ਵਿਛੜੇ ਗਰੁ ਧਾਮਾਂ ਦੇ ਦਰਸਨ ਦੀਦਾਰੇ ( ਕਿਸ਼ਤ ਨੰ: 14 )

ਸਫਰਨਾਮਾ -ਮਝੈਲ ਸਿੰਘ ਸਰਾਂ
(ਲੜੀ ਜੋੜਨ ਲਈ ਕਿਸ਼ਤ ਨੰ: 13 ਵੇਖੋ)

ਗੁਰਦੁਆਰਾ ਸਿੰਘ - ਸਿੰਘਣੀਆਂ ਸ਼ਹੀਦ ਗੰਜ ਤੋਂ ਕਾਦਿਰ ਭਾਈ ਬਾਜ਼ਾਰਾਂ ਵਿਚੋਂ ਦੀ ਗੱਡੀ ਲਿਜਾਂਦਾ ਹੋਇਆ ਸਾਈਂ ਮੀਆਂ ਮੀਰ ਜੀ ਦੀ ਦਰਗਾਹ 'ਤੇ ਲੈ ਗਿਆ। ਇਹ ਸਥਾਨ ਧਰਮਪੁਰਾ ਏਰੀਏ ਵਿਚ ਪੈਂਦਾ ਹੈ। ਇਥੇ ਪੰਜਾਬ ਪੁਲਿਸ ਦੀ ਸਕਿਉਰਿਟੀ ਹੈ। ਕਾਰਾਂ ਕਾਫੀ ਦੂਰ ਬਾਹਰ ਹੀ ਪਾਰਕ ਕਰਨ ਨੂੰ ਕਿਹਾ ਜਾਂਦਾ ਹੈ ਪਰ ਕਾਦਿਰ ਕਹਿਣ ਲੱਗਾ ਕਿ ਮੈਂ ਕਾਰ ਅੰਦਰ ਲਿਜਾਣੀ ਹੈ। ਪੁਲਿਸ ਵਾਲੇ ਨੇ ਕਿਹਾ ਕਿ ਤੇਰੇ ਕੋਲ ਕੋਈ ਸ਼ਨਾਖਤੀ ਕਾਰਡ ਹੈ ਤਾਂ ਦਿਖਾ ਕੇ ਲੈਜਾ ਤਾਂ ਉਸ ਨੇ ਇਕ ਪੇਪਰ ਆਪਣੇ ਬਟੂਏ 'ਚੋਂ ਕੱਢ ਕੇ ਦਿਖਾਇਆ ਤੇ ਪੁਲਿਸ ਵਾਲੇ ਨੇ ਜਾਣ ਦੀ ਇਜਾਜ਼ਤ ਦੇ ਦਿੱਤੀ। ਮੈਂ ਪੁੱਛਿਆ ਕਿ ਇਹ ਕੀ ਹੈ ਤਾਂ ਉਸ ਦੱਸਿਆ ਕਿ ਮੇਰੇ ਕੋਲ ਕਮਿਸ਼ਨਰ ਵਲੋਂ ਦਿੱਤਾ ਹੋਇਆ ਪ੍ਰਮਾਣ ਪੱਤਰ ਹੈ ਜਿਸ ਨੂੰ ਦਿਖਾ ਕੇ ਮੈਂ ਹਰ ਧਾਰਮਿਕ ਥਾਂ 'ਤੇ ਆਪਣੀਆਂ ਸਵਾਰੀਆਂ ਸਮੇਤ ਜਾ ਸਕਦਾ ਹਾਂ। ਉਸ ਦੱਸਿਆ ਕਿ ਹੁਣ ਇਹ ਸਕਿਉਰਿਟੀ ਜ਼ਿਆਦਾ ਟਾਈਟ ਕਰ ਦਿੱਤੀ ਹੈ ਜਦੋਂ ਦੀ ਅਤਿਵਾਦੀਆਂ ਨੇ ਧਾਰਮਿਕ ਥਾਵਾਂ 'ਤੇ ਹਮਲੇ ਕਰਨ ਦੀ ਧਮਕੀ ਦਿੱਤੀ ਹੈ। ਅੰਦਰ ਜਾਣ ਤੋਂ ਪਹਿਲਾਂ ਇਕ ਛੋਟੇ ਗੇਟ 'ਤੇ ਫਿਰ ਹਰੇਕ ਦੀ ਪੁਲਿਸ ਵਾਲੇ ਨੇ ਤਲਾਸ਼ੀ ਲਈ। ਨਾਲੇ ਉਹ ਸਾਨੂੰ ਕਹਿੰਦਾ, "ਸਰਦਾਰ ਜੀ, ਮੁਆਫ ਕਰ ਦਿਓ, ਇਹ ਹੁਣ ਜ਼ਰੂਰੀ ਹੋ ਗਿਐ।" ਅੰਦਰ ਥਾਂ ਕਾਫੀ ਵੱਡਾ ਹੈ ਤੇ ਸਾਂਈ ਮੀਆਂ ਮੀਰ ਜੀ ਦੀ ਦਰਗਾਹ ਐਨ ਵਿਚਾਲੇ, ਜ਼ਮੀਨ ਤੋਂ 5 ਕੁ ਫੁੱਟ ਉਚੀ ਬਣੀ ਹੈ। ਆਲੇ ਦੁਆਲੇ ਚੌਹੀਂ ਪਾਸੀਂ ਪੱਕਾ ਚੌਂਤੜਾ ਬਣਿਆ ਹੋਇਆ ਹੈ ਜਿੱਥੇ ਇਕ ਪਾਸੇ ਕੋਈ 10 ਕੁ ਦੇ ਕਰੀਬ ਛੋਟੀਆਂ-ਛੋਟੀਆਂ ਕੁੜੀਆਂ ਕੁਝ ਪੜ੍ਹ ਰਹੀਆਂ ਸਨ। ਸਾਨੂੰ ਅੰਦਰ ਆਏ ਦੇਖਕੇ ਚੁੱਪ ਕਰ ਗਈਆਂ ਤੇ ਸਾਡੇ ਵਲ ਹੀ ਦੇਖਣ ਲੱਗੀਆਂ। ਚੌਂਤੜੇ ਦੇ ਦੂਜੇ ਪਾਸੇ ਇਕ ਖੂੰਜੇ 10 ਕੁ ਹੀ ਮਾਈਆਂ / ਬੀਬੀਆਂ ਬੈਠੀਆਂ ਸਨ। ਉਹ ਵੀ ਸਾਨੂੰ ਦੇਖਣ ਲੱਗ ਪਈਆਂ। ਜਦ ਅਸੀਂ ਨੇੜੇ ਗਏ ਤਾਂ ਦੋ ਕੁ ਨੇ 'ਸਲਾਮਾ ਲੇਕਮ' ਵੀ ਬੋਲਿਆ। ਅਸੀਂ ਤਾਂ ਸਿਰ ਝੁਕਾ ਕੇ ਹੀ ਸਾਰ ਦਿੱਤਾ ਪਰ ਕਾਦਿਰ ਭਾਈ ਨੇ ਠੀਕ ਜੁਆਬ ਦੇ ਦਿੱਤਾ 'ਵਾ ਲੇਕਮ ਸਲਾਮ'।

ਦਰਗਾਹ ਦੇ ਅੰਦਰ ਜਾਣ ਲਈ ਵਿਚੋਂ ਹੀ ਦਰਵਾਜ਼ਾ ਹੈ, ਉਹ ਵੀ ਨੀਵਾਂ ਹੈ। ਦਰਗਾਹ ਦਾ ਕਮਰਾ ਜ਼ਿਆਦਾ ਵੱਡਾ ਨਹੀਂ, ਅੰਦਰ ਵੱਡੀ ਸਾਰੀ ਕਬਰ ਹੈ ਜਿਸ ਤੇ ਹਰਾ ਕੱਪੜਾ ਪਾਇਆ ਹੋਇਆ ਸੀ। ਕਬਰ ਦੇ ਇਕ ਪਾਸੇ ਹਰੇ ਰੰਗ ਦਾ ਹੀ ਛੋਟਾ ਜਿਹਾ ਝੰਡਾ ਵੀ ਲਾਇਆ ਹੋਇਆ ਸੀ। ਅੰਦਰ ਅਲਮਾਰੀਆਂ ਸਨ ਜਿਨ੍ਹਾਂ ਵਿਚ ਬਹੁਤ ਸਾਰੀਆਂ ਕਿਤਾਬਾਂ ਪਈਆਂ ਸਨ। ਕਾਦਿਰ ਭਾਈ ਨੇ ਦੱਸਿਆ ਕਿ ਇਹ ਕੁਰਾਨ ਸ਼ਰੀਫ ਹੈ। ਮੁਸਲਮਾਨ ਭਾਈਚਾਰਾ ਕੁਰਾਨ ਸ਼ਰੀਫ ਦਾ ਅਦਬ-ਸਤਿਕਾਰ ਉਦਾਂ ਨਹੀਂ ਕਰਦਾ, ਜਿੱਦਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਵਾਂਗ ਮੰਨ ਕੇ ਸਿੱਖ ਕਰਦੇ ਹਨ। ਉਹ ਕੁਰਾਨ ਸ਼ਰੀਫ ਨੂੰ ਸਾਡੇ ਵਾਂਗ ਮੱਥਾ ਨਹੀਂ ਟੇਕਦੇ, ਪਰ ਉਸ ਵਿਚ ਦਿੱਤੀਆਂ ਇਸਲਾਮਿਕ ਸਿਖਿਆਵਾਂ' ਤੇ ਸਿੱਖਾਂ ਨਾਲੋਂ ਵਧ ਅਸਰ ਕਰਦੇ ਹਨ। ਅੰਦਰ ਇਕ ਸੇਵਾਦਾਰ ਵੀ ਸੀ, ਉਹ ਪਤਾ ਨਹੀਂ ਉਹਨੂੰ ਕੀ ਸੱਦਦੇ ਹੋਣਗੇ। ਉਹ ਮੋਰ ਦੇ ਖੰਭਾਂ ਦਾ ਚੌਰ ਕਬਰ 'ਤੇ ਘੁਮਾਉਂਦਾ ਸੀ, ਜਿੱਦਾਂ ਅਸੀਂ ਗੁਰੂ ਗ੍ਰੰਥ ਸਾਹਿਬ 'ਤੇ ਚੌਰ ਕਰੀਦਾ ਹੈ। ਇਸ ਜਗ੍ਹਾ' ਤੇ ਉਨ੍ਹਾਂ ਨੇ ਦੱਸਿਆ ਕਿ ਸਾਈਂ ਮੀਆਂ ਮੀਰ ਜੀ ਦੀ ਦੇਹ ਦਫਨਾਈ ਗਈ ਸੀ। ਸਾਰੇ ਲਾਹੌਰ ਵਿਚ ਇਸ ਪਵਿੱਤਰ ਜਗ੍ਹਾ ਦੀ ਬਹੁਤ ਮਾਨਤਾ ਹੈ। ਕਾਦਿਰ ਦੱਸਦਾ ਸੀ ਕਿ ਜੁਮੇ ਵਾਲੇ ਦਿਨ ਬਹੁਤ ਸੰਗਤ ਇੱਥੇ ਆਉਂਦੀ ਹੈ। ਇਸ ਜਗ੍ਹਾ 'ਤੇ ਸਾਈਂ ਜੀ ਨੂੰ ਮਿਲਣ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਆਏ ਸਨ। ਦਰਗਾਹ ਲਾਲ ਪੱਥਰ ਨਾਲ ਬਣੀ ਹੋਈ ਹੈ ਤੇ ਇਸ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਇਆ ਸੀ। ਦਰਗਾਹ 'ਤੇ ਖੜ੍ਹ ਕੇ ਹਰਿਮੰਦਿਰ ਸਾਹਿਬ, ਅੰਮ੍ਰਿਤਸਰ ਵੀ ਯਾਦ ਆਇਆ ਕਿ ਜਿਨ੍ਹਾਂ ਪਵਿੱਤਰ ਹੱਥਾਂ ਨੇ ਉਸ ਦੀ ਨੀਂਹ ਰੱਖੀ ਸੀ, ਉਹ ਇਸ ਕਬਰ ਵਿਚ ਪਏ ਹਨ ਤਾਂ ਸ਼ਰਧਾ ਨਾਲ ਸਾਈਂ ਮੀਆਂ ਮੀਰ ਜੀ ਦੀ ਦਰਗਾਹ ਨੂੰ ਵੀ ਦਿਲੋਂ ਸਤਿਕਾਰ ਕਰਦੇ ਹੋਏ, ਉਸ ਪਵਿੱਤਰ ਆਤਮਾ ਦੇ ਅੱਗੇ ਵੀ ਹੱਥ ਜੁੜ ਗਏ।

ਜਦੋਂ ਦਰਗਾਹ 'ਚੋਂ ਨਿਕਲੇ ਤਾਂ ਬਾਹਰ ਇਕ ਬੀਬੀ ਦਰਗਾਹ ਦੀ ਕੰਧ ਨਾਲ ਸਿਰ ਲਾ ਕੇ ਇਬਾਦਤ ਦੀ ਮੁਦਰਾ ਵਿਚ ਖੜ੍ਹੀ ਸੀ। ਇਸ ਬਾਰੇ ਕਾਦਿਰ ਭਾਈ ਨੇ ਦੱਸਿਆ ਕਿ ਜ਼ਨਾਨੀਆਂ ਦਰਗਾਹ ਦੇ ਅੰਦਰ ਨਹੀਂ ਜਾ ਸਕਦੀਆਂ, ਇਸ ਕਰਕੇ ਇਹ ਬਾਹਰੋਂ ਹੀ ਇਬਾਦਤ ਕਰਦੀਆਂ ਨੇ। ਅਸੀਂ ਪੁੱਛਿਆ ਕਿ ਇਨ੍ਹਾਂ ਨੂੰ ਜਾਣ ਦੀ ਇਜਾਜ਼ਤ ਕਿਉਂ ਨਹੀਂ ਤਾਂ ਉਹ ਕਹਿੰਦਾ ਕਿ ਇਸਲਾਮ ਵਿਚ ਇਸਤਰੀ ਨੂੰ ਅਪਵਿੱਤਰ ਮੰਨਿਆ ਗਿਆ ਹੈ ਜਿਸ ਕਰਕੇ ਪਵਿੱਤਰ ਜਗ੍ਹਾ 'ਤੇ ਉਹਦਾ ਜਾਣਾ ਵਰਜਿਤ ਹੈ। ਮੈਂ ਕਿਹਾ ਕਿ ਕਦੇ ਜ਼ਨਾਨੀਆਂ ਨੇ ਇਸ ਦੇ ਖਿਲਾਫ ਕੁਝ ਨਹੀਂ ਕਿਹਾ ਤਾਂ ਉਸ ਦੱਸਿਆ ਕਿ ਉਹ ਵੀ ਇਸਲਾਮ ਦੇ ਕਾਇਦੇ-ਕਾਨੂੰਨਾਂ ਤੋਂ ਵਾਕਿਫ ਹਨ। ਦਰਗਾਹ ਦੇ ਲਹਿੰਦੇ ਪਾਸੇ, ਜਰਾ ਕੁ ਹਟਵੇਂ, ਕਮਰੇ ਬਣੇ ਹੋਏ ਹਨ ਤੇ 20-25 ਕੁ ਬੰਦੇ ਉਥੇ ਬੈਠੇ ਸਨ। ਕਾਦਿਰ ਨੇ ਦੱਸਿਆ ਕਿ ਇਹ ਮੌਲਵੀ ਪਾਸੋਂ ਧਾਰਮਿਕ ਸਿੱਖਿਆ ਲੈਣ ਆਏ ਹੋਏ ਹਨ।ਜਿਹੜੀਆਂ ਛੋਟੀਆਂ ਕੁੜੀਆਂ ਵੀ ਬੈਠੀਆਂ ਪੜ੍ਹਦੀਆਂ ਸਨ, ਉਹ ਵੀ ਕੁਰਾਨ ਸ਼ਰੀਫ ਹੀ ਪੜ੍ਹਦੀਆਂ ਸਨ। ਜਦੋਂ ਅਸੀਂ ਉਥੋਂ ਤੁਰਨ ਵੇਲੇ ਚੌਂਤੜੇ 'ਤੇ ਬੈਠੀਆਂ ਬੀਬੀਆਂ ਕੋਲੋਂ ਲੰਘਣ ਲੱਗੇ ਤਾਂ ਇਕ ਭਾਰੇ ਜਿਹੇ ਸਰੀਰ ਵਾਲੀ, ਜਿਸ ਨੇ ਵਾਲਾਂ ਨੂੰ ਮਹਿੰਦੀ ਲਾ ਕੇ ਭੂਰੇ ਜਿਹੇ ਕੀਤੇ ਹੋਏ ਸਨ, ਬੋਲੀ ਕਿ ਭਰਾਵੋ ਤੁਸੀਂ ਕਿਹੜੇ ਜ਼ਿਲ੍ਹੇ ਦੇ ਹੋ। ਸਾਡੇ ਬੋਲਣ ਤੋਂ ਪਹਿਲਾਂ ਹੀ ਕਹਿਣ ਲੱਗ ਪਈ ਕਿ ਤੁਸੀਂ ਤਾਂ ਕਿਸਮਤ ਵਾਲੇ ਹੋ, ਜਿਨ੍ਹਾਂ ਨੂੰ ਇਧਰ ਆਉਣ ਦੀ ਇਜਾਜ਼ਤ ਮਿਲ ਜਾਂਦੀ ਹੈ ਤੇ ਤੁਸੀਂ ਗੁਰੂਆਂ ਦੇ ਪਵਿੱਤਰ ਸਥਾਨਾਂ 'ਤੇ ਆ ਕੇ ਇਬਾਦਤ ਕਰ ਜਾਂਦੇ ਹੋ। ਮੇਰੀ ਕਿਸਮਤ ਵਿਚ ਤਾਂ ਸ਼ਾਇਦ ਅਜਮੇਰ ਸ਼ਰੀਫ ਦੇ ਦਰਸ਼ਨ ਲਿਖੇ ਹੀ ਨਹੀਂ ਕਿਉਂਕਿ ਜਿੰਨੀ ਵਾਰੀ ਵੀ ਵੀਜ਼ੇ ਲਈ ਅਰਜ਼ੀ ਦਿੱਤੀ ਹੈ, ਨਾਂਹ ਕਰ ਦਿੰਦੇ ਆ। ਭਰਾਵੋ ਤੁਸੀਂ ਵੀ ਦੁਆ ਕਰੋ ਕਿ ਦੋਹਾਂ ਪਾਸਿਆਂ ਦੇ ਲੋਕਾਂ ਨੂੰ ਆਉਣਜਾਣ ਦੀ ਖੁੱਲ੍ਹ ਹੋ ਜਾਵੇ। ਫਿਰ ਪੁੱਛਣ ਲੱਗੀ ਕਿ ਤੁਸੀਂ ਵੀ ਕਦੇ ਅਜਮੇਰ ਸ਼ਰੀਫ ਗਏ ਹੋ? ਤਾਂ ਸਾਡੀ ਨਾਂਹ ਸੁਣ ਕੇ ਉਹਨੇ ਇਕ ਹਉਕਾ ਜਿਹਾ ਲਿਆ। ਫਿਰ ਬੋਲੀ ਕਿ ਤਿੰਨ ਕੁ ਸਾਲ ਪਹਿਲਾਂ ਉਹ ਹੱਜ 'ਤੇ ਗਈ ਸੀ ਤਾਂ ਹਿੰਦੋਸਤਾਨ ਤੋਂ ਵੀ ਲੋਕੀਂ ਉਥੇ ਆਏ ਹੋਏ ਸਨ। ਉਨ੍ਹਾਂ ਨੇ ਅਜਮੇਰ ਸ਼ਰੀਫ ਦੇ ਦਰਸ਼ਨ ਕੀਤੇ ਹੋਏ ਸਨ। ਮੈਂ ਉਨ੍ਹਾਂ ਨੂੰ ਮਿਲ ਕੇ ਹੀ ਬਹੁਤ ਖੁਸ਼ ਹੋਈ। ਮੈਂ ਉਨ੍ਹਾਂ ਕੋਲੋਂ ਹਿੰਦੋਸਤਾਨ ਦਾ 10 ਰੁਪਏ ਦਾ ਨੋਟ ਲਿਆ ਜਿਹੜਾ ਅਜੇ ਵੀ ਰੱਖਿਆ ਹੋਇਆ ਹੈ। ਨਾਲੇ ਜੇ ਤੁਹਾਡੇ ਕੋਲ ਉਧਰ ਦਾ ਕੋਈ ਨੋਟ ਹੈ ਤਾਂ ਮੈਨੂੰ ਜ਼ਰੂਰ ਦਿਓ। ਮੇਰੇ ਭਰਾ ਨੇ 100 ਦਾ ਨੋਟ ਦੇ ਦਿੱਤਾ ਤਾਂ ਉਥੇ ਬੈਠੀ ਇਕੱਲੀ-ਇਕੱਲੀ ਬੀਬੀ ਉਸ ਨੋਟ ਨੂੰ, ਵਾਰੀ ਸਿਰ ਫੜ ਕੇ, ਉਲਟਾ ਸਿੱਧਾ ਕਰਕੇ ਦੇਖੀ ਜਾਣ, ਜਿੱਦਾਂ ਕੋਈ ਅਨਮੋਲ ਚੀਜ਼ ਹੁੰਦੀ ਹੈ। ਉਸ ਬੀਬੀ ਦੀਆਂ ਗੱਲਾਂ ਤੋਂ ਲੱਗਾ ਕਿ ਜੇ ਸਾਡੇ ਮਨਾਂ ਵਿਚ ਪਾਕਿਸਤਾਨ ਵਿਚਲੇ ਗੁਰਧਾਮਾਂ ਲਈ ਤੜਪ ਹੈ ਤਾਂ ਇਨ੍ਹਾਂ ਲੋਕਾਂ ਦੇ ਮਨਾਂ ਵਿਚ ਹਿੰਦੋਸਤਾਨ ਵਿਚਲੇ ਆਪਣੇ ਪਵਿੱਤਰ ਸਥਾਨਾਂ ਲਈ ਕਿਹੜੀ ਘੱਟ ਤੜਪ ਹੈ।

ਉਥੋਂ ਤੁਰਨ ਲੱਗਿਆਂ ਕਾਦਿਰ ਭਾਈ ਕਹਿਣ ਲੱਗਾ ਕਿ ਆਪਾਂ ਹੁਣ ਗੁਰੂ ਨਾਨਕ ਦੇਵ ਜੀ ਦੇ ਨਾਨਕਿਆਂ ਦੇ ਜਾਣਾ ਹੈ। ਉਥੇ ਹੀ ਬੀਬੀ ਨਾਨਕੀ ਜੀ ਦਾ ਜਨਮ ਹੋਇਆ ਸੀ। ਅਸੀਂ ਤਾਂ ਸੋਚਿਆ ਕਿ ਐਥੇ ਕਿਤੇ ਨੇੜੇ ਹੀ ਲਾਹੌਰ ਵਿਚ ਹੋਣਾ ਹੈ ਪਰ ਉਹ ਲਾਹੌਰ ਤੋਂ ਬਾਹਰ, ਕੈਂਟ ਏਰੀਏ ਦੇ ਬਾਹਰ ਪੈਂਦਾ ਹੈ। ਲਾਹੌਰ ਤੋਂ ਚੱਲਣ ਸਮੇਂ ਉਸਨੇ ਕਿਸੇ ਨੂੰ ਟੈਲੀਫੋਨ ਕੀਤਾ। ਬਾਅਦ ਵਿਚ ਦੱਸਿਆ, "ਮੈਂ ਤੁਹਾਨੂੰ ਪਾਕਿਸਤਾਨ ਦੀ ਪੰਜਾਬ ਪੁਲਿਸ ਵਿਚ ਭਰਤੀ ਹੋਏ ਪਹਿਲੇ ਸਿੱਖ ਨੂੰ ਮਿਲਾਉਣਾ ਸੀ। ਉਹ ਹੁਣ ਇੰਸਪੈਕਟਰ ਦੇ ਰੈਂਕ 'ਤੇ ਹੈ।" ਉਸ ਦੇ ਬਾਰੇ ਕਾਫ਼ੀ ਚਿਰ ਪਹਿਲਾਂ ਅਖਬਾਰਾਂ ਵਿਚ ਵੀ ਆਇਆ ਸੀ ਤੇ ਉਹਦੀ ਲਾਹੌਰ ਵਿਚ ਟਰੈਫਿਕ ਡਿਊਟੀ ਕਰਦੇ ਦੀ ਵੀਡੀਓ ਵੀ ਦਿਖਾਈ ਗਈ ਸੀ, ਉਸ ਦਾ ਨਾਂ ਸ਼ ਗੁਲਾਬ ਸਿੰਘ ਹੈ। ਕਾਦਿਰ ਨੇ ਦੱਸਿਆ, "ਉਹਦੀ ਡਿਊਟੀ ਅੱਜ ਕੱਲ੍ਹ ਲਾਹੌਰ ਇੰਟਰਨੈਸ਼ਨਲ ਏਅਰਪੋਰਟ 'ਤੇ ਹੈ ਤੇ ਅਸੀਂ ਏਅਰਪੋਰਟ ਦੇ ਲਾਗਿਉਂ ਹੀ ਲੰਘਣਾ ਸੀ ਪਰ ਉਸ ਦਿਨ ਫੌਜ ਦੇ ਕੁਝ ਜਰਨੈਲ ਆਏ ਹੋਏ ਸਨ ਤੇ ਉਸ ਦੀ ਡਿਊਟੀ ਸ਼ਾਮ ਤੱਕ ਉਨ੍ਹਾਂ ਨਾਲ ਹੋਣ ਕਰਕੇ ਉਹ ਮਿਲ ਨਹੀਂ ਸੀ ਸਕਦਾ।" ਸ਼ ਗੁਲਾਬ ਸਿੰਘ ਪੁਲਿਸ ਵਿਚ ਇਕ ਇਮਾਨਦਾਰ ਅਫਸਰ ਦੇ ਤੌਰ 'ਤੇ ਜਾਣਿਆ ਜਾਂਦਾ ਹੈ ਜਿਸ ਕਰਕੇ ਉਹਦੇ ਕਈ ਉਪਰਲੇ ਅਫਸਰ ਉਹਨੂੰ ਨਾ ਪਸੰਦ ਕਰਦੇ ਸਨ ਜਿਸ ਕਰਕੇ ਉਹਨੇ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਪਰ ਮਹਿਕਮੇ ਨੇ ਅਸਤੀਫਾ ਮਨਜ਼ੂਰ ਨਾ ਕੀਤਾ ਤੇ ਗੁਪਤ ਤਫਤੀਸ਼ ਕਰਕੇ ਉਹਦੀ ਪ੍ਰਮੋਸ਼ਨ ਕਰ ਦਿੱਤੀ।

ਜਾਂਦੇ-ਜਾਂਦੇ ਇਕ ਵੱਡੀ ਨਹਿਰ ਵੀ ਆਈ, ਇਹੋ ਹੀ ਇੱਚੋ ਗਿਲ ਨਹਿਰ ਹੈ ਜਿਹੜੀ ਝਨਾਂ ਦਰਿਆ ਵਿਚੋਂ ਦੀ ਕੱਢੀ ਹੋਈ ਹੈ। ਇਹ ਹਿੰਦੋਸਤਾਨ ਦੇ ਬਾਰਡਰ ਦੇ ਬਹੁਤ ਨੇੜੇ ਹੈ। ਕਾਦਿਰ ਨੇ ਦੱਸਿਆ, "ਇਹ ਇਕ ਤਰ੍ਹਾਂ ਨਾਲ ਸਾਡੇ ਮੁਲਕ ਦੀ ਡਿਫੈਂਸ ਲਾਈਨ ਵੀ ਹੈ।" ਇਹਦੇ ਬਾਹਰਲੇ ਪਾਸੇ ਕੰਢਿਆਂ ਵਿਚ ਪੱਕੇ ਬੰਕਰ ਵੀ ਚਲਦੇ-ਚਲਦੇ ਅਸੀਂ ਦੇਖੇ। ਕਾਦਿਰ ਭਾਈ ਚਲਦੇ ਚਲਦੇ ਹੀ ਆਲੇ ਦੁਆਲੇ ਦੀ ਜਾਣਕਾਰੀ ਦੇਈ ਜਾਂਦਾ ਸੀ। ਜਦੋਂ ਬੰਕਰਾਂ ਦੀ ਗੱਲ ਹੋਈ ਤਾਂ ਸਹਿਜੇ ਹੀ ਗੱਲਾਂ ਕਰਦਾ ਕਹਿਣ ਲੱਗਾ ਕਿ ਇਹ ਬੰਕਰ ਸਾਡੀ ਫੌਜ ਦੀ ਬਾਰਡਰ ਵਲੋਂ ਦੁਸ਼ਮਣ ਨਾਲ ਲੜਾਈ ਵਿਚ ਬੜੇ ਕਾਰਗਰ ਸਾਬਤ ਹੁੰਦੇ ਹਨ। ਮੈਨੂੰ ਬੜੀ ਹੈਰਾਨੀ ਹੋਈ ਕਿ ਕਾਦਿਰ ਦੀ ਜ਼ੁਬਾਨ ਤੋਂ ਜਿਨ੍ਹਾਂ ਲਈ ਬਾਰਡਰ ਤੋਂ ਪਾਰ ਦੇ ਦੁਸ਼ਮਣ ਨਿਕਲਿਆ, ਉਨ੍ਹਾਂ ਨੂੰ ਤਾਂ ਪੰਜਾਂ ਦਿਨਾਂ ਤੋਂ ਕਾਰ' ਚ ਨਾਲ ਲਈ ਫਿਰਦਾ ਹੈ। ਭਾਈ ਸਾਹਿਬ-ਭਾਈ ਸਾਹਿਬ ਕਹਿੰਦੇ ਦੀ ਜ਼ੁਬਾਨ ਸੁੱਕਦੀ ਆ, ਇਹ ਦੁਸ਼ਮਣੀ ਫਿਰ ਕਿੱਥੋਂ ਆ ਗਈ? ਅਸਲ ਵਿਚ ਦੁਸ਼ਮਣੀ ਤਾਂ ਬਾਰਡਰ ਵਾਲੀ ਲੀਕ ਪਾਲੀ ਬੈਠੀ ਹੈ ਜਾਂ ਦੋਹਾਂ ਪਾਸਿਆਂ ਦੀਆਂ ਸਰਕਾਰਾਂ ਨੇ ਲੋਕਾਂ ਦੇ ਬਰੇਨ ਵਾਸ਼ ਕੀਤੇ ਹੋਏ ਨੇ। ਜਦ ਹਿੰਦੋਸਤਾਨ ਅਤੇ ਪਾਕਿਸਤਾਨ ਮਨਫੀ ਕਰਕੇ ਦੋਹਾਂ ਪੰਜਾਬਾਂ ਦੇ ਵਾਸੀ ਆਪਸ ਵਿਚ ਮਿਲਦੇ ਹਨ ਤਾਂ ਸਕਿਆਂ ਭਰਾਵਾਂ ਵਰਗੇ ਹੁੰਦੇ ਨੇ। ਨਹਿਰੋਂ ਹੱਟ ਕੇ ਜਿਸ ਸੜਕ ਤੇ ਅਸੀਂ ਜਾ ਰਹੇ ਸੀ, ਉਸਦਾ ਨਾਂ ਹੀ 'ਬੇਦੀਆ ਰੋਡ' ਹੈ ਤੇ ਇਹੋ ਸੜਕ ਗੁਰਦੁਆਰੇ ਨੂੰ ਜਾਂਦੀ ਸੀ। ਇਸੇ ਸੜਕ ਤੇ ਪੁਲਿਸ ਟਰੇਨਿੰਗ ਸੈਂਟਰ ਹੈ ਜਿਸਦਾ ਨਾਂ 'ਇਲੀਟ ਪੁਲਿਸ ਟਰੇਨਿੰਗ ਇੰਸਟੀਚਿਊਸ਼ਨ, ਲਾਹੌਰ ਕੈਂਟ' ਹੈ। ਕਾਦਿਰ ਭਾਈ ਨੇ ਦੱਸਿਆ ਕਿ ਜਿਹੜਾ ਤਿੰਨ ਕੁ ਮਹੀਨੇ ਪਹਿਲਾਂ ਅਤਿਵਾਦੀਆਂ ਵਲੋਂ ਪੁਲਿਸ ਰੰਗਰੂਟਾਂ 'ਤੇ ਅਟੈਕ ਹੋਇਆ ਸੀ ਤੇ ਜਿਸ ਵਿਚ ਕਈ ਰੰਗਰੂਟ ਮਾਰੇ ਗਏ ਸਨ, ਉਹ ਇਸੇ ਸੈਂਟਰ 'ਤੇ ਹੋਇਆ ਸੀ। ਉਸ ਦੇ ਮੇਨ ਗੇਟ 'ਤੇ ਕਾਫੀ ਸਕਿਉਰਿਟੀ ਲੱਗੀ ਹੋਈ ਸੀ ਤੇ ਉਸ ਦੇ ਚਾਰੇ ਪਾਸੇ ਅਟੈਕ ਤੋਂ ਬਾਅਦ ਸਪੈਸ਼ਲ ਪ੍ਰਬੰਧ ਕਰ ਦਿੱਤਾ ਗਿਆ ਸੀ।

ਇਹ ਟਰੇਨਿੰਗ ਸੈਂਟਰ ਲੰਘਦਿਆਂ ਹੀ ਖੱਬੇ ਪਾਸੇ ਨੂੰ ਇਕ ਲਿੰਕ ਸੜਕ ਮੁੜ ਗਈ ਤੇ ਕੋਈ ਅੱਧੇ ਮੀਲ ਤੋਂ ਵੀ ਘੱਟ ਦੂਰ ਇਕ ਪਿੰਡ ਦਿਸਿਆ ਤੇ ਉਥੋਂ ਹੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਹੋਣ ਲੱਗ ਪਏ। ਇਸ ਪਿੰਡ ਦਾ ਨਾਂ 'ਡੇਰਾ ਚਾਹਲ' ਹੈ ਤੇ ਗੁਰਦੁਆਰੇ ਦਾ ਨਾਂ 'ਗੁਰਦੁਆਰਾ ਬੇਬੇ ਨਾਨਕੀ' ਹੈ। ਗੁਰਦੁਆਰਾ ਜ਼ਮੀਨ ਤੋਂ 6 ਕੁ ਫੁੱਟ ਉਚਾ ਬਣਾਇਆ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਅੰਦਰ ਹੈ। ਗੁਰਦੁਆਰੇ ਦੇ ਜਿਸ ਦਰਵਾਜ਼ੇ ਰਾਹੀਂ ਅਸੀਂ ਅੰਦਰ ਲੰਘੇ, ਉਸ ਉਤੇ ਲਿਖਿਆ ਸੀ ਕਿ ਸਾਧ ਸੰਗਤ, ਹਾਂਗਕਾਂਗ ਨੇ ਸੇਵਾ ਕਰਾਈ। ਸੰਨ 1911 ਲਿਖਿਆ ਸੀ। ਸਾਡੇ ਜਾਣ ਤੇ ਭਾਈ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ 'ਵਾਕ' ਲੈ ਕੇ ਸਾਨੂੰ ਸਰਵਣ ਕਰਵਾਇਆ ਤੇ ਕੜਾਹ ਪ੍ਰਸਾਦਿ ਵੀ ਵਰਤਾਇਆ ਜਿਹੜਾ ਕਿ ਤਾਜ਼ਾ ਤੇ ਗਰਮ ਗਰਮ ਹੁਣੇ ਬਣਿਆ ਲੱਗਿਆ। ਜਦੋਂ ਅਸੀਂ ਗੁਰਦੁਆਰੇ ਦੇ ਰਾਹ ਦੇ ਦੂਜੇ ਪਾਸੇ ਨਾਲ ਹੀ ਇਕ ਛੱਪੜ ਹੈ ਜਿਸ ਦੇ ਦੂਜੇ ਪਾਸੇ ਢੇਰ (ਗੋਹੇ ਤੇ ਕੂੜੇ ਦੇ) ਲੱਗੇ ਹੋਏ ਸਨ। ਕਾਦਿਰ ਨੇ ਦੱਸਿਆ ਕਿ ਅਸਲ ਵਿਚ ਇਹ ਸਰੋਵਰ ਪੁੱਟਣਾ ਸ਼ੁਰੂ ਕੀਤਾ ਸੀ। ਪੁਟਾਈ ਤਾਂ ਹੋ ਗਈ ਪਰ ਉਦੋਂਹੀ 1947 ਦੇ ਰੌਲੇ ਪੈ ਗਏ ਤਾਂ ਸਭ ਕੁਝ ਅਟਕ ਗਿਆ ਤੇ ਹੁਣ ਆਹ ਹਾਲਤ ਹੈ। ਮੱਥਾ ਟੇਕਣ ਤੋਂ ਬਾਅਦ ਜਦੋਂ ਅਸੀਂ ਤੁਰਨ ਲੱਗੇ ਤਾਂ ਭਾਈ ਸਾਹਿਬ ਕਹਿੰਦੇ, 'ਚਾਹ ਛੱਕ ਲਓ'। ਅਸੀਂ ਤਾਂ ਸੋਚਿਆ ਕਿ ਸ਼ਾਇਦ ਇੱਥੇ ਹੀ ਲੰਗਰ ਦਾ ਕਮਰਾ ਹੋਣਾ, ਜਿਥੇ ਚਾਹ ਬਣਾਈ ਹੋਊ ਪਰ ਉਹ ਸਾਨੂੰ ਗੁਰਦੁਆਰੇ ਦੇ ਨਾਲ ਲਗਦੇ ਲਹਿੰਦੇ ਪਾਸੇ ਵਾਲੇ ਘਰ 'ਚ ਲੈ ਗਿਆ। ਅਸਲ ਵਿਚ ਇਹੋ ਸ਼ ਗੁਲਾਬ ਸਿੰਘ, ਪੁਲਿਸ ਇੰਸਪੈਕਟਰ ਦਾ ਘਰ ਹੈ ਜਿਹੜਾ ਸਾਨੂੰ ਅੰਦਰ ਜਾ ਕੇ ਉਹਦੀ ਵੱਡੀ ਵਰਦੀ ਵਾਲੀ ਫੋਟੋ ਤੋਂ ਪਤਾ ਲੱਗਾ। ਉਥੇ ਉਸ ਦੇ ਪਿਤਾ ਸ਼ ਮੰਨਾ ਸਿੰਘ ਤੇ ਮਾਤਾ ਜੀ ਰਹਿੰਦੇ ਸਨ।

ਅਸਲ 'ਚ ਜਦੋਂ ਲਾਹੌਰ ਤੋਂ ਤੁਰਨ ਲੱਗਿਆਂ ਕਾਦਿਰ ਭਾਈ ਨੇ ਸ਼ਗੁਲਾਬ ਸਿੰਘ ਨੂੰ ਟੈਲੀਫੋਨ ਕੀਤਾ ਸੀ ਕਿ ਤਿੰਨ ਸਰਦਾਰ ਗੁਰਦੁਆਰੇ ਦੇ ਦਰਸ਼ਨਾਂ ਨੂੰ ਲਿਜਾ ਰਿਹਾ ਹਾਂ ਤਾਂ ਉਹਨੇ ਘਰ ਟੈਲੀਫੋਨ 'ਤੇ ਕਹਿ ਦਿੱਤਾ ਸੀ ਕਿ ਚਾਹ-ਪਾਣੀ ਤੇ ਲੰਗਰ ਜ਼ਰੂਰ ਛਕਾਉਣ। ਉਨ੍ਹਾਂ ਦੇ ਡਰਾਇੰਗ ਰੂਮ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਵੱਡੀ ਫੋਟੋ ਵੀ ਲੱਗੀ ਹੋਈ ਸੀ। ਉਦਾਂ ਸ਼ ਗੁਲਾਬ ਸਿੰਘ ਪੇਸ਼ੇ ਵਜੋਂ ਹੋਮਿਓਪੈਥੀ ਦਾ ਕੁਆਲੀ ਫਾਈਡ ਡਾਕਟਰ ਹੈ ਤੇ ਇੱਥੇ ਪਿੰਡ ਵਿਚ ਹੀ ਨੌਕਰੀ ਤੋਂ ਪਹਿਲਾਂ ਪ੍ਰੈਕਟਿਸ ਵੀ ਕਰਦਾ ਸੀ। ਕਾਦਿਰ ਨੇ ਦੱਸਿਆ ਕਿ ਉਹਦੇ ਬਹੁਤੇ ਮਰੀਜ਼ ਤਾਂ ਪੇਂਡੂ ਗਰੀਬ ਲੋਕ ਹੀ ਸਨ ਜਿਨ੍ਹਾਂ ਨੂੰ ਉਹ ਕਈ ਵਾਰੀ ਮੁਫਤ ਹੀ ਦਵਾਈ ਦੇ ਦਿੰਦਾ ਸੀ। ਇਨ੍ਹਾਂ ਦੇ ਪਰਿਵਾਰ ਦੀ ਇਸ ਇਲਾਕੇ ਵਿਚ ਲੋਕੀਂ ਬਹੁਤ ਇੱਜ਼ਤ ਕਰਦੇ ਹਨ। ਕਾਦਿਰ ਵੀ ਉਸ ਪਰਿਵਾਰ ਨਾਲ ਕਾਫੀ ਘੁਲਿਆ-ਮਿਲਿਆ ਲਗਦਾ ਸੀ ਕਿਉਂਕਿ ਜਦੋਂ ਮਾਤਾ ਜੀ ਨੇ ਕਿਹਾ, 'ਚਾਹ ਲੈ ਆਵਾਂ' ਤਾਂ ਕਹਿੰਦਾ, 'ਮੈਂ ਚੁੱਕ ਲਿਆਉਨਾਂ। ਬੀਬੀ ਤੂੰ ਬੈਠੀ ਰਹਿ।' ਚਾਹ ਪੀਂਦਿਆਂ ਹੀ ਕਾਦਿਰ ਕਹਿਣ ਲੱਗਾ, 'ਹੁਣ ਗੁਲਾਬ ਦਾ ਵਿਆਹ ਕਰ ਦਿਓ' ਤਾਂ ਦੋਵੇਂ-ਮਾਤਾ ਤੇ ਪਿਤਾ ਖੁਸ਼ ਜਿਹੇ ਹੋ ਗਏ ਅਤੇ ਮਾਂ ਕਹਿੰਦੀ, 'ਡਿਊਟੀ ਤੋਂ ਹੀ ਉਹਨੂੰ ਵਿਹਲ ਨਹੀਂ ਮਿਲਦੀ। ਸਾਨੂੰ ਕਈ ਵਾਰੀ ਸਵੇਰੇ ਉਠ ਕੇ ਪਤਾ ਲਗਦੈ ਕਿ ਰਾਤੀਂ ਆਇਆ ਵੀ ਸੀ ਤੇ ਦੋ ਕੁ ਘੰਟੇ ਸੌਂ ਕੇ ਮੁੜ ਤਿਆਰ ਹੋ ਕੇ ਤੜਕੇ ਫਿਰ ਡਿਊਟੀ 'ਤੇ ਚਲਾ ਗਿਆ।' ਉਨ੍ਹਾਂ ਕੋਲ ਬਹਿ ਕੇ ਤੇ ਗੱਲਾਂ ਕਰਕੇ ਬਹੁਤ ਹੀ ਚੰਗਾ ਲੱਗਿਆ। ਦੋਹਾਂ ਜੀਆਂ ਦਾ ਸ਼ਾਂਤ ਸੁਭਾਅ ਸ਼ਾਇਦ ਬਾਬੇ ਨਾਨਕ ਦੀ ਰਹਿਮਤ ਕਰਕੇ ਹੋਵੇ। ਤੁਰਨ ਲੱਗਿਆਂ ਨੂੰ ਕਹਿੰਦੇ ਕਿ ਜਦੋਂ ਫਿਰ ਕਦੇ ਪਾਕਿਸਤਾਨ ਆਏ ਤਾਂ ਇੱਥੇ ਵੀ ਜ਼ਰੂਰ ਆਇਓ। ਉਨ੍ਹਾਂ ਨੂੰ ਫਤਿਹ ਬੁਲਾ ਕੇ ਅਸੀਂ ਬਾਰਡਰ ਵਲ ਨੂੰ ਚਾਲੇ ਪਾ ਲਏ।

ਜਿਸ ਪਾਸਿਉਂ ਦੀ ਅਸੀਂ ਜਾ ਰਹੇ ਸਾਂ ਉਹ ਇਕ ਰਿਹਾਇਸ਼ੀ ਵੱਡੀ ਕਾਲੋਨੀ ਦੇ ਤੌਰ 'ਤੇ ਵਿਕਸਿਤ ਹੋ ਰਿਹਾ ਸੀ। ਕਾਦਿਰ ਨੇ ਦੱਸਿਆ ਕਿ ਇਹ ਨਵੀਂ ਡਿਫੈਂਸ ਕਾਲੋਨੀ ਹੈ। ਕਿਤੇ ਕਿਤੇ ਵੱਡੀ ਕੋਠੀ ਬਣ ਗਈ ਸੀ, ਉਦਾਂ ਸੜਕਾਂ ਤੇ ਲਾਈਟਾਂ ਸਭ ਪਾਸੇ ਲੱਗ ਗਈਆਂ ਸਨ। ਸ਼ਾਇਦ ਇਸ ਦੇ ਨਾਲ ਲਗਦੀ ਹੀ ਕੁਝ ਜ਼ਮੀਨ ਜੋ ਗੁਰਦੁਆਰਾ ਬੇਬੇ ਨਾਨਕੀ, ਡੇਰਾ ਚਾਹਲ ਦੀ ਹੈ, ਔਕਾਫ ਬੋਰਡ ਨੇ ਡਿਫੈਂਸ ਮਨਿਸਟਰੀ ਨੂੰ ਵੇਚੀ ਹੋਣੀ ਏ, ਜਿਸ ਬਾਰੇ ਪਿੱਛੇ ਜਿਹੇ ਖਬਰਾਂ ਸੁਣੀਆਂ ਸਨ। ਇਹ ਡਿਫੈਂਸ ਕਾਲੋਨੀ ਵਾਹਗਾ ਬਾਰਡਰ ਤੋਂ ਮਸਾਂ ਹੀ 15 ਕੁ ਕਿਲੋਮੀਟਰ ਦੂਰ ਹੈ। ਜਾਂਦੇ-ਜਾਂਦੇ ਹੀ ਕਾਦਿਰ ਭਾਈ ਪੁੱਛਣ ਲੱਗਾ ਕਿ ਸੱਚ ਦੱਸਿਓ ਕਿ ਕਿੱਦਾਂ ਦੀ ਰਹੀ ਇਧਰਲੇ ਪੰਜਾਬ ਦੀ ਯਾਤਰਾ। ਸਾਡਾ ਜਵਾਬ ਹਾਂ ਵਾਚਕ ਹੀ ਸੀ। ਫਿਰ ਉਹ ਬੋਲਿਆ ਕਿ ਤੁਹਾਡੇ ਪੰਜਾਬ ਦੇ ਬਾਹਰਲੇ ਮੁਲਕਾਂ ਵਿਚ ਵਸੇ ਸਿੱਖਾਂ ਦੀਆਂ ਕੋਸ਼ਿਸ਼ਾਂ ਸਦਕਾ ਦੋਹਾਂ ਮੁਲਕਾਂ ਦੇ ਆਪਸੀ ਸੰਬੰਧ ਕਾਫੀ ਸੁਧਰ ਦੇ ਨਜ਼ਰ ਆਉਂਦੇ ਨੇ। ਉਹਨੇ ਇਹ ਵੀ ਦੱਸਿਆ ਕਿ ਇੱਥੋਂ ਦੀਆਂ ਸਰਕਾਰਾਂ ਇੰਗਲੈਂਡ, ਕੈਨੇਡਾ, ਅਮਰੀਕਾ ਵਿਚ ਵਸੇ ਸਿੱਖਾਂ ਦੀ ਸਲਾਹ ਨੂੰ ਖਾਸ ਅਹਿਮੀਅਤ ਦਿੰਦੀਆਂ ਹਨ। ਪਾਕਿਸਤਾਨ ਹਕੂਮਤ ਵਲੋਂ ਸਿੱਖਾਂ ਦੇ ਆਨੰਦ ਮੈਰਿਜ ਐਕਟ ਨੂੰ ਕਾਨੂੰਨ ਬਣਾਉਣ ਵਿਚ ਵੀ ਬਾਹਰਲੇ ਸਿੱਖਾਂ ਨੇ ਅਹਿਮ ਰੋਲ ਅਦਾ ਕੀਤਾ ਹੈ । ਪਾਕਿਸਤਾਨ ਦੇ ਗੁਰਦੁਆਰਿਆਂ ਦੀ ਸਾਂਭ-ਸੰਭਾਲ ਵਿਚ ਵੀ ਸਰਕਾਰ ਉਨ੍ਹਾਂ ਦੇ ਸੁਝਾਵਾਂ 'ਤੇ ਗੌਰ ਕਰਦੀ ਹੈ। ਬੱਸ ਇੰਨੇ ਚਿਰ ਨੂੰ ਵਾਹਗਾ ਬਾਰਡਰ ਵੀ ਆ ਗਿਆ ਤੇ ਸੜਕ 'ਤੇ ਇਕ ਪਾਸੇ ਟਰੱਕਾਂ ਦੀਆਂ ਲੰਮੀਆਂ ਕਤਾਰਾਂ ਖੜ੍ਹੀਆਂ ਦਿਸੀਆਂ ਜਿਨ੍ਹਾਂ ਨੇ ਮਾਲ ਹਿੰਦੋਸਤਾਨ ਵਾਲੇ ਪਾਸੇ ਉਤਾਰਨਾ ਸੀ। ਪਾਕਿਸਤਾਨੀ ਟਰੱਕਾਂ ਦੀ ਬਣਤਰ ਤਾਂ ਚੜ੍ਹਦੇ ਵੱਲ ਵਰਗੀ ਹੀ ਹੈ ਪਰ ਉਹ ਟਰੱਕਾਂ ਨੂੰ ਹਾਰ ਸ਼ਿੰਗਾਰ ਕੇ ਬਹੁਤ ਰੱਖਦੇ ਹਨ। ਇਕ ਖਾਸ ਤਰ੍ਹਾਂ ਦਾ ਛੱਜਾ ਜਿਹਾ ਟਰੱਕ ਦੇ ਅਗਲੇ ਪਾਸੇ ਨੂੰ ਕੱਢਿਆ ਹੁੰਦਾ ਹੈ। ਮੈਂ ਕਾਦਿਰ ਭਾਈ ਨੂੰ ਪੁੱਛਿਆ ਕਿ ਇਹਦੇ ਨਾਲ ਤਾਂ ਹਵਾ ਹੋਰ ਰੁਕ ਜਾਂਦੀ ਹੋਣੀਏ ਤੇ ਟਰੱਕ 'ਤੇ ਲੋਡ ਵੱਧ ਨਾ ਪੈਂਦਾ ਹੋਉ ਤਾਂ ਉਹ ਕਹਿੰਦਾ ਕਿ ਆਹੀ ਸਵਾਲ ਇਕ ਵਾਰੀ ਤੁਹਾਡੇ ਅਮਰੀਕਾ ਤੋਂ ਆਏ ਇਕ ਵੱਡੀ ਟਰੱਕ ਕੰਪਨੀ ਦੇ ਮਾਲਕ ਟੁੱਟ ਭਰਾਵਾਂ ਨੇ ਇਕ ਪਠਾਣ ਟਰੱਕ ਵਾਲੇ ਨੂੰ ਪੁੱਛਿਆ ਤਾਂ ਉਹਨੇ ਕਿਹਾ, "ਸਰਦਾਰ ਸਾਹਿਬ, ਤੁਸੀਂ ਐਨੀ ਸੋਹਣੀ ਪੱਗ ਬੰਨ੍ਹ ਕੇ ਸਾਰੀ ਦੁਨੀਆਂ ਵਿਚ ਟੌਹਰ ਬਣਾ ਲਈ, ਸਾਡੇ ਕੋਲੋਂ ਤੁਹਾਡੇ ਵਰਗੀ ਸੋਹਣੀ ਪੱਗ ਤਾਂ ਨਹੀਂ ਬੱਝੀ ਜਾਂਦੀ ਪਰ ਅਸੀਂ ਟਰੱਕਾਂ ਦੇ ਸਿਰ ਨੂੰ ਤੁਹਾਡੇ ਵਾਂਗ ਸਜਾ ਕੇ ਮਨ ਖੁਸ਼ ਕਰੀਦੈ।"

ਕਾਦਿਰ ਭਾਈ ਨੇ ਕਾਰ ਪਾਰਕ ਕਰਕੇ ਸਾਡੇ ਅਟੈਚੀ ਕੱਢੇ ਅਤੇ ਅਸੀਂ ਪਾਕਿਸਤਾਨ ਦੇ ਇਮੀਗ੍ਰੇਸ਼ਨ ਦਫਤਰ ਵਲ ਨੂੰ ਚਲ ਪਏ। ਉਹ ਆਪਣੇ ਦਸਵੀਂ 'ਚ ਪੜ੍ਹਦੇ ਬੇਟੇ ਨੂੰ ਵੀ ਬਾਰਡਰ ਦਿਖਾਉਣ ਲਈ ਨਾਲ ਹੀ ਲੈ ਆਇਆ ਸੀ। ਕਾਦਿਰ ਭਾਈ ਦਾ ਸਿਦਕ ਇੰਨਾ ਸੀ ਕਿ ਉਸ ਵੇਲੇ ਤੱਕ ਵੀ ਉਹਨੇ ਸਾਨੂੰ ਕਾਰ ਦੇ ਭਾੜੇ ਬਾਰੇ ਨਹੀਂ ਕਿਹਾ। ਸਭ ਤੋਂ ਪਹਿਲਾਂ ਮੇਰੇ ਭਰਾ (ਹੁਣ ਉਹ ਇਸ ਜਹਾਨ 'ਤੇ ਨਹੀਂ ਰਿਹਾ) ਨੇ ਉਹਦੇ ਬੇਟੇ ਨੂੰ ਪਿਆਰ ਦੇ ਕੇ ਕੁਝ ਪੈਸੇ ਦਿੱਤੇ ਤੇ ਕਿਹਾ ਕਿ ਜ਼ਿਆਦਾ ਪੜ੍ਹੀਂ। ਫਿਰ ਕਾਦਿਰ ਭਾਈ ਨੂੰ ਜੋ ਉਹਦੇ ਨਾਲ ਗੱਲ ਮੁਕਾਈ ਸੀ, ਉਸ ਤੋਂ ਵਧ ਦੇਕੇ ਬਹੁਤ-ਬਹੁਤ ਧੰਨਵਾਦ ਕੀਤਾ। ਇਮੀਗ੍ਰੇਸ਼ਨ ਦੇ ਦਫਤਰ ਤੋਂ ਅੱਗੇ ਸਿਵਾਏ ਯਾਤਰੀਆਂ ਦੇ ਕਿਸੇ ਨੂੰ ਜਾਣ ਨਹੀਂ ਦਿੰਦੇ। ਇਥੇ ਕਾਦਿਰ ਭਾਈ ਕਹਿੰਦਾ, "ਮੈਂ ਤੁਹਾਡਾ ਖਿਦਮਤ ਗਾਰ ਹਾਂ। ਜਦੋਂ ਵੀ ਫਿਰ ਕਦੇ ਆਏ ਤਾਂ ਖੁਦਾ ਦੇ ਇਸ ਬੰਦੇ ਨੂੰ ਜ਼ਰੂਰ ਸੇਵਾ ਬਖਸ਼ਣੀ।" ਫਿਰ ਸਾਨੂੰ ਘੁੱਟ-ਘੁੱਟ ਕੇ ਜੱਫੀਆਂ ਪਾ ਕੇ ਮਿਲਿਆ। ਪਹਿਲਾਂ ਵਾਂਗ ਹੀ ਮਾੜੀ-ਮੋਟੀ ਪੁੱਛਗਿੱਛ ਹੋਈ ਕਿ ਅਟੈਚੀ ਵਿਚ ਕੀ ਹੈਗਾ ਜਾਂ ਕਿੱਦਾਂ ਰਿਹਾ ਪਾਕਿਸਤਾਨ ਦਾ ਟਰਿਪ। ਬਾਕੀ ਜਦੋਂ ਉਹ ਬਾਹਰਲੇ ਪਾਸਪੋਰਟ ਦੇਖਦੇ ਹਨ ਤਾਂ ਕੁਝ ਵਾਧੂ ਪੁੱਛਦੇ ਹੀ ਨਹੀਂ। ਬਾਰਡਰ ਦੇ ਗੇਟ 'ਤੇ ਪਾਕਿਸਤਾਨ ਰੇਂਜਰ ਦਾ ਸਾਢੇ ਛੇ ਫੁੱਟ ਲੰਮਾ ਸਕਿਉਰਿਟੀ ਵਾਲਾ ਸਭ ਨੂੰ ਪਾਸਪੋਰਟ ਦੇਖ ਕੇ ਬਾਰਡਰ ਲਾਈਨ ਨੂੰ ਕਰਾਸ ਕਰਨ ਨੂੰ ਕਹਿ ਦਿੰਦਾ ਸੀ। ਉਸ ਚਿੱਟੀ ਲਾਈਨ ਨੂੰ ਦੇਖ ਕੇ ਮਨ ਵਿਚ ਆਇਆ,

"ਵਾਹ ਨੀ ਚਿੱਟੀਏ ਲਕੀਰੇ! ਤੈਨੂੰ ਆਰ-ਪਾਰ ਕਰਨ ਨੂੰ ਤਾਂ ਇੱਕੋ ਹੀ ਪੁਲਾਂਘ ਪੁੱਟਣੀ ਪੈਂਦੀ ਏ ਪਰ ਇਹ ਪੁਲਾਂਘ ਪੁੱਟਣ ਲਈ ਕਿੰਨੇ ਪਟੌਟੇ ਕਰਨੇ ਪੈਂਦੇ ਨੇ ਤੇ ਬਹੁਤਿਆਂ ਨੂੰ ਤਾਂ ਲੱਖ ਝੱਖ ਮਾਰਨ ਦੇ ਬਾਵਜੂਦ ਵੀ ਇਹ ਪੁਲਾਂਘ ਪੁੱਟਣੀ ਹੀ ਨਸੀਬ ਨਹੀਂ ਹੁੰਦੀ।" ਸਾਨੂੰ ਪੰਜ ਕੁ ਮਿੰਟ ਲਈ ਬਾਰਡਰ ਤੇ ਰੁਕਣਾ ਪਿਆ ਕਿਉਂਕਿ ਸਕਿਉਰਿਟੀ ਵਾਲਾ ਹਿੰਦੋਸਤਾਨ ਤੋਂ ਵਾਪਿਸ ਆਉਣ ਵਾਲੇ ਪਾਕਿਸਤਾਨੀ ਨਾਗਰਿਕਾਂ ਦੇ ਪਾਸਪੋਰਟ ਚੈਕ ਕਰਨ 'ਚ ਲੱਗਾ ਹੋਇਆ ਸੀ। ਜਿੱਦਾਂ ਮਨ ਕਦੇ ਵੀ ਟਿਕ ਕੇ ਨਹੀਂ ਬੈਠਦਾ ਸਗੋਂ ਖਿਆਲਾਂ ਦੀਆਂ ਲੜੀਆਂ ਆਪੇ ਹੀ ਬਣਦੀਆਂ ਤੁਰੀਆਂ ਜਾਂਦੀਆਂ ਹਨ, ਇਸੇ ਤਰ੍ਹਾਂ ਮੇਰੇ ਮਨ ਨੇ ਆਪ ਹੀ ਕਿਹਾ, "ਬੱਲੇ ਓ ਵਕਤਾ! ਕਦੋਂ ਕੀ ਕਰ ਦੇਵੇਂ, ਕਦੇ ਕਿਸੇ ਨੂੰ ਕੁਝ ਨਹੀਂ ਪਤਾ ਲੱਗਣ ਦਿੰਦਾ। ਕਦ ਏਦਾਂ ਦੀਆਂ ਲੀਕਾਂ ਮਾਰਕੇ ਸਦੀਆਂ ਤੋਂ ਇਕੱਠੇ ਵਸਦਿਆਂ ਨੂੰ ਸਦਾ ਲਈ ਤੋੜ-ਵਿਛੋੜ ਦੇਵੇਂ ਤੇ ਮੁੜ ਆਪਣੀ ਹੀ ਜੰਮਣ-ਭੋਇ ਨੂੰ ਦੇਖਣ ਲਈ ਤਰਸਦੀਆਂ ਅੱਖਾਂ ਕਦੋਂ ਅਣਗਿਣਤ ਅਰਮਾਨ ਵਿਚੇ ਹੀ ਲੈ ਕੇ ਸਦਾ ਲਈ ਮੀਟੀਆਂ ਜਾਣ, ਕਿਹਨੂੰ ਉਲਾਂਭਾ ਦਿੱਤਾ ਜਾਵੇ?"

ਬਾਰਡਰ ਤੇ ਖੜ੍ਹ ਕੇ ਮਨ ਵਿਚ ਆਇਆ, "ਇਹ 1947 ਵਿਚ ਦੋ ਪਿੰਡਾਂ ਅਟਾਰੀ ਤੇ ਵਾਹਗੇ ਦਾ ਬਸੀਮਾ (ਬੰਨਾ) ਸੀ। ਉਦੋਂ ਕਦੇ ਕਿਸੇ ਨੇ ਚਿਤਵਿਆ ਵੀ ਨਹੀਂ ਹੋਣਾ ਕਿ ਵਕਤ ਨੇ ਇਸ ਬਸੀਮੇ ਨੂੰ ਦੁਨੀਆਂ ਦੇ ਖਤਰਨਾਕ ਬਾਰਡਰਾਂ ਵਿਚੋਂ ਇਕ ਬਣਾ ਦੇਣਾ ਹੈ। ਇਥੇ ਕੰਡਿਆਲੀਆਂ ਤਾਰਾਂ ਲਾ ਕੇ ਇਕ-ਦੂਜੇ ਵਲ ਨਾ ਮੁੱਕਣ ਵਾਲੀ ਨਫਰਤ ਪੈਦਾ ਕਰ ਦੇਣੀ ਹੈ। ਇਸੇ ਧਰਤੀ ਦੇ ਜਾਇਆਂ ਦਾ ਇਥੇ ਤੋਪਾਂ, ਟੈਂਕਾਂ, ਬੰਬਾਂ ਨਾਲ ਬੇਥਾਹ ਲਹੂ ਡੋਹਲਿਆ ਜਾਣਾ ਹੈ। ਅੱਠੇ ਪਹਿਰ ਦੋਹੀਂ ਪਾਸੀਂ ਸੰਗੀਨਾਂ ਦੇ ਪਹਿਰੇ ਵਿਚ ਇਕ ਦੂਜੇ ਨੂੰ ਘੂਰ ਕੇ ਦੇਖਦੇ ਰਹਿਣਾ ਹੈ। ਵਾਹ ਓਏ ਡਾਢਿਆ ਵਕਤਾ! ਤੇਰੀਆਂ ਰਮਜ਼ਾਂ ਤੂੰ ਹੀ ਜਾਣੇ।" ਏਨੇ ਨੂੰ ਸਕਿਉਰਿਟੀ ਵਾਲੇ ਨੇ ਸਾਨੂੰ ਵੀ ਪਾਸਪੋਰਟ ਦਿਖਾਉਣ ਲਈ ਕਿਹਾ। ਮੈਂ ਪਾਸਪੋਰਟ ਦਿਖਾਇਆ ਤੇ ਉਸਨੇ ਮੈਨੂੰ ਲੀਕ ਟੱਪ ਜਾਣ ਲਈ ਕਿਹਾ। ਮੈਂ ਇਕ ਵਾਰ ਫਿਰ ਪਿੱਛੇ ਮੁੜ ਕੇ ਦੂਰ ਤੱਕ ਦੇਖਿਆ ਤੇ ਉਹ ਲਾਂਘ ਵੀ ਪੁੱਟ ਲਈ ਜਿਹੜੀ ਮੁੜ ਪਿੱਛੇ ਨੂੰ ਨਹੀਂ ਪੁੱਟੀ ਜਾਣੀ ਸੀ। ਬਾਰਡਰ ਲਾਈਨ ਦੇ ਆਪਣੇ ਵਾਲੇ ਪਾਸੇ ਗੇਟ' ਤੇ ਬੀ.ਐਸ਼ ਐਫ਼ ਦਾ ਸਕਿਉਰਿਟੀ ਵਾਲਾ ਵੀ ਪਾਸਪੋਰਟ 'ਤੇ ਇੰਡੀਆ ਦਾ ਵੀਜ਼ਾ ਦੇਖਦਾ ਹੈ ਤੇ ਅੱਗੇ ਤੋਰ ਦਿੰਦਾ ਹੈ। ਅੱਗੇ ਆਪਣੇ ਮੁਲਕ (ਹਿੰਦੋਸਤਾਨ) ਦੇ ਇਮੀਗ੍ਰੇਸ਼ਨ ਤੇ ਕਸਟਮ ਦੇ ਦਫਤਰ ਹਨ। ਉਹ ਵੀ ਆਪਣੀ ਕਾਰਵਾਈ ਕਰਕੇ ਐਂਟਰੀ ਦੀ ਮੋਹਰ ਲਾ ਕੇ ਕਲੀਅਰ ਕਰ ਦਿੰਦੇ ਹਨ ਤੇ ਅਗਾਂਹ ਜਾਣ ਦੀ ਆਗਿਆ ਦੇ ਦਿੰਦੇ ਹਨ। ਏਦਾਂ ਕੁਝ ਕੁ ਵਿਛੜੇ ਗੁਰਧਾਮਾਂ ਦੇ ਦਰਸ਼ਨਾਂ ਦੀ ਸਾਡੀ ਯਾਤਰਾ ਮੁਕੰਮਲ ਹੋ ਗਈ ਤੇ ਅਸੀਂ ਅਟਾਰੀ ਬਾਰਡਰ ਤੋਂ ਟੈਕਸੀ ਲੈ ਕੇ ਤ੍ਰਿਕਾਲਾਂ ਨੂੰ ਜਲੰਧਰ ਕੋਲ ਆਪਣੀ ਭੈਣ ਦੇ ਪਿੰਡ ਪੁੱਜ ਗਏ ਤੇ ਉਥੋਂ ਆਪਣੀ ਕਾਰ ਲੈ ਕੇ ਆਪਣੇ ਪਿੰਡ। ਤਿੰਨ ਕੁ ਹਫਤੇ ਪਿੰਡ ਆਪਣੇ ਘਰ ਰਹਿ ਕੇ ਸਭ ਕੁਝ ਭੁੱਲ-ਭੁਲਾ ਕੇ ਮੁੜ ਤਰੋਤਾਜ਼ਾ ਹੋ ਕੇ ਫਿਰ ਪਰਦੇਸੀਂ ਚੋਗ ਚੁਗਣ ਨੂੰ ਲੰਮੀਆਂ ਵਾਟਾਂ 'ਤੇ ਚਲ ਪਏ ਜਿੱਥੇ-ਜਿੱਥੇ ਬਾਬੇ ਨਾਨਕ ਨੇ ਸਾਡੇ ਲਈ ਖਿਲਾਰੀ ਪਈ ਹੈ।

ਸਮਾਪਤ