ਵਿਛੜੇ ਗਰੁ ਧਾਮਾਂ ਦੇ ਦਰਸਨ ਦੀਦਾਰੇ ( ਕਿਸ਼ਤ ਨੰ: 08 )

ਸਫਰਨਾਮਾ -ਮਝੈਲ ਸਿੰਘ ਸਰਾਂ
(ਲੜੀ ਜੋੜਨ ਲਈ ਕਿਸ਼ਤ ਨੰ: 07 ਵੇਖੋ)

ਹੁਣ ਅਗਲਾ ਪ੍ਰੋਗਰਾਮ ਸੀ ਪੰਜਾ ਸਾਹਿਬਪਹੁੰਚਣ ਦਾ। ਇਸ ਵਾਰੀ ਟੈਕਸੀ ਉਨ੍ਹਾਂ ਹੋਰ ਸੜਕਰਾਹੀਂ ਪਾਈ। ਇਹ ਨਾਰੋਵਾਲ ਤੋਂ ਸਿਆਲਕੋਟ ਨੂੰ ਜਾਂਦੀ ਹੈ। ਇਹ ਟੈਕਸੀ ਵੀ ਸੀ. ਐਨ. ਜੀ.ਨਾਲ ਚਲਦੀ ਸੀ ਤੇ ਨਾਰੋਵਾਲ ਲੰਘ ਕੇ ਇਹਦੀ ਗੈਸ ਮੁੱਕ ਗਈ। ਉਦਾਂ ਨਾਲ ਹੀ ਪੈਟਰੋਲ ਹੁੰਦਾ ਤੇ ਗੈਸ ਮੁੱਕਣ 'ਤੇ ਇੰਜਣ ਪੈਟਰੋਲ ਨਾਲ ਚੱਲ ਪੈਂਦਾ ਪਰ ਉਹ ਗੈਸ ਮੁੱਕਣ 'ਤੇ ਬੰਦ ਹੋ ਗਈ ਤੇ ਪੈਟਰੋਲ ਨਾਲ ਸਟਾਰਟ ਨਾ ਹੋਵੇ। ਉਨ੍ਹਾਂ ਨੇ ਗੱਡੀ ਸੜਕ ਦੀ ਸਾਈਡ 'ਤੇ ਲਾ ਲਈ। ਇਕ ਟਰੈਕਟਰ ਵਾਲਾ ਆਉਂਦਾ ਸੀ, ਉਹਨੂੰ ਹੱਥ ਦਿੱਤਾ ਕਿ ਟੋਚਨ ਕਰਕੇ ਲੈ ਜਾ ਕਿਉਂਕਿ 4 ਕੁ ਕਿਲੋਮੀਟਰ 'ਤੇ ਗੈਸ ਪੰਪ ਆਉਣਾ ਸੀ ਪਰ ਉਹ ਕਹਿੰਦਾ ਕਿ ਮੈਂ ਤਾਂ ਆਹ ਨਾਲ ਹੀ ਖੇਤ ਨੂੰ ਮੁੜਨ ਲੱਗਿਆਂ। ਫਿਰ ਇਕ ਫੋਰਵੀਲ੍ਹਰ ਆਉਂਦਾ ਦੇਖ ਕੇ ਉਨ੍ਹਾਂ ਨੇ ਸੜਕ' ਤੇ ਖੜ੍ਹ ਕੇ ਹੱਥ ਦਿੱਤਾ ਤਾਂ ਉਨ੍ਹਾਂ ਨੇ ਰੋਕ ਤਾਂ ਲਿਆ ਪਰ ਟੈਕਸੀ ਟੋਚਨ ਕਰਕੇ ਲਿਜਾਣ ਨੂੰ ਨਾ ਮੰਨੇ। ਕਾਦਿਰ ਭਾਈ ਕਹਿੰਦਾ ਪੈਸੇ ਲੈ ਲਿਓ, ਸਾਨੂੰ ਜ਼ਰੂਰੀ ਹੈ ਪਰ ਉਹ ਉਚੀ ਸਾਰੀ ਕਹਿੰਦਾ, 'ਸਾਨੂੰ ਵੀ ਕਾਹਲੀ ਹੈ' ਤੇ ਨਾਲ ਹੀ ਉਹਨੇ ਫੋਰਵੀਲ੍ਹਰ ਤੋਰ ਲਿਆ। ਕਾਦਿਰ ਭਾਈ ਨੇ ਫਿਰ ਉਚੀ ਆਵਾਜ਼ ਮਾਰ ਕੇ ਤੁਰੇ ਜਾਂਦਿਆਂ ਨੂੰ ਕਿਹਾ ਕਿ ਮੇਰੀ ਟੈਕਸੀ ਵਿਚ ਬਾਹਰੋਂ ਆਏ ਸਰਦਾਰ ਬੈਠੇ ਹਨ। ਮੈਂ ਉਨ੍ਹਾਂ ਨੂੰ ਲਿਜਾ ਰਿਹਾਂ। ਸ਼ਾਇਦ ਇਹ ਆਵਾਜ਼ ਫੋਰਵੀਲਰ ਵਿਚ ਬੈਠੇ ਦੋਹਾਂ ਬੰਦਿਆਂ' ਚੋਂ ਕਿਸੇ ਨੇ ਸੁਣ ਲਈ ਤਾਂ ਤਕਰੀਬਨ 100 ਕੁਮੀਟਰ ਅੱਗੇ ਜਾ ਕੇ ਉਨ੍ਹਾਂ ਨੇ ਫੋਰਵੀਲਰ ਰੋਕਲਿਆ ਤੇ ਬੈਕ ਕਰਕੇ, ਆਪਣੇ ਕੋਲੋਂ ਹੀ ਟੋਚਨ ਕੱਢ ਕੇ, ਟੈਕਸੀ ਮਗਰ ਪਾ ਲਈ। ਕਾਦਿਰ ਭਾਈ ਫਿਰ ਕਹਿੰਦਾ ਕਿ ਮੇਰੀ ਟੈਕਸੀ ਵਿਚ ਜਦ ਸਰਦਾਰ ਹੁੰਦੇ ਹਨ ਤਾਂ ਕਦੇ ਰੁਕਾਵਟ ਨਹੀਂ ਆਉਂਦੀ। ਉਥੋਂ 4-5 ਕਿਲੋਮੀਟਰ 'ਤੇ ਗੈਸ ਪੰਪ ਆ ਗਿਆ। ਉਹਨੇ ਫੋਰਵੀਲਰ ਵਾਲਿਆਂ ਨੂੰ ਪੈਸੇ ਦੇਣ ਲਈ ਬਟੂਆ ਕੱਢਿਆ ਤਾਂ ਉਹ ਕਹਿੰਦੇ ਕਿ ਸਰਦਾਰਾਂ ਤੋਂ ਪੈਸੇ ਥੋੜ੍ਹੇ ਲੈਣੇ ਨੇ। ਉਹ ਸਾਨੂੰ ਵੀ ਦੁਆ ਸਲਾਮ ਕਰ ਕੇ ਗਏ।

ਸਾਡੀ ਟੈਕਸੀ ਵੀ ਅੱਗੇ ਚੱਲ ਪਈ ਤੇ ਕਾਦਿਰ ਭਾਈ ਨੇ ਗੁਰਬਾਣੀ ਦੇ ਸ਼ਬਦਾਂ ਦੀ ਰੀਲਲਾ ਦਿੱਤੀ। ਸਾਨੂੰ ਹੁਣ ਲੱਗੇ ਹੀ ਨਾ ਕਿ ਅਸੀਂ ਪਾਕਿਸਤਾਨ ਵਿਚ ਘੁੰਮਦੇ ਹਾਂ। ਇਕ ਤਾਂ ਕਾਦਿਰ ਦੀ ਬੋਲੀ ਅਤੇ ਲਹਿਜਾ ਹੀ ਇਹੋ ਜਿਹਾ ਸੀ ਕਿ ਉਹ ਮੁਸਲਮਾਨ ਨਾਲੋਂ ਸਿੱਖ ਵਧ ਲਗਦਾ ਸੀ। ਉਹਨੂੰ 10 ਗੁਰੂ ਸਾਹਿਬਾਨ ਬਾਰੇ ਕਾਫੀ ਜਾਣਕਾਰੀ ਹੈ ਤੇ ਇਹ ਸਾਰਾ ਸਮਾਂ ਗੱਲਾਂ ਵੀ ਗੁਰ-ਇਤਿਹਾਸ 'ਤੇ ਹੀ ਹੁੰਦੀਆਂ ਰਹੀਆਂ। ਮੈਂ ਉਹਨੂੰ ਪੁੱਛਿਆ ਕਿ ਇਹ ਸ਼ਬਦਾਂ ਦੀ ਰੀਲ ਤੂੰ ਸਾਡੇ ਕਰਕੇ ਹੀ ਲਾਈ ਹੈ ਕਿ ਆਪ ਵੀ ਸੁਣਦਾ ਹੁੰਨਾਂ ਤਾਂ ਉਹ ਕਹਿੰਦਾ ਕਿ ਅੱਜ ਤੁਹਾਡੇ ਕਰਕੇ ਹੀ ਲਾਈ ਹੈ, ਪਰ ਉਦਾਂ ਮੈਨੂੰ ਸ਼ਬਦ ਸੁਣਨੇ ਵੀ ਬਹੁਤ ਵਧੀਆ ਲਗਦੇ ਹਨ। ਅੱਗੇ ਮੈਂ ਕਿਹਾ ਜਿੱਦਾਂ ਸਿੱਖ ਧਰਮ ਵਿਚ ਇਹ ਸ਼ਬਦਾਂ ਦੀਆਂ ਰੀਲਾਂ ਗੁਰਬਾਣੀ ਵਿਚੋਂ ਹਨ, ਕੀ ਮੁਸਲਮਾਨੀ ਮੱਤ ਵਿਚ ਵੀ ਇਹੋ ਜਿਹੀਆਂ ਕੁਝ ਰੀਲਾਂ ਹਨ ਜੋ ਕੁਰਾਨਸ਼ਰੀਫ ਵਿਚੋਂ ਸ਼ਬਦਾਂ ਵਾਂਗ ਗਾਈਆਂ ਹੋਣ ਤਾਂ ਉਹ ਕਹਿੰਦਾ ਕਿ ਇੱਦਾਂ ਤਾਂ ਹੈ ਨਹੀਂ ਕਿਉਂਕਿ ਮੁਸਲਮਾਨੀ ਮੱਤ ਮਿਊਜ਼ਿਕ ਨੂੰ ਇਜਾਜ਼ਤ ਨਹੀਂ ਦਿੰਦਾ, ਪਰ ਉਦਾਂ ਕੁਰਾਨ 'ਚੋਂ ਕੁਝ ਆਇਤਾਂ ਪੜ੍ਹ ਕੇ ਰੀਲਾਂ ਭਰੀਆਂ ਹੋਈਆਂ ਹਨ। ਜਾਂ ਫਿਰ ਕਵਾਲੀਆਂ ਦੀਆਂ ਰੀਲਾਂ ਹਨ ਜਿਨ੍ਹਾਂ ਨੂੰ ਵੀ ਧਾਰਮਿਕ ਹੀ ਸਮਝਿਆ ਜਾਂਦਾ। ਇੱਦਾਂ ਹੀ ਗੱਲਾਂਬਾਤਾਂ ਕਰਦਿਆਂ ਅਸੀਂ ਸਿਆਲਕੋਟ ਪਹੁੰਚ ਗਏ।

ਇਹ ਬਹੁਤ ਪੁਰਾਣਾ ਸ਼ਹਿਰ ਹੈ, ਇਸ ਬਾਰੇ ਤਾਂ ਆਪਾਂ ਸਾਰੇ ਜਾਣਦੇ ਹੀ ਹਾਂ। ਇਥੇ ਵੀ ਗੁਰਦੁਆਰਾ ਬੇਰ ਸਾਹਿਬ ਹੈ ਜੋ ਕਿ ਗੁਰੂ ਨਾਨਕ ਦੇਵ ਜੀ ਨਾਲ ਹੀ ਸੰਬੰਧਿਤ ਹੈ ਪਰ ਕਾਦਿਰ ਭਾਈ ਨੇ ਦੱਸਿਆ ਕਿ ਚੱਲਣਾ ਤਾਂ ਚੱਲ ਪੈਨੇਂ ਆ ਪਰ ਇਹ ਗੁਰਦੁਆਰਾ ਹੈ ਬੰਦ। ਸਿਆਲਕੋਟ ਵਿਚੋਂ ਜਾਂਦਿਆਂ-ਜਾਂਦਿਆਂ ਹੀ ਉਹਨੇ ਮੂਲੇ ਖੱਤਰੀ ਵਾਲੀ ਸਾਖੀ ਵੀ ਸੁਣਾਈ ਜੋ ਕਿ ਇਸੇ ਸ਼ਹਿਰ ਦਾ ਰਹਿਣ ਵਾਲਾ ਸੀ, ਇਕ ਹੋਰ ਸਾਖੀ ਵੀ ਉਹਨੇ ਇੱਦਾਂ ਦੱਸੀ ਕਿ ਇਸ ਸ਼ਹਿਰ ਨੂੰ ਇਕ ਮੁਸਲਮਾਨ ਫ਼ਕੀਰ ਨੇ ਸਰਾਪ ਦੇ ਦਿੱਤਾ ਕਿ ਏਨੇ ਦਿਨਾਂ ਵਿਚ ਇਹ ਨਸ਼ਟ ਹੋ ਜਾਊਗਾ ਤਾਂ ਲੋਕੀਂ ਬਾਬੇ ਨਾਨਕ ਨੂੰ ਕਹਿੰਦੇ, 'ਇਸ ਸਰਾਪ ਤੋਂ ਬਚਾਵੋ' ਤਾਂ ਬਾਬੇ ਨਾਨਕ ਨੇ ਉਸ ਫ਼ਕੀਰ ਨੂੰ ਸਮਝਾਇਆ ਕਿ ਰੱਬ ਨੇ ਜੇ ਤੈਨੂੰ ਕੋਈ ਸ਼ਕਤੀ ਦਿੱਤੀ ਹੈ ਤਾਂ ਉਸ ਦੀ ਬਣਾਈ ਹੋਈ ਖਲਕਤ ਨੂੰ ਹੀ ਨਸ਼ਟ ਕਰਕੇ ਤਾਂ ਤੂੰ ਰੱਬ ਨੂੰ ਵੀ ਨਾਰਾਜ਼ ਕਰ ਲਵੇਂਗਾ ਤਾਂ ਫ਼ਕੀਰ ਨੇ ਆਪਣਾ ਸਰਾਪ ਵਾਪਿਸ ਲੈ ਲਿਆ। ਇਕ ਥਾਂ ਉਹਨੇ ਦੱਸਿਆ ਕਿ ਇਥੇ ਪੂਰਨ ਦਾ ਖੂਹ ਹੈ। ਰਾਜਾ ਸਲਵਾਨ ਦਾ ਰਾਜ ਵੀ ਸਿਆਲਕੋਟ ਵਿਚ ਹੀ ਰਿਹਾ। ਹੋਰ ਉਹਨੇ ਦੱਸਿਆ ਕਿ ਇਥੇ ਹਨੂੰਮਾਨ ਮੰਦਿਰ ਵੀ ਸੀ ਪਰ ਜਦੋਂ ਬਾਬਰੀ ਮਸਜਿਦ ਢਾਹੀ ਗਈ ਤਾਂ ਲੋਕਾਂ ਨੇ ਉਸ ਮੰਦਿਰ ਨੂੰ ਕਾਫੀ ਨੁਕਸਾਨ ਪਹੁੰਚਾਇਆ ਪਰ ਉਸ ਤੋਂ ਬਾਅਦ ਸਰਕਾਰ ਨੇ ਉਹ ਬੰਦ ਕਰ ਦਿੱਤਾ ਹੈ।

ਸਿਆਲਕੋਟ ਤੋਂ ਨਿਕਲ ਕੇ ਜੀ ਟੀ ਰੋਡ ਆ ਗਈ ਜਿਹੜੀ ਪੰਜਾ ਸਾਹਿਬ ਜਾਂਦੀ ਹੈ ਪਰ ਕਾਦਿਰ ਭਾਈ ਕਹਿੰਦਾ ਕਿ ਉਹਨੇ ਵਾਪਿਸ ਲਾਹੌਰ ਚਲੇ ਜਾਣਾ ਅਤੇ ਸਾਡੇ ਨਾਲ ਉਹਦਾ ਡਰਾਈਵਰ ਹੀ ਜਾਊਗਾ। ਓਦਾਂ ਉਹ ਕਹਿੰਦਾ ਕਿ ਮੇਰਾ ਵੀ ਤੁਹਾਡੇ ਨਾਲ ਜੀਅ ਬੜਾ ਲੱਗਾ ਹੈ ਪਰ ਲਾਹੌਰ ਵਿਚ ਟੈਕਸੀਆਂ ਕਿਸੇ ਫੰਕਸ਼ਨ ਤੇ ਜਾਣੀਆਂ ਹਨ ਤੇ ਇਕ ਮੈਂ ਲੈ ਕੇ ਜਾਣੀ ਹੈ। ਉਹ ਉਥੋਂ ਬੱਸ ਲੈ ਕੇ ਲਾਹੌਰ ਆ ਗਿਆ ਤੇ ਸਾਨੂੰ ਡਰਾਈਵਰ ਬਾਬੂ ਖਾਂ ਜਿਸਦਾ ਅਸਲੀ ਨਾਂ ਜ਼ਾਹਿਦ ਹੈ, ਜੋ ਪਹਿਲਾਂ ਵੀ ਨਾਲ ਹੀ ਸੀ, ਪੰਜਾ ਸਾਹਿਬ ਨੂੰ ਲੈ ਕੇ ਚਲ ਪਿਆ। ਸਾਨੂੰ ਤਾਂ ਏਨਾ ਪਤਾ ਨਹੀਂ ਸੀ ਕਿ ਪੰਜਾ ਸਾਹਿਬ ਕਿੰਨਾ ਕੁ ਦੂਰ ਹੋਣਾ, ਅਸੀਂ ਤਾਂ ਸਮਝਿਆ ਕਿ ਤ੍ਰਿਕਾਲਾਂ ਤੱਕ ਪੁੱਜ ਜਾਵਾਂਗੇ ਕਿਉਂਕਿ ਉਸ ਵੇਲੇ ਵੀ 3 ਕੁ ਵੱਜ ਗਏ ਸਨ ਪਰ ਜਦੋਂ ਅੱਗੇ ਇਕ ਕਿਲੋਮੀਟਰ ਪੱਥਰ 'ਤੇ ਪੰਜਾ ਸਾਹਿਬ 300 ਕਿਲੋਮੀਟਰ ਤੋਂ ਵੀ ਵਧ ਲਿਖਿਆ ਪੜ੍ਹਿਆ ਤਾਂ ਹੈਰਾਨੀ ਹੋਈ ਕਿ ਇਹ ਤਾਂ ਬਹੁਤ ਦੂਰ ਹੈ ਪਰ ਡਰਾਈਵਰ ਕਹਿੰਦਾ, 'ਕੋਈ ਗੱਲ ਨਹੀਂ। ਆਪਾਂ ਭਾਵੇਂ ਅੱਧੀ ਰਾਤ ਨੂੰ ਪੁੱਜੀਏ, ਸਾਡੇ ਲਈ ਗੁਰਦੁਆਰੇ ਦਾ ਗੇਟ ਜ਼ਰੂਰ ਖੁੱਲੂਗਾ ਕਿਉਂਕਿ ਉਨ੍ਹਾਂ ਨੇ ਉਥੇ ਸਕਿਉਰਿਟੀ ਵਾਲਿਆਂ ਨੂੰ ਫੋਨ' ਤੇ ਦੱਸ ਦਿੱਤਾ ਸੀ।'

ਜੀ.ਟੀ. ਰੋਡ 'ਤੇ ਟਰੈਫਿਕ ਜ਼ਿਆਦਾ ਨਹੀਂ ਸੀ ਤੇ ਸੜਕ ਵੀ ਬੜੀ ਵਧੀਆ ਹੈ। ਰਸਤੇ ਵਿਚ ਗੁਜਰਾਤ, ਜਿਹਲਮ, ਰਾਵਲਪਿੰਡੀ ਜ਼ਿਲ੍ਹੇ ਆਏ, ਇਸਲਾਮਾਬਾਦ ਥੋੜ੍ਹਾ ਜਿਹਾ ਜੀ.ਟੀ. ਰੋਡ ਤੋਂ ਹੱਟਵਾਂ ਹੈ। ਪਹਿਲਾਂ ਝਨਾਂ ਦਰਿਆ ਆਇਆ। ਉਹਦੇ 'ਤੇ ਇਕ ਬਹੁਤ ਵਧੀਆ ਰੈਸਟੋਰੈਂਟ ਬਣਿਆ ਹੋਇਆ ਤੇ ਨਾਲ ਹੀ ਗੈਸ ਪੰਪ ਵੀ ਹੈ। ਉਥੇ ਡਰਾਈਵਰ ਨੇ ਗੈਸ ਪੁਆਉਣ ਲਈ ਟੈਕਸੀ ਰੋਕ ਲਈ। ਅਸੀਂ ਵੀ ਬਾਹਰ ਨਿਕਲ ਕੇ ਬਾਥਰੂਮ ਜਾਣ ਲੱਗੇ ਤਾਂ ਇਕ 25 ਕੁ ਸਾਲ ਦਾ ਮੁੰਡਾ ਸਾਡੇ ਵਲ ਨੂੰ ਦੌੜਿਆ ਆਵੇ। ਕੋਲ ਆ ਕੇ ਬੜੇ ਪਿਆਰ ਨਾਲ ਸਤਿ ਸ੍ਰੀ ਅਕਾਲ ਬੁਲਾਈ ਤੇ ਜੱਫੀਪਾ ਕੇ ਸਾਨੂੰ ਮਿਲਿਆ ਤੇ ਇਕ ਫੁੱਲ ਸਾਨੂੰ ਦਿੱਤਾ। ਨਾਲੇ ਕਹੇ ਕਿ ਮੈਂ ਤੁਹਾਨੂੰ ਕੁਝ ਖੁਆਉਣਾ, ਦੱਸੋ ਕੀ ਲੈ ਕੇ ਆਵਾਂ। ਸਾਡੇ ਨਾਂਹ ਕਹਿਣ 'ਤੇ ਕਹਿੰਦਾ ਕਿ ਮੈਂ ਸੋਡੇ ਦੀਆਂ ਬੋਤਲਾਂ ਲਿਆਉਨਾਂ, ਜਾਇਓਨਾ, ਸਾਨੂੰ ਸਮਝ ਨਾ ਲੱਗੇ ਕਿ ਇਹਨੂੰ ਕਾਹਦਾ ਚਾਅ ਚੜ੍ਹਿਆ ਹੋਇਆ। ਅਸੀਂ ਉਹਨੂੰ ਸੋਡਾ ਲਿਆਉਣ ਤੋਂ ਵੀ ਰੋਕ ਦਿੱਤਾ। ਅਸੀਂ ਕਿਹਾ ਕਿਤੂੰ ਇੰਨੇ ਪਿਆਰ ਨਾਲ ਮਿਲਿਆਂ, ਇਹ ਕੋਈ ਘੱਟ ਆ। ਆਪਣਾ ਨਾਂ ਸ਼ਾਇਦ ਉਹਨੇ ਬਸ਼ੀਰ ਦੱਸਿਆ ਤੇ ਕਹਿੰਦਾ ਕਿ ਮੈਂ ਰਹਿਣ ਵਾਲਾ ਮੁਲਤਾਨ ਦਾ ਹਾਂ। ਸਾਨੂੰ ਕਹੇ ਕਿ ਤੁਸੀਂ ਮੈਨੂੰ ਇੰਡੀਆ ਦਾ ਆਪਣਾ ਟੈਲੀਫੋਨ ਦਿਓ, ਮੈਂ ਜ਼ਰੂਰ ਕਰੂੰਗਾ। ਆਪਣਾ ਟੈਲੀਫੋਨ ਵੀ ਸਾਨੂੰ ਲਿਖਾਇਆ ਕਿ ਪਾਕਿਸਤਾਨ ਜਿੰਨੇ ਦਿਨ ਰਹਿਣਾ, ਕੋਈ ਮੁਸ਼ਕਿਲ ਆਵੇ ਤਾਂ ਮੈਨੂੰ ਫੋਨ ਕਰਿਓ। ਉਹ ਪੰਜਾਬੀ ਗਾਉਣ ਵਾਲਿਆਂ ਜਿੱਦਾਂ ਗੁਰਦਾਸ ਮਾਨ, ਹਰਭਜਨ ਮਾਨ, ਸੁਰਿੰਦਰ ਸ਼ਿੰਦਾ ਦੇ ਗਾਣਿਆਂ ਦਾ ਸ਼ੌਕੀਨ ਲਗਦਾ ਸੀ। ਉਹਦੇ ਨਾਲ ਵਾਲੇ ਗੱਡੀ 'ਚ ਬੈਠੇ ਉਹਨੂੰ ਹਾਕਾਂ ਮਾਰੀ ਜਾਂਦੇ ਸਨ ਤੇ ਉਹ ਹੱਥ ਖੜ੍ਹਾ ਕਰਕੇ ਆਉਣ ਦਾ ਇਸ਼ਾਰਾ ਕਰਕੇ ਸਾਡੇ ਨਾਲ ਗੱਲਾਂ ਕਰੀ ਜਾਵੇ। ਕਹਿੰਦਾ ਮੈਨੂੰ ਪੱਗਾਂ ਵਾਲੇ ਸਰਦਾਰ ਬਹੁਤ ਚੰਗੇ ਲੱਗਦੇ ਨੇ। ਜਾਣ ਲੱਗਾ ਫਿਰ ਸਾਨੂੰ ਜੱਫੀ ਪਾ ਕੇ ਮਿਲਿਆ ਤੇ ਦੌੜ ਕੇ, ਜਾ ਕੇ ਆਪਣੀ ਗੱਡੀ 'ਚ ਬੈਠ ਗਿਆ।

ਝਨਾਂ ਦਰਿਆ ਦਾ ਪੁਲ ਵੀ ਕਾਫੀ ਲੰਮਾ ਹੈ। ਦਰਿਆ ਵਿਚ ਪਾਣੀ ਬੜਾ ਨਿਤਰਵਾਂ ਤੇ ਸ਼ਾਂਤ ਵਗਰਿਹਾ ਸੀ। ਤ੍ਰਿਕਾਲਾਂ ਤੱਕ ਅਸੀਂ ਜੇਹਲਮ ਦਰਿਆ ਤੱਕ ਹੀ ਗਏ। ਜ਼ਿੰਦਗੀ ਵਿਚ ਪਹਿਲੀ ਵਾਰੀ ਪੰਜਾਬ ਦੇ ਪੂਰੇ ਪੰਜਾਂ ਦਰਿਆਵਾਂ ਨੂੰ ਦੇਖਣ ਦਾ ਸਬੱਬ ਵੀ ਬਣ ਗਿਆ ਕਿਉਂਕਿ ਇਕੱਲਾ ਜੇਹਲਮ ਹੀ ਸੀ ਜਿਹੜਾ ਮੈਂ ਪਹਿਲਾਂ ਕਦੇ ਨਹੀਂ ਸੀ ਦੇਖਿਆ। ਝਨਾਂ ਤਾਂ 1980-81 ਵਿਚ ਜਦੋਂ ਮੈਂ ਜੰਮੂ ਨੌਕਰੀ ਕਰਦਾ ਸੀ, ਅਖਨੂਰ ਜਾ ਕੇ ਦੇਖ ਆਇਆ ਸਾਂ। ਮੇਰਾ ਭਰਾ ਤਾਂ ਕਦੇ ਪਠਾਨਕੋਟ ਤੱਕ ਵੀ ਨਹੀਂ ਆਇਆ ਸੀ। ਉਸ ਨੇ ਤਾਂ ਪਹਿਲਾਂ ਦੋ ਦਰਿਆ ਸਤਲੁਜ ਤੇ ਬਿਆਸ ਹੀ ਦੇਖੇ ਸਨ। ਉਸ ਦਿਨ ਸਾਨੂੰ ਅਸਲ ਵਿਚ ਪੰਜਾਬੀ ਹੋਣ ਦਾ ਮਾਣ ਵੀ ਮਹਿਸੂਸ ਹੋਇਆ ਕਿਉਂਕਿ ਜਿਸ ਪੰਜਾਬ ਦਾ ਨਾਂ ਜਿਨ੍ਹਾਂ ਪੰਜਾਂ ਪਾਣੀਆਂ ਕਰਕੇ ਹੈ, ਉਨ੍ਹਾਂ ਦੇ ਦਰਸ਼ਨ ਪੂਰੇ ਹੋ ਗਏ। ਜੇਹਲਮ ਲੰਘ ਕੇ ਮਾੜਾਮਾੜਾ ਹਨ੍ਹੇਰਾ ਵੀ ਸ਼ੁਰੂ ਹੋ ਗਿਆ, ਅਜੇ ਵੀ ਪੰਜਾ ਸਾਹਿਬ 100 ਕਿਲੋਮੀਟਰ ਤੋਂ ਵਧ ਸੀ। 9 ਕੁ ਵਜੇ ਇਕ ਸ਼ਹਿਰ ਵਿਚੋਂ ਜਦੋਂ ਲੰਘੇ ਤਾਂ ਅੱਗੇ ਸੜਕ ਪਹਾੜੀ ਵਾਂਗ ਚੜ੍ਹਾਈ ਨੂੰ ਜਾਂਦੀ ਲੱਗੀ। ਅਸਲ ਵਿਚ ਹਸਨ ਅਬਦਾਲ ਸ਼ਹਿਰ ਜਿਥੇ ਪੰਜਾ ਸਾਹਿਬ ਗੁਰਦੁਆਰਾ ਹੈ, ਉਹ ਹੈ ਈ ਪਹਾੜੀ ਦੀ ਉਚਾਈ 'ਤੇ। ਦੂਰੋਂ ਸਾਨੂੰ ਬੱਤੀਆਂ ਜਗਦੀਆਂ ਦਿਸਣ ਲੱਗ ਪਈਆਂ ਤਾਂ ਬਾਬੂ ਖਾਂ ਨੇ ਦੱਸਿਆ ਕਿ ਇਹੋ ਹਸਨ ਅਬਦਾਲ ਹੈ।

ਅਸੀਂ 10 ਵਜੇ ਪੰਜਾ ਸਾਹਿਬ ਗੁਰਦੁਆਰੇ ਦੇ ਬਾਹਰ ਪਹੁੰਚ ਗਏ ਤਾਂ ਸਕਿਉਰਿਟੀ ਵਾਲੇ ਨੇ ਗੇਟ ਖੋਲ੍ਹ ਦਿੱਤਾ। ਡਰਾਈਵਰ ਨੇ ਉਨ੍ਹਾਂ ਤੋਂ ਸਾਡੇ ਲਈ ਕਮਰਾ ਲੈਲਿਆ ਤੇ ਸਾਮਾਨ ਅੰਦਰ ਰਖਵਾ ਕੇ ਲੰਗਰ ਵਲਨੂੰ ਲੈ ਗਿਆ ਕਿਉਂਕਿ ਉਸ ਵਕਤ ਉਦਾਂ ਤਾਂ ਲੰਗਰ ਦਾ ਟਾਈਮ ਨਹੀਂ ਸੀ ਪਰ ਜਦੋਂ ਲੰਗਰ ਦੇ ਸੇਵਾਦਾਰਾਂ ਨੇ ਸਾਨੂੰ ਦੇਖਿਆ ਕਿ ਇੰਡੀਆ ਤੋਂ ਆਏ ਹਨ, ਉਨ੍ਹਾਂ ਨੇ ਰੋਟੀਆਂ, (ਅਸਲ ਵਿਚ ਉਹ ਵੱਡੇ-ਵੱਡੇ ਨਾਨ ਜਿਹੇ ਪਕਾਉਂਦੇ ਹਨ ਤੇ ਫਿਰ ਉਹਦੇ 4 ਹਿੱਸੇ ਕਰ ਦਿੰਦੇ ਹਨ) ਪਕਾ ਦਿੱਤੀਆਂ। ਦਾਲ ਹੈਗੀ ਸੀ, ਉਨ੍ਹਾਂ ਨੇ ਬੜੇ ਪਿਆਰ ਨਾਲ ਲੰਗਰ ਛਕਾਇਆ। ਲੰਗਰ ਛਕ ਕੇ ਸੌਣ ਲਈ ਕਮਰੇ ਵਿਚ ਆ ਗਏ। ਬਿਸਤਰੇ ਭੁੰਜੇ ਹੀ ਵਿਛਾਏ ਹੋਏ ਸਨ। ਰਾਤ ਹੋਣ ਕਰਕੇ ਅਸੀਂ ਗੁਰਦੁਆਰੇ ਨੂੰ ਦੇਖ ਨਹੀਂ ਸੀ ਸਕੇ, ਦੂਜਾ ਜਦੋਂ ਅਸੀਂ ਅੰਦਰ ਗਏ ਤਾਂ ਬਿਜਲੀ ਬੰਦ ਹੋ ਗਈ ਸੀ। ਸਫਰ ਦੀ ਥਕਾਵਟ ਕਰਕੇ ਅਸੀਂ ਝੱਟ ਹੀ ਸੌਂ ਗਏ। 23 ਅਕਤੂਬਰ ਨੂੰ ਅਸੀਂ ਥੋੜ੍ਹੇ ਲੇਟ ਹੀ ਉਠੇ। ਸ਼ਾਇਦ ਮੈਂ ਹੀ ਸਾਰਿਆਂ ਤੋਂ ਬਾਅਦ 'ਚ ਉਠਿਆ। ਉਦੋਂ ਸਵੇਰ ਦੇ ਨਿਤਨੇਮ ਦੀ ਅਰਦਾਸ ਹੋ ਰਹੀ ਸੀ। ਇਸ ਕਰਕੇ ਅਸੀਂ ਗੁਰਦੁਆਰੇ ਅੰਦਰ ਜਾ ਕੇ ਅਰਦਾਸ ਵਿਚ ਸ਼ਾਮਲ ਨਹੀਂ ਹੋ ਸਕੇ। ਮੈਂ ਜਦੋਂ ਨਹਾਉਣ ਤੋਂ ਬਾਅਦ ਕਮਰੇ ਵਿਚ ਆਇਆ ਤਾਂ ਮੇਰਾ ਭਰਾ ਨਿਤਨੇਮ ਕਰ ਚੁੱਕਾ ਸੀ। ਉਦਾਂ ਵੀ ਉਹ ਮੇਰੇ ਨਾਲੋਂ ਛੇਤੀ ਤਿਆਰ ਹੋ ਜਾਂਦਾ ਹੈ। ਇਕ ਤਾਂ ਉਹ ਦਾੜ੍ਹੀ ਖੁੱਲ੍ਹੀ ਰੱਖਦਾ ਤੇ ਮੈਂ ਫਿਕਸੋ ਲਾ ਕੇ ਬੰਨ੍ਹਣੀ ਹੁੰਦੀ ਏ। ਸਾਡਾ ਰਿਸ਼ਤੇਦਾਰ ਵੀ ਤਿਆਰ ਹੋ ਗਿਆ, ਮੈਂ ਹੀ ਫਾਡੀ ਸੀ।

ਅਸਲ ਵਿਚ ਮੈਂ ਕੁਝ ਦੇਰ ਬਾਹਰ ਦੇਖਣ ਨੂੰ ਵੀ ਜ਼ਿਆਦਾ ਹੀ ਲਾ ਦਿੱਤਾ ਕਿਉਂਕਿ ਰਾਤੀਂ ਤਾਂ ਕੁਝ ਪਤਾ ਨਹੀਂ ਲੱਗਾ ਸੀ ਹਨ੍ਹੇਰਾ ਹੋਣ ਕਰਕੇ। ਸਭ ਤੋਂ ਪਹਿਲਾਂ ਮੈਂ ਉਹ ਪੱਥਰ ਜਿਸ ਤੇ ਪੰਜੇ ਦਾ ਨਿਸ਼ਾਨ ਹੈ, ਦੇਖਣਾ ਚਾਹੁੰਦਾ ਸੀ। ਗੁਰਦੁਆਰੇ ਦੀ ਬਣਤਰ ਇੱਦਾਂ ਹੈ ਕਿ ਇਹ ਨੀਵੀਂ ਥਾਂ ਹੈ ਤੇ ਆਲੇ ਦੁਆਲੇ ਚੌਹੀਂ ਪਾਸੀਂ ਦੁਮੰਜ਼ਲੀ ਰਿਹਾਇਸ਼ ਲਈ ਮਕਾਨ ਬਣੇ ਹੋਏ ਹਨ। ਇਹ ਸਾਰੇ ਹੀ ਗੁਰਦੁਆਰੇ ਦੇ ਹਨ। ਇਕ ਪਾਸੇ ਲੰਗਰ ਹੈ, ਅੰਦਰੋਂ ਖੜ੍ਹ ਕੇ ਬਾਹਰ ਦਾ ਪਤਾ ਨਹੀਂ ਲੱਗਦਾ। ਇਨ੍ਹਾਂ ਰਿਹਾਇਸ਼ੀ ਕਮਰਿਆਂ ਦੇ ਬੂਹੇ ਅੰਦਰ ਵਲ ਨੂੰ ਮਤਲਬ ਕਿ ਗੁਰਦੁਆਰੇ ਵਲ ਨੂੰ ਖੁਲ੍ਹਦੇ ਹਨ। ਗੁਰਦੁਆਰੇ ਦੀ ਬਿਲਡਿੰਗ ਦੇ ਦੁਆਲੇ ਚਸ਼ਮੇ ਦਾ ਪਾਣੀ ਹੈ ਜੋ ਲਗਾਤਾਰ ਕਾਫੀ ਮਾਤਰਾ ਵਿਚ ਬੜੀ ਤੇਜ਼ੀ ਨਾਲ ਨਿਕਲਦਾ ਹੈ ਤੇ ਦੂਜੇ ਪਾਸੇ ਵਲੋਂ ਅੰਦਰੋ-ਅੰਦਰੀ ਸੁਰੰਗ ਜਿਹੀ ਬਣਾ ਕੇ ਬਾਹਰ ਕੱਢ ਦਿੱਤਾ ਹੋਇਆ ਹੈ ਕਿਉਂਕਿ ਉਦਾਂ ਤਾਂ ਸਾਰੇ ਦੁਆਲਾ ਛੱਤਿਆ ਹੋਇਆ ਹੈ। ਜਿੱਥੋਂ ਚਸ਼ਮਾ ਫੁੱਟਦਾ ਹੈ, ਉਹ ਜਗ੍ਹਾ ਵੀ ਪਹਾੜੀ ਵਾਂਗ ਹੈ ਤੇ ਉਸਦੇ ਮੋਹਰੇ ਹੀ ਇਨਸਾਨੀ ਪੰਜੇ ਦੇ ਨਿਸ਼ਾਨ ਵਾਲਾ ਵੱਡਾ ਪੱਥਰ ਵੀ ਪਿਆ ਹੈ। ਇਸੇ ਨੂੰ ਹੀ ਬਾਬੇ ਨਾਨਕ ਦੇ ਹੱਥ ਦਾ ਨਿਸ਼ਾਨ ਦੱਸਿਆ ਜਾਂਦਾ ਹੈ ਤੇ ਇਹੀ ਉਹ ਪੱਥਰ ਹੈ ਜਿਹੜਾ ਵਲੀ ਕੰਧਾਰੀ ਨੇ ਪਹਾੜ ਤੋਂ ਬਾਬੇ ਵਲ ਨੂੰ ਰੋੜ੍ਹਿਆ ਸੀ। ਪਾਣੀ ਅੰਦਰੋਂ ਪ੍ਰੈਸ਼ਰ ਨਾਲ ਨਿਕਲ ਦਾ ਹੈ ਤੇ ਤਾਹੀਓਂ ਵੱਡਾ ਪੱਥਰ ਸਿੱਧਾ ਰੁੜ੍ਹਦਾ ਆਇਆ। ਰਾਤੀਂ ਜਦੋਂ ਅਸੀਂ ਪੰਜਾ ਸਾਹਿਬ ਨੂੰ ਆਉਂਦੇ ਸਾਂ ਤਾਂ ਡਰਾਈਵਰ ਨੇ ਵੀ ਵਲੀ ਕੰਧਾਰੀ ਤੇ ਗੁਰੂ ਨਾਨਕ ਦੀ ਸਾਖੀ ਸੁਣਾਈ ਸੀ। ਉਸ ਦੱਸਿਆ ਸੀ ਕਿ ਵਲੀ ਕੰਧਾਰੀ ਵੀ ਇਕ ਪਹੁੰਚਿਆ ਹੋਇਆ ਪੀਰ ਸੀ ਪਰ ਉਹ ਦੁਨੀਆਂ ਦਾਰ ਬੰਦਿਆਂ ਤੋਂ ਨਿਰਲੇਪ ਦੂਰ ਉਚੀ ਪਹਾੜੀ 'ਤੇ ਰਹਿੰਦਾ ਸੀ ਤੇ ਕਿਸੇ ਦੇ ਵੀ ਮੱਥੇ ਨਹੀਂ ਸੀ ਲੱਗਦਾ। ਬਾਬੇ ਨਾਨਕ ਨੇ ਆਪਣਾ ਡੇਰਾ ਸਭ ਤੋਂ ਨੀਵੀਂ ਥਾਂ 'ਤੇ ਲਾਇਆ ਜਿਥੇ ਹੁਣ ਚਸ਼ਮਾ ਫੁੱਟਦਾ ਹੈ। ਜਦ ਬਾਬੇ ਨੇ ਮਰਦਾਨੇ ਦੀ ਰਬਾਬ 'ਤੇ ਰੱਬੀ ਬਾਣੀ ਦਾ ਕੀਰਤਨ ਕੀਤਾ ਤਾਂ ਲੋਕੀਂ ਬਾਬੇ ਦੇ ਦਰਸ਼ਨਾਂ ਨੂੰ ਉਥੇ ਇਕੱਠੇ ਹੋ ਗਏ। ਉਨ੍ਹਾਂ ਨੇ ਹੀ ਬਾਬੇ ਨੂੰ ਵਲੀ ਕੰਧਾਰੀ ਬਾਰੇ ਦੱਸਿਆ ਕਿ ਉਹ ਵੀ ਰੱਬੀ ਰੂਪ ਹੈ ਪਰ ਲੋਕਾਂ ਨੂੰ ਨਹੀਂ ਮਿਲਦਾ। ਉਹਦੇ ਸਰਾਪ ਤੋਂ ਡਰਦਾ ਕੋਈ ਵੀ ਉਥੇ ਜਾਂਦਾ ਨਹੀਂ ਤਾਂ ਬਾਬੇ ਨੇ ਕਿਹਾ ਕਿ ਉਹ ਵੀ ਅੱਗੋਂ ਤੋਂ ਆਪ ਨੂੰ ਰੱਬ ਦੇ ਘਰ ਦੀਆਂ ਗੱਲਾਂ ਦੱਸਿਆ ਕਰੂਗਾ।

ਅਗਲੇ ਦਿਨ ਬਾਬੇ ਨਾਨਕ ਨੇ ਭਾਈ ਮਰਦਾਨੇ ਨੂੰ ਵਲੀ ਕੰਧਾਰੀ ਕੋਲ ਭੇਜਿਆ ਕਿ ਇਕ ਫ਼ਕੀਰ ਤੇਰੇ ਦਰਸ਼ਨ ਕਰਨੇ ਚਾਹੁੰਦਾ ਹੈ। ਜਦ ਮਰਦਾਨਾ ਔਖੀ ਪਹਾੜੀ ਚੜ੍ਹ ਕੇ ਸਿਖਰ ਉਹਦੀ ਝੋਂਪੜੀ ਕੋਲ ਅਪੜਿਆ ਤਾਂ ਵਲੀ ਕੰਧਾਰੀ ਉਹਨੂੰ ਬੁਰਾ-ਭਲਾ ਕਹਿਣ ਲੱਗ ਪਿਆ, ਤੂੰ ਦੁਨੀਆਂ ਦਾਰ ਆਦਮ ਜਾਤ ਮੇਰੇ ਮੱਥੇ ਕਿਉਂ ਲੱਗਾ? ਮੈਂ ਤੈਨੂੰ ਸਰਾਪ ਦੇ ਕੇ ਹੁਣੇ ਭਸਮ ਕਰ ਦੇਊਂਗਾ, ਜਦੋਂ ਭਾਈ ਮਰਦਾਨੇ ਨੇ ਬਾਬੇ ਦੇ ਦਰਸ਼ਨਾਂ ਦੀ ਗੱਲ ਕੀਤੀ ਤਾਂ ਵਲੀ ਕੰਧਾਰੀ ਨੇ ਬਾਬੇ ਨਾਨਕ ਬਾਰੇ ਵੀ ਮਾੜਾ-ਚੰਗਾ ਕਿਹਾ। ਉਹਨੇ ਮਰਦਾਨੇ ਨੂੰ ਮੰਗਣ 'ਤੇ ਵੀ ਪਾਣੀ ਪੀਣ ਨੂੰ ਨਾ ਦਿੱਤਾ ਤੇ ਕਿਹਾ ਕਿ ਜਾਹ ਆਪਣੇ ਫ਼ਕੀਰ ਤੋਂ ਪੀ ਜਾ ਕੇ। ਮਰਦਾਨੇ ਨੇ ਵਾਪਿਸ ਆ ਕੇ ਸਾਰੀ ਗੱਲ ਬਾਬਾ ਜੀ ਨੂੰ ਦੱਸੀ ਤੇ ਪੀਣ ਲਈ ਪਾਣੀ ਮੰਗਿਆ ਤਾਂ ਬਾਬੇ ਨਾਨਕ ਨੇ ਕਿਹਾ ਕਿ ਐਸ ਛੋਟੇ ਪੱਥਰ ਨੂੰ ਪਰ੍ਹਾ ਕਰ। ਜਦ ਭਾਈ ਮਰਦਾਨੇ ਨੇ ਪੱਥਰ ਪਰ੍ਹੇ ਕੀਤਾ ਤਾਂ ਪਾਣੀ ਦਾ ਚਸ਼ਮਾ ਫੁਟ ਪਿਆ।

ਬਾਬਾ ਨਾਨਕ ਰੋਜ਼ ਉਸ ਜਗ੍ਹਾ ਤੇ ਕੀਰਤਨ ਕਰਿਆ ਕਰਦੇ ਸਨ ਤੇ ਭਾਈ ਮਰਦਾਨਾ ਮਿੱਠੀ ਸੁਰ ਵਿਚ ਰਬਾਬ ਵਜਾਉਂਦੇ ਸਨ। ਬਾਬੇ ਨਾਨਕ ਦੇ ਰੱਬੀ ਸੱਚ ਦਾ ਸੁਨੇਹਾ ਹੈ ਵੀ ਸਾਰੇ ਲੋਕਾਂ ਲਈ। ਇਸ ਕਰਕੇ ਸੰਗਤਾਂ ਆਲੇ - ਦੁਆਲੇ ਤੋਂ ਵੀ ਆਉਣ ਲੱਗ ਪਈਆਂ ਤਾਂ ਪਹਾੜੀ ਦੇ ਸਿਖਰ'ਤੇ ਬੈਠੇ ਵਲੀ ਕੰਧਾਰੀ ਨੂੰ ਹੋਰ ਵੀ ਕ੍ਰੋਧ ਆਗਿਆ ਕਿ ਇਹ ਫਕੀਰ ਤਾਂ ਸ਼ਰੀਅਤ ਦੇ ਉਲਟ ਗੀਤ-ਸੰਗੀਤ ਨਾਲ ਲੋਕਾਂ 'ਤੇ ਪ੍ਰਭਾਵ ਵਧਾ ਰਿਹਾ ਹੈ। ਇਕ ਦਿਨ ਉਹਨੇ ਉਹ ਵੱਡਾ ਪੱਥਰ ਹੇਠਾਂ ਵਲ ਨੂੰ, ਜਿੱਥੇ ਬਾਬਾ ਜੀ ਬੈਠੇ ਸਨ, ਬਾਬਾ ਜੀ ਨੂੰ ਮਾਰਨ ਦੀ ਨੀਅਤ ਨਾਲ ਰੇੜ੍ਹ ਦਿੱਤਾ ਤਾਂ ਬਾਬੇ ਨਾਨਕ ਨੇ ਹੱਥ ਨਾਲ ਪੱਥਰ ਰੋਕ ਲਿਆ। ਨਾਲ ਹੀ ਭਾਈ ਮਰਦਾਨੇ ਨੂੰ ਕਿਹਾ, 'ਰਬਾਬ ਵਜਾ' ਤੇ ਬਾਬੇ ਨਾਨਕ ਨੇ ਜਦ ਉਚੀ ਸੁਰ ਵਿਚ ਰੱਬੀ ਬਾਣੀ ਦਾ ਕੀਰਤਨ ਕੀਤਾ ਤਾਂ ਵਲੀ ਕੰਧਾਰੀ ਸਮਝ ਗਿਆ ਕਿ ਇਹ ਫਕੀਰ ਤਾਂ ਉਸ ਤੋਂ ਉਪਰ ਹੈ। ਉਸ ਨੇ ਆਪ ਪਹਾੜੀ ਤੋਂ ਉਤਰ ਕੇ ਬਾਬੇ ਨਾਨਕ ਦੇ ਦਰਸ਼ਨ ਕੀਤੇ। ਬਾਬਾ ਜੀ ਦੇ ਚਿਹਰੇ ਦੇ ਨੂਰ ਵਿਚ ਵਲੀ ਕੰਧਾਰੀ ਨੂੰ ਅੱਲਾ ਪਾਕਿ ਦਾ ਨੂਰ ਹੀ ਦਿਸਿਆ ਤਾਂ ਬਾਬੇ ਦੇ ਚਰਨੀਂ ਪੈ ਕੇ ਭੁੱਲ ਬਖਸ਼ਾਈ। ਪਰ ਬਾਬਾ ਨਾਨਕ ਤਾਂ ਆਇਆ ਹੀ ਉਹਨੂੰ ਇਹ ਸਮਝਾਉਣ ਸੀ ਕਿ ਜਿਸ ਰੱਬ ਨੂੰ ਤੂੰ ਪਾਇਆ ਹੈ, ਉਹਦੀ ਵਡਿਆਈ ਸਾਰੇ ਲੋਕਾਂ ਨੂੰ ਵੀ ਦੱਸ, ਉਨ੍ਹਾਂ ਤੋਂ ਦੂਰ ਨੱਠ ਕੇ ਨਹੀਂ ਸਗੋਂ ਉਨ੍ਹਾਂ ਦੇ ਵਿਚ ਬਹਿ ਕੇ। ਉਸ ਤੋਂ ਬਾਅਦ ਵਲੀ ਕੰਧਾਰੀ ਨੇ ਇਲਾਕੇ ਵਿਚ ਬਾਬੇ ਨਾਨਕ ਦੀ ਸਿੱਖਿਆ ਦਾ ਹੀ ਪ੍ਰਚਾਰ ਕੀਤਾ। ਉਹਦੀ ਸੁਣਾਈ ਇਹ ਸਾਖੀ ਵੀ ਮੈਨੂੰ ਬਹੁਤ ਵਧੀਆ ਲੱਗੀ। ਇਸ ਕਰਕੇ ਵੀ ਕਿ ਇਹ ਦੂਸਰੇ ਮਜ਼ਹਬ ਵਿਚ ਹੋ ਕੇ ਵੀ ਕਿੰਨਾ ਅਦਬ ਰੱਖਦੇ ਹਨ ਮਨ ਵਿਚ ਬਾਬੇ ਨਾਨਕ ਦਾ।

(ਬਾਕੀ ਕਿਸ਼ਤ ਨੰ: 09 'ਚ)