ਸਫਰਨਾਮਾ -ਮਝੈਲ ਸਿੰਘ ਸਰਾਂ
(ਲੜੀ ਜੋੜਨ ਲਈ ਕਿਸ਼ਤ ਨੰ: 12 ਵੇਖੋ)ਕਾਦਰ ਨੇ ਸਾਨੂੰ ਲਾਹੌਰ ਦਾ ਹੋਰ ਵੀ ਸਭ ਤੋਂ ਅਮੀਰ ਇਲਾਕਾ ਦਿਖਾਇਆ। ਇਥੇ ਵੱਡੇ ਵੱਡੇ ਮਾਲ ਸਨ। ਉਸ ਦੱਸਿਆ ਕਿ ਅੰਗਰੇਜ਼ਾਂ ਨੇ ਇਹ ਏਰੀਆ ਆਪਣੇ ਰਹਿਣ ਲਈ ਬਣਾਇਆ ਸੀ। ਅੱਗੇ "ਗੱਦਾਫੀ ਸਟੇਡੀਅਮ" ਆ ਗਿਆ। ਇਸ ਦੇ ਬਾਹਰ ਵਾਰ ਸਾਰੇ ਪਾਸੇ ਵੱਡੀਆਂ ਦੁਕਾਨਾਂ ਤੇ ਰੈਸਟੋਰੈਂਟ ਹਨ ਜਿੱਥੇ ਤਕਰੀਬਨ ਹਰੇਕ ਮੁਲਕਦਾ ਖਾਣਾ ਮਿਲ ਜਾਂਦਾ ਹੈ। ਉਸ ਦੇ ਸਾਹਮਣੇ ਇਕ ਪਾਰਕ ਹੈ ਤੇ ਆਲੇ ਦੁਆਲੇ ਦਾ ਏਰੀਆ ਤੇ ਸ਼ੋਅ ਰੂਮ ਬਹੁਤ ਵਧੀਆ ਹਨ। ਫਿਰ ਉਹਨੇ ਉਹ ਥਾਂ ਵੀ ਦਿਖਾਈ ਜਿੱਥੋਂ ਤਾਲਿਬਾਨੀਆਂ ਨੇ ਸ੍ਰੀਲੰਕਾ ਦੀ 'ਕ੍ਰਿਕਟ ਟੀਮ ਲਿਆ ਰਹੀ ਬੱਸ 'ਤੇ ਫਾਇੰਰਿੰਗ ਕੀਤੀ ਸੀ। ਇਹ ਤਾਂ ਉਸ ਪਾਰਕ ਤੋਂ ਕੋਈ 150 ਕੁ ਮੀਟਰ ਹੀ ਦੂਰ ਹੈ। ਇਸ ਵਿਚ 5 ਪੁਲਿਸ ਵਾਲੇ ਮਾਰੇ ਗਏ ਸਨ। ਉਹਨੇ ਇਹ ਵੀ ਦੱਸਿਆ ਕਿ ਸੜਕ ਤੇ ਕਿੱਥੇ-ਕਿੱਥੇ ਇਨ੍ਹਾਂ ਪੁਲਸੀਆਂ ਦੀਆਂ ਲਾਸ਼ਾਂ ਪਈਆਂ ਸਨ। ਉਸ ਪਾਰਕ ਵਿਚ ਉਨ੍ਹਾਂ ਪੰਜਾਂ ਹੀ ਪੁਲਿਸ ਵਾਲਿਆਂ ਦੀਆਂ ਵੱਡੀਆਂ ਫੋਟੋਆਂ, ਹਰੇਕ ਦਾ ਨਾਂ ਲਿਖ ਕੇ ਲਾਈਆਂ ਹੋਈਆਂ ਹਨ। ਉਰਦੂ ਵਿਚ ਲਿਖਿਆ ਸੀ ਕਿ ਇਹ ਕੌਮ ਦੇ ਸ਼ਹੀਦ ਹਨ। ਉਨੀ ਦੇਰ ਨੂੰ ਤ੍ਰਿਕਾਲਾਂ ਵੀ ਪੈ ਗਈਆਂ ਤੇ ਅਸੀਂ ਗੁਰਦੁਆਰੇ ਨੂੰ ਵਾਪਸ ਪਰਤ ਪਏ। ਘੁਸਮੁਸਾ ਹੁੰਦੇ ਹੀ ਅਸੀਂ ਗੁਰਦੁਆਰਾ ਸ਼ਹੀਦ ਸਿੰਘ-ਸਿੰਘਣੀਆਂ ਪਹੁੰਚ ਗਏ। ਅਗਲੇ ਦਿਨ ਤਾਂ ਅਸੀਂ ਵਾਪਸ ਆ ਜਾਣਾ ਸੀ ਤੇ ਕਾਦਿਰ ਭਾਈ ਨੇ ਕਿਹਾ ਕਿ ਸਵੇਰੇ ਮੈਂ 8 ਵਜੇ ਤੋਂ ਪਹਿਲਾਂ ਆ ਜਾਵਾਂ ਗਾ ਤੇ ਇਕ-ਦੋ ਹੋਰ ਥਾਵਾਂ ਵੀ ਤੁਹਾਨੂੰ ਜ਼ਰੂਰ ਦਿਖਾਉਣੀਆਂ ਹਨ, ਕਿਉਂਕਿ ਬਾਰਡਰ ਤਾਂ 10 ਵਜੇ ਖੁੱਲ੍ਹਦਾ ਹੈ।
ਸ਼ਾਮ ਨੂੰ ਰਹਿਰਾਸ ਸਾਹਿਬ ਦੇ ਪਾਠ ਤੋਂ ਬਾਅਦ ਅਸੀਂ ਭਾਈ ਸਾਹਿਬ ਨਾਲ ਬਹਿ ਕੇ, ਲੰਗਰ ਛਕਿਆ ਤੇ ਕਾਫੀ ਚਿਰ ਗੱਲਾਂ-ਬਾਤਾਂ ਕਰਦੇ ਰਹੇ। ਅਸਲ ਵਿਚ ਮੈਂ ਆਪਣੇ ਜੀਜੇ ਨੂੰ ਮਾੜੀ-ਮੋਟੀ ਮਸ਼ਕਰੀ ਕਰਦਾ ਹੁੰਦਾ ਹਾਂ। ਭਾਵੇਂ ਉਨ੍ਹਾਂ ਦੀ ਉਮਰ ਤਾਂ ਮੇਰੇ ਨਾਲੋਂ ਕਾਫੀ ਵੱਡੀ ਯਾਨਿ 70 ਸਾਲ ਹੈ, ਕਿਉਂਕਿ ਮੇਰੇ ਭਾਣਜੇ ਹੀ ਮੈਥੋਂ 6-7 ਕੁ ਸਾਲ ਛੋਟੇ ਆ। ਛੇੜਨ ਦਾ ਵੀ ਕੋਈ ਬਹਾਨਾ ਚਾਹੀਦਾ ਸੀ। ਉਹ ਸਾਨੂੰ ਜਿੱਦਣ ਅਸੀਂ ਏਮਨਾਬਾਦ ਗਏ ਸੀ, ਉਸ ਦਿਨ ਦਾ ਹੀ ਹੱਥ ਲੱਗਿਆ ਸੀ। ਬੱਸ ਮੌਕਾ ਜਿਹਾ ਹੀ ਨਹੀਂ ਸੀ ਲੱਗਾ ਛੇੜਨ ਤੇ ਹੱਸਣ ਦਾ। ਉਦਾਂ ਵੀ ਧਾਰਮਿਕ ਯਾਤਰਾ ਹੋਣ ਕਰਕੇ ਇਸ ਪਾਸੇ ਵਲੋਂ ਕੁਦਰਤੀ ਪ੍ਰਹੇਜ਼ ਹੀ ਰਿਹਾ ਸੀ। ਅਸੀਂ ਸੂਈ ਰਿਕਾਰਡ 'ਤੇ ਰੱਖ ਹੀ ਦਿੱਤੀ। ਹੋਇਆ ਇੱਦਾਂ ਕਿ ਏਮਨਾਬਾਦ ਵਿਚ ਭਾਈ ਲਾਲੋ ਜੀ ਦੇ ਅਸਥਾਨ 'ਤੇ ਪੁਲਿਸ ਵਾਲਾ ਤੇ ਕਾਦਿਰ ਭਾਈ, ਉਸ ਜਗ੍ਹਾ ਬਾਰੇ ਜਾਣਕਾਰੀ ਦੇ ਰਹੇ ਸਨ ਤਾਂ ਉਨ੍ਹਾਂ ਨੇ ਇਹ ਵੀ ਕਿਹਾ ਕਿ ਬਾਬੇ ਨਾਨਕ ਨੇ 'ਮਲਿਕ ਭਾਗੋ' ਦੇ ਪੂੜਿਆਂ ਵਿਚੋਂ ਖੂਨ ਨੁੱਚੜਦਾ ਦਿਖਾਇਆ। ਮਲਿਕ ਭਾਗੋ ਦਾ ਨਾਂ ਕਈ ਵਾਰੀ ਉਨ੍ਹਾਂ ਨੇ ਲਿਆ ਸੀ ਤਾਂ ਕੁਝ ਚਿਰ ਬਾਅਦ ਸਾਡਾ ਜੀਜਾ ਜੀ ਉਨ੍ਹਾਂ ਨੂੰ ਪੁੱਛਣ ਲੱਗਿਆ ਕਿ ਯਾਰ ਇਹ ਮਲਿਕ ਭਾਗੋ ਜ਼ਨਾਨੀ ਸੀ। ਕਾਦਿਰ ਨੇ ਤਾਂ ਸਹਿਜ ਮੁਤਾਬਿਕ ਜੁਆਬ ਦੇ ਦਿੱਤਾ ਕਿ ਉਹ ਇਲਾਕੇ ਦਾ ਵੱਡਾ ਸੇਠ ਸੀ, ਪਰ ਉਸ ਵੇਲੇ ਮੇਰੇ ਭਰਾ ਨੇ ਅੱਖਾਂ ਨਾਲ ਹੀ ਜੀਜੇ ਨੂੰ ਇਹ ਅਹਿਸਾਸ ਕਰਵਾ ਦਿੱਤਾ ਕਿ ਆਹ ਵੀ ਪੁੱਛਣ ਵਾਲੀ ਗੱਲ ਸੀ। ਰੋਜ਼ ਗੁਰਦੁਆਰਿਆਂ ਵਿਚ ਇਹ ਕਥਾ ਹੁੰਦੀ ਰਹਿੰਦੀ ਹੈ, ਮਲਿਕ ਭਾਗੋ ਤੇ ਭਾਈ ਲਾਲੋ ਦੀ। ਇਸ ਗੱਲ 'ਤੇ ਉਨ੍ਹਾਂ ਨੂੰ ਛੇੜਨ ਦਾ ਮਨ ਬਣਾਇਆ। ਅਸੀਂ ਉਨ੍ਹਾਂ ਨੂੰ ਭਾਜੀ ਕਹਿ ਕੇ ਸੱਦੀਦਾ ਹੈ ਤੇ ਕਦੇ-ਕਦੇ ਗਿਆਨੀ ਜੀ ਵੀ, ਕਿਉਂਕਿ ਮਾਹਿਲਾਂ ਪਿੰਡ ਰਹਿੰਦਿਆਂ, ਉਨ੍ਹਾਂ ਨੂੰ ਪਿੰਡ ਦੀ ਪੰਚਾਇਤ ਵਿਚ ਗਿਆਨੀ ਸਰਪੰਚ ਕਰਕੇ ਲੋਕੀਂ ਬੁਲਾਉਂਦੇ ਹੁੰਦੇ ਸਨ। ਮੈਂ ਕਿਹਾ ਕਿ ਭਾਜੀ ਤੁਸੀਂ ਤਾਂ ਪੁੱਛਿਆ ਹੋਣਾ ਕਿ ਭਾਗੋ ਨਾਂ ਅਕਸਰ ਜ਼ਨਾਨੀਆਂ ਦਾ ਹੁੰਦਾ। ਪਹਿਲੀਆਂ 'ਚ ਤੁਹਾਡੇ ਪਿੰਡ ਵੀ ਕੋਈ ਭਾਗੋ ਨਾਂ ਦੀ ਹੋਣੀ ਹੈ ਤਾਂ ਸ਼ਾਇਦ ਉਹਦਾ ਚੇਤਾ ਆ ਗਿਆ ਹੋਣਾ। ਮੇਰਾ ਭਰਾ (ਅਫਸੋਸ ਹੁਣ ਉਹ ਇਸ ਦੁਨੀਆਂ 'ਤੇ ਨਹੀਂ ਰਿਹਾ) ਉਦਾਂ ਗੰਭੀਰ ਸੁਭਾਅ ਦਾ ਹੈ ਤੇ ਟਿੱਚਰਾਂ ਟੁੱਚਰਾਂ ਬਹੁਤ ਘੱਟ ਕਰਦਾ ਪਰ ਇਸ ਗੱਲ 'ਤੇ ਉਹ ਵੀ ਮੇਰੇ ਨਾਲ ਰਲ ਗਿਆ। ਅਸੀਂ ਪੁੱਛੀਏ ਕਿ ਦੱਸੋ ਗਿਆਨੀ ਜੀ, ਕਿਹੜੀ ਭਾਗੋ ਚੇਤੇ ਆ ਗਈ ਸੀ, ਉਹ ਬਥੇਰੀ ਗੱਲ ਹੋਧਰ ਪਾਉਣ ਦੀ ਕੋਸ਼ਿਸ਼ ਕਰਨ ਪਰ ਸਾਡੇ ਰਿਕਾਟ ਦੀ ਸੂਈ ਉਥੇ ਹੀ ਅਟਕ ਗਈ। ਅਖੀਰ ਉਹ ਕਹਿਣ ਲੱਗੇ ਕਿ ਪਤਾ ਨਹੀਂ ਮੇਰੇ ਮੂੰਹੋਂ ਇਹ ਕਿੱਦਾਂ ਨਿਕਲ ਗਿਆ ਸੀ। ਬਸ ਹੱਸਦੇ-ਹੱਸਦੇ ਸੌਂ ਗਏ।
25 ਅਕਤੂਬਰ ਨੂੰ ਅਸੀਂ ਤਾਂ ਉਠ ਕੇ ਤਿਆਰ-ਬਿਆਰ ਹੋ ਕੇ 8 ਵਜੇ ਨੂੰ ਖੜ੍ਹ ਗਏ ਪਰ ਕਾਦਿਰ ਭਾਈ ਨਾ ਆਵੇ, ਉਹ ਨੂੰ ਟੈਲੀਫੋਨ ਕਰੀਏ ਤਾਂ ਵੀ ਕੋਈ ਜੁਆਬ ਨਾ ਮਿਲੇ, ਅਖੀਰ ਉਹ 9 ਕੁ ਵਜੇ ਆ ਗਿਆ ਤੇ ਸਤਿ ਸ੍ਰੀ ਅਕਾਲ ਬੁਲਾ ਕੇ ਲੇਟ ਆਉਣ ਦੀ ਮੁਆਫੀ ਮੰਗੀ। ਉਸ ਦੱਸਿਆ ਕਿ ਮੈਂ ਤਾਂ ਸਾਰੀ ਰਾਤ ਜਾਗਿਆਂ। ਘਰ ਤਾਂ 6 ਕੁ ਵਜੇ ਸਵੇਰੇ ਗਿਆਂ ਤੇ ਬੱਸ ਨਹਾ ਕੇ ਤਿਆਰ ਹੋ ਕੇ ਆ ਗਿਆਂ। ਅਸੀਂ ਪੁੱਛਿਆ ਕਿ ਸੁੱਖ ਸੀ? ਬੋਲਿਆ, "ਰਾਤੀਂ ਇਕ ਵਿਆਹ ਪਾਰਟੀ' ਤੇ ਆਪਣੀ ਗੱਡੀ ਲੈ ਕੇ ਗਿਆ ਸੀ। ਸ਼ਹਿਰੀਆਂ ਦੇ ਵਿਆਹਾਂ ਦੇ ਚੋਚਲੇ ਹੀ ਬਥੇਰੇ ਹੁੰਦੇ ਨੇ। ਹੋਟਲ ਵਿਚ ਵਿਆਹ ਸੀ ਤੇ ਸਾਰੀ ਰਾਤ ਹੀ ਗਾਣਾ, ਭੰਗੜਾ ਚਲਦਾ ਰਿਹਾ। "ਮੈਨੂੰ ਇਹ ਵੀ ਗੱਲ ਵਧੀਆ ਲੱਗੀ ਕਿ ਇਸ ਤੋਂ ਇੱਥੋਂ ਦੇ ਵਿਆਹਾਂ ਬਾਰੇ ਕੋਈ ਜਾਣਕਾਰੀ ਲਈਏ। ਉਸ ਦੱਸਿਆ ਕਿ ਅਮੀਰ ਲੋਕੀਂ ਤਾਂ ਵਿਆਹ ਹੋਟਲਾਂ 'ਚ ਹੀ ਕਰਦੇ ਨੇ ਤੇ ਖਰਚਾ ਵੀ ਰੱਜ ਕੇ ਕਰਦੇ ਆ, ਪਿੰਡਾਂ ਵਾਲੇ ਆਪਣੇ ਪਿੰਡਾਂ ਵਿਚ ਹੀ ਪਹਿਲੇ ਰਿਵਾਜ਼ਾਂ ਮੁਤਾਬਕ ਹੀ ਕਰਦੇ ਨੇ। ਮੈਂ ਪੁੱਛਿਆ ਕਿ ਗਾਣਿਆਂ' ਤੇ ਭੰਗੜਾ, ਆਦਮੀ ਤੇ ਜ਼ਨਾਨੀਆਂ ਦੋਵੇਂ ਹੀ ਪਾਉਂਦੇ ਨੇ? ਤਾਂ ਦੱਸਿਆ ਕਿ ਅਮੀਰਾਂ ਦੇ ਵਿਆਹਾਂ ਵਿਚ ਨਾਚ ਗਾਣਾ ਤਾਂ ਹੁੰਦਾ ਹੈ ਪਰ ਮਰਦ ਤੇ ਜ਼ਨਾਨੀਆਂ ਵੱਖਰੇ ਵੱਖਰੇ ਗਰੁਪਾਂ ਵਿਚ ਨੱਚਦੇ ਹਨ। ਇਹਵੀ ਉਥੇ ਹੁੰਦਾ ਜਿੱਥੇ ਵਿਆਹ ਹੋਟਲਾਂ ਵਿਚ ਹੁੰਦੈ। ਆਮ ਲੋਕਾਂ ਦੇ ਵਿਆਹਾਂ ਵਿਚ ਧਮੱਚੜ ਘੱਟ ਪੈਂਦੈ। ਪਾਰਟੀ ਵਿਚ ਸ਼ਰਾਬ ਨਹੀਂ ਵਰਤਾਈ ਜਾਂਦੀ ਕਿਉਂਕਿ ਪਾਕਿਸਤਾਨ ਵਿਚ ਸ਼ਰਾਬ ਬੰਦੀ ਹੈ। ਲੋਕੀਂ ਆਪਹੀ ਇਸਲਾਮ ਦੇ ਕਾਇਦੇ-ਕਾਨੂੰਨਾਂ ਤੋਂ ਬਾਹਰ ਨਹੀਂ ਜਾਂਦੇ। ਪਾਕਿਸਤਾਨ ਵਿਚ ਕੁਝ ਮਹਿੰਗੇ ਹੋਟਲਾਂ ਵਿਚ ਸਿਰਫ ਵਿਦੇਸ਼ੀ ਲੋਕਾਂ ਨੂੰ ਹੀ ਸ਼ਰਾਬ ਦਿੱਤੀ ਜਾਂਦੀ ਹੈ ਤੇ ਇਸ ਦਾ ਹੋਟਲ ਵਾਲਿਆਂ ਨੂੰ ਪੂਰਾ-ਪੂਰਾ ਹਿਸਾਬ-ਕਿਤਾਬ ਰੱਖਣਾ ਪੈਂਦਾ ਹੈ। ਇਹ ਸੁਣ ਕੇ ਮੈਂ ਆਪਣੇ ਆਪ ਨੂੰ ਹੀ ਕਿਹਾ ਕਿ ਜੇ ਐਦਾਂ ਦੇ ਵਿਆਹਾਂ ਵਿਚ ਸਾਡੇ ਚੜ੍ਹਦੇ ਪੰਜਾਬ ਵਾਲਿਆਂ ਨੂੰ ਕੋਈ ਸੱਦ ਲਵੇ ਤਾਂ ਉਨ੍ਹਾਂ ਸੁਆਹ ਪੈਰ ਪਾਉਣਾ ਏਦਾਂ ਦੀ ਵਿਆਹ ਪਾਰਟੀ ਵਿਚ, ਜਿੱਥੇ ਸ਼ਰਾਬ ਹੀ ਨਾ ਹੋਵੇ। ਕਿੱਥੇ ਸਾਡੇ ਮੈਰਿਜ਼ ਪੈਲੇਸਾਂ ਦੇ ਵਿਆਹ ਜਿਥੇ ਪ੍ਰਧਾਨ ਹੀ ਸ਼ਰਾਬ ਹੁੰਦੀ ਹੈ, ਪੈਲੇਸ ਦੇ ਅੰਦਰ ਦੀ ਤਾਂ ਗੱਲ ਛੱਡੋ, ਬਾਹਰ ਆਲੇ-ਦੁਆਲੇ ਦੀ ਹਵਾ ਵਿਚੋਂ ਵੀ ਸ਼ਰਾਬ ਦੀਆਂ ਮਹਿਕਾਂ ਉਡਦੀਆਂ ਨੇ। ਨਾਲੇ ਵਿਆਹਾਂ ਦੇ ਮਾਮਲਿਆਂ ਵਿਚ ਸਾਡੇ ਤਾਂ ਸਾਰੇ ਹੀ ਅਮੀਰ ਹਨ, ਕਿਉਂਕਿ ਹੁਣ ਕਿਸੇ ਦਾ ਵਿਆਹ ਪਿੰਡ ਵਿਚ ਹੁੰਦਾ ਘੱਟ ਹੀ ਦੇਖਿਆ, ਸੁੱਖ ਨਾਲ ਮੈਰਿਜ ਪੈਲੇਸ ਕਾਹਦੇ ਲਈ ਬਣੇ ਹੋਏ ਆ। ਜ਼ਮੀਨ ਦਾ ਕੀ ਆ, ਵਿਕਦੀ ਤਾਂ ਵਿਕ ਜਾਵੇ, ਠੁੱਕ ਤਾਂ ਪੂਰਾ ਬਣਾਈ ਦੈ। ਚਾਰ ਕਾਰਾਂ ਤ੍ਰਿਕਾਲਾਂ ਨੂੰ ਸ਼ਰਾਬੀ ਢੋਣ 'ਤੇ ਹੀ ਲੱਗੀਆਂ ਹੁੰਦੀਆਂ ਨੇ। ਕਿਸੇ ਨੂੰ ਸੁੱਧ-ਬੁੱਧ ਨਹੀਂ ਰਹਿਣ ਦੇਈਦੀ। ਨਹਾ ਦੇਈਦਾ ਦਾਰੂ ਨਾਲ, ਵਿਚੇ ਬਰਾਤੀ ਤੇ ਵਿਚੇ ਸਾਰੇ ਪਿੰਡ ਵਾਲਿਆਂ ਨੂੰ।
ਚਾਰ ਦਿਨ ਪਾਕਿਸਤਾਨੀ ਪੰਜਾਬ ਦੇ ਕਈ ਸ਼ਹਿਰਾਂ ਵਿਚੋਂ ਲੰਘੇ, ਲਾਹੌਰ ਤਾਂ ਮਾੜਾ ਮੋਟਾ ਅੰਦਰੋਂ ਵੀ ਦੇਖ ਲਿਆ। ਆਪਣੇ ਪੰਜਾਬ ਦੇ ਸ਼ਹਿਰਾਂ ਵਰਗੇ ਹੀ ਬਾਜ਼ਾਰ ਹਨ, ਇਹੋ ਜਿਹੀਆਂ ਹੀ ਦੁਕਾਨਾਂ ਤੇ ਸ਼ੋ ਰੂਮ ਪਰ ਸਭ ਤੋਂ ਵੱਡੀ ਕਮਾਈ ਵਾਲੀਆਂ ਦੁਕਾਨਾਂ ਇੱਥੇ ਹੈ ਨਹੀਂ ਸਨ ਜਦੋਂਕਿ ਸਾਡੇ ਸ਼ਹਿਰਾਂ ਵਿਚ ਤਾਂ ਤਕਰੀਬਨ ਹਰ ਵੀਹਵੀਂ ਦੁਕਾਨ ਮੋਟੀ ਕਮਾਈ ਵਾਲੀ ਹੈ। ਫਿਰ ਕਿੱਦਾਂ ਪਾਕਿਸਤਾਨ ਤਰੱਕੀ ਕਰ ਜਾਊ, ਜਦੋਂਕਿ ਚੜ੍ਹਦੇ ਪੰਜਾਬ ਵਿਚ ਤਾਂ ਹੁਣ ਸਰਕਾਰ ਦਾ ਕਮਾਈ ਦਾ ਵੱਡਾ ਸਰੋਤ ਹੀ ਇਕ ਇਹੋ ਰਹਿ ਗਿਆ। ਲੋਕਾਂ ਦੀ ਸਿਹਤ ਦਾ ਕੀ ਆ, ਆਪੇ ਹੀ ਕੁਝ ਬੰਨ-ਸੁੱਭ ਕਰੀ ਜਾਂਦੇ ਆ। ਨਾਲੇ ਡਾਕਟਰਾਂ ਨੇ ਐਨੇ ਹਸਪਤਾਲ ਕਾਹਦੇ ਲਈ ਬਣਾਏ ਆ, ਉਨ੍ਹਾਂ ਦਾ ਵੀ ਖਿਆਲ ਸਰਕਾਰ ਨੇ ਰੱਖਣਾ। ਮੋਟੀ ਕਮਾਈ ਵਾਲੀਆਂ ਦੁਕਾਨਾਂ ਤੋਂ ਮੇਰਾ ਮਤਲਬ ਸ਼ਰਾਬ ਦੇ ਠੇਕਿਆਂ ਤੋਂ ਹੈ ਜਿਹੜੇ ਪਾਕਿਸਤਾਨ ਵਿਚ ਹੈ ਨਹੀਂ, ਉਥੇ ਵੀ ਸਰਕਾਰ ਚਲ ਹੀ ਰਹੀ ਹੈ। ਕੋਈ ਤਿਕਾਲਾਂ ਨੂੰ ਬਾਜ਼ਾਰ 'ਚ ਠੇਡੇ ਖਾਂਦਾ ਨਹੀਂ ਦੇਖਿਆ, ਨਾ ਹੀ ਜਲੰਧਰ ਵਾਂਗ ਹਰ ਦਸਵੀਂ ਕੋਠੀ' ਤੇ ਪ੍ਰਾਈਵੇਟ ਹਸਪਤਾਲ ਦਾ ਬੋਰਡ ਲੱਗਾ ਦੇਖਿਆ। ਸ਼ਾਇਦ ਉਹ ਲੋਕ ਸਾਡੇ ਨਾਲੋਂ ਢਿੱਲੇ ਮੱਠੇ ਹੀ ਘੱਟੇ ਹੁੰਦੇ ਹਨ। ਉਥੇ ਕਿਤੇ ਵੀ ਮੈਰਿਜ ਪੈਲੇਸ ਨਹੀਂ ਦਿਸੇ ਫਿਰ ਵੀ ਲੋਕਾਂ ਦੇ ਵਿਆਹ/ਨਿਕਾਹ ਹੁੰਦੇ ਹੀ ਹਨ। ਨਾ ਹੀ ਕਿਸੇ ਜੱਟ ਦੇ ਕਰਜ਼ੇ ਹੇਠ ਆਉਣ ਕਰਕੇ ਖੁਦਕੁਸ਼ੀ ਕਰਨ ਦੀ ਗੱਲ ਹੀ ਸੁਣੀ। ਨਾ ਹੀ ਆਪਣੇ ਪੰਜਾਬ ਵਾਂਗ ਪ੍ਰਾਈਵੇਟ ਸਕੂਲਾਂ ਦੀ ਭਰਮਾਰ ਦਿਸੀ। ਉਦਾਂ ਲਾਹੌਰ ਵਿਚ ਕਈ ਵੱਡੇ ਪ੍ਰਾਈਵੇਟ ਸਕੂਲ ਹਨ, ਪਰ ਸਾਡੇ ਪਾਸੇ ਵਲ ਦੇ ਦੁਕਾਨ ਦਾਰੀ ਮਾਰਕਾ ਸਕੂਲ ਹੈ ਨਹੀਂ ਉਥੇ।
ਗੁਰਦੁਆਰਾ ਸ਼ਹੀਦ ਗੰਜ ਤੋਂ ਤੁਰਨ ਤੋਂ ਪਹਿਲਾਂ ਇਕ ਵਾਰ ਫਿਰ ਸਾਰੇ ਸ਼ਹੀਦਾਂ ਨੂੰ ਸੀਸ ਝੁਕਾਇਆ ਜਿਨ੍ਹਾਂ ਨੇ ਇਸ ਜਗ੍ਹਾ 'ਤੇ ਤਸੀਹੇ, ਮੁਸ਼ੱਕਤਾਂ ਸਹਾਰ ਦੇ ਹੋਏ ਸ਼ਹਾਦਤਾਂ ਦਿੱਤੀਆਂ। ਉਨ੍ਹਾਂ ਕਾਲ ਕੋਠੜੀਆਂ ਦੀਆਂ ਟੁੱਟੀਆਂ ਕੰਧਾਂ ਸ਼ਾਇਦ ਸਾਨੂੰ ਇਹ ਸੁਨੇਹਾ ਦਿੰਦੀਆਂ ਮਹਿਸੂਸ ਹੋਈਆਂ ਕਿ ਸਰਦਾਰੋ ਅੱਜ ਜਿਹੜੀਆਂ ਤੁਹਾਡੇ ਸਿਰਾਂ 'ਤੇ ਸੁਹਣੀਆਂ ਦਸਤਾਰਾਂ ਸੁਹੰਦੀਆਂ, ਇਹ ਉਨ੍ਹਾਂ ਬੀਬੀਆਂ ਦੇ ਸਿਦਕ ਦੀ ਬਦੌਲਤ ਹੈ ਜਿਨ੍ਹਾਂ ਨੇ ਆਪਣੇ ਮਾਸੂਮ ਬੱਚੇ ਆਪਣੀਆਂ ਅੱਖਾਂ ਮੂਹਰੇ ਚੀਰ ਹੁੰਦੇ ਦੇਖੇ ਪਰ ਮਜ਼ਾਲ ਹੈ ਕੇ ਮੂੰਹ ਤੋਂ ਉਫ਼ਵੀ ਕੱਢੀ ਹੋਵੇ। ਸਾਰਾ ਦਰਦ ਸੀਨੇ ਵਿਚ ਜਜ਼ਬ ਕਰ ਲਿਆ। ਇਹ ਦੀ ਕੋਈ ਹੋਰ ਨਹੀਂ, ਅਸੀਂ ਅੱਜ ਵੀ ਗਵਾਹੀ ਦਿੰਦੀਆਂ ਹਾਂ, ਇਹ ਕਹਿਰ ਸਾਡੇ ਸਾਹਮਣੇ ਤਾਂ ਵਾਪਰਿਆ ਸੀ। ਉਹ ਚੱਕੀ ਦੇ ਪੁੜ ਸ਼ਾਇਦ ਇਹੋ ਹੀ ਸਾਨੂੰ ਕਹਿੰਦੇ ਲੱਗੇ ਕਿ ਸਰਦਾਰੋ ਜਿਹੜੀ ਅਰਦਾਸ ਤੁਸੀਂ ਰੋਜ਼ ਕਰਦੇ ਹੋ ਕਿ ਜਿਨ੍ਹਾਂ ਬੀਬੀਆਂ ਨੇ ਸਵਾ-ਸਵਾ ਮਣ ਦੇ ਪੀਸਣੇ, ਮੰਨੀ ਮੰਨੀ ਰੋਟੀ ਖਾ ਕੇ ਪੀਸੇ, ਉਹ ਸਾਡੇ ਨਾਲ ਹੀ ਤਾਂ ਪੀਹੇ ਸੀ। ਜ਼ਰਾ ਸਾਨੂੰ ਹਿਲਾਕੇ ਤਾਂ ਦੇਖੋ, ਫਿਰ ਪਤਾ ਲੱਗੂ ਕਿ ਵਾਕਿਆ ਹੀ ਉਹ ਬੀਬੀਆਂ ਧੰਨ ਸਨ ਜਿਹੜੀਆਂ ਐਨੇ ਭਾਰੇ ਪੁੜਾਂ ਨੂੰ ਹੱਥੀਂ ਫੇਰਦੀਆਂ ਰਹੀਆਂ, ਉਹ ਵੀ ਭੁੱਖੀਆਂ ਭਾਣੀਆਂ, ਲਾਚਾਰ ਤੇ ਬੇਬੱਸ। ਆਪਣੇ ਹੀ ਨਿੱਕੇ-ਨਿੱਕੇ ਬਲੂਰ-ਬੋਟਾਂ ਵਰਗੇ ਕਤਲ ਕੀਤੇ ਬੱਚਿਆਂ ਦੇ ਕੱਟੇ ਹੋਏ ਛੋਟੇ-ਛੋਟੇ ਅੰਗਾਂ ਦੀ ਗਲ' ਚ ਮਾਲਾ ਪੁਆ ਕੇ। ਸ਼ਾਇਦ ਇਹ ਚੱਕੀ ਦੇ ਪੱਥਰ ਸਾਨੂੰ ਇਹ ਵੀ ਕਹਿ ਰਹੇ ਹੋਣ ਕਿ ਸਿੱਖੋ ਕਿਤੇ ਤੁਸੀਂ ਆਪਣੀ ਅਰਦਾਸ ਦੇ ਬੋਲਾਂ ਨੂੰ ਸਿਰਫ ਇਕ ਰਸਮ ਤੱਕ ਹੀ ਤਾਂ ਨਹੀਂ ਸੀ ਮਿਤ ਰੱਖਿਆ ਹੋਇਆ, ਜੇ ਅੱਜ ਸਾਨੂੰ ਦੇਖ ਕੇ ਚੱਲੇ ਹੀ ਹੋ ਤਾਂ ਇਨ੍ਹਾਂ ਮਾਸੂਮ ਬੱਚਿਆਂ ਅਤੇ ਮਾਂਵਾਂ ਦੀਆਂ ਸ਼ਹਾਦਤਾਂ ਨੂੰ ਧੁਰ ਆਤਮਾ 'ਚ ਵਸਾ ਕੇ ਰੱਖਿਓ ਜਿਸ ਕਰਕੇ ਅੱਜ ਤੁਹਾਡੀਆਂ ਸਰਦਾਰੀਆਂ ਕਾਇਮ ਹਨ।
ਖੂਹ ਦੀ ਮੌਣ ਕੋਲ ਖੜ੍ਹ ਕੇ ਐਦਾਂ ਮਹਿਸੂਸ ਹੋਇਆ ਜਿਵੇਂ ਖੂਹ ਬੜਾ ਨਿਹੋਰਾ ਮਾਰ ਕੇ ਉਲਾਂਭਾ ਦਿੰਦਾ ਹੋਵੇ ਕਿ ਓ ਸਿੰਘੋ, ਬੜੇ ਤੁਅਜ਼ਬ ਦੀ ਗੱਲ ਹੈ ਕਿ ਤੁਹਾਡੀਆਂ ਅੱਖਾਂ ਨੇ ਮੈਨੂੰ ਦੇਖਕੇ ਇਕਦਮ ਖਾਲੀ ਤੇ ਸੁੱਕਾ ਕਹਿ ਦਿੱਤਾ। ਜ਼ਰਾ ਅੱਖਾਂ ਬੰਦ ਕਰਕੇ ਆਪਣੀ ਆਤਮਾ ਦੀ ਖਿੜਕੀ ਖੋਲ੍ਹ ਕੇ ਮੇਰੇ ਅੰਦਰ ਝਾਤ ਮਾਰਿਓ, ਮੈਂ ਤਾਂ ਨੱਕੋਨੱਕ ਭਰਿਆ ਪਿਆਂ ਸ਼ਹੀਦਾਂ ਨਾਲ। ਸ਼ਹੀਦ ਵੀ ਉਹ ਜਿਨ੍ਹਾਂ ਦੀ ਜ਼ੁਬਾਨ ਨੇ ਅਜੇ ਹੁੰਗਾਰੇ ਭਰਨੇ ਵੀ ਨਹੀਂ ਸਿੱਖੇ ਸਨ। ਉਨ੍ਹਾਂ ਦੀਆਂ ਤਾਂ ਕਿਲਕਾਰੀਆਂ ਵੀ ਅਜੇ ਪੂਰੀ ਤਰ੍ਹਾਂ ਨਹੀਂ ਸਨ ਨਿਕਲਦੀਆਂ। ਮੈਂ ਤਾਂ ਸਦੀਆਂ ਤੋਂ ਉਨ੍ਹਾਂ ਨੂੰ ਆਪਣੀ ਬੁੱਕਲ ਵਿਚ ਲਈ ਬੈਠਾਂ ਕਿ ਇਨ੍ਹਾਂ ਦੇ ਆਉਣ ਵਾਲੇ ਵਾਰਸਾਂ ਨੂੰ ਮੇਰੇ ਕੋਲ ਖੜ੍ਹ ਕੇ ਕੋਈ ਅਹਿਸਾਸ ਹੋਊਗਾ। ਕਮਾਲ ਕਰ ਦਿੱਤੀ ਤੁਸੀਂ ਤਾਂ ਸਰਦਾਰੋ, ਕਿੱਦਾਂ ਤੁਹਾਡੇ ਮੂੰਹੋਂ ਨਿਕਲ ਗਿਆ ਕਿ ਮੈਂ ਖਾਲੀ ਹਾਂ। ਤੁਹਾਨੂੰ ਮੈਂ ਸੁੱਕਾ ਇਸ ਕਰਕੇ ਲਗਦਾਂ ਕਿਉਂਕਿ ਤੁਸੀਂ ਹਰੇ-ਭਰੇ ਘਰਾਂ' ਚੋਂ ਆਏ ਹੋ। ਕਦੇ ਸੋਚਿਆ ਕਿ ਜਿਨ੍ਹਾਂ ਦੀ ਬਦੌਲਤ ਤੁਹਾਡੀ ਅੱਜ ਦੀ ਹੈਸੀਅਤ ਬਣੀ ਹੈ, ਉਨ੍ਹਾਂ ਨੇ ਇਹਦੀ ਕੀਮਤ ਸਦੀਆਂ ਪਹਿਲਾਂ ਆਪਣੇ ਸਿਰ ਕਟਵਾ ਕੇ ਤਾਰੀ ਹੋਈ ਹੈ। ਇਹਦਾ ਚਸ਼ਮਦੀਦ ਗਵਾਹ ਮੈਂ ਹੀ ਤਾਂ ਹਾਂ ਜਿਸ ਵਿਚ ਉਹ ਸਦਾ ਲਈ ਸਮਾ ਗਏ। ਹਿਰਖ ਵਿਚ ਆਇਆ ਖੂਹ ਸਾਨੂੰ ਐਦਾਂ ਕਹਿੰਦਾ ਲੱਗਿਆ ਕਿ ਸਰਦਾਰੋ, ਲਗਦਾ ਤੁਸੀਂ ਯਾਤਰੀ ਬਣ ਕੇ ਆਏ ਹੋ, ਨਾ ਕਿ ਆਪਣੇ ਸ਼ਹੀਦ ਪੁਰਖਿਆਂ ਦੇ ਸਿੱਖੀ ਸਿਧਾਂਤ ਤੋਂ ਸਬਕ ਲੈਣ। ਜੇ ਹੁਣ ਵੀ ਹਿਰਦੇ 'ਚ ਇਨ੍ਹਾਂ ਸ਼ਹੀਦਾਂ ਲਈ ਕਿਤੇ ਸਤਿਕਾਰ ਜਾਗਿਆ ਹੈ ਤਾਂ ਵਾਹਗਿਉਂ ਪਾਰ ਵਾਲੇ ਵੱਡੇ ਸਰਦਾਰਾਂ, ਜਿਹੜੇ ਸਮੁੱਚੀ ਕੌਮ ਵਲ ਪਿੱਠ ਕਰਕੇ ਰਾਜ ਸਿੰਘਾਸਨਾਂ 'ਤੇ ਬੈਠੇ ਹੋਏਨੇ ਅਤੇ ਆਪਣੇ ਪੁੱਤਾਂ-ਧੀਆਂ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਬੇਤਹਾਸ਼ਾ ਧਨ, ਮਕਰੇ ਬਣਕੇ ਇਕੱਠਾ ਕਰੀ ਜਾ ਰਹੇ ਹਨ, ਤੱਕ ਇਹ ਸੁਨੇਹਾ ਜ਼ਰੂਰ ਪੁੱਜਦਾ ਕਰਿਓ ਕਿ ਅਸੀਂ ਉਸ ਪਵਿੱਤਰ ਸਥਾਨ ਨੂੰ ਨਤਮਸਤਕ ਹੋ ਕੇ ਆਏ ਹਾਂ ਜਿੱਥੇ ਬੀਬੀਆਂ ਨੇ ਆਪਣੇ ਦੁੱਧ ਚੁੰਘਦੇ ਬੱਚਿਆਂ ਦੇ ਟੋਟੇ ਹੁੰਦੇ ਅੱਖੀਂ ਇਸ ਲਈ ਦੇਖੇ ਸਨ ਕਿ ਜਦੋਂ ਤੁਸੀਂ ਰਾਜ ਸਿੰਘਾਸਨਾਂ ਤੇ ਬਿਰਾਜੋ ਤਾਂ ਕੌਮਦੇ ਬੱਚਿਆਂ ਨਾਲ ਇਹ ਕੁਝ ਨਾ ਵਾਪਰੇ ਤੇ ਸਮੁੱਚੀ ਕੌਮ ਦੇ ਬੱਚੇ ਬਰਾਬਰ ਸਮਝੇ ਜਾਣ।
ਹੋ ਸਕਿਆ ਤਾਂ ਪਵਿੱਤਰ ਧਾਰਮਿਕ ਤਖਤਾਂ ਤੇ ਬਿਰਾਜਮਾਨ 'ਪੁਰੋਹਿਤਾਂ' ਨੂੰ ਵੀ ਇਹ ਸੁਨੇਹਾ ਦੇ ਦੇਣਾ ਕਿ ਸਿੱਖੀ-ਸਿਧਾਂਤਾਂ ਤੇ ਪਹਿਰਾ ਦੇਣ ਵਾਲੇ ਉਨ੍ਹਾਂ ਸ਼ਹੀਦ ਸਿੰਘਾਂ-ਸਿੰਘਣੀਆਂ ਦੀ ਧੂੜੀ ਮਸਤਕ' ਤੇ ਲਾ ਕੇ ਆਇਆਂ, ਜਿਨ੍ਹਾਂ ਨੇ ਬਾਬੇ ਨਾਨਕ ਦੀ ਬਖਸ਼ੀ ਸਿੱਖੀ ਦੀ ਵੱਖਰੀ ਤੇ ਨਿਰਾਲੀ ਸ਼ਾਨ ਖਾਤਿਰ ਆਪਣੀਆਂ ਸ਼ਹਾਦਤਾਂ ਦਿੱਤੀਆਂ ਤਾਂ ਕਿ ਜਦੋਂ ਤੁਸੀਂ ਇਨ੍ਹਾਂ ਤਖਤਾਂ ਤੇ ਸੁਸ਼ੋਭਿਤ ਹੋਵੋ ਤਾਂ ਸਮੁੱਚੀ ਕੌਮ ਨੂੰ ਨਾਲ ਲੈ ਕੇ ਇਸ ਵੱਖਰੀ ਤੇ ਨਿਰਾਲੀ ਸ਼ਾਨ ਨੂੰ ਚੌਹਾਂ ਕੂੰਟਾਂ ਤੱਕ ਫੈਲਾ ਦਿਓ ਪਰ ਆਹ ਮਾੜੇ ਜਿਹੇ ਲਾਲਚ ਵਿਚ ਆ ਕੇ ਖੁਦਗਰਜ਼ੀ ਤੇ ਆਪਹੁਦਰੇ ਪਨ ਨਾਲ ਜਿਹੜਾ ਕਿਸੇ ਸਿਧਾਂਤਹੀਣ ਦੁਸ਼ਮਣ ਦੇ ਢਹੇਚੜ੍ਹ ਕੇ ਸਿੱਖੀ ਸਿਧਾਂਤ ਦੇ ਨਿਆਰੇਪਨ ਨੂੰ ਫਿਰ ਰਲਗੱਡ ਕਰਨ ਦੀਆਂ ਕੁਚਾਲਾਂ ਹੋ ਰਹੀਆਂ ਨੇ ਤੇ ਪੰਥ ਵਿਚੋਂ ਛੇਕਣ-ਛਿਕਾਣ ਵਾਲੀ ਕੁਚੱਜੀ ਸਿਆਸਤ ਫੜੀ ਹੋਈ ਹੈ, ਇਹ ਸ਼ਹੀਦਾਂ ਦੇ ਵਾਰਸਾਂ ਦਾ ਕੰਮ ਨਹੀਂ। ਮਾਸੂਮਾਂ ਦੀ ਸ਼ਹਾਦਤ ਸਿੱਖੀ ਜੋੜਨ ਲਈ ਸੀ, ਨਾ ਕਿ ਤੋੜਨ ਲਈ। ਹੋ ਸਕਿਆ ਤਾਂ ਹੁਣ ਵੀ ਸੰਭਲ ਜਾਓ, ਨਹੀਂ ਤਾਂ ਇਨ੍ਹਾਂ ਦੀਆਂ ਸ਼ਹਾਦਤਾਂ ਨੇ ਸਮੇਂ ਮੁਤਾਬਿਕ ਆਪੇ ਹੀ ਕੋਈ ਉਪਾਅ ਕਰ ਦੇਣਾ ਪਰ ਇਹ ਯਾਦ ਰਹੇ ਕਿ ਸਿੱਖੀ ਸਿਧਾਂਤ ਤੋਂ ਮੂੰਹ ਮੋੜਨ ਵਾਲਿਆਂ ਨੂੰ ਆਉਣ ਵਾਲੀਆਂ ਸਿੱਖ ਪੀੜ੍ਹੀਆਂ ਨੇ ਪ੍ਰਿਥੀ ਚੰਦ ਦੇ ਵਾਰਸ ਕਹਿਣਾ ਹੈ, ਨਾ ਕਿ ਦਸ਼ਮੇਸ਼ ਪਿਤਾ ਦੇ ਪੁੱਤਰ।
ਇਹ ਸ਼ਹੀਦੀ ਖੂਹ ਇਹ ਵੀ ਕਹਿੰਦਾ ਮਹਿਸੂਸ ਹੋਇਆ ਕਿ ਸਿੰਘੋ ਤੁਸੀਂ ਸਮੁੰਦਰੋਂ ਪਾਰ ਜਾ ਕੇ ਸਿੱਖੀ ਦੇ ਝੰਡੇ ਗੱਡ ਦਿੱਤੇ। ਸਾਰੇ ਸ਼ਹੀਦ ਤੁਹਾਡੀ ਦਾਦ ਦਿੰਦੇਆ। ਤੁਸੀਂ ਬਿਗਾਨਿਆਂ ਨੂੰ ਦੱਸ ਦਿੱਤਾ ਕਿ ਸਿੱਖੀ ਕਿਹਨੂੰ ਕਹਿੰਦੇ ਆ। ਪਰ ਆਹ ਜਿਹੜਾ ਗੁਰਦੁਆਰਿਆਂ 'ਤੇ ਕਬਜ਼ਾਕਾਰੀ ਰੁਚੀ ਤੁਹਾਡੇ ਵਿਚ ਆ ਗਈ ਹੈ, ਇਹਨੇ ਤੁਹਾਨੂੰ ਲੱਖ ਚੰਗੇ ਹੁੰਦੇ ਹੋਇਆਂ ਨੂੰ ਵੀ ਕੱਖੋਂ ਹੌਲੇ ਕਰ ਦੇਣਾ। ਤੁਹਾਡੀ ਕੁਝ ਕੁ ਸਰਦਾਰਾਂ ਦੀ ਹਉਮੈ ਤੇ ਧੜੇ ਬੰਦਕ ਈਰਖਾਲੂ ਸੋਚ ਸਮੁੱਚੀ ਸਿੱਖ ਸੰਗਤ ਨੂੰ ਦੁਫੇੜ ਕਰੀ ਜਾਂਦੀ ਆ। ਇਨ੍ਹਾਂ ਸਿੰਘਾਂ, ਸਿੰਘਣੀਆਂ ਤੇ ਮਾਸੂਮਾਂ ਦੀਆਂ ਸ਼ਹਾਦਤਾਂ ਤੁਹਾਨੂੰ ਵਾਸਤਾ ਪਾ ਕੇ ਕਹਿੰਦੀਆਂ ਨੇ ਕਿ ਇਸ ਕੁਚੱਜ ਪੁਣੇ ਤੋਂ ਬਚ ਹੁੰਦਾ ਤਾਂ ਬਚ ਲਓ ਤਾਂ ਹੀ ਬਾਬੇ ਨਾਨਕ ਦੇ ਪਿਆਰੇ ਸਿੱਖ ਤੇ ਕਲਗੀਧਰ ਦਸ਼ਮੇਸ਼ ਦੇ ਖਾਲਸੇ ਹੋਵੋਗੇ। ਇੰਨੇ ਨੂੰ ਕਾਦਿਰ ਭਾਈ ਸਾਨੂੰ ਲੈਣ ਆਗਿਆ ਤੇ ਤੁਰਨ ਵੇਲੇ ਗੁਰਦੁਆਰਾ ਸ਼ਹੀਦ ਗੰਜ ਨੂੰ ਮੱਥਾ ਟੇਕਿਆ ਤੇ ਇਹੋ ਮੰਗਿਆ ਕਿ ਕਾਸ਼ ਇਹ ਸੁਨੇਹਾ ਵੱਡੇ ਸਰਦਾਰਾਂ, ਜਥੇਦਾਰਾਂ ਤੇ ਧੜਵੈਲ ਸਿੱਖਾਂ ਤੱਕ ਪੁੱਜਦਾ ਹੋ ਸਕੇ। ਫਿਰ ਅਸੀਂ ਉਥੋਂ ਵਾਪਿਸੀ ਲਈ ਚਾਲੇ ਪਾ ਲਏ।
(ਬਾਕੀ ਕਿਸ਼ਤ ਨੰ: 14 'ਚ)