ਵਿਛੜੇ ਗਰੁਧਾਮਾਂ ਦੇ ਦਰਸਨ ਦੀਦਾਰੇ ( ਕਿਸ਼ਤ ਨੰ: 07 )

ਸਫਰਨਾਮਾ -ਮਝੈਲ ਸਿੰਘ ਸਰਾਂ
(ਲੜੀ ਜੋੜਨ ਲਈ ਕਿਸ਼ਤ ਨੰ: 06 ਦੇਖੋ)

ਚੜ੍ਹਦੇ ਪੰਜਾਬ ਵਿਚ ਅੱਜ ਵੀ 3 ਸਾਬਤੇ ਦਰਿਆ ਸਤਲੁਜ, ਬਿਆਸ ਤੇ ਰਾਵੀ ਵਗਦੇ ਆ ਤੇ ਲਹਿੰਦੇ ਪੰਜਾਬ ਵਿਚ 2, ਉਹ ਵੀ ਪੂਰੇ ਨਹੀਂ ਕਿਉਂਕਿ ਝਨਾਂ ਦਰਿਆ 'ਚੋਂ ਅਖਨੂਰ ਜਿਹੜਾ ਜੰਮੂ ਤੋਂ 30 ਕੁ ਮੀਲ ਦੂਰ ਹੈ, ਤੋਂ ਇਕ ਵੱਡੀ ਨਹਿਰ ਜੰਮੂ ਏਰੀਏ ਨੂੰ ਸਿੰਜਦੀ ਹੈ। ਉਥੇ ਜੇ ਡੇਢ ਦਰਿਆ ਹੀ ਸਾਰੇ ਪੰਜਾਬ ਨੂੰ ਸਿੰਜ ਕੇ ਹਰਾ ਭਰਾ ਰੱਖ ਰਿਹਾ ਹੈ ਤਾਂ ਸਾਡੇ ਵਲ ਦੇ ਤਿੰਨਾਂ ਤੋਂ ਕਿਉਂ ਪੂਰੀ ਨਹੀਂ ਪੈਂਦੀ? ਸਾਡੇ ਸਾਰਿਆਂ ਦੇ ਸਾਹਮਣੇ ਹੀ ਦਿਸਦਾ ਪਈ ਸਭ ਵੱਡੀਆਂ ਨਹਿਰਾਂ ਨੱਕੋ-ਨੱਕ ਭਰੀਆਂ ਜਾ ਰਹੀਆਂ ਨੇ ਹੋਰਨਾਂ ਦੇ ਖੇਤਾਂ ਨੂੰ ਸਿੰਜਣ, ਆਪਣਿਆਂ ਨੂੰ ਬੰਜਰ ਬਣਾ ਕੇ। ਇਹ ਚਿੱਟੇ ਦਿਨ ਬੇਇਨਸਾਫੀ ਨਹੀਂ ਤਾਂ ਹੋਰ ਕੀ ਹੈ ।ਹੋਰ ਇਕ ਗੱਲ ਜੋ ਆਪਣੇ ਪੰਜਾਬ ਵਿਚ ਦਿਸਦੀ ਹੈ ਕਿ ਪਿੰਡਾਂ ਵਿਚ ਪੀਣ ਵਾਲੇ ਪਾਣੀ ਦੀਆਂ ਸਰਕਾਰੀ ਟੈਂਕੀਆਂ ਬਣੀਆਂ ਹੋਈਆਂ ਹਨ, ਪਾਕਿਸਤਾਨੀ ਪਿੰਡਾਂ ਵਿਚ ਨਹੀਂ ਦਿਸੀਆਂ। ਨਲਕਿਆਂ ਦਾ ਪਾਣੀ ਹੀ ਵਰਤੋਂ ਲਈ ਬਹੁਤ ਹੈ। ਨਾ ਹੀ ਸਾਡੇ ਪਾਸੇ ਵਾਂਗ ਇੱਟਾਂ ਦੇ ਭੱਠਿਆਂ ਦੇ ਦਰਸ਼ਨ ਹੋਏ ਉਧਰ। ਲਾਹੌਰ ਸ਼ਹਿਰ ਦੇ ਨੇੜੇ ਜ਼ਰੂਰ ਦਿਸੇ ਸੀ ਪਰ ਘੱਟ ਗਿਣਤੀ ਵਿਚ ਹੀ। ਰਸਤੇ 'ਚ ਲੰਘਦਿਆਂ ਜਦੋਂ ਇਕ ਪਿੰਡ ਆਇਆ ਤਾਂ ਕਾਦਿਰ ਭਾਈ ਨੇ ਦੱਸਿਆ ਕਿ ਇਸ ਪਿੰਡ ਵਿਚ ਹਰ ਹਫਤੇ ਗੋਲੀ ਚਲਦੀ ਹੈ। ਇਹ ਗੱਲ ਉਹਨੂੰ ਪੁਲਿਸ ਵਾਲੇ ਨੇ ਏਮਨਾਬਾਦ ਵਿਚ ਦੱਸੀ ਸੀ। ਜਦੋਂ ਉਹਨੂੰ ਇਹਦਾ ਕਾਰਨ ਪੁੱਛਿਆ ਤਾਂ ਕਹਿੰਦਾ ਕਿ ਪਿੰਡ ਸਾਰਾ ਜ਼ਿਮੀਂਦਾਰ ਜੱਟਾਂ ਦਾ ਤੇ ਦੋ ਧੜਿਆਂ ਵਿਚ ਵੰਡਿਆ ਹੋਇਆ ਹੈ। ਦੋਹਾਂ ਹੀ ਧੜਿਆਂ ਦੀ ਸਰਕਾਰੇ ਦਰਬਾਰੇ ਵੀ ਪਹੁੰਚ ਹੈ ਤੇ ਇਕ ਦੂਜੇ ਨੂੰ ਥੱਲੇ ਲਾਉਣ ਲਈ ਬੱਸ ਠੁਣਾ ਜਿਹਾ ਹੀ ਚਾਹੁੰਦੇ ਹਨ ਤੇ ਫਿਰ ਰਫ਼ਲਾਂ ਦੇ ਫਾਇਰ ਹੁੰਦੇ ਹਨ। ਦੋਹਾਂ ਧੜਿਆਂ ਦੇ ਕਈ-ਕਈ ਬੰਦੇ ਮਾਰੇ ਵੀ ਜਾ ਚੁੱਕੇ ਆ, ਦੁਸ਼ਮਣੀ ਨਹੀਂ ਘਟੀ।

ਰਸਤੇ ਵਿਚ ਇਕ ਥਾਂ ਟੈਕਸੀ ਡਰਾਈਵਰ ਔਟਲ ਕੇ ਹੋਰ ਸੜਕ ਨੂੰ ਪੈ ਗਿਆ, ਜਿਹੜੀ ਇਕ ਸੂਏ ਦੇ ਨਾਲ-ਨਾਲ ਜਾਂਦੀ ਸੀ ਤੇ ਅੱਗੋਂ ਬਣ ਵੀ ਰਹੀ ਸੀ ਜਿਸ ਕਰਕੇ ਟੈਕਸੀ ਨੂੰ ਅੱਧਾ ਘੰਟਾ ਰੁਕਣਾ ਵੀ ਪਿਆ। ਪਿੰਡਾਂ ਵਿਚੋਂ ਲੋਕ ਆਟੋ ਟੈਂਪੂਆਂ ਵਿਚ ਆ ਜਾ ਰਹੇ ਸਨ ਤੇ ਸਾਡੇ ਕੋਲੋਂ ਲੰਘਦਿਆਂ ਕਿੰਨੀ ਦੇਰ ਹੀ ਦੇਖੀ ਜਾਂਦੇ। ਇੱਥੇ ਇਕ ਬੌਲਦ ਵਾਲੇ ਗੱਡੇ ਪੱਠਿਆਂ ਲਈ ਵਰਤੇ ਜਾਂਦੇ ਹਨ। ਉਥੋਂ ਚੱਲ ਕੇ ਅੱਗੇ ਸ਼ਹਿਰ ਨਾਰੋਵਾਲ ਆਉਂਦਾ ਹੈ ਜਿਹੜਾ ਅੱਜ ਕੱਲ੍ਹ ਜ਼ਿਲ੍ਹਾ ਹੈ, ਪਹਿਲਾਂ ਤਹਿਸੀਲ ਸੀ ਜ਼ਿਲ੍ਹਾ ਸਿਆਲਕੋਟ ਦੀ। ਕਰਤਾਰਪੁਰ ਸਾਹਿਬ ਨਾਰੋਵਾਲ ਜ਼ਿਲ੍ਹੇ ਵਿਚ ਹੀ ਪੈਂਦਾ ਹੈ। ਪਾਕਿਸਤਾਨ ਵਾਲੇ ਪੰਜਾਬ ਵਿਚ ਹੁਣ 22 ਜ਼ਿਲ੍ਹੇ ਹਨ। ਵੰਡ ਤੋਂ ਪਹਿਲਾਂ ਕਰਤਾਰਪੁਰ ਸਾਹਿਬ ਜ਼ਿਲ੍ਹਾ ਗੁਰਦਾਸਪੁਰ ਵਿਚ ਸੀ। ਨਾਰੋਵਾਲ ਬਹੁਤਾ ਵੱਡਾ ਸ਼ਹਿਰ ਨਹੀਂ ਲੱਗਿਆ, ਉਦਾਂ ਇਹ ਇਤਿਹਾਸਕ ਵੀ ਹੈ ਕਿਉਂਕਿ ਇਥੇ ਮਹਾਰਾਜਾ ਰਣਜੀਤ ਸਿੰਘ ਨੇ ਇਕ ਸੰਧੀ ਵੀ ਕੀਤੀ ਸੀ ਜਿਸਨੂੰ ਹਿਸਟਰੀ ਵਿਚ 'ਨਾਰੋਵਾਲ ਦੀ ਸੰਧੀ' ਕਰਕੇ ਜਾਣਿਆ ਜਾਂਦਾ ਹੈ। ਦੂਜੀ ਪਾਰਟੀ ਜਿਸ ਨਾਲ ਸੰਧੀ ਕੀਤੀ ਸੀ, ਦਾ ਨਾਂ ਹੁਣ ਮੇਰੇ ਚੇਤੇ ਵਿਚ ਨਹੀਂ ਆਉਂਦਾ।

ਨਾਰੋਵਾਲ ਤੋਂ ਕਰਤਾਰਪੁਰ ਸਾਹਿਬ 20 ਕੁ ਕਿਲੋਮੀਟਰ ਹੋਣੈ। ਨਾਰੋਵਾਲ ਦੇ ਬਾਜ਼ਾਰ ਵਿਚੋਂ ਲੰਘਦਿਆਂ ਕਾਦਰ ਭਾਈ ਕਹਿਣ ਲੱਗਾ ਕਿ ਮੈਂ ਤੁਹਾਨੂੰ ਗੱਲ ਕਹਿਣੀ ਹੈ ਪਰ ਗੁੱਸਾ ਨਾ ਕਰਿਓ। ਸ਼ਰਧਾਲੂ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨਾਂ ਲਈ ਜਾਂਦੇ ਹਨ ਤਾਂ ਉਥੇ ਜਾ ਕੇ ਸ਼ਰਧਾ ਵਜੋਂ ਪੈਸੇ ਚੜ੍ਹਾਉਣਾ ਚਾਹੁੰਦੇ ਹਨ ਪਰ ਅਸਲ ਵਿਚ ਉਥੇ ਜ਼ਰੂਰਤ ਹੁੰਦੀ ਹੈ ਰਾਸ਼ਨ ਦੀ। ਰਾਸ਼ਨ ਜਾਂਦਾ ਸਾਰਾ ਇਥੋਂ ਹੀ ਹੈ ਤੇ ਉਥੇ ਜਿਹੜੇ ਗ੍ਰੰਥੀ ਸਿੰਘ ਰਹਿੰਦੇ ਹਨ, ਉਨ੍ਹਾਂ ਕੋਲ ਆਪਣਾ ਸਾਧਨ ਕੋਈ ਨਹੀਂ ਮਤਲਬ ਕਿ ਕਾਰ ਜਾਂ ਜੀਪ। ਇਹਦੇ ਨਾਲੋਂ ਵਧੀਆ ਇਹੋ ਹੈ ਕਿ ਜੇ ਤੁਹਾਡੀ ਸ਼ਰਧਾ ਉਥੇ ਪੈਸੇ ਚੜ੍ਹਾਉਣ ਦੀ ਹੈ ਤਾਂ ਚੰਗਾ ਹੋਊਗਾ ਜੇ ਰਾਸ਼ਨ ਹੀ ਲੈ ਚੱਲੀਏ। ਉਹਦੀ ਗੱਲ ਸਾਨੂੰ ਚੰਗੀ ਵੀ ਲੱਗੀ। ਭਾਵੇਂ ਮੈਂ ਤੇ ਮੇਰਾ ਭਰਾ ਗੁਰਦੁਆਰਿਆਂ ਵਿਚ ਜ਼ਿਆਦਾ ਪੈਸੇ ਚੜ੍ਹਾਉਣ ਦੇ ਕਦੇ ਵੀ ਸ਼ਰਧਾਵਾਨ ਨਹੀਂ ਹਾਂ। ਏਸ ਗੱਲ ਨੂੰ ਸੁਣਨ-ਪੜ੍ਹਨ ਵਾਲਾ ਜੋ ਮਰਜ਼ੀ ਸਮਝ ਲਵੇ ਪਰ ਸਾਡੀ ਛੋਟੀ ਮੱਤ ਇਸ ਪੈਸੇ ਨੂੰ ਹੀ ਗੁਰਦੁਆਰਿਆਂ ਵਿਚ ਸਭ ਸਿਆਪਿਆਂ ਦੀ ਜੜ੍ਹ ਸਮਝਦੀ ਹੈ। ਪਰ ਉਹਦੀ ਰਾਸ਼ਨ ਵਾਲੀ ਦਲੀਲ ਨਾਲ ਅਸੀਂ ਸਹਿਮਤ ਸੀ ਤੇ ਮੇਰੇ ਭਰਾ ਨੇ ਵਿਤਮੂਜ਼ਬ ਖੰਡ, ਘਿਓ, ਚਾਹ-ਪੱਤੀ ਤੇ ਦਾਲਾਂ ਖਰੀਦਣ ਲਈ ਕਾਦਿਰ ਭਾਈ ਨੂੰ ਪੈਸੇ ਦੇ ਦਿੱਤੇ। ਜਿਸ ਦੁਕਾਨ ਤੋਂ ਸਾਮਾਨ ਖਰੀਦਿਆ, ਚੰਗੀ ਵੱਡੀ ਸੀ ਤੇ ਪਿੰਡਾਂ ਦੀਆਂ ਹੱਟੀਆਂ ਵਾਲੇ ਤੇ ਹੋਰ ਛੋਟੇ ਦੁਕਾਨਦਾਰ ਉਥੋਂ ਹੀ ਖਰੀਦ ਦੇ ਹਨ। ਸਾਮਾਨ ਟੈਕਸੀ ਵਿਚ ਰੱਖ ਕੇ ਕਰਤਾਰਪੁਰ ਸਾਹਿਬ ਵਲ ਨੂੰ ਚਲ ਪਏ।

ਜਿਸ ਸੜਕ 'ਤੇ ਅਸੀਂ ਜਾ ਰਹੇ ਸੀ ਇਹ ਅਗੋਂ ਕਿਸੇ ਹੋਰ ਪਿੰਡ ਨੂੰ ਜਾਂਦੀ ਹੈ ਤੇ ਕਰਤਾਰਪੁਰ ਸਾਹਿਬ ਉਸ ਤੋਂ ਕੋਈ ਡੇਢ-ਦੋ ਕਿਲੋਮੀਟਰ ਹਟਵਾਂ ਹੈ, ਇਹ ਏਰੀਆ ਰਾਵੀ ਦਾ ਹੀ ਕੰਢਾ ਪੈਂਦਾ ਤੇ ਇਸ ਸੜਕ ਦੇ ਆਲੇ-ਦੁਆਲੇ ਖੇਤਾਂ ਵਿਚ ਕਿਤੇ-ਕਿਤੇ ਡੂੰਘੇ ਜਿਹੇ ਪੱਕੇ ਭੋਰੇ ਜਿਹੇ ਬਣੇ ਹੋਏ ਦਿਸੇ ਜਿਨ੍ਹਾਂ ਉਪਰ ਮਿੱਟੀ ਤੇ ਘਾਹ ਕੰਡਾ ਉਗਿਆ ਦਿਸਦਾ ਸੀ। ਕਾਦਿਰ ਭਾਈ ਨੇ ਦੱਸਿਆ ਕਿ ਇਹ ਸਾਡੀ ਫੌਜ ਦੇ ਬੰਕਰ ਹਨ ਤੇ ਲਗਭਗ ਸਾਰੀ ਸਰਹੱਦ ਦੇ ਨਾਲ ਨਾਲ ਬਣੇ ਹੋਏ ਹਨ। ਭਾਵੇਂ ਇਹ ਖੇਤਾਂ ਵਿਚ ਹਨ ਪਰ ਇਹਦੇ ਨੇੜੇ ਤੇ ਅੰਦਰ ਕੋਈ ਵੀ ਸਿਵਲੀਅਨ ਨਹੀਂ ਜਾ ਸਕਦਾ, ਕਿਉਂਕਿ ਫੌਜ ਦਾ ਪਹਿਰਾ ਹੈ। ਰਸਤੇ ਵਿਚ ਇਕ ਰੇਲਵੇ ਲਾਈਨ ਵੀ ਪਾਰ ਕੀਤੀ, ਪਰ ਹੁਣ ਉਸ 'ਤੇ ਰੇਲ ਨਹੀਂ ਚਲਦੀ। 1947 ਤੋਂ ਪਹਿਲਾਂ ਇਹ ਲਾਈਨ ਪਠਾਨਕੋਟ ਨੂੰ ਜਾਂਦੀ ਸੀ। ਕਈ ਥਾਈਂ ਤਾਂ ਨਾਲ ਦੇ ਪਿੰਡਾਂ ਵਾਲਿਆਂ ਨੇ ਲਾਈਨ ਦੇ ਉਤੇ ਪੱਠਿਆਂ ਦੇ ਕੁੰਨੂੰ ਲਾਏ ਹੋਏ ਸਨ ਤੇ ਫਾਟਕਾਂ ਵਾਲੀ ਜਗ੍ਹਾ 'ਤੇ ਪਸ਼ੂ ਵੀ ਬੰਨ੍ਹੇ ਹੋਏ ਸਨ। ਜਾਂਦਿਆਂ ਜਾਂਦਿਆਂ ਹੀ ਕਾਦਿਰ ਭਾਈ ਦੱਸ ਰਿਹਾ ਸੀ ਕਿ ਇਸ ਸੜਕ ਦੀ ਹਾਲਤ ਬਹੁਤੀ ਚੰਗੀ ਨਹੀਂ ਸੀ ਤੇ ਜਿਹੜਾ 2 ਕੁ ਕਿਲੋਮੀਟਰ ਦਾ ਸਫਰ ਇਸ ਸੜਕ ਤੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਹੈ, ਉਹ ਕੱਚਾ ਸੀ।

ਜਦੋਂ ਪੰਜਾਬ ਦਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੀ ਤੇ ਉਸਨੇ ਕਿਹਾ ਸੀ ਕਿ ਉਹ ਪਾਕਿਸਤਾਨ ਦੀ ਫੇਰੀ ਸਮੇਂ ਗੁਰਦੁਆਰਾ ਕਰਤਾਰਪੁਰ ਸਾਹਿਬ ਵੀ ਮੱਥਾ ਟੇਕਣ ਜਾਵੇਗਾ ਤਾਂ ਇਹ ਸੜਕ ਦਿਨ-ਰਾਤ ਵਿਚ ਸਰਕਾਰ ਨੇ ਬਣਵਾਈ ਤੇ ਪਿਛੋਂ ਸਾਰੀ ਸੜਕ ਦੀ ਮੁਰੰਮਤ ਵੀ ਦੋ ਦਿਨਾਂ ਵਿਚ ਕੀਤੀ ਪਰ ਉਹ ਦਸਦਾ ਸੀ ਕਿ ਕੈਪਟਨ ਇਥੇ ਆਇਆ ਨਹੀਂ, ਨਨਕਾਣਾ ਸਾਹਿਬ ਤੋਂ ਹੀ ਵਾਪਸ ਚਲਾ ਗਿਆ ਸੀ। ਉਸਦੀਆਂ ਗੱਲਾਂ-ਬਾਤਾਂ ਤੋਂ ਲਗਦਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੀ ਪਾਕਿਸਤਾਨੀ ਪੰਜਾਬ ਵਿਚ ਲੋਕੀਂ ਬੜੀ ਕਦਰ ਕਰਦੇ ਹਨ। ਕਾਦਿਰ ਭਾਈ ਵੀ ਉਸਦਾ ਨਾਂ ਬੜੇ ਅਦਬ ਨਾਲ 'ਕੈਪਟਨ ਸਾਹਿਬ' ਹੀ ਲੈਂਦਾ ਸੀ। ਉਸ ਦਾ ਕਹਿਣਾ ਸੀ ਕਿ ਕੈਪਟਨ ਸਾਹਿਬ ਨੇ ਇਥੋਂ ਦੀ ਸਰਕਾਰ ਕੋਲੋਂ ਆਪਣਾ ਰਸੂਖ ਵਰਤ ਕੇ ਨਨਕਾਣਾ ਸਾਹਿਬ ਨੂੰ ਜ਼ਿਲੇ ਦਾ ਦਰਜਾ ਦਿਵਾਇਆ ਤੇ ਸ਼ਹਿਰ ਅਤੇ ਆਲੇ-ਦੁਆਲੇ ਦੀ ਡਿਵੈਲਪ ਮੈਂਟ ਖਾਸ ਤਵੱਜੋਂ ਦੇ ਕੇ ਕਰਵਾਈ, ਜਿਹਨੂੰ ਲੋਕੀਂ ਯਾਦ ਕਰਦੇ ਹਨ। ਇੰਨੀ ਦੇਰ ਨੂੰ ਗੁਰਦੁਆਰੇ ਨੂੰ ਜਾਣ ਵਾਲੀ ਸੜਕ ਦਾ ਮੋੜ ਵੀ ਆ ਗਿਆ ਤੇ ਟੈਕਸੀ ਉਧਰ ਵਲ ਨੂੰ ਮੁੜੀ ਤਾਂ ਦੂਰੋਂ ਗੁਰਦੁਆਰੇ ਦੇ ਦਰਸ਼ਨ ਵੀ ਹੋ ਗਏ। ਸੜਕ ਦੇ ਦੁਆਲੇ ਵਾਲੀ ਜ਼ਮੀਨ ਖੇਤੀ ਵਾਲੀ ਹੈ। ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਖੱਬੇ ਪਾਸੇ ਕੋਈ ਅੱਧਾ ਕੁ ਕਿਲੋਮੀਟਰ ਦੂਰ ਪਿੰਡ 'ਦੋਦਾ' ਹੈ। ਇਸ ਪਿੰਡ ਦਾ ਨਾਂ ਉਥੋਂ ਦੇ ਰਹਿਣ ਵਾਲੇ 'ਦੋਦੇ' ਦੇ ਨਾਂ 'ਤੇ ਹੀ ਪਿਆ, ਜਿਹੜਾ ਬਾਬੇ ਨਾਨਕ ਦਾ ਸ਼ਰਧਾਲੂ ਸੀ ਤੇ ਇਹ ਜ਼ਮੀਨ ਲੈਣ ਵਿਚ ਬਾਬੇ ਨਾਨਕ ਦੀ ਉਸਨੇ ਮਦਦ ਵੀ ਕੀਤੀ। ਗੁਰਦੁਆਰੇ ਦੇ ਨਾਂ ਦੀ ਫੱਟੀ ਸੀ-ਦਰਬਾਰ ਸਾਹਿਬ ਕਰਤਾਰਪੁਰ। ਜਿਵੇਂ ਹੋਰ ਗੁਰਦੁਆਰਿਆਂ ਦੇ ਸੀ, ਉਸੇ ਤਰ੍ਹਾਂ ਇਥੇ ਵੀ ਬਾਹਰ ਵਾਰ ਤਾਰ ਲਾਕੇ ਵਾਗਲਾ ਕੀਤਾ ਹੋਇਆ ਤੇ ਗੇਟ ਨੂੰ ਜ਼ਿੰਦਾ ਲਾਇਆ ਹੋਇਆ ਸੀ।

ਕਾਦਿਰ ਭਾਈ ਨੇ ਆਉਂਦਿਆਂ ਰਸਤੇ ਵਿਚ ਹੀ ਗੁਰਦੁਆਰੇ ਦੇ ਸੇਵਾਦਾਰ ਗ੍ਰੰਥੀ ਸਿੰਘ ਨੂੰ ਆਉਣ ਦਾ ਦੱਸ ਦਿੱਤਾ ਸੀ ਤੇ ਪੰਜ ਬੰਦਿਆਂ ਲਈ ਲੰਗਰ ਦਾ ਵੀ ਕਹਿ ਦਿੱਤਾ ਸੀ। ਟੈਕਸੀ ਰੁਕਣ 'ਤੇ ਅੰਦਰੋਂ ਇਕ ਬੰਦੇ ਨੇ ਗੇਟ ਖੋਲ੍ਹ ਦਿੱਤਾ ਤੇ ਅਸੀਂ ਅੰਦਰ ਲੰਘ ਗਏ। ਗੇਟ ਦੇ ਨਾਲ ਹੀ ਅੰਦਰ ਵਾਲੇ ਪਾਸੇ ਇੰਜਣ ਵਾਲਾ ਟਿਊਬਵੈਲ ਸੀ। ਸਬਜ਼ੀਆਂ ਖਾਣ ਜੋਗੀਆਂ ਲਾਈਆਂ ਹੋਈਆਂ ਸਨ। ਅੰਦਰ ਕੁਝ ਫਲਾਂ ਦੇ ਬੂਟੇ ਵੀ ਹਨ ਤੇ ਅਗਾਂਹ ਇਕ ਹਲਟ ਸੀ ਪਰਪੈਲੀ ਵਿਚ ਘਾਹ-ਝਾੜੀਆਂ ਜਿਹੀਆਂ ਉਗੀਆਂ ਹੋਈਆਂ ਸਨ। ਹੋਰ ਸਭ ਕੁਝ ਸੀ ਜਿਵੇਂ ਮਾਹਲ, ਟਿੰਡਾਂ ਦੀ ਬੈੜ, ਚਕਲਾ, ਛੋਟਾ ਚਕਲਾ, ਲੱਠ, ਕੁੱਤਾ, ਗਾਂਧੀ, ਪਾੜਛਾ। ਉਨ੍ਹਾਂ ਦੱਸਿਆ ਕਿ ਇਹ ਖੂਹ ਗੁਰੂ ਨਾਨਕ ਦੇਵ ਜੀ ਦਾ ਹੈ, ਸ਼ਾਇਦ ਖੇਤ ਸਿੰਜਣ ਤੇ ਪੀਣ ਲਈ ਪਾਣੀ ਇਸੇ ਤੋਂ ਬਾਬੇ ਨਾਨਕ ਨੇ ਵਰਤਿਆ ਹੋਣਾ। ਹਲਟ ਤਾਂ ਬਾਅਦ 'ਚ ਲੱਗਿਆ ਹੋਣਾ ਕਿਉਂਕਿ ਉਦੋਂ ਤਾਂ ਹਲਟਾਂ ਦਾ ਰਿਵਾਜ਼ ਨਹੀਂ ਸੀ। ਅੱਜ ਤੋਂ ਹੀ ਕੋਈ 100 ਕੁ ਸਾਲ ਪਹਿਲਾਂ ਤੱਕ ਲੋਕ ਚਰਸਾਂ ਨਾਲ ਖੂਹਾਂ ਤੋਂ ਪਾਣੀ ਕੱਢਦੇ ਸੀ।

ਇਸ ਗੁਰਦੁਆਰੇ ਦੇ ਇਤਿਹਾਸ ਬਾਰੇ ਤਾਂ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦੇ ਅਖੀਰੀ 18 ਸਾਲ ਇਸੇ ਪਵਿੱਤਰ ਜਗ੍ਹਾ 'ਤੇ ਬਿਤਾਏ। ਸਿਰਫ ਬਿਤਾਏ ਹੀ ਨਹੀਂ, ਖੇਤੀ ਵੀ ਕੀਤੀ। ਅੱਜ ਵੀ ਇਸ ਗੁਰਦੁਆਰੇ ਦੇ ਨਾਂ ਢਾਈ ਮੁਰੱਬੇ ਯਾਨਿ ਸਾਢੇ 62 ਕਿੱਲੇ ਜ਼ਮੀਨ ਹੈ। ਇਹ ਜ਼ਮੀਨ ਬਾਬੇ ਨੇ ਖਰੀਦੀ ਸੀ ਭਾਵੇਂ ਕਈ ਥਾਈਂ ਲਿਖਿਆ ਮਿਲਦਾ ਹੈ ਕਿ ਕਿਸੇ ਨੇ ਬਾਬੇ ਨੂੰ ਦਾਨ 'ਚ ਭੇਟ ਕੀਤੀ ਸੀ। ਜੇ ਬਾਬੇ ਨੇ ਦਾਨ ਵਾਲੀਆਂ ਜ਼ਮੀਨਾਂ' ਤੇ ਰਹਿਣਾ ਹੁੰਦਾ ਤਾਂ ਨਨਕਾਣਾ ਸਾਹਿਬ ਰਾਇਬੁਲਾਰ ਨੇ 750 ਮੁਰੱਬੇ ਬਾਬੇ ਦੇ ਨਾਂ ਕਰਵਾ ਦਿੱਤੇ ਸਨ। ਗੁਰਦੁਆਰੇ ਦੀ ਮੌਜੂਦਾ ਬਿਲਡਿੰਗ 1920 ਵਿਚ ਮਹਾਰਾਜਾ ਪਟਿਆਲਾ ਨੇ ਬਣਵਾਈ ਸੀ। ਹੁਣ ਰਿਹਾਇਸ਼ ਲਈ ਵੀ ਤੇ ਲੰਗਰ ਲਈ ਵੀ ਲੋੜੀਂਦੀ ਜਗ੍ਹਾ ਬਣੀ ਹੋਈ ਹੈ। ਇਹ ਗੁਰਦੁਆਰਾ ਵੀ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੀ ਹੈ ਤੇ ਗ੍ਰੰਥੀ ਸਿੰਘ ਜੋ ਸੇਵਾ ਕਰਦੇ ਹਨ, ਉਥੇ ਹੀ ਰਹਿੰਦੇ ਹਨ ਸਮੇਤ ਪਰਿਵਾਰ ਦੇ। ਉਨ੍ਹਾਂ ਦੀ ਇਕ 6 ਕੁ ਸਾਲ ਦੀ ਬੱਚੀ ਹੈ। ਇਕ ਅੱਧ ਸ਼ਾਇਦ ਹੋਰ ਪਰਿਵਾਰ ਵੀ ਰਹਿੰਦਾ ਹੈ ਜੋ ਖੇਤੀ ਕਰਦੈ। ਉਦਾਂ ਗੁਰਦੁਆਰਾ ਬਿਲਕੁਲ ਇਕੱਲਾ ਹੀ ਹੈ, ਸਿਵਾਏ ਦੋਦਾ ਪਿੰਡ ਦੇ ਜੋ ਨੇੜੇ ਹੀ ਹੈ, ਹੋਰ ਕੋਈ ਆਬਾਦੀ ਵੀ ਲਾਗੇ ਚਾਗੇ ਨਹੀਂ। ਇਕ ਪਾਸੇ ਤਾਂ ਹੈ ਈ ਰਾਵੀ ਦਰਿਆ, ਜਿਸਦਾ ਕੰਢਾ ਇੰਡੋ-ਪਾਕਿ ਬਾਰਡਰ ਹੀ ਹੈ ਤੇ ਉਥੋਂ ਸਿਰਫ ਪੰਜ ਕਿਲੋਮੀਟਰ ਹੈ। ਗੁਰਦੁਆਰੇ ਦੇ ਉਪਰੋਂ ਭਾਈ ਜੀ ਨੇ ਦਿਖਾਇਆ ਕਿ ਰਾਵੀ ਪਾਰ ਜਿਹੜੀ ਸਫੈਦਿਆਂ ਦੀ ਉਚੀ ਕਤਾਰ ਦਿਸਦੀ ਹੈ, ਇਹ ਹਿੰਦੋਸਤਾਨ ਵਾਲੇ ਪਾਸੇ ਹੈ। ਜਿਹੜੀ ਸੜਕ ਰਾਹੀਂ ਅਸੀਂ ਆਏ ਸੀ, ਉਹ ਤਾਂ ਗੁਰਦੁਆਰੇ ਵਲ ਹੀ ਸੀ। ਅੱਗੋਂ ਕੱਚਾ ਰਾਹ ਹੀ ਸੀ ਮੱਤੇ ਵਾਲਾ, ਉਹ ਸਿੱਧਾ ਬਾਰਡਰ ਤਕ ਚਲਾ ਜਾਂਦਾ ਸੀ।

ਗੁਰਦੁਆਰੇ ਦੇ ਦੁਆਲੇ ਦੀ ਢਾਈ ਮੁਰੱਬੇ ਜ਼ਮੀਨ ਗੁਰਦੁਆਰੇ ਦੀ ਹੈ, ਜਿਸਨੂੰ ਅਜੇ ਵੀ ਉਹ ਬਾਬੇ ਦੇ ਖੇਤ ਕਹਿੰਦੇ ਹਨ। ਸਾਡੇ ਜਾਣ ਤੋਂ ਪਹਿਲਾਂ ਹੀ ਭਾਈ ਸਾਹਿਬ ਨੇ ਲੰਗਰ ਤਿਆਰ ਕਰਵਾਇਆ ਹੋਇਆ ਸੀ। ਅਸਲ ਵਿਚ ਕੁਝ ਬੰਦੇ ਗੁਰਦੁਆਰੇ ਵਿਚ ਰੰਗ ਰੋਗਨ ਦਾ ਕੰਮ ਕਰਦੇ ਸਨ। ਉਨ੍ਹਾਂ ਸਾਰਿਆਂ ਲਈ ਵੀ ਲੰਗਰ ਉਥੇ ਹੀ ਬਣਿਆ ਹੋਇਆ ਸੀ। ਲਾਂਗਰੀ ਵੀ ਮੁਸਲਮਾਨ ਸੀ, ਕਿਉਂਕਿ ਉਸਦੀ ਟੋਪੀ ਤੇ ਸਲਵਾਰ ਤੋਂ ਹੀ ਜ਼ਾਹਰ ਸੀ। ਭਾਈ ਸਾਹਿਬ ਨੇ ਜਦੋਂ ਆਵਾਜ਼ ਦੋ ਕੁ ਵਾਰੀ ਮਾਰੀ ਤਾਂ ਨਾਂ ਤੋਂ ਜ਼ਾਹਰ ਹੋ ਗਿਆ। ਲੰਗਰ ਛਕਿਆ। ਭਾਈ ਜੀ ਨੇ ਦੱਸਿਆ ਕਿ ਇਹ ਚੌਲ ਵੀ ਬਾਬੇ ਦੇ ਖੇਤਾਂ ਦੇ ਹਨ ਤੇ ਰੋਟੀਆਂ ਵੀ। ਸੱਚ ਜਾਣਿਓ, ਲੰਗਰ ਹੋਰ ਵੀ ਸੁਆਦ ਲੱਗਾ ਕਿ ਬਾਬਾ ਇਹ ਵੀ ਤੇਰੀ ਰਹਿਮਤ ਹੋਈ ਕਿ ਤੂੰ ਆਪਣੇ ਖੇਤਾਂ ਦਾ ਅੰਨ ਸਾਡੇ ਮੂੰਹ ਪਾਇਆ, ਜਿਥੇ ਤੂੰ ਆਪ 18 ਸਾਲ ਹਲ ਵਾਹਿਆ।

1947 ਤੋਂ ਬਾਅਦ 53 ਸਾਲਾਂ ਤਕ ਇਹ ਗੁਰਦੁਆਰਾ ਬੰਦ ਹੀ ਰਿਹਾ। ਸੰਨ 2000 ਵਿਚ ਮੁੜ ਖੋਲ੍ਹਿਆ ਗਿਆ। ਗ੍ਰੰਥੀ ਸਿੰਘ ਨੇ ਦੱਸਿਆ ਕਿ ਕਿਉਂਕਿ ਇਹ ਗੁਰਦੁਆਰਾ ਕਿਸੇ ਵੀ ਆਬਾਦੀ' ਚ ਤਾਂ ਹੈ ਨਹੀਂ ਸੀ ਤੇ ਨਾ ਹੀ ਕੋਈ ਪਹੁੰਚ ਰਸਤਾ ਸੀ, ਇਸ ਕਰਕੇ ਇਥੇ ਇਲਾਕੇ ਦੇ ਕਈ ਮਾੜੇ ਬੰਦੇ ਪੁਲਿਸ ਦੀ ਪਹੁੰਚ ਤੋਂ ਦੂਰ ਨਾਜਾਇਜ਼ ਤੇ ਮਾੜੇ ਧੰਦਿਆਂ ਲਈ ਇਸ ਨੂੰ ਵਰਤਦੇ ਰਹੇ। ਉਸਨੇ ਹੀ ਦੱਸਿਆ ਕਿ ਜਦੋਂ ਪਹਿਲੀ ਵਾਰੀ ਸੰਨ 2000 ਵਿਚ ਕੁਝ ਸਿੱਖ ਸ਼ਰਧਾਲੂ ਇਥੇ ਆਏ ਤਾਂ ਕੋਈ ਵੀ ਰਾਹ ਨਹੀਂ ਸੀ। ਆਲੇ-ਦੁਆਲੇ ਖੇਤਾਂ ਵਿਚੋਂ ਦੀ ਹੁੰਦੇ ਹੋਏ ਗਾਰੇ 'ਚ ਖੁੱਭਦੇ, ਇਥੇ ਪੁੱਜੇ ਸਨ ਤਾਂ ਉਨ੍ਹਾਂ ਨੂੰ ਗੁਰਦੁਆਰੇ ਦੀ ਅੰਦਰਲੀ ਹਾਲਤ ਦੇਖ ਕੇ ਝੋਰਾ ਲੱਗਾ ਕਿ ਜਿਸ ਬਾਬੇ ਨਾਨਕ ਦੇ ਗੁਰਦੁਆਰੇ ਦੁਨੀਆਂ ਦੇ ਹਰ ਮੁਲਕ ਵਿਚ ਆਲੀਸ਼ਾਨ ਬਣਾ ਲਏ, ਉਸ ਬਾਬੇ ਦੇ 18 ਸਾਲਾਂ ਤਕ ਪਵਿੱਤਰ ਚਰਨਾਂ ਵਾਲੀ ਜਗ੍ਹਾ ਕਿੱਦਾਂ ਅਣਗੌਲੀ ਪਈ ਹੈ। ਉਸ ਵਕਤ ਉਥੇ ਰਾਤ ਰਹਿਣ ਦਾ ਤਾਂ ਪ੍ਰਬੰਧ ਨਹੀਂ ਸੀ, ਉਹ ਸ਼ਰਧਾਲੂ ਵਾਪਸ ਚਲੇ ਗਏ।

ਉਨ੍ਹਾਂ ਨੇ ਹੀ ਇੰਗਲੈਂਡ ਦੀ ਸੰਗਤ ਨੂੰ ਦੱਸਿਆ ਤਾਂ ਉਥੋਂ ਸਿੱਖਾਂ ਨੇ ਆ ਕੇ ਇਥੇ ਸਾਫਸਫਾਈ ਕਰਵਾਈ ਤੇ ਨਿਸ਼ਾਨ ਸਾਹਿਬ ਝੁਲਾਇਆ। ਫਿਰ ਔਕਾਫ ਬੋਰਡ ਨੇ ਵੀ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਮੁੜ ਸਿੱਖ ਸੰਗਤਾਂ ਦੇ ਦਰਸ਼ਨ ਦੀਦਾਰਿਆਂ ਲਈ ਖੋਲ੍ਹ ਦਿੱਤਾ। ਹੁਣ ਤਾਂ ਬਿਜਲੀ-ਪਾਣੀ ਦਾ ਪੂਰਾ ਪ੍ਰਬੰਧ ਹੈ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਤੇ ਪੱਕਾ ਗ੍ਰੰਥੀ ਸਿੰਘ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਿਯੁਕਤ ਕੀਤਾ ਹੋਇਆ ਹੈ। ਇਹ ਭਾਈ ਜੀ ਵੀ ਉਦਾਂ ਨਨਕਾਣਾ ਸਾਹਿਬ ਦੇ ਹੀ ਰਹਿਣ ਵਾਲੇ ਹਨ। ਅਸੀਂ ਭਾਈ ਸਾਹਿਬ ਨੂੰ ਪੁੱਛਿਆ ਕਿ ਤੁਸੀਂ ਆਪਣੀ ਬੱਚੀ ਦੀ ਪੜ੍ਹਾਈ ਕਿੱਦਾਂ ਕਰਾਉਂਦੇ ਹੋ, ਕਿਉਂਕਿ ਉਥੇ ਬੈਠਿਆਂ ਹੀ ਬੱਚੀ ਆਪਣਾ ਬਸਤਾ ਲੈ ਕੇ ਡਰਾਇੰਗ ਦੀ ਕਾਪੀ' ਤੇ ਕੁਝ ਬਣਾਉਣ ਲੱਗ ਪਈ ਸੀ। ਭਾਈ ਜੀ ਨੇ ਦੱਸਿਆ ਕਿ ਇਥੋਂ ਸਕੂਲ ਕੋਈ 5 ਕੁ ਕਿਲੋਮੀਟਰ ਦੂਰ ਹੈ ਤੇ ਇਕ ਬੱਸ ਪਿਛਲੇ ਪਿੰਡੋਂ ਵੀ ਨਿਆਣੇ ਲਿਆਉਂਦੀ ਹੈ ਤੇ ਅਸੀਂ ਵੀ ਇਹਨੂੰ ਮੇਨ ਰੋਡ ਤਕ ਲੈ ਜਾਈਦਾ ਹੈ, ਉਥੋਂ ਬੱਸ ਵਿਚ ਹੀ ਜਾਂਦੀ ਆਉਂਦੀ ਹੈ। ਉਹਨੇ ਦੱਸਿਆ ਕਿ ਇਹਦਾ ਇਕੱਲੀ ਦਾ ਹੀ ਸਿੱਖ ਹੋਣਾ ਸਕੂਲ 'ਚ ਕੋਈ ਮੁਸ਼ਕਲ ਖੜੀ ਨਹੀਂ ਕਰਦਾ ਸਗੋਂ ਸਾਰੇ ਟੀਚਰ ਇਸਨੂੰ ਪਿਆਰ ਕਰਦੇ ਹਨ।

ਇਕ ਗੱਲ ਹੋਰ, ਜਿਹੜੀ ਅਨੁਭਵ ਹੋਈ ਕਿ ਭਾਵੇਂ 53 ਸਾਲ ਤਕ ਇਸ ਗੁਰਦੁਆਰੇ ਨੂੰ ਗੈਰ-ਸਿੱਖ ਮਾੜੇ ਲੋਕਾਂ ਨੇ ਵਰਤਿਆ ਪਰ ਬਿਲਡਿੰਗ ਦਾ ਕੋਈ ਵੀ ਨੁਕਸਾਨ ਨਹੀਂ ਕੀਤਾ ਸੀ। ਕਿਤੇ ਇਹੋ ਜਿਹੇ ਹਾਲਾਤ ਵਾਲੀ ਗੱਲ ਵਿਚ ਕੋਈ ਸਿੱਖ ਗੁਰਦੁਆਰਾ ਆਪਣੇ ਨਿੱਕਰਧਾਰੀਆਂ ਦੇ ਹੱਥਾਂ ਵਿਚ ਚਲਾ ਜਾਂਦਾ ਤਾਂ ਹਾਲਤ ਬਾਬਰੀ ਮਸਜਿਦ ਵਾਲੀ ਹੋਣੀ ਸੀ। ਗੁਰਦੁਆਰਾ ਇਮਾਰਤ ਦੇ ਵਿਚਕਾਰ ਵੱਡਾ ਗੁੰਬਦ ਹੈ ਤੇ ਚਾਰ ਆਲੇ ਦੁਆਲੇ ਛੋਟੇ ਗੁੰਬਦ ਹਨ। ਹੁਣ ਤਾਂ ਅੰਦਰੋਂ ਬਹੁਤ ਸਾਫ ਹੈ ਤੇ ਅੰਦਰ ਸਾਰੇ ਹੀ ਦਰੀ ਵਿਛਾਈ ਹੋਈ ਹੈ। ਗੁਰਦੁਆਰੇ ਦੇ ਨਾਲ ਹੀ ਚੜ੍ਹਦੇ ਪਾਸੇ ਇਕ ਜਗ੍ਹਾ ਹੈ ਜਿਥੇ ਸਾਨੂੰ ਦੱਸਿਆ ਗਿਆ ਕਿ ਬਾਬਾ ਜੀ ਦੇ ਸਰੀਰ ਨੂੰ ਰੱਖਿਆ ਗਿਆ ਸੀ ਤੇ ਮੁਸਲਮਾਨ ਆਪਣਾ ਪੀਰ ਜਾਣ ਕੇ ਉਨ੍ਹਾਂ ਦੇ ਸਰੀਰ ਨੂੰ ਕਬਰ 'ਚ ਦਫਨਾਉਣਾ ਚਾਹੁੰਦੇ ਸਨ ਤੇ ਸਿੱਖ ਉਨ੍ਹਾਂ ਦਾ ਸੰਸਕਾਰ ਕਰਨਾ ਚਾਹੁੰਦੇ ਸਨ। ਕਹਿੰਦੇ ਹਨ ਪਈ ਜਦੋਂ ਸਰੀਰ ਤੋਂ ਚਾਦਰ ਚੁੱਕੀ ਤਾਂ ਉਥੇ ਕੁਝ ਵੀ ਨਹੀਂ ਸੀ ਤੇ ਦੋਹਾਂ ਫਿਰਕਿਆਂ ਨੇ ਉਹ ਚਾਦਰ ਹੀ ਅੱਧੀ-ਅੱਧੀ ਪਾੜ ਕੇ ਵੰਡ ਕੇ ਇਕ ਨੇ ਦਫਨਾ ਦਿੱਤੀ ਤੇ ਦੂਜੇ ਨੇ ਸਸਕਾਰ ਕਰ ਦਿੱਤਾ। ਨਿਸ਼ਾਨੀ ਵਜੋਂ ਦੋਵੇਂ ਥਾਂਵਾਂ ਨਾਲ-ਨਾਲ ਹੀ ਹਨ। ਚਾਦਰ ਚੁੱਕ ਕੇ ਪਾੜਨ ਦੀ ਇਕ ਵੱਡੀ ਪੁਰਾਣੀ ਪੇਂਟਿੰਗ ਵੀ ਕੰਧ 'ਤੇ ਬਣਾਈ ਹੋਈ ਹੈ, ਜਿਸਦੇ ਰੰਗ ਅਜੇ ਵੀ ਘਸਮੈਲੇ ਨਹੀਂ ਹੋਏ। ਇਹ ਵੀ 1920 ਵਿਚ ਜਦੋਂ ਗੁਰਦੁਆਰਾ ਬਣਿਆ, ਉਦੋਂ ਹੀ ਬਣਾਈ ਗਈ ਸੀ।

ਲੰਗਰ ਤੋਂ ਬਾਅਦ ਭਾਈ ਸਾਹਿਬ ਨੇ ਸਾਨੂੰ ਚਾਹ ਵੀ ਛਕਾ ਦਿੱਤੀ ਤੇ ਅਸੀਂ ਅਗਾਂਹ ਵੀ ਜਾਣਾ ਸੀ ਕਿਉਂਕਿ ਟਾਈਮ ਵੀ ਡੇਢ ਕੁ ਵੱਜ ਗਿਆ ਸੀ। ਬਾਹਰ ਨਿਕਲ ਕੇ ਭਾਈ ਜੀ ਨੇ ਹੱਥ ਦੇ ਇਸ਼ਾਰੇ ਨਾਲ ਦੱਸਿਆ ਕਿ ਇਹੋ ਬਾਬੇ ਦੇ ਖੇਤ ਹਨ, ਜਿਹੜੇ ਰਾਵੀ ਦਰਿਆ ਵਲ ਨੂੰ ਹਨ। ਜਿਥੇ ਗੁਰਦੁਆਰਾ ਹੈ, ਉਹ ਉਚੇ ਥਾਂ 'ਤੇ ਹੈ। ਇਹ ਗੁਰਦੁਆਰਾ ਜਿਥੇ ਸੁੱਚੀ ਕਿਰਤ-ਕਮਾਈ ਹੱਥੀਂ ਕਰਕੇ ਤੇ ਲੋੜਵੰਦਾਂ ਨੂੰ ਰੋਟੀ ਪਾਣੀ ਛਕਾ ਕੇ ਵੰਡਛਕਣ ਦੇ ਪ੍ਰਤੀਕ ਵਜੋਂ ਅਸੀਂ ਮਹਿਸੂਸ ਕੀਤਾ, ਉਥੇ ਹੀ ਇਸ ਜਗ੍ਹਾ ਨੇ ਭਾਈ ਲਹਿਣੇ ਨੂੰ ਗੁਰੂ ਅੰਗਦ ਦਾ ਰੂਪ ਬਖਸ਼ਿਆ ਤੇ ਬਾਬੇ ਨੇ ਪੰਥ ਨੂੰ ਅਗਲੀ ਮੰਜ਼ਿਲ ਲਈ ਉਨ੍ਹਾਂ ਦੇ ਹਵਾਲੇ ਕੀਤਾ। ਬਾਬਾ ਬੁੱਢਾ ਜੀ ਵਰਗੇ ਬ੍ਰਹਮ ਗਿਆਨੀ ਵੀ ਇਸੇ ਪਵਿੱਤਰ ਥਾਂ 'ਤੇ ਆਏ। ਹੋ ਸਕਦਾ ਕਿ ਜੋਗੀਨਾਥ ਵੀ ਬਾਬੇ ਕੋਲ ਇਥੇ ਆਉਂਦੇ ਰਹੇ ਹੋਣ ਕਿਉਂਕਿ ਕਰਤਾਰਪੁਰ ਤੋਂ ਹੀ ਬਾਬਾ ਜੀ ਰਾਵੀ ਪਾਰ ਕਰਕੇ ਅਚੱਲ ਵਟਾਲੇ ਸਿੱਧਾਂ ਨਾਲ ਗੋਸ਼ਟਿ ਕਰਨ ਗਏ ਸਨ।

ਬਾਬੇ ਨਾਨਕ ਦੇ ਇਨ੍ਹਾਂ 18 ਸਾਲਾਂ ਦੇ ਜੀਵਨ' ਤੇ ਜੇ ਝਾਤ ਮਾਰੀਏ ਤਾਂ ਜੋ ਰੂਪ ਗੁਰੂ ਜੀ ਦਾ ਸਾਡੇ ਪ੍ਰਚਾਰਕ ਅਕਸਰ ਬਿਆਨ ਕਰਦੇ ਹਨ ਕਿ ਬਾਬਾ ਭਾਵੇਂ ਖੇਤੀ ਕਰਦਾ ਸੀ ਪਰ ਜ਼ਿਆਦਾ ਇਹੋ ਕਹਿੰਦੇ ਹਨ ਕਿ ਬਾਬਾ ਜਦੋਂ ਦਰਬਾਰ ਲਾ ਕੇ ਤਖ਼ਤ 'ਤੇ ਬੈਠਦਾ ਸੀ ਤਾਂ ਸੰਗਤਾਂ ਉਹਦੇ ਦਰਬਾਰ ਵਿਚ ਆਉਂਦੀਆਂ ਸਨ ਤੇ ਅੱਠੇ ਪਹਿਰ ਕੀਰਤਨ ਹੁੰਦਾ ਰਹਿਦਾ ਸੀ। ਇਹ ਗੱਲਾਂ ਸੁਣ ਕੇ ਸਾਨੂੰ ਬਾਬਾ ਨਾਨਕ ਚਿੱਟੇ ਮਖਮਲੀ ਕੱਪੜੇ ਪਾ ਕੇ, ਸਿਰ 'ਤੇ ਚਿੱਟੀ ਚਮਕਦੀ ਗੋਲ ਪੱਗ ਵਾਲਾ, ਜਿਸਦੇ ਦੁਆਲੇ ਉਹਦੇ ਅਨੇਕਾਂ ਸ਼ਰਧਾਲੂ ਪੈਰਾਂ 'ਚ ਪਈ ਜਾਂਦੇ ਹੋਣ, ਅੱਜ ਦੇ ਕਿਸੇ ਸੰਤ ਬਾਬੇ ਦਾ ਝਾਉਲਾ ਪਾਉਂਦਾ, ਜਿਹੜਾ ਬੱਸ ਹੱਥ 'ਚ ਮਾਲਾਹੀ ਫੇਰੀ ਜਾਂਦਾ ਹੋਵੇ ਤੇ ਅੱਧ ਮੀਟੀਆਂ ਅੱਖਾਂ ਵਿਚ ਖੁਮਾਰੀ ਜਿਹੀ ਭਰ ਕੇ ਅਸ਼ੀਰਵਾਦ ਦੇਈ ਜਾਂਦਾ ਹੋਵੇ ਤੇ ਹੱਥੀਂ ਕੋਈ ਕੰਮ ਨਾ ਕਰਦਾ ਹੋਵੇ, ਚੇਲੇ-ਚਾਟੇ ਹੀ ਕਰੀ ਜਾਂਦੇ ਹੋਣੇ। ਇਉਂ ਲੱਗਦਾ ਜਿਵੇਂ ਬਾਬਾ ਤਾਂ ਬੱਸ ਅਸਲ ਵਿਚ ਤ੍ਰਿਕਾਲਾਂ ਸਵੇਰ ਨੂੰ ਰਾਵੀ ਵਲ ਨੂੰ ਸੈਰ ਨੂੰ ਨਿਕਲਦਾ ਹੋਣਾ। ਉਹ ਜ਼ਮੀਨ ਦੇਖ ਕੇ ਲੱਗਾ ਕਿ ਬਾਬੇ ਨੇ ਇਸ ਦੀ ਚੋਣ ਬੜੀ ਸੋਚ ਸਮਝ ਕੇ ਜ਼ਮੀਨ ਦੀ ਤਾਸੀਰ ਜਾਂਚ ਕੇ ਖਰੀਦੀ ਕਿਉਂਕਿ ਇਹ ਦਰਿਆ ਦਾ ਮੰਡ ਏਰੀਆ ਹੈ। ਅਸੀਂ ਖੇਤੀ ਕਰਨ ਵਾਲੇ ਜਾਣਦੇ ਹੀ ਹਾਂ ਕਿ ਮੰਡ ਬੜੀ ਉਪਜਾਊ ਜ਼ਮੀਨ ਹੁੰਦੀ ਹੈ। ਸਭ ਤੋਂ ਪਹਿਲਾਂ ਬਾਬੇ ਨੇ ਜ਼ਮੀਨ ਵਿਚ ਰਹਿਣ ਲਈ ਕੱਚਾ ਕੋਠਾ ਹੀ ਪਾਇਆ ਹੋਣਾ ਤੇ ਫਿਰ ਪਸ਼ੂਆਂ ਲਈ ਵੀ ਕੋਈ ਢਾਰਾ ਆਪ ਹੀ ਤਿਆਰ ਕੀਤਾ ਹੋਣਾ। ਫਿਰ ਆਪ ਹੀ ਹਲ ਦੀ ਹੱਥੀ ਫੜਕੇ ਜੋਤੇ ਲਾ ਕੇ ਜ਼ਮੀਨ ਵਾਹੀ-ਸੁਆਰੀ ਹੋਣੀ ਤੇ ਪਸ਼ੂਆਂ ਨੂੰ ਪੱਠੇ ਵੀ ਆਪ ਵੱਢ ਕੇ ਪਾਉਂਦਾ ਹੋਣਾ। ਬਾਬੇ ਦੇ ਪੈਰੀਂ ਉਸ ਵਕਤ ਨਰਮ ਖੜਾਵਾਂ ਨਹੀਂ, ਧੌੜੀ ਦੀ ਜੁੱਤੀ ਹੁੰਦੀ ਹੋਣੀ ਤੇ ਪਿੰਡੇ 'ਤੇ ਖੱਦਰ ਦਾ ਝੱਗਾ ਤੇ ਤੇੜ ਕੱਛਾ। ਸਿਰ 'ਤੇ ਸਾਫਾ ਵੀ ਖੱਦਰ ਦਾ ਹੀ ਹੁੰਦਾ ਹੋਣਾ ਤੇ ਜਦ ਜੋਤਾ ਲਾ ਕੇ ਬਾਬਾ ਖੇਤਾਂ 'ਚੋਂ ਮੁੜਦਾ ਹੋਣਾ ਤਾਂ ਜ਼ਰੂਰੀ ਹੈ ਕਿ ਮੁੜ੍ਹਕੋ-ਮੁੜ੍ਹਕੀ ਹੋਇਆ ਹੁੰਦਾ ਹੋਣਾ। ਨਾਲੇ 62 ਕਿਲ੍ਹਿਆਂ ਦੀ ਬੌਲਦਾਂ ਨਾਲ ਖੇਤੀ ਕਰਨ ਵਾਲੇ ਇਕੱਲੇ ਬੰਦੇ ਕੋਲ ਰੋਜ਼ ਦਰਬਾਰ ਲਾਉਣ ਦਾ ਟਾਈਮ ਕਿੱਥੇ ਹੋਣਾ?

ਭਾਈ ਗੁਰਦਾਸ ਦੇ ਕਹਿਣ ਅਨੁਸਾਰ ਬਾਬਾ ਨਾਨਕ ਤਾਂ ਆਪ ਅਕਾਲ ਪੁਰਖ ਸੀ ਤੇ ਬਾਬਾ ਤਾਂ ਖੇਤਾਂ ਵਿਚ ਹਲ ਵਾਹੁੰਦਾ ਵੀ ਸਿੱਖਿਆ ਦੇਈ ਜਾਂਦਾ ਸੀ ਕਿ ਖੇਤੀ ਐਦਾਂ ਕਰੀਦੀ ਐ। ਅੱਜ ਦੇ ਸਾਧਾਂ ਵਾਂਗ ਲੋਕਾਂ ਤੋਂ ਚੜ੍ਹਾਵੇ ਲੈ ਕੇ ਲੰਗਰ ਨਹੀਂ ਲਾਉਂਦਾ ਸੀ। ਹੱਥੀਂ ਕੰਮ ਕਰਕੇ ਉਸ ਵਿਚੋਂ ਲਾਉਂਦਾ ਸੀ। ਕੰਮ ਨਾਲ ਬਾਬੇ ਦੇ ਹੱਥਾਂ 'ਤੇ ਰੱਟਣ ਪਏ ਹੋਣੇਆ ਤੇ ਅੱਡੀਆਂ 'ਤੇ ਮਿੱਟੀ 'ਚ ਤੁਰਦਿਆਂ ਦੇ ਬਿਆਈਆਂ ਵੀ ਪਾਟੀਆਂ ਹੋਣੀਆਂ। ਉਹਦੇ ਕੋਲ ਅੱਜ ਵਾਲੇ ਵਿਹਲੜ ਬਾਬਿਆਂ ਵਾਂਗ ਔਡੀਆਂ ਥੋੜ੍ਹਾ ਸੀ ਕਿ ਲੋਕਾਂ ਨੂੰ ਮੱਤਾਂ ਕੁਝ ਦੇਣੀਆਂ ਤੇ ਆਪ ਕੁਝ ਹੋਰ ਕਰਨਾ। ਬਾਬਾ ਨਾਨਕ ਤਾਂ ਜਿਹੜੀ ਸਿੱਖਿਆ ਦੇਂਦਾ ਸੀ, ਪਹਿਲਾਂ ਆਪ ਉਸ 'ਤੇ ਤੁਰਦਾ ਸੀ। ਅਸੀਂ ਗ੍ਰੰਥੀ ਸਿੰਘ ਨੂੰ ਫਤਿਹ ਬੁਲਾ ਕੇ ਇਕਵਾਰ ਫਿਰ ਗੁਰਦੁਆਰੇ ਵਲ ਨੂੰ ਸਿਰ ਝੁਕਾਇਆ ਤੇ ਬਾਬੇ ਨਾਨਕ ਦਾ ਨਾਂ ਲੈ ਕੇ ਟੈਕਸੀ ਵਿਚ ਬਹਿ ਗਏ।

(ਬਾਕੀ ਕਿਸ਼ਤ ਨੰ: 08 'ਚ)