ਸਫਰਨਾਮਾ -ਮਝੈਲ ਸਿੰਘ ਸਰਾਂ
(ਲੜੀ ਜੋੜਨ ਲਈ ਕਿਸ਼ਤ ਨੰ: 05 ਦੇਖੋ) ਗੁਰਦੁਆਰਾ ਰੋੜੀ ਸਾਹਿਬ ਦੀ ਇਮਾਰਤ ਦਾ ਨਮੂਨਾ ਬਹੁਤ ਹੀ ਖੂਬਸੂਰਤ ਹੈ,ਇਹ ਬਾਹਰੋਂ ਲਾਲ ਰੰਗ ਦੀ ਹੈ। ਇਹ ਗੁਰਦੁਆਰਾ ਵੀ ਮਹਾਰਾਜਾ ਰਣਜੀਤ ਸਿੰਘ ਨੇ ਹੀ ਬਣਾਇਆ ਹੋਇਆ ਹੈ। ਗੁਰਦੁਆਰੇ ਦੇ ਦੁਆਲੇ ਚਾਰ ਦੀਵਾਰੀ ਹੈ। ਵੱਡਾ ਗੇਟ ਬੰਦ ਸੀ। ਬਾਹਰੋਂ ਹੀ ਕਾਦਿਰ ਭਾਈ ਨੇ ਟੈਲੀਫੋਨ ਕੀਤਾ ਤਾਂ ਇਕ ਬੰਦਾ ਬਾਹਰ ਆ ਗਿਆ। ਉਹਨੇ ਗੇਟ ਖੋਲ੍ਹ ਦਿੱਤਾ ਤੇ ਅਸੀਂ ਗੱਡੀ ਅੰਦਰ ਲੈ ਗਏ। ਇਹ ਬੰਦਾ ਅਸਲ ਵਿਚ ਪੁਲਿਸ ਦਾ ਸਕਿਉਰਿਟੀ ਗਾਰਡ ਹੈ ਜਿਹਦੀ ਡਿਊਟੀ ਇਥੇ ਹੈ। ਉਹ ਵੀ ਸਾਨੂੰ ਬੜੇ ਤਪਾਕ ਨਾਲ ਮਿਲਿਆ ਤੇ ਸੇਵਾ ਪਾਣੀ ਪੁੱਛੀ। ਉਸ ਗੁਰਦੁਆਰੇ ਦੇ ਰਿਹਾਇਸ਼ੀ ਕਮਰਿਆਂ ਵਿਚ ਇਕ ਪਰਿਵਾਰ ਰਹਿ ਰਿਹਾ ਹੈ, ਜੋ ਕਿ ਉਥੋਂ ਦੀ ਸੇਵਾ ਸੰਭਾਲ ਕਰਦਾ ਹੈ। ਸਾਨੂੰ ਪਤਾ ਨਾ ਲੱਗ ਸਕਿਆ ਕਿ ਉਹ ਸਿੱਖ ਹਨ ਜਾਂ ਮੁਸਲਮਾਨ ਕਿਉਂਕਿ ਉਸ ਵੇਲੇ ਉਥੇ ਇਕ ਬੀਬੀ ਹੀ ਸੀ। ਉਸਨੇ ਹੀ ਸਾਨੂੰ ਅੰਦਰ ਜਿੱਥੇ ਮਹਾਰਾਜ ਦਾ ਪ੍ਰਕਾਸ਼ ਸੀ, ਲਿਜਾ ਕੇ ਦਰਸ਼ਨ ਕਰਵਾਏ। ਉਸਦੇ ਪਹਿਰਾਵੇ ਤੋਂ ਉਹ ਸਿੱਖ ਘੱਟ ਤੇ ਮੁਸਲਮਾਨ ਜ਼ਿਆਦਾ ਲੱਗ ਰਹੀ ਸੀ। ਉਸਨੇ ਸਾਨੂੰ ਫੁੱਲੀਆਂ ਦਾ ਪ੍ਰਸਾਦ ਵੀ ਦਿੱਤਾ ਤੇ ਗੁਰਦੁਆਰੇ ਦੇ ਇਤਿਹਾਸ ਬਾਰੇ ਵੀ ਦੱਸਿਆ। ਸਾਨੂੰ ਉਹ ਕੁਝ ਖਾਣ ਪੀਣ ਲਈ ਬੜਾ ਜ਼ੋਰ ਪਾ ਰਹੀ ਸੀ ਤੇ ਵਾਰ ਵਾਰ ਇਹੋ ਕਹਿੰਦੀ ਸੀ ਕਿ ਬਾਬੇ ਦੀ ਮਿਹਰ ਨਾਲ ਕੋਈ ਕਮੀ ਨਹੀਂ। ਪਰ ਉਸ ਵੇਲੇ ਸਾਨੂੰ ਕੁਝ ਖਾਣ-ਪੀਣ ਦੀ ਜ਼ਰੂਰਤ ਵੀ ਨਹੀਂ ਸੀ, ਇਸ ਕਰਕੇ ਆਦਰ ਸਹਿਤ ਨਾਂਹ ਹੀ ਕੀਤੀ।
ਗੁਰਦੁਆਰੇ ਦੇ ਨਾਲ ਬੜਾ ਵੱਡਾ ਸਰੋਵਰ ਹੈ ਤੇ ਇਹਦੀ ਬਣਤਰ ਵੀ ਬੜੀ ਵਧੀਆ ਲੱਗੀ ਪਰ ਹੁਣ ਤਾਂ ਸੁੱਕਾ ਪਿਆ ਸੀ। ਇਸਦੇ ਵਿਚ ਵੀ ਛੋਟੀਆਂ ਛੋਟੀਆਂ ਝਾੜੀਆਂ ਝੀਂਡੇ ਜਿਹੇ ਉਗੇ ਹੋਏ ਹਨ, ਪੌੜੀਆਂ 'ਤੇ ਵੀ ਘਾਹ ਉਗਿਆ ਹੋਇਆ ਹੈ। ਇਹ ਗੁਰਦੁਆਰਾ ਸ਼ਹਿਰ ਏਮਨਾਬਾਦ ਤੋਂ ਕੋਈ ਦੋ ਕੁ ਕਿਲੋਮੀਟਰ ਬਾਹਰ ਵਾਰ ਇਕੱਲਾ ਹੀ ਹੈ। ਇਸ ਦਾ ਇਤਿਹਾਸ ਇਸ ਤਰ੍ਹਾਂ ਦੱਸਦੇ ਹਨ ਕਿ ਬਾਬਾ ਨਾਨਕ ਜੀ ਪਹਿਲੀ ਉਦਾਸੀ ਸਮੇਂ ਤੇ ਫਿਰ ਚੌਥੀ ਉਦਾਸੀ ਸਮੇਂ ਇਥੇ ਆਏ ਸਨ। ਉਸ ਵਕਤ ਹਿੰਦੋਸਤਾਨ ਦੀ ਰਾਜਨੀਤਕ ਹਾਲਤ ਵੀ ਬੜੀ ਡਾਵਾਂ ਡੋਲ ਸੀ। ਬਾਬਰ ਨੇ ਉਦੋਂ ਹੀ ਹਮਲਾ ਕੀਤਾ ਸੀ। ਇਹ ਜ਼ਮੀਨ ਰੋੜਾਂ ਵਾਲੀ ਸੀ ਤੇ ਬਾਹਰ ਇਕਾਂਤ ਵਿਚ ਹੋਣ ਕਰਕੇ ਲੋਕਾਂ ਦਾ ਇਧਰ ਆਉਣਾ ਜਾਣਾ ਘੱਟ ਸੀ। ਏਸ ਜਗ੍ਹਾ ਤੇ ਗੁਰੂ ਨਾਨਕ ਜੀਨੇ ਆਪਣਾ ਆਰਜ਼ੀ ਪੜਾਅ ਕੀਤਾ ਤੇ ਇਥੇ ਰੋੜ੍ਹਾਂ ਵਾਲੀ ਜ਼ਮੀਨ ਤੇ ਬਹਿ ਕੇ ਅਕਾਲ ਪੁਰਖ ਨਾਲ ਅਭੇਦ ਹੁੰਦੇ ਸੀ ਤੇ ਉਥੇ ਹੀ ਸੌਂ ਜਾਂਦੇ ਸੀ। ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚ ਵੀ ਇਸੇ ਥਾਂ ਦਾ ਜ਼ਿਕਰ ਹੈ ਜਿਥੇ ਬਾਬੇ ਨਾਨਕ ਨੇ ਰੋੜ੍ਹਾਂ ਦੀ ਵਿਛਾਈ ਕੀਤੀ। ਇਸ ਜਗ੍ਹਾ ਤੇ ਬਾਬੇ ਨੇ ਬਾਬਰ ਦੇ ਹਮਲੇ ਸਮੇਂ ਕੀਤੇ ਜ਼ੁਲਮਾਂ ਨੂੰ ਅੱਖੀਂ ਦੇਖਿਆ ਹੋਣਾਂ ਤੇ ਪਿੰਡੇ 'ਤੇ ਹੰਢਾਇਆ ਵੀ ਹੋਣਾ। ਹੋ ਸਕਦਾ ਹੈ ਕਿ ਇਸੇ ਜਗ੍ਹਾ ਤੋਂ ਬਾਬੇ ਨੂੰ ਫੜ ਕੇ ਕੈਦ ਕੀਤਾ ਗਿਆ ਹੋਵੇ। ਸਾਡੇ ਅੱਜ ਦੇ ਕਈ ਸੰਤ ਮਹਾਂਪੁਰਸ਼ ਜਿਹੜੇ ਬਾਬੇ ਨਾਨਕ ਦੇ ਪੰਥ ਦੇ ਪ੍ਰਚਾਰ ਵਿਚ ਦਿਨ ਰਾਤ ਲੱਗੇ ਹੋਏ ਹਨ, ਉਨ੍ਹਾਂ ਨੇ ਵੀ ਆਪਣੀਆਂ ਰਿਹਾਇਸ਼ਾਂ ਨੂੰ ਕੁਟੀਆਂ ਦਾ ਨਾਂ ਦਿੱਤਾ ਹੋਇਆ ਹੈ। ਇਹ ਵੱਖਰੀ ਗੱਲ ਹੈ ਕਿ ਦੁਨੀਆਂ ਦੀਆਂ ਸਾਰੀਆਂ ਸੁੱਖ ਸਹੂਲਤਾਂ ਉਨ੍ਹਾਂ ਕੁਟੀਆਨੁਮਾ ਮਹੱਲਾਂ ਵਿਚ ਬਾਬਿਆਂ ਲਈ ਮੌਜੂਦ ਹੁੰਦੀਆਂ ਹਨ।
ਗੁਰਦੁਆਰਾ ਰੋੜੀ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਅਸੀਂ ਏਮਨਾਬਾਦ ਸ਼ਹਿਰ ਨੂੰ ਚਲ ਪਏ ਤੇ ਕਾਦਿਰ ਭਾਈ ਨੇ ਪੁਲਿਸ ਵਾਲੇ ਨੂੰ ਵੀ ਨਾਲ ਹੀ ਟੈਕਸੀ ਵਿਚ ਬਿਠਾ ਲਿਆ। ਅਸੀਂ ਇਕ ਬਾਜ਼ਾਰ ਲੰਘ ਕੇ ਟੈਕਸੀ 'ਚੋਂ ਉਤਰ ਗਏ ਕਿਉਂਕਿ ਅੱਗੇ ਬੜੀਆਂ ਭੀੜੀਆਂ ਗਲੀਆਂ ਸਨ ਅਤੇ ਰਿਹਾਇਸ਼ੀ ਮੁਹੱਲੇ ਵਿਚ-ਵਿਚ ਕਰਿਆਨੇ, ਦਰਜੀ, ਮੁਨਿਆਰੀ ਤੇ ਕੱਪੜੇ ਦੀਆਂ ਦੁਕਾਨਾਂ ਸਨ। ਪੁਲਿਸ ਵਾਲਾ ਸਿਵਲ ਕੱਪੜਿਆਂ ਵਿਚ ਹੀ ਸੀ ਪਰ ਸਰਕਾਰੀ ਏ. ਕੇ. ਸੰਤਾਲੀ ਉਹਦੇ ਕੋਲ ਸੀ। ਉਹ ਅੱਗੇ-ਅੱਗੇ ਤੇ ਅਸੀਂ ਪਿੱਛੇ-ਪਿੱਛੇ ਜਾਈ ਜਾਂਦੇ ਸੀ। ਗਲੀਆਂ ਵਿਚੋਂ ਲੰਘਦਿਆਂ ਨੂੰ ਵੀ ਲੋਕੀਂ ਖਾਸ ਤਵੱਜੋ ਨਾਲ ਦੇਖਦੇ। ਉਸ ਬਾਜ਼ਾਰ ਜਾਂ ਗਲੀ ਦਾ ਹੁਲੀਆ ਵੀ ਸਾਡੇ ਕਿਸੇ ਛੋਟੇ ਕਸਬੇ ਦੇ ਪੁਰਾਣੇ ਬਾਜ਼ਾਰ ਵਰਗਾ ਹੀ ਸੀ। ਇੱਟਾਂ ਦੀਆਂ ਪੱਕੀਆਂ ਗਲੀਆਂ ਸਨ ਤੇ ਦੋਹੀਂ ਪਾਸੀਂ ਨਾਲੀਆਂ ਸਨ। ਤੁਰੇ ਜਾਂਦਿਆਂ ਨੂੰ ਸਾਨੂੰ ਕਿਸੇ ਨੇ ਵੀ ਨਹੀਂ ਸੀ ਬੁਲਾਇਆ, ਸ਼ਾਇਦ ਸਕਿਉਰਿਟੀ ਵਾਲਾ ਨਾਲ ਹੋਣ ਕਰਕੇ।
ਮਗਰੋਂ ਕਾਦਿਰ ਭਾਈ ਨੇ ਦੱਸਿਆ ਕਿ ਕਈ ਵਾਰੀ ਲੋਕੀਂ ਦੋ-ਤਿੰਨ ਸਰਦਾਰਾਂ ਨੂੰ ਦੇਖ ਕੇ ਕਈ ਸਵਾਲ ਪੁੱਛਣ ਲੱਗ ਜਾਂਦੇ ਆ। ਕਈ ਭੀੜੀਆਂ ਗਲੀਆਂ ਲੰਘ ਕੇ ਇਕ ਗਲੀ ਦੇ ਪਾਸੇ ਛੋਟਾ ਨਿਸ਼ਾਨ ਸਾਹਿਬ ਝੂਲਦਾ ਦਿਸ ਪਿਆ। ਬਾਹਰ ਵਾਰ ਗੇਟ ਨੂੰ ਜਿੰਦਾ ਲੱਗਾ ਹੋਇਆ ਸੀ ਤੇ ਉਹਦੀ ਕੁੰਜੀ ਵੀ ਸਕਿਉਰਿਟੀ ਵਾਲੇ ਕੋਲ ਹੀ ਸੀ। ਉਹਨੇ ਜਿੰਦਾ ਖੋਲ੍ਹਿਆ। ਅੰਦਰ ਛੋਟਾ ਜਿਹਾ ਵਿਹੜਾ ਹੈ ਤੇ ਇਕ ਕਮਰਾ, ਇਹੋ ਹੀ ਗੁਰਦੁਆਰਾ 'ਚੱਕੀ ਸਾਹਿਬ' ਹੈ। ਇਥੇ ਹੀ ਬਾਬੇ ਨੂੰ ਬਾਬਰ ਨੇ ਕੈਦ ਕਰਕੇ ਚੱਕੀ ਪਿਸਵਾਈ ਸੀ। ਕੁੰਡਾ ਖੋਲ੍ਹ ਕੇ ਕਮਰੇ ਅੰਦਰ ਚਲੇ ਗਏ। ਉਥੇ ਹੋਰ ਕੁਝ ਨਹੀਂ, ਸਾਰਾ ਖਾਲੀ ਹੈ। ਇਕ ਪਾਸੇ ਵਲ ਨੂੰ ਫਰਸ਼ ਤੇਹੀ ਛੋਟਾ ਜਿਹਾ ਕੱਪੜਾ ਵਿਛਾਇਆ ਹੋਇਆ ਸੀ, ਸ਼ਾਇਦ ਏਸ ਯਾਦ ਵਜੋਂ ਕਿ ਇਸੇ ਥਾਂ 'ਤੇ ਬਾਬੇ ਨੇ ਚੱਕੀ ਪੀਸੀ ਹੋਵੇ। ਕੱਪੜੇ ਉਪਰ ਹੀ ਪੰਜ ਚਾਰ ਪਾਕਿਸਤਾਨੀ ਕਰੰਸੀ ਦੇ ਨੋਟ ਪਏ ਸੀ ਜੋ ਕਿਸੇ ਸਿੱਖ ਸ਼ਰਧਾਲੂ ਨੇ, ਜੋ ਕਿਤੇ ਪਹਿਲਾਂ ਆਇਆ ਹੋਊਗਾ, ਚੜ੍ਹਾਏ ਹੋਣਗੇ। ਉਸ ਸਕਿਉਰਿਟੀ ਵਾਲੇ ਨੇ ਹੀ ਦੱਸਿਆ ਕਿ ਗੁਰਦੁਆਰਾ ਉਦਾਂ ਤਾਂ ਬੰਦ ਹੀ ਰਹਿੰਦਾ ਹੈ, ਕਦੇ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੋਇਆ। ਜਦੋਂ ਕੋਈ ਸਿੱਖ ਯਾਤਰੀ ਕਹਿੰਦਾ ਹੈ ਤਾਂ ਆ ਕੇ ਖੋਲ੍ਹ ਕੇ ਦਰਸ਼ਨ ਕਰਵਾ ਦੇਈਦੇ ਆ। ਵੱਡੇ ਜਥੇ ਇੱਥੇ ਘੱਟ-ਵਧ ਹੀ ਆਉਂਦੇ ਹਨ ਕਿਉਂਕਿ ਆਉਣ ਦਾ ਰਸਤਾ ਬੜਾ ਭੀੜਾ ਤੇ ਜ਼ਿਆਦਾ ਲੋਕਾਂ ਦਾ ਸਕਿਉਰਿਟੀ ਪੱਖੋਂ ਵੀ ਲਿਆਉਣਾ ਠੀਕ ਨਹੀਂ ਹੁੰਦਾ। ਇਹ ਏਰੀਆ ਸਾਰਾ ਰਿਹਾਇਸ਼ੀ ਹੈ ਪਰ ਉਹ ਕਹਿੰਦਾ ਸੀ ਕਿ 1947 ਤੋਂ ਪਹਿਲਾਂ ਦਸਦੇ ਨੇ ਕਿ ਇਥੇ ਵੀ ਦੀਵਾਨ ਲਗਦਾ ਹੁੰਦਾ ਸੀ। ਉਸ ਥਾਂ ਤੇ ਖੜੋ ਕੇ ਇਹ ਅਹਿਸਾਸ ਹੋ ਗਿਆ ਕਿ ਭਾਈ ਗੁਰਦਾਸ ਜੀ ਦੀਆਂ ਵਾਰਾਂ ਕਿੰਨੀ ਸੱਚਾਈ ਬਿਆਨ ਕਰਦੀਆਂ ਹਨ "ਜਿੱਥੇ ਬਾਬਾ ਪੈਰ ਧਰੈਪੂਜਾ ਆਸਣ ਥਾਪਣ ਹੋਆ।"
ਮਨ ਵਿਚ ਖਿਆਲ ਆਇਆ ਕਿ ਬਾਬਾ ਨਾਨਕ ਇਕ ਸਾਧੂ ਸੰਤ ਫਕੀਰ ਤੇ ਬਾਬਰ ਇਕ ਮੁਗਲ ਸ਼ਹਿਨਸ਼ਾਹ, ਜਿਸ ਦੇ ਹੁਕਮ ਅੱਗੇ ਸਾਰਾ ਹਿੰਦੋਸਤਾਨ ਦਹਿਲ ਕੇ ਝੁਕ ਗਿਆ ਤੇ ਹੈਦਰੀ ਝੰਡਾ 300 ਸਾਲ ਹਿੰਦੁਸਤਾਨ 'ਤੇ ਝੁੱਲਿਆ। ਜਿਸ ਦੇਸ਼ ਵਿਚ ਅਸੀਂ ਖੜੇ ਸੀ, ਉਹ ਵੀ ਮੁਸਲਮਾਨ ਮੁਲਕ, ਕਿਤੇ ਵੀ ਬਾਬਰ ਦੀ ਯਾਦ ਵਿਚ ਕੁਝ ਨਹੀਂ ਬਣਿਆ ਮਿਲਿਆ ਤੇ ਉਹ ਜੇਲ੍ਹ ਅੱਜ ਵੀ ਇਬਾਦਤਗਾਹ ਹੈ ਜਿਥੇ ਬਾਬੇ ਨਾਨਕ ਨੂੰ ਕੈਦ ਕੀਤਾ। ਇਹੋ ਹੀ ਦੁਨਿਆ ਵੀ ਬਾਦਸ਼ਾਹੀਆਂ ਤੇ ਰੱਬੀ ਪਾਤਸ਼ਾਹੀਆਂ ਵਿਚ ਫਰਕ ਹੈ। ਗੁਰਦੁਆਰੇ ਦੇ ਬਾਹਰਲੇ ਦਰਵਾਜ਼ੇ ਦੇ ਨਾਲ ਹੀ ਇਕ ਛੋਟੀ ਜਿਹੀ ਹੱਟੀ ਹੈ ਜਿਸ 'ਤੇ ਉਹਦਾ ਮਾਲਕ ਜੋ ਅੱਧਖੜ ਜਿਹਾ ਕੁੱਲੇ ਵਾਲੀ ਟੋਪੀ ਲੈ ਕੇ ਬੈਠਾ ਸੀ, ਸਾਨੂੰ ਬਿਟਰ ਬਿਟਰ ਦੇਖਦਾ ਹੀ ਰਿਹਾ। ਬਾਹਰ ਨਿਕਲ ਕੇ ਸਕਿਉਰਿਟੀ ਵਾਲੇ ਨੇ ਫਿਰ ਦਰਵਾਜ਼ੇ ਨੂੰ ਜਿੰਦਾ ਲਾ ਦਿੱਤਾ ਤੇ ਵਾਪਿਸ ਅਸੀਂ ਉਨ੍ਹਾਂ ਗਲੀਆਂ ਰਾਹੀਂ ਟੈਕਸੀ ਕੋਲ ਆ ਗਏ। ਉਥੋਂ ਬੈਠ ਕੇ ਸ਼ਹਿਰ ਦੇ ਵਿਚੋ-ਵਿਚੀ ਸਾਨੂੰ ਇਕ ਹੋਰ ਥਾਂ ਲਿਜਾ ਕੇ ਉਤਾਰ ਲਿਆ।
ਇਹ ਇਕ ਪੁਰਾਣਾ ਮੁਹੱਲਾ ਹੀ ਸੀ ਤੇ ਛੋਟੇ ਛੋਟੇ ਨਿਆਣੇ ਵੀ ਗਲੀ ਵਿਚ ਖੇਡਦੇ ਸਨ। ਸਾਨੂੰ ਦੇਖ ਕੇ ਖੇਡਣੋਂ ਹਟ ਗਏ ਤੇ ਦੇਖਣ ਲਗ ਪਏ। ਇਕ ਮੁੰਡਾ ਤਕਰੀਬਨ 12-14 ਸਾਲ ਦਾ ਹੋਣਾ। ਕਮੀਜ਼ ਸਲਵਾਰ ਪਾਈ ਓ ਸੀ, ਸਿਰ 'ਤੇ ਟੋਪੀ ਵੀ ਸੀ, ਦੂਰੋਂ ਹੀ ਦੇਖ ਕੇ ਕੁਝ ਇਸ਼ਾਰਾ ਜਿਹਾ ਕਰਕੇ ਹੱਥ ਜੋੜ ਕੇ ਮੱਥੇ ਨੂੰ ਲਾਈ ਜਾਵੇ ਤੇ ਇਕ ਪਾਸੇ ਵਲ ਨੂੰ ਹੱਥ ਕਰਕੇ ਇਸ਼ਾਰਾ ਕਰੀ ਜਾਵੇ। ਸਕਿਉਰਿਟੀ ਵਾਲੇ ਨੇ ਦੱਸਿਆ ਕਿ ਇਸੇ ਮੁਹੱਲੇ ਦਾ ਰਹਿਣ ਵਾਲਾ ਤੇ ਸਿੱਧਾ ਹੈ। ਅਸਲ ਵਿਚ ਉਹ ਸਾਨੂੰ ਦੱਸ ਰਿਹਾ ਸੀ ਕਿ ਗੁਰਦੁਆਰਾ ਇਧਰ ਹੈ। ਇਸ ਗੁਰਦੁਆਰੇ ਦਾ ਨਾਂ ਸਕਿਉਰਿਟੀ ਵਾਲੇ ਨੇ "ਗੁਰਦੁਆਰਾ ਭਾਈ ਲਾਲੋ ਦੀ ਖੂਹੀ" ਦੱਸਿਆ। ਇਹ ਘਰਾਂ ਦੇ ਵਿਚ ਘਰ ਵਰਗਾ ਹੀ ਹੈ। ਇਸਨੂੰ ਬਾਹਰੋਂ ਦਰਵਾਜ਼ੇ ਨੂੰ ਜਿੰਦਾ ਲੱਗਿਆ ਹੋਇਆ ਸੀ ਜੋ ਪੁਲਿਸ ਵਾਲੇ ਨੇ ਖੋਲ੍ਹਿਆ। ਅੰਦਰ ਇਕ ਖੂਹੀ ਹੈ, ਛੋਟਾ ਜਿਹਾ ਵਿਹੜਾ ਹੈ ਤੇ ਇਕ ਕਮਰਾ ਆਪਣੇ ਪਿੰਡਾਂ ਦੇ ਦਲਾਨ ਵਰਗਾ ਹੈ। ਉਨ੍ਹਾਂ ਨੇ ਦੱਸਿਆ ਕਿ ਇਹੋ ਭਾਈ ਲਾਲੋ ਦਾ ਘਰ ਵੀ ਸੀ ਤੇ ਕੰਮ ਕਰਨ ਵਾਲੀ ਜਗ੍ਹਾ ਵੀ। ਅੰਦਰ ਇਕ ਪਾਸੇ ਵਲ ਨੂੰ ਫਰਸ਼ ਤੇ ਹੀ ਚਾਦਰ ਵਿਛਾਈ ਹੋਈ ਸੀ ਤੇ ਸ਼ਾਇਦ ਇਕ ਗੁਰੂ ਨਾਨਕ ਜੀ ਦੀ ਫੋਟੋ ਵੀ ਸੀ ਜੋ ਕਿਸੇ ਸ਼ਰਧਾਲੂ ਸਿੱਖ ਯਾਤਰੀ ਨੇ ਰੱਖ ਦਿੱਤੀ ਹੋਣੀ ਹੈ।ਉਨ੍ਹਾਂ ਨੇ ਵੀ ਸਾਨੂੰ ਮਲਕ ਭਾਗੋ ਵਾਲੀ ਸਾਖੀ ਸੁਣਾਈ ਕਿ ਇਸੇ ਜਗ੍ਹਾ 'ਤੇ ਬਾਬੇ ਨੇ ਮਲਿਕ ਭਾਗੋ ਦੇ ਮਾਹਲ-ਪੂੜਿਆਂ 'ਚੋਂ ਲਹੂ ਨਿਚੋੜ ਕੇ ਦਿਖਾਇਆ ਤੇ ਭਾਈ ਲਾਲੋ ਦੀ ਸੁੱਕੀ ਰੋਟੀ ਵਿਚੋਂ ਦੁੱਧ-ਅੰਮ੍ਰਿਤ ਕੱਢਿਆ।
ਮਲਿਕ ਭਾਗੋ ਬਾਰੇ ਉਨ੍ਹਾਂ ਦੱਸਿਆ ਕਿ ਇਲਾਕੇ ਦਾ ਚੌਧਰੀ ਸੀ ਤੇ ਹਿੰਦੂ ਸੀ, ਬੜੀ ਵੱਡੀ ਜਗੀਰ ਦਾ ਮਾਲਕ ਸੀ ਤੇ ਮੁਜ਼ਾਰਿਆਂ ਤੇ ਬੜਾ ਜ਼ੁਲਮ ਵੀ ਕਰਦਾ ਪਰ ਧਰਮੀ ਹੋਣ ਦਾ ਢੌਂਗ ਵੀ ਰਚਦਾ। ਸਾਧੂਆਂ ਸੰਤਾਂ ਨੂੰ ਸੱਦ ਕੇ ਜੱਗ ਕਰਾਉਂਦਾ ਤੇ ਆਪਣੀ ਭੱਲ ਬਣਾਉਂਦਾ। ਸ਼ਾਇਦ ਬਾਬਾ ਨਾਨਕ ਜੀ ਉਹਦੇ ਪਾਖੰਡ ਨੂੰ ਹੀ ਨੰਗਾ ਕਰਨ ਲਈ ਉਥੇ ਪਹੁੰਚੇ ਹੋਣੇ ਨੇ। ਉਦੋਂ ਤਾਂ ਭਾਈ ਲਾਲੋ ਦਾ ਘਰ ਕੱਚਾ ਢਾਰਾ ਹੀ ਹੋਣਾ ਤੇ ਵਿਚੇ ਹੀ ਕੰਮਕਾਰ ਵਾਲਾ ਸੰਦ-ਸੰਦੇੜਾ ਵੀ। ਫਿਰ ਵੀ ਬਾਬੇ ਨੇ ਉਹਦਾ ਘਰ ਹੀ ਕਿਉਂ ਰਹਿਣ ਨੂੰ ਚੁਣਿਆ, ਜਦੋਂ ਕਿ ਇਲਾਕੇ ਦਾ ਅਮੀਰ ਮਲਿਕ ਭਾਗੋ ਉਨ੍ਹਾਂ ਨੂੰ ਆਪਣੇ ਮਹੱਲ ਵਿਚ ਰੱਖਣ ਲਈ ਤਰਲੇ ਕੱਢਦਾ ਹੋਵੇਗਾ। ਸ਼ਾਇਦ ਅੱਜ ਦਾ ਕੋਈ ਸਾਧ ਹੁੰਦਾ ਤਾਂ ਸਿੱਧਾ ਜਾਂਦਾ ਹੀ ਉਥੇ, ਪਰ ਬਾਬੇ ਨੇ ਤਾਂ ਕਿਰਤ ਦੀ ਵਡਿਆਈ ਦੁਨੀਆਂ ਨੂੰ ਦੱਸਣੀ ਸੀ। ਉਹਦੇ ਲਈ ਭਾਈ ਲਾਲੋ ਦਾ ਕੱਚਾ ਕੋਠਾ ਬਾਬੇ ਨੂੰ ਮਹੱਲ ਨਾਲੋਂ ਦਰੁਸਤ ਲੱਗਿਆ ਕਿਉਂਕਿ ਏਸ ਕੋਠੇ ਨੇ ਤਾਂ ਰਹਿੰਦੀ ਦੁਨੀਆਂ ਤਕ ਸੁੱਚੀ ਕਿਰਤ ਦਾ ਸੁਨੇਹਾ ਦੇਣਾ ਸੀ। ਜੇ ਸਮਾਜੀ ਤੌਰ 'ਤੇ ਦੇਖੀਏ ਤਾਂ ਲਾਲੋ ਦੀ ਹੈਸੀਅਤ ਕੀ ਸੀ? ਵਿਚਾਰਾ ਲੁਹਾਰੇ-ਤਰਖਾਣੇ ਦੀਆਂ ਸੇਪੀਆਂ ਕਰਕੇ ਲੋਕਾਂ ਤੋਂ ਦੋ ਮਣ ਦਾਣੇ ਕਮਾਉਂਦਾ ਸੀ ਤਾਂ ਰੋਟੀ ਦਾ ਜੁਗਾੜ ਬਣਦਾ ਹੋਣਾ। ਪਰ ਬਾਬੇ ਨੇ ਉਹਦੇ ਕੋਲ ਰਹਿ ਕੇ ਉਹਦੀ ਅੱਠਾਂ ਪਹਿਰਾਂ ਦੀ ਰੋਜ਼ਾਨਾ ਜ਼ਿੰਦਗੀ ਨੂੰ ਵੀ ਘੋਖਿਆ ਹੋਣਾ ਤਾਂ ਉਸ ਵਿਚ ਬ੍ਰਹਮ ਗਿਆਨੀ ਦੇ ਦਰਸ਼ਨ ਹੋਏ ਹੋਣੇ ਤਾਂਹੀਓ ਤਾਂ ਬਾਬੇ ਨੇ ਉਹਨੂੰ ਰਹਿੰਦੀ ਦੁਨੀਆਂ ਤਕ ਅਮਰ ਕਰ ਦਿੱਤਾ।
ਗੁਰੂ ਨਾਨਕ ਨੇ ਜਿੰਨੀ ਗੁਰਬਾਣੀ ਉਚਾਰੀ, ਕਿਸੇ ਵੀ ਦੁਨੀਆਂਦਾਰ ਬੰਦੇ ਨੂੰ ਨਾ ਸੰਬੋਧਿਤ ਕੀਤੀ ਤੇ ਨਾ ਹੀ ਕਿਤੇ ਨਾਮ ਲਿਆ ਪਰ ਭਾਈ ਲਾਲੋ ਦਾ ਨਾਮ ਗੁਰੂ ਗ੍ਰੰਥ ਸਾਹਿਬ ਵਿਚ 'ਸੱਤ' ਵਾਰ ਆਇਆ। ਜਿੰਨੀ ਦੇਰ ਦੁਨੀਆ ਰਹੂਗੀ, ਜੁੱਗੋ-ਜੁਗ ਅਟੱਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਰਹੇਗੀ ਤੇ ਭਾਈ ਲਾਲੋ ਦਾ ਨਾਂ ਵੀ। ਉਸ ਕਮਰੇ ਵਿਚ ਖੜ੍ਹ ਕੇ ਮਹਿਸੂਸ ਕੀਤਾ ਕਿ ਇਹ ਥਾਂ ਕਿੰਨੀ ਭਾਗਾਂ ਵਾਲੀ ਹੈ ਕਿ ਅਕਾਲ ਪੁਰਖ ਦੀ ਬਾਣੀ ਇਥੇ ਵੀ ਬਾਬੇ ਨਾਨਕ ਨੇ ਉਚਾਰੀ ਤੇ ਉਸ ਗਰੀਬੜੇ ਭਾਈ ਲਾਲੋ ਦੀ ਇਸੇ ਕੁੱਲੀ ਵਿਚੋਂ ਬਾਬਰ ਨੂੰ ਵੰਗਾਰਿਆ। ਉਸ ਦਾ ਹੀ ਅਸਰ ਪਿਆ ਕਿ ਸੰਨ 1699 ਨੂੰ ਕੁੱਲੀਆਂ ਵਾਲੇ ਹੀ ਸਿਰ ਲੈ ਕੇ ਗੁਰੂ ਗੋਬਿੰਦ ਸਿੰਘ ਦੇ ਸਨ ਮੁੱਖ ਪੇਸ਼ ਹੋਏ ਤੇ ਜ਼ੁਲਮੀ ਸਲਤਨਤ ਨੂੰ ਨੇਸਤੋ-ਨਾਬੂਦ ਕਰਨ ਲਈ ਸ਼ਮਸ਼ੀਰ ਉਠਾਈ। ਉਹੋ ਨਾਨਕ ਗਰਜ ਖਾਲਸੇ ਵਿਚ ਪ੍ਰਗਟ ਹੋਈ। ਉਸ ਜਗ੍ਹਾ ਤੇ ਖੜ੍ਹ ਕੇ ਭਾਈ ਲਾਲੋ ਦੀ ਸੁੱਚੀ ਕਿਰਤ ਨੂੰ ਅਸੀਂ ਫਿਰ ਸਜਦਾ ਕੀਤਾ ਤੇ ਚਾਲੇ ਪਾ ਲਏ।
ਇਸ ਤੋਂ ਬਾਅਦ ਸਾਡਾ ਕਰਤਾਰਪੁਰ ਜਾਣਦਾ ਪ੍ਰੋਗਰਾਮ ਸੀ। ਸਕਿਉਰਿਟੀ ਵਾਲਾ ਕਹਿੰਦਾ ਕਿ ਮੈਨੂੰ ਤਾਂ ਬਾਹਰ ਅੱਡੇ 'ਤੇ ਹੀ ਲਾਹ ਦਿਓ। ਉਥੋਂ ਆਪੇ ਹੀ ਕੁਝ ਪ੍ਰਬੰਧ ਕਰਕੇ ਗੁਰਦੁਆਰਾ ਰੋੜੀ ਸਾਹਿਬ ਚਲਾ ਜਾਵਾਂਗਾ। ਅਸੀਂ ਪੁਲਿਸ ਵਾਲੇ ਦਾ ਧੰਨਵਾਦ ਕੀਤਾ ਤੇ ਮੇਰੇ ਭਰਾ ਨੇ ਮੱਲੋ ਮੱਲੀ ਉਹਨੂੰ ਕੁਝ ਪੈਸੇ ਦੇ ਹੀ ਦਿੱਤੇ ਸੇਵਾ ਪਾਣੀ ਲਈ ਪਰ ਅਸੀਂ ਦਿਲੋਂ ਉਹਦੇ ਬੜੇ ਸ਼ੁਕਰ ਗੁਜ਼ਾਰ ਸੀ ਕਿ ਉਹ ਆਪ ਨਾਲ ਆ ਕੇ ਜਿੰਦੇ ਖੋਲ੍ਹ ਕੇ ਦਿਖਾਉਂਦਾ ਸੀ ਤੇ ਜਿੰਨੀ ਕੁ ਜਾਣਕਾਰੀ ਸੀ, ਉਹਵੀ ਦਿੰਦਾ ਸੀ। ਉਸ ਨੇ ਦੱਸਿਆ ਕਿ ਏਮਨਾਬਾਦ ਦੇ ਇਨ੍ਹਾਂ ਗੁਰਦੁਆਰਿਆਂ ਦੀ ਸਕਿਉਰਿਟੀ 'ਤੇ ਉਹਦੀ ਇਕੱਲੇ ਦੀ ਹੀ ਡਿਊਟੀ ਹੈ, ਗਾਹੇਬਗਾਹੇ ਵੱਡੇ ਅਫਸਰ ਚੈਕ ਕਰਨ ਆਉਂਦੇ ਹੀ ਰਹਿੰਦੇ ਹਨ। ਟੈਕਸੀ ਵਾਲੇ ਨੇ ਉਸ ਪੁਲਿਸ ਵਾਲੇ ਤੋਂ ਪਿੰਡਾਂ ਵਿਚੋਂ ਦੀ ਕਰਤਾਰਪੁਰ ਸਾਹਿਬ ਲਈ ਨੇੜਲਾ ਰਸਤਾ ਵੀ ਪੁੱਛ ਗਿਆ। ਅਸੀਂ ਚਾਹੁੰਦੇ ਵੀ ਇਹੋ ਸੀ ਕਿ ਪਿੰਡ ਥੋੜ੍ਹੇ ਨੇੜਿਉਂ ਦੇਖੇ ਜਾਣ। ਉਦੋਂ ਤਾਂ ਅਸੀਂ ਸਮਝਿਆ ਕਿ 40-50 ਕਿਲੋਮੀਟਰ ਹੀ ਹੋਣਾ ਪਰ ਬਾਅਦ 'ਚ ਪਤਾ ਲੱਗਾ ਕਿ ਇਹ ਨੇੜਲਾ ਰਸਤਾ ਵੀ ਸਵਾਸੌ ਕਿਲੋਮੀਟਰ ਤੋਂ ਵਧ ਹੈ।
ਜਿਸ ਸੜਕ 'ਤੇ ਸਾਡੀ ਟੈਕਸੀ ਜਾ ਰਹੀਸੀ, ਚੰਗੀ ਹਾਲਤ ਵਿਚ ਸੀ ਤੇ ਟਰੈਫਿਕ ਤਾਂ ਨਾਂ ਮਾਤਰ ਹੀ ਸੀ। ਜ਼ਿਆਦਾ ਤਰ ਪਿੰਡਾਂ ਦੇ ਲੋਕੀਂ ਹਾਂਡਾ ਮੋਟਰਸਾਈਕਲ ਹੀ ਚਲਾਉਂਦੇ ਦਿਸੇ। ਪਿੰਡਾਂ ਦੀਆਂ ਲਿੰਕ ਸੜਕਾਂ ਵੀ ਚੜ੍ਹਦੇ ਪੰਜਾਬ ਵਰਗੀਆਂ ਹੀ ਲੱਗੀਆਂ ਪਰ ਜਿੱਦਾਂ ਆਪਣੇ ਵਾਲੇ ਪਾਸੇ ਪਿੰਡਾਂ ਦੇ ਨਾਵਾਂ ਦੇ ਬੋਰਡ ਲੱਗੇ ਹੋਏ ਹਨ, ਇਸ ਤਰ੍ਹਾਂ ਦੇ ਉਧਰ ਨਹੀਂ ਦਿਸੇ। ਜਿੱਥੇ ਕਿਤੇ ਨਹਿਰ ਦਾ ਸੂਆ ਆਉਂਦਾ ਤਾਂ ਜ਼ਰੂਰ ਉਰਦੂ ਵਿਚ ਲਿਖਿਆ ਹੋਇਆ ਦਿਸਦਾ। ਇਸ ਸਾਰੇ ਸਫ਼ਰ ਵਿਚ ਅਸੀਂ ਤਿੰਨ ਕੁ ਪਿੰਡਾਂ ਵਿਚੋਂ ਨਿਕਲੇ ਤੇ ਉਹ ਜ਼ਿਆਦਾਤਰ ਉਸ ਸੜਕ ਤੋਂ ਥੋੜ੍ਹੇ ਹਟਵੇਂ ਹੁੰਦੇ ਸਨ। ਪਿੰਡਾਂ ਦੇ ਅੱਡਿਆਂ ਵਿਚ ਚਾਹ, ਸੋਡੇ, ਫਲਾਂ, ਸਬਜ਼ੀਆਂ ਤੇ ਕਰਿਆਨੇ ਦੀਆਂ ਦੁਕਾਨਾਂ ਵੀ ਦਿਸੀਆਂ। ਬੱਸ ਕੋਈ ਵਿਰਲੀ ਹੀ ਇਸ ਸੜਕ 'ਤੇ ਚਲਦੀ ਦਿਸੀ। ਉਸ ਵਕਤ ਝੋਨਾ ਤਿਆਰ ਹੋਇਆ ਪਿਆ ਸੀ। ਸੜਕ ਦੇ ਦੋਹੀਂ ਪਾਸੀਂ ਜਿੱਥੇ ਤਕ ਵੀ ਨਿਗ੍ਹਾ ਜਾਂਦੀ ਸੀ, ਝੋਨਾ ਹੀ ਝੋਨਾ ਦਿਸਦਾ ਸੀ, ਹੋਰ ਕੋਈ ਫਸਲ ਗੁਰਦੁਆਰਾ ਰੋੜੀ ਸਾਹਿਬ ਨਹੀਂ ਦਿਸੀ। ਕਿਤੇ-ਕਿਤੇ ਝੋਨਾ ਝਾੜਨਾ ਲੋਕਾਂ ਨੇ ਸ਼ੁਰੂ ਵੀ ਕੀਤਾ ਸੀ ਤੇ ਦੋ ਥਾਵਾਂ 'ਤੇ ਕੰਬਾਈਨ ਵੀ ਵੱਢਣ ਲੱਗੀ ਹੋਈ ਸੀ। ਕਾਦਿਰ ਭਾਈ ਨੇ ਦੱਸਿਆ ਕਿ ਇਹ ਜ਼ਿਆਦਾਤਰ ਬਾਸਮਤੀ ਹੈ, ਝੋਨਾ ਬੜਾ ਘੱਟ ਹੈ। ਜਿਹੜੇ ਪਿੰਡ ਕੁਝ ਨੇੜੇ ਦਿਸੇ, ਉਨ੍ਹਾਂ ਦੇ ਮਕਾਨ ਸੀ ਤਾਂ ਪੱਕੇ ਪਰ ਆਪਣੇ ਵਲ ਦੇ ਪਿੰਡਾਂ ਦੇ ਘਰਾਂ ਵਾਂਗੂ ਚਮਕਦਾ ਰੰਗ-ਰੋਗਨ ਨਹੀਂ ਸੀ ਕੀਤਾ ਹੋਇਆ। ਜ਼ਿਆਦਾਤਰ ਇੱਟਾਂ ਨੂੰ ਬਾਹਰੋਂ ਟੀਪ ਹੀ ਕੀਤੀ ਹੋਈ ਸੀ। ਚੜ੍ਹਦੇ ਪੰਜਾਬ ਦੇ ਪਿੰਡਾਂ ਵਾਲਾ 'ਕੋਠੀ ਕਲਚਰ' ਤਾਂ ਪੂਰੀ ਤਰ੍ਹਾਂ ਗਾਇਬ ਹੈ। ਪਿੰਡ ਆਉਂਦੇ ਵੀ 5-6 ਮੀਲਾਂ ਤੋਂ ਬਾਅਦ ਸੀ। ਜਿਸ ਸੜਕ 'ਤੇ ਅਸੀਂ ਜਾ ਰਹੇ ਸੀ, ਉਸ ਦੇ ਦੁਆਲੇ ਦਰਖਤ ਨਹੀਂ ਸਨ ਤੇ ਕਿਤੇ ਕਿਤੇ ਤਾਂ ਕੋਈ ਵੀ ਪਿੰਡ ਨਜ਼ਰ ਨਹੀਂ ਸੀ ਆਉਂਦਾ। ਪਿੰਡਾਂ ਵਿਚ ਕੁਝ ਘਰ ਜਾਂ ਪਸ਼ੂਆਂ ਦੇ ਕੋਠੇ ਕੱਚੇ ਵੀ ਲੱਗੇ ਪਰ ਬਹੁਤੇ ਨਹੀਂ। ਜਿਨ੍ਹਾਂ ਪਿੰਡਾਂ ਦੇ ਵਿਚੀਂ ਉਹ ਸੜਕ ਗਈ, ਉਥੇ ਕਈ ਹਵੇਲੀ ਨੁਮਾ ਘਰ ਵੀ ਦਿਸੇ। ਇਹ ਘਰ ਪਿੰਡਾਂ ਦੇ ਜਗੀਰ ਦਾਰਾਂ, ਚੌਧਰੀਆਂ ਦੇ ਸਨ। ਇੰਨੀ ਵਧੀਆ ਫਸਲ ਤੇ ਪਿੰਡ ਬੜੀ ਦੂਰ-ਦੂਰ, ਕਹਿਣ ਦਾ ਮਤਲਬ ਕਿ ਆਬਾਦੀ ਬੜੀ ਘੱਟ। ਇਹਦਾ ਮਤਲਬ ਸੀ ਕਿ ਲੋਕਾਂ ਕੋਲ ਜ਼ਮੀਨਾਂ ਦੇ ਟੱਕ ਵੱਡੇ ਹਨ, ਫਿਰ ਕਿਉਂ ਘਰ ਬਹੁਤੇ ਵਧੀਆ ਨਹੀਂ ਬਣਾਏ? ਇਹਦਾ ਜੁਆਬ ਵੀ ਕਾਦਿਰ ਭਾਈ ਨੇ ਦਿੱਤਾ ਕਿ ਇਥੇ ਅਜੇ ਜਗੀਰ ਦਾਰੀ ਸਿਸਟਮ ਚਲਦਾ ਹੈ। ਜ਼ਮੀਨ ਤਾਂ ਸਾਰੀ ਜਗੀਰ ਦਾਰਾਂ ਦੀ ਹੀ ਹੈ, ਲੋਕੀਂ ਤਾਂ ਮੁਜ਼ਾਰੇ ਹਨ, ਪਰ ਹੈਨ ਪੱਕੇ ਤੇ ਜ਼ਿਮੀਂਦਾਰ ਉਨ੍ਹਾਂ ਨੂੰ ਜ਼ਮੀਨ ਤੋਂ ਕੱਢ ਨਹੀਂ ਸਕਦਾ। ਉਹ ਜ਼ਿਮੀਂਦਾਰ ਨੂੰ ਫਸਲ ਦਾ ਹਿੱਸਾ ਦਿੰਦੇ ਹਨ। ਜ਼ਮੀਨ ਸਾਰੀ ਹੀ ਸਾਵੀਂ ਪੱਧਰੀ ਹੈ ਤੇ ਪਾਣੀ ਨਹਿਰਾਂ ਦਾ ਵੀ ਲੱਗਦਾ ਤੇ ਟਿਊਬਵੈਲਾਂ ਦਾ ਵੀ। ਬਿਜਲੀ ਨਾਲ ਚੱਲਣ ਵਾਲੇ ਟਿਊਬਵੈਲ ਕੋਈ ਵੀ ਨਹੀਂ ਦਿਸਿਆ। ਸਾਰੇ ਟਿਊਬਵੈਲ ਪੀਟਰ ਇੰਜਣਾਂ ਨਾਲ ਹੀ ਚੱਲਦੇ ਹਨ।
ਜ਼ਮੀਨੀ ਪਾਣੀ ਸਾਡੇ ਪੰਜਾਬ ਵਾਂਗ ਪਤਾਲ' ਚ ਨਹੀਂ ਪਹੁੰਚ ਚੁੱਕਾ ਕਿਉਂਕਿ ਸਾਰੇ ਪੱਖੇ (ਪੰਪ) ਜ਼ਮੀਨ 'ਤੇ ਹੀ ਪਏ ਸਨ ਤੇ ਚਾਰ ਇੰਚ ਦਾ ਪਾਈਪ ਪੂਰਾ ਭਰ ਕੇ ਪ੍ਰੈਸ਼ਰ ਮਾਰਦੇ ਸਨ। ਉਹ ਟਿਊਬਵੈਲ ਅਸਲ ਵਿਚ ਐਮਰਜੈਂਸੀ ਲਈ ਹੀ ਹਨ ਕਿਉਂਕਿ ਪਾਣੀ ਤਾਂ ਨਹਿਰਾਂ ਦਾ ਹੀ ਲੱਗਦਾ, ਜੇ ਕਦੇ ਨਹਿਰ 'ਚ ਪਾਣੀ ਨਾ ਹੋਵੇ ਤਾਂ ਚਲਾਉਂਦੇ ਹਨ। ਨਹਿਰਾਂ-ਸੂਏ ਸਾਨੂੰ ਕਾਫੀ ਦਿਸੇ। ਇਸ ਪਾਸੇ ਵਲ ਦੀਆਂ ਸਾਰੀਆਂ ਨਹਿਰਾਂ ਝਨਾਂ ਦਰਿਆ 'ਚੋਂਹੀ ਕੱਢੀਆਂ ਹੋਈਆਂ ਹਨ। ਹਾੜੀ ਦੀ ਫਸਲ ਕਣਕ ਹੀ ਹੈ ਭਾਵ ਕਿ ਕਣਕ-ਝੋਨੇ ਦਾ ਹੀ ਫਸਲੀ ਚੱਕਰ ਹੈ। ਪਾਣੀ ਦੀ ਵੀ ਕੋਈ ਕਮੀ ਨਹੀਂ। ਜਦੋਂ ਮੈਂ ਇਸ ਗੱਲ ਨੂੰ ਆਪਣੇ ਪੰਜਾਬ ਨਾਲ ਮੇਲ ਕੇ ਦੇਖਿਆ ਤਾਂ ਗੱਲ ਕੋਈ ਸਮਝਨਾ ਲੱਗੇ ਕਿਉਂਕਿ ਅੱਜ ਪੰਜਾਬੀਆਂ ਨੂੰ ਇਕੋ ਮੱਤ ਹੀ ਦੇਈ ਜਾਂਦੇ ਹਨ ਕਿ ਕਣਕ-ਝੋਨੇ ਦੇ ਫਸਲੀ ਚੱਕਰ 'ਚੋਂ ਨਿਕਲੋ, ਕਿਉਂਕਿ ਜ਼ਮੀਨ ਵਿਚਲਾ ਪਾਣੀ ਇਨ੍ਹਾਂ ਫਸਲਾਂ ਕਰਕੇ ਹੀ ਥੱਲੇ ਗਿਆ ਪਰ ਪਾਕਿਸਤਾਨ ਵਾਲੇ ਪੰਜਾਬ ਵਿਚ ਇਹ ਕਿਉਂ ਨਹੀਂ? ਜਿਹੜਾ ਚਲਵੀਂ ਨਜ਼ਰ ਵਿਚ ਮੈਨੂੰ ਲੱਗਾ ਉਹ ਹੈ ਗਾਂਧੀ ਵਾਦੀਆਂ ਦਾ ਪੰਜਾਬ ਨਾਲ ਫਰੇਬ।
(ਬਾਕੀ ਕਿਸ਼ਤ ਨੰ: 07 'ਚ)