇ ਪੂਰਾ ਭਾਰ ਦੇ ਕੇ ਖੜੈ ਹੀ ਗਏ ਤੇ ਕੰਢੇ ‘ਤੇ ਜਾ ਕੇ ਇਹ ਮਸਾਂ ਹੀ ਰੁਕਿਆ। ਉਸ ਵਕਤ ਇਹਦੇ ਵਿਚ ਇੱਕ ਤੁਪਕਾ ਵੀ ਤੇਲ ਦਾ ਨਹੀਂ ਸੀ। ਜਿਓਂ ਹੀ ਬੋਕਸਕਾਰ ਖਤਰਨਾਕ ਤਰੀਕੇ ਨਾਲ ਉਤਰਿਆ ਤਾਂ ਇਹਨੂੰ ਐਮਰਜੈਂਸੀ ਫਾਇਰ ਟਰੱਕਾਂ ਨੇ ਘੇਰ ਲਿਆ ਤੇ ਏਅਰ ਬੇਸ ਦੇ ਕਮਾਂਡਰ ਜਿੰਮੀ ਨੇ ਉੱਚੀ ਆਵਾਜ਼ `ਚ ਕਿਹਾ ‘ਤੂੰ ਕੌਣ ਆ’ (ਹੂ ਦਾ ਹੈਲ ਆਰ ਯੂ) ਸਵੀਨੇ ਨੇ ਦੱਸਿਆ ਕਿ ਅਸੀਂ ਨਾਗਾਸਾਕੀ `ਤੇ ਐਟਮ ਬੰਬ ਸੁੱਟ ਕੇ ਆਏ ਆਂ ਤੇ ਮੈਨੂੰ ਲਗਦਾ ਕਿ ਸ਼ਾਇਦ ਅਸੀਂ ਸਹੀ ਟਾਰਗੇਟ `ਤੇ ਨਹੀਂ ਸੁੱਟ ਸਕੇ|


ਵਾਕਿਆ ਹੀ ਇਹ ਐਟਮ ਬੰਬ ਟਾਰਗੇਟ ਤੋਂ 2 ਮੀਲ ਦੂਰ ਦੋ ਪਹਾੜੀਆਂ ਦੇ ਵਿਚ ਡਿੱਗਿਆ ਜਿਸ ਕਰਕੇ ਇਹ ਪਹਿਲੇ ਐਟਮ ਬੰਬ ਜਿੰਨੀ ਤਬਾਹੀ ਨਾ ਮਚਾ ਸਕਿਆ। ਅੱਗ ਪਹਾੜੀਆਂ ਕਰਕੇ ਜ਼ਿਆਦਾ ਨਾ ਫ਼ੈਲ ਸਕੀ, ਜਦੋਂ ਕਿ ਇਹ ਐਟਮ ਬੰਬ ਪਹਿਲੇ ਨਾਲੋਂ ਕਈ ਗੁਣਾਂ ਵੱਧ ਤਾਕਤਵਰ ਸੀ। ਪਰ ਫਿਰ ਵੀ ਬੰਬ ਡਿੱਗਣ ਸਾਰ 45000 ਲੋਕਾਂ ਦੀ ਮੌਤ ਹੋ ਗਈ। ਮਿਤਸੁਬਿਸ਼ੀ ਅਸਲੇ ਦੀ ਫੈਕਟਰੀ ਸਮੇਤ ਸੈਂਕੜੇ ਕਾਮੇ ਖਤਮ ਹੋ ਗਏ, ਡੂੰਘੇ ਪੱਥਰ ਦੇ ਬੰਕਰਾਂ ਵਿਚ ਲੁਕੇ ਲੋਕ ਅੰਦਰ ਹੀ ਭੱਠੀ ਦੀ ਅੱਗ ਵਾਂਗ ਝੁਲਸੇ ਗਏ, ਤਪਸ਼ ਤੋਂ ਡਰਦੇ ਬਚਾਅ ਲਈ ਲੋਕ ਦੌੜਨ ਲੱਗ ਪਏ ਪਰ ਕੁਛ ਹੀ ਦੂਰ ਜਾ ਕੇ ਭੱਠੀ ‘ਚੋਂ ਭੁੱਜਦੇ ਦਾਣਿਆਂ ਵਾਂਗ ਡਿੱਗ ਕੇ ਦਮ ਤੋੜ ਦਿੰਦੇ। ਮਿੰਟਾਂ ਵਿਚ ਹੀ ਚਮੜੀ ਰੇਡੀਏਸ਼ਨ ਕਰਕੇ ਪੀਲੀ ਹੋਈ ਜਾਂਦੀ ਸੀ, ਲਾਸ਼ਾਂ ਕੋਲਿਆਂ ਵਾਂਗ ਕਾਲੀਆਂ ਬੇਪਛਾਣ ਹੋ ਗਈਆਂ। ਤਬਾਹੀ ਦਾ ਮੰਜ਼ਰ ਘੱਟ ਏਰੀਏ ਵਿਚ ਸੀ, ਪਰ ਸੀ ਬਹੁਤ ਡਰਾਵਣਾ। ਹਜ਼ਾਰਾਂ ਲੋਕ ਹੀ ਢਠੀਆਂ ਬਿਲਡਿੰਗਾਂ ਤੇ ਘਰਾਂ ਦੇ ਮਲਬੇ ਵਿਚ ਦੱਬੇ ਗਏ ਤੇ ਇੱਕ ਹਫਤੇ ਦੇ ਅੰਦਰ ਹੀ ਮੌਤਾਂ ਦੀ ਗਿਣਤੀ 80,000 ਨੂੰ ਪੁੱਜ ਗਈ, ਜੇ ਇਹ ਐਟਮ ਬੰਬ ਨਾਗਾਸਾਕੀ ਦੇ ਟਾਰਗੇਟ ‘ਤੇ ਡਿਗਦਾ ਜਾਂ ਕੋਕੂਰਾ ਸ਼ਹਿਰ ਦੇ ਸਹੀ ਟਾਰਗੇਟ ‘ਤੇ ਡਿਗਦਾ ਤਾਂ ਇਹਨੇ ਤਬਾਹੀ ਬਹੁਤ ਕਰਨੀ ਸੀ ਲੱਖਾਂ ਲੋਕ ਅੱਖ ਦੇ ਫਰੋਕੇ ਨਾਲ ਸੁਆਹ ਬਣ ਜਾਣੇ ਸਨ।

ਨਾਗਾਸਾਕੀ ਵਿਚ ਐਨੀਆਂ ਮ੍ਰਿਤਕ ਦੇਹਾਂ ਨੂੰ ਦਫਨਾਉਣ ਲਈ ਕੋਈ ਜਗ੍ਹਾ ਨਾ ਹੋਣ ਕਰਕੇ ਉਨ੍ਹਾਂ ਨੇ ਪਹਿਲੀ ਵਾਰ ਖੁੱਲ੍ਹੇ ਅਸਮਾਨ ਹੇਠ ਸਮੂਹਿਕ ਕੋਲੇ ਹੋਈਆਂ ਲਾਸ਼ਾਂ ਨੂੰ ਫੌਜ ਦੀ ਮਦਦ ਨਾਲ ਅੱਗ `ਚ ਜਲਾਉਣਾ ਸ਼ੁਰੂ ਕਰ ਦਿੱਤਾ। ਇਥੇ ਇੱਕ ਕਿੱਸਾ ਜਪਾਨ ਵਿਚ ਬੜਾ ਮਕਬੂਲ ਹੋਇਆ ਸੀ, ਜੋ ਇਨ੍ਹਾਂ ਬੰਬਾਂ ਨਾਲ ਹੋਈ ਤਬਾਹੀ ਦੇ ਮੰਜ਼ਰ ਦੇ ਦਰਦ ਨੂੰ ਖਾਮੋਸ਼ੀ ਨਾਲ ਬਿਆਨ ਕਰਦਾ ਹੈ,”ਇੱਕ ਦਸ ਕੁ ਸਾਲ ਦਾ ਮੁੰਡਾ ਆਪਣੀ ਪਿੱਠ `ਤੇ ਤਿੰਨ ਕੁ ਸਾਲ ਦੇ ਨਿਆਣੇ ਨੂੰ ਬੰਨ੍ਹੀ ਸਿਵਿਆਂ `ਚ ਕਤਾਰ `ਚ ਆ ਕੇ ਖੜ੍ਹ ਗਿਆ ਜੋਕਿ ਐਦਾਂ ਲਗਦਾ ਸੀ ਕਿ ਸੁੱਤਾ ਹੋਇਆ ਹੈ। ਉਹਨੂੰ ਦੇਖ ਕੇ ਉਥੇ ਕੰਮ ਕਰਦੇ ਕਰਿੰਦੇ ਨੇ ਕਿਹਾ ਕਿ ਤੈਨੂੰ ਭਾਰ ਲੱਗ ਜਾਣਾ ਇਹਨੂੰ ਥੱਲੇ ਲਾਹ ਲੈ ਤਾਂ ਮੁੰਡੇ ਨੇ ਜਵਾਬ ਦਿੱਤਾ ਇਹ ਭਾਰ ਥੋੜ੍ਹੋ ਆ ਇਹ ਮੇਰਾ ਭਰਾ ਆ। ਫਿਰ ਉਹਦੀ ਜਦੋਂ ਵਾਰੀ ਆਈ ਤਾਂ ਉਹਨੇ ਆਪਣੀ ਪਿੱਠ ਤੋਂ ਉਤਾਰ ਕੇ ਆਪਣੇ ਭਰਾ ਦੀ ਦੇਹ ਨੂੰ ਸੰਸਕਾਰ ਕਰਨ ਵਾਲੇ ਨੂੰ ਫੜਾ ਦਿੱਤਾ ਤੇ ਕੁੱਛ ਕਦਮ ਪਿੱਛੇ ਹਟ ਕੇ ਖੜ੍ਹ ਗਿਆ ਤੇ ਇੱਕ ਟੱਕ ਆਪਣੇ ਭਰਾ ਦੀ ਦੇਹ ਨੂੰ ਅੱਗ `ਚ ਸੜਦੀ ਦੇਖਦਾ ਰਿਹਾ। ਉਹਨੇ ਆਪਣਾ ਹੇਠਲਾ ਬੁੱਲ੍ਹ ਦੰਦਾਂ ਵਿਚ ਲਿਆ ਹੋਇਆ ਸੀ ਤੇ ਐਨੇ ਜ਼ੋਰ ਨਾਲ ਦੰਦੀ ਵੱਢੀ ਹੋਈ ਸੀ ਕਿ ਉਹਦੇ ਵਿਚੋਂ ਲਹੂ ਚੋਣ ਲੱਗ ਪਿਆ ਪਰ ਉਹਦੀ ਅੱਖ ਵਿਚੋਂ ਤਿੱਪ ਵੀ ਹੰਝੂ ਨਹੀਂ ਨਿਕਲਿਆ ਉਹ ਉਥੇ ਇੱਕ ਫੌਜੀ ਵਾਂਗ ਅਹਿੱਲ ਖੜ੍ਹਾ ਰਿਹਾ| ਦੂਜੇ ਮਹਾਂਯੁੱਧ ਤੋਂ ਬਾਅਦ ਜਪਾਨ ਵਿਚ ਉਸ ਮੁੰਡੇ ਦੇ ਬੋਲ “ਇਹ ਭਾਰ ਥੋੜ੍ਹੋ ਇਹ ਮੇਰਾ ਭਰਾ ਹੈ” ਇੱਕ ਅਖਾਣ ਵਾਂਗ ਹਰ ਇੱਕ ਦੀ ਜ਼ੁਬਾਨ `ਤੇ ਸਨ ਤੇ ਇਸਨੇ ਜਪਾਨ ਨੂੰ ਮੁੜ ਇੱਕਮੁੱਠ ਹੋ ਕੇ ਆਪਣੇ ਪੈਰਾਂ `ਤੇ ਖੜ੍ਹਨ `ਚ ਅਹਿਮ ਭੂਮਿਕਾ ਨਿਭਾਈ| ਬਾਅਦ ਵਿਚ ਪੋਪ ਨੇ ਉਹ ਫੋਟੋ ਲਾ ਕੇ ਲੱਖਾਂ ਪੋਸਟ ਕਾਰਡ ਵੰਡੇ ਕਿ ਲੋਕ ਜੰਗ ਨਹੀਂ ਸ਼ਾਂਤੀ ਚਾਹੁੰਦੇ ਆ ਪਰ ਬੇਰਹਿਮ ਹਾਕਮਾਂ `ਤੇ ਇਨ੍ਹਾਂ ਪੋਸਟ ਕਾਰਡਾਂ ਦਾ ਕਦੇ ਵੀ ਅਸਰ ਨਹੀਂ ਹੁੰਦਾ ਜੇ ਭੋਰਾ ਕੁ ਹੀ ਹੋਇਆ ਹੁੰਦਾ ਤਾਂ ਅੱਜ ਗਾਜ਼ਾ ਵਿਚ ਹਜ਼ਾਰਾਂ ਹੀ ਨਿੱਕੇ-ਨਿੱਕੇ ਨਿਆਣੇ ਰੋਟੀ ਨੂੰ ਤਰਸਦੇ ਬੰਬਾਂ ਦਾ ਸ਼ਿਕਾਰ ਨਾ ਹੋ ਰਹੇ ਹੁੰਦੇ। ਹਰ ਰੋਜ਼ ਉਥੇ ਨਾਗਾਸਾਕੀ ਬਣਾਇਆ ਜਾਂਦਾ, ਪਤਾ ਨਹੀਂ ਇਨ੍ਹਾਂ ਹਾਕਮਾਂ `ਚ ਐਨੀ ਨਿਰਦੈਤਾ ਤੇ ਪਸ਼ੂ ਬਿਰਤੀ ਕਿਓਂ ਭਰੀ ਹੋਈ ਆ|