ਵਿਛੜੇ ਗਰੁ ਧਾਮਾਂ ਦੇ ਦਰਸਨ ਦੀਦਾਰੇ ( ਕਿਸ਼ਤ ਨੰ: 05 )

ਸਫਰਨਾਮਾ -ਮਝੈਲ ਸਿੰਘ ਸਰਾਂ
(ਲੜੀ ਜੋੜਨ ਲਈ ਕਿਸ਼ਤ ਨੰ: 04 ਦੇਖੋ)

ਅਸੀਂ ਵਾਪਸ  ਗ੍ਰੰਥੀ ਸਿੰਘ ਨਾਲ ਲੰਗਰ  ਛਕਿਆ ਤੇ ਕਮਰੇ ਵਿਚ ਆ ਗਏ।  ਅਸੀਂ  ਦੇਖਿਆ ਕਿ  ਸੁਖ - ਆਸਨ ਵੇਲੇ ਜਿਹੜੇ 2 ਮੋਨੇ ਮੁੰਡੇ ਸੀ, ਉਹ ਵੀ ਇਕ ਰਿਹਾਇਸ਼ੀ ਕਮਰੇ ਵਿਚ ਸਨ ਤੇ ਉਨ੍ਹਾਂ ਦੇ ਮੰਜਿਆਂ -ਬਿਸਤਰਿਆਂ ਤੇ ਕਮਰੇ ਦੀਆਂ ਹੋਰ ਚੀਜ਼ਾਂ ਤੋਂ ਅੰਦਾਜ਼ਾ ਲਗਾਇਆ ਕਿ ਇਹ ਯਾਤਰੀ ਨਹੀਂ ਹਨ। ਫਿਰ ਮੈਂ ਉਨ੍ਹਾਂ ਦੇ ਕਮਰੇ ਵਿਚ ਚਲਾ ਗਿਆ ਕਿਉਂਕਿ ਦਰਵਾਜ਼ਾ ਖੁੱਲ੍ਹਾ ਸੀ। ਉਨ੍ਹਾਂ ਨੇ ਬੜੇ ਅਦਬ ਨਾਲ ਬਿਠਾਇਆ। ਅਸਲ ਵਿਚ ਮੈਂ ਉਨ੍ਹਾਂ ਬਾਰੇ ਜਾਣਨਾ ਚਾਹੁੰਦਾ ਸੀ। ਅੰਦਰੋਂ ਉਨ੍ਹਾਂ ਦਾ ਕਮਰਾ ਹੋਸਟਲ ਦੀ ਝਲਕ ਮਾਰਦਾ ਸੀ। ਮੈਂ ਪੁੱਛਿਆ ਕਿ ਉਹ ਇਥੇ ਕਿਵੇਂ ਰੁਕੇ ਹਨ ਤਾਂ ਇਕ ਜਣਾ, ਜਿਹੜਾ ਦੂਜੇ ਨਾਲੋਂ ਵੱਡਾ ਲੱਗਦਾ ਸੀ, ਕਹਿੰਦਾ ਕਿ ਅਸੀਂ ਦੋਵੇਂ ਭਰਾ ਹਾਂ ਤੇ ਨਨਕਾਣਾ ਸਾਹਿਬ ਦੇ ਹਾਂ। ਵੱਡੇ ਨੇ ਦੱਸਿਆ ਕਿ ਉਹ ਪੰਜਾਬ ਯੂਨੀਵਰਸਿਟੀ ਵਿਚ ਸੀ ਏ (ਚਾਰਟਰਡ ਅਕਾਊਂਟੈਂਟ) ਦੇ ਆਖਰੀ ਸਾਲ ਵਿਚ ਹੈ ਤੇ ਉਹਦਾ ਛੋਟਾ ਭਰਾ ਇਕ ਕਾਲਜ ਵਿਚ ਡਿਗਰੀ ਕਰਦਾ ਹੈ, ਉਸਨੇ ਦੱਸਿਆ ਕਿ ਅਸੀਂ ਅਰੋੜੇ ਹਾਂ। ਮੈਂ ਥੋੜ੍ਹਾ ਜਕਦੇ ਜਿਹੇ ਨੇ ਪੁੱਛ ਹੀ ਲਿਆ ਕਿ ਕੀ ਤੁਸੀਂ ਹਿੰਦੂ ਹੋ ਜਾਂ ਸਿੱਖ? ਤਾਂ ਉਹ ਕਹਿੰਦਾ ਕਿ ਓਦਾਂ ਤਾਂ ਅਸੀਂ ਸਿੱਖ ਹੀ ਹਾਂ ਪਰ ਜਦੋਂ ਅੰਮ੍ਰਿਤ ਛਕ ਕੇ ਗੁਰੂ ਚਰਨੀਂ ਲੱਗਾਂਗੇ ਤਾਂ ਸਾਡੇ ਨਾਂ ਨਾਲ ਸਿੰਘ ਲੱਗਣਾ ਹੈ ਤੇ ਅਸੀਂ ਕੇਸ ਰੱਖਣੇ ਹਨ। ਉਹਦਾ ਜੁਆਬ ਮੈਨੂੰ ਬਹੁਤਾ ਸਪੱਸ਼ਟ ਜਿਹਾ ਨਾ ਲੱਗਾ ਪਰ ਮੈਂ ਅਗੋਂ ਇਸ ਬਾਰੇ ਹੋਰ ਕੁਝ ਵੀ ਨਾ ਪੁੱਛਿਆ।

ਇਥੇ ਰਹਿਣ ਬਾਰੇ ਉਸ ਨੇ ਦੱਸਿਆ ਕਿ ਅਸੀਂ ਮੁਫਤ ਹੀ ਰਹਿੰਦੇ ਹਾਂ ਅਤੇ ਗੁਰਦੁਆਰੇ ਅਤੇ ਇਨ੍ਹਾਂ ਰਿਹਾਇਸ਼ੀ ਕਮਰਿਆਂ ਦੀ ਸਾਂਭ ਸੰਭਾਲ ਕਰਵਾ ਦਿੰਦੇ ਹਾਂ। ਉਸਨੇ ਹੀ ਸਾਨੂੰ ਦੱਸਿਆ ਕਿ ਜਿਹੜੇ ਦੋ ਦਿਨ ਪਹਿਲਾਂ ਲਾਹੌਰ ਵਿਚ ਬੰਬ ਧਮਾਕੇ ਹੋਏ ਹਨ, ਉਸ ਦੇ ਮੱਦੇ ਨਜ਼ਰ ਪੰਜਾਬ ਦੇ ਸਾਰੇ ਹੀ ਸਕੂਲ, ਕਾਲਜ ਇਕ ਹਫਤੇ ਲਈ ਬੰਦ ਕਰ ਦਿੱਤੇ ਗਏ ਹਨ ਤੇ ਕੱਲ੍ਹ ਨੂੰ ਉਹ ਵੀ ਆਪਣੇ ਘਰ ਨਨਕਾਣਾ ਸਾਹਿਬ ਜਾ ਰਹੇ ਹਨ। ਵੱਡਾ ਮੁੰਡਾ ਕਾਫੀ ਤੇਜ਼ ਲੱਗਦਾ ਸੀ। ਉਸਨੂੰ ਜਦੋਂ ਪੁੱਛਿਆ ਕਿ ਸੀ ਏ ਕਰਨ ਤੋਂ ਬਾਅਦ ਕੀ ਤੈਨੂੰ ਨੌਕਰੀ ਮਿਲਣ ਵਿਚ ਇਸ ਕਰਕੇ ਤਾਂ ਦਿੱਕਤ ਨਹੀਂ ਆਉਂਗੀ ਕਿ ਤੂੰ ਮੁਸਲਮਾਨ ਨਹੀਂ, ਤਾਂ ਉਹ ਕਹਿੰਦਾ ਕਿ ਪ੍ਰਾਈਵੇਟ ਕੰਪਨੀਆਂ ਤਾਂ ਕੰਮ ਦੇਖਦੀਆਂ, ਪੈਸੇ ਵੀ ਠੀਕ ਦਿੰਦੀਆਂ, ਉਂਜ ਸਰਕਾਰੀ ਨੌਕਰੀਆਂ ਲੈਣ ਵਿਚ ਵੀ ਕੋਈ ਦਿੱਕਤ ਨਹੀਂ। ਕਈ ਹਿੰਦੂ ਸਰਕਾਰੀ ਦਫਤਰਾਂ ਵਿਚ ਕੰਮ ਕਰਦੇ ਹਨ। ਉਸਨੇ ਇਹ ਵੀ ਦੱਸਿਆ ਕਿ ਪੰਜਾਬ ਵਿਚ ਸਿੱਖਾਂ ਦੀ ਗੱਲ ਸਰਕਾਰ ਬਹੁਤ ਸੁਣਦੀ ਹੈ। ਜਦੋਂ ਉਹ ਨੂੰ ਇਹ ਪੁੱਛਿਆ ਕਿ ਇਕ ਗੈਰ ਮੁਸਲਮਾਨ ਹੋਣ ਕਰਕੇ ਕੀ ਉਹ ਨੂੰ ਕਦੇ ਸ਼ਹਿਰ ਵਿਚ ਜਾਂ ਕਲਾਸ ਜਾਂ ਯੂਨੀਵਰਿਸਟੀ ਵਿਚ ਮੁਸਲਮਾਨਾਂ ਵਲੋਂ ਕੋਈ ਪ੍ਰੇਸ਼ਾਨੀ ਤਾਂ ਨਹੀਂ ਆਈ, ਤਾਂ ਉਹ ਨੇ ਸਾਫ ਕਿਹਾ ਕਿ ਇਕ ਤਾਂ ਮੋਨਾ ਹੋਣ ਕਰਕੇ ਛੇਤੀ ਕਿਸੇ ਨੂੰ ਵੀ ਮੇਰਾ ਪਤਾ ਹੀ ਨਹੀਂ ਲੱਗ ਦਾ ਪਰ ਜਿਵੇਂ ਕਲਾਸ ਵਿਚ ਤੇ ਮੇਰੇ ਟੀਚਰਾਂ ਨੂੰ ਮੇਰਾ ਪਤਾ ਹੈ ਤਾਂ ਉਹ ਸਗੋਂ ਮੇਰਾ ਉਚੇਚਾ ਖਿਆਲ ਰੱਖਦੇ ਹਨ। ਮੇਰੇ ਦੋਸਤ, ਜੋ ਅਕਸਰ ਮੁਸਲਮਾਨ ਹੀ ਹਨ, ਉਹ ਅੱਗੇ ਆਪਣੇ ਹੋਰ ਦੋਸਤਾਂ ਨੂੰ ਵੀ ਮੈਨੂੰ ਮਿਲਾਉਣ ਲਈ ਲਿਆਉਂਦੇ ਹਨ ਜੋ ਬੜੇ ਖੁਸ਼ ਹੋ ਕੇ ਮਿਲਦੇ ਹਨ। ਉਦਾਂ ਮੈਂ ਯੂਨੀਵਰਸਿਟੀ ਵਿਚ ਕੋਈ ਸਿੱਖ ਮੁੰਡਾ ਪੜ੍ਹਦਾ ਨਹੀਂ ਦੇਖਿਆ। ਇਸ ਦਾ ਕਾਰਨ, ਸਿੱਖ ਜ਼ਿਆਦਾ ਤਰ ਆਪਣੇ ਕਾਰੋਬਾਰ ਹੀ ਚਲਾਉਂਦੇ ਹਨ।

ਇਕ ਗੱਲ ਹੋਰ ਮੈਂ ਉਹਦੇ ਕੋਲੋਂ ਪੁੱਛੀ ਕਿ ਪਾਕਿਸਤਾਨ ਵਿਚ ਸਕੂਲੀ ਪੜ੍ਹਾਈ ਖਾਸ ਕਰਕੇ ਪੰਜਾਬ ਦੀ ਹਿਸਟਰੀ ਤੇ ਸਿੱਖਾਂ ਸੰਬੰਧੀ ਕਿਤਾਬਾਂ ਵਿਚ ਕਿਹੋ ਜਿਹਾ ਲਿਖਿਆ ਹੋਇਆ ਹੈ ਤਾਂ ਉਹ ਕਹਿੰਦਾ ਕਿ ਪੰਜਾਬ ਦੀ ਹਿਸਟਰੀ ਵਿਚ ਗੁਰੂਆਂ ਬਾਰੇ ਕੁਝ ਵੀ ਖਾਸ ਨਹੀਂ ਲਿਖਿਆ। ਬੰਦਾ ਸਿੰਘ ਬਹਾਦਰ ਨੂੰ ਇਕ ਨਾਇਕ ਨਹੀਂ, ਸਗੋਂ ਖਲਨਾਇਕ ਪੇਸ਼ ਕੀਤਾ ਹੋਇਆ ਹੈ। ਕਿਤੇ ਵੀ ਮੁਗਲ ਹਕੂਮਤ ਵਲੋਂ ਸਿੱਖਾਂ ਨਾਲ ਵਧੀਕੀ ਦੀ ਗੱਲ ਨਹੀਂ ਲਿਖੀ ਮਿਲਦੀ। ਅਹਿਮਦ ਸ਼ਾਹ ਅਬਦਾਲੀ ਨੂੰ ਕਿਸੇ ਹੋਰ ਲਹਿਜ਼ੇ ਨਾਲ ਪੇਸ਼ ਕੀਤਾ ਹੈ। ਉਹ ਕਹਿੰਦਾ ਕਿ ਇਹ ਕਿਤਾਬਾਂ ਪੜ੍ਹ ਕੇ ਤਾਂ ਲੱਗਦਾ ਹੀ ਨਹੀਂ ਕਿ ਸਿੱਖ ਧਰਮ ਵੀ ਅਹਿਮ ਹੈ। ਮੈਂ ਕਿਹਾ ਕਿ ਤੁਸੀਂ ਫਿਰ ਕਿਵੇਂ ਜਾਣਦੇ ਹੋ ਸਿੱਖਾਂ ਬਾਰੇ, ਗੁਰੂਆਂ ਬਾਰੇ। ਉਸ ਨੇ ਕਿਹਾ ਕਿ ਨਨਕਾਣਾ ਸਾਹਿਬ ਗੁਰਦੁਆਰੇ ਵਲੋਂ ਖਾਲਸਾ ਸਕੂਲ ਚਲਾਇਆ ਜਾਂਦਾ ਹੈ, ਜਿਥੇ ਨਿਰੋਲ ਸਿੱਖ ਧਰਮ ਬਾਰੇ ਹੀ ਪੜ੍ਹਾਇਆ ਜਾਂਦਾ ਹੈ, ਉਥੋਂ ਹੀ ਅਸਲੀਅਤ ਦਾ  ਪਤਾ ਲੱਗਦਾ ਹੈ।

ਮੈਂ ਪੁੱਛਿਆ ਕਿ ਇਥੋਂ ਦੇ ਲੋਕੀਂ, ਖਾਸ ਕਰਕੇ ਨੌਜਵਾਨ ਤਬਕਾ ਕਿਵੇਂ ਦੇ ਵਿਚਾਰ ਰੱਖਦਾ ਹੈ ਤਾਂ ਜੁਆਬ ਸੀ ਕਿ ਤਰੱਕੀ ਪੱਖੋਂ ਇਥੇ ਇਹ ਰਾਇ ਹੈ ਕਿ 1947 ਤੋਂ ਮਗਰੋਂ ਹਿੰਦੋਸਤਾਨ ਨੇ ਜੇ 100% ਵਿਕਾਸ ਕੀਤਾ ਹੈ ਤਾਂ ਪਾਕਿਸਤਾਨ ਉਸ ਦੇ ਮੁਕਾਬਲੇ 50% ਨੂੰ ਵੀ ਨਹੀਂ ਅੱਪੜਿਆ। ਭਾਰਤੀ ਅਰਥ ਵਿਵਸਥਾ ਪਾਕਿਸਤਾਨ ਨਾਲੋਂ ਕਈ ਗੁਣਾ ਬਿਹਤਰ ਹੈ। ਇਨਫਰਮੇਸ਼ਨ ਟੈਕਨਾਲੋਜੀ ਵਿਚ ਤਾਂ ਭਾਰਤ ਬਹੁਤ ਅਗੇ ਹੈ। ਉਹ ਕਹਿੰਦਾ ਕਿ ਇਹ ਆਮ ਲੋਕਾਂ ਦੀ ਰਾਇ ਹੈ।

ਭਾਵੇਂ ਨਵੀਂ ਥਾਂ ਸੀ ਪਰ ਮੈਨੂੰ ਨੀਂਦ ਠੀਕ ਤਰ੍ਹਾਂ ਨਾਲ ਆਈ। ਓਦਾਂ ਮੇਰੇ ਵਿਚ ਇਹ ਭੈੜ ਹੈ ਕਿ ਓਪਰੀ ਜਗ੍ਹਾ 'ਤੇ ਜਾ ਕੇ ਮੈਨੂੰ ਨੀਂਦ ਬਹੁਤ ਘੱਟ ਆਉਂਦੀ ਹੈ। ਅਸੀਂ 11 ਕੁ ਵਜੇ ਸੌਂ ਗਏ ਤੇ ਮੈਨੂੰ ਉਸ ਵੇਲੇ ਜਾਗ ਆਈ ਜਦੋਂ ਗੁਰਦੁਆਰੇ ਦੇ ਲਾਗੇ, ਕਿਸੇ ਮਸੀਤ ਦੇ ਲਾਊਡ ਸਪੀਕਰ ਤੋਂ ਮੌਲਵੀ ਨੇ 4 ਕੁ ਵਜੇ ਕੂਕ ਵਰਗੀ ਆਵਾਜ਼ ਵਿਚ ਅੱਲਾ-ਹੂ-ਅਕਬਰ ਦੀ ਬਾਂਗ ਦਿੱਤੀ। ਅਸਲ ਵਿਚ ਜ਼ਿੰਦਗੀ ਦਾ ਇਹ ਵੀ ਪਹਿਲਾ ਤਜਰਬਾ ਸੀ ਕਿ ਕੰਨਾਂ ਵਿਚ ਪਹਿਲੀ ਆਵਾਜ਼ ਕੁਰਾਨ ਦੇ ਲਫਜ਼ਾਂ ਦੀ ਪੈਣ ਨਾਲ ਜਾਗ ਆਈ ਹੋਵੇ। ਆਪਣੇ ਪਿੰਡਤਾਂ ਹਰ ਰੋਜ਼ ਗੁਰਦੁਆਰੇ ਤੋਂ ਤੜਕੇ ਸਭ ਤੋਂ ਪਹਿਲਾਂ ਭਾਈ ਨਗਾਰਾ ਵਜਾ ਕੇ ਜੈਕਾਰਾ ਗੂੰਜਾਉਂਦਾ ਹੈ ਤੇ ਫਿਰ ਨਿਤਨੇਮ ਦਾ ਪਾਠ ਕਰਦਾ ਹੈ। ਬਾਂਗ ਦੀ ਆਵਾਜ਼ ਤੋਂ ਅਹਿਸਾਸ ਹੋਇਆ ਕਿ ਪਾਕਿਸਤਾਨ ਵਿਚ ਸੁੱਤੇ ਪਏ ਹਾਂ। ਮੌਲਵੀ ਦੀ ਨਮਾਜ਼ ਪੜ੍ਹਨ ਦੀ ਆਵਾਜ਼ ਕਿੰਨੀ ਦੇਰ ਹੀ ਆਉਂਦੀ ਰਹੀ ਪਰ ਮੇਰੀ ਲੱਖ ਕੋਸ਼ਿਸ਼ ਦੇ ਬਾਵਜੂਦ ਕੁਝ ਵੀ ਪੱਲੇ ਨਹੀਂ ਪਿਆ। ਬੱਸ ਉਹੀ ਕੂਕ ਜਿਹੀ ਦੀ ਲੈਅ ਵਿਚ ਅੱਲਾ-ਹੂ-ਅਕਬਰ-ਅੱਲਾ ਦੀ ਗੱਲਹੀ ਦਿਮਾਗ ਵਿਚ ਪੈਂਦੀ ਸੀ। ਤੜਕਾ ਹੋਣ ਕਰਕੇ ਸਭ ਪਾਸੇ ਚੁੱਪ ਚਾਂਸੀ। ਉਸ ਵਿਚ ਲਾਊਡ ਸਪੀਕਰ ਵਿਚੋਂ ਨਮਾਜ਼ ਪੜ੍ਹਨ ਦੀ ਆਵਾਜ਼ ਜੇ ਮੇਰੇ ਕੰਨਾਂ ਨੂੰ ਬਹੁਤੀ ਮਿਠਾਸ ਨਹੀਂ ਦਿੰਦੀ ਸੀ ਤਾਂ ਮਾੜੀ ਵੀ ਨਹੀਂ ਲੱਗੀ। ਪਰ ਜੋ ਗੁਰਬਾਣੀ ਦੇ ਸ਼ਬਦ ਕੰਨਾਂ 'ਚ ਰਸ ਘੋਲਦੇ ਆ, ਖਾਸ ਕਰਕੇ ਜਦੋਂ ਆਪਾਂ ਕੁਦਰਤ ਦੇ ਨੇੜੇ ਹੋਈਏ, ਉਹ ਗੱਲ ਨਹੀਂ ਸੀ। ਇਥੇ ਮੈਂ ਆਪਣਾ ਤਜਰਬਾ ਦਸਦਾਂ ਕਿ ਕਈ ਵਾਰੀ ਸਿਆਲਾਂ ਨੂੰ ਜਦੋਂ ਬਿਜਲੀ ਦੀ ਵਾਰੀ ਰਾਤ ਨੂੰ ਹੋਣੀ ਤਾਂ ਸਾਰੀ ਰਾਤ ਕਣਕ ਨੂੰ ਪਾਣੀ ਲਾਉਣਾ। ਕਿਸੇ ਦੂਰ ਦੇ ਪਿੰਡ ਵਿਚੋਂ ਟਿਕੀ ਰਾਤ ਨੂੰ 3 ਕੁ ਵਜੇ ਤੜਕੇ ਸਪੀਕਰ ਤੇ ਗੁਰਬਾਣੀ ਦਾ ਪਾਠ ਹੋਣਾ ਤਾਂ ਮਨ ਨੂੰ ਠਰੰਹਮਾ ਮਿਲ ਜਾਣਾ, ਸਾਰੀ ਰਾਤ ਦੇ ਠਰੇ ਹੋਣ 'ਤੇ ਵੀ ਸਰੀਰ ਤਰੋਤਾਜ਼ਾ ਜਿਹਾ ਹੋ ਜਾਣਾ। ਕਈ ਪਾਠੀ ਪਾਠ ਕਰਦੇ ਵੀ ਬੜੀ ਲੈਅ ਵਿਚ ਹੁੰਦੇ, ਖਾਸ ਕਰਕੇ ਬਾਬਾ ਫਰੀਦ ਦੇ ਅਤੇ ਬਾਬਾ ਕਬੀਰ ਦੇ ਸ਼ਲੋਕ, ਜੇ ਕਿਤੇ ਬਾਹਰ ਖੇਤਾਂ ਵਿਚ ਰਾਤ ਨੂੰ ਕੰਮ ਕਰਦਿਆਂ ਨੇ ਸੁਣਨੇ ਤਾਂ ਕਿਆ ਬਾਤ ਹੁੰਦੀ ਸੀ। ਹੁਣ ਤਾਂ ਆਪਣੇ ਪਿੰਡਾਂ ਵਿਚ ਕਈ-ਕਈ ਗੁਰਦੁਆਰੇ ਬਣ ਗਏ ਤੇ ਸਵੇਰੇ ਸਾਝਰੇ ਹੀ ਲਾਊਡ ਸਪੀਕਰ ਮੁਕਾਬਲਾ ਸ਼ੁਰੂ ਹੋ ਜਾਂਦਾ ਹੈ।

ਮੈਂ ਜਾਗਦਾ ਮੰਜੇ 'ਤੇ ਪਿਆ ਹੀ ਸੀ ਤਾਂ ਮੈਨੂੰ ਚੇਤਾ ਆ ਗਿਆ ਕਿ 7 ਵਜੇ ਤਾਂ ਕਾਦਿਰ ਭਾਈ ਨੇ ਆ ਜਾਣਾ। ਨਾਲੇ ਉਹ ਜਾਣ ਲੱਗਾ ਕਹਿ ਵੀ ਗਿਆ ਸੀ ਕਿ ਤੁਸੀਂ ਬਾਹਰਲੇ ਮੁਲਕਾਂ ਵਿਚ ਰਹਿਣ ਵਾਲੇ ਟਾਈਮ ਦੀ ਬਹੁਤ ਕਦਰ ਕਰਦੇ ਹੋ ਤੇ ਸਮੇਂ ਦੇ ਜ਼ਿਆਦਾ ਪਾਬੰਦ ਹੋ, ਇਸ ਖਿਆਲ ਨਾਲ ਮੈਂ ਉਠਣਾ ਹੀ ਠੀਕ ਸਮਝਿਆ ਕਿ ਉਹ ਦੇ ਮਨ ਤੇ ਸਾਡੇ ਟਾਈਮ ਦੇ ਪਾਬੰਦ ਹੋਣ ਦਾ ਲੇਬਲ ਲੱਗਾ ਹੀ ਰਹੇ ਤਾਂ ਚੰਗਾ ਹੈ। ਨਹੀਂ ਤਾਂ ਜਿੰਨੀ ਕੁ ਅਸੀਂ ਟਾਈਮ ਦੀ ਪਾਬੰਦੀ ਦੇ ਮਾਲਕ ਹਾਂ, ਉਹ ਤਾਂ ਸਾਨੂੰ ਹੀ ਪਤਾ ਹੈ ਕਿ ਮਜਬੂਰੀ ਦਾ ਨਾਂ ਸ਼ੁਕਰੀਆ ਹੁੰਦੈ। ਬਾਹਰ ਤਾਂ ਸਮੇਂ ਦੀ ਕਦਰ ਇਸ ਕਰਕੇ ਹੁੰਦੀ ਏ ਕਿ ਜੇ ਕੋਈ 5 ਮਿੰਟ ਕੰਮ 'ਤੇ ਲੇਟ ਪਹੁੰਚੇ ਤਾਂ ਅਗਲਿਆਂ ਨੇ 15 ਮਿੰਟਾਂ ਦੇ ਪੈਸੇ ਕੱਟ ਲੈਣੇ ਹੁੰਦੇ ਹਨ ਤੇ ਪੈਸੇ ਕਟਾਉਣੇ ਤਾਂ ਸਾਡੇ ਲਈ ਮੌਤ ਬਰਾਬਰ ਹੁੰਦੇ ਆ। ਫਿਰ ਮੈਂ ਉਠ ਪਿਆ ਤੇ ਆਪਣੇ ਭਰਾ ਨੂੰ ਵਾਜ਼ ਮਾਰੀ ਤਾਂ ਉਹ ਵੀ ਜਾਗਦਾ ਹੀ ਸੀ। ਨਾਲੇ ਮੈਨੂੰ ਇਹ ਵੀ ਪਤਾ ਸੀ ਕਿ ਮੇਰੇ ਭਰਾ ਨੇ ਨਿਤਨੇਮ ਦੀਆਂ ਬਾਣੀਆਂ ਦਾ ਪਾਠ ਤਾਂ ਹਰ ਹਾਲਤ ਵਿਚ ਕਰਨਾ ਹੈ ਤੇ ਉਨ੍ਹਾਂ ਨੂੰ ਕਿਹਾ ਕਿ ਉਠੀਏ ਤੇ ਤਿਆਰ ਹੋਈਏ। ਗੱਲ ਕੀ ਅਸੀਂ 6:30 ਵਜੇ ਤਕ ਤਿਆਰ-ਬਿਆਰ ਹੋ ਕੇ ਅਟੈਚੀ ਬੰਦ ਕਰਕੇ ਕਮਰੇ ਤੋਂ ਬਾਹਰ ਆ ਗਏ।

ਗ੍ਰੰਥੀ ਸਿੰਘ ਨੇ ਲਾਂਗਰੀ ਹੱਥ ਸਾਡੇ ਲਈ ਚਾਹ ਪਹਿਲਾਂ ਹੀ ਭੇਜ ਦਿੱਤੀ ਸੀ। ਹੁਣ ਬਾਹਰ ਨਿਕਲ ਕੇ ਦਿਨ ਹੋਣ ਕਰਕੇ ਆਲਾ-ਦੁਆਲਾ ਸਾਫ ਦਿਸਦਾ ਸੀ। ਉਥੋਂ ਦੇ ਗ੍ਰੰਥੀ ਸਿੰਘ ਭਾਈ ਬਲਜਿੰਦਰ ਸਿੰਘ ਤੇ ਕਾਦਿਰ ਭਾਈ ਨੇ ਦੱਸਿਆ ਕਿ ਜਿੱਥੇ ਇਹ ਗੁਰਦੁਆਰਾ ਸ਼ਹੀਦ ਗੰਜ ਸਿੰਘ-ਸਿੰਘਣੀਆਂ ਬਣਿਆ ਹੋਇਆ ਹੈ, ਇਥੇ ਮੀਰ ਮਨੂੰ ਦੀ ਜੇਲ੍ਹ ਸੀ ਜਿਸ ਦੀਆਂ ਕੋਠੜੀਆਂ ਅਜੇ ਵੀ ਉਥੇ ਹਨ ਤੇ ਕਾਫੀ ਨੀਵੀਆਂ ਵੀ ਹਨ। ਬਸ ਭੋਰੇ ਵਾਂਗਰ ਬੰਦ ਹੀ ਹਨ। ਇਹ ਜੇਲ੍ਹ ਸਿਰਫ ਸਿੱਖਾਂ ਲਈ ਹੀ ਬਣਾਈ ਹੋਈ ਸੀ। ਇਹ ਕੋਠੜੀਆਂ ਦੇਖਣ ਲਈ ਅਸੀਂ ਵਿਚ ਵੜ ਗਏ। ਅਸਲ ਵਿਚ ਇਹੋ ਹੀ ਉਹ ਕੋਠੜੀਆਂ ਹਨ ਜਿਥੇ ਸਿੱਖ ਬੀਬੀਆਂ ਨੂੰ ਉਨ੍ਹਾਂ ਦੇ ਬੱਚਿਆਂ ਸਮੇਤ ਕੈਦ ਕਰਕੇ ਉਨ੍ਹਾਂ ਤੋਂ ਸਵਾ ਸਵਾ ਮਣ ਦੇ ਪੀਸਣੇ ਪਿਸਵਾਏ ਜਾਂਦੇ ਸਨ ਤੇ 8 ਪਹਿਰਾਂ ਵਿਚ ਇਕ ਰੋਟੀ ਖਾਣ ਨੂੰ ਦਿੱਤੀ ਜਾਂਦੀ ਸੀ। ਉਨ੍ਹਾਂ ਕੋਠੜੀਆਂ ਵਿਚ ਦੋ ਥਾਂਵਾਂ 'ਤੇ ਚੱਕੀ ਦੇ ਪੁੜ ਵੀ ਪਏ ਸਨ ਪਰ ਟੁੱਟੇ ਹੋਏ ਤੇ ਕਾਫੀ ਭਾਰੇ ਵੀ ਲੱਗਦੇ ਸਨ। ਇਕ ਗੱਲ ਜਿਹੜੀ ਕਾਦਿਰ ਭਾਈ ਨੇ ਨਵੀਂ ਦੱਸੀ ਉਹ ਸੀ ਚੱਕੀ ਦੇ ਉਪਰਲੇ ਪੁੜ ਦਾ ਭਾਰ, ਜਿਸ ਨੂੰ ਹੱਥ ਨਾਲ ਘੁਮਾਉਣਾ ਹੁੰਦਾ ਹੈ, ਸਵਾ ਮਣ ਪੱਕਾ ਸੀ, ਮਤਲਬ ਅੱਧੇ ਕੁਇੰਟਲ ਦੇ ਨੇੜੇ ਤੇੜੇ, ਜਿਸ ਨੂੰ ਸਾਰਾ ਦਿਨ ਬੀਬੀਆਂ ਘੁਮਾ ਕੇ ਆਟਾ ਪੀਂਹਦੀਆਂ ਸੀ ਤੇ ਕੁੱਛੜ ਹੁੰਦੇ ਸੀ ਦੁੱਧ-ਚੁੰਘਦੇ ਨਿਆਣੇ। ਇਹ ਉਹ ਸਮਾਂ ਸੀ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ ਜਾਣ ਕਰਕੇ ਸਿੱਖ ਰੂਪੋਸ਼ ਹੋ ਕੇ ਘਰਾਂ ਤੋਂ ਚਲੇ ਗਏ ਸਨ ਤੇ ਹਕੂਮਤ ਨੇ ਪਿੱਛੇ ਰਹਿੰਦੀਆਂ ਸਿੱਖ ਬੀਬੀਆਂ ਤੇ ਬੱਚਿਆਂ ਨੂੰ ਕੈਦ ਕਰ ਲਿਆਂਦਾ ਸੀ। ਇਹੀ ਉਹ ਥਾਂ ਹੈ ਜਿੱਥੇ ਸਿੱਖ ਬੀਬੀਆਂ ਕੋਲੋਂ ਉਨ੍ਹਾਂ ਦੇ ਬੱਚਿਆਂ ਨੂੰ ਖੋਹ ਕੇ ਉਪਰ ਹਵਾ ਵਿਚ ਉਲਾਰ ਕੇ ਸੁੱਟਦੇ ਸੀ ਤੇ ਥੱਲੇ ਡਿੱਗਣ ਵੇਲੇ ਬਰਛਾ ਕਰ ਦਿੰਦੇ ਸਨ ਜਿਸ ਵਿਚ ਬੱਚਾ ਪਰੁੰਨਿਆ ਜਾਂਦਾ ਸੀ ਤੇ ਉਹਦੀਆਂ ਆਂਦਰਾਂ ਬਾਹਰ ਖਿੱਚ ਕੇ ਉਹਦੀ ਹੀ ਬੇਬਸ ਮਾਂ ਦੇ ਗਲ ਵਿਚ ਪਾ ਦਿੱਤੀਆਂ ਜਾਂਦੀਆਂ ਤੇ ਫਿਰ ਚੱਕੀ ਪੀਹਣ ਲਾ ਦਿੱਤਾ ਜਾਂਦਾ। ਇਕੋ ਹੀ ਸਵਾਲ ਉਨ੍ਹਾਂ ਮੂਹਰੇ ਰੱਖਿਆ ਜਾਂਦਾ ਕਿ ਤੁਹਾਡੇ ਸਿੱਖ ਖਤਮ ਹੋ ਗਏ, ਤੁਸੀਂ ਮੁਸਲਮਾਨ ਬਣ ਜਾਓ, ਕੀ ਰੱਖਿਆ ਹੁਣ ਸਿੱਖੀ ਵਿਚ। ਇਤਿਹਾਸ ਗਵਾਹ ਹੈ ਕਿ ਇਕ ਵੀ ਬੀਬੀ ਡੋਲੀ ਨਹੀਂ ਤੇ ਉਨ੍ਹਾਂ ਦਾ ਅੰਤ ਵੀ ਇਨ੍ਹਾਂ ਕਾਲ ਕੋਠੜੀਆਂ ਵਿਚ ਹੀ ਹੋਇਆ। ਇਨ੍ਹਾਂ ਹੀ ਸਿੰਘਣੀਆਂ ਦਾ ਜ਼ਿਕਰ ਅਰਦਾਸ ਵਿਚ 'ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ' ਕਰਕੇ ਯਾਦ ਕੀਤਾ ਜਾਂਦਾ ਹੈ।

ਜਿਹੜੇ ਚੱਕੀ ਦੇ ਪੁੜ ਪਏ ਸਨ, ਉਨ੍ਹਾਂ ਬਾਰੇ ਪੁੱਛਿਆ ਤਾਂ ਉਸਨੇ ਦੱਸਿਆ ਕਿ ਜਦੋਂ ਨਵਾਂ ਗੁਰਦੁਆਰਾ ਬਣਾਉਣ ਵੇਲੇ ਕੁਝ ਕੋਠੜੀਆਂ ਢਾਹ ਕੇ ਨੀਂਹਾਂ ਪੁੱਟੀਆਂ ਤਾਂ ਇਹ ਚੱਕੀ ਦੇ ਪੁੜ ਵੀ ਉਥੋਂ ਮਿਲੇ ਤੇ ਇਸ ਕਰਕੇ ਲੱਗਦਾ ਇਹੀ ਹੈ ਕਿ ਇਹ ਮੀਰ ਮੰਨੂ ਦੀ ਜੇਲ੍ਹ ਦੀਆਂ ਹੀ ਚੱਕੀਆਂ ਹੋਣੀਆਂ ਹਨ। ਇਨ੍ਹਾਂ ਕੋਠੜੀਆਂ ਦੇ ਅੱਗੇ ਤੇ ਗੁਰਦੁਆਰੇ ਦੀ ਨਵੀਂ ਬਿਲਡਿੰਗ ਦੇ ਨਾਲ ਵੱਡਾ ਖੂਹ ਹੈ ਜੋ ਕਾਫੀ ਡੂੰਘਾ ਤੇ ਹੁਣ ਸੁੱਕਾ ਸੀ, ਉਸ ਖੂਹ ਬਾਰੇ ਸਾਨੂੰ ਗ੍ਰੰਥੀ ਸਿੰਘ ਤੇ ਕਾਦਿਰ ਭਾਈ ਨੇ ਇਕੋ ਜਿਹੀ ਹੀ ਗੱਲ ਦੱਸੀ ਕਿ ਇਸ ਖੂਹ ਵਿਚ ਬਹੁਤ ਸਾਰੀਆਂ ਸਿੱਖ ਬੀਬੀਆਂ ਨੇ ਆਪਣੀ ਇੱਜ਼ਤ ਬਚਾਉਣ ਖਾਤਰ ਛਾਲਾਂ ਮਾਰ ਦਿੱਤੀਆਂ ਸਨ, ਪਰ ਇਹ ਗੱਲ ਉਨ੍ਹਾਂ ਦੀ ਮੈਨੂੰ ਜੇ ਝੂਠੀ ਨਹੀਂ ਤਾਂ ਸਹੀ ਵੀ ਨਾ ਲੱਗੀ। ਆਪਣੇ ਭਰਾ ਨੂੰ ਜੋ ਇਤਿਹਾਸ ਦੇ ਅਧਿਆਪਕ ਵੀ ਰਹੇ ਹਨ, ਪੁੱਛਿਆ ਤਾਂ ਉਨ੍ਹਾਂ ਦਾ ਵੀ ਇਹੋ ਵਿਚਾਰ ਸੀ ਕਿ ਸਿੱਖ ਬੀਬੀਆਂ 'ਤੇ ਤਸ਼ੱਦਦ, ਮੁਸ਼ੱਕਤ ਤੇ ਬੱਚਿਆਂ ਨੂੰ ਕੋਹ ਕੋਹ ਕੇ ਮਾਰਨ ਤੇ ਗਲ 'ਚ ਆਂਦਰਾਂ ਦੇ ਹਾਰ ਪਾਉਣ ਦੀ ਗੱਲ ਤਾਂ ਹਰ ਕਿਤਾਬ ਵਿਚ ਹੈ ਪਰ ਕੈਦ ਵਿਚੋਂ ਨੱਠ ਕੇ, ਖੂਹ 'ਚ ਛਾਲ ਮਾਰਕੇ ਆਤਮ-ਹੱਤਿਆ ਕਰਨ ਦਾ ਵੇਰਵਾ ਨਹੀਂ ਮਿਲਿਆ ਕਿਤੇ।

ਅਸਲ ਵਿਚ ਇਹ ਉਹੋ ਖੂਹ ਹੈ ਜਿੱਥੇ ਜੇਲ੍ਹ ਵਿਚ ਤਸੀਹਿਆਂ ਤੋਂ ਬਾਅਦ ਬੱਚਿਆਂ ਨੂੰ ਕਤਲ ਕਰਕੇ ਲਾਸ਼ਾਂ ਸੁੱਟ ਦਿੱਤੀਆਂ ਜਾਂਦੀਆਂ ਸਨ, ਇਹ ਜੇਲ੍ਹ ਨਖਾਸ਼ ਚੌਂਕ ਵਿਚ ਸੀ ਤੇ ਇਸੇ ਨਖਾਸ਼ ਚੌਂਕ ਵਿਚ ਮੀਰ ਮਨੂੰ ਲੋਕਾਂ ਵਲੋਂ ਸਿੱਖਾਂ ਦੇ ਸਿਰ ਵੱਢ ਕੇ ਲਿਆਉਣ 'ਤੇ ਉਨ੍ਹਾਂ ਦਾ ਮੁੱਲ ਦਿੰਦਾ ਸੀ ਤੇ ਫਿਰ ਜੇਲ੍ਹ 'ਚ ਬਣੇ ਇਸੇ ਖੂਹ ਵਿਚ ਸਿਰ ਸੁਟਵਾ ਦਿੰਦਾ ਸੀ। ਹੋ ਸਕਦਾ ਹੈ ਕਿ ਜਿੰਨੀਆਂ ਬੀਬੀਆਂ ਨੇ ਕੈਦ ਵਿਚ ਸ਼ਹੀਦੀ ਪਾਈ, ਉਨ੍ਹਾਂ ਦੀਆਂ ਲਾਸ਼ਾਂ ਵੀ ਇਸੇ ਖੂਹ ਵਿਚ ਸੁੱਟੀਆਂ ਹੋਣ। ਇਨ੍ਹਾਂ ਸ਼ਹੀਦ ਸਿੰਘਣੀਆਂ ਨੂੰ ਭਾਵੇਂ ਰੋਜ਼ ਹੀ ਅਰਦਾਸ ਵਿਚ ਯਾਦ ਕਰੀਦਾ ਹੈ ਪਰ ਉਸ ਦਿਨ, ਉਸ ਜਗ੍ਹਾ ਤੇ ਖੜ੍ਹ ਕੇ, ਉਨ੍ਹਾਂ ਕੋਠੜੀਆਂ ਅਤੇ ਚੱਕੀਆਂ ਨੂੰ ਅੱਖੀਂ ਦੇਖ ਕੇ ਤੇ ਇਹ ਚਿਤਵ ਕੇ ਕਿ ਇਸੇ ਚੌਂਕ ਵਿਚ ਕਦੇ ਸਿਰਾਂ ਦੀ ਮੰਡੀ ਲੱਗਦੀ ਹੋਣੀ ਏ, ਉਨ੍ਹਾਂ ਬੀਬੀਆਂ, ਬੱਚਿਆਂ ਤੇ ਸਿੰਘਾਂ ਲਈ ਸ਼ਰਧਾ ਸਤਿਕਾਰ ਬਹੁਤ ਵਧ ਗਿਆ।

22 ਅਕਤੂਬਰ ਸਵੇਰ ਦੇ ਸਵਾ ਕੁ ਸੱਤ ਹੋ ਗਏ ਸਨ ਤੇ ਅਸੀਂ ਮਿਥੇ ਪ੍ਰੋਗਰਾਮ ਅਨੁਸਾਰ ਅੱਗੇ ਤੁਰਨਾ ਸੀ। ਅਸੀਂ ਗੁਰਦੁਆਰੇ ਦੇ ਅੰਦਰ ਜਾਕੇ ਮੱਥਾ ਟੇਕਿਆ। ਸਾਮਾਨ ਚੁੱਕ ਕੇ ਕਾਦਿਰ ਭਾਈ ਨੇ ਪਹਿਲਾਂ ਹੀ ਗੱਡੀ ਵਿਚ ਰੱਖ ਲਿਆ ਸੀ ਕਿਉਂਕਿ ਹੁਣ ਸਵੇਰਾ ਹੋਣ ਕਰਕੇ ਬਾਜ਼ਾਰ ਵਿਚ ਭੀੜ ਹੈ ਨਹੀਂ ਸੀ ਤੇ ਗੱਡੀ ਗੁਰਦੁਆਰੇ ਦੇ ਗੇਟ ਮੂਹਰੇ ਹੀ ਆ ਗਈ ਸੀ। ਗ੍ਰੰਥੀ ਸਿੰਘ ਨੂੰ ਫਤਿਹ ਬੁਲਾ ਕੇ ਤੇ 24 ਤਰੀਕ ਨੂੰ ਵਾਪਸ ਆਉਣ ਦਾ ਦੱਸ ਕੇ ਅਸੀਂ ਟੈਕਸੀ ਵਿਚ ਬਹਿ ਗਏ। ਟੈਕਸੀ ਉਸ ਨੇ ਜੀ.ਟੀ. ਰੋਡ ਪਿਸ਼ਾਵਰ' ਤੇ ਪਾ ਲਈ। ਰਾਵੀ ਵੀ ਲਾਹੌਰ ਸ਼ਹਿਰ ਵਿਚੋਂ ਦੀ ਲੰਘਦਾ ਹੈ ਤੇ ਪੁਲ 'ਤੇ ਕਾਫੀ ਟਰੈਫਿਕ ਹੁੰਦੀ ਹੈ। ਮੀਲ ਕੁ ਚੱਲਣ ਬਾਅਦ ਕਾਦਿਰ ਭਾਈ ਨੇ ਆਪਣਾ ਡਰਾਈਵਰ ਵੀ ਰਸਤੇ ਵਿਚੋਂ ਨਾਲ ਲੈ ਲਿਆ ਤੇ ਉਹਨੂੰ ਚਲਾਉਣ ਲਾ ਕੇ ਆਪ ਸਾਡੇ ਕੋਲ ਪਿੱਛੇ ਬਹਿ ਗਿਆ ਤੇ ਤੁਰੇ ਜਾਂਦਿਆਂ ਜਿੰਨੀ ਕੁ ਲਾਹੌਰ ਬਾਰੇ ਜਾਣਕਾਰੀ ਸੀ, ਦੇਈ ਜਾਂਦਾ ਸੀ।

ਉਸ ਹਫਤੇ ਕਿਉਂਕਿ ਸਕੂਲ-ਕਾਲਜ ਬੰਦ ਸਨ ਸੋ ਸ਼ਹਿਰ ਵਿਚ ਸਕੂਲਾਂ ਦੀਆਂ ਬੱਸਾਂ ਨਹੀਂ ਦਿਸੀਆਂ। ਟੈਕਸੀ ਵਿਚੋਂ ਹੀ ਦਿਸਦਾ ਸੀ ਕਿ ਲਾਹੌਰ ਵਿਚ ਵੀ ਕ੍ਰਿਕਟ ਬੁਖਾਰ ਜ਼ੋਰਾਂ 'ਤੇ ਹੈ। ਸਾਨੂੰ ਕੋਈ ਪਾਰਕ ਜਾਂ ਗਰਾਊਂਡ ਜਾਂ ਜਿਹਨੂੰ ਅਸੀਂ ਪਿੰਡਾਂ ਵਿਚ ਖੋਲਾ ਕਹਿੰਦੇ ਹਾਂ, ਐਸਾ ਨਹੀਂ ਦਿਸਿਆ ਜਿਥੇ ਕਿਆ ਵੱਡੇ ਤੇ ਕਿਆ ਛੋਟੇ ਕ੍ਰਿਕਟ ਨਾ ਖੇਡਦੇ ਹੋਣ। ਇਹ ਜੀ ਟੀ ਰੋਡ ਵੀ ਬਹੁਤ ਵਧੀਆ ਹੈ। ਵੱਡੀ ਗੱਲ ਇਹ ਸੀ ਬਈ ਸਾਡੇ ਪੰਜਾਬ ਵਾਲੀ ਜੀ.ਟੀ. ਰੋਡ ਨਾਲੋਂ ਟਰੈਫਿਕ ਚੌਥਾ ਹਿੱਸਾ ਸੀ। ਜਿੱਦਾਂ ਸਾਡੇ ਪਾਸੇ ਬੱਸ ਤੇ ਬੱਸ ਚੜ੍ਹੀ ਆਉਂਦੀ ਹੈ, ਉਥੇ ਬੱਸਾਂ ਬਹੁਤ ਘੱਟ ਤੇ ਜ਼ਿਆਦਾ ਪ੍ਰਾਈਵੇਟ ਕੰਪਨੀਆਂ ਦੀਆਂ ਹੀ ਨਜ਼ਰ ਆਈਆਂ। ਚੀਮਾ ਕੋਚ ਤੇ ਵੜੈਚ ਬੱਸ ਸਰਵਿਸ ਦੀਆਂ ਨਵੀਆਂ-ਨਕੋਰ ਬੱਸਾਂ ਦੇਖ ਕੇ ਐਦਾਂ ਲੱਗਾ ਕਿ ਜਿਵੇਂ ਜਲੰਧਰ-ਫਗਵਾੜੇ ਹੀ ਘੁੰਮਦੇ ਹੋਈਏ। ਜੀ.ਟੀ. ਰੋਡ 'ਤੇ ਜਿਹੜੇ ਪੈਟਰੋਲ ਪੰਪ ਆਉਂਦੇ ਸਨ, ਬਹੁਤ ਹੀ ਸੋਹਣੇ ਸਨ ਤੇ ਜ਼ਿਆਦਾ ਤਰ ਸੀ. ਐਨ. ਜੀ. ਗੈਸ ਦੇ ਹਨ, ਓਦਾਂ ਸਾਰੇ ਪਾਕਿਸਤਾਨ ਵਿਚ ਹੀ ਸੀ.ਐਨ.ਜੀ. ਦੇ ਪੰਪ ਜ਼ਿਆਦਾ ਹਨ। ਸਾਡੇ ਵਾਲੀ ਟੈਕਸੀ ਵੀ ਸੀ.ਐਨ.ਜੀ. 'ਤੇ ਹੀ ਸੀ। ਇਹਦਾ ਰੇਟ ਵੀ ਪੈਟਰੋਲ ਨਾਲੋਂ ਕਾਫੀ ਘੱਟ ਹੈ। ਜਿੰਨਾ ਕੁ ਆਪਣੇ ਪੰਜਾਬ ਵਿਚ ਡੀਜ਼ਲ ਦਾ ਰੇਟ ਹੈ, ਉਨਾ ਕੁ ਇਹਦਾ ਹੈ ਤੇ ਇਹ ਕਿੱਲੋਆਂ ਵਿਚ ਮਿਣਤੀ ਨਾਲ ਭਰਦੇ ਹਨ। ਸਾਡੇ ਵਾਲੀ ਟੈਕਸੀ ਵਿਚ ਦੋ ਸਲੰਡਰ ਸਨ ਤੇ ਇਕ ਵਿਚ 60 ਕਿਲੋ ਪੈਂਦੀ ਸੀ। ਤਕਰੀਬਨ ਦੋਹਾਂ ਸਿਲੰਡਰਾਂ ਨਾਲ 150 ਕੁ ਕਿਲੋਮੀਟਰ ਜਾ ਹੁੰਦਾ ਸੀ।

ਲਾਹੌਰ ਤੋਂ ਤਕਰੀਬਨ 60 ਕੁ ਕਿਲੋਮੀਟਰ ਜੀ.ਟੀ. ਰੋਡ 'ਤੇ ਚਲ ਕੇ ਉਹਨੇ ਟੈਕਸੀ ਚੜ੍ਹਦੇ ਵਾਲੇ ਪਾਸੇ ਨੂੰ ਮੋੜ ਲਈ ਕਿਉਂਕਿ ਸਾਨੂੰ ਉਹ 'ਏਮਨਾਬਾਦ' ਲਿਜਾ ਰਿਹਾ ਸੀ, ਜਿੱਥੇ ਗੁਰੂ ਨਾਨਕ ਦੇਵ ਜੀ ਦੇ ਗੁਰਦੁਆਰੇ ਹਨ। ਇਹ ਸੜਕ ਕੋਈ ਖਾਸ ਨਹੀਂ ਸੀ। ਆਪਣੇ ਪਿੰਡਾਂ ਵਰਗੀ ਲਿੰਕਰੋਡ ਅਤੇ ਦੁਆਲੇ ਹੈ ਵੀ ਪਿੰਡ ਸਨ ਜਿਹੜਾ ਸਾਨੂੰ ਹੋਰ ਵੀ ਵਧੀਆ ਲੱਗਿਆ। ਜਦ ਕਿਸੇ ਦੀ ਨਜ਼ਰ ਟੈਕਸੀ ਵਿਚ ਸਾਡੇ, ਪੱਗਾਂ ਵਾਲਿਆਂ ਤੇ ਪੈਂਦੀ ਤਾਂ ਖੜ੍ਹ ਕੇ ਜ਼ਰੂਰ ਦੇਖਦੇ। ਖੇਤਾਂ ਵਿਚ ਫਸਲ ਝੋਨਾ ਜਾਂ ਬਾਸਮਤੀ ਉਸ ਵਕਤ ਤਿਆਰ ਹੋ ਗਈ ਸੀ, ਪੱਠੇ ਪਸ਼ੂਆਂ ਲਈ ਚਰ੍ਹੀ ਦੇ ਲੱਗਦੇ ਸਨ। ਏਮਨਾਬਾਦ ਤਹਿਸੀਲ ਹੈਡਕੁਆਰਟਰ ਹੈ ਤੇ ਜ਼ਿਲ੍ਹਾ ਸਿਆਲ ਕੋਟ ਵਿਚ ਪੈਂਦਾ ਹੈ। ਇਥੇ ਹੀ ਸ਼ਹਿਰੋਂ ਬਾਹਰ ਗੁਰਦੁਆਰਾ ਰੋੜੀ ਸਾਹਿਬ ਹੈ ਤੇ ਉਥੋਂ ਤੱਕ ਪੱਕੀ ਸੜਕ ਹੈ। ਗੁਰਦੁਆਰੇ ਤੋਂ ਥੋੜ੍ਹਾ ਉਰ੍ਹਾਂ ਇਕ ਖੁੱਲ੍ਹਾ ਮੈਦਾਨ ਹੈ ਤੇ ਕਾਦਿਰ ਭਾਈ ਨੇ ਦੱਸਿਆ ਕਿ ਇਥੇ ਵਿਸਾਖੀ ਨੂੰ ਬਹੁਤ ਵੱਡਾ ਮੇਲਾ ਲੱਗਦਾ, ਘੋਲ ਵੀ ਹੁੰਦੇ ਹਨ। ਜਦੋਂ ਉਹਨੂੰ ਪੁੱਛਿਆ ਕਿ ਇਸ ਮੇਲੇ ਦਾ ਵਿਸਾਖੀ ਨਾਲ ਸੰਬੰਧ ਹੋਣ ਕਰਕੇ, ਸਿੱਖਾਂ ਨਾਲ ਵੀ ਕੋਈ ਸੰਬੰਧ ਹੈ ਤਾਂ ਉਹ ਕਹਿੰਦਾ ਕਿ ਸ਼ਾਇਦ ਇਹ ਗੱਲ ਨਹੀਂ। ਓਦਾਂ ਉਹ ਕਹਿੰਦਾ ਸੀ ਪਈ ਜਦੋਂ 1947 ਤੋਂ ਪਹਿਲਾਂ ਇਹ ਮੇਲਾ ਲੱਗਦਾ ਸੀ ਤਾਂ ਸਿਆਣੇ ਕਹਿੰਦੇ ਹਨ ਕਿ ਸਿੱਖ ਜ਼ਿਆਦਾ ਤਰ ਪਹਿਲਾਂ ਗੁਰਦੁਆਰੇ ਆਉਂਦੇ ਸੀ ਤੇ ਮੱਥਾ ਟੇਕ ਕੇ ਫਿਰ ਮੇਲਾ ਦੇਖਦੇ ਸੀ। ਬਾਅਦ ਵਿਚ ਵੀ ਇਹ ਮੇਲਾ ਅੱਜ ਤਕ ਚੱਲਦਾ ਹੀ ਹੈ।

(ਬਾਕੀ ਕਿਸ਼ਤ ਨੰ: 06 'ਚ)