ਵਿਛੜੇ ਗਰੁ ਧਾਮਾਂ ਦੇ ਦਰਸਨ ਦੀਦਾਰੇ ( ਕਿਸ਼ਤ ਨੰ: 11 )

ਸਫਰਨਾਮਾ -ਮਝੈਲ ਸਿੰਘ ਸਰਾਂ
(ਲੜੀ ਜੋੜਨ ਲਈ ਕਿਸ਼ਤ ਨੰ: 10 ਵੇਖੋ)

ਬਾਹਰ ਤੁਰਦਿਆਂ ਹੀ ਕਾਰ ਸੇਵਾ ਵਾਲੇ ਇੰਚਾਰਜ ਬਾਬਾ ਜੀ ਵੀ ਮਿਲ ਗਏ। ਬੜੇ ਖੁਸ਼ ਹੋ ਕੇ ਮਿਲੇ ਤੇ ਸਾਨੂੰ ਦੇਖ ਕੇ ਪੁੱਛਿਆ ਕਿ ਤੁਹਾਡੇ ਨਾਲ ਹੋਰ ਕਿੰਨੀ ਕੁ ਸੰਗਤ ਹੈ। ਸਾਡੇ ਤਿੰਨ ਦੱਸਣ' ਤੇ ਕਹਿੰਦੇ ਕਿ ਤੁਸੀਂ ਅਮਰੀਕਾ ਇੰਗਲੈਂਡ ਵਾਲੇ ਹੋ। ਅਸੀਂ ਬੜੇ ਹੈਰਾਨ ਹੋਏ ਕਿ ਇਹ ਨੂੰ ਕਿੱਦਾਂ ਪਤਾ ਲੱਗ ਗਿਆ। ਉਹ ਆਪਹੀ ਦੱਸਣ ਲੱਗ ਪਿਆ ਕਿ ਅੱਜ ਦੁਪਹਿਰੇ ਇਕ ਟੈਲੀਫੋਨ ਆਇਆ ਸੀ। ਉਸਨੇ ਕਿਹਾ ਕਿ ਤਿੰਨ ਸਰਦਾਰਾਂ ਦੇ ਲੰਗਰ ਦਾ ਪ੍ਰਬੰਧ ਕਰ ਦਿਓ। ਇਹ ਦਾ ਮਤਲਬ, ਉਹ ਤੁਸੀਂ ਹੀ ਹੋਵੋਗੇ। ਬਾਅਦ 'ਚ ਸਾਨੂੰ ਪਤਾ ਲੱਗਿਆ ਸੀ ਕਿ ਫੋਨ ਲਾਹੌਰ ਤੋਂ ਕਾਦਿਰ ਭਾਈ ਨੇ ਕੀਤਾ ਸੀ। ਫਿਰ ਉਹਨੇ ਆਪਣੇ ਲੰਗਰ ਵਾਲੀ ਜਗ੍ਹਾ ਵੀ ਸਮਝਾ ਦਿੱਤੀ ਤੇ ਕਿਹਾ ਕਿ ਜਦ ਮਰਜ਼ੀ ਆ ਜਾਇਓ। ਉਸ ਨੇ ਹੀ ਸਾਨੂੰ ਦੱਸਿਆ ਕਿ ਕਿਹੜੀ-ਕਿਹੜੀ ਉਸਾਰੀ ਚਲ ਰਹੀ ਹੈ। ਜ਼ਿਆਦਾਤਰ ਇੰਗਲੈਂਡ ਦੀ ਸੰਗਤ ਦਾ ਜ਼ਿਕਰ ਹੁੰਦਾ ਸੀ ਕਿ ਉਥੋਂ ਜ਼ਿਆਦਾ ਪੈਸਾ ਰਿਹਾਇਸ਼ੀ ਕੰਪਲੈਕਸ ਬਣਾਉਣ ਲਈ ਆਇਆ। ਉਦੋਂ ਤਕ ਮਾੜਾ-ਮਾੜਾ ਹਨ੍ਹੇਰਾ ਵੀ ਹੋਣਾ ਸ਼ੁਰੂ ਹੋ ਗਿਆ ਸੀ ਤੇ ਅਸੀਂ ਅੰਦਰ ਮੱਥਾ ਟੇਕਣ ਲਈ ਚਲ ਪਏ। ਗੁਰਦੁਆਰੇ ਦੀ ਦਰਸ਼ਨੀ ਡਿਓੜੀ 'ਤੇ ਵੱਡੇ ਅੱਖਰਾਂ ਵਿਚ ਲਿਖਿਆ ਹੋਇਆ ਹੈ, 'ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣੁ ਹੋਆ।' ਭਾਵੇਂ ਅਸੀਂ ਕਿੰਨੀ ਵਾਰੀ ਇਹ ਪੜ੍ਹਿਆ ਤੇ ਸੁਣਿਆ ਹੋਇਆ, ਪਰ ਗੁਰਦੁਆਰਾ ਜਨਮ ਅਸਥਾਨ ਦੇ ਅੱਗੇ ਲਿਖਿਆ ਪੜ੍ਹ ਕੇ ਇਹ ਮਹਿਸੂਸ ਕੀਤਾ ਕਿ ਆਹ ਉਹ ਭਾਗਾਂ ਵਾਲੀ ਜਗ੍ਹਾ ਹੈ, ਜਿਥੇ ਕੁੱਲ ਲੋਕਾਈ ਨੂੰ ਤਾਰਨ ਵਾਲੇ ਨੇ ਜਨਮ ਲਿਆ ਤੇ ਜਿਸਦੇ ਦਰਸ਼ਨਾਂ ਲਈ ਹਰ ਸਿੱਖ ਅਰਦਾਸ ਕਰਦਾ ਹੈ। ਅੱਜ ਸਾਡੀ ਅਰਦਾਸ ਵੀ ਪ੍ਰਵਾਨ ਹੋਣ ਜਾ ਰਹੀ ਸੀ ਤੇ ਬਾਬੇ ਨਾਨਕ ਦੇ ਸ਼ੁਕਰਾਨੇ ਵਜੋਂ ਆਪਣੇ-ਆਪ ਹੀ ਹੱਥ ਜੁੜੀ ਜਾ ਰਹੇ ਸਨ। ਐਦਾਂ ਮਹਿਸੂਸ ਹੋ ਰਿਹਾ ਸੀ ਕਿ ਜਿੱਦਾਂ ਕੋਈ ਅਨਮੋਲ, ਅਗੰਮੀ ਖਜ਼ਾਨਾ ਹੱਥ ਲੱਗਣਾ ਹੋਵੇ, ਜਿਸ ਤੋਂ ਅੱਜ ਤੱਕ ਵਿਰਵੇ ਹੀ ਰਹੇ ਹੋਈਏ। ਇਕ ਅਨੋਖੀ ਜਿਹੀ ਖੁਸ਼ੀ ਦੀਆਂ ਤਰੰਗਾਂ ਉਠਦੀਆਂ ਲਗਦੀਆਂ ਸਨ, ਜਿਹਨੂੰ ਮੈਂ ਲਫਜ਼ਾਂ ਵਿਚ ਬਿਆਨ ਕਰਨ ਦੇ ਅਸਮਰਥ ਹਾਂ, ਬੱਸ ਮਹਿਸੂਸ ਹੀ ਕੀਤਾ ਜਾ ਸਕਦਾ ਹੈ ਇਹੋ-ਜਿਹੀ ਹਾਲਤ ਨੂੰ।

ਕੀਰਤਨ ਤੋਂ ਬਾਅਦ ਸ਼ ਸ਼ਾਮ ਸਿੰਘ (ਪ੍ਰਧਾਨ, ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ) ਨੇ ਵੀ ਸੰਗਤਾਂ ਨੂੰ ਗੁਰਪੁਰਬ ਸਮੇਂ ਵਧ ਤੋਂ ਵਧ ਸੇਵਾ ਲਈ ਅਪੀਲ ਕੀਤੀ। ਫਿਰ ਨਨਕਾਣਾ ਸਾਹਿਬ ਦਾ ਐਸ਼ ਐਸ਼ ਪੀ. (ਪੁਲਿਸ), ਜਿਸ ਨੂੰ ਪਾਕਿਸਤਾਨ ਵਿਚ ਡੀ. ਪੀ. ਸੀ. (ਡਿਸਟ੍ਰਿਕਟ ਪੁਲਿਸ ਚੀਫ) ਦੇ ਅਹੁਦੇ ਨਾਲ ਸੱਦਿਆ ਜਾਂਦਾ ਹੈ, ਵੀ ਸੰਗਤਾਂ ਨੂੰ ਗੁਰਪੁਰਬ 'ਤੇ ਸਕਿਓਰਿਟੀ ਸੰਬੰਧੀ ਜਾਣਕਾਰੀ ਦੇਣ ਆਇਆ। ਉਸਦੀ ਉਮਰ ਕੋਈ 35 ਕੁ ਸਾਲ ਦੀ ਹੋਣੀ ਹੈ ਤੇ ਉਹਨੇ ਕੋਈ 15 ਕੁ ਮਿੰਟ ਸਟੇਜ 'ਤੇ ਖੜ੍ਹ ਕੇ ਸੰਬੋਧਨ ਕੀਤਾਤੇ ਠੇਠ ਉਰਦੂ ਬੋਲਿਆ, ਇਕ ਵੀ ਲਫਜ਼ ਅੰਗਰੇਜ਼ੀ ਦਾ ਨਹੀਂ ਬੋਲਿਆ। ਅਸਲ ਵਿਚ ਪਾਕਿਸਤਾਨ ਦੇ ਅੰਦਰੂਨੀ ਹਾਲਾਤ ਕੁਝ ਖਰਾਬ ਹੋਣ ਕਰਕੇ ਇਹ ਵੀ ਖਦਸ਼ਾ ਸੀ ਕਿ ਪਤਾ ਨਹੀਂ ਤਾਲਿਬਾਨ ਸਿੱਖ ਭੇਸ ਵਿਚ ਗੁਰਦੁਆਰੇ ਅੰਦਰ ਸੰਗਤਾਂ ਦੇ ਨਾਲ ਹੀ ਦਾਖਲ ਨਾ ਹੋ ਜਾਣ ਤੇ ਕਿਤੇ ਕੋਈ ਮਾੜੀ ਹਰਕਤ ਨਾ ਕਰ ਜਾਣ। ਇਸ ਕਰਕੇ ਉਹ ਵਾਰਵਾਰ ਲੋਕਲ ਸਿੱਖਾਂ ਨੂੰ ਅਪੀਲ ਕਰ ਰਿਹਾ ਸੀ ਕਿ ਸ਼ੱਕੀ ਬੰਦੇ 'ਤੇ ਨਿਗ੍ਹਾ ਰੱਖਿਓ। ਪੁਲਿਸ ਅਫ਼ਸਰ ਦੀ ਬੋਲੀ ਤੋਂ ਲੱਗਾ ਕਿ ਵਾਕਿਆ ਹੀ ਪਾਕਿਸਤਾਨੀ ਸਰਕਾਰ ਤਾਲਿਬਾਨ ਦੇ ਅੰਦਰੂਨੀ ਬੰਬ ਵਿਸਫੋਟਾਂ ਤੋਂ ਬਹੁਤ ਹੀ ਘਾਬਰੀ ਹੋਈ ਹੈ। ਇਨ੍ਹਾਂ ਸਾਰਿਆਂ ਬੁਲਾਰਿਆਂ ਤੋਂ ਬਾਅਦ ਸ਼ਾਮ ਦੇ ਦੀਵਾਨ ਦੀ ਸਮਾਪਤੀ ਦੀ ਅਰਦਾਸ ਹੋਈ, ਜਿਸ ਵਿਚ ਅਰਜੋਈ ਇਹ ਸੀ ਕਿ ਗੁਰਦੁਆਰਾ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰੇ ਤੇ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖ਼ਸ਼ਣੀ ਜੀ। ਪਤਾ ਨਹੀਂ ਮੇਰੇ ਮਨ ਵਿਚ ਇਹ ਵਿਚਾਰ ਕਿੱਦਾਂ ਆ ਗਿਆ ਕਿ ਜਿਸ ਗੁਰਦੁਆਰੇ ਵਿਚ ਇਹ ਅਰਦਾਸ ਹੋ ਰਹੀ ਸੀ, ਉਥੇ ਮੈਨੂੰ ਹਰ ਪਾਸੇ ਖਾਲਸੇ ਹੀ ਨਜ਼ਰੀਂ ਆਏ। ਜੋ ਗ੍ਰੰਥੀ ਸਿੰਘ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠਾ ਸੀ, ਉਹ ਪੂਰਨ ਗੁਰਸਿੱਖ ਅੰਮ੍ਰਿਤਧਾਰੀ ਸਿੰਘ ਸੀ। ਜਿਹੜੇ ਸਿੰਘ ਕੀਰਤਨ ਕਰ ਰਹੇ ਸਨ, ਉਹ ਵੀ ਗੁਰਸਿੱਖ ਖਾਲਸੇ। ਜਿਹੜੇ ਗੁਰਦੁਆਰੇ ਨੂੰ ਸਜਾ ਰਹੇ ਸਨ, ਉਹ ਵੀ ਸਾਰੇ ਖਾਲਸੇ ਸਨ ਤੇ ਸੰਗਤ ਵਿਚ ਜ਼ਿਆਦਾ ਗਿਣਤੀ ਅੰਮ੍ਰਿਤਧਾਰੀ ਬੀਬੀਆਂ ਤੇ ਸਿੰਘਾਂ ਦੀ ਸੀ। ਅਰਦਾਸ ਕਰਨ ਵਾਲਾ ਭਾਈ ਸਾਹਿਬ ਵੀ ਚੜ੍ਹਦੀ ਕਲਾ ਵਾਲਾ ਖਾਲਸਾ ਦਿਸਦਾ ਸੀ, ਇਹ ਵੱਖਰੀ ਗੱਲ ਸੀ ਕਿ ਇਹ ਸਾਰੇ ਪਾਕਿਸਤਾਨ ਦੇ ਰਹਿਣ ਵਾਲੇ ਸਨ। ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਦੀ ਸੇਵਾ ਤਾਂ ਖਾਲਸਾ ਹੀ ਕਰ ਰਿਹਾ ਦਿਸ ਰਿਹਾ ਸੀ, ਫਿਰ ਪੁਲਿਸ ਅਫ਼ਸਰ ਨੇ ਵੀ ਬੇਨਤੀ ਲੋਕਲ ਖਾਲਸੇ ਨੂੰ ਹੀ ਕੀਤੀ, ਇਸਦੇ ਬਾਵਜੂਦ ਅਰਦਾਸੀਏ ਸਿੰਘ ਦੇ ਮੂੰਹੋਂ ਇਹ ਅਰਦਾਸ ਸੁਣ ਕੇ ਲੱਗਿਆ ਕਿ ਕੀ ਇਹ ਆਪਣੇ ਆਪ ਨੂੰ ਗੁਰੂ ਦਾ ਖਾਲਸਾ ਨਹੀਂ ਸਮਝ ਰਿਹਾ? ਕਿਹੜੇ ਹੋਰ ਖਾਲਸੇ ਤੋਂ ਸੇਵਾ ਕਰਵਾਉਣੀ ਚਾਹੁੰਦਾ ਹੈ? ਕੀ ਮੱਕੜ ਤੋਂ ਜਾਂ ਬਾਦਲ ਤੋਂ ਜਾਂ ਆਰ. ਐਸ਼ . ਐਸ਼ ਦੇ ਹੱਥ-ਠੋਕੇ ਜਥੇਦਾਰਾਂ ਤੋਂ ਜਾਂ ਫਿਰ ਧੁੰਮੇ ਵਰਗੇ ਸੰਤਾਂ ਤੋਂ ਜਾਂ....? ਅਸੀਂ ਪ੍ਰਸਾਦ ਲੈ ਕੇ ਬਾਹਰ ਕਾਰ ਸੇਵਾ ਵਾਲਿਆਂ ਦੇ ਦੱਸੇ ਟਿਕਾਣੇ 'ਤੇ ਲੰਗਰ ਛਕਣ ਚਲੇ ਗਏ। ਉਨ੍ਹਾਂ ਨੇ ਜੋ ਵੀ ਬਣਿਆ ਸੀ, ਬੜੇ ਪਿਆਰ ਨਾਲ ਛਕਾਇਆ। 24 ਅਕਤੂਬਰ ਨੂੰ ਸਵੇਰੇ ਉਠ ਕੇ ਇਸ਼ਨਾਨ ਤੇ ਨਿਤਨੇਮ ਤੋਂ ਬਾਅਦ ਅਸੀਂ ਫਿਰ ਗੁਰਦੁਆਰਾ ਜਨਮ ਅਸਥਾਨ ਦੇ ਦਰਸ਼ਨਾਂ ਨੂੰ ਚਲੇ ਗਏ ਕਿਉਂਕਿ ਰਾਤੀਂ ਤਾਂ ਸਿਰਫ ਸ਼ਾਮ ਦੇ ਦੀਵਾਨ ਵਿਚ ਹੀ ਬੈਠ ਸਕੇ ਸੀ, ਕੁਝ ਵੇਖਿਆ ਨਹੀਂ ਸੀ ਗਿਆ। ਸਵੇਰ ਦਾ ਦੀਵਾਨ ਵੀ ਪਰਿਕਰਮਾ ਦੇ ਇਕ ਕਮਰੇ ਵਿਚ ਹੀ ਸਜਾਇਆ ਹੋਇਆ ਸੀ। ਅਸੀਂ ਕੀਰਤਨ ਸੁਣਿਆ ਤੇ ਅਰਦਾਸ ਤੋਂ ਬਾਅਦ ਜਨਮ ਅਸਥਾਨ 'ਤੇ ਚਲੇ ਗਏ।

ਇਹ ਜਗ੍ਹਾ ਅਸਲ ਵਿਚ ਮਹਿਤਾ ਕਾਲੂ ਜੀਦਾ ਘਰ ਹੈ ਤੇ ਜਿਥੇ ਗੁਰਦੁਆਰਾ ਬਣਿਆ ਹੋਇਆ ਹੈ, ਇਹ ਉਦੋਂ ਘਰ ਦਾ ਕੋਈ ਕਮਰਾ ਜਾਂ ਦਲਾਨ ਜਾਂ ਕੋਠੜੀ ਹੋ ਸਕਦੀ ਹੈ, ਜਿੱਥੇ ਉਸ ਬੱਚੇ ਨੇ ਜਨਮ ਲਿਆ, ਜਿਸ ਨੇ ਕੁੱਲ ਲੋਕਾਈ ਨੂੰ ਜੀਵਨ ਸੱਚ ਦਾ ਸੁਨੇਹਾ ਦੇਣਾ ਸੀ। ਉਹ ਪੱਕੀਆਂ ਨਵੀਆਂ ਪੈੜਾਂ ਪਾ ਦੇਣੀਆਂ ਸਨ, ਜਿਨ੍ਹਾਂ 'ਤੇ ਚਲ ਕੇ ਜ਼ਿੰਦਗੀ ਜੀਣ ਦਾ ਅਹਿਸਾਸ ਹੋਣਾ ਸੀ। ਸਦੀਆਂ ਤੋਂ ਹਨ੍ਹੇਰਿਆਂ 'ਚ ਭਟਕ ਦਿਆਂ ਨੂੰ ਕੱਢ ਕੇ ਚਾਨਣ ਵਿਚ ਲਿਆ ਖੜ੍ਹਾ ਕਰਨਾ ਸੀ। ਸਮੇਂ ਦੇ ਜ਼ਾਲਮ ਹਾਕਮਾਂ ਨਾਲ ਅੱਖ 'ਚ ਅੱਖ ਪਾ ਕੇ, ਹਿੱਕ ਠੋਕ ਕੇ, ਅੱਤਿਆਚਾਰ ਖਿਲਾਫ਼ ਖੜਨ ਦਾ ਢੰਗ ਦੱਸਣਾ ਸੀ। ਸਮੇਂ ਦੇ ਸਭ ਧਾਰਮਿਕ-ਕੂੜ-ਕਪਾਟ ਦਾ ਭਾਂਡਾ ਚੁਰੱਸਤੇ 'ਚ ਭੰਨਣਾ ਸੀ। ਸੱਚੀ ਕਿਰਤ ਦਾ ਸਬਕ ਸਿਖਾਉਣਾ ਸੀ। ''ਭੈ ਕਾਹੂ ਕੋ ਦੇ ਤਿਨਾ ਨਾਹ ਭੈਅ ਮਾਨਤ ਆਨਿ'' ਦਾ ਪਾਠ ਪੜ੍ਹਾਉਂਦਿਆਂ ਸਿਰਫ 'ਇਕ ਸਿਰਜਣਹਾਰੇ' ਦੀ ਇਬਾਦਤ ਵਿਚ ਹੱਥ ਜੋੜਨੇ ਸਿਖਾਉਣੇ ਸਨ। ਸਦੀਆਂ ਤੋਂ ਅਣਗੌਲਿਆਂ ਨੂੰ ਬਰਾਬਰੀ ਦਾ ਹੱਕ ਸਮਝਾਉਣ ਵਾਲਾ ਉਹ ਬੱਚਾ 'ਨਾਨਕ' ਕਹਾਇਆ ਤੇ ਜਿਸ ਥਾਂ 'ਤੇ ਉਸ ਦੁਨੀਆਂ ਦੇ ਵਾਲੀ ਨੇ ਪਹਿਲੀ ਵਾਰ ਅੱਖ ਖੋਲ੍ਹੀ ਤੇ ਉਸ ਪਵਿੱਤਰ ਜਗ੍ਹਾ 'ਤੇ ਖੜ੍ਹ ਕੇ ਮਹਿਸੂਸ ਕੀਤਾ ਕਿ ਕਿਵੇਂ ਉਹ 'ਦਾਈ ਦੌਲਤਾਂ' ਧੰਨ ਹੋ ਗਈ, ਜਿਸਦੇ ਹੱਥਾਂ ਨੂੰ ਸਭ ਤੋਂ ਪਹਿਲਾਂ 'ਦੋ ਜਹਾਨ' ਦੇ ਵਾਲੀ ਨੂੰ ਸਪਰਸ਼ ਕਰਨ 'ਤੇ ਕੋਈ ਅਨੋਖੀ ਤੇ ਅਗੰਮੀ ਖੁਸ਼ੀ ਦਾ ਅਹਿਸਾਸ ਹੋਇਆ ਤਾਂ ਹੀ ਉਸਨੇ ਪਿਤਾ ਮਹਿਤਾ ਕਾਲੂ ਜੀ ਨੂੰ ਕਿਹਾ ਸੀ ਕਿ ਤੇਰੇ ਘਰ ਜਿਹੜਾ ਪੁੱਤ ਜਨਮਿਆ, ਇਹ ਕੋਈ ਆਮ ਨਿਆਣਿਆਂ ਵਰਗਾ ਨਹੀਂ, ਇਸਦੇ ਸਰੀਰ ਨੂੰ ਛੂਹਣ 'ਤੇ ਮੈਨੂੰ ਐਦਾਂ ਲੱਗਾ ਜਿਵੇਂ ਅੱਲਾ ਦਾ ਨੂਰ ਹੈ। ਉਸ ਪਵਿੱਤਰ ਸਥਾਨ 'ਤੇ ਖੜ੍ਹ ਕੇ ਅਸੀਂ ਵੀ ਆਪਣੇ ਆਪ ਨੂੰ ਵਡਭਾਗੇ ਸਮਝਦੇ ਹੋਏ ਮਨ ਵਿਚ ਹੀ ਇਸ ਥਾਂ ਨੂੰ ਅਣਗਿਣਤ ਵਾਰ ਸਿਜਦਾ ਕੀਤਾ। ਉਥੋਂ ਦਾ ਆਲਾ-ਦੁਆਲਾ ਦੇਖਕੇ ਇਕ ਵੱਖਰੀ ਤਰ੍ਹਾਂ ਦੀ ਖੁਸ਼ੀ ਮਹਿਸੂਸ ਹੋਈ ਕਿ ਇੱਥੇ ਹੀ ਬਾਲ ਨਾਨਕ ਖੇਡਦਾ ਹੋਣਾ। ਇੱਥੇ ਹੀ ਉਹਨੇ ਰੁੜ੍ਹਨਾ ਸਿੱਖਿਆ ਹੋਣਾ। ਕਿੱਦਾਂ ਦਾ ਲਗਦਾ ਹੋਊਗਾ ਉਸ ਵੇਲੇ, ਕਿਉਂਕਿ ਸਾਡੇ ਮਨਾਂ ਵਿਚ ਬਾਬੇ ਨਾਨਕ ਦੀ ਬਜ਼ੁਰਗੀ ਵਾਲੀ ਤਸਵੀਰ ਹੀ ਬੈਠੀ ਹੋਈ ਹੈ। ਨਿਆਣਾ ਹੁੰਦਾ ਬਾਬਾ ਨਾਨਕ ਵੀ ਤਾਂ ਰੁੱਸਦਾ ਹੋਣਾ, ਕਦੇ ਭੈਣ ਨਾਨਕੀ ਨਾਲ ਤੇ ਕਦੀ ਮਾਤਾ ਤ੍ਰਿਪਤਾ ਨਾਲ। ਐਦਾਂ ਦੀਆਂ ਗੱਲਾਂ ਮਨ 'ਚ ਸੋਚ ਕੇ ਉਥੇ ਫਿਰਦਿਆਂ ਨੂੰ ਇਉਂ ਮਹਿਸੂਸ ਹੁੰਦਾ ਕਿ ਹੁਣ ਵੀ ਕਿਤੇ ਬਾਬਾ ਨਾਨਕ ਐਥੇ ਹੀ ਹੈ। ਉਥੇ ਇਕ ਖੂਹ ਵੀ ਹੈ ਤੇ ਸਾਨੂੰ ਦੱਸਿਆ ਗਿਆ ਕਿ ਇਹ ਮਹਿਤਾ ਕਾਲੂ ਜੀ ਦੇ ਘਰ ਵਿਚ ਹੁੰਦਾ ਸੀ, ਇਸਦਾ ਪਾਣੀ ਵੀ ਬਾਬੇ ਨਾਨਕ ਨੇ ਪੀਤਾ ਹੋਣਾ। ਇਥੋਂ ਹੀ ਡੋਲ ਭਰ-ਭਰਕੇ, ਕੱਢ ਕੇ ਨਹਾਉਂਦਾ ਵੀ ਰਿਹਾ ਹੋਣਾ। ਇਹ ਹੈ ਬਾਬੇ ਨਾਨਕ ਦਾ ਨਨਕਾਣਾ, ਹਰ ਸਿੰਘ ਵਿਚ ਜਿਸ ਦੇ ਦਰਸ਼ਨਾਂ ਦੀ ਤੜਪ ਹੈ।

ਇਕ ਸਾਕਾ ਜੋ 21 ਫਰਵਰੀ 1921 ਨੂੰ ਇਸ ਪਵਿੱਤਰ ਸਥਾਨ 'ਤੇ ਵਾਪਰਿਆ, ਜਿਹਦੀ ਚੀਸ ਅੱਜ ਵੀ ਸਿੱਖ ਹਿਰਦਿਆਂ ਵਿਚ ਉਠਦੀ ਰਹਿੰਦੀ ਹੈ। ਉਹ ਹੈ ਨਨਕਾਣਾ ਸਾਹਿਬ ਦਾ ਸਾਕਾ, ਜਿਸ ਬਾਰੇ ਆਪਾਂ ਸਾਰਿਆਂ ਨੇ ਬੜੀ ਤਫਸੀਲ ਨਾਲ ਪੜ੍ਹਿਆ-ਸੁਣਿਆ ਹੋਇਆ ਹੈ ਕਿ ਕਿੱਦਾਂ ਉਥੋਂ ਦੇ ਮਹੰਤ ਨਰੈਣ ਦਾਸ ਨੇ ਇਸ ਪਵਿੱਤਰ ਸਥਾਨ' ਤੇ ਸਿੱਖ ਸਿਧਾਂਤ ਤੋਂ ਉਲਟ ਚਰਿੱਤਰਹੀਣ ਕਾਰਵਾਈਆਂ ਕੀਤੀਆਂ ਤੇ ਜਦੋਂ ਸੋਝੀਵਾਨ ਸਿੱਖ ਇਸ ਨੂੰ ਰੋਕਣ ਗਏ ਤਾਂ ਇਹਨੇ ਬਦਮਾਸ਼ਾਂ ਤੋਂ ਸਾਰੇ ਸਿੱਖਾਂ ਨੂੰ ਕਤਲ ਕਰਵਾ ਦਿੱਤਾ ਸੀ। ਇਨ੍ਹਾਂ ਸ਼ਹੀਦ ਸਿੰਘਾਂ ਦੀ ਯਾਦ ਵਿਚ ਸ਼ਹੀਦੀ ਅਸਥਾਨ ਗੁਰਦੁਆਰਾ ਜਨਮ ਅਸਥਾਨ ਦੇ ਸੱਜੇ ਹੱਥ ਬਣਿਆ ਹੋਇਆ ਹੈ ਤੇ ਵਿਚਕਾਰ ਉਹ ਜੰਡ ਦਾ ਦਰਖਤ ਅਜੇ ਵੀ ਖੜ੍ਹਾ ਹੈ, ਜਿਸ ਨਾਲ ਬੰਨ੍ਹ ਕੇ ਗੋਲੀ ਨਾਲ ਜ਼ਖ਼ਮੀ ਹੋਏ ਲਛਮਣ ਸਿੰਘ ਨੂੰ ਜਿਊਂਦੇ ਨੂੰ ਮਿੱਟੀ ਦਾ ਤੇਲ ਸੁੱਟ ਕੇ ਅੱਗ ਲਾ ਕੇ ਸਾੜਿਆ ਗਿਆ ਸੀ। ਅੱਜ ਵੀ ਉਹ ਜੰਡ 21 ਫਰਵਰੀ 1921 ਦੇ ਕਤਲੇਆਮ ਦਾ ਇੱਕੋ-ਇਕ ਗਵਾਹ ਖੜ੍ਹਾ ਹੈ। ਜੇ ਇਹ ਜੰਡ ਕਿਤੇ ਸਾਡੇ ਹੁਣ ਦੇ ਬਾਬਿਆਂ ਦੇ ਅੜਿੱਕੇ ਚੜ੍ਹ ਜਾਂਦਾ ਤਾਂ ਕਾਰ ਸੇਵਾ ਦੀ ਆੜ 'ਚ ਕਦੋਂ ਦਾ ਵੱਢ ਕੇ ਉਥੇ ਸੰਗਮਰਮਰ ਲੱਗੀ ਹੋਣੀ ਸੀ। ਇਹ ਜੰਡ ਆਪਣੇ ਚੜ੍ਹਦੇ ਪੰਜਾਬ 'ਚ ਤਾਂ ਕਦੇ ਦੇਖਿਆ ਨਹੀਂ, ਲਹਿੰਦੇ ਪੰਜਾਬ ਵਿਚ ਜ਼ਿਆਦਾ ਹੋਣੇ ਨੇ। ਇਹ ਦਰਮਿਆਨੇ ਪੱਤਿਆਂ ਵਾਲਾ ਸੰਘਣੀ ਛਾਂ ਵਾਲਾ ਦਰਖਤ ਹੈ। ਅਸੀਂ ਵੀ ਉਸਨੂੰ ਹੱਥ ਲਾ ਕੇ ਸ਼ਹੀਦਾਂ ਨੂੰ ਪ੍ਰਣਾਮ ਕੀਤਾ। ਜਿਥੇ ਸਾਰੇ ਸ਼ਹੀਦਾਂ ਦਾ ਜਿਨ੍ਹਾਂ ਦੀ ਗਿਣਤੀ 150 ਦੱਸੀ ਜਾਂਦੀ ਹੈ, ਇਕੱਠਿਆਂ ਹੀ ਸਸਕਾਰ ਕੀਤਾ ਗਿਆ ਸੀ, ਉਸ ਥਾਂ 'ਤੇ ਸ਼ਹੀਦੀ ਅਸਥਾਨ ਬਣਿਆ ਹੋਇਆ ਹੈ ਤੇ ਕਾਫੀ ਵੱਡਾ ਹਾਲ ਵੀ ਹੈ, ਜਿਹੜਾ ਸ਼ੀਸ਼ੇ ਦਾ ਹੀ ਹੈ। ਉਸੇ ਥਾਂ 'ਤੇ ਇਕ ਸੋਨੇ ਦੀ ਪਾਲਕੀ ਵੀ ਰੱਖੀ ਗਈ ਹੈ, ਜਿਹੜੀ ਦੋ ਕੁ ਸਾਲ ਪਹਿਲਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਭੇਂਟ ਕੀਤੀ ਸੀ। ਸ਼ਾਇਦ ਉਹਦੀ ਰਾਖੀ ਲਈ ਹੀ ਇਕ ਸਟੇਨਗੰਨ ਵਾਲਾ ਪੁਲਿਸ ਦਾ ਸਿਪਾਹੀ ਵੀ ਉਥੇ ਤਾਇਨਾਤ ਸੀ। ਉਥੇ ਸਾਨੂੰ ਫਿਰ ਭਾਈ ਦਇਆ ਸਿੰਘ ਹੈਡ ਗ੍ਰੰਥੀ ਮਿਲ ਪਏ, ਜਿਨ੍ਹਾਂ ਨੇ ਦੁਬਾਰਾ ਇਸ ਪਵਿੱਤਰ ਥਾਂ ਦੀ ਜਾਣਕਾਰੀ ਦਿੱਤੀ। ਗੁਰਦੁਆਰਾ ਜਨਮ ਅਸਥਾਨ ਜਿਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ, ਉਸ ਨੂੰ ਦੀਵਾਨ ਅਸਥਾਨ ਵੀ ਕਿਹਾ ਜਾਂਦਾ ਹੈ। ਉਹ ਦੇ ਚਾਰ ਦਰਵਾਜ਼ੇ ਹਨ। ਇਥੇ ਹੀ ਭਾਈ ਲਛਮਣ ਸਿੰਘ ਨੂੰ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਨੂੰ ਗੋਲੀ ਮਾਰੀ ਗਈ ਸੀ। ਇਸ ਦੇ ਅੰਦਰ ਹਰੇਕ ਦੀਵਾਰ ਵਿਚ ਅਲਮਾਰੀਆਂ ਬਣੀਆਂ ਹੋਈਆਂ ਹਨ, ਜਿੱਦਾਂ ਦੀਆਂ ਆਪਣੇ ਪਿੰਡਾਂ ਵਿਚ ਪੁਰਾਣੇ ਦਲਾਨਾਂ ਵਿਚ ਹੁੰਦੀਆਂ ਸਨ। ਅਸਲ ਵਿਚ ਮੈਂ ਉਨ੍ਹਾਂ ਵਿਚੋਂ ਉਹ ਅਲਮਾਰੀ ਜਾਨਣੀ ਚਾਹੁੰਦਾ ਸੀ, ਜਿਸ ਬਾਰੇ ਮੈਂ ਪੜ੍ਹਿਆ ਸੀ ਕਿ ਜਦੋਂ ਮਹੰਤ ਦੇ ਬਦਮਾਸ਼ਾਂ ਨੇ ਟਕੂਏ-ਛਵੀਆਂ ਨਾਲ ਅੰਦਰ ਬੈਠੇ ਜਥੇ ਦੇ ਸਿੰਘਾਂ' ਤੇ ਹੱਲਾ ਬੋਲ ਦਿੱਤਾ ਤਾਂ ਇਕ 2-3 ਸਾਲ ਦਾ ਬੱਚਾ ਜਿਸਦਾ ਨਾਂ ਦਰਬਾਰਾ ਸਿੰਘ ਸੀ, ਇਕ ਅਲਮਾਰੀ ਵਿਚ ਵੜ ਗਿਆ ਸੀ। ਉਸ ਨੂੰ ਬਾਅਦ ਵਿਚ ਬਦਮਾਸ਼ਾਂ ਨੇ ਕੱਢ ਕੇ ਸ਼ਹੀਦ ਕੀਤਾ ਸੀ। ਇਹੋ ਗੱਲ ਮੈਂ ਭਾਈ ਦਇਆ ਸਿੰਘ ਤੋਂ ਪੁੱਛੀ ਤਾਂ ਉਹਨੇ ਇਕ ਅਲਮਾਰੀ ਵਲ ਇਸ਼ਾਰਾ ਕਰਕੇ ਦੱਸਿਆ ਕਿ ਜਿਹੜੀ ਪੱਛੋਂ ਵਲ ਦੀ ਦੀਵਾਰ ਵਿਚ ਹੈ। ਅਸਲ ਵਿਚ ਮੇਰੇ ਮਨ ਵਿਚ ਉਸ ਸਭ ਤੋਂ ਛੋਟੀ ਉਮਰ ਦੇ, ਉਸ ਸਾਕੇ ਦੇ ਸ਼ਹੀਦ ਲਈ ਖਾਮੋਸ਼ ਸ਼ਰਧਾਂਜਲੀ ਸੀ, ਜਿਸ ਨੇ ਆਪਣਾ ਖੂਨ ਦੇ ਕੇ ਇਸ ਪਵਿੱਤਰ ਅਸਥਾਨ ਦੀ ਮਰਿਆਦਾ ਬਹਾਲ ਕਰਵਾਈ। ਉਸ ਅਲਮਾਰੀ ਨੂੰ ਹੱਥ ਲਾਕੇ ਮਨ ਵੀ ਥੋੜ੍ਹਾ ਭਰ ਆਇਆ ਤੇ ਨਾਲ ਹੀ ਬਾਬੇ ਨਾਨਕ ਦੀ ਸਿੱਖੀ 'ਤੇ ਮਾਣ ਵੀ ਹੋਇਆ। ਅਸੀਂ ਕੋਈ ਘੰਟਾ ਕੁ ਬਾਅਦ ਦੁਬਾਰਾ ਸਿਰ ਨਿਵਾਕੇ, ਬਾਬੇ ਨਾਨਕ ਦਾ ਸ਼ੁਕਰਾਨਾ ਕਰਕੇ ਬਾਹਰ ਆ ਗਏ ਤੇ ਗੁਰਦੁਆਰੇ ਦੇ ਲੰਗਰ ਵਿਚੋਂ ਚਾਹ ਪੀਤੀ ਤੇ ਨਾਲ ਹੀ ਭਾਈ ਸਾਹਿਬ ਨੇ ਸਾਨੂੰ ਰਸ ਵੀ ਖਾਣ ਲਈ ਦੇ ਦਿੱਤੇ।

ਮੇਰੇ ਪਿੰਡੋਂ ਇਕ ਦੋਸਤ ਨੇ ਤੁਰਨ ਲੱਗਿਆਂ ਟੈਲੀਫੋਨ 'ਤੇ ਕਿਹਾ ਸੀ ਕਿ ਜੇ ਤੂੰ ਨਨਕਾਣਾ ਸਾਹਿਬ ਚੱਲਿਆਂ ਹੀ ਹੈ ਤਾਂ ਮੇਰੇ ਵਲੋਂ ਕੁਝ ਉਥੇ ਜ਼ਰੂਰ ਦੇ ਕੇ ਆਵੀਂ ਤੇ ਮੁੜ ਕੇ ਮੈਥੋਂ ਲੈ ਜ਼ਰੂਰ ਲਵੀਂ। ਉਹਨੇ ਇਹ ਤਾਂ ਮੈਨੂੰ ਦੱਸਿਆ ਨਹੀਂ ਸੀ ਕਿ ਕਿੰਨੇ ਪੈਸੇ ਦੇਣੇ ਹਨ। ਫਿਰ ਵੀ ਮੈਂ ਲੰਗਰ ਵਾਲੇ ਭਾਈ ਸਾਹਿਬ ਨੂੰ ਪੁੱਛਿਆ ਕਿ ਕੋਈ ਪੈਸੇ ਭੇਂਟ ਕਰਨੇ ਹੋਣ ਤਾਂ ਕਿੱਥੇ ਦੇਈਏ ਤਾਂ ਉਸਨੇ ਕਿਹਾ ਕਿ ਆਹ ਨਾਲ ਹੀ ਔਕਾਫ ਬੋਰਡ ਦਾ ਦਫ਼ਤਰ ਹੈ, ਉਥੇ ਹੀ ਇਕ ਕਰਮ ਚਾਰੀ ਹੋਣਾ, ਉਹ ਤੁਹਾਨੂੰ ਰਸੀਦ ਵੀ ਦੇਊਗਾ। ਮੈਂ ਅੰਦਰ ਜਾਕੇ ਉਹਨੂੰ ਕਿਹਾ ਤਾਂ ਉਸਨੇ ਇਕ ਰਜਿਸਟਰ ਮੇਰੇ ਅੱਗੇ ਕਰਕੇ ਕਿਹਾ ਕਿ ਇਹਦੇ 'ਚ ਪੂਰਾ ਵੇਰਵਾ ਹੈ, ਲਿਖ ਦਿਓ, ਫਿਰ ਮੈਂ ਰਸੀਦ ਕੱਟ ਦਿਆਂਗਾ। ਜਦ ਮੈਂ ਰਜਿਸਟਰ 'ਤੇ ਪਹਿਲਾਂ ਲਿਖੇ ਦਾਨੀਆਂ ਦੇ ਨਾਂ, ਪਤੇ ਤੇ ਪੈਸੇ ਪੜ੍ਹੇ ਤਾਂ ਹੈਰਾਨ ਹੀਹੋ ਗਿਆ। ਮੈਂ ਤਾਂ ਦੋ-ਚਾਰ ਸੌ ਦੇਣਾ ਸੀ, ਉਹ ਵੀ ਆਪਣੇ ਦੋਸਤ ਦਾ। ਉਥੇ ਤਾਂ ਐਂਟਰੀਆਂ ਲੱਖਾਂ ਵਿਚ ਸਨ। ਇਹ ਜ਼ਿਆਦਾ ਤਰ ਇੰਗਲੈਂਡ ਦੇ ਪਤੇ ਵਾਲੇ ਸਨ ਜਿਸ ਐਂਟਰੀ ਦੇ ਥੱਲੇ ਮੈਂ ਲਿਖਿਆ, ਉਹ 1,10,000 ਰੁਪਏ ਦੀ ਸੀ, ਉਸ ਸਫ਼ੇ 'ਤੇ 8 ਕੁਨਾਂ ਦਰਜ ਸਨ, ਕੋਈ ਵੀ 21000 ਰੁਪਏ ਤੋਂ ਘੱਟ ਨਹੀਂ ਸੀ ਤੇ ਦੋ ਲੱਖਾਂ ਵਿਚ ਸਨ। ਮੈਂ ਵੀ ਆਪਣੇ ਦੋਸਤ ਦੇ ਨਾਂ ਦੀ ਰਸੀਦ ਕਟਵਾ ਲਈ। ਗੁਰਦੁਆਰੇ ਦੇ ਬਾਹਰ ਨਾਲ ਹੀ ਇਕ ਛੋਟਾ ਜਿਹਾ ਗੋਲ ਕਮਰਾ ਹੈ, ਜਿਸ 'ਤੇ ਸ਼ਹੀਦੀ ਅਸਥਾਨ ਲਿਖਿਆ ਹੋਇਆ ਹੈ ਤੇ ਨਿੱਕਾ ਜਿਹਾ ਨਿਸ਼ਾਨ ਸਾਹਿਬ ਵੀ ਹੈ। ਉਸ ਬਾਰੇ ਜਿਹੜੀ ਜਾਣਕਾਰੀ ਸਾਨੂੰ ਮਿਲੀ, ਉਹ ਇਸ ਤਰ੍ਹਾਂ ਹੈ ਕਿ ਇਹ ਸਥਾਨ ਭਾਈ ਦਲੀਪ ਸਿੰਘ ਸ਼ਹੀਦ ਦਾ ਹੈ। ਭਾਈ ਦਲੀਪ ਸਿੰਘ ਬਾਰੇ ਇਦਾਂ ਦੱਸਿਆ ਕਿ ਇਹ ਪਹਿਲਾਂ ਮਹੰਤ ਨਰੈਣ ਦਾਸ ਦਾ ਸਾਥੀ ਸੀ ਪਰ ਜਦੋਂ ਉਹਨੇ ਮਹੰਤ ਨੂੰ 21 ਫਰਵਰੀ ਨੂੰ ਸਿੱਖਾਂ ਦਾ ਕਤਲ ਕਰਨ ਤੋਂ ਰੋਕਿਆ ਤਾਂ ਉਹ ਕਹਿੰਦਾ ਤੂੰ ਵੀ ਅਕਾਲੀ ਹੋ ਗਿਆ, ਲੈ ਪਹਿਲਾਂ ਤੇਰਾ ਹੀ ਫਾਹਾ ਵੱਢਦਾਂ ਤੇ ਮਹੰਤ ਦੇ ਬਦਮਾਸ਼ਾਂ ਨੇ ਭਾਈ ਦਲੀਪ ਸਿੰਘ ਨੂੰ ਜਿਊਂਦੇ ਨੂੰ ਚੁੱਕ ਕੇ ਇਥੇ ਇਕ ਬਲਦੀ ਭੱਠੀ ਵਿਚ ਸੁੱਟ ਕੇ ਸ਼ਹੀਦ ਕਰ ਦਿੱਤਾ ਸੀ। ਉਸੇ ਭੱਠੀ ਵਾਲੀ ਥਾਂ 'ਤੇ ਇਹ ਸ਼ਹੀਦੀ ਅਸਥਾਨ ਬਣਿਆ ਹੋਇਆ ਹੈ। ਕਮਰੇ ਵਿਚੋਂ ਸਾਮਾਨ ਚੁੱਕ ਕੇ, ਚਾਬੀਆਂ ਕੇਅਰ ਟੇਕਰ ਦੇ ਹਵਾਲੇ ਕਰਕੇ, ਇਕ ਵਾਰ ਫਿਰ ਬਾਬੇ ਨਾਨਕ ਤੇ ਸ਼ਹੀਦਾਂ ਨੂੰ ਸਿਰ ਝੁਕਾਇਆ ਤੇ ਬਾਹਰ ਆ ਗਏ। ਸਾਡਾ ਡਰਾਈਵਰ ਬਾਬੂ ਖਾਂ ਵੀ ਕੁਝ ਚਿਰ ਬਾਅਦ ਬਾਹਰ ਆ ਗਿਆ ਤੇ ਅਸੀਂ ਨਨਕਾਣਾ ਸਾਹਿਬ ਦੇ ਦਰਸ਼ਨ ਦੀਦਾਰੇ ਕਰਕੇ ਵਾਪਸ ਲਾਹੌਰ ਨੂੰ ਚਲ ਪਏ। ਹੁਣ ਉਹਨੇ ਹਾਈਵੇ ਨਹੀਂ ਲਿਆ ਸੀ ਸਗੋਂ ਲਾਇਲਪੁਰ, ਜਿਸਦਾ ਨਾਮ ਫੈਸਲਾਬਾਦ ਹੈ, ਤੋਂ ਆਉਂਦੀ ਜੀ. ਟੀ. ਰੋਡ ਲਈ ਸੀ। ਨਨਕਾਣਾ ਸਾਹਿਬ ਤੋਂ ਲਾਹੌਰ 80-90 ਕਿਲੋਮੀਟਰ ਉਹਨੇ ਦੱਸਿਆ ਸੀ। ਰਾਹ ਵਿਚ ਦੋ ਵੱਡੀਆਂ ਨਹਿਰਾਂ ਵੀ ਪਾਰ ਕੀਤੀਆਂ। ਇਹੋ ਨਹਿਰਾਂ ਲਾਇਲਪੁਰ ਦੀਆਂ ਬਾਰਾਂ ਨੂੰ ਸਿੰਜਦੀਆਂ ਹਨ। ਦੋ ਕੁ ਘੰਟਿਆਂ ਵਿਚ ਹੀ ਲਾਹੌਰ ਪਹੁੰਚ ਗਏ। ਇਥੋਂ ਰਾਵੀ ਦਰਿਆ ਸ਼ਹਿਰ ਦੇ ਲਹਿੰਦੇ ਪਾਸਿਓਂ ਲੰਘਦਾ ਹੈ। ਜਦੋਂ ਪੁਲ ਪਾਰ ਕੀਤਾ ਤਾਂ ਕਾਦਿਰ ਭਾਈ ਪਹਿਲਾਂ ਹੀ ਉਥੇ ਖੜ੍ਹਾ ਸੀ ਅਤੇ ਦੁਆ ਸਲਾਮ ਤੋਂ ਬਾਅਦ ਉਸਨੇ ਯਾਤਰਾ ਦਾ ਪੁੱਛਿਆ। ਨਾਲ ਹੀ ਗੱਡੀ ਵਿਚ ਬੈਠ ਕੇ ਕਹਿੰਦਾ ਕਿ ਹੁਣ ਤੁਹਾਨੂੰ ਥੋੜ੍ਹੀ ਜਿਹੀ ਲਾਹੌਰ ਦੀ ਸੈਰ ਵੀ ਕਰਾਉਣੀ ਹੈ ਤੇ ਕੁਝ ਗੁਰਦੁਆਰੇ ਵੀ ਦਿਖਾਉਣੇ ਹਨ।

ਅਟੈਚੀ ਦੁਬਾਰਾ ਗੁਰਦੁਆਰਾ ਸ਼ਹੀਦ ਸਿੰਘਾਂ - ਸਿੰਘਣੀਆਂ ਰੱਖ ਕੇ ਉਹ ਸਾਨੂੰ ਲੈ ਕੇ ਫਿਰ ਚਲ ਪਿਆ। ਜਾਂਦਾ - ਜਾਂਦਾ ਸਾਨੂੰ ਦੱਸਣ ਲੱਗਾ ਕਿ ਆਪਾਂ ਉਸ ਥਾਂ 'ਤੇ ਜਾ ਰਹੇ ਹਾਂ, ਜਿਥੇ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ 'ਤੇ ਬਿਠਾਇਆ ਸੀ। ਇਹ ਥਾਂ ਬੜੇ ਹੀ ਭੀੜੇ ਜਿਹੇ ਬਾਜ਼ਾਰ ਵਿਚ ਹੈ। ਇਸ ਬਾਜ਼ਾਰ ਦਾ ਨਾਂ ਉਹਨੇ ਮੋਚੀ ਬਾਜ਼ਾਰ ਦੱਸਿਆ। ਗੱਡੀ ਤਾਂ ਕਾਫੀ ਦੂਰ ਬਾਜ਼ਾਰ ਤੋਂ ਬਾਹਰ ਹੀ ਖੜ੍ਹੀ ਕਰ ਦਿੱਤੀ ਸੀ ਤੇ ਪੈਦਲ ਹੀ ਬਾਜ਼ਾਰ ਵਿਚ ਗਏ। ਦੋਹੀਂ ਪਾਸੀ ਹਰੇਕ ਚੀਜ਼ ਦੀਆਂ ਦੁਕਾਨਾਂ ਹਨ ਪਰ ਜ਼ਿਆਦਾ ਸੁੱਕੇ ਮੇਵਿਆਂ ਦੀਆਂ ਹਨ। ਬਾਜ਼ਾਰ ਵਿਚ ਭੀੜ ਵੀ ਕਾਫੀ ਸੀ ਕਿਉਂਕਿ ਇਹ ਜੁੰਮੇ (ਸ਼ੁੱਕਰਵਾਰ) ਦੀ ਛੁਟੀ ਤੋਂ ਬਾਅਦ ਖੁੱਲ੍ਹਿਆ ਸੀ। ਕਾਦਿਰ ਭਾਈ ਨੇ ਦੱਸਿਆ ਕਿ ਇਸ ਜਗ੍ਹਾ ਨੂੰ ਲਾਲ ਖੂਹ ਕਿਹਾ ਜਾਂਦਾ ਹੈ। ਅਸਲ ਵਿਚ ਇਥੇ ਹੀ ਚੰਦੂ ਦੀ ਹਵੇਲੀ ਸੀ ਤੇ ਗੁਰੂ ਜੀ ਨੂੰ ਉਹਨੇ ਕੈਦ ਕਰਕੇ ਇੱਥੇ ਹੀ ਰੱਖਿਆ ਸੀ। ਇੰਨੀ ਦੇਰ ਨੂੰ ਅਸੀਂ ਉਥੇ ਪੁੱਜ ਵੀ ਗਏ। ਬਾਜ਼ਾਰ ਵਿਚੋਂ ਹੀ ਇਕ ਪਾਸੇ ਨੂੰ ਨਿੱਕੀ ਜਿਹੀ ਗਲੀ ਨਿਕਲ ਦੀ ਹੈ ਤੇ ਉਸੇ ਖੂੰਜੇ 'ਤੇ ਇਕ ਲਾਲ ਜਿਹੀ ਕੰਧ ਵਰਗੀ ਜਗ੍ਹਾ ਹੈ, ਜਿਸ ਦੇ ਵਿਚ ਇਕ ਬੇਰੀ ਦਾ ਵੱਡਾ ਸਾਰਾ ਦਰਖਤ ਵੀ ਉਗਿਆ ਹੋਇਆ ਹੈ ਤੇ ਉਥੇ ਮਿੱਟੀ ਦੇ ਦੀਵੇ ਕਾਲਖ ਜਿਹੀ ਵਾਲੇ ਬਹੁਤ ਪਏ ਸਨ। ਇੱਦਾਂ ਲੱਗਦਾ ਸੀ ਕਿ ਲੋਕੀਂ ਇਥੇ ਕਿਸੇ ਮਨੌਤ ਵਜੋਂ ਦੀਵੇ ਜਗਾਉਂਦੇ ਹਨ। ਕੰਧ 'ਤੇ ਦੋ ਲਾਈਨਾਂ ਸਾਨੂੰ ਤਾਂ ਉਰਦੂ ਵਿਚ ਲਿਖੀਆਂ ਲੱਗੀਆਂ। ਕਾਦਿਰ ਭਾਈ ਨੂੰ ਪੁੱਛਿਆ ਕਿ ਕੀ ਲਿਖਿਆ ਹੈ ਤਾਂ ਉਸਨੇ ਦੱਸਿਆ ਕਿ ਇਕ ਤਾਂ ਕੁਰਾਨ ਸ਼ਰੀਫ ਵਿਚੋਂ ਆਇਤ ਹੈ ਅਤੇ ਦੂਜੀ 'ਤੇ ਹਜ਼ਰਤ ਸਾਹਿਬ, ਬੀਬੀ ਫਾਤਿਮਾ ਤੇ ਉਨ੍ਹਾਂ ਦੇ ਪੁੱਤਰਾਂ ਦੇ ਨਾਮ ਹਨ। ਇਥੇ ਦੀਵੇ ਕੌਣ ਜਗਾਉਂਦਾ ਹੈ? ਬਾਰੇ ਉਸਨੇ ਦੱਸਿਆ ਕਿ ਇਸ ਥਾਂ ਦੀ ਮਨੌਤ ਲਾਲ ਖੂਹ ਕਰਕੇ ਮੁਸਲਮਾਨ ਹੀ ਕਰਦੇ ਹਨ, ਇਹ ਜਾਣਦੇ ਹੋਏ ਵੀ ਕਿ ਇਹ ਜਗ੍ਹਾ ਮੁਸਲਮਾਨੀ ਮੱਤ ਨਾਲ ਸੰਬੰਧਤ ਨਹੀਂ। ਉਸਨੇ ਹੀ ਦੱਸਿਆ ਕਿ ਇਸ ਜਗ੍ਹਾ ਪਹਿਲਾਂ ਚੁਰਸਤਾ ਸੀ ਤੇ ਨਾਲ ਹੀ ਖੂਹ ਸੀ, ਉਹਦੇ ਨਾਲ ਚੰਦੂ ਦੀ ਹਵੇਲੀ ਸੀ। ਆਹ ਜਿਹੜੀ ਜਗ੍ਹਾ ਹੈ, ਇਥੇ ਗੁਰੂ ਜੀ ਨੂੰ ਤੱਤੀ ਤਵੀ 'ਤੇ ਬਿਠਾਇਆ ਤੇ ਭੜਭੂੰਜੇ ਕੋਲੋਂ ਰੇਤਾ ਤੱਤਾ ਕਰਾ ਕੇ ਵੀ ਗੁਰੂ ਜੀ 'ਤੇ ਪਵਾਇਆ ਸੀ। ਜਦੋਂ ਉਹਨੂੰ ਪੁੱਛਿਆ ਕਿ ਖੂਹ ਤਾਂ ਕਿਤੇ ਦਿਸਦਾ ਨਹੀਂ ਤਾਂ ਉਸ ਨੇ ਕਿਹਾ ਕਿ ਉਹ ਜਿਹੜੀਆਂ ਦੁਕਾਨਾਂ ਬਣੀਆਂ ਹੋਈਆਂ ਹਨ, ਇਹ ਖੂਹ ਪੂਰ ਕੇ ਬਣਾਈਆਂ ਹੋਈਆਂ ਨੇ। ਚੰਦੂ ਦੀ ਹਵੇਲੀ ਤਾਂ ਸਿੱਖਾਂ ਨੇ ਬਾਅਦ ਵਿਚ ਢਾਹ ਦਿੱਤੀ ਸੀ, ਇਸ ਕਰਕੇ ਉਹਦਾ ਤਾਂ ਨਾਮੋ ਨਿਸ਼ਾਨ ਮਿਟ ਚੁੱਕਾ ਹੈ। ਕਾਦਿਰ ਭਾਈ ਹੀ ਦੱਸਦਾ ਸੀ ਕਿ ਲੋਕਾਂ ਵਿਚ ਮਨੌਤ ਹੈ ਕਿ ਏਸ ਜਗ੍ਹਾ ਕਿਸੇ ਪਹੁੰਚੇ ਹੋਏ ਪੀਰ-ਔਲੀਏ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਸੀ ਤਾਂ ਖੂਹ ਦਾ ਪਾਣੀ ਲਾਲ ਹੋ ਗਿਆ ਸੀ, ਉਦੋਂ ਤੋਂ ਇਸ ਜਗ੍ਹਾ ਨੂੰ ਲਾਲ ਖੂਹ ਕਰਕੇ ਮਨੌਤ ਕੀਤੀ ਜਾਂਦੀ ਹੈ।

ਉਥੋਂ ਅਸੀਂ ਜਨਮ ਅਸਥਾਨ ਗੁਰੂ ਰਾਮ ਦਾਸ ਜੀ ਲਈ ਚਲ ਪਏ। ਸਾਡਾ ਗਾਈਡ ਤਾਂ ਕਾਦਿਰ ਭਾਈ ਹੀ ਸੀ। ਉਹ ਸਾਨੂੰ ਹੋਰ ਵੀ ਆਲੇ-ਦੁਆਲੇ ਦੀ ਮਾੜੀ ਮੋਟੀ ਜਾਣਕਾਰੀ ਦੇ ਦਿੰਦਾ ਸੀ। ਜਿੱਥੇ ਇਹ ਗੁਰਦੁਆਰਾ ਹੈ, ਉਹਨੂੰ ਚੂਨਾ ਮੰਡੀ ਕਿਹਾ ਜਾਂਦਾ ਹੈ ਤੇ ਜਿਸ ਬਾਜ਼ਾਰ ਵਿਚੋਂ ਲੰਘ ਕੇ ਗਏ, ਉਹ ਬਹੁਤ ਹੀ ਭੀੜਾ ਸੀ। ਗੱਡੀਆਂ ਤਾਂ ਦਿਨ ਵੇਲੇ ਜਾਣੀਆਂ ਮੁਸ਼ਕਿਲ ਹੀ ਹਨ, ਸੋ ਅਸੀਂ ਵੀ ਤੁਰ ਕੇ ਗਏ। ਇਸ ਨੂੰ ਆਜ਼ਮ ਮਾਰਕੀਟ ਕਿਹਾ ਜਾਂਦਾ ਹੈ ਤੇ ਹੈਰਾਨੀ ਤਾਂ ਸਾਡੀ ਉਸ ਵੇਲੇ ਹੋਈ ਜਦੋਂ ਕਾਦਿਰ ਭਾਈ ਨੇ ਦੱਸਿਆ ਕਿ ਇਹ ਏਸ਼ੀਆ ਦੀ ਸਭ ਤੋਂ ਵੱਡੀ ਕੱਪੜਾ ਮਾਰਕੀਟ ਹੈ। ਹੈਰਾਨੀ ਇਸ ਕਰਕੇ ਕਿ ਇਨਾ ਭੀੜਾ ਬਾਜ਼ਾਰ ਜਿੱਥੇ ਟਰੱਕ ਤਾਂ ਕੀ ਕਾਰ ਦਾ ਜਾਣਾ ਵੀ ਮੁਸ਼ਕਿਲ ਹੈ ਤੇ ਉਤੋਂ ਦੁਕਾਨਾਂ ਨਿੱਕੀਆਂ-ਨਿੱਕੀਆਂ। ਮੈਂ ਉਹਨੂੰ ਪੁੱਛ ਹੀ ਲਿਆ ਕਿ ਲਗਦੀ ਤਾਂ ਹੈ ਨਹੀਂ ਐਡੀ ਵੱਡੀ ਮਾਰਕੀਟ, ਜਿੱਡੀ ਤੂੰ ਦੱਸਦਾਂ। ਉਹ ਸਾਨੂੰ ਇਕ ਦੁਕਾਨ ਅੰਦਰ ਲੈ ਗਿਆ ਜਿਹੜੀ ਦੇਖਣ ਨੂੰ ਤਾਂ ਛੋਟੀ ਹੀ ਸੀ ਪਰ ਅੰਦਰੋਂ ਉਹਦਾ ਸਟੋਰ ਜਿਹੜਾ ਅੰਡਰ ਗਰਾਊਂਡ ਸੀ, ਬਹੁਤ ਹੀ ਵੱਡਾ ਸੀ ਤੇ ਕੱਪੜੇ ਦੇ ਢੇਰਾਂ ਦੇ ਢੇਰ ਲੱਗੇ ਹੋਏ ਸਨ। ਇੱਥੇ ਜ਼ਿਆਦਾ ਤਰ ਉਹ ਸਾਨੂੰ 'ਬੋਸਕੀ' ਖਰੀਦਣ ਲਈ ਕਹਿੰਦੇ ਸਨ। ਉਹ ਦਸਦਾ ਸੀ ਕਿ ਅੰਦਰੋਂ ਸਾਰੀਆਂ ਦੁਕਾਨਾਂ ਐਨੀਆਂ ਹੀ ਵੱਡੀਆਂ ਹਨ ਤੇ ਇੱਥੋਂ ਪਾਕਿਸਤਾਨ ਦੇ ਬਾਕੀ ਸ਼ਹਿਰਾਂ ਤੋਂ ਇਲਾਵਾ ਹੋਰ ਮੁਲਕਾਂ ਨੂੰ ਵੀ ਕੱਪੜਾ ਸਪਲਾਈ ਹੁੰਦਾ ਹੈ। ਇਸੇ ਬਾਜ਼ਾਰ ਦੇ ਵਿਚ ਹੀ ਅੱਗੇ ਜਾ ਕੇ ਗੁਰਦੁਆਰਾ ਹੈ। ਜਦੋਂ ਅਸੀਂ ਪਹੁੰਚੇ ਤਾਂ ਬਾਹਰੋਂ ਗੇਟ ਨੂੰ ਜਿੰਦਾ ਲੱਗਾ ਹੋਇਆ ਸੀ ਤਾਂ ਕਾਦਿਰ ਭਾਈ ਨੇ ਕਿਸੇ ਨੂੰ ਟੈਲੀਫੋਨ ਕੀਤਾ। ਬੱਸ ਦੋਕੁ ਮਿੰਟ ਵਿਚ ਇਕ ਸਿੰਘ ਸਾਹਿਬ ਤੇ ਉਨ੍ਹਾਂ ਨਾਲ ਇਕ ਮੋਨਾ ਮੁੰਡਾ ਆ ਗਏ ਤੇ ਭਾਈ ਸਾਹਿਬ ਫਤਿਹ ਬੁਲਾ ਕੇ, ਗੇਟ ਖੋਲ੍ਹ ਕੇ, ਸਾਨੂੰ ਅੰਦਰ ਲੈ ਗਏ। ਅਸਲ ਵਿਚ ਇਸ ਗੁਰਦੁਆਰੇ ਵਿਚ ਵੀ ਲੰਗਰ ਤੇ ਇਕ ਹੋਰ ਬਿਲਡਿੰਗ ਦੀ ਉਸਾਰੀ ਹੋ ਰਹੀ ਸੀ ਜਿਹੜੀ ਕਿ ਤਰਨ ਤਾਰਨ ਵਾਲੇ ਸੰਤ ਕਰਵਾ ਰਹੇ ਸਨ। ਇਹ ਭਾਈ ਸਾਹਿਬ ਕਾਰ ਸੇਵਾ ਵਾਲੇ ਹੀ ਸਿੰਘ ਸਨ ਤੇ ਮੋਨਾ ਮੁੰਡਾ ਲਾਂਗਰੀ ਜੋਕਿ ਸਵਾਤ ਘਾਟੀ ਤੋਂ ਜਿਹੜੇ ਹਿੰਦੂ ਹਿਜ਼ਰਤ ਕਰਕੇ ਆਏ ਹੋਏ ਸਨ, ਉਨ੍ਹਾਂ ਵਿਚੋਂ ਸੀ ਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਨਖਾਹ 'ਤੇ ਰੱਖਿਆ ਹੋਇਆ ਸੀ। ਕਾਦਿਰ ਭਾਈ ਨੂੰ ਵੀ ਇਸ ਗੁਰਦੁਆਰੇ ਦੀ ਕਾਰ ਸੇਵਾ ਬਾਰੇ ਕਾਫੀ ਜਾਣਕਾਰੀ ਸੀ। ਉਹਨੇ ਹੀ ਦੱਸਿਆ ਸੀ ਕਿ ਸੰਤ ਅਮਰੀਕ ਸਿੰਘ ਜਿਹੜਾ ਬਾਅਦ 'ਚ ਭਗੌੜਾ ਹੋ ਗਿਆ ਸੀ, ਨੇ ਸ਼ਾਇਦ ਇੱਥੇ ਹੀ ਜ਼ਿਆਦਾ ਹੇਰਾ ਫੇਰੀ ਕੀਤੀ। ਉਹ ਹੀ ਦਸਦਾ ਸੀ ਕਿ ਜਦੋਂ ਸਰਨਾ ਸੋਨੇ ਦੀ ਪਾਲਕੀ ਲੈਕੇ ਆਇਆ ਸੀ ਤਾਂ ਬਾਰਡਰ 'ਤੇ ਪਾਲਕੀ ਲੈਣ ਇਹੋ ਸੰਤ ਅਮਰੀਕ ਸਿੰਘ ਗਿਆ ਸੀ ਤੇ ਜਿਹੜਾ ਲੱਖਾਂ ਦਾ ਚੜ੍ਹਾਵਾ ਪਾਲਕੀ ਦੇ ਦਿੱਲੀ ਤੋਂ ਵਾਹਗਾ ਬਾਰਡਰ ਤੱਕ ਦੇ ਸਫ਼ਰ ਦੌਰਾਨ ਹੋਇਆ, ਉਹ ਸ਼ਾਇਦ ਇਹੋ ਬਾਬਾ ਸਾਂਭ ਗਿਆ। ਉਦਾਂ ਕਾਦਿਰ ਭਾਈ ਇਹੋ - ਜਿਹੀ ਗੱਲ ਬੜੀ ਦੱਬਵੀਂ ਜਿਹੀ ਜੀਭ ਨਾਲ ਕਰਦਾ ਸੀ।

(ਬਾਕੀ ਕਿਸ਼ਤ ਨੰ: 12 'ਚ)