ਕੈਲੀਫੋਰਨੀਆ ਵਾਲਿਆਂ ਨੂੰ 'ਭੰਗ' ਦਾ ਤੋਹਫਾ......!

-ਮਝੈਲ ਸਿੰਘ ਸਰਾਂ

ਪਹਿਲੀ ਜਨਵਰੀ 2018 ਨੂੰ ਕੈਲੀਫੋਰਨੀਆ ਸਰਕਾਰ ਨੇ ਕਾਨੂੰਨ ਪਾਸ ਕਰ ਕੇ ਸਟੇਟ ਵਿਚ ਭੰਗ ਦੀ ਖੁੱਲ੍ਹੀ ਵਿਕਰੀ ਸ਼ੁਰੂ ਕਰ ਦਿੱਤੀ ਹੈ ਅਤੇ 21 ਸਾਲ ਤੋਂ ਉਪਰ ਦੀ ਉਮਰ ਦਾ ਹਰ ਸ਼ਖਸ ਮਨਜ਼ੂਰਸ਼ੁਦਾ ਦੁਕਾਨਾਂ ਤੋਂ ਭੰਗ ਖਰੀਦ ਸਕਦਾ ਹੈ ਤੇ ਇਹਦੀ ਵਰਤੋਂ ਆਪਣੀ ਮਰਜ਼ੀ ਨਾਲ ਕਰ ਸਕਦਾ ਹੈ। ਸਰਕਾਰ ਵਲੋਂ ਭੰਗ ਲਈ ਲਾਇਸੈਂਸ ਦਿੱਤੇ ਗਏ ਹਨ, ਜਿਥੇ ਭੰਗ ਦੀਆਂ ਚਿਲਮਾਂ ਤੇ ਸਿਗਰਟਾਂ ਪੀਤੀਆਂ ਜਾ ਸਕਦੀਆਂ ਹਨ। ਕੈਲੀਫੋਰਨੀਆ ਵਿਚ ਭੰਗ ਪਹਿਲਾਂ ਵੀ ਵਿਕਦੀ ਸੀ ਪਰ ਇਸ ਨੂੰ ਮੈਡੀਕਲ ਭੰਗ ਕਿਹਾ ਜਾਂਦਾ ਸੀ ਜੋ ਭੰਗ ਦੀਆਂ ਸਪੈਸ਼ਲ ਡਿਸਪੈਂਸਰੀਆਂ ਵਿਚ ਤਿਆਰ ਹੁੰਦੀ ਸੀ ਤੇ ਡਾਕਟਰ ਦੀ ਸਿਫਾਰਸ਼ 'ਤੇ ਹੀ ਮਿਲਦੀ ਸੀ, ਜਾਂ ਜਿਨ੍ਹਾਂ ਦੇ ਕਾਰਡ ਬਣੇ ਹੁੰਦੇ ਸਨ, ਉਨ੍ਹਾਂ ਨੂੰ ਮਿਲਦੀ ਸੀ। ਹੁਣ ਨਵੇਂ ਸਾਲ ਤੋਂ ਜਿਹੜੀ ਭੰਗ ਮਿਲਣੀ ਸ਼ੁਰੂ ਹੋਈ ਹੈ, ਇਸ ਨੂੰ ਮਨੋਰੰਜਕ ਭੰਗ ਕਿਹਾ ਗਿਆ ਹੈ ਅਤੇ ਨੌਜਵਾਨ ਤਬਕਾ ਇਹਦੇ ਵੱਲ ਬੜਾ ਉਲਾਰ ਹੋਇਆ ਪਿਆ ਹੈ। ਉਹ ਇਹਨੂੰ ਨਸ਼ਾ ਕਹਿੰਦੇ ਹੀ ਨਹੀਂ, ਉਨ੍ਹਾਂ ਦਾ ਤਰਕ ਹੈ ਕਿ ਲੋਕ ਜਿਵੇਂ ਚਾਹ, ਕੌਫੀ ਪੀਂਦੇ ਹਨ, ਉਸੇ ਤਰ੍ਹਾਂ ਭੰਗ ਹੈ। ਭੰਗ ਦਾ ਇਹ ਤੋਹਫਾ ਸਰਕਾਰ ਨੇ ਆਪਣੀ ਮਰਜੀ ਨਾਲ ਨਹੀਂ ਦਿੱਤਾ ਸਗੋਂ ਇਹ ਤਾਂ ਕੈਲੀਫੋਰਨੀਆ ਨਿਵਾਸੀਆਂ ਨੇ ਖੁਦ ਵੋਟਾਂ ਪਾ ਕੇ ਲਿਆ ਹੈ। ਜਦੋਂ 2016 ਦੀ ਪ੍ਰੈਜ਼ੀਡੈਂਟ ਦੀ ਚੋਣ ਹੋ ਰਹੀ ਸੀ, ਉਸ ਵਕਤ ਭੰਗ ਬਾਰੇ ਵੀ ਲੋਕਾਂ ਦੀ ਰਾਏ ਲਈ ਗਈ ਸੀ ਜਿਸ ਦੇ ਹੱਕ ਵਿਚ 56% ਵੋਟਾਂ ਪਈਆਂ। ਬਹੁਤੇ ਵੋਟ ਪਾਉਣ ਵਾਲਿਆਂ ਨੂੰ ਤਾਂ ਸ਼ਾਇਦ ਪਤਾ ਵੀ ਨਹੀਂ ਹੋਣਾ ਕਿ ਉਨ੍ਹਾਂ ਵੋਟ ਹੱਕ ਵਿਚ ਪਾਈ ਕਿ ਨਹੀਂ। ਉਹ ਤਾਂ ਸਿਰਫ ਟਰੰਪ ਦੀਆਂ ਵੋਟਾਂ ਸਮਝਦੇ ਰਹੇ ਸਨ। ਇਥੇ ਅਮਰੀਕਾ ਵਿਚ ਭੰਗ ਨੂੰ ਮਰਵਾਨਾ (ਮੈਰਿਜੁਆਨਾ) ਕਹਿੰਦੇ ਹਨ। ਮੇਰੇ ਵਰਗੇ ਨੂੰ ਇਹਦਾ ਪਤਾ ਹੀ ਨਹੀਂ ਸੀ ਕਿ ਇਹੀ ਭੰਗ ਹੈ, ਤੇ ਨਿਆਣਿਆਂ ਦੇ ਕਹੇ 'ਤੇ 'ਹਾਂ' ਉਤੇ ਟਿੱਕ ਮਾਰ ਦਿੱਤੀ ਕਿਉਂਕਿ ਉਹ ਇਹਦੇ ਫਾਇਦੇ ਹੀ ਫਾਇਦੇ ਦੱਸਦੇ ਹਨ ਕਿ ਇਹ ਤਾਂ ਇੱਕ ਤਰ੍ਹਾਂ ਜੜੀ-ਬੂਟੀ ਦੀ ਦਵਾਈ ਹੈ, ਜਿਹਦੇ ਨਾਲ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਆਰਾਮ ਆ ਜਾਂਦਾ ਹੈ। ਸਟੇਟ ਦੀਆਂ ਸਾਰੀਆਂ ਵੱਡੀਆਂ ਕਾਊਂਟੀਆਂ ਦੇ ਵੋਟਰਾਂ ਨੇ ਇਹਦੇ ਪੱਖ ਵਿਚ ਹੀ ਵੋਟਾਂ ਪਾਈਆਂ।

ਕੈਲੀਫੋਰਨੀਆ ਅਮਰੀਕਾ ਦੀ ਪਹਿਲੀ ਸਟੇਟ ਨਹੀਂ ਜਿਥੇ ਭੰਗ ਖਾਣ/ਪੀਣ ਦੀ ਖੁੱਲ੍ਹ ਦਿੱਤੀ ਗਈ ਹੋਵੇ। ਇਸ ਤੋਂ ਪਹਿਲਾਂ ਸੱਤ ਸਟੇਟਾਂ ਇਹ ਖੁੱਲ੍ਹ ਦੇ ਚੁਕੀਆਂ ਹਨ। ਸਭ ਤੋਂ ਪਹਿਲਾਂ 2014 ਵਿਚ ਕਾਲੋਰਾਡੋ ਸਟੇਟ ਦੇ ਲੋਕਾਂ ਨੇ 53% ਵੋਟਾਂ ਹੱਕ ਵਿਚ ਪਾ ਕੇ ਇਹ ਖੁੱਲ੍ਹ ਲਈ ਅਤੇ ਬਾਅਦ ਵਿਚ ਵਾਸ਼ਿੰਗਟਨ ਨੇ ਵੀ ਖੁੱਲ੍ਹ ਦੇ ਦਿੱਤੀ। ਇਨ੍ਹਾਂ ਸਟੇਟਾਂ ਵਿਚ ਜਦੋਂ ਤੋਂ ਭੰਗ ਦੀ ਵਿਕਰੀ ਲਈ ਕਾਨੂੰਨਨ ਮਨਜ਼ੂਰੀ ਮਿਲੀ ਹੈ, ਉਸ ਦੇ ਕੀ ਨਤੀਜੇ ਨਿਕਲ ਰਹੇ ਹਨ, ਉਨ੍ਹਾਂ ਦੇ ਮੱਦੇਨਜ਼ਰ ਸਾਨੂੰ ਕੈਲੀਫੋਰਨੀਆ ਵਾਲਿਆਂ ਨੂੰ ਵੀ ਆਉਣ ਵਾਲੇ ਵਕਤ ਲਈ ਤਿਆਰ ਰਹਿਣਾ ਚਾਹੀਦਾ ਹੈ। ਕਾਲੋਰਾਡੋ ਸਟੇਟ ਦੇ ਕਈ ਮਹਿਕਮਿਆਂ ਅਤੇ ਯੂਨੀਵਰਸਿਟੀਆਂ ਨੇ ਇਹਦੇ ਵੱਖ ਵੱਖ ਤਰ੍ਹਾਂ ਦੇ ਅਸਰਾਂ ਬਾਰੇ ਖੁਲਾਸੇ ਕੀਤੇ ਹਨ ਜੋ ਬਹੁਤ ਨਿਰਾਸ਼ਾਜਨਕ ਹਨ। ਇਥੇ ਹਰ ਮਹਿਕਮੇ ਦੇ ਅੰਕੜਿਆਂ ਵਾਲੀ ਅਕਾਊ ਬੋਲੀ ਤਾਂ ਨਹੀਂ ਲਿਖਾਂਗਾ ਪਰ ਸੰਖੇਪ ਜਿਹੀ ਚਰਚਾ ਜ਼ਰੂਰੀ ਹੈ। ਇਹ ਮਹਿਕਮੇ ਤੇ ਹੋਰ ਸੰਸਥਾਵਾਂ ਹਨ: ਸਟੇਟ ਹਾਈਵੇ, ਕਾਲੋਰਾਡੋ ਹੈਲਥ, ਡੈਨਵਰ ਸਕੂਲ ਬੋਰਡ, ਪੁਲਿਸ, ਕੁਐਸਟ ਡਾਇਗਨੋਸਟਿਕ ਲੈਬਾਰਟਰੀ, ਸਟੇਟ ਲੇਬਰ ਆਦਿ। ਸਟੇਟ ਹਾਈਵੇ ਦੀ ਰਿਪੋਰਟ ਹਰ ਵਰ੍ਹੇ ਆਉਂਦੀ ਹੈ। ਇਸ ਮੁਤਾਬਕ ਭੰਗ ਪੀ ਕੇ ਗੱਡੀਆਂ ਚਲਾਉਣ ਵਾਲਿਆਂ ਦੇ ਐਕਸੀਡੈਂਟ ਦੁੱਗਣੇ ਤੋਂ ਵੀ ਵੱਧ ਹੋ ਗਏ ਹਨ। ਤ੍ਰਾਸਦੀ ਇਹ ਵੀ ਹੈ ਕਿ ਇਨ੍ਹਾਂ ਭੰਗੀ ਡਰਾਈਵਰਾਂ ਹੱਥੋਂ ਸ਼ਿਕਾਰ ਹੋਣ ਵਾਲੇ ਆਮ ਬੰਦੇ ਹੁੰਦੇ ਹਨ ਜੋ ਸਹੀ ਡਰਾਈਵਰੀ ਕਰਦੇ ਇਨ੍ਹਾਂ ਹੱਥੋਂ ਮਾਰੇ ਜਾਂਦੇ ਹਨ। ਮੈਡੀਕਲ ਬੋਲੀ ਵਿਚ ਇਸ ਭੰਗ ਵਿਚ ਨਸ਼ੀਲਾ ਤੱਤ ਟੀ. ਐਚ. ਸੀ. ਹੁੰਦਾ ਹੈ। ਇਹ ਸਿੱਧਾ ਦਿਮਾਗ ਦੀ ਸੋਚਣ ਸ਼ਕਤੀ 'ਤੇ ਅਸਰ ਕਰਦਾ ਹੈ। ਮਨੁੱਖੀ ਦਿਮਾਗ ਦੇ ਕਈ ਹਿੱਸੇ ਹਨ ਜਿਨ੍ਹਾਂ ਵਿਚ ਐਨਾ ਤਾਲਮੇਲ ਹੁੰਦਾ ਹੈ ਕਿ ਇਕ ਪਲ ਤੋਂ ਵੀ ਪਹਿਲਾਂ ਇਹ ਇੱਕ ਦੂਜੇ ਨੂੰ ਸੂਚਿਤ ਕਰ ਕੇ ਦਿਮਾਗ ਨੂੰ ਸਹੀ ਫੈਸਲਾ ਲੈਣ ਲਈ ਕਹਿੰਦਾ ਹੈ। ਇਸੇ ਕਰ ਕੇ ਸੰਕਟ ਵੇਲੇ ਸਾਡਾ ਬਚਾਅ ਹੁੰਦਾ ਹੈ ਪਰ ਭੰਗ ਵਿਚਲਾ ਇਹ ਟੀ. ਐਚ. ਸੀ. ਦਿਮਾਗ ਵਿਚ ਜਾਂਦਿਆਂ ਹੀ ਇਸ ਤਾਲਮੇਲ ਨੂੰ ਤੋੜ ਸੁੱਟਦਾ ਹੈ। ਇਹ ਇੱਕ ਹਿੱਸੇ ਦਾ ਸੁਨੇਹਾ ਦੂਜੇ ਤੱਕ ਪਹੁੰਚਣ ਨਹੀਂ ਦਿੰਦਾ, ਜਾਂ ਆਪਣਾ ਅਸਰ ਦਿਖਾ ਕੇ ਸੁਨੇਹਾ ਹੀ ਬਦਲ ਦਿੰਦਾ ਹੈ ਤੇ ਦਿਮਾਗ ਦੇ ਜਿਸ ਹਿੱਸੇ ਨੇ ਡਰਾਈਵਰ ਨੂੰ ਗੱਡੀ ਸਹੀ ਲਿਜਾਣ ਦਾ ਹੁਕਮ ਕਰਨਾ ਹੁੰਦਾ ਹੈ, ਉਹ ਉਲਟਾ ਕਰ ਦਿੰਦਾ ਹੈ; ਮਤਲਬ ਜੇ ਸੱਜੇ ਨੂੰ ਘੁਮਾਉਣਾ ਹੁੰਦਾ ਤਾਂ ਦਿਮਾਗ ਖੱਬੇ ਨੂੰ ਕਰਵਾ ਦਿੰਦਾ ਹੈ। ਸਰੀਰਕ ਤੌਰ 'ਤੇ ਤਾਂ ਡਰਾਈਵਰ ਸਹੀ ਕਰ ਰਿਹਾ ਹੁੰਦਾ ਹੈ ਪਰ ਨਤੀਜਾ ਨਿਕਲਦਾ ਹੈ ਖਤਰਨਾਕ, ਮਾਰੂ ਐਕਸੀਡੈਂਟ। ਆਹ ਕੰਮ ਕਰਵਾਉਂਦੀ ਹੈ, ਇਹ ਨਵੇਂ ਜ਼ਮਾਨੇ ਦੀ ਮਨੋਰੰਜਕ ਭੰਗ!

ਸਿਖਿਆ ਮਹਿਕਮੇ ਵਾਲੀ ਰਿਪੋਰਟ ਵੀ ਬਹੁਤ ਨਾਂਹ ਪੱਖੀ ਹੈ। ਸਕੂਲਾਂ ਦੀਆਂ ਰਿਪੋਰਟਾਂ ਵਿਚ ਦੱਸਿਆ ਗਿਆ ਹੈ ਕਿ 15 ਸਾਲ ਦੀ ਉਮਰ ਦੇ ਨਿਆਣੇ ਵੀ ਭੰਗ ਪੀ ਰਹੇ ਹਨ। ਸਕੂਲ ਟੀਚਰਾਂ ਮੁਤਾਬਕ ਜਿਹੜੇ ਨਿਆਣੇ ਲੰਚ ਟਾਈਮ ਵਿਚ ਭੰਗ ਪੀ ਕੇ ਆਉਂਦੇ ਹਨ, ਉਨ੍ਹਾਂ ਦਾ ਧਿਆਨ ਪੜ੍ਹਨ ਵੱਲ ਬਿਲਕੁਲ ਨਹੀਂ ਹੁੰਦਾ। ਜੇ ਉਨ੍ਹਾਂ ਨੂੰ ਕੁਝ ਪੁੱਛੋ ਤਾਂ ਅੱਧ ਮੀਟੀਆਂ ਅੱਖਾਂ ਨਾਲ ਬਿਟਰ ਬਿਟਰ ਝਾਕਦੇ ਰਹਿੰਦੇ ਹਨ, ਜਾਂ ਊਲ ਜਲੂਲ ਜਿਹਾ ਜਵਾਬ ਦਿੰਦੇ ਹਨ। 2014 ਤੋਂ ਬਾਅਦ ਸਕੂਲ ਛੱਡਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿਚ ਵੱਡਾ ਵਾਧਾ ਹੋ ਰਿਹਾ ਹੈ। ਫਿਕਰ ਵਾਲੀ ਗੱਲ ਇਹ ਹੈ ਕਿ ਇਹ ਬੱਚੇ ਦੂਜੇ ਨਸ਼ਿਆਂ ਵੱਲ ਵੀ ਵਧ ਰਹੇ ਹਨ ਤੇ ਨਾਲ ਦੀ ਨਾਲ ਕਰਾਈਮ ਵੱਲ ਵੀ ਜਾ ਰਹੇ ਹਨ। ਕਾਲਜ ਦੀਆਂ ਕਲਾਸਾਂ ਡਰਾਪ ਕਰਨ ਵਾਲੇ 25% ਵਧ ਗਏ ਹਨ ਅਤੇ ਜਿਹੜੇ 'ਏ' ਗ੍ਰੇਡ ਲੈਂਦੇ ਸੀ, ਘਟ ਕੇ 'ਸੀ' ਉਤੇ ਚਲੇ ਗਏ ਹਨ। ਕਈ ਚੰਗੇ ਖਿਡਾਰੀ ਭੰਗ ਕਰ ਕੇ ਖੇਡਾਂ ਛੱਡ ਗਏ ਹਨ। ਅਜਿਹੀਆਂ ਰਿਪੋਰਟਾਂ ਹੀ ਵਾਸ਼ਿੰਗਟਨ ਸਟੇਟ ਦੀਆਂ ਹਨ। ਹੈਲਥ ਮਹਿਕਮੇ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਜਦੋਂ ਤੋਂ ਭੰਗ ਦੀ ਖੁੱਲ੍ਹੀ ਵਿਕਰੀ ਸ਼ੁਰੂ ਹੋਈ ਹੈ, ਹਸਪਤਾਲਾਂ ਵਿਚ ਭੰਗ ਪੀ ਕੇ ਆਉਣ ਵਾਲੇ ਐਮਰਜੈਂਸੀ ਕੇਸਾਂ ਦੀ ਗਿਣਤੀ ਵਿਚ ਕਾਲੋਰਾਡੋ ਵਿਚ 20% ਅਤੇ ਵਾਸ਼ਿੰਗਟਨ ਵਿਚ 23% ਵਾਧਾ ਹੋਇਆ ਹੈ। ਇਨ੍ਹਾਂ ਭੰਗੀਆਂ ਕਾਰਨ ਦੂਜੇ ਮਰੀਜਾਂ ਦੀ ਦੇਖਭਾਲ 'ਤੇ ਵੀ ਫਰਕ ਪਿਆ ਹੈ। ਨਾਲੇ ਹੈਲਥ ਮਹਿਕਮੇ ਦਾ ਵੱਡਾ ਖਰਚਾ ਹੋ ਰਿਹਾ ਹੈ। ਹਸਪਤਾਲਾਂ ਵਿਚ ਭੰਗੀਆਂ ਦਾ 72% ਵਾਧਾ ਹੋਇਆ ਹੈ। ਕੁਐਸਟ ਡਾਇਗਨੋਸਟਿਕ ਲੈਬ ਦੇ ਵੇਰਵੇ ਦੱਸਦੇ ਹਨ ਕਿ ਡਰੱਗ ਟੈਸਟ 'ਤੇ 81 ਬਿਲੀਅਨ ਡਾਲਰ ਖਰਚਾ ਵਧ ਗਿਆ ਹੈ। ਬਲੱਡ ਟੈਸਟ 'ਤੇ 25 ਤੋਂ 35 ਡਾਲਰ ਅਤੇ ਡਰੱਗ ਟੈਸਟ 'ਤੇ 250 ਤੋਂ 300 ਡਾਲਰ ਦਾ ਖਰਚਾ ਹੁੰਦਾ ਹੈ। ਇਨ੍ਹਾਂ ਵਧੇ ਹੋਏ ਖਰਚਿਆਂ ਕਰ ਕੇਮੈਡੀਕਲ ਇੰਸ਼ੋਰੈਂਸ ਕੰਪਨੀਆਂ ਨੇ ਆਪਣੇ ਰੇਟ ਵਧਾ ਦਿੱਤੇ ਹਨ ਜਿਸ ਦਾ ਸਿੱਧਾ ਅਸਰ ਸਾਰੇ ਲੋਕਾਂ 'ਤੇ ਪੈਣ ਲੱਗ ਪਿਆ ਹੈ। ਲੇਬਰ ਮਹਿਕਮੇ ਦੀਆਂ ਰਿਪੋਰਟਾਂ ਮੁਤਾਬਕ ਕਾਲੋਰਾਡੋ ਵਿਚ ਭਾਵੇਂ ਮਨੋਰੰਜਕ ਭੰਗ ਕਾਨੂੰਨਨ ਸਹੀ ਹੈ ਤੇ ਇਸ ਦੇ ਪੌਜ਼ਿਟਿਵ ਅਸਰ ਵਾਲਿਆਂ ਨੂੰ ਕੰਮ 'ਤੇ ਰੱਖਣ ਵਿਚ ਕੋਈ ਮਨਾਹੀ ਨਹੀਂ ਹੈ ਪਰ ਫੈਡਰਲ ਕਾਨੂੰਨ ਇਸ ਦੀ ਇਜਾਜ਼ਤ ਨਹੀਂ ਦਿੰਦਾ। ਨਾਲ ਦੀ ਨਾਲ ਵੱਡੀਆਂ ਕੰਪਨੀਆਂ ਵੀ ਭੰਗ ਦੇ ਪੌਜ਼ਿਟਿਵ ਪਾਏ ਜਾਣ 'ਤੇ ਵੀ ਨੌਕਰੀਆਂ ਉਤੇ ਨਹੀਂ ਰੱਖਦੀਆਂ, ਕਿਉਂਕਿ ਭੰਗ ਵਾਲੇ ਵਰਕਰ ਦੀ ਕਾਰਗੁਜ਼ਾਰੀ ਵਧੀਆ ਨਹੀਂ ਹੁੰਦੀ। ਇਸ ਕਰ ਕੇ ਹੁਣ ਬੇਰੁਜ਼ਗਾਰੀ ਵਧ ਗਈ ਹੈ ਅਤੇ ਕੁਝ ਵੱਡੀਆਂ ਕੰਪਨੀਆਂ ਤਾਂ ਡੈਨਵਰ ਤੋਂ ਚਲੇ ਵੀ ਗਈਆਂ ਹਨ।

ਜਦੋਂ ਤੋਂ ਕਾਲੋਰਾਡੋ ਅਤੇ ਵਾਸ਼ਿੰਗਟਨ ਵਿਚ ਇਸ ਮਨੋਰੰਜਕ ਭੰਗ ਦੀ ਵਿਕਰੀ ਸ਼ੁਰੂ ਹੋਈ ਹੈ, ਬੇਘਰਿਆਂ ਦੀ ਗਿਣਤੀ ਵੀ ਦੁੱਗਣੇ ਨਾਲੋਂ ਜ਼ਿਆਦਾ ਵਧੀ ਹੈ, ਕਿਉਂਕਿ ਅਮਰੀਕਾ ਦੇ ਹੋਰ ਸੂਬਿਆਂ ਤੋਂ ਭੰਗ ਪੀਣ ਵਾਲੇ ਇਨ੍ਹਾਂ ਸਟੇਟਾਂ ਨੂੰ ਆਪਣਾ ਸਵਰਗ ਮੰਨਦੇ ਹੋਏ ਉਥੇ ਪਹੁੰਚ ਗਏ। ਇਨ੍ਹਾਂ ਵਿਚ ਕਈ ਮੁਜਰਿਮ ਬਿਰਤੀ ਵਾਲੇ ਵੀ ਹਨ ਜਿਸ ਕਰ ਕੇ ਕਾਲੋਰਾਡੋ ਵਿਚ ਕਰਾਈਮ 11% ਵਧ ਗਿਆ। ਡੈਨਵਰ ਦੇ ਡਾਊਨ ਟਾਊਨ ਵਿਚ ਦਿਨ ਦਿਹਾੜੇ ਲੁੱਟ ਖੋਹ ਹੋਣ ਲੱਗ ਪਈ ਹੈ, ਜਦਕਿ ਕੁਝ ਸਾਲ ਪਹਿਲਾਂ ਡੈਨਵਰ ਸਭ ਤੋਂ ਸ਼ਾਂਤ ਸ਼ਹਿਰ ਸੀ। ਇਸੇ ਕਰ ਕੇ ਪੁਲਿਸ ਦੀ ਗਿਣਤੀ ਵਧਾਉਣੀ ਪਈ ਤੇ ਸਾਫ ਸਫਾਈ 'ਤੇ ਵਧ ਖਰਚਾ ਕਰਨਾ ਪੈ ਰਿਹਾ ਹੈ ਜਿਸ ਦਾ ਭਾਰ ਲੋਕਾਂ 'ਤੇ ਪੈਂਦਾ ਹੈ। ਚੌਰਾਹਿਆਂ ਵਿਚ ਗੱਤੇ ਫੜ੍ਹ ਕੇ ਮੰਗਣ ਵਾਲਿਆਂ ਦੀ ਗਿਣਤੀ ਵਧੀ ਹੈ। ਵਾਸ਼ਿੰਗਟਨ ਸਟੇਟ ਵਿਚ ਪਿਛਲੇ ਸਾਲਾਂ ਵਿਚ ਬੇਘਰਿਆਂ ਲਈ 74 ਨਵੇਂ ਆਸ਼ਰਮ ਬਣਾਏ ਗਏ ਹਨ। ਭੰਗ ਨੂੰ ਡਰੱਗ ਨਗਰੀ ਦਾ ਮੇਨ ਗੇਟ ਵੀ ਮੰਨਿਆ ਜਾਂਦਾ ਹੈ। ਇਥੋਂ ਹੀ ਹੋਰ ਨਸ਼ਿਆਂ ਦੀ ਲਤ ਸ਼ੁਰੂ ਹੁੰਦੀ ਹੈ ਅਤੇ ਨਾਲ ਹੀ ਸ਼ੁਰੂ ਹੁੰਦੀ ਹੈ ਤਸਕਰੀ ਤੇ ਅੱਗੇ ਬਣਦੀ ਹੈ ਗੈਂਗ ਵਾਰ।

ਹੁਣ ਜਦੋਂ ਇਨ੍ਹਾਂ ਸਟੇਟਾਂ ਵਿਚ ਇਸ ਮਨੋਰੰਜਕ ਭੰਗ ਦੇ ਮਾੜੇ ਅਸਰ ਦਿਖਾਈ ਦਿੰਦੇ ਸਨ ਤਾਂ ਕੈਲੀਫੋਰਨੀਆ ਨੂੰ ਕੀ ਜ਼ਰੂਰਤ ਪਈ ਸੀ ਇਹਨੂੰ ਕਾਨੂੰਨੀ ਮਾਨਤਾ ਦੇਣ ਦੀ? ਇਥੇ ਤਾਂ ਅਸੀਂ ਕਹਿ ਨਹੀਂ ਸਕਦੇ ਕਿ ਲੀਡਰ ਨਹੀਂ ਚੰਗੇ, ਇਨ੍ਹਾਂ ਦੀ ਨੀਅਤ ਵਿਚ ਖੋਟ ਹੈ। ਨਾਲੇ ਇਹ ਤਾਂ ਖੁਦ ਲੋਕਾਂ ਨੇ ਹੱਕ ਵਿਚ ਵੋਟ ਪਾ ਕੇ ਇਹਨੂੰ ਕਾਨੂੰਨੀ ਮਾਨਤਾ ਦਿਵਾਈ ਹੈ। ਅਸਲ ਵਿਚ, ਇਹ ਸਾਰਾ ਕੁਝ ਕਾਰਪੋਰੇਟ ਜਗਤ ਦੇ ਅਸਰ ਹੇਠ ਹੋਇਆ ਹੈ। ਕਾਰੋਬਾਰੀਆਂ ਨੂੰ ਲੋਕਾਂ ਦੀ ਭਲਾਈ ਨਾਲ ਕੋਈ ਦੇਣ-ਲੈਣ ਨਹੀਂ ਹੁੰਦਾ। ਉਨ੍ਹਾਂ ਦਾ ਇਕੋ ਇਕ ਮਕਸਦ ਹੁੰਦਾ ਹੈ, ਮੁਨਾਫਾ ਅਤੇ ਇਹ ਸਰਕਾਰ ਕੋਲ ਅਜਿਹਾ ਮਾਡਲ ਪੇਸ਼ ਕਰਦੇ ਹਨ ਕਿ ਜ਼ਹਿਰ ਨੂੰ ਵੀ ਸ਼ਹਿਦ ਸਾਬਿਤ ਕਰ ਦਿੰਦੇ ਹਨ। ਕੈਲੀਫੋਰਨੀਆ ਵਿਚ ਭੰਗ ਦੀ ਵਿਕਰੀ ਬਲੈਕ ਮਾਰਕੀਟ ਵਿਚ ਪਹਿਲਾਂ ਵੀ ਹੁੰਦੀ ਸੀ ਜਿਸ ਦੀ ਕੀਮਤ 13.5 ਬਿਲੀਅਨ ਡਾਲਰ ਮੰਨੀ ਜਾਂਦੀ ਸੀ। ਕਾਰਪੋਰੇਟ ਜਗਤ ਨੂੰ ਇਹ ਮੁਨਾਫਾ ਕਿਸੇ ਹੋਰ ਦੇ ਹੱਥ ਜਾਂਦਾ ਹਜ਼ਮ ਨਹੀਂ ਹੋਇਆ ਅਤੇ ਇਸ ਨੇ ਸਟੇਟ ਨੂੰ ਕਾਇਲ ਕਰ ਲਿਆ ਕਿ ਇਹੀ ਮੁਨਾਫਾ ਸਟੇਟ ਕਿਉਂ ਨਾ ਕਮਾਵੇ, ਤੇ ਨਾਲੇ ਗੈਰਕਾਨੂੰਨੀ ਭੰਗ ਫੜ੍ਹਨ ਲਈ ਪੁਲਿਸ 'ਤੇ ਆਉਂਦਾ ਖਰਚਾ ਬਚੇਗਾ। ਕੋਰਟਾਂ ਦੇ ਚੱਕਰ ਵੀ ਬਚਣਗੇ। ਸਿਲੀਕਾਨ ਵੈਲੀ ਦੇ ਕਰੋੜਪਤੀ ਕਾਰੋਬਾਰੀਆਂ ਨੇ ਭੰਗ ਨੂੰ ਮਾਨਤਾ ਦਿਵਾਉਣ ਖਾਤਿਰ ਲੱਖਾਂ ਡਾਲਰ ਖਰਚੇ। ਖਬਰਾਂ ਅਨੁਸਾਰ ਇੱਕ ਵੱਡੇ ਕਾਰੋਬਾਰੀ ਨੇ ਨਵੰਬਰ 2016 ਦੀ ਚੋਣ ਵਿਚ ਮਦ 64, ਜਿਹੜੀ ਭੰਗ ਨੂੰ ਮਾਨਤਾ ਦਿਵਾਉਣ ਲਈ ਸੀ, ਲਈ ਇੱਕ ਮਿਲੀਅਨ ਡਾਲਰ ਦੀ ਡੋਨੇਸ਼ਨ ਦਿੱਤੀ। ਸਭ ਤੋਂ ਪਹਿਲਾਂ ਇਨ੍ਹਾਂ ਨੇ ਨੌਜਵਾਨਾਂ ਨੂੰ ਪ੍ਰੇਰਿਆ ਅਤੇ ਭੰਗ ਨੂੰ ਨਾਂ ਦਿੱਤਾ ਰੀਕ੍ਰੀਏਸ਼ਨਲ ਮਰਵਾਨਾ। ਨਤੀਜਾ ਨਿਕਲਿਆ ਲੋਕਾਂ ਦਾ ਹੱਕ ਵਿਚ ਫਤਵਾ ਅਤੇ ਸਰਕਾਰ ਨੇ ਇਸ ਸਾਲ ਜਨਵਰੀ ਤੋਂ ਵਿਕਰੀ ਖੁੱਲ੍ਹੀ ਕਰ ਦਿੱਤੀ।

ਭੰਗ ਕਦੇ ਵੀ ਮਨੋਰੰਜਕ ਨਹੀਂ ਹੋ ਸਕਦੀ। ਇਹ ਲਫਜ਼ ਲੋਕਾਂ ਨੂੰ ਬੇਵਕੂਫ ਬਣਾਉਣ ਖਾਤਿਰ ਵਰਤਿਆ ਗਿਆ ਹੈ। ਭੰਗ ਕੇਵਲ ਤੇ ਕੇਵਲ ਨਸ਼ਾ ਹੈ, ਨਿਹਾਇਤ ਘਟੀਆ ਦਰਜੇ ਦਾ! ਇਹਦੀ ਨਿਜੀ ਮਿਸਾਲ ਸਾਂਝੀ ਕਰਨ ਲੱਗਾ ਹਾਂ। ਬੀ. ਏ. ਦੇ ਪੱਕੇ ਇਮਤਿਹਾਨਾਂ ਤੋਂ ਬਾਅਦ ਸਾਡਾ ਐਨæ ਐਸ਼ ਐਸ਼ ਦਾ ਕੈਂਪ ਕਾਲਜ ਵਿਚ ਹੀ ਲੱਗਿਆ ਸੀ। ਨਵਾਂ ਨਵਾਂ ਬਣਿਆ ਕਾਲਜ ਸ਼ਹਿਰ ਤੋਂ ਬਾਹਰਵਾਰ ਖੇਤਾਂ ਵਿਚ ਸੀ। 60 ਕੁ ਮੁੰਡੇ ਸਾਂ ਅਸੀਂ, ਅਤੇ 10 ਦਿਨ ਦਾ ਕੈਂਪ ਸੀ। ਜ਼ਿਆਦਾਤਰ ਅਸੀਂ ਪਿੰਡਾਂ ਵਾਲੇ ਹੀ ਸਾਂ। ਗਰਾਊਂਡ ਪੱਧਰੇ ਕਰਨੇ ਸਨ। ਕੈਂਪ ਦੇ ਸਤਵੇਂ ਦਿਨ ਕੁਝ ਮੁੰਡਿਆਂ ਨੇ ਦੁਪਹਿਰ ਤੋਂ ਬਾਅਦ ਰਸੋਈਏ ਤੋਂ ਭੰਗ ਵਾਲੇ ਪਕੌੜੇ ਬਣਵਾ ਲਏ। ਰੇਤਲੀ ਜਿਹੀ ਜਮੀਨ ਵਿਚ ਭੰਗ ਉਥੇ ਬਹੁਤ ਸੀ। ਮੈਂ ਵੀ ਸੁਆਦ ਨਾਲ ਪਕੌੜੇ ਖਾਧੇ ਅਤੇ ਉਤੋਂ ਵੱਡਾ ਮੱਗ ਤਿੱਖੀ ਖੰਡ ਵਾਲੀ ਚਾਹ ਦਾ ਪੀਤਾ। ਜੂਨ ਮਹੀਨਾ ਸੀ, ਦੋ ਵਜੇ ਅਸੀਂ ਚੁੱਕੀਆਂ ਕਹੀਆਂ, ਤੇ ਆਪਣੇ ਹਿੱਸੇ ਦੀ ਗਰਾਊਂਡ ਪੱਧਰੀ ਕਰਨ ਲੱਗ ਪਏ। ਸਭ ਤੋਂ ਪਹਿਲਾਂ ਮੈਨੂੰ ਨਜ਼ਾਰੇ ਦਿਖਾਲੇ ਭੰਗ ਨੇ, ਜਦ ਮੈਂ ਸਿਰ ਤੋਂ ਉਚੀ ਕਹੀ ਚੁੱਕ ਕੇ ਜਮੀਨ 'ਤੇ ਮਾਰਨ ਦੀ ਥਾਂ ਆਪਣੇ ਨਾਲ ਵਾਲੇ ਦੇ ਸਿਰ ਵਿਚ ਜੜਨ ਲੱਗਾ ਸੀ। ਦੂਜੇ ਮੁੰਡੇ ਰੌਲਾ ਪਾਉਣ ਲੱਗੇ, "ਓਏ...ਓਏ...ਮਝੈਲ! ਆਹ ਕੀ ਕਰਦਾਂ ਓਏ!!" ਮੈਂ ਕਹਾਂ, "ਗਰਾਊਂਡ ਪੱਧਰੀ ਕਰਦਾਂ, ਹੋਰ ਕੀ?" ਉਹ ਕਹਿੰਦੇ, "ਤੈਨੂੰ ਭੰਗ ਚੜ੍ਹ ਗਈ ਓਏ...।" ਅੱਗੋਂ ਮੈਂ ਟੁੱਟ ਟੁੱਟ ਪਵਾਂ, "ਲਗਦੇ ਭੰਗ ਦੇ...।" ਤੇ ਕਹੀ ਦੁਬਾਰਾ ਚੁੱਕ ਲਈ। ਉਨ੍ਹਾਂ ਮੈਥੋਂ ਮਸਾਂ ਕਹੀ ਫੜ੍ਹੀ। ਬਸ ਮੈਨੂੰ ਇੰਨਾ ਕੁ ਹੀ ਚੇਤਾ ਰਿਹਾ, ਫਿਰ ਤਾਂ ਕਮਰੇ ਵਿਚ ਲੰਮੇ ਪਏ ਨੂੰ ਛੱਤ ਕਦੇ ਉਪਰ ਤੇ ਕਦੇ ਥੱਲੇ ਹੁੰਦੀ ਲਗਦੀ ਰਹੀ। ਬਾਅਦ ਵਿਚ ਮੈਨੂੰ ਦੱਸਿਆ ਗਿਆ ਕਿ ਮੈਂ ਸਾਰੀ ਰਾਤ ਰੋਂਦਾ ਰਿਹਾ। ਅਗਲੇ ਦਿਨ ਮੈਂ ਬਿਨਾ ਦੱਸੇ ਸਾਈਕਲ ਚੁੱਕਿਆ ਤੇ ਪਿੰਡ ਆ ਗਿਆ। ਮੈਨੂੰ ਨਹੀਂ ਪਤਾ ਕਿ ਪਹੁੰਚ ਕਿੱਦਾਂ ਗਿਆ। ਸਾਈਕਲ ਕਦੇ ਲਗਦਾ ਸੀ ਖਤਾਨਾਂ ਨੂੰ ਜਾਂਦਾ, ਕਦੇ ਨਹਿਰ ਵਿਚ ਨੂੰ। ਕਦੇ ਪਟੜੀ ਤੋਂ ਉਤਰੀ ਜਾਂਦਾ। ਜੇ ਅੱਜ ਕੱਲ੍ਹ ਵਰਗੀ ਟਰੈਫਿਕ ਹੁੰਦੀ, ਉਦੋਂ ਤਾਂ ਫਿਰ ਬੱਸ਼..! ਤਿੰਨ ਦਿਨ ਮੈਂ ਘਰ ਪਿਆ ਰਿਹਾ ਤੇ ਬੀਬੀ ਕੋਲ ਬਹਾਨਾ ਲਾਇਆ ਕਿ ਬਿਮਾਰ ਹੋ ਗਿਆ ਸੀ ਤਾਂ ਆ ਗਿਆ। ਮਨੋਰੰਜਨ ਅਜਿਹਾ ਲਫਜ਼ ਹੈ ਜਿਸ ਵਿਚ ਕੋਈ ਸਹਿਜੇ ਹੀ ਫਸ ਜਾਂਦਾ ਹੈ, ਇਸ ਦੇ ਹੋਣ ਵਾਲੇ ਨੁਕਸਾਨ ਤੋਂ ਬੇਖਬਰ। ਇਹਦੀ ਵੀ ਇੱਕ ਮਿਸਾਲ ਹੈ। ਨੱਬੇਵਿਆਂ ਦੌਰਾਨ ਜਦੋਂ ਪੰਜਾਬ ਵਿਚ ਖਾੜਕੂ ਲਹਿਰ ਨੂੰ ਦਬਾਅ ਲਿਆ ਗਿਆ, ਉਸ ਤੋਂ ਅਗਲਾ ਕੰਮ ਸੀ, ਆਉਣ ਵਾਲੀ ਜੁਆਨੀ ਦਾ ਧਿਆਨ ਇਸ ਪਾਸਿਓਂ ਹਟਾਉਣ ਦਾ। ਸਟੇਟ ਨੇ ਪੁਲਿਸ ਦੀ ਸਰਪ੍ਰਸਤੀ ਵਿਚ ਸਭਿਆਚਾਰਕ ਮਨੋਰੰਜਨ ਮੇਲੇ ਨਾਮਵਰ ਸਾਹਿਤਕਾਰਾਂ ਤੇ ਢਾਡੀਆਂ ਦੇ ਨਾਂ 'ਤੇ ਕਰਵਾਉਣੇ ਸ਼ੁਰੂ ਕੀਤੇ। ਲੋਕ ਬੜੇ ਖੁਸ਼। ਗੀਤਕਾਰ ਤੇ ਗਾਇਕਾਂ ਦੀ ਪਨੀਰੀ ਪੈਦਾ ਕਰ ਦਿੱਤੀ ਜਿਨ੍ਹਾਂ ਨੇ ਮਨੋਰੰਜਨ ਦੇ ਨਾਂ 'ਤੇ ਸਭਿਆਚਾਰ ਨੂੰ ਤਹਿਸ-ਨਹਿਸ ਕਰ ਮਾਰਿਆ। ਬੰਦੂਕ, ਗੋਲੀ, ਠਾਹ ਠਾਹ, ਕਾਲੀ ਨਾਗਣੀ, ਬੋਤਲਾਂ, ਸ਼ਰਾਬ, ਜੱਟ, ਨਾਜਾਇਜ਼ ਸਬੰਧ ਬਣਾਉਣ ਵਾਲਾ ਬਹਾਦਰ ਤੇ ਦਲੇਰ। ਗੈਂਗਸਟਰ ਨੂੰ ਨਾਇਕ ਬਣਾ ਕੇ ਪੇਸ਼ ਕਰ ਦਿੱਤਾ। ਹੁਣ ਨਿੱਤ ਦਿਨ ਮੈਰਿਜ ਪੈਲੇਸਾਂ ਵਿਚ ਇਹ ਸਭਿਆਚਾਰਕ ਮਨੋਰੰਜਨ ਕਿਸੇ ਨਾ ਕਿਸੇ ਦੀ ਜਾਨ ਦਾ ਖੌਅ ਬਣ ਜਾਂਦਾ ਹੈ। ਪੰਜਾਬ ਸ਼ਰਾਬ ਦੀ ਵਿਕਰੀ ਵਿਚ ਪਹਿਲੇ ਨੰਬਰ 'ਤੇ ਹੈ। ਨਸ਼ਿਆਂ ਵਿਚ ਹੁਣ ਇਸ ਦਾ ਕੋਈ ਸਾਨੀ ਨਹੀਂ।

ਧਾਰਮਿਕ ਪੱਖ ਨੂੰ ਜੇ ਧਿਆਨ ਵਿਚ ਰੱਖੀਏ ਤਾਂ ਸੰਸਾਰ ਦੇ ਕਰੀਬ ਸਾਰੇ ਧਰਮ ਹੀ ਨਸ਼ਿਆਂ ਦੇ ਖਿਲਾਫ ਹਨ। ਸਭ ਤੋਂ ਪਹਿਲਾਂ ਈਸਾਈ ਧਰਮ ਦੀ ਗੱਲ ਕਰਦੇ ਹਾਂ। ਜਦੋਂ ਕਾਲੋਰਾਡੋ ਸਟੇਟ ਨੇ ਭੰਗ ਨੂੰ ਮਾਨਤਾ ਦਿੱਤੀ ਤਾਂ ਚਰਚ ਵਿਚ ਇਸ 'ਤੇ ਬਹਿਸ ਸ਼ੁਰੂ ਹੋਈ ਅਤੇ ਬਾਈਬਲ ਨੂੰ ਮੁੜ ਘੋਖਣਾ ਸ਼ੁਰੂ ਹੋਇਆ। ਜਿਹੜੇ ਭੰਗ ਦੇ ਪੱਖ ਵਿਚ ਸਨ, ਉਨ੍ਹਾਂ ਤਰਕ ਦਿੱਤਾ ਕਿ ਬਾਈਬਲ (ਓਲਡ ਟੈਸਟਾਮੈਂਟ) ਵਿਚ ਲਿਖਿਆ ਹੈ ਕਿ ਜਦੋਂ ਰੱਬ ਨੇ ਆਦਮ ਨੂੰ ਧਰਤੀ 'ਤੇ ਭੇਜਿਆ ਤਾਂ ਉਹਨੂੰ ਦੱਸਿਆ ਕਿ ਉਥੇ ਤੇਰੇ ਖਾਣ-ਪੀਣ ਲਈ ਮੈਂ ਸਾਰਾ ਇੰਤਜ਼ਾਮ ਕੀਤਾ ਹੋਇਆ ਹੈ ਜੋ ਮਰਜ਼ੀ ਖਾਵੀਂ ਪੀਵੀਂ। ਉਦੋਂ ਭੰਗ ਹੁੰਦੀ ਸੀ, ਇਸ ਕਰ ਕੇ ਇਹਨੂੰ ਪੀਣ ਦੀ ਬਾਈਬਲ ਨੇ ਮਨਾਹੀ ਨਹੀਂ ਕੀਤੀ ਹੋਈ। ਦੂਜੇ ਵਿਚਾਰ ਵਾਲਿਆਂ ਦਾ ਤਰਕ ਹੈ ਕਿ ਪੀਣ ਤੋਂ ਮਤਲਬ ਤਰਲ ਚੀਜ਼ਾਂ ਭਾਵ ਪਾਣੀ ਤੋਂ ਹੈ ਜੋ ਜਿਉਣ ਵਾਸਤੇ ਬਹੁਤ ਜ਼ਰੂਰੀ ਹੈ, ਨਾ ਕਿ ਸਿਗਰਟ ਵਾਂਗ ਧੂੰਏਂ ਦੇ ਤੌਰ 'ਤੇ ਪੀਣ ਦੀ ਗੱਲ ਹੈ। ਨਾਲੇ ਸਿਰਫ ਭੰਗ ਖਾ ਜਾਂ ਪੀ ਕੇ ਜਿਉਂਦੇ ਨਹੀਂ ਰਿਹਾ ਜਾ ਸਕਦਾ। ਇਸ ਕਰ ਕੇ ਚਰਚ ਨੇ ਭੰਗ ਦੀ ਮੁਕੰਮਲ ਮਨਾਹੀ ਕੀਤੀ ਹੋਈ ਹੈ।ਅਗਲਾ ਵੱਡਾ ਧਰਮ ਆਉਂਦਾ ਹੈ, ਇਸਲਾਮ। ਕੁਰਾਨ ਵਿਚ ਭੰਗ ਦਾ ਕੋਈ ਜ਼ਿਕਰ ਨਹੀਂ। ਇਸਲਾਮ ਵਾਲੇ ਕਹਿੰਦੇ ਹਨ ਕਿ ਹਜ਼ਰਤ ਮੁਹੰਮਦ ਦੇ ਵਕਤ ਭੰਗ ਨਹੀਂ ਸੀ ਹੁੰਦੀ, ਇਸ ਕਰ ਕੇ ਇਹਦਾ ਜ਼ਿਕਰ ਨਹੀਂ ਪਰ ਇਸਲਾਮ ਹਰਨਸ਼ੇ ਨੂੰ ਹਰਾਮ ਦੱਸਦਾ ਹੈ ਤੇ ਇਨ੍ਹਾਂ ਦੀ ਵਰਤੋਂ ਦੀ ਪੂਰੀ ਤਰ੍ਹਾਂ ਮਨਾਹੀ ਹੈ। ਯਹੂਦੀਆਂ ਦੇ ਧਾਰਮਿਕ ਗ੍ਰੰਥ ਤੋਰਾਹ ਵਿਚ ਦੱਸਦੇ ਹਨ ਕਿ ਭੰਗ ਵਰਗੇ ਕਿਸੇ ਬੂਟੇ ਦਾ ਜ਼ਿਕਰ ਹੈ ਜਿਸ ਨੂੰ ਯਹੂਦੀ ਪੀਂਦੇ ਸਨ। ਹੁਣ ਯਹੂਦੀਆਂ ਨੇ ਆਪਣੇ ਵੱਡੇ ਵੱਡੇ ਧਾਰਮਿਕ ਤੇ ਸਮਾਜਕ ਸਮਾਗਮ ਕਰ ਕੇ ਭੰਗ ਦੀ ਵਰਤੋਂ ਨੂੰ ਮੁੱਢ ਤੋਂ ਹੀ ਰੱਦ ਕਰ ਦਿੱਤਾ ਹੋਇਆ ਹੈ। ਸਿੱਖ ਧਰਮ ਵਿਚ ਤਾਂ ਸਭ ਨਸ਼ਿਆਂ ਦੀ ਵਰਤੋਂ ਦੀ ਪੂਰੀ ਤਰ੍ਹਾਂ ਮਨਾਹੀ ਹੈ। ਭੰਗ ਬਾਰੇ ਤਾਂ ਗੁਰੂ ਗ੍ਰੰਥ ਸਾਹਿਬ ਵਿਚ ਭਗਤ ਕਬੀਰ ਦੀ ਬਾਣੀ ਦਰਜ ਹੈ:

ਕਬੀਰ ਭਾਂਗ ਮਾਛਲੀ ਸੁਰਾ ਪਾਨਿ ਜੋ ਜੋ ਪਰਾਨੀ ਖਾਹਿ॥
ਤੀਰਥ ਬਰਤ ਨੇਮ ਕੀਝ ਤੇ ਸਭੈ ਰਸਾਤਿਲ ਜਾਹਿ॥

ਦੁਨੀਆਂ ਦਾ ਇਕੋ ਇਕ ਧਰਮ ਹੈ ਜਿਸ ਵਿਚ ਭੰਗ ਨੂੰ ਪ੍ਰਸਾਦਿ ਮੰਨਿਆ ਗਿਆ ਹੈ, ਤੇ ਉਸ ਧਰਮ ਮੁਤਾਬਕ ਸ੍ਰਿਸ਼ਟੀ ਨੂੰ ਸਾਜਣ ਵਾਲੇ ਅਵਤਾਰ ਸਿਰਫ ਭੰਗ ਦਾ ਹੀ ਪ੍ਰਸਾਦਿ ਮਨਜ਼ੂਰ ਕਰਦੇ ਸਨ। ਅਥਰਵ ਵੇਦ ਜੋ ਤਿੰਨ ਹਜ਼ਾਰ ਸਾਲ ਤੋਂ ਵੀ ਪਹਿਲਾਂ ਲਿਖਿਆ ਗਿਆ, ਉਸ ਵਿਚ ਲਿਖਿਆ ਹੈ ਕਿ ਭੋਲੇ ਨਾਥ ਸ਼ਿਵ ਜੀ ਭੰਗ ਦਾ ਪ੍ਰਸਾਦਿ ਲੈਂਦੇ ਸਨ ਤੇ ਆਪਣੇ ਚੇਲਿਆਂ ਨੂੰ ਵੀ ਭੰਗ ਪੀਣ ਨੂੰ ਦਿੰਦੇ ਸਨ। ਅੱਜ ਵੀ ਸ਼ਿਵ ਜੀ ਦੇ ਭਗਤ ਰੱਜ ਕੇ ਭੰਗ ਪੀਂਦੇ ਹਨ। ਸ਼ਿਵ ਜੀ ਦੇ ਕਈ ਮੰਦਿਰਾਂ ਵਿਚ ਭੰਗ ਦਾ ਪ੍ਰਸਾਦਿ ਚੜ੍ਹਾਇਆ ਜਾਂਦਾ ਹੈ। ਉਂਜ, ਆਪਾਂ ਦੇਖਦੇ ਹੀ ਹਾਂ ਕਿ ਭੋਲੇ ਨਾਥ ਦੇ ਇਨ੍ਹਾਂ ਭਗਤਾਂ ਦਾ ਕੀ ਹਾਲ ਹੈ? ਕਿੰਨੇ ਕਿੰਨੇ ਦਿਨ ਸਰੀਰ ਨੂੰ ਸੁਆਹ ਮਲ ਕੇ ਪਏ ਰਹਿੰਦੇ ਹਨ। ਕੋਈ ਨਹੀਂ ਪਤਾ ਹੁੰਦਾ ਦੀਨ ਦੁਨੀਆਂ ਦਾ। ਭਲਾ ਇਹੋ ਜਿਹੇ ਧਰਮੀ ਬੰਦੇ ਕੀ ਸੁਆਰ ਦੇਣਗੇ ਲੋਕਾਈ ਦਾ, ਜਿਨ੍ਹਾਂ ਨੂੰ ਆਪਣੀ ਹੀ ਸੁੱਧ ਬੁੱਧ ਨਹੀਂ?

ਇਥੇ ਮੈਂ ਰਜਨੀਸ਼ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ, ਭਾਵੇਂ ਉਨ੍ਹਾਂ ਦੀ ਹਰ ਗੱਲ ਨਾਲ ਮੈਂ ਸਹਿਮਤ ਨਹੀਂ ਹੁੰਦਾ। ਇਥੇ ਭੰਗ ਦੀ ਹੈ, ਇਹਨੂੰ ਧਾਰਮਿਕ ਭਾਵਨਾਵਾਂ ਵੱਲ ਨਾ ਲਿਜਾਇਆ ਜਾਵੇ। ਹਿੰਦੂ ਧਰਮ ਮੁਤਾਬਕ ਦੱਸਿਆ ਜਾਂਦਾ ਹੈ ਕਿ ਭਗਵਾਨ ਗਣੇਸ਼ ਦਾ ਜਨਮ ਕਿਵੇਂ ਹੋਇਆ। ਇਹੀ ਗੱਲ ਰਜਨੀਸ਼ ਨੇ ਵੀ ਦੁਹਰਾਈ ਹੈ ਕਿ ਸ਼ਿਵ ਜੀ ਨੇ ਪਾਰਬਤੀ ਜੀ ਨੂੰ ਕਿਹਾ ਹੋਇਆ ਸੀ ਕਿ ਆਪਾਂ ਨੇ ਕੋਈ ਵੀ ਸੰਤਾਨ ਪੈਦਾ ਨਹੀਂ ਕਰਨੀ, ਕਿਉਂਕਿ ਮੈਂ ਤਾਂ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੋਈ ਹੈ। ਜੇ ਆਪਣੀ ਸੰਤਾਨ ਹੋ ਗਈ ਤਾਂ ਸ੍ਰਿਸ਼ਟੀ ਵਲੋਂ ਧਿਆਨ ਘਟ ਕੇ ਆਪਣੀ ਸੰਤਾਨ ਵੱਲ ਜ਼ਿਆਦਾ ਹੋ ਜਾਣਾ ਹੈ। ਬਹੁਤ ਵਕਤ ਗੁਜ਼ਰ ਜਾਣ ਤੋਂ ਬਾਅਦ ਪਾਰਬਤੀ ਅੰਦਰ ਮਮਤਾ ਉਠਣ ਲੱਗ ਪਈ ਤੇ ਉਸ ਨੇ ਸ਼ਿਵ ਜੀ ਤੋਂ ਚੋਰੀ ਆਪਣੇ ਪਿੰਡੇ ਦੀ ਮੈਲ ਤੋਂ ਮੁੰਡਾ ਬਣਾ ਲਿਆ ਜਿਸ ਦਾ ਨਾਂ ਗਣੇਸ਼ ਰੱਖ ਦਿੱਤਾ। ਜਦ ਸ਼ਿਵ ਜੀ ਨੇ ਆ ਕੇ ਦੇਖਿਆ ਕਿ ਪਾਰਬਤੀ ਕੋਲ ਕਾਕਾ ਹੈ ਤਾਂ ਉਹ ਕ੍ਰੋਧ ਵਿਚ ਆ ਗਿਆ ਅਤੇ ਬੱਚੇ ਬਾਰੇ ਪੁੱਛਿਆ। ਪਾਰਬਤੀ ਨੇ ਸੱਚ ਦੱਸ ਦਿੱਤਾ। ਕਿਹਾ ਜਾਂਦਾ ਹੈ ਕਿ ਜਦੋਂ ਸ਼ਿਵ ਜੀ ਕ੍ਰੋਧਤ ਹੁੰਦੇ ਸਨ ਤਾਂ ਭੰਗ ਬਹੁਤ ਪੀਂਦੇ ਸਨ। ਗਣੇਸ਼ ਨੂੰ ਦੇਖ ਕੇ ਸ਼ਿਵ ਜੀ ਨੇ ਆਪਣੇ ਚੇਲਿਆਂ ਨੂੰ ਭੰਗ ਲਿਆਉਣ ਲਈ ਕਿਹਾ। ਚਿਲਮਾਂ ਦੇ ਚੰਗੇ ਸੂਟੇ ਲਾਏ, ਤੇ ਮੌਕਾ ਦੇਖ ਕੇ ਜਦੋਂ ਪਾਰਬਤੀ ਕਾਕੇ ਤੋਂ ਪਰ੍ਹੇ ਹੋਈ, ਉਹਦਾ ਸਿਰ ਧੜ ਤੋਂ ਵੱਢ ਕੇ ਜੰਗਲ ਵਿਚ ਸੁੱਟ ਦਿੱਤਾ। ਪਾਰਬਤੀ ਨੇ ਜਦੋਂ ਦੇਖਿਆ ਕਿ ਗਣੇਸ਼ ਦਾ ਸਿਰ ਲਾਹ ਦਿੱਤਾ ਹੈ ਤਾਂ ਸ਼ਿਵ ਜੀ ਦੇ ਮਗਰ ਪੈ ਗਈ। ਉਹ ਖਹਿੜੇ ਪੈ ਗਈ ਕਿ ਇਹਨੂੰ ਦੁਬਾਰਾ ਜਿਉਂਦਾ ਕਰ। ਸ਼ਿਵ ਜੀ ਕਹਿੰਦੇ, ਹੁਣ ਜਿੰਦਾ ਨਹੀਂ ਹੋ ਸਕਦਾ, ਕਿਉਂਕਿ ਇਹਦਾ ਸਿਰ ਕਿਤੇ ਜੰਗਲ ਵਿਚ ਸੁੱਟ ਦਿੱਤਾ ਹੈ। ਸ਼ਿਵ ਜੀ ਪਾਰਬਤੀ ਦੇ ਹਠ ਅੱਗੇ ਸਦਾ ਝੁਕ ਜਾਂਦੇ ਸੀ, ਇਸ ਵਾਰ ਵੀ ਝੁਕ ਗਏ ਤੇ ਆਪਣੇ ਚੇਲਿਆਂ ਨੂੰ ਕਿਹਾ ਕਿ ਜਾਓ, ਜੰਗਲ ਵਿਚੋਂ ਇਹਦਾ ਸਿਰ ਲੱਭ ਕੇ ਲਿਆਓ। ਚੇਲੇ ਜਿਹੜੇ ਪਹਿਲਾਂ ਹੀ ਭੰਗ ਨਾਲ ਰੱਜੇ ਹੋਏ ਸੀ, ਜੰਗਲ ਵੱਲ ਤੁਰ ਪਏ ਪਰ ਉਹਦਾ ਸਿਰ ਨਾ ਲੱਭਿਆ। ਅਖੀਰ ਉਨ੍ਹਾਂ ਨੂੰ ਹਾਥੀ ਦਾ ਬੱਚਾ ਦਿਸ ਪਿਆ। ਕਹਿੰਦੇ, ਆਹੀ ਆ ਬੱਸ! ਭੰਗ ਦੇ ਨਸ਼ੇ 'ਚ ਉਹਦਾ ਸਿਰ ਵੱਢ ਲਿਆਂਦਾ ਤੇ ਸ਼ਿਵ ਜੀ ਨੂੰ ਦੇ ਦਿੱਤਾ। ਉਹ ਪਹਿਲਾਂ ਹੀ ਭੰਗ ਨਾਲ ਟੱਲੀ ਸੀ। ਉਹਨੇ ਚੁੱਕਿਆ ਹਾਥੀ ਦਾ ਸਿਰ,ਤੇ ਜੋੜ ਦਿੱਤਾ ਬੱਚੇ ਦੇ ਧੜ ਨਾਲ, ਤੇ ਉਹ ਬਣ ਗਏ ਗਣੇਸ਼ ਭਗਵਾਨ। ਇਹ ਸਾਰਾ ਕੁਝਕਰਵਾਇਆ ਭੰਗ ਨੇ।

ਹੁਣ ਦੇਖਣਾ ਇਹ ਹੈ ਕਿ ਆਉਣ ਵਾਲਾ ਵਕਤ ਸਟੇਟ ਵਿਚ ਮਨੋਰੰਜਕ ਭੰਗ ਦੇ ਕੀ ਜਲਵੇ ਦਿਖਾਲਦਾ ਹੈ? ਕੈਲੀਫੋਰਨੀਆ ਵਿਚ ਤਾਂ ਬੇਘਰੇ ਲੋਕਾਂ ਦੀ ਪਹਿਲਾਂ ਹੀ ਭਰਮਾਰ ਹੈ। ਹੁਣ ਭੰਗ ਪੀਣ ਦੀ ਕਾਨੂੰਨੀ ਖੁੱਲ੍ਹ ਅਤੇ ਉਪਰੋਂ ਇਥੇ ਦਾ ਖੁਸ਼ਗਵਾਰ ਮੌਸਮ ਭੰਗ ਪੀਣ ਵਾਲਿਆਂ ਨੂੰ ਵਾਜਾਂ ਮਾਰੇਗਾ। ਰਿਹਾਇਸ਼ ਪੱਖੋਂ ਇਹ ਪਹਿਲਾਂ ਹੀ ਮਹਿੰਗਾ ਹੈ ਤੇ ਆਉਣ ਵਾਲੇ ਸਮੇਂ ਵਿਚ ਭੰਗੀਆਂ ਦਾ ਭਾਰ ਵੀ ਇਥੋਂ ਦੇ ਲੋਕਾਂ ਸਿਰ ਹੀ ਪੈਣਾ ਹੈ। ਮੁਜਰਿਮਾਂ ਦੇ ਵਾਧੇ ਵਾਲੇ ਖਦਸ਼ੇ ਕਾਰਨ ਪੁਲਿਸ ਪਹਿਲਾਂ ਹੀ ਇਹਦੀ ਖੁੱਲ੍ਹੀ ਵਿਕਰੀ ਦੇ ਖਿਲਾਫ ਸੀ। ਕੁਝ ਕਾਊਂਟੀਆਂ ਇਸ 'ਤੇ ਰੋਕ ਲਾਉਣ ਬਾਰੇ ਵਿਚਾਰ ਵੀ ਕਰ ਰਹੀਆਂ ਹਨ। ਸਾਰੇ ਸੁਹਿਰਦ ਸ਼ਹਿਰੀ ਇਸ ਬਾਰੇ ਸਿਰ ਜੋੜਨ ਅਤੇ ਇਸ ਨਾਮੁਰਾਦ ਮਨੋਰੰਜਨ ਤੋਂ ਕਿਵੇਂ ਨਾ ਕਿਵੇਂ ਛੁਟਕਾਰਾ ਪਾਉਣ ਲਈ ਕਦਮ ਚੁੱਕਣ। ਜੇ ਕੁਝ ਨਾ ਕੀਤਾ ਗਿਆ ਤਾਂ ਅਮਰੀਕਾ ਦੀਆਂ ਦੂਜੀਆਂ ਸਟੇਟਾਂ ਨੇ ਵੀ ਮੁਨਾਫੇ ਦੇ ਮੱਦੇਨਜ਼ਰ ਇਹਦੀ ਖੁੱਲ੍ਹ ਦੇ ਦੇਣੀ ਹੈ। ਇਸ ਨਾਲ ਅਮਰੀਕਾ ਦੀ ਜੁਆਨੀਕਿਤੇ ਭੰਗੀ ਹੀ ਨਾ ਬਣ ਜਾਵੇ!

ਪੰਜਾਬ ਵੱਲ ਝਾਤੀ ਮਾਰੀਏ ਤਾਂ ਉਥੇ ਸ਼ੱਰੇਆਮ ਨਹਿਰਾਂ ਦੀਆਂ ਪਟੜੀਆਂ, ਸੜਕਾਂ ਦੇ ਕੰਢਿਆਂ, ਸ਼ਾਮਲਾਟਾਂ ਤੇ ਸਿਵਿਆਂ ਦੀਆਂ ਜਮੀਨਾਂ ਵਿਚ ਕੁਦਰਤੀ ਉਗੀ ਭੰਗ ਨੇ ਰਾਹ ਖੋਲ੍ਹ ਦਿੱਤਾ ਅਗਲੇ ਨਸ਼ਿਆਂ ਦਾ, ਤੇ ਉਤੋਂ ਹਵਾ ਦਿੱਤੀ ਚਿਲਮਾਂ ਪੀਣ ਵਾਲੇ ਨੰਗ ਧੜੰਗੇ ਸਾਧਾਂ ਨੇ। ਫਿਰ ਪੰਜਾਬ ਦੀ ਜੁਆਨੀ ਨਾਲ ਖਾਰ ਖਾਣ ਵਾਲੀ ਸਟੇਟ ਨੇ ਪੰਜਾਬ ਦੇ ਨਾਮਵਰ ਗਾਇਕਾਂ ਨੂੰ ਥਾਪੜਾ ਦਿੱਤਾ ਕਿ ਇਨ੍ਹਾਂ ਚਿਲਮਾਂ ਪੀਣੇ ਸਾਧਾਂ ਦੇ ਡੇਰਿਆਂ 'ਤੇ ਖੁੱਲ੍ਹੇ ਅਖਾੜੇ ਲਾ ਕੇ ਉਨ੍ਹਾਂ ਨੂੰ ਰੱਬ ਸਾਬਤ ਕਰਨ ਦਾ। ਫਿਰ ਪੈਦਾ ਹੋ ਗਏ ਚਿੱਟੇ ਦੇ ਸਿਆਸੀ ਵਪਾਰੀ ਅਤੇ ਰੋਲ ਕੇ ਰੱਖ ਦਿੱਤਾ ਪੰਜਾਬ! ਇਹ ਸਾਰਾ ਕੁਝ ਅਮਰੀਕਾ ਵਿਚ ਨਾ ਵਾਪਰੇ, ਇਸ ਲਈ ਇਥੇ ਦੀ ਹਰ ਕਮਿਊਨਿਟੀ ਮਿਲ ਕੇ ਮੁਹਾਜ਼ ਬਣਾ ਕੇ ਇਹਨੂੰ ਰੋਕੇ, ਨਾ ਕਿ ਭੰਗ ਵੇਚਣ ਦੇ ਲਾਇਸੈਂਸ ਲੈਣ ਲਈ ਸਰਕਾਰ ਕੋਲ ਅਰਜ਼ੀਆਂ ਦਿੰਦੇ ਫਿਰਨ!