ਵਿਛੜੇ ਗਰੁਧਾਮਾਂ ਦੇ ਦਰਸਨ ਦੀਦਾਰੇ ( ਕਿਸ਼ਤ ਨੰ: 10 )

ਸਫਰਨਾਮਾ -ਮਝੈਲ ਸਿੰਘ ਸਰਾਂ
(ਲੜੀ ਜੋੜਨ ਲਈ ਕਿਸ਼ਤ ਨੰ: 09 ਵੇਖੋ)

ਇਹ ਜ਼ਮੀਨ ਅੱਜ ਵੀ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਦੇ ਨਾਂ ਚਲ ਰਹੀ ਹੈ ਤੇ ਔਕਾਫ ਬੋਰਡ ਇਸ ਦੇ ਬੰਦੋਬਸਤ ਦਾ ਇੰਤਜ਼ਾਮ ਕਰਦਾ ਹੈ। ਇਹ ਗੱਲ ਸਾਨੂੰ ਗੁਰਦੁਆਰਾ ਜਨਮ ਅਸਥਾਨ ਦੇ ਹੈਡ ਗ੍ਰੰਥੀ ਭਾਈ ਦਇਆ ਸਿੰਘ ਨੇ ਬਾਅਦ 'ਚ ਦੱਸੀ। ਇਸ ਤੋਂ ਪਹਿਲਾਂ ਮੈਨੂੰ ਇਹ ਤਾਂ ਪਤਾ ਸੀ ਪਈ ਨਨਕਾਣਾ ਸਾਹਿਬ ਗੁਰਦੁਆਰੇ ਦੇ ਨਾਂ ਕਾਫੀ ਜ਼ਮੀਨ ਹੈ ਪਰ ਐਨੀ ਦਾਨ ਹੀਂ ਸੀ ਪਤਾ। ਇਹ ਜਾਣ ਕੇ ਫਿਰ ਬਾਬੇ ਨਾਨਕ ਨੂੰ ਯਾਦ ਕੀਤਾ ਕਿ ਐਨੀ ਵੱਡੀ ਜਾਇਦਾਦ ਦੇ ਮਾਲਕ ਨੇ ਸ਼ਾਇਦ ਕਦੇ ਸੇਰ ਦਾਣੇ ਵੀ ਇਸ ਜ਼ਮੀਨ 'ਚੋਂ ਨਹੀਂ ਲਏ ਹੋਣੇ। ਸਗੋਂ ਬਾਬਾ ਤਾਂ ਸਭ ਛੱਡ-ਛੁਡਾ ਕੇ "ਚੜ੍ਹਿਆ ਸੋਧਣ ਧਰਤ ਲੋਕਾਈ" ਦੇ ਵਾਕ ਅਨੁਸਾਰ ਲੰਮੀਆਂ ਉਦਾਸੀਆਂ' ਤੇ ਤੁਰ ਪਿਆ ਸੀ। ਉਹਨੇ ਤਾਂ ਸ਼ਾਇਦ ਕਦੇ ਅੱਖ ਭਰ ਕੇ 750 ਮੁਰੱਬਿਆਂ ਨੂੰ ਦੇਖਿਆ ਵੀ ਨਹੀਂ ਹੋਣਾ। ਐਨਾ ਤਿਆਗੀ ਵੀ ਕੋਈ ਇਨਸਾਨੀ ਜਾਮੇ ਵਿਚ ਹੋ ਸਕਦਾ ਹੈ, ਸ਼ਾਇਦ ਕੋਈ ਵੀ ਮਿਸਾਲ ਨਾ ਮਿਲੇ। ਅਸਲ ਵਿਚ ਬਾਬੇ ਨਾਨਕ ਨੇ ਜਿਸ ਪੰਥ ਦੇ ਧਾਰਨੀ ਲੋਕਾਂ ਨੂੰ ਬਣਾਉਣਾ ਸੀ, ਉਸ ਦੀਆਂ ਮਿਸਾਲਾਂ ਪਹਿਲਾਂ ਆਪ ਦੇਣੀਆਂ ਸਨ। ਜੇ ਦੁਨੀਆਂ ਦਾਰੀ ਪੱਖੋਂ ਆਪਾਂ ਸੋਚੀਏ ਤਾਂ ਬਾਬਾ ਨਾਨਕ ਤਾਂ ਐਡੀ ਵੱਡੀ ਜਾਇਦਾਦ ਨਾਲ ਸਾਰੀ ਜ਼ਿੰਦਗੀ ਐਸ਼ੋ-ਆਰਾਮ ਦੀ ਕੱਟਦਾ, ਕੀ ਲੋੜ ਪਈ ਸੀ ਸਾਲਾਂ-ਬੱਧੀ ਪੈਦਲ ਤੁਰ ਕੇ ਥਾਂ-ਕੁਥਾਂ ਜਾਣ ਦੀ ਤੇ ਲੋਕਾਂ ਦੀਆਂ ਗੱਲਾਂ ਸੁਣਨ ਦੀ। ਉਥੇ ਰਹਿ ਕੇ ਹੀ ਪ੍ਰਚਾਰ ਕਰੀ ਜਾਂਦਾ, ਚਿੱਟੇ ਕੱਪੜੇ ਪਾਕੇ, ਨਾਲੇ ਚੜ੍ਹਾਵਾ ਵਾਧੂ ਚੜ੍ਹਦਾ ਤੇ ਜਿੰਨੀ ਮਰਜ਼ੀ ਹੋਰ ਜ਼ਮੀਨ ਖਰੀਦ ਲੈਂਦਾ, ਜਿੱਦਾਂ ਸਾਡੇ ਅੱਜ ਦੇ ਕਈ ਸਾਧ-ਸੰਤ ਕਰਦੇ ਹਨ, ਜਿਨ੍ਹਾਂ ਵਿਚੋਂ ਕਈ ਤਾਂ ਜ਼ੋਰ ਨਾਲ ਕਬਜ਼ਾ ਕਰਨ ਦੇ ਵੀ ਆਦੀ ਹੋ ਗਏ ਹਨ। ਜੇ ਉਦੋਂ ਔਡੀਆਂ ਨਹੀਂ ਸਨ ਤਾਂ ਵੱਡੇ ਵੱਡੇ ਰਥ ਤਾਂ ਹੈ ਹੀ ਸਨ, ਲੈ ਕੇ ਮੌਜਾਂ ਕਰਦਾ। ਜੇ ਕਿਧਰੇ ਜਾਣਾ ਹੁੰਦਾ ਤਾਂ ਰਥ 'ਤੇ ਬਹਿ ਕੇ ਜਾਂਦਾ। ਬਾਬੇ ਨਾਨਕ ਨੇ ਤਾਂ ਮਗਰਲੀ ਉਮਰ ਜਾਕੇ ਖੇਤੀ ਕਰਨ ਦਾ ਮਨ ਬਣਾਇਆ ਤਾਂ ਕਰਤਾਰਪੁਰ ਵਿਚ ਢਾਈ ਮੁਰੱਬੇ ਜ਼ਮੀਨ ਮੁੱਲ ਲੈਕੇ ਖੇਤੀ ਸ਼ੁਰੂ ਕੀਤੀ। ਉਸ ਵੇਲੇ ਵੀ ਤਾਂ ਉਹ ਇਸ 750 ਮੁਰੱਬਿਆਂ ਵਿਚ ਆ ਹੀ ਸਕਦੇ ਸਨ ਕਿਉਂਕਿ ਉਨ੍ਹਾਂ ਦੇ ਨਾਂ ਸੀ ਪਰ ਬਾਬੇ ਨੇ ਸੁੱਚੀ ਕਿਰਤ ਵੀ ਤਾਂ ਦੱਸਣੀ ਸੀ, ਇਸ ਲਈ ਉਨ੍ਹਾਂ ਪਹਿਲ ਆਪ ਕੀਤੀ।

ਐਹੋ ਜਿਹੀਆਂ ਗੱਲਾਂ ਨੂੰ ਹੁਣ ਜਦੋਂ ਥੋੜ੍ਹਾ ਜਿਹਾ ਸੋਚਦਾਂ ਤਾਂ ਸਾਫ ਹੀ ਦਿਸਦਾ ਕਿ ਬਾਬੇ ਨਾਨਕ ਦਾ ਧਰਮ ਬਿਲਕੁਲ ਨਿਵੇਕਲਾ ਤੇ ਵੱਖਰਾ ਹੈ ਤੇ ਜਿਹੜੇ ਦਿਨ-ਰਾਤ ਇਹੀ ਪ੍ਰਚਾਰ ਕਰੀ ਜਾਂਦੇ ਨੇ ਕਿ ਸਿੱਖ ਕੋਈ ਵੱਖਰਾ ਧਰਮ ਨਹੀਂ, ਸਗੋਂ ਹਿੰਦੂ ਧਰਮ ਦਾ ਹੀ ਇਕ ਅੰਗ ਹੈ, ਕਿੰਨਾ ਝੂਠ ਬੋਲਦੇ ਨੇ। ਇਹੀ ਮਿਸਾਲ ਲੈ ਲਈਏ, ਬਾਬੇ ਨਾਨਕ ਨੇ 19000 ਏਕੜ ਦੇ ਲਗਭਗ ਜ਼ਮੀਨ ਆਪਣੇ ਨਾਂ ਲੱਗੀ ਹੋਣ ਦੇ ਬਾਵਜੂਦ ਵੀ ਨਹੀਂ ਲਈ ਤੇ ਅੱਜ ਹਿੰਦੋਸਤਾਨ ਦਾ ਇਕ ਬਾਬਾ ਜਿਸ ਨੂੰ ਬਾਪੂ ਆਸਾ ਰਾਮ ਕਹਿੰਦੇ ਨੇ, ਜ਼ਬਰ ਦਸਤੀ ਕਬਜ਼ੇ ਕਰਕੇ 2500 ਏਕੜ ਜ਼ਮੀਨ ਬਣਾਈ ਬੈਠਾ, ਇਹਦਾ ਅੰਗ ਸਿੱਖ ਕਿੱਦਾਂ ਬਣ ਸਕਦੇ ਹਨ। ਗੁਰਦੁਆਰਾ 'ਕਿਆਰਾ ਸਾਹਿਬ' ਸਿੱਖਾਂ ਲਈ ਪ੍ਰੇਰਨਾ ਸਰੋਤ ਹੈ ਤਿਆਗ ਦਾ। ਕਿਤੇ ਸਾਡੇ ਪੰਥਕ ਕਹਾਉਣ ਵਾਲੇ ਲੀਡਰਾਂ ਤੇ ਸੰਤ ਮਹਾਪੁਰਸ਼ਾਂ 'ਤੇ ਵੀ ਬਾਬਾ ਨਾਨਕ ਮਿਹਰ ਕਰੇ, ਇਨ੍ਹਾਂ ਵਿਚ ਵੀ ਤਿਆਗ ਦੀ ਭਾਵਨਾ ਜਾਗ ਪਵੇ।

ਉਥੋਂ ਤੁਰਨ ਲੱਗਿਆਂ ਅਸੀਂ ਫਿਰ ਗੁਰਦੁਆਰੇ ਵਲ ਸਿਰ ਨਿਵਾਇਆ ਤੇ ਪੁਲਿਸ ਵਾਲੇ ਤੋਂ ਵਿਦਾ ਲਈ। ਉਹਨੇ ਫਿਰ ਸਾਨੂੰ ਘੁੱਟ-ਘੁੱਟ ਕੇ ਹੱਥ ਮਿਲਾ ਕੇ ਖੁਦਾ ਹਾਫਿਜ਼ ਕਿਹਾ। ਬਾਬੂ ਖਾਂ ਫਿਰ ਉਥੋਂ ਸਾਨੂੰ ਇਕ ਹੋਰ ਗੁਰਦੁਆਰੇ ਲੈ ਆਇਆ, ਇਹਦਾ ਨਾਂ ਗੁਰਦੁਆਰਾ 'ਤੰਬੂ ਸਾਹਿਬ' ਹੈ। ਗੁਰਦੁਆਰੇ ਦੀ ਬਿਲਡਿੰਗ ਬਹੁਤ ਸੋਹਣੀ ਹੈ ਤੇ ਨਾਲ ਹੀ ਹੋਰ ਵੀ ਕਮਰੇ ਹਨ। ਗੁਰਪੁਰਬ ਆਉਣ ਵਾਲਾ ਹੋਣ ਕਰਕੇ ਕਈ ਮਜ਼ਦੂਰ, ਜੋ ਸਾਰੇ ਹੀ ਮੁਸਲਮਾਨ ਸਨ, ਸਾਫ-ਸਫਾਈ ਵਿਚ ਲੱਗੇ ਹੋਏ ਸਨ ਤੇ ਦੋਕੁ ਬਾਬੂ ਟਾਈਪ ਦੇ, ਸੋਹਣੇ ਕੱਪੜਿਆਂ ਵਿਚ ਸਜੇ ਬੰਦੇ ਨਿਗਰਾਨੀ ਕਰ ਰਹੇ ਸਨ, ਸ਼ਾਇਦ ਔਕਾਫ ਬੋਰਡ ਦੇ ਅਧਿਕਾਰੀ ਹੋਣਗੇ। ਗੁਰਪੁਰਬ ਤੇ ਜਦੋਂ ਸੰਗਤ ਵਧ ਜਾਂਦੀ ਹੈ ਤਾਂ ਇਹ ਰਿਹਾਇਸ਼ੀ ਕਮਰੇ ਵਰਤੋਂ ਵਿਚ ਲਿਆਏ ਜਾਂਦੇ ਹਨ। ਇਸ ਗੁਰਦੁਆਰੇ ਦੇ ਪਿਛੋਕੜ ਬਾਰੇ ਇਸ ਤਰ੍ਹਾਂ ਹੈ ਕਿ ਇਥੇ ਬਾਬਾ ਨਾਨਕ ਜੀ ਵੇਲੇ ਸੰਘਣਾ ਵਣ ਹੁੰਦਾ ਸੀ। ਅਜੇ ਵੀ ਗੁਰਦੁਆਰਾ ਕੰਪਲੈਕਸ ਵਿਚ ਥੋੜ੍ਹੇ ਜਿਹੇ ਥਾਂ ਵਿਚ ਝਾੜੀਆਂ ਜਿਹੀਆਂ ਹਨ। ਕਿਹਾ ਜਾਂਦਾ ਹੈ ਕਿ ਜਦੋਂ ਬਾਬੇ ਨਾਨਕ ਨੇ 20 ਰੁਪਏ ਦਾ ਰਾਸ਼ਨ ਸਾਧੂ-ਸੰਤਾਂ ਨੂੰ ਚੂਹੜਕਾਣੇ (ਸੱਚਾ ਸੌਦਾ) ਕਈ ਦਿਨ ਰਹਿ ਕੇ ਛਕਾ ਦਿੱਤਾ ਤਾਂ ਖਾਲੀ ਹੱਥ ਨਨਕਾਣਾ ਸਾਹਿਬ ਨੂੰ ਆ ਗਏ। ਘਰ ਵਾਲੇ ਪਹਿਲਾਂ ਹੀ ਦੇਰ ਹੋਣ ਕਰਕੇ ਉਡੀਕ ਦੇ ਪਏ ਸਨ ਤੇ ਪਿਤਾ ਮਹਿਤਾ ਕਾਲੂ ਤਾਂ ਸ਼ਾਇਦ ਜ਼ਿਆਦਾ ਹੀ ਉਤਸ਼ਾਹਿਤ ਹੋਣ (ਕਿਉਂਕਿ ਉਹ ਵਪਾਰਕ ਰੁਚੀ ਵਾਲੇ ਸਨ) ਕਿ ਪੁੱਤ ਨਾਨਕ ਕਿੰਨੇ ਕੁ ਨਫੇ ਵਾਲਾ ਸੌਦਾ ਲਿਆਇਆ। ਬਾਬਾ ਨਾਨਕ ਸਿੱਧਾ ਘਰ ਨਾ ਗਿਆ ਤੇ ਇਥੇ ਸੰਘਣੇ ਵਣ ਵਿਚ ਆ ਕੇ ਬਹਿ ਗਿਆ। ਸ਼ਾਇਦ ਆਪਣੇ ਬਾਪ ਦੇ ਸੁਭਾਅ ਕਰਕੇ ਜਾਂ ਜਿਹੜਾ ਸੁਨੇਹਾ ਬਾਬੇ ਨੇ ਲੋਕਾਂ ਨੂੰ ਦੇਣਾ ਸੀ, ਉਹ ਘਰ ਦੀ ਚਾਰ ਦੀਵਾਰੀ 'ਚ ਨਾ ਦੇਣ ਦੀ ਬਜਾਏ ਸਭ ਲੋਕਾਂ ਦੇ ਸਾਹਮਣੇ ਬਾਹਰ ਖੁੱਲ੍ਹੇ ਥਾਂ 'ਤੇ ਦੇਣਾ ਸੀ।

ਬਾਬੇ ਦੇ ਮਿੱਤਰਾਂ-ਦੋਸਤਾਂ ਨੂੰ ਵੀ ਪਤਾ ਲੱਗ ਗਿਆ ਕਿ ਨਾਨਕ ਕਈ ਦਿਨਾਂ ਬਾਅਦ ਆਇਐ ਤੇ ਫਲਾਣੇ ਥਾਂ ਵਣ ਵਿਚ ਬੈਠਾ ਹੈ। ਇਹ ਖ਼ਬਰ ਬਾਬੇ ਦੇ ਘਰ ਵੀ ਪਹੁੰਚ ਗਈ ਤੇ ਕਹਿੰਦੇ ਆ, ਪਈ ਮਹਿਤਾ ਕਾਲੂ ਨੂੰ ਸ਼ੱਕ ਪੈ ਗਈ ਕਿ ਨਾਨਕ ਨੇ ਜੇ ਨਫੇ ਵਾਲਾ ਸੌਦਾ ਕੀਤਾ ਹੁੰਦਾ ਤਾਂ ਸਿੱਧਾ ਘਰ ਆਉਣਾ ਸੀ, ਉਹਨੇ ਜ਼ਰੂਰ ਕੋਈ ਗੜਬੜ ਵਾਲੀ ਗੱਲ ਕੀਤੀ ਹੋਣੀ ਹੈ। ਉਹ ਗੁੱਸੇ ਵਿਚ ਘਰੋਂ ਉਸ ਥਾਂ ਵਲ ਚਲ ਪਿਆ, ਜਿਥੇ ਨਾਨਕ ਬੈਠਾ ਸੀ। ਉਸਦੇ ਆਉਣ ਤੋਂ ਪਹਿਲਾਂ ਹੀ ਬਹੁਤ ਸਾਰੇ ਲੋਕ ਉਥੇ ਇਕੱਠੇ ਹੋ ਗਏ ਸਨ। ਕਹਿੰਦੇ ਨੇ ਮਹਿਤਾ ਕਾਲੂ ਨੇ ਜਦੋਂ ਦੇਖਿਆ ਕਿ ਕੋਈ ਵੀ ਸਾਮਾਨ ਉਥੇ ਨਹੀਂ ਹੈ ਤਾਂ ਗੁੱਸੇ ਵਿਚ ਆਪਣੇ ਪੁੱਤ ਨਾਨਕ ਨੂੰ ਪੁੱਛਿਆ ਕਿ ਜਿਹੜੇ 20 ਰੁਪਏ ਤੈਨੂੰ ਦਿੱਤੇ ਸਨ ਸੌਦਾ ਕਰਨ ਲਈ, ਉਨ੍ਹਾਂ ਦਾ ਕੀ ਕੀਤਾ? ਤਾਂ ਕਹਿੰਦੇ ਨੇ ਕਿ ਬਾਬੇ ਨਾਨਕ ਨੇ ਕਿਹਾ ਕਿ ਮੈਂ ਖਰਾ ਸੌਦਾ ਕਰ ਆਇਆਂ। ਮਹਿਤਾ ਕਾਲੂ ਕਹਿਣ ਲੱਗੇ ਕਿ ਉਹ ਖਰਾ ਸੌਦਾ ਹੈ ਕਿਥੇ? ਮੈਨੂੰ ਵੀ ਦਿਖਾ, ਜਿਸ ਲਈ ਐਨੀ ਰਕਮ ਕੋਲੋਂ ਦਿੱਤੀ ਆ। ਤਾਂ ਬਾਬੇ ਨਾਨਕ ਨੇ ਸਾਰੀ ਗੱਲ ਦੱਸ ਦਿੱਤੀ ਤੇ ਦੱਸਿਆ ਕਿ ਭੁੱਖੇ ਨੂੰ ਰੋਟੀ ਖੁਆਉਣੀ ਹੀ ਖਰਾ ਤੇ ਸੱਚਾ ਸੌਦਾ ਹੈ। ਇਸ 'ਤੇ ਪਿਤਾ ਮਹਿਤਾ ਕਾਲੂ ਬਹੁਤ ਗੁੱਸੇ ਵਿਚ ਆ ਗਿਆ ਤੇ ਕਹਿੰਦੇ ਨੇ ਕਿ ਜੁਆਨ ਪੁੱਤ ਦੇ ਥੱਪੜ ਵੀ ਮਾਰ ਦਿੱਤਾ। ਇਹੋ ਤਾਂ ਬਾਬਾ ਨਾਨਕ ਦੁਨੀਆਂ ਨੂੰ ਦੱਸਣਾ ਚਾਹੁੰਦਾ ਸੀ ਕਿ ਸੱਚ 'ਤੇ ਚੱਲਣ ਲਈ ਦੁਨੀਆਂ ਤਾਂ ਇਕ ਪਾਸੇ, ਆਪਣੇ ਬਾਪ ਦੀ ਨਾਰਾਜ਼ਗੀ ਵੀ ਝੱਲਣੀ ਪੈਣੀ ਏ ਤਾਂ ਇਸ 'ਖੰਡਿਓ ਤਿੱਖੀ, ਵਾਲਹੁ ਨਿੱਕੀ' ਸਿੱਖੀ 'ਤੇ ਤੁਰ ਹੋਣਾ ਤੇ ਸੱਚ ਦੇ ਪਾਂਧੀ ਬਣ ਹੋਣਾ ਹੈ। ਉਸ ਜਗ੍ਹਾ 'ਤੇ ਇਹ 'ਗੁਰਦੁਆਰਾ ਤੰਬੂ ਸਾਹਿਬ' ਬਣਿਆ ਹੋਇਆ ਹੈ। ਇਸ ਤੰਬੂ ਸਾਹਿਬ ਗੁਰਦੁਆਰੇ ਦੇ ਨਾਲ ਹੀ ਇਕ ਹੋਰ ਗੁਰਦੁਆਰਾ ਵੀ ਹੈ, ਜਿਸਦਾ ਨਾਂ 'ਨਿਹੰਗ ਸਿੰਘ ਛਾਉਣੀ' ਹੈ ਪਰ ਸਾਡੇ ਕੋਲੋਂ ਅੰਦਰ ਨਾ ਜਾ ਹੋਇਆ ਤੇ ਇਸ ਦੇ ਇਤਿਹਾਸਕ ਪਿਛੋਕੜ ਬਾਰੇ ਵੀ ਕੋਈ ਜਾਣਕਾਰੀ ਨਹੀਂ ਲੈ ਹੋਈ।

ਅਗਲਾ ਗੁਰਦੁਆਰਾ, ਜਿਸ ਦੇ ਦਰਸ਼ਨਾਂ ਲਈ ਅਸੀਂ ਪਹੁੰਚੇ, ਉਸਦਾ ਨਾਂ 'ਗੁਰਦੁਆਰਾ ਪੱਟੀ ਸਾਹਿਬ' ਹੈ। ਬਾਹਰਲਾ ਗੇਟ ਲੰਘ ਕੇ ਅੰਦਰ ਸਾਹਮਣੇ ਗੁਰਦੁਆਰਾ ਸਾਹਿਬ ਹੈ। ਉਸ ਦਿਨ ਇਥੇ ਗੁਰਦੁਆਰੇ ਵਿਚ ਅਖੰਡ ਪਾਠ ਹੋ ਰਿਹਾ ਸੀ ਤੇ ਇਕ ਬੱਚੀ ਪਾਠ ਕਰ ਰਹੀ ਸੀ। ਇਸਦੇ ਨਾਲ ਕੁਝ ਰਿਹਾਇਸ਼ੀ ਕਮਰੇ ਵੀ ਹਨ, ਜਿਥੇ ਇਨ੍ਹਾਂ ਗੁਰਦੁਆਰਿਆਂ ਦੇ ਸੇਵਾਦਾਰਾਂ ਦੇ ਪਰਿਵਾਰ ਹੀ ਰਹਿੰਦੇ ਹਨ। ਉਥੇ ਸਾਨੂੰ ਥੋੜ੍ਹੀ ਚਹਿਲ-ਕਦਮੀ ਵੀ ਲੱਗੀ। ਕੁਦਰਤੀ ਹੀ ਹੈ ਕਿ ਜਿਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ ਤਾਂ ਰੱਬ ਆਪ ਵੀ ਉਥੇ ਹੁੰਦਾ ਹੈ। ਇਥੇ ਹੀ ਸਾਨੂੰ ਗੁਰਦੁਆਰਾ ਜਨਮ ਅਸਥਾਨ ਦੇ ਹੈਡ ਗ੍ਰੰਥੀ ਭਾਈ ਦਇਆ ਸਿੰਘ ਮਿਲੇ। ਅਸਲ ਵਿਚ ਉਨ੍ਹਾਂ ਦਾ ਪਰਿਵਾਰ ਵੀ ਇਥੇ ਹੀ ਰਹਿੰਦਾ ਹੈ। ਉਨ੍ਹਾਂ ਤੋਂ ਸਾਨੂੰ ਗੁਰਦੁਆਰੇ ਬਾਰੇ ਜਾਣਕਾਰੀ ਵੀ ਮਿਲੀ। ਉਦਾਂ ਵੀ ਉਸ ਨੇ ਕਈ ਗੱਲਾਂ-ਬਾਤਾਂ ਕੀਤੀਆਂ ਪਾਕਿਸਤਾਨ ਵਿਚ ਰਹਿੰਦੇ ਸਿੱਖਾਂ ਬਾਰੇ। ਉਹ ਮਧਰੇ ਕੱਦ ਦਾ ਗਠੀਲੇ ਸਰੀਰ ਵਾਲਾ ਮਸਾਂ 30 ਕੁ ਸਾਲਾਂ ਦਾ ਹੋਣਾ ਏ। ਉਸਨੇ ਸਾਨੂੰ ਦੱਸਿਆ ਕਿ ਨਨਕਾਣਾ ਸਾਹਿਬ ਵਿਚ ਡੇਢ ਸੌ ਤੋਂ ਵਧ ਘਰ ਸਿੱਖਾਂ ਦੇ ਹਨ। ਇਨ੍ਹਾਂ ਸਾਰਿਆਂ ਦਾ ਪਿੱਛਾ ਪਿਸ਼ਾਵਰ ਹੈ ਤੇ ਆਪਸ ਵਿਚ ਇਹ ਗੱਲਬਾਤ ਵੀ ਪਸ਼ਤੋ ਵਿਚ ਹੀ ਕਰਦੇ ਹਨ। ਉਸਦਾ ਰਿਸ਼ਤੇਦਾਰ ਹੀ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਵੀ ਹੈ। ਪਾਕਿਸਤਾਨ ਦੀ ਰਾਜਨੀਤੀ ਵਿਚ ਵੀ ਇਥੋਂ (ਨਨਕਾਣਾ ਸਾਹਿਬ) ਦੇ ਸਿੱਖ ਸ਼ਮੂਲੀਅਤ ਕਰਦੇ ਹਨ, ਪਰ ਇਨ੍ਹਾਂ ਦਾ ਝੁਕਾਅ ਬੇਨਜ਼ੀਰ ਭੁੱਟੋ ਦੀ ਪਾਰਟੀ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਵਲ ਹੈ। ਇਸੇ ਪਾਰਟੀ ਵਲੋਂ ਹੀ ਇਨ੍ਹਾਂ ਨੇ ਘੱਟ ਗਿਣਤੀਆਂ ਦੀ ਸੀਟ 'ਤੇ ਆਪਣਾ ਉਮੀਦ ਵਾਰ ਵੀ ਖੜ੍ਹਾ ਕੀਤਾ ਸੀ। ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਨ 'ਤੇ ਇਹ ਸਾਰੇ ਸਿੱਖ ਖੁਸ਼ ਵੀ ਹਨ। ਉਸਨੂੰ ਵੀ ਹਿੰਦੋਸਤਾਨ ਦੀ ਸਰਕਾਰ ਨਾਲ ਗਿਲਾ ਹੈ ਕਿ ਉਹਨੂੰ ਵਾਰ-ਵਾਰ ਅਰਜ਼ੀ ਦੇਣ 'ਤੇ ਵੀ ਉਧਰਲੇ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਵੀਜ਼ਾ ਨਹੀਂ ਦਿੱਤਾ ਗਿਆ। ਇਕ ਗੱਲ ਤਾਂ ਉਹਨੇ ਬੜੀ ਹੈਰਾਨੀ ਵਾਲੀ ਵੀ ਦੱਸੀ ਕਿ ਪਿਛਲੇ ਸਾਲ 2008 ਵਿਚ ਦਿੱਲੀ ਵਿਚ ਘੱਟ ਗਿਣਤੀ ਧਰਮਾਂ ਦੇ ਮੰਨਣ ਵਾਲਿਆਂ ਦਾ ਸੰਮੇਲਨ ਪ੍ਰਧਾਨ ਮੰਤਰੀ ਵਲੋਂ ਹੋਇਆ ਸੀ ਤਾਂ ਪਾਕਿਸਤਾਨ ਵਿਚੋਂ ਉਸਨੂੰ (ਦਇਆ ਸਿੰਘ) ਨੂੰ ਮਨਮੋਹਨ ਸਿੰਘ ਵਲੋਂ ਸਰਕਾਰੀ ਤੌਰ 'ਤੇ ਸ਼ਾਮਲ ਹੋਣ ਲਈ ਸੱਦਾ ਪੱਤਰ ਆਇਆ, ਜਦੋਂ ਉਹਨੇ ਪਾਕਿਸਤਾਨ ਵਿਚ ਭਾਰਤੀ ਅੰਬੈਸੀ ਵਿਚ ਵੀਜ਼ੇ ਦੀ ਅਰਜ਼ੀ, ਡਾ. ਮਨਮੋਹਨ ਸਿੰਘ ਦੇ ਸੱਦਾ-ਪੱਤਰ ਸਮੇਤ ਭੇਜੀ ਤਾਂ ਉਸ ਤੋਂ ਥੋੜ੍ਹੇ ਦਿਨ ਪਹਿਲਾਂ ਬੰਬਈ ਵਿਚ ਤਾਜ ਹੋਟਲ ਵਾਲਾ ਕਾਂਡ ਵਾਪਰ ਗਿਆ ਸੀ, ਜਿਸ ਕਰਕੇ ਇੰਟਰਵਿਊ 'ਤੇ ਉਸਨੂੰ ਉਸੇ ਬਾਰੇ ਪੁੱਛੀ ਜਾਣ ਜਾਂ ਪੁੱਛਣ ਕਿ ਤੂੰ ਨਨਕਾਣਾ ਸਾਹਿਬ ਦੇ ਗੁਰਦੁਆਰੇ ਦਾ ਹੈਡ ਗ੍ਰੰਥੀ ਏਂ, ਉਥੇ ਕਿਹੜੇ ਕਿਹੜੇ ਖਾੜਕੂ ਆਉਂਦੇ ਨੇ ਅਤੇ ਉਨ੍ਹਾਂ ਨੇ ਅੱਧਾ ਘੰਟਾ ਇੰਟਰਵਿਊ ਤੋਂ ਬਾਅਦ ਵੀ ਵੀਜ਼ਾ ਨਾ ਦਿੱਤਾ। ਅਸੀਂ ਉਸ ਤੋਂ ਇਸਦਾ ਕਾਰਨ ਪੁੱਛਿਆ ਤਾਂ ਉਹ ਕਹਿੰਦਾ ਕਿ ਹਿੰਦੋਸਤਾਨ ਦੇ ਅੰਦਰੂਨੀ ਹਾਲਾਤ ਕੀ ਹਨ, ਦਾ ਤਾਂ ਮੈਨੂੰ ਕੁਝ ਪਤਾ ਨਹੀਂ, ਪਰ ਮਹਿਸੂਸ ਇੱਦਾਂ ਹੁੰਦਾ ਕਿ ਹਿੰਦੋਸਤਾਨ ਦੀ ਸਰਕਾਰ ਦੁਨੀਆਂ ਭਰ ਦੇ ਸਿੱਖਾਂ ਨੂੰ ਆਪਣੇ ਵਤਨ ਦੇ ਵਿਰੁਧ ਹੀ ਸਮਝੀ ਜਾਂਦੀ ਹੈ।

ਗੁਰਦੁਆਰਾ ਪੱਟੀ ਸਾਹਿਬ ਬਾਰੇ ਉਸਨੇ ਦੱਸਿਆ ਕਿ ਇਥੇ ਬਾਲ ਨਾਨਕ ਨੂੰ ਪਾਂਧੇ ਕੋਲ ਵਿੱਦਿਆ ਪੜ੍ਹਨ ਲਈ ਭੇਜਿਆ ਗਿਆ ਸੀ ਤੇ ਹੋਇਆ ਉਲਟ ਕਿ ਬਾਬੇ ਨਾਨਕ ਨੇ ਪਾਂਧੇ ਨੂੰ ਹੀ ਪੜ੍ਹਾ ਦਿੱਤਾ। ਪਾਂਧਾ ਤਾਂ ਉਸਨੂੰ ਦੁਨੀਆਂ ਦਾਰੀ ਵਾਲੀ ਪੜ੍ਹਾਈ ਵਲ ਮੋੜੇ ਪਰ ਬਾਬਾ ਉਸਨੂੰ ਆਤਮਿਕ ਉਪਦੇਸ਼ ਦੇਵੇ ਤਾਂ ਪਾਂਧਾ ਸੋਚੀਂ ਪੈਗਿਆ ਕਿ ਕਿਹੋ-ਜਿਹੇ ਨਿਆਣੇ ਨਾਲ ਵਾਹ ਪੈਗਿਆ, ਜਿਹੜੀਆਂ ਗੱਲਾਂ ਇਹ ਇਸ ਉਮਰ 'ਚ ਕਰਦਾ, ਮੇਰੇ ਤਾਂ ਐਨੇ ਗ੍ਰੰਥ ਪੜ੍ਹਨ ਬਾਅਦ ਵੀ ਕੁਝ ਪੱਲੇ ਨਹੀਂ ਪਿਆ। ਫਿਰ ਬਾਬੇ ਨਾਨਕ ਨੇ ਰਾਗ ਆਸਾ ਵਿਚ 'ਪੱਟੀ' ਨਾਮੀ ਬਾਣੀ ਰਚ ਕੇ ਪਾਂਧੇ ਨੂੰ ਸੁਣਾਈ ਤਾਂ ਪਾਂਧਾ ਤਾਂ ਸੁੰਨ ਹੋ ਗਿਆ ਕਿ ਇਹ ਨਿਆਣਾ ਅਜੇ ਹੁਣ ਉਹਦੇ ਕੋਲ ਪੜ੍ਹਨ ਆਇਆ ਤੇ ਇਹਨੇ ਇਹ ਕਿਥੋਂ ਸਿੱਖ ਲਿਆ। ਕਹਿੰਦੇ ਨੇ ਕਿ ਪਾਂਧੇ ਨੇ ਮਹਿਤਾ ਕਾਲੂ ਨੂੰ ਸੱਦਕੇ ਕਹਿ ਦਿੱਤਾ ਕਿ ਤੇਰੇ ਪੁੱਤ ਨੂੰ ਪੜ੍ਹਾਉਣਾ ਮੇਰੇ ਵਰਗੇ ਦੇ ਵੱਸ ਦੀ ਗੱਲ ਨਹੀਂ। ਇਹ ਤਾਂ ਕਿਸੇ ਹੋਰ ਦੁਨੀਆਂ ਦੀਆਂ ਗੱਲਾਂ ਦਸਦਾ ਲਗਦਾ। ਗੁਰਦੁਆਰੇ ਦੇ ਬਾਹਰ ਥੋੜ੍ਹੀ ਜਿਹੀ ਵਿੱਥ' ਤੇ ਇਕ ਹੋਰ ਕਮਰਾ ਬਣਿਆ ਹੋਇਆ ਹੈ। ਭਾਈ ਦਇਆ ਸਿੰਘ ਨੇ ਉਸ ਵਲ ਉਂਗਲ ਕਰਕੇ ਦੱਸਿਆ ਕਿ ਇਥੇ ਹੀ ਪਾਂਧੇ ਦਾ ਘਰ ਸੀ ਤੇ ਅੱਜ ਕੱਲ੍ਹ ਰਾਤ ਨੂੰ ਗੁਰੂ ਗ੍ਰੰਥ ਸਾਹਿਬ ਦਾ ਸੁਖ-ਆਸਨ ਇਸੇ ਕਮਰੇ ਵਿਚ ਕੀਤਾ ਜਾਂਦਾ ਹੈ। ਪੱਟੀ ਸਾਹਿਬ ਗੁਰਦੁਆਰੇ ਤੋਂ ਥੋੜ੍ਹੀ ਦੂਰ ਹੀ ਗੁਰਦੁਆਰਾ 'ਬਾਲ ਲੀਲਾ' ਹੈ। ਇਸ ਇਲਾਕੇ ਵਿਚ ਸਿੱਖਾਂ ਦੀ ਵਸੋਂ ਵੀ ਕੁਝ ਜ਼ਿਆਦਾ ਲੱਗੀ ਕਿਉਂਕਿ ਸਾਨੂੰ ਬਾਹਰ ਬਾਜ਼ਾਰ ਜਾਂ ਗਲੀ ਹੀ ਕਹਿ ਲਈਏ, ਵਿਚ ਕਈ ਸਿੱਖ ਵੀਰ ਤੇ ਬੀਬੀਆਂ ਵੀ ਦਿਸੇ ਤੇ ਕੁਝ ਦੁਕਾਨਾਂ ਤਾਂ ਸਿੱਖਾਂ ਦੀਆਂ ਵੀ ਸਨ। ਉਥੋਂ ਹੀ ਅਸੀਂ 'ਬਾਲ ਲੀਲਾ' ਗੁਰਦੁਆਰੇ ਚਲੇ ਗਏ। ਉਥੇ ਵੀ ਪਾਠ ਹੋ ਰਿਹਾ ਸੀ ਤੇ ਵਿਰਲੇ ਵਿਰਲੇ ਸਿੱਖ ਮੱਥਾ ਵੀ ਟੇਕਣ ਆ ਰਹੇ ਸਨ।

ਗੁਰਦੁਆਰੇ ਦੀ ਇਮਾਰਤ ਦੀ ਹਾਲਤ ਖਸਤਾ ਜਿਹੀ ਲਗਦੀ ਹੈ, ਸ਼ਾਇਦ ਨਵੀਂ ਬਣਾਉਣੀ ਹੋਵੇ ਜਾਂ ਮੁਰੰਮਤ ਕਰਨੀ ਹੋਵੇ ਕਿਉਂਕਿ ਬਿਲਡਿੰਗ ਦਾ ਮਟੀਰੀਅਲ ਕਾਫੀ ਉਥੇ ਰੱਖਿਆ ਹੋਇਆ ਸੀ। ਇਥੇ ਵੀ ਸਰੋਵਰ ਬਿਲਕੁਲ ਗੁਰਦੁਆਰੇ ਦੇ ਨਾਲ ਹੀ ਹੈ ਪਰ ਸੁੱਕਾ ਹੀ ਰਹਿੰਦਾ ਲਗਦਾ ਹੈ। ਇਸ ਗੁਰਦੁਆਰੇ ਬਾਰੇ ਸਾਨੂੰ ਦੱਸਿਆ ਗਿਆ ਕਿ ਬਾਲ ਨਾਨਕ ਬਚਪਨ ਵਿਚ ਆਪਣੇ ਨਾਲ ਦੇ ਹਾਣੀ ਬੱਚਿਆਂ ਨਾਲ ਇਥੇ ਖੇਡਦੇ ਹੁੰਦੇ ਸਨ। ਅਸੀਂ ਜਦੋਂ ਗੁਰਦੁਆਰੇ ਤੋਂ ਮੁੜ ਰਹੇ ਸਾਂ ਤਾਂ ਇਕ ਪੁਰਾਣਾ ਵੱਡਾ ਸਾਰਾ ਬੋਰਡ ਉਥੇ ਲਿਖਿਆ ਪਿਆਸੀ ਤੇ ਪਰ੍ਹੇ ਥੋੜ੍ਹੀ ਦੂਰ ਹੀ ਪੁਲਿਸ ਦੀ ਸਕਿਓਰਿਟੀ ਵਾਲਾ ਹੌਲਦਾਰ ਵੀ ਖੜ੍ਹਾ ਸੀ। ਅਸਲ ਵਿਚ ਇਥੇ ਇਕ ਕੁਆਰਟਰ ਵਿਚ ਉਹ ਡਿਊਟੀ ਤੋਂ ਬਾਅਦ ਰਹਿੰਦਾ ਵੀ ਹੈ। ਮੈਂ ਉਸਨੂੰ ਕਿਹਾ ਕਿ ਔਹ ਬੋਰਡ ਪੜ੍ਹ ਕੇ ਸੁਣਾ ਕਿ ਕੀ ਲਿਖਿਆ ਹੈ। ਭਾਵੇਂ ਉਸਦੇ ਕੁਝ ਅੱਖਰ ਪੁਰਾਣੇ ਹੋਣ ਕਰਕੇ ਘਸਮੈਲੇ ਜਿਹੇ ਹੋ ਗਏ ਸਨ ਪਰ ਉਹਨੇ ਜੋ ਪੜ੍ਹ ਕੇ ਸੁਣਾਇਆ, ਉਹ ਇੱਦਾਂ ਹੈ, "ਨਾਨਕ ਬਾਲ ਉਮਰ ਵਿਚ ਇਥੇ ਬੱਚਿਆਂ ਨਾਲ ਖੇਡਦੇ ਹੁੰਦੇ ਸਨ ਤੇ ਨਾਲ ਹੀ ਉਨ੍ਹਾਂ ਨੂੰ ਆਤਮਿਕ ਗਿਆਨ ਦੀਆਂ ਗੱਲਾਂ ਵੀ ਸੁਣਾਇਆ ਕਰਦੇ ਸਨ। ਆਪਣੇ ਘਰੋਂ ਚੀਜ਼ਾਂ ਲਿਆ ਕੇ ਬੱਚਿਆਂ ਵਿਚ ਵੰਡ ਦਿੰਦੇ ਸਨ। ਇਥੇ ਉਨ੍ਹਾਂ ਦੇ ਬਾਲ ਕੌਤਕ ਦੇਖ ਕੇ ਲੋਕ ਬੜੇ ਹੈਰਾਨ ਹੁੰਦੇ ਸਨ। ਬਾਲ ਨਾਨਕ ਦੇ ਅਲੌਕਿਕ ਕੌਤਕਾਂ ਤੋਂ ਪ੍ਰਭਾਵਤ ਹੋ ਕੇ ਰਾਇ ਬੁਲਾਰ ਨੇ ਇਸ ਥਾਂ 'ਤੇ ਬੱਚਿਆਂ ਲਈ 'ਨਾਨਕ ਸ਼੍ਰਮ' ਨਾਂ ਦਾ ਸਥਾਨ ਬਣਾ ਦਿੱਤਾ, ਜੋ ਕਿ ਸਿੱਖ ਧਰਮ ਦਾ ਸਭ ਤੋਂ ਪਹਿਲਾ ਧਾਰਮਿਕ ਸਥਾਨ ਬਣਿਆ ਤੇ ਬਾਅਦ ਵਿਚ ਇਸ ਥਾਂ ਦਾ ਨਾਂ ਗੁਰਦੁਆਰਾ 'ਬਾਲ ਲੀਲਾ' ਰੱਖਿਆ ਗਿਆ।" ਇਸ ਬੋਰਡ ਦੀ ਇਬਾਰਤ ਸੁਣਨ ਤੋਂ ਬਾਅਦ ਇਸ ਸਵਾਲ ਦਾ ਜਵਾਬ ਵੀ ਮਿਲ ਗਿਆ, ਜਿਹੜਾ ਕਈ ਵਾਰੀ ਪਹਿਲਾਂ ਮਨ 'ਚ ਆਇਆ ਸੀ ਕਿ ਸਿੱਖਾਂ ਦਾ ਸਭ ਤੋਂ ਪਹਿਲਾ ਗੁਰਦੁਆਰਾ ਕਿਹੜਾ ਬਣਿਆ ਹੋਵੇਗਾ? ਇਹ ਤਾਂ ਪੱਕਾ ਸੀ ਕਿ ਗੁਰੂ ਨਾਨਕ ਜੀ ਨਾਲ ਹੀ ਸੰਬੰਧਤ ਹੋਣਾ ਹੈ, ਪਰ ਕਿਹੜਾ ਸੀ, ਉਹਦਾ ਜੁਆਬ, ਉਸ ਬੋਰਡ ਤੋਂ ਮਿਲਿਆ।

ਨਨਕਾਣਾ ਸਾਹਿਬ ਦੇ ਇਨ੍ਹਾਂ ਗੁਰਦੁਆਰਿਆਂ ਦੇ ਦਰਸ਼ਨ ਕਰਦਿਆਂ ਨੂੰ ਤ੍ਰਿਕਾਲਾਂ ਪੈ ਗਈਆਂ ਸਨ ਤੇ ਬਾਬੂ ਖਾਂ ਸਾਨੂੰ ਗੁਰਦੁਆਰਾ ਜਨਮ ਅਸਥਾਨ ਲੈ ਆਇਆ। ਪਾਕਿਸਤਾਨ ਦੇ ਅੰਦਰੂਨੀ ਹਾਲਾਤ ਨਾਜ਼ੁਕ ਹੋਣ ਕਰਕੇ, ਇਸ ਵਾਰ ਗੁਰਪੁਰਬ 'ਤੇ ਆਉਣ ਵਾਲੇ ਸ਼ਰਧਾਲੂਆਂ ਦੀਵੀ ਜਾਂਚ ਕੀਤੀ ਜਾਂਦੀ ਸੀ। ਇਸ ਮਕਸਦ ਲਈ ਗੁਰਦੁਆਰੇ ਦੇ ਬਾਹਰੀ ਗੇਟ ਦੇ ਨਾਲ ਹੀ ਪੁਲਿਸ ਵਾਲੇ ਬੈਠੇ ਸਨ, ਜਿਹੜੇ ਅੰਦਰ ਆਉਣ ਵਾਲੇ ਹਰੇਕ ਦੇ ਸਾਮਾਨ ਦੀ ਅਤੇ ਕਾਗਜ਼ ਪੱਤਰਾਂ ਦੀ ਬੜੀ ਬਾਰੀਕੀ ਨਾਲ ਜਾਂਚ ਕਰਦੇ ਸਨ। ਸਾਡੇ ਵੀ ਪਾਸਪੋਰਟ ਦੇਖੇ, ਅਟੈਚੀਆਂ ਵਿਚਲੇ ਸਾਮਾਨ ਬਾਰੇ ਪੁੱਛਿਆ। ਨਾਲੇ ਹਦਾਇਤ ਵੀ ਕਰ ਦਿੱਤੀ ਕਿ ਅੱਵਲ ਤਾਂ ਗੁਰਦੁਆਰੇ ਤੋਂ ਬਾਹਰ ਨਹੀਂ ਜਾਣਾ, ਜੇ ਕੋਈ ਸਾਮਾਨ ਬਾਜ਼ਾਰ ਵਿਚੋਂ ਲੈਣ ਜਾਣਾ ਪੈਗਿਆ ਤਾਂ ਗੇਟ ਪਾਸ ਲੈ ਕੇ ਜਾਣਾ, ਨਹੀਂ ਤਾਂ ਵਾਪਸ ਅੰਦਰ ਨਹੀਂ ਆਉਣ ਦਿੱਤਾ ਜਾਣਾ। ਗੁਰਦੁਆਰਾ ਜਨਮ ਅਸਥਾਨ ਦੀ ਅੰਦਰਲੀ ਦਿੱਖ ਬਹੁਤ ਹੀ ਖੂਬਸੂਰਤ ਹੈ। ਗੁਰਦੁਆਰੇ ਤੋਂ ਪਹਿਲਾਂ ਬਹੁਤ ਹੀ ਸੁੰਦਰ ਫੁਆਰੇ ਲਾਏ ਹੋਏ ਹਨ ਤੇ ਰੰਗ-ਬਰੰਗੀਆਂ ਲਾਈਟਾਂ ਵੀ ਲੱਗੀਆਂ ਹੋਈਆਂ ਹਨ। ਬਹੁਤ ਹੀ ਖੁੱਲ੍ਹਾ ਥਾਂ ਹੈ ਤੇ ਫਲਬੂਟੇ ਪਾਰਕ ਦੀ ਸੁੰਦਰਤਾ ਨੂੰ ਹੋਰ ਵੀ ਵਧਾਉਂਦੇ ਹਨ। ਬੈਠਣ ਲਈ ਪਾਰਕ ਵਿਚ ਬੈਂਚ ਵੀ ਲੱਗੇ ਹੋਏ ਹਨ। ਗੁਰਦੁਆਰੇ ਦੇ ਅੱਗੇ ਸਰੋਵਰ ਬਣਿਆ ਹੋਇਆ ਹੈ, ਜਿਸ ਵਿਚ ਸਾਫ ਪਾਣੀ ਭਰਿਆ ਹੋਇਆ ਸੀ। ਇਸ ਦੇ ਦੁਆਲੇ ਉਸਾਰੀ ਦਾ ਕੰਮਚੱਲ ਰਿਹਾ ਹੈ, ਜਿਸਨੂੰ ਬਾਬਾ ਜਗਤਾਰ ਸਿੰਘ (ਤਰਨਤਾਰਨ ਵਾਲੇ) ਕਾਰ ਸੇਵਾ ਰਾਹੀਂ ਕਰਵਾ ਰਹੇ ਹਨ। ਉਹ ਇਕ ਹੋਰ ਇਮਾਰਤ ਦੀ ਉਸਾਰੀ ਵੀ ਕਰਵਾ ਰਹੇ ਹਨ। ਇਥੇ ਯਾਤਰੀਆਂ ਦੇ ਰਹਿਣ ਲਈ ਕਈ ਰਿਹਾਇਸ਼ੀ ਕੰਪਲੈਕਸ ਬਣੇ ਹੋਏ ਹਨ, ਜਿਨ੍ਹਾਂ ਦੇ ਨਾਂ ਇਸ ਤਰ੍ਹਾਂ ਹਨ; ਮਹਿਤਾ ਕਾਲੂ ਕੰਪਲੈਕਸ, ਮਾਤਾ ਤ੍ਰਿਪਤਾ ਜੀ, ਬੇਬੇ ਨਾਨਕੀ ਜੀ, ਭਾਈ ਮਰਦਾਨਾ, ਭਾਈ ਬਾਲਾ, ਸ਼ਹੀਦ ਲਛਮਣ ਸਿੰਘ, ਰਾਇ ਬੁਲਾਰ ਕੰਪਲੈਕਸ। ਇਨ੍ਹਾਂ ਸਾਰਿਆਂ ਦਾ ਪ੍ਰਬੰਧ ਇਕ ਕੇਅਰਟੇਕਰ ਕੋਲ ਹੈ, ਜੋ ਕਿ ਔਕਾਫ ਬੋਰਡ ਦਾ ਕਰਮਚਾਰੀ ਹੈ। ਉਸਦਾ ਦਫ਼ਤਰ ਵੀ ਅੰਦਰ ਗੁਰਦੁਆਰੇ ਦੇ ਕੋਲ ਹੀ ਹੈ।

ਅਸੀਂ ਵੀ ਰਹਿਣ ਲਈ ਕਮਰਾ ਲੈਣ ਕੇਅਰਟੇਕਰ ਕੋਲ ਹੀ ਗਏ। ਉਸਨੇ ਸਾਨੂੰ ਪੁੱਛਿਆ ਕਿ ਕਿਥੋਂ ਆਏ ਹੋ ਤੇ ਮਾਤਾ ਤ੍ਰਿਪਤਾ ਜੀ ਕੰਪਲੈਕਸ ਵਿਚ ਕਮਰਾ ਦੇ ਦਿੱਤਾ। ਆਪ ਵੀ ਨਾਲ ਹੀ ਚਾਬੀ ਲੈ ਕੇ ਚਲ ਪਿਆ। ਨਾਲੇ ਦੱਸਦਾ ਜਾਂਦਾ ਸੀ ਕਿ ਬਾਹਰਲੀਆਂ ਸੰਗਤਾਂ ਮਤਲਬ ਇੰਗਲੈਂਡ, ਕੈਨੇਡਾ, ਅਮਰੀਕਾ ਦੀ ਰਿਹਾਇਸ਼ ਇਸ ਨਵੇਂ ਬਣੇ ਕੰਪਲੈਕਸ ਵਿਚ ਕਰੀਦੀ ਹੈ। ਕਮਰਾ ਕਾਫੀ ਵੱਡਾ ਸੀ ਤੇ ਦੋ ਬੈਡ ਵੀ ਲੱਗੇ ਹੋਏ ਸਨ ਤੇ ਅਟੈਚਡ ਬਾਥਰੂਮ ਹੈ। ਸਫਾਈ ਵੀ ਠੀਕ ਸੀ। ਕੇਅਰਟੇਕਰ ਦਸਦਾ ਸੀ ਕਿ ਜਦੋਂ ਪੂਰੀ ਸੰਗਤ ਆ ਜਾਂਦੀ ਹੈ ਤਾਂ ਇਹ ਰਿਹਾਇਸ਼ ਵੀ ਘਟ ਜਾਂਦੀ ਹੈ ਤੇ ਸਰਕਾਰ ਵਲੋਂ ਕਈ ਸਕੂਲਾਂ ਨੂੰ ਬੰਦ ਕਰਵਾਕੇ ਯਾਤਰੀਆਂ ਦਾ ਪ੍ਰਬੰਧ ਕਰ ਦਿੱਤਾ ਜਾਂਦਾ ਹੈ। ਇਸ ਵਾਰ ਉਹ ਵੀ ਬੇ ਯਕੀਨੀ ਜਿਹੀ 'ਚ ਕਹਿੰਦਾ ਕਿ ਸ਼ਾਇਦ ਇਥੋਂ ਦੇ ਹਾਲਾਤ ਠੀਕ ਨਾ ਹੋਣ ਕਰਕੇ ਬਹੁਤੀ ਬਾਹਰਲੀ ਸੰਗਤ ਨਾ ਆਵੇ। ਉਥੋਂ ਜਾਣ ਤੋਂ ਪਹਿਲਾਂ ਉਸ ਨੇ ਕਾਗਜ਼ 'ਤੇ ਆਪਣਾ ਸੈਲਫੋਨ ਅਤੇ ਨਾਂ ਲਿਖ ਕੇ ਮੈਨੂੰ ਫੜਾਉਂਦਿਆਂ ਕਿਹਾ ਕਿ ਜੇ ਕਿਸੇ ਮਦਦ ਦੀ ਜ਼ਰੂਰਤ ਪੈ ਗਈ ਤਾਂ ਮੈਨੂੰ ਫੋਨ ਕਰ ਲਿਓ, ਮੈਂ ਇਥੇ ਦਫ਼ਤਰ ਵਿਚ ਹੀ ਸੌਂਦਾ ਹਾਂ। ਮੈਂ ਕਾਗਜ਼ ਦੇਖਿਆ ਤਾਂ ਉਹਨੇ ਆਪਣਾ ਨਾਂ ਉਰਦੂ ਵਿਚ ਲਿਖਿਆ ਹੋਇਆ ਸੀ। ਮੈਂ ਹੱਸਦੇ ਨੇ ਪੁੱਛ ਲਿਆ, "ਯਾਰ ਮੈਨੂੰ ਤਾਂ ਉਰਦੂ ਪੜ੍ਹਨਾ ਨਹੀਂ ਆਉਂਦਾ, ਉਦਾਂ ਆਪਣਾ ਨਾਂ ਦੱਸ ਜ਼ਰੂਰ ਦੇ।" ਤਾਂ ਉਹ ਵੀ ਖੁਸ਼ ਹੋ ਕੇ ਕਹਿੰਦਾ ਕਿ ਇਹ ਮੈਨੂੰ ਖਿਆਲ ਹੀ ਨਹੀਂ ਸੀ। ਉਸਨੇ ਆਪਣਾ ਨਾਂ ਮੁਹੰਮਦ ਕਬੀਰ ਦੱਸਿਆ। ਫਿਰ ਅਸੀਂ ਸਾਮਾਨ ਤਾਂ ਰੱਖ ਹੀ ਲਿਆ ਸੀ ਤੇ ਉਹਦੇ ਨਾਲ ਹੀ ਬਾਹਰ ਆ ਗਏ। ਨਾਲੇ ਲੰਗਰ ਬਾਰੇ ਵੀ ਪੁੱਛਣਾ ਸੀ ਕਿ ਕਿਥੇ ਹੈ।

(ਬਾਕੀ ਕਿਸ਼ਤ ਨੰ: 11 'ਚ)