ਵਿਛੜੇ ਗਰੁ ਧਾਮਾਂ ਦੇ ਦਰਸਨ ਦੀਦਾਰੇ ( ਕਿਸ਼ਤ ਨੰ: 12 )

ਸਫਰਨਾਮਾ -ਮਝੈਲ ਸਿੰਘ ਸਰਾਂ
(ਲੜੀ ਜੋੜਨ ਲਈ ਕਿਸ਼ਤ ਨੰ: 11 ਵੇਖੋ)

ਇਹ ਗੁਰਦੁਆਰਾ ਉਸ ਥਾਂ 'ਤੇ ਹੈ ਜਿਥੇ ਗੁਰੂ ਰਾਮਦਾਸ ਜੀ, ਜਿਨ੍ਹਾਂ ਦਾ ਪਹਿਲਾ ਨਾਂ ਜੇਠਾ ਸੀ, ਦਾ ਜਨਮ ਹੋਇਆ। ਅਸਲ ਵਿਚ ਇਹ ਉਨ੍ਹਾਂ ਦਾ ਘਰ ਸੀ। ਇਥੇ ਗੁਰਦੁਆਰੇ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਰਹਿੰਦਾ ਹੈ। ਇਸਦੇ ਦੁਆਲੇ ਸੰਘਣੀ ਆਬਾਦੀ ਹੈ ਤੇ ਇਕ ਪਾਸੇ ਚੂਨਾ ਮੰਡੀ ਬਾਜ਼ਾਰ ਹੈ। ਗੁਰਦੁਆਰਾ ਸਾਹਿਬ ਤਾਂ ਪਹਿਲਾਂ ਹੀ ਮੁਕੰਮਲ ਹੈ। ਜੇ ਇਸ ਵਿਚ ਥੋੜ੍ਹੀ ਜਹੀ ਵੀ ਕੋਈ ਮੁਰੰਮਤ ਕਰਨੀ ਹੁੰਦੀ ਹੈ ਤਾਂ ਪਹਿਲਾਂ ਪਾਕਿਸਤਾਨ ਦੇ ਪੁਰਾਤਤਵ ਮਹਿਕਮੇ ਨੂੰ ਦੱਸਣਾ ਪੈਂਦਾ ਹੈ। ਉਹ ਇਸ ਦੇ ਮੂਲ ਰੂਪ ਵਿਚ ਕੋਈ ਤਬਦੀਲੀ ਦੀ ਇਜ਼ਾਜ਼ਤ ਨਹੀਂ ਦਿੰਦੇ। ਇਸ ਦੀਆਂ ਗਰਾਊਂਡ ਫਲੋਰ ਤੋਂ ਇਲਾਵਾ 2 ਹੋਰ ਮੰਜ਼ਲਾਂ ਹਨ ਪਰ ਵਿਚਕਾਰੋਂ ਗੁੰਬਦ ਇੱਕੋ ਹੀ ਹੈ, ਇਸ ਗੁਰਦੁਆਰੇ ਦੀ ਬਿਲਡਿੰਗ ਇਕ ਵੱਖਰੀ ਤਰ੍ਹਾਂ ਦੀ ਹੈ ਭਾਵ ਤੁਸੀਂ ਅੰਦਰਲੇ ਪਾਸੇ ਇਕ ਖੂੰਜੇ ਵਿਚ ਦੀਵਾਰ ਵਲ ਮੂੰਹ ਕਰਕੇ ਹੌਲੀ ਜਿਹੇ ਵੀ ਬੋਲੇ ਤਾਂ ਬਿਲਕੁਲ ਬਿਲਡਿੰਗ ਦੇ ਦੂਜੇ ਪਾਸੇ ਕਿਸੇ ਖੂੰਜੇ ਵਿਚ ਕੰਧ ਨਾਲ ਖੜ੍ਹੇ ਦੂਜੇ ਜਣੇ ਨੂੰ ਸਾਫ ਸੁਣਦਾ ਹੈ ਜਦੋਂ ਕਿ ਵਿਚਾਲੇ ਖੜ੍ਹੇ ਨੂੰ ਕੁਝ ਨਹੀਂ ਸੁਣਦਾ। ਅਸੀਂ ਕਰਕੇ ਵੀ ਦੇਖਿਆ ਤਾਂ ਇੱਦਾਂ ਦੀਹੀ ਗੱਲ ਸੀ। ਸ਼ਾਇਦ ਇਹ ਉਹਦੀ ਆਰਕੀ ਟੈਕਚਰਲ ਬਣਤਰ ਕਰਕੇ ਹੋਊਗਾ। ਇਸ ਗੁਰਦੁਆਰੇ ਦੇ ਗੇਟ ਤੋਂ ਅੰਦਰ ਵੜਦੇ ਸਾਰ ਇਕ ਪਾਸੇ ਇਕ ਖੂਹ ਦੀ ਥਾਂ ਹੈ ਜਿਹੜਾ ਕਹਿੰਦੇ ਨੇ ਕਿ ਗੁਰੂ ਸਾਹਿਬ ਦੇ ਵੇਲੇ ਦਾ ਹੈ। ਗੁਰਦੁਆਰੇ ਦੇ ਸਾਹਮਣੇ ਜਾਂ ਇੱਦਾਂ ਕਹਿ ਲਈਏ ਕਿ ਵਿਚੋਂ ਹੀ ਇਕ ਪਾਸੇ ਮਾਰਕੀਟ ਜਿਹੀ ਬਣਦੀ ਰੁਕੀ ਹੋਈ ਸੀ। ਕਾਦਿਰ ਭਾਈ ਨੇ ਦੱਸਿਆ ਕਿ ਇਸ ਥਾਂ 'ਤੇ ਨਾਜਾਇਜ਼ ਕਬਜ਼ਾ ਕਰਕੇ ਕੋਈ ਮਾਰਕੀਟ ਬਣਾ ਰਿਹਾ ਸੀ। ਇਸ ਥਾਂ 'ਤੇ ਗੁਰੂ ਰਾਮਦਾਸ ਜੀ ਦੇ ਭਰਾ ਦਾ ਘਰ ਸੀ। ਇਥੇ ਗੁਰੂ ਜੀ ਨੇ ਆਪਣੇ ਪੁੱਤਰ ਅਰਜਨ ਦੇਵ (ਗੁਰੂ) ਨੂੰ ਆਪਣੇ ਭਤੀਜੇ ਦੇ ਵਿਆਹ 'ਤੇ ਭੇਜਿਆ ਸੀ ਜਿਸ ਵਿਚ ਵੱਡੇ ਪੁੱਤਰਾਂ ਪ੍ਰਿਥੀ ਚੰਦ ਤੇ ਮਹਾਂਦੇਵ ਨੇ ਜਾਣ ਤੋਂ ਨਾਂਹ ਕਰ ਦਿੱਤੀ ਸੀ। ਉਥੇ ਹੀ ਇਕ ਚੁਬਾਰਾ ਸੀ ਜਿਥੇ ਕਿ ਗੁਰੂ ਅਰਜਨ ਦੇਵ ਜੀ ਰਹੇ। ਵਿਰਾਗ ਵਿਚ ਆ ਕੇ ਜਿਹੜੀਆਂ ਚਿੱਠੀਆਂ ਪਿਤਾ ਗੁਰੂ ਨੂੰ ਲਿਖੀਆਂ, ਉਹ ਵੀ ਇਸੇ ਪਵਿੱਤਰ ਜਗ੍ਹਾ ਤੇ ਰਚੀਆਂ ਗਈਆਂ ਜਿਹੜੀਆਂ ਪ੍ਰਿਥੀਆ ਲੁਕਾਉਂਦਾ ਰਿਹਾ ਸੀ। ਉਹ ਵਿਰਾਗ ਮਈ ਚਿੱਠੀਆਂ ਹੀ 'ਸ਼ਬਦ ਹਜ਼ਾਰੇ' ਦੀ ਬਾਣੀ ਹੈ। ਕਾਦਿਰ ਭਾਈ ਨੇ ਦੱਸਿਆ ਕਿ ਔਕਾਫ ਬੋਰਡ ਨੇ ਕੋਰਟ ਵਿਚ ਸਟੇਅ ਆਰਡਰ ਲਏ ਹੋਏ ਹਨ ਜਿਸ ਕਰਕੇ ਕਬਜ਼ਾਕਾਰ ਨੂੰ ਉਸਾਰੀ ਰੋਕਣੀ ਪਈ। ਹੁਣ ਔਕਾਫ ਬੋਰਡ ਇਸ ਥਾਂ ਨੂੰ ਵੀ ਗੁਰਦੁਆਰੇ ਦੀ ਥਾਂ ਸਾਬਤ ਕਰ ਰਹੀ ਹੈ।

ਇਕ ਹੋਰ ਦਿਲਚਸਪ ਗੱਲ ਵੀ ਉਹਨੇ ਦੱਸੀ ਕਿ ਗੁਰਦੁਆਰੇ ਦੇ ਪਿਛਲੇ ਪਾਸੇ ਕਈ ਸਿੱਖਾਂ ਦੀਆਂ ਕੱਪੜੇ ਦੀਆਂ ਦੁਕਾਨਾਂ ਹਨ ਪਰ ਉਨ੍ਹਾਂ ਨੇ ਕਦੇ ਵੀ ਗੁਰਦੁਆਰੇ ਦੇ ਮਸਲੇ ਵਲ ਧਿਆਨ ਨਹੀਂ ਦਿੱਤਾ। ਜਦੋਂ ਕਿ ਆਲੇ ਦੁਆਲੇ ਅਤੇ ਬਾਜ਼ਾਰ ਦੇ ਸਾਰੇ ਮੁਸਲਮਾਨ ਇਹ ਥਾਂ ਗੁਰਦੁਆਰੇ ਕੋਲ ਹੀ ਰਹਿਣ ਦੇਣ ਦੇ ਹੱਕ ਵਿਚ ਹਨ। ਕੁਝ ਦੇਰ ਉਥੇ ਰੁਕ ਕੇ ਜਦੋਂ ਅਸੀਂ ਚੱਲਣ ਲੱਗੇ ਤਾਂ ਲਾਂਗਰੀ ਨੇ ਲੰਗਰ ਵੀ ਬਣਾ ਲਿਆ ਤੇ ਸਾਨੂੰ ਵੀ ਛਕਾ ਕੇ ਤੋਰਿਆ। ਬਾਹਰ ਫਿਰ ਉਸੇ ਬਾਜ਼ਾਰ ਵਿਚ ਆ ਗਏ ਤਾਂ ਕਾਦਿਰ ਭਾਈ ਨੇ ਦੱਸਿਆ ਕਿ ਇਹ ਬਾਜ਼ਾਰ 24 ਘੰਟੇ ਹੀ ਖੁੱਲ੍ਹਾ ਰਹਿੰਦਾ ਹੈ। ਕਾਰਨ ਇਹ ਕਿ ਭੀੜਾ ਹੋਣ ਕਰਕੇ ਟਰੱਕ ਤਾਂ ਅੰਦਰ ਆ ਨਹੀਂ ਸਕਦਾ ਤੇ ਸਾਮਾਨ ਦੀ ਜਿੰਨੀ ਵੀ ਲੋਡਿੰਗ ਜਾਂ ਅਨਲੋਡਿੰਗ ਹੁੰਦੀ ਹੈ, ਉਹ ਖੋਤਿਆਂ ਜਾਂ ਖੱਚਰਾਂ' ਤੇ ਹੁੰਦੀ ਹੈ ਜੋ ਅੱਧੀ ਰਾਤੀਂ ਸ਼ੁਰੂ ਹੋ ਕੇ ਸਵੇਰ 6-7 ਵਜੇ ਤੱਕ ਚਲਦੀ ਹੈ। ਚਲਦੇ-ਚਲਦੇ ਅੱਗੇ ਬਾਜ਼ਾਰ ਚੌੜਾ ਹੋਣਾ ਸ਼ੁਰੂ ਹੋ ਜਾਂਦਾ ਹੈ। ਰਸਤੇ ਵਿਚ ਉਚੀ ਚਾਰ ਦੀਵਾਰੀ ਅੰਦਰ ਵੱਡੀ ਬਿਲਡਿੰਗ ਸੀ ਤੇ ਬਾਹਰ ਵੱਡਾ ਗੇਟ, ਕਾਦਿਰ ਭਾਈ ਨੇ ਦੱਸਿਆ ਕਿ ਇਹ ਧਿਆਨ ਸਿੰਘ ਡੋਗਰੇ ਦੀ ਹਵੇਲੀ ਸੀ ਪਰ ਹੁਣ ਉਹ ਸਰਕਾਰ ਕੋਲ ਹੈ ਤੇ ਇਸ ਵਿਚ 'ਗੌਰਮਿੰਟ ਫਾਤਿਮਾ ਜਿਨਾਹ ਕਾਲਜ ਫਾਰ ਵੁਮੈਨ' ਖੁੱਲ੍ਹਿਆ ਹੋਇਆ ਹੈ।

ਸਾਨੂੰ ਕਾਰ ਵਿਚ ਬਿਠਾ ਕੇ ਕਾਦਿਰ ਫਿਰ ਚਲ ਪਿਆ ਤਾਂ ਬਾਜ਼ਾਰਾਂ ਵਿਚੋਂ ਹੀ ਜਾਂਦਿਆਂ ਇਕ ਜਗ੍ਹਾ ਕਾਰ ਰੋਕ ਕੇ ਸਾਨੂੰ ਉਤਾਰ ਲਿਆ। ਆਲਾ ਦੁਆਲਾ ਦੇਖਿਆ ਤਾਂ ਸੱਜੇ ਪਾਸੇ ਥੋੜ੍ਹੀਆਂ ਪੌੜੀਆਂ ਚੜ੍ਹ ਕੇ ਇਕ ਗੇਟ ਸੀ ਜਿਸ ਉਤੇ ਲਿਖਿਆ ਸੀ "ਗੁਰਦੁਆਰਾ ਪਾਤਸ਼ਾਹੀ ਛੇਵੀਂ, ਮੁਜੰਗ"। ਗੇਟ ਖੁੱਲ੍ਹਾ ਸੀ ਤੇ ਅੰਦਰ ਕੁਝ ਰਿਹਾਇਸ਼ੀ ਕਮਰੇ ਤੇ ਇਕ ਵੱਡਾ ਵਰਾਂਡਾ ਹੈ। ਉਥੇ ਇਕ ਮੁਸਲਮਾਨ ਪਰਿਵਾਰ ਰਹਿੰਦਾ ਲੱਗਾ। ਦੂਜੇ ਪਾਸੇ ਗੁਰਦੁਆਰੇ ਦੀ ਬਿਲਡਿੰਗ ਹੈ। ਇਹ ਗੁਰਦੁਆਰਾ ਵੀ ਮਹਾਰਾਜਾ ਰਣਜੀਤ ਸਿੰਘ ਵੇਲੇ ਦਾ ਬਣਿਆ ਹੋਇਆ ਹੈ। ਸਾਨੂੰ ਸਿੱਖਾਂ ਨੂੰ ਦੇਖ ਕੇ ਉਸ ਘਰ ਵਿਚ ਰਹਿ ਰਹੀਆਂ ਜੁਆਨ ਬੀਬੀਆਂ ਤਾਂ ਅੰਦਰ ਚਲੇ ਗਈਆਂ ਪਰ ਇਕ ਜੁਆਨ ਮੁੰਡੇ ਨੇ ਸਾਡੇ ਕੋਲ ਆ ਕੇ ਸਤਿ ਸ੍ਰੀ ਅਕਾਲ ਬੁਲਾਈ ਤੇ ਚਾਹ ਪਾਣੀ ਦੀ ਸੇਵਾ ਵੀ ਪੁੱਛੀ। ਇਕ ਬਜ਼ੁਰਗ ਬੰਦਾ ਤੇ ਬਜ਼ੁਰਗ ਮਾਈ ਬਹਾਰੇ ਵਿਚ ਹੀ ਮੰਜਿਆਂ 'ਤੇ ਬੈਠੇ ਸਾਡੇ ਵਲ ਦੇਖਦੇ ਰਹੇ। ਗੁਰਦੁਆਰੇ ਦੇ ਅੰਦਰ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ ਹੈ, ਉਹ ਥਾਂ ਥੋੜ੍ਹਾ ਉਚਾ ਹੈ ਤੇ ਛੋਟਾ ਜਿਹਾ ਗਲੀਚਾ ਵਿਛਾਇਆ ਹੋਇਆ ਸੀ। ਉਹ ਮੁੰਡਾ ਸਾਨੂੰ ਇਸ ਬਾਰੇ ਜਾਣਕਾਰੀ ਦੇਣ ਲੱਗ ਪਿਆ ਕਿ ਗਰਮੀਆਂ ਵਿਚ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਵਤਾਰ ਪੁਰਬ ਹੁੰਦਾ ਹੈ ਤਾਂ ਸਿੱਖ ਅਖੰਡ ਪਾਠ ਕਰਵਾਉਂਦੇ ਹਨ, ਦੀਵਾਨ ਸਜਾਉਂਦੇ ਤੇ ਲੰਗਰ ਤਿਆਰ ਕਰਦੇ ਹਨ।

ਇਸ ਗੁਰਦੁਆਰੇ ਦਾ ਇਤਿਹਾਸ ਉਸ ਇਸ ਤਰ੍ਹਾਂ ਦੱਸਿਆ ਕਿ ਗੁਰੂ ਹਰਗੋਬਿੰਦ ਸਾਹਿਬ ਜਦੋਂ ਸ੍ਰੀ ਨਗਰ (ਕਸ਼ਮੀਰ) ਗਏ ਸਨ ਤਾਂ ਇਸ ਥਾਂ ਤੇ ਵਿਸ਼ਰਾਮ ਕੀਤਾ ਸੀ। ਉਸ ਵੇਲੇ ਉਨ੍ਹਾਂ ਨਾਲ ਕੁਝ ਸਿੰਘ ਵੀ ਸਨ। ਇਥੇ ਗੁਰੂ ਜੀ ਨੇ ਸਿੰਘਾਂ ਸਮੇਤ ਕੀਰਤਨ ਵੀ ਕੀਤਾ। ਇਸ ਥਾਂ ਦੇ ਨਾਲ ਦੱਖਣ ਵਲ ਕਾਜ਼ੀ ਰੁਸਤਮ ਖਾਂ ਦੀ ਹਵੇਲੀ ਸੀ, ਜਿੱਥੇ ਹੁਣ ਬੜੀ ਸੰਘਣੀ ਆਬਾਦੀ ਵਾਲੇ ਦੁਮੰਜ਼ਲੇ-ਤਿੰਨ ਮੰਜ਼ਲੇ ਘਰ ਦਿਸ ਰਹੇ ਹਨ। ਇਸੇ ਕਾਜ਼ੀ ਦੀ ਧੀ ਦਾ ਨਾਂ 'ਕੌਲਾਂ' ਸੀ ਜਿਸ ਨੂੰ ਸਿੱਖ ਜਗਤ "ਮਾਤਾ ਕੌਲਾਂ" ਦਾ ਅਦਬ ਦਿੰਦਾ ਹੈ। ਗੁਰੂ ਜੀ ਦੇ ਠਹਿਰਨ ਸਮੇਂ ਗੁਰਬਾਣੀ ਦੇ ਕੀਰਤਨ ਨੇ ਗੁਆਂਢ ਵਿਚ ਰਹਿੰਦੀ ਕਾਜ਼ੀ ਦੀ ਧੀ ਕੌਲਾਂ 'ਤੇ ਵੀ ਬਹੁਤ ਅਸਰ ਪਾਇਆ। ਦੂਜਾ, ਕੌਲਾਂ ਅਤੇ ਉਹਦੀ ਮਾਂ ਸਾਈਂ ਮੀਆਂ ਮੀਰ ਜੀ ਕੋਲ ਇਬਾਦਤ ਲਈ ਜਾਂਦੀਆਂ ਸਨ ਤੇ ਅੱਗੋਂ ਸਾਈਂ ਜੀ ਗੁਰੂ ਅਰਜਨ ਦੇਵ ਜੀ ਦੀ ਉਚਾਰੀ ਬਾਣੀ ਦਾ ਜ਼ਿਕਰ 'ਧੁਰ ਦਰਗਾਹ ਦੀ ਬਾਣੀ' ਕਹਿਕੇ ਕਰਿਆ ਕਰਦੇ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਪੀਰਾਂ ਦਾ ਵੀ ਪੀਰ ਕਹਿ ਕੇ ਅਦਬ ਦਿੰਦੇ। ਇਸ ਨਾਲ ਬੀਬੀ ਕੌਲਾਂ ਗੁਰੂ ਜੀ ਦੇ ਦਰਸ਼ਨਾਂ ਲਈ ਉਤਾਵਲੀ ਹੋ ਗਈ, ਜਦੋਂ ਉਹਨੇ ਆਪਣੇ ਕਾਜ਼ੀ ਬਾਪ ਕੋਲ ਗੁਰੂ ਜੀ ਦੀ ਸ਼ੋਭਾ ਵਿਚ ਕੁਝ ਬੋਲ ਦਿੱਤਾ ਤਾਂ ਕਾਜ਼ੀ ਨੇ ਉਹਦਾ ਬਾਹਰ ਜਾਣਾ ਬੰਦ ਕਰ ਦਿੱਤਾ। ਉਸ ਮੁੰਡੇ ਨੇ ਕਿਹਾ ਕਿ ਫਿਰ ਮਾਤਾ ਕੌਲਾਂ ਨੇ ਗੁਰੂ ਜੀ ਦਾ ਧਿਆਨ ਧਰ ਕੇ ਅਰਦਾਸ ਕੀਤੀ ਕਿ ਮੈਨੂੰ ਮੁਤਸਬੀ ਬਾਪ ਦੀ ਜੇਲ੍ਹ ਤੋਂ ਆਪ ਗੁਰੂ ਜੀ ਬਚਾਵੋ। ਇਹ ਗੱਲਾਂ ਉਹ ਸਾਨੂੰ ਗੁਰਦੁਆਰੇ ਦੀ ਇਮਾਰਤ ਦੇ ਨਾਲ ਇਕ ਦਰਖਤ ਕੋਲ ਖੜ੍ਹ ਕੇ ਦੱਸ ਰਿਹਾ ਸੀ, ਇਸ ਨੂੰ ਵੀ ਉਹਨੇ ਜੰਡ ਹੀ ਦੱਸਿਆ, ਪਰ ਇੱਦਾਂ ਲਗਦਾ ਸੀ ਕਿ ਇਹ ਟੁੱਟ ਕੇ ਮੁੜ ਫੁੱਟਿਆ ਹੋਇਆ ਹੈ। ਇਥੇ ਹੀ ਇਕ ਪਿੱਪਲ ਨਾਲ ਗੁਰੂ ਜੀ ਘੋੜਾ ਬੰਨ੍ਹਦੇ ਹੁੰਦੇ ਸਨ।

ਇਥੇ ਗੁਰੂ ਜੀ ਕਸ਼ਮੀਰ ਤੋਂ ਵਾਪਸੀ ਤੇ ਫਿਰ ਆਏ ਤਾਂ ਸੁਨੇਹਾ ਭਿਜਵਾ ਕੇ ਬੀਬੀ ਕੌਲਾਂ ਨੂੰ ਇਸੇ ਜਗ੍ਹਾ 'ਤੇ ਸੱਦ ਲਿਆ। ਇਥੋਂ ਹੀ ਗੁਰੂ ਜੀ ਆਪ ਬੀਬੀ ਕੌਲਾਂ ਨੂੰ ਲੈ ਕੇ ਅੰਮ੍ਰਿਤਸਰ ਚਲੇ ਗਏ। ਇਸ ਯਾਦ ਵਿਚ ਇਹ ਗੁਰਦੁਆਰਾ ਪਾਤਿਸ਼ਾਹੀ ਛੇਵੀਂ, ਮੁਜੰਗ ਹੈ। ਉਸ ਮੁੰਡੇ ਨੂੰ ਜਦੋਂ ਅਸੀਂ ਪੁੱਛਿਆ ਕਿ ਜੋ ਕੁਝ ਸਾਨੂੰ ਉਹ ਦੱਸ ਰਿਹਾ ਸੀ, ਉਸ ਨੂੰ ਇਸ ਇਤਿਹਾਸ ਬਾਰੇ ਕਿੱਦਾਂ ਪਤਾ ਹੈ? ਤਾਂ ਉਸਨੇ ਦੱਸਿਆ ਕਿ ਉਹ ਇਥੇ ਚੌਕੀਦਾਰ ਹੈ ਤੇ ਉਸ ਦਾ ਪਰਿਵਾਰ ਹੀ ਇਥੇ ਰਿਹਾਇਸ਼ੀ ਕਮਰਿਆਂ ਵਿਚ ਰਹਿੰਦਾ ਹੈ ਤੇ ਇਸ ਗੁਰਦੁਆਰੇ ਦੀ ਸਾਫ-ਸਫਾਈ ਵੀ ਉਹ ਹੀ ਕਰਦੇ ਹਨ। ਅਸਲ ਵਿਚ ਉਹ ਔਕਾਫ ਬੋਰਡ ਦਾ ਕਰਮਚਾਰੀ ਹੈ। ਜਿੱਦਾਂ ਕਾਦਿਰ ਭਾਈ ਨੂੰ ਗੁਰਦੁਆਰਿਆਂ ਬਾਰੇ ਬਹੁਤ ਜਾਣਕਾਰੀ ਸੀ, ਉਸੇ ਤਰ੍ਹਾਂ ਉਸ ਨੂੰ ਉਥੇ ਵਾਪਰ ਦੀਆਂ ਘਟਨਾਵਾਂ ਦਾ ਵੀ ਪੂਰਾ-ਪੂਰਾ ਪਤਾ ਸੀ। ਫਿਰ ਉਹ ਹੀ ਸਾਨੂੰ ਦੱਸਣ ਲੱਗਾ ਕਿ ਇਸ ਪਰਿਵਾਰ ਨਾਲ ਪਿਛਲੇ ਹਫ਼ਤੇ ਬੜੀ ਵੱਡੀ ਮੰਦਭਾਗੀ ਘਟਨਾ ਵਾਪਰ ਗਈ। ਇਸ ਮੁੰਡੇ ਦਾ ਬਾਪ, ਇਥੋਂ ਦਾ ਚੌਕੀਦਾਰ ਸੀ ਜਿਸ ਦੀ ਅਚਾਨਕ ਇਕ ਹਫਤਾ ਪਹਿਲਾਂ ਮੌਤ ਹੋ ਗਈ। ਬਜ਼ੁਰਗ ਤੇ ਮਾਈ ਬਾਰੇ ਉਸਨੇ ਦੱਸਿਆ ਕਿ ਉਹ ਉਹਦੇ ਬਾਪ ਤੇ ਮਾਂ ਮਤਲਬ ਇਸ ਮੁੰਡੇ ਦੇ ਦਾਦਾ-ਦਾਦੀ ਹਨ। ਉਹਨੇ ਹੀ ਦੱਸਿਆ ਕਿ ਇਹੋ ਇਕ ਗੁਰਦੁਆਰਾ ਹੈ ਜਿੱਥੇ ਰਹਿਣ ਲਈ ਘਰ ਔਕਾਫ ਬੋਰਡ ਦੇ ਚੌਕੀਦਾਰ ਨੂੰ ਮੁਫਤ ਦਿੱਤਾ ਜਾਂਦਾ ਹੈ ਤੇ ਤਨਖਾਹ ਤਾਂ ਮਿਲਣੀ ਹੀ ਮਿਲਣੀ ਹੈ। ਕਾਦਿਰ ਹੀ ਦੱਸਦਾ ਸੀ ਕਿ ਉਹਦੇ ਅੱਬੂ ਦੀ ਮੌਤ ਤੋਂ ਬਾਅਦ ਬਹੁਤ ਸਾਰੇ ਔਕਾਫ ਬੋਰਡ ਦੇ ਚੌਕੀਦਾਰ ਇਥੇ ਆਪਣੀ ਬਦਲੀ ਕਰਾਉਣੀ ਚਾਹੁੰਦੇ ਸਨ ਕਿਉਂਕਿ ਲਾਹੌਰ ਦੇ ਇਸ ਵਧੀਆ ਇਲਾਕੇ ਵਿਚ ਰਿਹਾਇਸ਼ ਮਿਲਣੀ ਬੜੀ ਔਖੀ ਹੀ ਨਹੀਂ, ਮਹਿੰਗੀ ਵੀ ਬਹੁਤ ਹੈ। ਉਹਨੇ ਦੱਸਿਆ ਕਿ ਦੋ ਦਿਨ ਪਹਿਲਾਂ ਹੀ ਇਹਦੇ ਅੱਬੂ ਦੀਆਂ ਅੰਤਿਮ ਰਸਮਾਂ ਸਮੇਂ ਔਕਾਫ ਬੋਰਡ ਦੇ ਵੱਡੇ ਅਧਿਕਾਰੀ ਵੀ ਆਏ ਸਨ ਤੇ ਇਥੋਂ ਦੇ ਲੋਕਾਂ ਨੇ ਇਸ ਪਰਿਵਾਰ ਦੀ ਮਦਦ ਕਰਨ ਲਈ ਉਨ੍ਹਾਂ ਨੂੰ ਅਪੀਲ ਕੀਤੀ ਸੀ ਤਾਂ ਉਨ੍ਹਾਂ ਨੇ ਇਸ ਮੁੰਡੇ ਨੂੰ ਬਾਪ ਦੀ ਥਾਂ ਪੱਕੀ ਨੌਕਰੀ ਵੀ ਦੇ ਦਿੱਤੀ ਤੇ ਨਾਲ ਹੀ ਪੋਸਟਿੰਗ ਵੀ ਇੱਥੇ ਹੀ ਕਰ ਦਿੱਤੀ। ਇਹ ਸੁਣ ਕੇ ਮੇਰੇ ਵੱਡੇ ਭਰਾ ਨੇ ਉਸ ਬਜ਼ੁਰਗ 'ਤੇ ਮਾਈ ਕੋਲ ਉਨ੍ਹਾਂ ਦੇ ਪੁੱਤ ਦੇ ਅਚਾਨਕ ਤੁਰ ਜਾਣ 'ਤੇ ਅਫਸੋਸ ਵੀ ਕੀਤਾ। ਉਹ ਬਜ਼ੁਰਗ ਬਹੁਤ ਘੱਟ ਬੋਲਦਾ ਸੀ ਤੇ ਬੱਸ ਇੰਨਾ ਹੀ ਕਹਿੰਦਾ ਸੀ ਕਿ ਜੋ ਅੱਲਾਹ ਨੂੰ ਮਨਜ਼ੂਰ। ਉਸ ਮੁੰਡੇ ਦੀ ਮਾਂ ਵੀ ਉਥੇ ਹੀ ਇਕ ਮੰਜੇ 'ਤੇ ਬੈਠੀ ਸੀ। ਉਸ ਨੇ ਹੀ ਦੱਸਿਆ ਕਿ ਮਾੜਾ ਜਿਹਾ ਬੀਮਾਰ ਹੋਇਆ ਤਾਂ ਹਸਪਤਾਲ ਲੈ ਗਏ ਸੀ, ਬੱਸ ਉਥੋਂ ਹੀ ਫੌਤ ਹੋ ਕੇ ਆਇਆ। ਨਾਲੇ ਗੁਰਦੁਆਰੇ ਵਲ ਨੂੰ ਹੱਥ ਕਰਕੇ ਕਹਿ ਰਹੀ ਸੀ ਕਿ ਅਸੀਂ ਤਾਂ ਅੱਜ ਤੱਕ ਇਥੋਂ ਹੀ ਸਾਰਾ ਕੁਝ ਲਿਆ, ਅੱਗੋਂ ਵੀ ਇੱਥੋਂ ਦੀ ਸੰਭਾਲ ਸਾਨੂੰ ਮਿਲ ਗਈ ਹੈ। ਆਪੇ ਹੀ ਔਖੇ ਦਿਨ ਵੀ ਨਿਕਲ ਜਾਣਗੇ।

ਉਥੋਂ ਤੁਰਨ ਲੱਗਿਆਂ ਮੇਰੇ ਭਰਾ ਨੇ ਕੁਝ ਪੈਸੇ ਉਸ ਮੁੰਡੇ ਨੂੰ ਦੇ ਦਿੱਤੇ ਜਿਹੜੇ ਉਹਨੇ ਬਿਨਾਂ ਨਾਂਹ ਕੀਤਿਆਂ ਜਕਦੇ ਜਿਹੇ ਨੇ ਫੜ ਲਏ ਤੇ ਉਹ ਦੀਆਂ ਅੱਖਾਂ ਹੀ ਧੰਨਵਾਦ ਕਰਦੀਆਂ ਲੱਗੀਆਂ। ਉਹਦੀ ਮਾਂ ਆਖਣ ਲਗੀ, 'ਸਾਨੂੰ ਗੁਰੂ ਦੀਆਂ ਸੰਗਤਾਂ ਦਾ ਵੱਡਾ ਆਸਰਾ ਹੈ। 'ਉਥੋਂ ਤੁਰਨ ਵੇਲੇ ਇਕ ਗੱਲ ਜ਼ਿਹਨ ਵਿਚ ਆਈ ਕਿ ਇਹ ਗੁਰਦੁਆਰਾ ਗੁਰੂ ਜੀ ਵਲੋਂ ਕਾਜ਼ੀ ਦੀ ਧੀ ਕੌਲਾਂ ਨੂੰ, ਉਹਦੇ ਪਿਉ ਦੀ ਮਰਜ਼ੀ ਦੇ ਵਿਰੁਧ ਆਪਣੇ ਨਾਲ ਅੰਮ੍ਰਿਤਸਰ ਲਿਜਾਣ ਦੀ ਯਾਦ ਵਿਚ ਹੈ। ਇਹ ਗੁਰਦੁਆਰਾ ਸੰਘਣੀ ਮੁਸਲਮਾਨ ਆਬਾਦੀ ਵਿਚ ਹੈ। ਕਦੇ ਵੀ ਕਿਸੇ ਮੁਸਲਮਾਨ ਨੇ ਇਸ ਵਲ ਨਫ਼ਰਤ ਭਰੀ ਅੱਖ ਨਹੀਂ ਚੁੱਕੀ, ਉਲਟਾ ਪੂਰਾ ਅਦਬ ਦਿੱਤਾ ਜਾਂਦਾ ਹੈ। ਭਾਵੇਂ 1947 ਵਿਚ ਕਿੰਨੀ ਨਫਰਤ ਸਿੱਖਾਂ ਤੇ ਮੁਸਲਮਾਨਾਂ ਵਿਚ ਹੋ ਗਈ ਸੀ ਪਰ ਉਨ੍ਹਾਂ ਕਦੀ ਵੀ ਇਸ ਨੂੰ ਕੌਮ ਦੀ ਇੱਜ਼ਤ ਦਾ ਸਵਾਲ ਨਹੀਂ ਬਣਾਇਆ ਕਿ ਇਕ ਮੁਸਲਮਾਨਾਂ ਦੀ ਧੀ ਨੂੰ ਸਿੱਖ ਗੁਰੂ ਲੈ ਕਿੱਦਾਂ ਗਿਆ? ਹੁਣ ਵੀ ਜਦੋਂ ਉਹ ਮੁਸਲਮਾਨ ਚੌਕੀਦਾਰ ਹੀ ਸਾਰਾ ਕੁਝ ਦੱਸ ਰਿਹਾ ਸੀ ਤਾਂ ਵੀ ਗੁਰੂ ਜੀਦਾ ਨਾਂ ਅਦਬ ਨਾਲ ਲੈਂਦਾ ਸੀ ਤੇ ਕਾਜ਼ੀ ਦਾ ਆਪਣੀ ਧੀ ਕੌਲਾਂ ਨੂੰ ਗੁਰੂ ਦਰਸ਼ਨਾਂ ਤੋਂ ਰੋਕਣ ਨੂੰ ਗ਼ਲਤ ਕਹਿੰਦਾ ਸੀ। ਮੈਂ ਸੋਚਿਆ ਕਿਤੇ ਇਹੋ ਜਿਹੀ ਯਾਦਗਾਰ ਆਪਣੇ ਮੁਲਕ ਵਿਚ ਨਿੱਕਰਧਾਰੀਆਂ ਵਲ ਬਣੀ ਹੁੰਦੀ ਤਾਂ ਹੁਣ ਤੱਕ ਰੋੜਾ ਵੀ ਉਥੇ ਨਹੀਂ ਸੀ ਰਹਿਣ ਦੇਣਾ।

ਕਾਦਿਰ ਭਾਈ ਸਾਨੂੰ ਲਾਹੌਰ ਵੀ ਥੋੜ੍ਹਾ ਦਿਖਾਉਣਾ ਚਾਹੁੰਦਾ ਸੀ, ਉਸ ਤੋਂ ਪਹਿਲਾਂ ਉਹ ਸਾਨੂੰ ਗੁਰਦੁਆਰਾ ਭਾਈ ਤਾਰੂ ਸਿੰਘ ਜੀ ਸ਼ਹੀਦ ਦਿਖਾਉਣ ਲੈ ਗਿਆ। ਅਸਲ ਵਿਚ ਇਹ ਗੁਰਦੁਆਰਾ ਤਾਂ ਗੁਰਦੁਆਰਾ ਸ਼ਹੀਦ ਸਿੰਘ ਸਿੰਘਣੀਆਂ ਦੇ ਨੇੜੇ ਹੀ ਨੌ ਲੱਖਾ ਬਾਜ਼ਾਰ ਵਿਚ ਹੈ। ਬਾਜ਼ਾਰ ਵਿਚ ਇਕ ਬਹੁਤ ਹੀ ਛੋਟਾ ਜਿਹਾ ਗੇਟ ਸੀ, ਜਿੱਦਾਂ ਪਹਿਲਾਂ ਹੀ ਦੱਸਿਆ ਕਿ ਇਹ ਬਾਜ਼ਾਰ ਬਹੁਤ ਭੀੜਾ ਹੈ। ਦੋਵੇਂ ਪਾਸੀਂ ਦੁਕਾਨਾਂ ਹੀ ਦੁਕਾਨਾਂ ਹਨ। ਬੱਸ ਇਨ੍ਹਾਂ ਦੁਕਾਨਾਂ ਦੇ ਵਿਚਾਲੇ ਹੀ ਗੇਟ ਸੀ ਜਿਸ ਨੂੰ ਜਿੰਦਾ ਲੱਗਾ ਹੋਇਆ ਸੀ। ਕਾਦਿਰ ਨੇ ਕਿਸੇ ਨੂੰ ਟੈਲੀਫੋਨ ਕੀਤਾ ਹੋਇਆ ਸੀ, ਉਹ ਸ਼ਾਇਦ ਉਥੇ ਹੀ ਕਿਸੇ ਦੁਕਾਨ ਦਾ ਮਾਲਕ ਹੋਵੇਗਾ। ਉਹਨੇ ਆ ਕੇ ਜਿੰਦਾ ਖੋਲ੍ਹ ਦਿੱਤਾ ਤਾਂ ਅਸੀਂ ਅੰਦਰ ਲੰਘ ਗਏ। ਗੁਰਦੁਆਰਾ ਤਾਂ ਛੋਟਾ ਜਿਹਾ ਹੈ, ਨਿਸ਼ਾਨ ਸਾਹਿਬ ਵੀ ਹੈ ਤੇ ਪੱਛੋਂਦੇ ਪਾਸੇ ਨੂੰ ਖਾਲੀ ਥਾਂ ਜਿਵੇਂ ਖੋਲ੍ਹਾ ਹੁੰਦੈ ਪਿਆ ਹੈ। ਲਹਿੰਦੇ ਪਾਸੇ ਇਕ ਛੋਟੀ ਜਿਹੀ ਵਰਕਸ਼ਾਪ ਚਲਦੀ ਹੈ। ਗੁਰਦੁਆਰੇ ਦੇ ਬਾਹਰ ਵਾਰ ਇਕ ਪਾਸੇ ਕੂੜਾ ਕਾਗਜ਼ ਜਿਹੇ ਸੁੱਟੇ ਹੋਏ ਹਨ। ਚੜ੍ਹਦੇ ਪਾਸੇ ਗੁਰਦੁਆਰੇ ਦੇ ਨਾਲ ਹੀ 'ਸ਼ਾਹ ਕਾਕੂ ਚਿਸ਼ਤੀ' ਦਾ ਦਰਬਾਰ ਹੈ। ਇਹ ਦੀ ਬਿਲਡਿੰਗ ਨਵੀਂ ਬਣੀ ਹੋਈ ਹੈ। ਇਸ ਬਾਰੇ ਕਾਦਿਰ ਨੇ ਦੱਸਿਆ ਕਿ ਇਹ ਬਾਬਾ ਫਰੀਦ ਜੀ ਦੀ ਅੰਸ਼-ਵੰਸ਼ ਵਿਚੋਂ ਸੀ ਤੇ ਮੀਰ ਮੰਨੂ ਦਾ ਧਾਰਮਿਕ ਗੁਰੂ ਰਿਹੈ। ਸ਼ਾਹ ਕਾਕੂ ਦੇ ਦਰਬਾਰ ਅਤੇ ਗੁਰਦੁਆਰੇ ਦੇ ਵਿਚਕਾਰ ਇਕ ਕੰਧ ਬਣਦੀ-ਬਣਦੀ ਰੁਕੀ ਹੋਈ ਲੱਗੀ ਤਾਂ ਕਾਦਿਰ ਨੇ ਦੱਸਿਆ ਕਿ ਦਰਬਾਰ ਵਾਲੇ ਗੁਰਦੁਆਰੇ ਦੀ ਜ਼ਮੀਨ ਤੇ ਨਾਜਾਇਜ਼ ਕਬਜ਼ਾ ਕਰਨਾ ਚਾਹੁੰਦੇ ਸਨ, ਕਿਉਂਕਿ ਜਿਹੜਾ ਬਾਜ਼ਾਰ ਵਿਚੋਂ ਗੇਟ ਹੈ, ਉਹ ਗੁਰਦੁਆਰੇ ਦਾ ਹੈ। ਦਰਬਾਰ ਵਾਲੇ ਚਾਹੁੰਦੇ ਸਨ ਕਿ ਇਹ ਗੇਟ ਉਸ ਪਾਸੇ ਆ ਜਾਵੇ ਕਿਉਂਕਿ ਦਰਬਾਰ ਨੂੰ ਬਾਜ਼ਾਰ ਵਿਚੋਂ ਕੋਈ ਰਸਤਾ ਨਹੀਂ ਹੈ, ਪਰ ਹੁਣ ਔਕਾਫ ਬੋਰਡ ਨੇ ਕੋਰਟ ਵਿਚੋਂ ਸਟੇਅ ਲੈ ਕੇ ਕੰਧ ਬਣਨੋਂ ਰੁਕਵਾ ਦਿੱਤੀ ਹੈ ਤੇ ਇਸ ਗੇਟ ਦੀ ਵਰਤੋਂ ਸਿਰਫ ਗੁਰਦੁਆਰੇ ਲਈ ਹੀ ਕੀਤੀ ਜਾਂਦੀ ਹੈ। ਇਸ ਕਰਕੇ ਮੁਸਲਮਾਨ ਹੁਣ ਇੱਧਰ ਆਉਣੇ ਘਟ ਗਏ ਹਨ। ਉਥੇ ਖੜ੍ਹ ਕੇ ਉਸ ਸਮੇਂ ਨੂੰ ਯਾਦ ਕੀਤਾ ਤੇ ਫਿਰ ਭਾਈ ਤਾਰੂ ਸਿੰਘ ਦਾ ਖੋਪੜੀ ਉਤਰਿਆ ਸਿਰ ਮਨ-ਮਸਤਕ ਵਿਚ ਲਿਆਂਦਾ। ਉਸ ਜਗ੍ਹਾਨੂੰ ਅੱਖਾਂ ਭਰ ਕੇ ਦੇਖਿਆ ਜਿੱਥੇ ਇਹ ਇਕ ਜਿਊਂਦੇ - ਜਾਗਦੇ ਇਨਸਾਨ ਨਾਲ ਵਾਪਰਿਆ ਤੇ ਉਹ ਵੀ ਚਿੱਟੇ ਦਿਨ ਰੱਬ ਤੋਂ ਬੇਖੌਫ ਹੋ ਕੇ ਸਭ ਤੋਂ ਭੀੜੇ ਚੌਂਕ 'ਨਖਾਸ ਚੌਕ' ਦੇ ਨਾਲ ਲੋਕਾਂ ਦੀ ਭੀੜ ਦੇ ਕੋਲ। ਫਿਰ ਉਸ ਇਨਸਾਨ ਨੂੰ ਇਸੇ ਹਾਲਾਤ ਵਿਚ ਪਿਆ ਰਹਿਣ ਦਿੱਤਾ ਤਿਲ-ਤਿਲ ਹੋ ਕੇ ਮਰਨ ਨੂੰ। ਲੋਕਾਈ ਨੂੰ ਖਬਰਦਾਰ ਕਰ ਦਿੱਤਾ ਕਿ ਜਿਸ ਨੇ ਵੀ ਹਮਦਰਦੀ ਦਿਖਾਈ ਤਾਂ ਇਸ ਵਰਗਾ ਹਸ਼ਰ ਉਹਦਾ ਵੀ ਕੀਤਾ ਜਾਊਗਾ ਤੇ ਧੰਨ ਉਹ ਗੁਰੂ ਦਾ ਸਿੱਖ ਜਿਹੜਾ ਇਹਨੂੰ ਵੀ 'ਤੇਰਾ ਭਾਣਾ ਮੀਠਾ ਲਾਗੇ' ਕਰਕੇ ਜਰ ਹੀ ਨਹੀਂ ਗਿਆ ਸਗੋਂ ਸ਼ੁਕਰਾਨਾ ਕੀਤਾ ਕਿ ਤੂੰ ਮੇਰੀ ਰੱਖ ਲਈ ਕਿ ਮੇਰੇ ਕੇਸ ਸਿਰ ਨਾਲ ਹੀ ਰਹੇ, ਸਿੱਖੀ ਕੇਸਾਂ ਸੁਆਸਾਂ ਨਾਲ ਨਿਭ ਚੱਲੀ। ਕਹਿੰਦੇ ਹਨ ਕਿ ਭਾਈ ਤਾਰੂ ਸਿੰਘ ਇਸੇ ਤਰ੍ਹਾਂ ਇਥੇ ਪਿਆ ਰਿਹਾ ਤੇ ਨਿਤਨੇਮ ਨਾਲ ਜੁੜੇ ਰਹੇ ਨੇ ਹੀ ਸੁਆਸ ਛੱਡੇ। ਉਸ ਪਵਿੱਤਰ ਸ਼ਹੀਦ ਦੀ ਜਗ੍ਹਾ ਨੂੰ ਫਿਰ ਪ੍ਰਣਾਮ ਕੀਤਾ, ਜਿਹਦਾ ਜ਼ਿਕਰ ਅਰਦਾਸ ਵਿਚ ਰੋਜ਼ ਕਰੀਦਾ ਤੇ ਇਕ ਦੁਆ ਵੀ ਕੀਤੀ ਕਿ ਐਹੋ ਜਿਹੀ ਅਡੋਲਤਾ ਤੇ ਸ਼ੁਕਰਾਨਾ ਕਰਨ ਦੀ ਭੋਰਾ ਕੁ ਬਖਸ਼ਿਸ਼ ਮੇਰੇ ਵਰਗੇ ਬੰਦੇ ਤੇ ਵੀ ਰੱਬਾ ਕਰ ਦੇਈਂ ਜਿਹੜਾ ਅੱਜ-ਕੱਲ੍ਹ ਛੋਟੀ-ਛੋਟੀ ਗੱਲ ਤੋਂ ਐਨਾ ਤ੍ਰਹਿੰਦਾ ਕਿ ਬੇਵਜ੍ਹਾ ਤੈਨੂੰ ਉਲਾਂਭੇ ਦੇਈ ਜਾਂਦੈ।

ਫਿਰ ਕਾਦਿਰ ਭਾਈ ਸਾਨੂੰ ਲਾਹੌਰ ਦਿਖਾਉਣ ਚਲ ਪਿਆ। ਉਸ ਪੁਛਿਆ ਕਿ ਜੇ ਕੋਈ ਚੀਜ਼ ਖਰੀਦਣੀ ਹੋਈ ਤਾਂ ਦੱਸ ਦਿਓ। ਅਸੀਂ ਕਿਹਾ ਕਿ ਕੁਝ ਖਰੀਦਣਾ ਤਾਂ ਹੈ ਨਹੀਂ ਪਰ ਲੰਘਦੇ-ਲੰਘਦੇ ਇਕ ਬਾਜ਼ਾਰ ਵਿਚੋਂ ਨਿਕਲੇ ਤਾਂ ਉਥੇ ਦੇਸੀ ਜੁੱਤੀਆਂ ਦੀਆਂ ਬਹੁਤ ਦੁਕਾਨਾਂ ਸਨ। ਉਸਨੇ ਦੱਸਿਆ ਕਿ ਇਹ ਜ਼ਿਆਦਾ ਕਸੂਰ ਤੋਂ ਮੰਗਵਾਂਦੇ ਹਨ ਤੇ ਅੱਗੇ ਵੀ ਸਪਲਾਈ ਹੁੰਦੀਆਂ। ਤਿੱਲੇ ਨਾਲ ਕੱਢੀਆਂ, ਨੋਕਾਂ ਵਾਲੀਆਂ ਜੁੱਤੀਆਂ ਬਹੁਤ ਸਨ। ਮੈਂ ਕਿਹਾ ਕਿ ਮੇਰਾ ਜੀਅ ਕਰਦੈ ਬਿਨਾਂ ਕਢਾਈ ਤੋਂ ਜੁੱਤੀ ਲੈਣ ਨੂੰ ਤਾਂ ਉਹ ਝੱਟ ਇਕ ਦੁਕਾਨ 'ਤੇ ਰੁਕ ਗਿਆ। ਬੱਸ ਮੈਨੂੰ ਤਾਂ ਇਕ ਸਾਦੀ ਜਿਹੀ ਜੁੱਤੀ ਪਸੰਦ ਆ ਗਈ। ਜਦੋਂ ਮੇਰਾ ਭਰਾ ਦੁਕਾਨ ਵਾਲੇ ਨੂੰ ਪੈਸੇ ਦੇਣ ਲੱਗਿਆ ਤਾਂ ਕਾਦਿਰ ਕਹਿੰਦਾ, 'ਕਿੰਨੇ ਦੇਣ ਲੱਗੇ ਹੋ', ਦੱਸਣ ਤੇ ਦੁਕਾਨ ਵਾਲੇ ਨੂੰ ਕਹਿੰਦਾ ਕਿ ਸਰਦਾਰ ਮਹਿਮਾਨ ਹਨ ਤਾਂ ਉਹਨੇ ਪਹਿਲਾਂ ਦੱਸੇ ਮੁੱਲ ਨਾਲੋਂ ਅੱਧੇ ਪੈਸੇ ਲਏ।

ਸਾਨੂੰ ਉਹ ਮਾਲ ਰੋਡ 'ਤੇ ਲੈ ਕੇ ਚਲ ਪਿਆ। ਜ਼ਿਆਦਾ ਤਰ ਸਰਕਾਰੀ ਬਿਲਡਿੰਗਾਂ ਇਸੇ ਰੋਡ 'ਤੇ ਹਨ। ਇਹ ਸਾਰੀਆਂ ਹੀ ਅੰਗਰੇਜ਼ਾਂ ਦੀਆਂ ਬਣੀਆਂ ਹੋਈਆਂ ਹਨ। ਉਚੀਆਂ ਉਚੀਆਂ, ਵੱਡੇ - ਵੱਡੇ ਗੇਟਾਂ ਵਾਲੀਆਂ ਹਨ। ਜਿੱਦਾਂ ਦੀਆਂ ਦਿੱਲੀ ਵਿਚ ਹਨ। ਮਾਲ ਰੋਡ ਬਾਰੇ ਕਾਦਿਰ ਭਾਈ ਨੇ ਦੱਸਿਆ ਕਿ ਇਹ ਦਾ ਪਲਾਨ ਮਹਾਰਾਜਾ ਰਣਜੀਤ ਸਿੰਘ ਵੇਲੇ ਬਣ ਚੁੱਕਾ ਸੀ ਪਰ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਦੀ ਮੌਤ ਹੋਣ ਕਰਕੇ ਇਹ ਸਕੀਮ ਸਿਰੇ ਨਹੀਂ ਸੀ ਚੜ੍ਹੀ। ਜਦੋਂ ਅੰਗਰੇਜ਼ਾਂ ਦਾ ਪੰਜਾਬ 'ਤੇ ਕਬਜ਼ਾ ਹੋ ਗਿਆ ਤਾਂ ਉਨ੍ਹਾਂ ਨੇ ਉਹੀ ਪਲਾਨ ਜਾਚਿਆ ਤਾਂ ਸਹੀ ਲੱਗਿਆ। ਉਸੇ ਮੁਤਾਬਿਕ ਹੀ ਮਾਲ ਰੋਡ ਬਣੀ। ਹੁਣ ਇਸ ਤੇ ਵੱਡੇ-ਵੱਡੇ ਸਟੋਰ ਵੀ ਹਨ। ਇਕ ਥਾਂ ਤੇ ਛੋਟਾ ਜਿਹਾ ਪਾਰਕ ਹੈ ਤੇ ਵਿਚਕਾਰ ਇਕ ਪੁਰਾਣੀ ਤਰ੍ਹਾਂ ਦੀ ਤੋਪ ਪਈ ਹੋਈ ਹੈ, ਜਿੱਦਾਂ ਆਪਣੇ ਜਲੰਧਰ ਵਿਚ 'ਟੈਂਕ' ਰੱਖੇ ਹੋਏ ਹਨ। ਇਹ 'ਭੰਗੀ ਤੋਪ' ਸੀ ਜਿਹੜੀ ਰਣਜੀਤ ਸਿੰਘ ਦੇ ਰਾਜ ਦੀ ਮਸ਼ਹੂਰ ਤੋਪ ਸੀ। 'ਅਨਾਰਕਲੀ ਬਾਜ਼ਾਰ' ਵੀ ਇਕ ਪਾਸਿਓਂ ਮਾਲ ਰੋਡ ਤੋਂ ਹੀ ਸ਼ੁਰੂ ਹੁੰਦਾ ਹੈ। ਅਸੀਂ ਅੰਦਰ ਤਾਂ ਗਏ ਨਹੀਂ, ਬੱਸ ਉਥੇ ਖੜ੍ਹਕੇ ਹੀ ਬਾਜ਼ਾਰ ਵਲ ਨੂੰ ਦੇਖ ਲਿਆ ਤਾਂ ਕਿ ਕਹਾਵਤ ਵਿਚ ਨਾ ਆ ਜਾਈਏ ਕਿ ਜਿਸ ਨੇ ਅਨਾਰਕਲੀ ਨਹੀਂ ਦੇਖਿਆ, ਉਸਨੇ ਦੁਨੀਆਂ ਨਹੀਂ ਦੇਖੀ।

ਜਾਂਦਿਆਂ ਹੀ ਉਸਨੇ ਸਾਨੂੰ ਡਿਸਟ੍ਰਿਕਟ ਜੇਲ੍ਹ ਦਾ ਬਾਹਰੀ ਗੇਟ ਦਿਖਾਇਆ ਜਿਥੇ ਸਰਦਾਰ ਭਗਤ ਸਿੰਘ ਤੇ ਉਹਦੇ ਸਾਥੀਆਂ ਨੂੰ ਫਾਂਸੀ ਦਿੱਤੀ ਗਈ ਸੀ। ਜਿਨ੍ਹਾਂ ਕੋਠੜੀਆਂ ਵਿਚ ਭਗਤ ਸਿੰਘ ਨੂੰ ਰੱਖਿਆ ਸੀ, ਹੁਣ ਉਹ ਢਾਹ ਕੇ ਮਾਡਰਨ ਜੇਲ੍ਹ ਬਣਾਈ ਹੋਈ ਹੈ। ਲਾਹੌਰ ਦਾ ਅਸੈਂਬਲੀ ਹਾਲ ਵੀ ਮਾਲ ਰੋਡ 'ਤੇ ਹੀ ਹੈ। ਮੈਂ ਕਾਦਿਰ ਭਾਈ ਨੂੰ ਕਿਹਾ ਕਿ ਕਿਸੇ ਬੁੱਕ ਸਟਾਲ ਤੋਂ ਹਜ਼ਰਤ ਮੁਹੰਮਦ ਸਾਹਿਬ ਦੀ ਜੀਵਨੀ ਬਾਰੇ ਕੋਈ ਕਿਤਾਬ ਲੈਣੀ ਹੈ, ਜਿਹੜੀ ਧਾਰਮਿਕ ਰੰਗ ਵਿਚ ਨਾ ਲਿਖੀ ਹੋਵੇ। ਸਹੀ ਤੇ ਅਸਲੀ, ਜਿੱਦਾਂ ਦਾ ਉਨ੍ਹਾਂ ਦਾ ਜੀਵਨ ਰਿਹਾ ਹੋਵੇ। ਉਸ ਕਿਹਾ, 'ਚੰਗਾ ਕੀਤਾ, ਹੁਣੇ ਦੱਸ ਦਿੱਤਾ। ਇਸੇ ਮਾਲ ਰੋਡ 'ਤੇ ਬਹੁਤ ਵੱਡਾ ਕਿਤਾਬਾਂ ਦਾ ਸ਼ੋਅ-ਰੂਮ ਹੈ।' ਫਿਰ ਅਸੀਂ 'ਫਿਰੋਜ਼ ਸੰਨਜ਼ ਪ੍ਰਾ. ਲਿਮਟਿਡ' ਨਾਂ ਦੀ ਇਸ ਦੁਕਾਨ 'ਤੇ ਪਹੁੰਚ ਗਏ, ਵਾਕਿਆ ਹੀ ਬਹੁਤ ਵੱਡਾ ਤੇ ਸਿਸਟੇਮੈਟੀਕ ਬੁੱਕ ਸਟੋਰ ਹੈ। ਹਰ ਵਿਸ਼ੇ ਦੀਆਂ ਕਿਤਾਬਾਂ ਲਈ ਵੱਖਰੇ ਕੈਬਿਨ ਬਣੇ ਹੋਏ ਹਨ ਤੇ ਹਰ ਕਿਤਾਬ ਦਾ ਵੇਰਵਾ ਉਨ੍ਹਾਂ ਦੇ ਕੰਪਿਊਟਰ 'ਚ ਫੀਡ ਸੀ। ਅਸੀਂ ਕਿਤਾਬਾਂ ਬਾਰੇ ਕਿਹਾ ਤਾਂ ਉਹਨੇ ਸਾਨੂੰ ਇਸਲਾਮਿਕ ਸੈਕਸ਼ਨ ਵਿਚ ਵਾੜ ਦਿੱਤਾ ਤੇ ਕਿਤਾਬ ਸਿਲੈਕਟ ਕਰਨ ਲਈ ਕਿਹਾ। ਸਾਰੀਆਂ ਕਿਤਾਬਾਂ ਉਰਦੂ ਜਾਂ ਅੰਗਰੇਜ਼ੀ ਵਿਚ ਸਨ ਜਦੋਂ ਕਿ ਮੈਂ ਪੰਜਾਬੀ ਵਿਚ ਚਾਹੁੰਦਾ ਸੀ। ਨਾਲੇ ਐਨੀਆਂ ਕਿਤਾਬਾਂ ਵਿਚੋਂ ਲੱਭਣੀ ਕਿਹੜਾ ਸੌਖੀ ਗੱਲ ਸੀ। ਹਜ਼ਰਤ ਸਾਹਿਬ ਦੇ ਜੀਵਨ 'ਤੇ ਤਾਂ ਬਹੁਤ ਵੱਡੀਆਂ-ਵੱਡੀਆਂ ਕਿਤਾਬਾਂ ਪਈਆਂ ਸਨ। ਕਈ ਤਾਂ ਚਾਰ ਭਾਗਾਂ ਵਿਚ ਸਨ। ਥੋੜ੍ਹਾ ਚਿਰ ਸਿਰ ਖਪਾਈ ਕਰਕੇ ਮੈਂ ਕਾਦਿਰ ਨੂੰ ਹੀ ਕਿਹਾ ਕਿ ਇਨ੍ਹਾਂ ਨੂੰ ਕਹੋ ਕਿ ਕੋਈ ਛੋਟੀ ਜਿਹੀ ਕਿਤਾਬ ਲੱਭ ਦੇਣ। ਉਹਦੇ ਕਹਿਣ ਤੇ ਸਟੋਰ ਦਾ ਇਕ ਹੋਰ ਕਰਮਚਾਰੀ ਆਗਿਆ, ਸ਼ਾਇਦ ਉਹਨੂੰ ਇਸਲਾਮਿਕ ਕਿਤਾਬਾਂ ਦੀ ਜਿਆਦਾ ਜਾਣਕਾਰੀ ਹੋਵੇਗੀ। ਉਹਨੂੰ ਕਾਦਿਰ ਨੇ ਹੀ ਦੱਸਿਆ ਕਿ ਸਰਦਾਰ ਜੀ ਹਜ਼ਰਤ ਸਾਹਿਬ ਦੇ ਅਸਲੀ ਜੀਵਨ ਬਾਰੇ ਜਾਣਨਾ ਚਾਹੁੰਦੇ ਹਨ। ਉਹਨੇ ਕਈ ਕਿਤਾਬਾਂ ਦੇਖੀਆਂ ਤੇ ਇਕ ਲਿਆ ਕੇ ਆਖਿਆ ਕਿ ਤੁਹਾਡੇ ਮਤਲਬ ਦੀ ਇਹ ਹੈ ਕਿਉਂਕਿ ਇਸਦਾ ਲੇਖਕ ਪ੍ਰੋਫੈਸਰ ਹੈ, ਨਾ ਕਿ ਕੋਈ ਕੱਟੜ ਧਾਰਮਿਕ ਵਿਅਕਤੀ। ਪੰਜਾਬੀ ਵਿਚ ਤਾਂ ਉਸ ਨੇ ਦੱਸਿਆ ਕਿ ਕੋਈ ਮਿਲਣੀ ਨਹੀਂ। ਕਾਊਂਟਰ 'ਤੇ ਜਦੋਂ ਪੈਸੇ ਦਿੱਤੇ ਤਾਂ ਉਹ ਲਿਖੇ ਮੁੱਲ ਨਾਲੋਂ ਘੱਟ ਸਨ, ਇਹ ਦਾ ਕਾਰਨ ਉਹਨੇ ਇਹ ਦੱਸਿਆ ਕਿ ਸਾਰੀਆਂ ਇਸਲਾਮਿਕ ਕਿਤਾਬਾਂ ਤੇ ਸਰਕਾਰ ਸਬਸਿਡੀ ਦਿੰਦੀ ਹੈ। ਇਹ ਕਿਤਾਬ 'ਪ੍ਰੋ. ਮੁਹੰਮਦ ਜ਼ੁਲਿਫਕਾਰ ਅਲੀ ਅਵਾਨ' ਦੀ ਲਿਖੀ ਹੋਈ ਹੈ।

(ਬਾਕੀ ਕਿਸ਼ਤ ਨੰ: 13 'ਚ)