ਸਫਰਨਾਮਾ -ਮਝੈਲ ਸਿੰਘ ਸਰਾਂ
(ਲੜੀ ਜੋੜਨ ਲਈ ਕਿਸ਼ਤ ਨੰ: 08 ਵੇਖੋ)ਉਥੋਂ ਅਸੀਂ ਕੋਈ 8 ਕੁ ਵਜੇ ਚਲ ਪਏ ਹੋਵਾਂ ਗੇ। ਪਹਿਲਾਂ ਉਹਨੇ ਟੈਕਸੀ ਪਿਸ਼ਾਵਰ ਵਾਲੀ ਜੀ.ਟੀ. ਰੋਡ 'ਤੇ ਹੀ ਪਾਈ ਤੇ ਅੱਗੋਂ ਥੋੜ੍ਹੀ ਦੂਰਜਾ ਕੇ ਪਿਸ਼ਾਵਰ ਤੋਂ ਲਾਹੌਰ ਨੂੰ ਜਿਹੜਾ ਹਾਈਵੇ ਆਉਂਦਾ ਹੈ, ਉਸ ਵਿਚ ਪੈ ਕੇ ਨਨਕਾਣਾ ਸਾਹਿਬ ਨੂੰ ਚਲਣਾ ਸੀ। ਹਸਨ ਅਬਦਾਲ ਜ਼ਿਲ੍ਹਾ ਅਟਕ ਵਿਚ ਪੈਂਦਾ ਹੈ ਤੇ ਅਟਕ ਪੰਜਾਬ ਦਾ ਅਖੀਰਲਾ ਜ਼ਿਲ੍ਹਾ ਹੈ। ਇਸ ਤੋਂ ਅੱਗੇ ਪੇਸ਼ਾਵਰ ਜ਼ਿਲ੍ਹਾ ਆਉਂਦਾ ਹੈ, ਜਿਹੜਾ ਦੂਜੇ ਸੂਬੇ ਵਿਚ ਹੈ। ਉਥੇ ਵੀ ਗੁਰਦੁਆਰੇ ਹਨ ਪਰ ਉਥੇ ਹਾਲਾਤ ਜ਼ਿਆਦਾ ਹੀ ਖਰਾਬ ਹਨ ਤੇ ਸਰਕਾਰ ਕਿਸੇ ਵੀ ਬਾਹਰਲੇ ਨਾਗਰਿਕ ਨੂੰ ਉਥੇ ਜਾਣ ਦੀ ਇਜਾਜ਼ਤ ਨਹੀਂ ਦਿੰਦੀ। ਉਦਾਂ ਵੀ ਸਾਡੇ ਵੀਜ਼ੇ ਪੰਜਾਬ ਤਕ ਹੀ ਸੀਮਤ ਸਨ, ਉਦੋਂ ਸਭ ਤੋਂ ਵਧ ਹਿੰਸਕ ਵਾਰਦਾਤਾਂ ਪੇਸ਼ਾਵਰ ਵਿਚ ਹੀ ਹੋ ਰਹੀਆਂ ਸਨ। ਬਾਬੂ ਖਾਂ ਨੇ ਸਾਨੂੰ ਟੈਕਸੀ ਵਿਚ ਬਹਿੰਦਿਆਂ ਹੀ ਦੱਸਿਆ ਕਿ ਪੁਲਿਸ ਵਾਲੇ ਦਸਦੇ ਸਨ ਕਿ ਅੱਜ ਰਾਤੀਂ ਹੀ ਇਥੋਂ 20 ਕੁ ਮੀਲ ਦੂਰ ਇਕ ਪੁਲਿਸ ਥਾਣੇ 'ਤੇ ਹਮਲਾ ਹੋਇਆ ਜਿਸ ਵਿਚ ਕੁਝ ਪੁਲਿਸ ਵਾਲੇ ਮਾਰੇ ਗਏ ਤੇ ਕੁਝ ਜ਼ਖ਼ਮੀ ਹੋ ਗਏ। ਪੇਸ਼ਾਵਰ-ਲਾਹੌਰ ਹਾਈਵੇ 500 ਕੁ ਕਿਲੋਮੀਟਰ ਲੰਬਾ ਹੋਣਾ ਤੇ ਜਿਥੋਂ ਅਸੀਂ ਲਾਹੌਰ ਵਲ ਨੂੰ ਉਸ ਹਾਈਵੇ 'ਤੇ ਚੜ੍ਹੇ ਸੀ, ਉਥੋਂ ਪਿਸ਼ਾਵਰ 100 ਕੁ ਕਿਲੋਮੀਟਰ ਦੀ ਦੂਰੀ 'ਤੇ ਹੈ। ਪਾਕਿਸਤਾਨ ਦਾ ਇਹ ਹਾਈਵੇ ਬਹੁਤ ਵਧੀਆ ਹੈ ਤੇ ਜੇ ਸੱਚ ਪੁੱਛੋ ਤਾਂ ਅਮਰੀਕਾ ਦੇ ਫਰੀਵੇਅ ਨਾਲੋਂ ਵੀ ਜੇ ਬਿਹਤਰ ਕਹਿ ਲਈਏ ਤਾਂ ਕੋਈ ਅਤਿਕਥਨੀ ਨਹੀਂ। ਸਾਰੇ ਹਾਈਵੇ ਦੇ ਵਿਚਾਲੇ ਕੰਕਰੀਟ ਦਾ ਡਿਵਾਈਡਰ ਬਣਿਆ ਹੋਇਆ ਹੈ ਤੇ ਕਿਤੇ ਵੀ ਖਾਲੀ ਥਾਂ ਨਹੀਂ ਛੱਡੀ, ਦੋਹੀਂ ਪਾਸੀ ਤਿੰਨ-ਤਿੰਨ ਲੇਨਾਂ ਹਨ ਤੇ ਦੁਆਲੇ ਇਕ ਲੇਨ ਅਜੇ ਵੀ ਖਾਲੀ ਰੱਖੀ ਹੋਈ ਹੈ। ਖਾਸ ਗੱਲ ਇਹ ਹੈ ਕਿ ਸਾਰੇ ਹੀ ਹਾਈਵੇ ਦੇ ਦੋਹੀਂ ਪਾਸੀਂ 6 ਫੁੱਟ ਉਚੀ ਲੋਹੇ ਦੀ ਤਾਰ ਵਾਲੀ ਜਾਲੀਦਾਰ ਫੈਂਸ ਬਣੀ ਹੋਈ ਹੈ, ਕਿਤੇ ਵੀ ਇਹੋ ਜਿਹਾ ਨਹੀਂ ਕਿ ਲੰਘਣ ਲਈ ਕਿਤੇ ਫੈਂਸ ਨੂੰ ਤੋੜਿਆ ਹੋਵੇ ਜਾਂ ਨੀਵਾਂ ਕੀਤਾ ਹੋਵੇ। ਇਹ ਫੈਂਸ ਪੱਕੀ ਸੜਕ ਤੋਂ 10-15 ਫੁੱਟ ਦੂਰ ਬਣਾਈ ਹੋਈ ਹੈ। ਉਦਾਂ ਤਾਂ ਆਬਾਦੀ ਵੀ ਘੱਟ ਹੀ ਦਿਸੀ ਪਰ ਜਿਥੇ ਕਿਤੇ ਇਕ ਪਿੰਡ ਜਾਂ ਕਸਬੇ ਤੋਂ ਦੂਜੇ ਪਾਸੇ ਜਾਣਾ ਸੀ ਜਾਂ ਤਾਂ ਹਾਈਵੇ ਦੇ ਉਤੋਂ ਦੀ ਜਾਂ ਹੇਠੋਂ ਦੀ ਸੜਕ ਕੱਢੀ ਹੋਈ ਸੀ। ਕਾਰ ਦੀ ਸਪੀਡ ਵੀ 120 ਕਿਲੋਮੀਟਰ ਹਾਈਵੇ' ਤੇ ਮਨਜ਼ੂਰ ਕੀਤੀ ਹੋਈ ਹੈ। ਟਰੈਫਿਕ ਘੱਟ ਹੋਣ ਕਰਕੇ ਇਸ ਤੋਂ ਘੱਟ ਕੋਈ ਕਾਰ ਚਲਾਉਂਦਾ ਵੀ ਨਹੀਂ ਲੱਗਾ। ਇਸ ਹਾਈਵੇ ਦਾ ਕੰਟਰੋਲ ਹਾਈਵੇ ਪੁਲਿਸ ਕੋਲ ਹੀ ਹੈ, ਜਿਸਦੀ ਐਡਮਨਿਸਟਰੇਸ਼ਨ ਪੁਲਿਸ ਅਧੀਨ ਨਹੀਂ।
ਸਾਨੂੰ ਤਕਰੀਬਨ ਇਕ ਘੰਟੇ ਵਿਚ ਘੱਟੋ-ਘੱਟ ਇਕ ਪੈਟਰੋਲ ਕਰਦੀ ਗੱਡੀ, ਜੋ ਕਿ ਵਾਧੂ ਲੇਨ ਵਿਚ ਕਾਫੀ ਹੌਲੀ ਹੁੰਦੀ ਸੀ, ਮਿਲਦੀ ਰਹੀ। ਹਾਈਵੇ ਦੇ ਐਂਟਰੀ ਪੁਆਇੰਟ' ਤੇ ਐਗਜ਼ਿਟ ਪੁਆਇੰਟ ਬੜੇ ਖੁੱਲ੍ਹੇ ਬਣਾਏ ਹੋਏ ਹਨ। ਡਰਾਈਵਰ ਦਸਦਾ ਸੀ ਕਿ ਇਹ ਹਾਈਵੇ ਚਾਲੂ ਹੋਏ ਨੂੰ 20 ਕੁ ਸਾਲ ਹੋ ਗਏ ਹਨ ਤੇ ਅੱਲਾ ਤਾਲਾ ਦੀ ਇਨਾਇਤ ਹੈ ਕਿ ਕੋਈ ਵੱਡਾ ਐਕਸੀਡੈਂਟ ਨਹੀਂ ਹੋਇਆ। ਹਾਈਵੇ ਪੁਲਿਸ ਬਾਰੇ ਉਸਨੇ ਦੱਸਿਆ ਕਿ ਇਹਦੇ ਵਿਚ ਪੁਲਿਸ ਨਾਲੋਂ ਜ਼ਿਆਦਾ ਪੜ੍ਹੇ-ਲਿਖੇ ਭਰਤੀ ਕਰਦੇ ਹਨ ਤੇ ਇਸਦੇ ਸਿਪਾਹੀ ਕੋਲ ਜੁਰਮਾਨਾ ਕਰਨ ਦੇ ਅਖਤਿਆਰ ਹਨ। ਵੱਡੀ ਗੱਲ ਜੋ ਉਸ ਦੱਸੀ, ਇਹ ਸੀ ਕਿ ਹਾਈਵੇ ਪੁਲਿਸ ਵਿਚ ਰਿਸ਼ਵਤ ਖੋਰੀ ਬਿਲਕੁਲ ਨਹੀਂ ਚਲਦੀ। ਪਹਿਲਾਂ ਪਹਿਲ ਲੋਕੀਂ ਟਰੈਫਿਕ ਦੇ ਕਾਨੂੰਨ ਤੋੜਨ 'ਤੇ ਫੜੇ ਜਾਣ 'ਤੇ ਪੈਸੇ ਦੇ ਕੇ ਰਫਾ-ਦਫਾ ਕਰਨ ਲਈ ਜਦੋਂ ਇਨ੍ਹਾਂ ਨੂੰ ਕਹਿੰਦੇ ਸਨ ਤਾਂ ਇਨ੍ਹਾਂ ਪੁਲਿਸ ਵਾਲਿਆਂ ਨੂੰ ਅਖਤਿਆਰ ਸੀ ਕਿ ਜੁਰਮਾਨੇ ਦੀ ਰਕਮ ਦਸਗੁਣਾ ਵਧਾ ਸਕਦੇ ਤੇ ਇਨ੍ਹਾਂ ਨੇ ਕੀਤਾ ਵੀ ਇੱਦਾਂ, ਹੁਣ ਲੋਕੀਂ ਇਨ੍ਹਾਂ ਨੂੰ ਰਿਸ਼ਵਤ ਦੇਣ ਦੀ ਵੀ ਕੋਸ਼ਿਸ਼ ਨਹੀਂ ਕਰਦੇ। ਉਸ ਦੱਸਿਆ ਕਿ ਵੈਸੇ ਇਹ ਨਾਜਾਇਜ਼ ਕਿਸੇ ਨੂੰ ਤੰਗ ਵੀ ਨਹੀਂ ਕਰਦੇ ਸਗੋਂ ਹਮਦਰਦੀ ਨਾਲ ਪੇਸ਼ ਆਉਂਦੇ ਹਨ।
ਕਿਤੇ-ਕਿਤੇ ਹਾਈਵੇ 'ਤੇ ਬੜੇ ਵੱਡੇ ਰੈਸਟੋਰੈਂਟ ਵੀ ਬਣੇ ਹੋਏ ਹਨ ਤੇ ਕਾਰਾਂ ਤੇ ਕੋਚਾਂ ਵਰਗੀਆਂ ਬੱਸਾਂ ਉਥੇ ਰੁਕਦੀਆਂ ਹਨ, ਇਕ 'ਤੇ ਸਾਡਾ ਡਰਾਈਵਰ ਵੀ ਰੁਕ ਗਿਆ ਕਿਉਂਕਿ ਉਸਨੂੰ ਚਾਹ ਦੀ ਤਲਬ ਮਹਿਸੂਸ ਹੋਈ। ਉਦਾਂ ਉਹ ਖਾਣਪੀਣ ਦੇ ਸੰਬੰਧ ਵਿਚ ਬਹੁਤ ਹੀ ਸਬਰ ਵਾਲਾ ਲੱਗਾ। ਮੇਰੇ ਭਰਾ ਨੇ ਉਹਨੂੰ ਕਿਹਾ ਕਿ ਤੂੰ ਕੁਝਖਾ ਵੀ ਲੈ ਪਰ ਉਹ ਕਹਿੰਦਾ ਜੇ ਤੁਸੀਂ ਕੁਝ ਨਹੀਂ ਖਾਣਾ ਤਾਂ ਮੈਨੂੰ ਵੀ ਜ਼ਰੂਰਤ ਨਹੀਂ। ਜਦੋਂ ਉਹਨੂੰ ਦੱਸਿਆ ਕਿ ਅਸੀਂ ਤਾਂ ਗੁਰਦੁਆਰੇ ਚਾਹ ਦੇ ਨਾਲ ਹੀ ਪ੍ਰਸ਼ਾਦੇ ਛਕ ਲਏ ਸਨ, ਉਹ ਕਹਿੰਦਾ, ਫਿਰ ਵੀ ਕੋਈ ਗੱਲ ਨਹੀਂ ਪਰ ਮੇਰੇ ਭਰਾ ਨੇ ਉਹਨੂੰ ਮੱਲੋਮੱਲੀ ਪੈਸੇ ਦੇ ਕੇ ਕਿਹਾ ਕਿ ਪਹਿਲਾਂ ਕੁਝਖਾ ਤਾਂ ਅੱਗੇ ਚੱਲਣਾ। ਅਸੀਂ ਵੀ ਖੜੇ ਸੋਢਾ ਪੀਣ ਲੱਗ ਪਏ ਤਾਂ ਦੋ ਬੰਦੇ, ਜਿਹੜੇ ਦੇਖਣ ਨੂੰ ਬਹੁਤ ਹੀ ਸੋਬਰ ਲੱਗਦੇ ਸਨ, ਸਾਡੇ ਕੋਲ ਆ ਗਏ। ਉਨ੍ਹਾਂ ਗੱਲਬਾਤ ਇਥੋਂ ਹੀ ਸ਼ੁਰੂ ਕੀਤੀ ਕਿ ਸਰਦਾਰ ਜੀ, ਕਿਹੜੇ ਜ਼ਿਲ੍ਹੇ ਦੇ ਹੋ? ਉਸਨੇ ਦੱਸਿਆ ਕਿ ਉਸ ਦਾ ਜ਼ਿਲਾ ਵੀ ਕਪੂਰਥਲਾ ਸੀ, ਹੁਣ ਜ਼ਿਲਾ ਮੁਲਤਾਨ ਵਿਚ ਰਹਿੰਦੇ ਹਾਂ। ਉਹਦੇ ਗੱਲਬਾਤ ਦੇ ਲਹਿਜ਼ੇ ਤੋਂ ਹੀ ਪਤਾ ਲਗਦਾ ਸੀ ਕਿ ਵਧੀਆ ਇਨਸਾਨ ਹੈ।
ਉਥੋਂ ਅਸੀਂ ਛੇਤੀ ਹੀ ਚਲ ਪਏ। ਜਿੱਦਾਂ ਸਿਆਲਕੋਟ ਦੁਆਲੇ ਸਾਰੀ ਝੋਨੇ ਦੀ ਹੀ ਫਸਲ ਦਿਸਦੀ ਸੀ, ਇਸ ਪਾਸੇ ਕਾਫੀ ਲੰਬੀ ਬੈਲਟ ਵਿਚ ਕਮਾਦ ਦਿਸਦਾ ਸੀ। ਵਿਚ ਜਿਹੇ ਪਰਾਲੀ ਜਿਹੇ ਵਾਲਾ ਏਰੀਆ ਵੀ ਆਇਆ। ਇਸ ਹਾਈਵੇ 'ਤੇ ਹੀ ਇਕ ਜਗ੍ਹਾ ਲੂਣ ਦੇ ਪਹਾੜ ਆਏ। ਸਰਗੋਧਾ ਸ਼ਹਿਰ ਵੀ ਇਸੇ ਹਾਈਵੇ 'ਤੇ ਹੈ। ਸਰਗੋਧਾ ਲੰਘਣ ਤੋਂ ਬਾਅਦ ਅਸੀਂ ਹਾਈਵੇ ਛੱਡ ਦਿੱਤਾ ਕਿਉਂਕਿ ਨਨਕਾਣਾ ਸਾਹਿਬ ਤੋਂ ਪਹਿਲਾਂ ਗੁਰਦੁਆਰਾ ਸੱਚਾ ਸੌਦਾ ਆਉਂਦਾ ਹੈ ਜੋ ਇਕ ਪਾਸੇ ਨੂੰ ਹੈ। ਸੱਚਾ ਸੌਦਾ ਚੂਹੜ ਕਾਣੇ ਸ਼ਹਿਰ ਦੇ ਨਾਲ ਹੈ। ਅੱਜ ਕਲ ਚੂਹੜ ਕਾਣੇ ਦਾ ਨਾਂ ਫਾਰੂਖਾਬਾਦ ਹੈ ਪਰ ਰੇਲਵੇ ਸਟੇਸ਼ਨ ਦਾ ਨਾਂ 'ਸੱਚਾ ਸੌਦਾ ਰੇਲਵੇਸਟੇਸ਼ਨ' ਲਿਖਿਆ ਹੋਇਆ ਹੈ।
ਇਹ ਸ਼ਹਿਰ ਨਾ ਤਾਂ ਬਹੁਤਾ ਵੱਡਾ ਹੈ ਤੇ ਨਾ ਹੀ ਛੋਟਾ। ਡਰਾਈਵਰ ਨੇ ਦੱਸਿਆ ਕਿ ਪੁਰਾਣੇ ਜ਼ਮਾਨੇ ਵਿਚ ਇਹ ਸ਼ਹਿਰ ਵਪਾਰ ਦਾ ਵੱਡਾ ਕੇਂਦਰ ਰਿਹਾ ਹੈ। ਸ਼ਾਇਦ ਬਾਬੇ ਨਾਨਕ ਸਮੇਂ ਵੀ ਹੋਵੇ, ਤਾਹੀਓਂ ਤਾਂ 35 ਕਿਲੋਮੀਟਰ ਦੂਰ ਨਨਕਾਣਾ ਸਾਹਿਬ ਤੋਂ ਇਥੇ ਬਾਬੇ ਨਾਨਕ ਨੂੰ 20 ਰੁਪਏ ਦੇ ਕੇ ਪਿਤਾ ਮਹਿਤਾ ਕਾਲੂ ਜੀ ਨੇ ਵਪਾਰ ਕਰਨ ਭੇਜਿਆ ਹੋਣਾ। ਗੁਰਦੁਆਰਾ ਸੱਚਾ ਸੌਦਾ ਸ਼ਹਿਰ ਤੋਂ 1-2 ਕਿਲੋਮੀਟਰ ਹੈ। ਇਹਦੇ ਕੋਲ ਇਕ ਪਿੰਡ ਹੈ। ਗੁਰਦੁਆਰੇ ਨੂੰ ਇੱਟਾਂ ਦਾ ਵਾਗਲਾ ਕੀਤਾ ਹੋਇਆ ਹੈ ਤੇ ਬਾਹਰ ਗੇਟ ਹੈ। ਸਾਡੇ ਗੇਟ ਸਾਹਮਣੇ ਰੁਕਣ' ਤੇ ਅੰਦਰੋਂ ਇਕ ਬੰਦੇ ਨੇ ਆ ਕੇ ਖੋਲ੍ਹ ਦਿੱਤਾ ਸ਼ਾਇਦ ਸਕਿਓਰਿਟੀ ਵਾਲਾ ਹੋਵੇਗਾ। ਅੰਦਰ ਬਾਗ ਵੀ ਲੱਗਾ ਹੋਇਆ ਹੈ। ਸਾਰਾ ਏਰੀਆ ਡੇਢ ਜਾਂ ਦੋ ਕਿਲੋਮੀਟਰ ਹੋਵੇਗਾ। ਗੁਰਦੁਆਰਾ ਕਾਫੀ ਉਚਾ ਹੈ ਤੇ ਕੋਈ 15 ਕੁ ਪੌੜੀਆਂ ਚੜ੍ਹ ਕੇ ਹੈ। ਪਹਿਲਾਂ ਦਰਸ਼ਨੀ ਡਿਓੜੀ ਵਾਂਗ ਲੰਘ ਕੇ ਫਿਰ ਅੰਦਰ ਥੋੜ੍ਹਾ ਜਿਹਾ ਥਾਂ ਖਾਲੀ ਹੈ ਤੇ ਵਿਚ ਗੁਰਦੁਆਰਾ ਬਣਿਆ ਹੋਇਆ ਹੈ। ਉਥੇ ਵੀ ਪਾਕਿਸਤਾਨ ਕਮੇਟੀ ਨੇ ਪੱਕੇ ਸੇਵਾਦਾਰ ਦੀ ਨਿਯੁਕਤੀ ਕੀਤੀ ਹੋਈ ਹੈ।
ਉਸ ਦਿਨ ਉਹ ਅਤੇ ਦੋ ਹੋਰ ਸਿੰਘ ਅੰਦਰੋਂ, ਗੁਰਪੁਰਬ ਕਰਕੇ, ਸਜਾਉਣ ਲੱਗੇ ਹੋਏ ਸਨ। ਗੁਰਦੁਆਰੇ ਦੇ ਨਾਲ ਹੀ ਅੰਦਰ ਵਾਰ ਇਕ ਪੁਰਾਣਾ ਦਰੱਖਤ ਹੈ, ਜਿਸਨੂੰ ਭਾਈ ਜੀ ਨੇ ਕਰੀਰ ਦੱਸਿਆ ਤੇ ਨਾਲੇ ਕਹਿੰਦਾ ਕਿ ਕਿਹਾ ਜਾਂਦੈ ਇਹ ਬਾਬੇ ਨਾਨਕ ਦੇ ਵੇਲੇ ਦਾ ਹੀ ਹੈ ਤੇ ਇਸੇ ਥਾਂ 'ਤੇ ਬਾਬੇ ਨੇ ਚੂਹੜਕਾਣੇ ਤੋਂ ਜੋ 20 ਰੁਪਿਆਂ ਦਾ ਸੌਦਾ ਵਪਾਰ ਕਰਨ ਲਈ ਖਰੀਦਿਆ ਸੀ, ਉਹ ਕਈ ਦਿਨਾਂ ਤੋਂ ਭੁੱਖੇ ਸਾਧੂ-ਸੰਤਾਂ ਨੂੰ ਲੰਗਰ ਬਣਾਕੇ ਛਕਾ ਦਿੱਤਾ ਸੀ ਤੇ ਬਾਬੇ ਨਾਨਕ ਨੇ ਜਿਹੜਾ 500 ਤੋਂ ਵੀ ਵਧ ਸਾਲ ਪਹਿਲਾਂ ਲੰਗਰ ਸ਼ੁਰੂ ਕੀਤਾ ਸੀ, ਅੱਜ ਦੁਨੀਆਂ ਭਰ ਦੇ ਜੇ ਸਾਰੇ ਹੀ ਗੁਰਦੁਆਰਿਆਂ ਦਾ ਕਿਤੇ ਇਕ ਦਿਨ ਦਾ ਹਿਸਾਬ ਹੋ ਜਾਵੇ ਤਾਂ ਹਜ਼ਾਰਾਂ ਕੁਇੰਟਲ ਅੰਨ ਪੱਕ ਕੇ ਲੋਕਾਂ ਦੇ ਮੂੰਹ ਪੈਂਦਾ ਹੈ। ਇਸੇ ਕਰਕੇ ਬਾਬੇ ਨੇ ਇਸ ਨੂੰ ਖਰਾ ਸੌਦਾ ਕਿਹਾ ਸੀ। ਧਾਰਮਿਕ ਜਗ੍ਹਾ ਵਿਚ ਸਭ ਤੋਂ ਪਹਿਲਾਂ ਜੇ ਕਿਸੇ ਰਹਿਬਰ ਨੇ ਭੁੱਖੇ ਢਿੱਡ ਲਈ ਰੋਟੀ ਦਾ ਪ੍ਰਬੰਧ ਕੀਤਾ ਤਾਂ ਉਹ ਬਾਬਾ ਨਾਨਕ ਹੀ ਹੈ ਤੇ ਉਸ ਜਗ੍ਹਾ ਦੇ ਦਰਸ਼ਨ ਕਰਕੇ ਜਿਥੇ ਇਹ ਸ਼ੁਰੂਆਤ ਹੋਈ, ਦਿਲ ਬੜਾ ਖੁਸ਼ ਹੋਇਆ।
ਬਾਬਾ ਨਾਨਕ ਇਹ ਜਾਣਦਾ ਸੀ ਕਿ ਭੁੱਖੇ ਢਿੱਡ ਰੱਬ ਰੱਬ ਵੀ ਨਹੀਂ ਕਰ ਹੋਣਾ। ਉਥੋਂ ਦੇ ਸੇਵਾਦਾਰ ਸਿੰਘ ਨੇ ਸਾਨੂੰ ਵੀ ਅੰਨ-ਜਲ ਛਕਣ ਲਈ ਕਿਹਾਪਰ ਕਿਉਂਕਿ ਉਥੇ ਸਿਰਫ ਦੋ ਕੁ ਹੀ ਸਿੰਘ ਸਨ, ਇਸ ਕਰਕੇ ਅਸੀਂ ਸੋਚਿਆ ਕਿ ਵਿਚਾਰੇ ਕਿਥੇ ਸਾਡੇ ਲਈ ਬਣਾਉਣਗੇ ਪਰ ਉਸਨੇ ਦੱਸਿਆ ਕਿ ਦਾਲ ਵੀ ਹੈਗੀ ਤੇ ਪ੍ਰਸ਼ਾਦੇ ਵੀ ਹੈਗੇ ਤੇ ਤੁਸੀਂ ਛਕੋ ਜ਼ਰੂਰ। ਭੁੱਖ ਤਾਂ ਸਾਨੂੰ ਵੀ ਸੀ ਤੇ ਉਨ੍ਹਾਂ ਨੇ ਬੜੇ ਪਿਆਰ ਨਾਲ ਪ੍ਰਸ਼ਾਦਾ ਛਕਾਇਆ ਤੇ ਨਾਲ ਨਾਲ ਸਾਨੂੰ ਗੁਰਦੁਆਰੇ ਬਾਰੇ ਜਾਣਕਾਰੀ ਵੀ ਦਿੱਤੀ। ਉਸਨੇ ਹੀ ਦੱਸਿਆ ਕਿ ਇਹ ਗੁਰਦੁਆਰਾ ਵੀ 1947 ਤੋਂ ਲੈ ਕੇ 1993 ਤੱਕ ਬੰਦ ਰਿਹਾ, ਜਦੋਂ 1993 ਵਿਚ ਸੰਗਤਾਂ ਦੇ ਦਰਸ਼ਨ ਲਈ ਖੋਲ੍ਹਿਆ ਤਾਂ ਅੰਦਰ ਜਾਣਾ ਮੁਸ਼ਕਲ ਸੀ। ਐਨੇ ਛੋਟੇ-ਛੋਟੇ ਦਰੱਖਤ, ਝਾੜੀਆਂ, ਘਾਹ ਸੀ ਕਿ ਦਰਵਾਜ਼ੇ ਵੀ ਨਹੀਂ ਖੁੱਲ੍ਹਦੇ ਸਨ। ਕੋਈ 46 ਸਾਲ ਬੰਦ ਰਹਿਣ ਕਰਕੇ ਦਰਸ਼ਨੀ ਡਿਓੜੀ ਤੇ ਹਾਲ ਦੀ ਛੱਤ ਬਹੁਤ ਖਰਾਬ ਹੋ ਗਈ ਸੀ ਪਰ ਗੁਰਦੁਆਰੇ ਦੇ ਗੁੰਬਦ ਸਭ ਠੀਕ ਸਨ। ਅਜੇ ਵੀ ਕਈ ਥਾਵਾਂ ਤੋਂ ਮੁਰੰਮਤ ਕੀਤੀ ਜਾ ਰਹੀ ਸੀ। ਇਹ ਗੁਰਦੁਆਰਾ ਵੀ ਮਹਾਰਾਜਾ ਰਣਜੀਤ ਸਿੰਘ ਨੇ ਹੀ ਬਣਵਾਇਆ ਹੈ। ਸੇਵਾਦਾਰ ਸਿੰਘ ਨੇ ਦੱਸਿਆ ਕਿ ਇਥੇ ਸਿੱਖ ਸੰਗਤ ਤਾਂ ਕੋਈ ਹੈ ਨਹੀਂ, ਉਹ ਹੀ ਆਪਣੇ ਪਰਿਵਾਰ ਨਾਲ ਇਥੇ ਰਹਿੰਦਾ ਹੈ। ਉਦਾਂ ਉਹ ਵੀ ਨਨਕਾਣਾ ਸਾਹਿਬ ਦਾ ਰਹਿਣ ਵਾਲਾ ਹੈ। ਜਦੋਂ ਦੀ ਉਹਦੀ ਪੱਕੀ ਡਿਊਟੀ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਥੇ ਲਾਈ ਗਈ ਹੈ ਤਾਂ ਹਰ ਰੋਜ਼ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ। ਬਾਬੇ ਦੇ ਖਰੇ ਸੌਦੇ ਵਿਚੋਂ ਅਸੀਂ ਵੀ ਢਿੱਡ ਭਰ ਕੇ ਨਨਕਾਣਾ ਸਾਹਿਬ ਲਈ ਚੱਲ ਪਏ।
ਉਥੋਂ ਅਸੀਂ ਇਕ ਪਿੰਡ ਦੀ ਬੀਹੀ ਵਿਚੋਂ ਨਿਕਲ ਕੇ ਅੱਗੇ ਨਨਕਾਣਾ ਸਾਹਿਬ ਵਾਲੀ ਸੜਕ' ਤੇ ਪੈਣਾ ਸੀ। ਆਪਣੇ ਪਿੰਡਾਂ ਵਾਂਗ ਹੀ ਇਕ ਕੰਧ' ਤੇ ਕਲੀ ਕਰਕੇ ਉਰਦੂ ਵਿਚ ਕੋਈ ਮਸ਼ਹੂਰੀ ਲਿਖੀ ਹੋਈ ਸੀ। ਪਿੰਡ ਵਿਚੋਂ ਲਾਊਡ ਸਪੀਕਰ ਦੀ ਆਵਾਜ਼ ਵੀ ਆ ਰਹੀ ਸੀ, ਜਿੱਦਾਂ ਕੋਈ ਪ੍ਰੋਗਰਾਮ ਹੁੰਦਾ। ਡਰਾਈਵਰ ਨੇ ਦੱਸਿਆ ਕਿ ਇਹ ਸ਼ਾਇਦ ਮਸੀਤ ਵਿਚੋਂ ਆ ਰਹੀ ਹੋਣੀ ਹੈ ਕਿਉਂਕਿ ਉਸ ਦਿਨ ਸ਼ੁੱਕਰਵਾਰ ਸੀ ਤੇ ਉਸ ਦੱਸਿਆ ਕਿ ਜੁਮੇ ਵਾਲੇ ਦਿਨ ਮਸੀਤਾਂ ਵਿਚ ਇਕੱਠ (ਦੀਵਾਨ) ਹੁੰਦਾ ਤੇ ਧਾਰਮਿਕ ਪ੍ਰਚਾਰ ਵੀ ਕੀਤਾ ਜਾਂਦਾ ਹੈ। ਇਹ ਪਿੰਡ ਵੀ ਆਮ ਪਾਕਿਸਤਾਨੀ ਪਿੰਡਾਂ ਵਰਗਾ ਹੀ ਸੀ, ਮਤਲਬ ਕੱਚੇ-ਪੱਕੇ ਰਲਵੇਂ-ਮਿਲਵੇਂ ਜਿਹੇ ਘਰ ਸਨ। ਆਪਣੇ ਪਿੰਡਾਂ ਵਾਂਗ ਹੀ ਢੇਰ ਵੀ ਲੱਗੇ ਸਨ ਤੇ ਉਨ੍ਹਾਂ 'ਤੇ ਕੁੱਕੜ ਵੀ ਦਿਸੇ। ਥੋੜ੍ਹਾ ਚੱਲਕੇ ਇਕ ਸੜਕ ਜਿਹੜੀ ਲਿੰਕ ਸੜਕਾਂ ਨਾਲੋਂ ਚੌੜੀ ਸੀ ਤੇ ਇਕ ਡਰੇਨ ਜਿਹੀ ਦੇ ਨਾਲ-ਨਾਲ ਜਾਂਦੀ ਸੀ, ਉਸ 'ਤੇ ਸਾਡੀ ਕਾਰ ਚੱਲ ਪਈ। ਆਲੇ ਦੁਆਲੇ ਝੋਨੇ ਦੇ ਹੀ ਜ਼ਿਆਦਾ ਖੇਤ ਸਨ, ਜ਼ਮੀਨ ਪੱਧਰੀ ਹੈ। ਇਸ 'ਤੇ ਆਵਾਜਾਈ ਹੈ ਪਰ ਬਹੁਤੀ ਜ਼ਿਆਦਾ ਨਹੀਂ। ਜਿੱਦਾਂ ਆਪਣੇ ਵਲ ਦੇ ਪਿੰਡਾਂ ਵਿਚ ਹੁੰਦੀ ਹੈ।
ਇਥੋਂ ਸੜਕ ਨਨਕਾਣਾ ਸਾਹਿਬ ਨੂੰ ਜਾਂਦੀ ਹੈ, ਇਸ ਨੇ ਜਦੋਂ ਫੈਸਲਾਬਾਦ ਤੋਂ ਲਾਹੌਰ ਵਾਲੀ ਮੇਨ ਸੜਕ ਨੂੰ ਪਾਰ ਕੀਤਾ ਤਾਂ ਅੱਗੇ ਬਹੁਤ ਵੱਡਾ ਗੇਟ ਬਣਿਆ ਹੋਇਆ ਸੀ, ਜਿਸ 'ਤੇ ਪੰਜਾਬੀ ਵਿਚ ਵੱਡੇ-ਵੱਡੇ ਅੱਖਰਾਂ ਵਿਚ ਲਿਖਿਆ ਹੋਇਆ ਸੀ, 'ਨਨਕਾਣਾ ਸਾਹਿਬ'। ਇਥੋਂ ਇਹ ਸੜਕ ਦੋਹਰੀ ਹੈ ਭਾਵ ਆਉਣ-ਜਾਣ ਲਈ ਵੱਖਰੀ ਹੈ, ਵਿਚ ਲਾਈਨ ਹੈ। ਬਾਬੂ ਖਾਂ ਨੇ ਹੀ ਦੱਸਿਆ ਕਿ ਜਦੋਂ ਦਾ ਨਨਕਾਣਾ ਸਾਹਿਬ ਨੂੰ ਜ਼ਿਲ੍ਹਾ ਬਣਾਇਆ, ਉਦੋਂ ਹੀ ਇਹ ਸੜਕ ਚੌੜੀ ਬਣਾਈ ਹੈ। ਸੜਕ 'ਤੇ ਲੰਘਦਿਆਂ ਬਿਲਕੁਲ ਦੋ ਕੁ ਪਿੰਡ ਉਪਰ ਹੀ ਸਨ ਤੇ ਨਨਕਾਣਾ ਸਾਹਿਬ ਦੇ ਨੇੜੇ ਵੀ ਉਨ੍ਹਾਂ ਦੀ ਦਿੱਖ ਚਮਕ-ਦਮਕ ਵਾਲੀ ਲੱਗੀ। ਥੋੜ੍ਹਾ ਜਿਹਾ ਹੋਰ ਚੱਲੇ ਤਾਂ ਕਾਰ ਸਾਡੀ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਦੇ ਬਾਹਰ ਜਾ ਰੁਕੀ। ਗੁਰਦੁਆਰੇ ਦੇ ਅੱਗੇ ਬਾਜ਼ਾਰ ਹੈ। ਬਾਹਰ ਦਾ ਮੇਨ ਗੇਟ ਬਹੁਤ ਵੱਡਾ ਹੈ ਪਰ ਬੰਦ ਕੀਤਾ ਹੋਇਆ ਸੀ, ਆਉਣ-ਜਾਣ ਲਈ ਨਾਲ ਇਕ ਛੋਟਾ ਗੇਟ ਹੈ। ਬਾਬੂ ਖਾਂ ਸਾਡਾ ਡਰਾਈਵਰ ਹਰ 3-4 ਘੰਟਿਆਂ ਬਾਅਦ ਸੈਲਫੋਨ 'ਤੇ ਕਾਦਿਰ ਭਾਈ ਨੂੰ ਦੱਸ ਰਿਹਾ ਸੀ ਕਿ ਅਸੀਂ ਕਿਥੇ ਹਾਂ ਜਾਂ ਉਹਦਾ ਹੀ ਫੋਨ ਆ ਜਾਂਦਾ ਸੀ। ਸ਼ਾਇਦ ਉਹਦਾ ਫੋਨ ਹੀ ਡਰਾਈਵਰ ਨੂੰ ਉਸ ਵੇਲੇ ਆਇਆ ਤਾਂ ਉਹ ਕਹਿੰਦਾ ਕਿ ਸਾਡੇ ਕੋਲ ਹੁਣ ਵੀ ਟਾਈਮ ਕਾਫੀ ਹੈ, ਜੇ ਹੁਣ ਬਾਕੀ ਗੁਰਦੁਆਰੇ ਦੇਖਣੇ ਹਨ ਤਾਂ ਦੱਸੋ, ਜੇ ਸਵੇਰੇ ਦੇਖਣੇ ਆ ਤਾਂ ਹੁਣ ਆਰਾਮ ਕਰ ਲਓ। ਮੇਰੇ ਭਰਾ ਨੇ ਕਿਹਾ ਕਿ ਹੁਣੇ ਹੀ ਦੇਖਦੇ ਹਾਂ, ਅਜੇ ਲੌਢਾ ਵੇਲਾ ਤਾਂ ਹੈ। ਨਾਲੇ ਡਰਾਈਵਰ ਨੇ ਦੱਸ ਵੀ ਦਿੱਤਾ ਸੀ ਕਿ ਸਾਰੇ ਗੁਰਦੁਆਰੇ ਨੇੜੇ-ਨੇੜੇ ਹੀ ਹਨ ਤੇ ਸ਼ਹਿਰ ਦੇ ਵਿਚ ਹੀ ਹਨ। ਦੋ ਕੁ ਘੰਟਿਆਂ ਵਿਚ ਸਾਰਿਆਂ ਦੇ ਦਰਸ਼ਨ ਹੋ ਜਾਣਗੇ।
ਉਸਨੇ ਸਾਨੂੰ ਦੁਬਾਰਾ ਕਾਰ ਵਿਚ ਬਿਠਾਇਆ ਤੇ ਕਾਰ ਬਾਜ਼ਾਰ ਵਲ ਨੂੰ ਮੋੜ ਲਈ। ਬਾਜ਼ਾਰ ਵਿਚ ਭੀੜ ਨਹੀਂ ਸੀ ਕਿਉਂਕਿ ਪਾਕਿਸਤਾਨ ਵਿਚ ਬਾਜ਼ਾਰ ਸ਼ੁੱਕਰਵਾਰ ਨੂੰ ਬੰਦ ਹੁੰਦਾ, ਟਾਵੀਂ-ਟਾਵੀਂ ਕੋਈ ਦੁਕਾਨ ਖੁੱਲ੍ਹੀ ਵੀ ਸੀ। ਬਾਬੂ ਖਾਂ ਨੇ ਦੱਸਿਆ ਕਿ ਹਫਤੇ ਦੇ ਬਾਕੀ ਦਿਨ ਇਸ ਬਾਜ਼ਾਰ ਵਿਚ ਬਹੁਤ ਭੀੜ ਹੁੰਦੀ ਹੈ। ਇਹੋ ਹੀ ਨਨਕਾਣਾ ਸਾਹਿਬ ਦਾ ਮੇਨ ਬਾਜ਼ਾਰ ਹੈ। ਸਭ ਤੋਂ ਪਹਿਲਾਂ ਜਿਹੜੇ ਗੁਰਦੁਆਰੇ ਵਿਚ ਗਏ, ਉਸਦਾ ਨਾਂ 'ਗੁਰਦੁਆਰਾ ਪਾਤਸ਼ਾਹੀ ਪੰਜਵੀਂ' ਹੈ। ਛੋਟਾ ਜਿਹਾ ਗੁਰਦੁਆਰਾ ਹੈ, ਨਿਸ਼ਾਨ ਸਾਹਿਬ ਵੀ ਹੈ, ਗੁਰਦੁਆਰਾ ਉਸ ਦਿਨ ਤਾਂ ਖੁੱਲ੍ਹਾ ਹੀ ਸੀ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਕੀਤਾ ਹੋਇਆ। ਇਸ ਗੁਰਦੁਆਰੇ ਦੇ ਇਤਿਹਾਸ ਬਾਰੇ ਉਥੇ ਇੰਨਾ ਕੁ ਹੀ ਲਿਖਿਆ ਹੋਇਆ ਸੀ ਕਿ ਗੁਰੂ ਅਰਜਨ ਦੇਵ ਜੀ ਬਾਬੇ ਨਾਨਕ ਦੇ ਜਨਮ ਅਸਥਾਨ ਦੀ ਯਾਤਰਾ 'ਤੇ ਨਨਕਾਣਾ ਸਾਹਿਬ ਆਏ ਸਨ ਤਾਂ ਇਸ ਜਗ੍ਹਾ 'ਤੇ ਹੀ ਆ ਕੇ ਠਹਿਰੇ ਸਨ। ਨਾਲ ਹੀ 'ਗੁਰਦੁਆਰਾ ਪਾਤਸ਼ਾਹੀ ਛੇਵੀਂ' ਹੈ। ਉਸ ਬਾਰੇ ਇਸ ਤਰ੍ਹਾਂ ਲਿਖਿਆ ਹੋਇਆ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਕਸ਼ਮੀਰ ਤੋਂ ਮੁੜਦੇ ਵਕਤ ਇਥੇ ਠਹਿਰੇ ਸਨ। ਉਥੇ ਇਕ ਦਰੱਖਤ ਹੈ, ਮੈਨੂੰ ਪਤਾ ਨਹੀਂ ਲੱਗਾ ਕਾਹਦਾ ਹੈ ਕਿਉਂਕਿ ਆਪਣੇ ਚੜ੍ਹਦੇ ਪੰਜਾਬ ਵਾਲੇ ਦਰੱਖਤਾਂ ਦੀ ਨਸਲ ਦਾ ਨਹੀਂ ਸੀ। ਏਸ ਦਰੱਖਤ ਨਾਲ ਗੁਰੂ ਜੀ ਨੇ ਘੋੜਾ ਬੰਨ੍ਹਿਆ ਸੀ। ਇਨ੍ਹਾਂ ਦੋਹਾਂ ਗੁਰਦੁਆਰਿਆਂ ਬਾਰੇ ਸਾਨੂੰ ਦੱਸਣ ਵਾਲਾ ਤਾਂ ਕੋਈ ਨਹੀਂ ਸੀ, ਜੋ ਕੁਝ ਉਥੇ ਪੁਰਾਣੇ ਪਏ ਬੋਰਡਾਂ 'ਤੇ ਲਿਖਿਆ ਹੋਇਆ, ਉਹੋ ਹੀ ਉਪਰ ਲਿਖਿਆ ਹੈ। ਉਦਾਂ ਇਸ ਤੋਂ ਪਹਿਲਾਂ ਅਸੀਂ ਕਦੇ ਵੀ ਸੋਚਿਆ ਨਹੀਂ ਸੀ ਕਿ ਨਨਕਾਣਾ ਸਾਹਿਬ ਕਦੀ ਕੋਈ ਦੂਜੇ ਗੁਰੂ ਸਾਹਿਬਾਨ ਵੀ ਗਏ ਹੋਣਗੇ। ਉਹ ਤਾਂ ਇਨ੍ਹਾਂ ਗੁਰਦੁਆਰਿਆਂ ਤੋਂ ਹੀ ਪਤਾ ਲੱਗਾ। ਇਸ ਤੋਂ ਬਾਅਦ ਅਸੀਂ ਗੁਰਦੁਆਰਾ 'ਮਾਲ ਜੀ ਸਾਹਿਬ' ਗਏ। ਇਹ ਉਹੋ ਥਾਂ ਹੈ, ਜਿਥੇ, ਕਹਿੰਦੇ ਨੇ ਕਿ ਬਾਬੇ ਨਾਨਕ ਨੂੰ ਸੱਪ ਨੇ ਆਪਣੇ ਫਨ ਨਾਲ ਛਾਂ ਕੀਤੀ। ਗੁਰਦੁਆਰੇ ਦੀ ਬਿਲਡਿੰਗ ਪੁਰਾਣੀ ਹੈ। ਨਾਲ ਹੀ ਦਰੱਖਤਾਂ ਦਾ ਝੁੰਡ ਜਿਹਾ ਵੀ ਤੇ ਸ਼ਾਇਦ ਉਹ ਇਸੇ ਗੱਲ ਦੇ ਪ੍ਰਤੀਕ ਵਜੋਂ ਰੱਖਿਆ ਹੋਣਾ ਕਿ ਉਹ ਸੱਪ ਇਸੇ ਝਾੜ ਝੀਂਡੇ ਵਿਚੋਂ ਨਿਕਲਿਆ ਹੋਵੇਗਾ। ਫਿਰ ਅਸੀਂ ਗੁਰਦੁਆਰਾ 'ਕਿਆਰਾ ਸਾਹਿਬ' ਗਏ। ਇਸ ਗੁਰਦੁਆਰੇ ਦਾ ਹਾਲ ਵੀ ਵੱਡਾ ਹੈ ਤੇ ਇਥੇ ਸਰੋਵਰ ਵੀ ਬਣਿਆ ਹੋਇਆ ਹੈ।
ਇਸ ਤੋਂ ਅੰਦਾਜ਼ਾ ਲਗਦਾ ਸੀ ਕਿ 1947 ਤੋਂ ਪਹਿਲਾਂ ਇਸ ਗੁਰਦੁਆਰੇ ਵਿਚ ਵੀ ਵੱਡੇ ਦੀਵਾਨ ਲੱਗਦੇ ਰਹੇ ਹੋਣੇ ਨੇ। ਹੁਣ ਤਾਂ ਸਰੋਵਰ ਸੁੱਕਾ ਪਿਆ ਹੈ। ਉਸ ਦਿਨ ਕੁਝ ਬੰਦੇ (ਮੁਸਲਮਾਨ) ਗੁਰਦੁਆਰੇ ਨੂੰ ਰੰਗ-ਰੋਗਨ ਕਰਨ ਲੱਗੇ ਹੋਏ ਸਨ। ਉਸ ਗੁਰਦੁਆਰੇ ਵਿਚ ਪੁਲਿਸ ਦਾ ਸਕਿਓਰਿਟੀ ਸਿਪਾਹੀ ਪੂਰੀ ਵਰਦੀ ਪਾ ਕੇ ਫਿਰ ਰਿਹਾ ਸੀ, ਸਾਨੂੰ ਦੇਖ ਕੇ ਸਾਡੇ ਕੋਲ ਆ ਗਿਆ ਤੇ ਸਤਿ ਸ੍ਰੀ ਅਕਾਲ ਬੁਲਾ ਕੇ ਇਕੋ ਹੀ ਗੱਲ ਪੁੱਛੀ ਕਿ ਸਰਦਾਰ ਸਾਹਿਬ, ਕਿਹੜੇ ਜ਼ਿਲ੍ਹੇ ਤੋਂ ਤਸ਼ਰੀਫ ਲਿਆਏ ਹੋ? ਉਹਨੇ ਆਪਣੇ ਬਜ਼ੁਰਗਾਂ ਦਾ ਜ਼ਿਲ੍ਹਾ ਵੀ ਜਲੰਧਰ ਹੀ ਦੱਸਿਆ। ਉਹ ਬੜੀ ਖੁੱਲ੍ਹੀ-ਡੁੱਲ੍ਹੀ ਗੱਲ ਕਰਦਾ ਸੀ। ਸਾਨੂੰ ਲੱਗਾ ਕਿ ਉਹ ਬੜੀਆਂ ਗੱਲਾਂ ਕਰਨੀਆਂ ਚਾਹੁੰਦਾ ਸੀ ਕਿਉਂਕਿ ਉਥੇ ਉਸਦੀ ਇਕੱਲੇ ਦੀ ਹੀ ਡਿਊਟੀ ਰਹਿੰਦੀ ਹੈ, ਸਾਰਾ ਦਿਨ ਕੋਈ ਆਉਂਦਾ ਤਾਂ ਹੈ ਨਹੀਂ ਤੇ ਚੁੱਪ ਉਹਨੂੰ ਸਤਾਉਂਦੀ ਲਗਦੀ ਸੀ। ਇਹ ਉਸਦੀਆਂ ਗੱਲਾਂ ਤੋਂ ਮੈਂ ਮਹਿਸੂਸ ਕੀਤਾ। ਹਰ ਗੱਲ ਉਹ ਹੱਸ ਹੱਸ ਕੇ ਕਰਦਾ ਸੀ ਤੇ ਉਹਦੇ ਸੁਭਾਅ ਵਿਚ ਪੇਂਡੂ ਨਿਰਛੱਲਤਾ ਵੀ ਭਾਅ ਮਾਰਦੀ ਸੀ। ਉਹ ਕਹਿੰਦਾ ਕਿ ਮੇਰਾ ਪਿੰਡ ਸੱਚਾ ਸੌਦਾ ਫਰੂਖਾ ਬਾਦ ਦੇ ਨੇੜੇ ਹੈ। ਉਥੇ ਸਾਡੇ ਪੰਜ ਪਿੰਡ ਇਕੱਠੇ ਹੀ ਡੋਗਰ ਜੱਟਾਂ ਦੇ ਆ ਤੇ ਇਲਾਕੇ ਦੇ ਹੋਰ ਲੋਕੀਂ ਸਾਨੂੰ ਸਰਦਾਰਾਂ ਦੇ ਪਿੰਡ ਕਰਕੇ ਜਾਣਦੇ ਆ, ਅਸਲ ਵਿਚ ਵੰਡ ਤੋਂ ਪਹਿਲਾਂ ਇਹ ਪੰਜੇ ਪਿੰਡ ਹੀ ਸਿੱਖ ਸਰਦਾਰਾਂ ਦੇ ਸਨ। ਸਾਡੇ ਕਿਸੇ ਇਧਰਲੇ ਰਿਸ਼ਤੇਦਾਰ ਨੂੰ ਪਤਾ ਲੱਗ ਗਿਆ ਕਿ ਇਹ ਪੰਜੇਈ ਪਿੰਡ ਖਾਲੀ ਹੋ ਗਏ ਹਨ ਤਾਂ ਉਸਨੇ ਸਾਡੇ ਬਜ਼ੁਰਗਾਂ ਨੂੰ ਸੁਨੇਹਾ ਭੇਜ ਦਿੱਤਾ ਕਿ ਸਾਰੀ ਬਰਾਦਰੀ ਇਨ੍ਹਾਂ ਹੀ ਪਿੰਡਾਂ ਵਿਚ ਬੈਠ ਜਾਓ ਤਾਂ ਕਿ ਮਗਰੋਂ ਪੱਕੀ ਅਲਾਟਮੈਂਟ ਵੇਲੇ ਸਾਰਿਆਂ ਨੂੰ ਉਠਾਉਣਾ ਮੁਸ਼ਕਲ ਹੋਵੇ। ਇਹ ਸਕੀਮ ਰਹੀ ਵੀ ਵਧੀਆ। ਨਾਲੇ ਕਹਿੰਦਾ ਕਿ ਸਾਡੇ ਪੰਜਾਂ ਹੀ ਪਿੰਡਾਂ ਵਿਚ ਏਕਾ ਵੀ ਬੜਾ ਹੈ, ਇਸ ਕਰਕੇ ਅੱਜ ਵੀ ਸਾਡੇ ਪਿੰਡ ਸਰਦਾਰਾਂ ਦੇ ਪਿੰਡਾਂ ਨਾਲ ਮਸ਼ਹੂਰ ਹਨ। ਬਹੁਤੇ ਲੋਕੀਂ ਤਾਂ ਸਾਨੂੰ ਵੀ ਸਰਦਾਰ ਕਹਿਕੇ ਬੁਲਾਉਂਦੇ ਆ। ਨਾਲੇ ਜ਼ੋਰ ਨਾਲ ਹੱਸ ਪਿਆ, ਨਾਲੇ ਕਹਿੰਦਾ, ਸਾਡੇ ਸਰਦਾਰਾਂ ਦੇ 12 ਵਜੇ ਵਾਲੀ ਗੱਲ ਵੀ ਮਸ਼ਹੂਰ ਹੈ।
ਮੈਂ ਉਹਨੂੰ ਪੁੱਛ ਲਿਆ ਕਿ ਪੁਲਿਸ ਦੀ ਨੌਕਰੀ ਕਿੱਦਾਂ ਦੀ ਹੈ? ਮਸਤੀ ਜਿਹੀ ਵਿਚ ਕਹਿੰਦਾ, "ਮੌਜਾਂ ਨੇ, ਸੁਹਣੀ ਤਨਖਾਹ ਮਿਲ ਜਾਂਦੀ ਹੈ, ਪਿੰਡ ਖੇਤੀ ਹੈਗੀ ਆ, ਐਥੇ ਮੇਰੀ ਕਿਹੜੀ ਵੇਲਣੇ' ਚ ਬਾਂਹ ਦਿੱਤੀਓ ਆ, ਵਰਦੀ ਪਾ ਕੇ ਬੈਠਾ ਹੀ ਰਹਿੰਨਾਂ।" ਉਸ ਦੀਆਂ ਗੱਲਾਂ ਵਿਚੋਂ ਸਾਨੂੰ ਵੀ ਸੁਆਦ ਜਿਹਾ ਆਉਣ ਲੱਗ ਪਿਆ। ਜੇ ਕਿਤੇ ਖੁੱਲ੍ਹਾ ਟਾਈਮ ਹੁੰਦਾ ਤਾਂ ਇਹੋ ਜਿਹੇ ਇਨਸਾਨ ਕੋਲੋਂ ਬਹੁਤ ਸੱਚਾਈ ਵਾਲੀ ਜਾਣਕਾਰੀ ਮਿਲਣੀ ਸੀ, ਬਹਿ ਕੇ ਗੱਲਾਂ ਕਰਕੇ। ਗੁਰਦੁਆਰੇ ਬਾਰੇ ਵੀ ਉਹ ਜਾਣਕਾਰੀ ਰੱਖਦਾ ਸੀ। ਉਸਨੇ ਦੱਸਿਆ ਕਿ ਇਹ ਗੁਰਦੁਆਰਾ ਉਸ ਥਾਂ 'ਤੇ ਬਣਿਆ ਹੋਇਆ ਜਿਥੇ ਬਾਲਕ ਬਾਬਾ ਨਾਨਕ ਮੱਝਾਂ ਚਾਰਦਾ ਹੁੰਦਾ ਸੀ ਤੇ ਆਪ ਤਾਂ ਉਹ ਰੱਬ ਨਾਲ ਹੀ ਜੁੜਿਆ ਰਹਿੰਦਾ ਸੀ, ਡੰਗਰ ਆਪੇ ਹੀ ਚਰ ਕੇ ਆ ਜਾਂਦੇ ਸਨ ਤੇ ਨਾਨਕ ਘਰ ਮੋੜ ਲਿਆਉਂਦਾ ਸੀ। ਇਕ ਦਿਨ ਮੱਝਾਂ ਚਰਦੀਆਂ ਨੇ ਕਿਸੇ ਦੀ ਫਸਲ ਵੀ ਖਾਲਈ ਤੇ ਉਹਨੇ ਮੌਕੇ 'ਤੇ ਜਾ ਕੇ ਦੇਖਿਆ ਤਾਂ ਨਾਨਕ ਤਾਂ ਕਿਤੇ ਦਿਸਿਆ ਨਾ। ਉਸਨੇ ਜਾ ਕੇ ਚੌਧਰੀ ਰਾਇ ਬੁਲਾਰ ਨੂੰ ਸ਼ਿਕਾਇਤ ਕਰ ਦਿੱਤੀ ਕਿ ਪਟਵਾਰੀ ਦੇ ਮੁੰਡੇ ਨੇ ਮੇਰੀ ਫਸਲ ਉਜਾੜ ਦਿੱਤੀ, ਡੰਗਰ ਮੇਰੇ ਖੇਤ 'ਚ ਵਾੜ ਕੇ ਆਪ ਕਿਤੇ ਉਥੇ ਦੀਂਹਦਾ ਈ ਨਹੀਂ। ਰਾਇ ਬੁਲਾਰ ਪਹਿਲਾਂ ਹੀ ਬਾਲ ਬਾਬਾ ਨਾਨਕ ਦੇ ਕੌਤਕਾਂ ਤੋਂ ਪ੍ਰਭਾਵਤ ਹੋਕੇ ਮਨੋਂ ਉਹਨੂੰ ਅੱਲਾ ਰਸੂਲ ਤਸੱਵਰ ਕਰ ਚੁੱਕਿਆ ਸੀ। ਫਿਰ ਵੀ ਉਹ ਉਸ ਕਿਸਾਨ ਦੇ ਨਾਲ ਖੇਤ ਦੇਖਣ ਚਲਾ ਗਿਆ ਤਾਂ ਰਾਇ ਬੁਲਾਰ ਨੇ ਪਹਿਲਾਂ ਨਾਨਕ ਨੂੰ ਲੱਭਣ ਲਈ ਕਿਹਾ। ਜਦੋਂ ਦੇਖਿਆ ਕਿ ਬਾਲ ਨਾਨਕ ਇਕ ਇਕਾਂਤ ਥਾਂ 'ਤੇ ਆਪਣੇ ਪਰਵਰ ਦਗਾਰ ਨਾਲ ਲਿਵ ਲਾਈ ਬੈਠਾ ਸੀ। ਕਹਿੰਦੇ, ਰਾਇ ਬੁਲਾਰ ਨੇ ਉਹਨੂੰ ਸਜਦਾ ਕੀਤਾ ਤਾਂ ਕਿਸਾਨ ਹੈਰਾਨ ਹੋ ਗਿਆ ਕਿ ਇਹ ਕੀ? ਉਹਨੂੰ ਡਾਂਟਣ ਦੀ ਬਜਾਏ ਉਹਦੇ ਅੱਗੇ ਐਡਾ ਵੱਡਾ ਇਲਾਕੇ ਦਾ ਚੌਧਰੀ ਸਿਰ ਝੁਕਾਅ ਗਿਆ?
ਉਸਦੇ ਮਨ ਦੀ ਗੱਲ ਬੁੱਝ ਕੇ ਰਾਇ ਬੁਲਾਰ ਨੇ ਕਿਹਾ ਕਿ ਤੂੰ ਨਹੀਂ ਜਾਣਦਾ, ਆਪਣੀ ਰਾਇ-ਭੋਇ ਦੀ ਤਲਵੰਡੀ ਵਿਚ ਆਪ ਖੁਦਾ 'ਨਾਨਕ' ਦੇ ਰੂਪ ਵਿਚ ਆਇਆ ਹੋਇਆ ਹੈ। ਤੂੰ ਜਾਹ ਆਪਣੇ ਘਰ, ਜਿੰਨੀ ਤੇਰੀ ਫਸਲ ਦਾ ਨੁਕਸਾਨ ਹੋਇਆ, ਮੈਥੋਂ ਆ ਕੇ ਲੈ ਜਾਈਂ। ਅਸਲ ਵਿਚ ਇਸ ਸਾਰੀ ਜ਼ਮੀਨ ਦਾ ਮਾਲਕ ਆਪ ਚੌਧਰੀ ਰਾਇ ਬੁਲਾਰ ਸੀ ਤੇ ਮੁਜ਼ਾਰੇ ਕੱਚੀ ਅਲਾਟ ਮੈਂਟ' ਤੇ ਖੇਤੀ ਕਰਕੇ ਮਾਮਲਾ ਚੌਧਰੀ ਨੂੰ ਹੀ ਦਿੰਦੇ ਸਨ। ਕਹਿੰਦੇ ਨੇ, ਕੁਝ ਦਿਨਾਂ ਬਾਅਦ ਜਦ ਉਹ ਕਿਸਾਨ ਫਿਰ ਖੇਤ ਗਿਆ ਤਾਂ ਫਸਲ ਮੁੜ ਹਰੀ ਭਰੀ ਪਹਿਲਾਂ ਨਾਲੋਂ ਵੀ ਭਾਰੀ ਸੀ ਤਾਂ ਉਹਨੇ ਜਾਕੇ ਰਾਇ ਬੁਲਾਰ ਨੂੰ ਕਿਹਾ ਕਿ ਸੱਚੀਂ 'ਨਾਨਕ' ਤਾਂ ਖੁਦਾ ਹੈ, ਮੇਰੀ ਉਹੋ ਉਜੜੀ ਫਸਲ ਤਾਂ ਪਹਿਲਾਂ ਨਾਲੋਂ ਭਾਰੀ ਹੈ। ਅਸਲ ਵਿਚ ਰਾਇ ਬੁਲਾਰ ਬਾਬੇ ਨਾਨਕ ਦੀ ਅਜ਼ਮਤ ਨੂੰ ਪਛਾਣਨ ਵਾਲਾ ਪਹਿਲਾ ਇਨਸਾਨ ਸੀ। ਜੇ ਐਦਾਂ ਵੀ ਕਹਿ ਲਈਏ ਕਿ ਬਾਬੇ ਨਾਨਕ ਦਾ ਪਹਿਲਾ ਸਿੱਖ ਰਾਇ ਬੁਲਾਰ ਬਣਿਆ ਤਾਂ ਕੋਈ ਅਤਿਕਥਨੀ ਨਹੀਂ। ਰਾਇ ਬੁਲਾਰ 1500 ਮੁਰੱਬੇ ਜ਼ਮੀਨ ਦਾ ਮਾਲਕ ਸੀ। ਇਕ ਤਰ੍ਹਾਂ ਤਲਵੰਡੀ ਦਾ ਸਾਰਾ ਇਲਾਕਾ ਉਹਦਾ ਸੀ, ਉਹਨੇ ਜਦੋਂ ਕਿਸਾਨ ਦੇ ਮੂੰਹੋਂ ਸੁਣਿਆ ਕਿ ਉਹਦੀ ਫਸਲ ਤਾਂ ਪਹਿਲਾਂ ਨਾਲੋਂ ਵੀ ਭਾਰੀ ਹੈ ਤਾਂ ਚੌਧਰੀ 'ਨਾਨਕ' ਤੋਂ ਐਨਾ ਪ੍ਰਭਾਵਤ ਹੋ ਗਿਆ ਕਿ ਉਹਨੇ ਆਪਣੀ ਅੱਧੀ ਜ਼ਮੀਨ ਮਤਲਬ 750 ਮੁਰੱਬੇ ਨਾਨਕ ਦੇ ਨਾਂ ਲੁਆ ਦਿੱਤੀ, ਇਹਦਾ ਭਾਵ 18750 ਕਿੱਲੇ ਜ਼ਮੀਨ ਹੋਈ, ਜਿਸਦਾ ਮਾਲਕ ਬਾਬਾ ਨਾਨਕ ਬਣਿਆ।
(ਬਾਕੀ ਕਿਸ਼ਤ ਨੰ: 10 'ਚ)