ਵਿਛੜੇ ਗਰੁ ਧਾਮਾਂ ਦੇ ਦਰਸਨ ਦੀਦਾਰੇ ( ਕਿਸ਼ਤ ਨੰ: 04 )

ਸਫਰਨਾਮਾ -ਮਝੈਲ ਸਿੰਘ ਸਰਾਂ
(ਲੜੀ ਜੋੜਨ ਲਈ ਕਿਸ਼ਤ ਨੰ: 03 ਦੇਖੋ)

ਕਾਦਿਰ ਭਾਈ ਨੇ ਹੀ ਸਾਨੂੰ ਦੱਸਿਆ ਕਿ ਸ਼ਾਹੀ ਕਿਲ੍ਹੇ ਨੂੰ ਅੰਦਰੋਂ ਦੇਖਣ ਦਾ ਦਿਨ ਵਿਚ ਕੋਈ ਸਮਾਂ ਮਿੱਥਿਆ ਹੁੰਦਾ ਹੈ ਤੇ ਟਿਕਟ ਲੈ ਕੇ ਹੀ ਅੰਦਰ ਜਾਹੁੰਦਾ ਹੈ। ਸ਼ਾਇਦ ਕਿਲ੍ਹੇ ਅੰਦਰ ਵੀ ਕੋਈ ਸਰਕਾਰੀ ਦਫਤਰ ਹਨ। ਕਿਲ੍ਹੇ ਦੇ ਮੁੱਖ ਗੇਟ 'ਤੇ ਪਾਕਿਸਤਾਨ ਦਾ ਝੰਡਾ ਝੁਲ ਰਿਹਾ ਸੀ। ਉਹ ਸਾਨੂੰ ਇਕ ਪਾਸੇਵਲ ਨੂੰ ਲੈ ਕੇ ਤੁਰ ਪਿਆ ਤੇ ਕਹਿੰਦਾ ਕਿ ਸਿੱਖਰਾਜ ਦਾ ਪਤਨ ਜਿੱਥੋਂ ਸ਼ੁਰੂ ਹੋਇਆ, ਉਹ ਦਿਖਾਉਂਦਾ ਹਾਂ। ਇੰਨੇ ਨੂੰ ਪਾਕਿਸਤਾਨ ਟੂਰਿਜ਼ਮ ਮਹਿਕਮੇ ਦਾਟੂਰਿਸਟ ਪ੍ਰੋਮੋਟਰ ਖਾਲਿਦ ਫਾਰੂਕ ਸਾਡੇ ਕੋਲ ਆਗਿਆ ਤੇ ਕਹਿਣ ਲੱਗਾ ਕਿ ਇਥੋਂ ਦੀ ਸਾਰੀ ਜਾਣਕਾਰੀ ਮੈਂ ਤੁਹਾਨੂੰ ਦੇਣੀ ਹੈ। ਨਾਲ ਹੀ ਉਹਨੇ ਆਪਣਾ ਕਾਰਡ ਦੇ ਦਿੱਤਾ। ਉਹ ਰਟੀ ਰਟਾਈ ਬੋਲੀ ਵਿਚ ਕਿਲ੍ਹੇ ਬਾਰੇ ਦੱਸ ਰਿਹਾ ਸੀ, ਵਿਚ ਵਿਚ ਅੰਗਰੇਜ਼ੀ ਬੋਲ ਕੇ ਪ੍ਰਭਾਵ ਵਧਾਉਣਾ ਚਾਹੁੰਦਾ ਸੀ। ਉਸਨੇ ਸ਼ਾਹੀ ਕਿਲ੍ਹੇ ਬਾਰੇ ਜਾਣਕਾਰੀ ਦੱਸੀ ਜੋ ਬਾਹਰ ਬੋਰਡ'ਤੇ ਲਿਖੀ ਹੋਈ ਸੀ। 9ਵੀਂ ਸਦੀ ਵਿਚ ਇਹ ਕਿਲ੍ਹਾ ਕੱਚਾ ਸੀ, ਫਿਰ ਕਈ ਵਾਰੀ ਹਮਲਿਆਂ ਵਿਚ ਇਹ ਢਾਹਿਆ ਵੀ ਗਿਆ ਪਰ ਮੁੜ ਉਸੇ ਜਗ੍ਹਾ 'ਤੇ ਬਣਾਇਆ ਜਾਂਦਾ ਰਿਹਾ। ਕਾਰਨ ਇਹੋ ਸੀ ਕਿ ਇਸ ਵਰਗੀ ਸੁਰੱਖਿਅਤ ਥਾਂ ਸ਼ਾਇਦ ਹੋਰ ਫੌਜੀ ਪੱਖੋਂ ਨਾ ਹੋਵੇ।

ਮੌਜੂਦਾ ਕਿਲ੍ਹਾ ਮੁਗਲ ਸਾਮਰਾਜ ਵੇਲੇ ਬਣਗਿਆ ਸੀ। ਕਿਲ੍ਹੇ ਦੇ ਸਾਹਮਣੇ ਇਕ ਬਹੁਤ ਸੋਹਣੀ ਬਿਲਡਿੰਗ ਹੈ ਜਿਸਨੂੰ ਹਜ਼ੂਰੀ ਬਾਗ ਕਹਿੰਦੇ ਹਨ। ਇਹ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਬਣਾਈ ਗਈ। ਇਸ ਦੇ ਥੱਲੇ 6 ਮੰਜ਼ਿਲਾਂ ਹੋਰ ਹਨ। ਇਸ ਤੇ ਜਿਹੜੀ ਮਾਰਬਲ ਲੱਗੀ ਹੈ, ਉਹ ਉਸ ਵੇਲੇ ਇਟਲੀ ਤੋਂ ਮੰਗਵਾਈ ਗਈ ਸੀ। ਇਹ ਸਾਰੀਆਂ ਗੱਲਾਂ ਉਸ ਟੂਰਿਸਟ ਗਾਈਡ ਨੇ ਹੀ ਦੱਸੀਆਂ ਪਰ ਅਸੀਂ ਅੰਦਰਜਾ ਕੇ ਨਹੀਂ ਦੇਖਿਆ ਕਿਉਂਕਿ ਸੈਲਾਨੀਆਂ ਦਾ ਉਸ ਵੇਲੇ ਸਮਾਂ ਖਤਮ ਹੋ ਚੁੱਕਾ ਸੀ। ਉਸ ਦੇ ਨਾਲ ਹੀ, ਮਤਲਬ ਸ਼ਾਹੀ ਕਿਲੇ ਦੇ ਸਾਹਮਣੇ, ਬਾਦਸ਼ਾਹੀ ਮਸਜਿਦ ਹੈ ਜੋ ਕਿ ਬਾਹਰੋਂਹੀ ਦੇਖਣ ਨੂੰ ਬਹੁਤ ਸ਼ਾਨਦਾਰ ਲੱਗਦੀ ਹੈ। ਗਾਈਡ ਨੇ ਸਾਨੂੰ ਦੱਸਿਆ ਕਿ ਇਹ ਦੁਨੀਆਂ ਦੀ ਦੂਜੀ ਵੱਡੀ ਮਸਜਿਦ ਹੈ, ਪਰ ਉਹਨੇ ਇਹ ਨਹੀਂ ਦੱਸਿਆ ਕਿਸਭ ਤੋਂ ਵੱਡੀ ਕਿੱਥੇ ਤੇ ਕਿਹੜੇ ਮੁਲਕ ਵਿਚ ਹੈ। ਮਸਜਿਦ ਅੱਗੇ ਸ਼ਸਤਰ ਧਾਰੀ ਫੌਜ ਦਾ ਪਹਿਰਾ ਸੀ। ਕਾਦਿਰ ਭਾਈ ਨੇ ਦੱਸਿਆ ਕਿ ਅਤਿਵਾਦੀ ਸੰਗਠਨ ਵਲੋਂ ਇਸ ਮਸਜਿਦ 'ਤੇ ਵੀ ਹਮਲੇ ਦੀ ਧਮਕੀ ਦਿੱਤੀ ਹੋਈ ਹੈ, ਇਸ ਕਰਕੇ ਇਸ ਦੀ ਸੁਰੱਖਿਆ ਫੌਜ ਕੋਲ ਹੈ। ਸ਼ਾਮ ਹੋਣ ਕਰਕੇ ਬਹੁਤ ਲੋਕ ਮਸਜਿਦ ਆ ਜਾ ਰਹੇ ਸਨ ਤੇ ਕੁਝ ਪਾਰਕ ਵਿਚ ਸੈਰ ਵੀ ਕਰ ਰਹੇ ਸਨ। ਸਾਡੇ ਕੋਲੋਂ ਲੰਘਣ ਸਮੇਂ ਤਕਰੀਬਨ ਸਾਰੇ ਹੀ ਹੌਲੀ ਹੋ ਜਾਂਦੇ ਸੀ ਤੇ ਕਈ ਖੜ੍ਹ ਵੀ ਜਾਂਦੇ, ਪਰ ਉਹ ਟੂਰਿਜ਼ਮ ਵਾਲਾ ਕਿਸੇ ਨੂੰ ਖੜ੍ਹਨ ਨਹੀਂ ਦਿੰਦਾ ਸੀ, ਰੁੱਖਾ ਜਿਹਾ ਬੋਲ ਕੇ ਕਹੀ ਜਾਂਦਾ ''ਲਗੇ ਚੱਲੋ''।

ਬਾਦਸ਼ਾਹੀ ਮਸਜਿਦ ਦੇ ਖੱਬੇ ਹੱਥ ਮਸ਼ਹੂਰ ਸ਼ਾਇਰ ''ਇਕਬਾਲ'' ਦੀ ਸਮਾਧ ਹੈ, ਜਿਹਦੀ ਬਿਲਡਿੰਗ ਪਾਕਿਸਤਾਨ ਸਰਕਾਰ ਨੇ ਬੜੀ ਸੋਹਣੀ ਬਣਾਈ ਹੈ। ਪੁਰਾਣੇ ਲਾਹੌਰ ਸ਼ਹਿਰ ਦੇ ਦੁਆਲੇ ਚਾਰ ਦੀਵਾਰੀ ਸੀ, ਜਿਸ ਵਿਚ 12 ਗੇਟ ਸਨ ਤੇ ਤੇਰ੍ਹਵੀਂ ਮੋਰੀ, ਰਾਤ ਵੇਲੇ ਸਾਰੇ ਹੀ 12 ਗੇਟ ਬੰਦ ਕਰ ਦਿੱਤੇ ਜਾਂਦੇ ਸਨ ਪਰ ਤੇਰ੍ਹਵੀਂ ਮੋਰੀ, ਜਿਹੜੀ ਕਿ ਇਕ ਛੋਟਾ ਗੇਟ ਹੀ ਹੁੰਦਾ ਸੀ, ਖੁਲ੍ਹੀ ਰਹਿੰਦੀ ਸੀ। ਇਨ੍ਹਾਂ ਬਾਰਾਂ ਵਿਚੋਂ ਇਕ 'ਰੌਸ਼ਨਾਈ ਗੇਟ', ਇਥੇ ਹੀ ਰਾਵੀ ਵਲ ਨੂੰ ਬਣਿਆ ਹੋਇਆ ਹੈ। ਇਸਗੇਟ ਤੋਂ ਥੱਲੇ ਹੀ ਮਹਾਰਾਜਾ ਰਣਜੀਤ ਸਿੰਘ, ਖੜਕ ਸਿੰਘ ਅਤੇ ਕੰਵਰ ਨੌਨਿਹਾਲ ਸਿੰਘ ਦੀਆਂ ਸਮਾਧਾਂ ਹਨ ਪਰ ਹੁਣ ਇਹ ਗੇਟ ਲਗਦਾ ਪੱਕਾ ਹੀ ਬੰਦ ਰਹਿੰਦਾ ਹੈ, ਕਿਉਂਕਿ ਨਵੇਂ ਰਸਤੇ ਜੁ ਬਣਾ ਲਏ ਗਏ ਹਨ। ਦੱਸਦੇ ਸੀ ਪਈ ਉਨ੍ਹਾਂ ਸਮਿਆਂ ਵਿਚ ਸਭ ਤੋਂ ਵੱਧ ਵਪਾਰ ਰਾਵੀ ਵਾਲੇ ਪਾਸੇ ਤੋਂ ਇਸੇ ਗੇਟ ਰਾਹੀਂ ਹੀ ਹੁੰਦਾ ਸੀ। ਗੁਰੂ ਅਰਜਨ ਦੇਵ ਜੀ ਨੂੰ ਕੈਦ ਕਰਕੇ ਚੰਦੂ ਹਜ਼ੂਰੀ ਬਾਗ ਵਾਲੇ ਪਾਸੇ ਤੋਂ ਸ਼ਾਹੀ ਕਿਲ੍ਹੇ ਵਿਚ ਬਾਦਸ਼ਾਹ ਦੇ ਸਾਹਮਣੇ ਲਿਆਇਆ ਤੇ ਰੌਸ਼ਨਾਈ ਗੇਟ 'ਤੇ ਆ ਕੇ ਫੈਸਲਾ ਕੀਤਾ ਕਿ ਤੱਤੀ ਤਵੀ 'ਤੇ ਬਿਠਾਇਆ ਜਾਵੇ। ਚੰਦੂ ਨੇ ਸ਼ਫੀ ਨਾਮੀ ਕਾਰਿੰਦੇ ਨੂੰ ਤਵੀ ਥੱਲੇ ਅੱਗ ਰੌਸ਼ਨਾਈ ਗੇਟ ਤੋਂ ਬਾਹਰ ਬਾਲਣ ਦਾ ਹੁਕਮ ਦਿੱਤਾ। ਗਾਈਡ ਨੇ ਦੱਸਿਆ ਕਿ ਇਸ ਗੇਟ ਤੋਂ ਥੱਲੇ ਹੀ ਗੁਰੂ ਜੀ ਨੂੰ ਤਵੀਆਂ 'ਤੇ ਬਿਠਾਇਆ ਗਿਆ। ਉਹ ਇਸਦਾ ਕਸੂਰਵਾਰ ਚੰਦੂ ਨੂੰ ਹੀ ਦੱਸ ਰਿਹਾ ਸੀ, ਕਿਤੇ ਵੀ ਉਸਨੇ ਮੁਗਲ ਹਕੂਮਤ ਦਾ ਨਾਂ ਨਹੀਂ ਲਿਆ। ਚੰਦੂ ਦਾ ਨਾਂ ਵੀ,ਜਿੱਦਾਂ ਸਾਨੂੰ ਲੱਗਾ ਕਿ ਕੁਝ ਜਾਣ ਬੁੱਝ ਕੇ ਸਾਡੇ ਸਾਹਮਣੇ ਬੜੀ ਨਫਰਤ ਨਾਲ ਚੰਦੂ ਬਾਹਮਣ ਵਾਰ ਵਾਰ ਕਹਿ ਕੇ ਲੈ ਰਿਹਾ ਸੀ।

ਉਸੇ ਨੇ ਸਾਨੂੰ ਹਰਿਗੋਬਿੰਦ ਸਾਹਿਬ (ਗੁਰੂ) ਅਤੇ ਚੰਦੂ ਦੀ ਧੀ ਦੇ ਰਿਸ਼ਤੇ ਵਾਲੀ ਗੱਲ ਦੱਸੀ ਜਿਹੜੀ ਆਪਾਂ ਅਕਸਰ ਹੀ ਗੁਰਦੁਆਰਿਆਂ ਵਿਚ ਸਿੱਖ ਪ੍ਰਚਾਰਕਾਂ ਤੋਂ ਸੁਣਦੇ ਰਹਿੰਦੇ ਹਾਂ। ਬਸ ਐਨੀਆਂ ਕੁ ਗੱਲਾਂ ਕਰਕੇ ਕਹਿੰਦਾ ਕਿ ਮੈਨੂੰ 200 ਰੁਪਏ ਦੇ ਦਿਉ, ਅਸੀਂ ਮੁਸਕੜੀ ਜਿਹੀ ਹੱਸ ਕੇ ਦੇ ਦਿੱਤੇ। ਸ਼ਾਹੀ ਕਿਲ੍ਹੇ ਨੂੰ ਅੰਦਰੋਂ ਦੇਖਣ ਦਾ ਸਾਡਾ ਸਬੱਬ ਬਣ ਨਾ ਸਕਿਆ ਕਿਉਂਕਿ ਸਾਡਾ ਅਗਲਾ ਪ੍ਰੋਗਰਾਮ ਲਾਹੌਰ ਤੋਂ ਬਾਹਰ ਦਾ ਸੀ। ਕਾਦਿਰ ਭਾਈ ਨੇ ਦੱਸਿਆ ਕਿ ਅੰਦਰ ਵੇਖਣ ਵਾਲੀਆਂ ਕਈ ਥਾਂਵਾਂ ਹਨ ਜਿਵੇਂ ਮੰਮਨ ਬੁਰਜ ਜਿੱਥੋਂ ਸਾਰੇ ਪਾਸੇ ਨਿਗਰਾਨੀ ਰੱਖੀ ਜਾਂਦੀ ਹੈ। ਜਿੱਥੇ ਮਹਾਰਾਜਾ ਬੈਠਦਾ ਸੀ ਤੇ ਦਰਬਾਰ ਲਾਉਂਦਾ ਸੀ, ਕਿਲ੍ਹੇ ਦੇ ਅੰਦਰ ਹੀ ਹਨ। ਸਮਰ ਪੈਲੇਸ ਵੀ ਹੈ। ਫਿਰ ਮੈਂ ਉਹਨੂੰ ਪੁੱਛਿਆ ਕਿ ਤੂੰ ਥੋੜਾ ਚਿਰ ਪਹਿਲਾਂ ਕਹਿੰਦਾ ਸੀ ਕਿ ਇਕ ਥਾਂ ਦਿਖਾਉਣੀ ਹੈ ਜਿੱਥੋਂ ਸਿੱਖ ਰਾਜ ਦਾ ਪਤਨ ਸ਼ੁਰੂ ਹੋਇਆ ਤਾਂ ਉਹ ਸਾਨੂੰ ਫਿਰ ਰੌਸ਼ਨਾਈ ਗੇਟ 'ਤੇ ਲੈਗਿਆ ਤੇ ਦੱਸਣ ਲੱਗ ਪਿਆ ਪਈ ਮਹਾਰਾਜਾ ਖੜਕ ਸਿੰਘ ਦੀ ਮੌਤ ਤੋਂ ਬਾਅਦ ਇਸੇ ਰੌਸ਼ਨਾਈ ਗੇਟ ਰਾਹੀਂ ਉਸਦੀ ਅਰਥੀ ਬਾਹਰ ਨਿਕਲੀ ਸੀ ਤੇ ਜਿਥੇ ਉਸਦੀ ਸਮਾਧ ਹੈ, ਉਸ ਥਾਂ 'ਤੇ ਉਸ ਦੀ ਚਿਤਾ ਨੂੰ ਅੱਗ ਉਹ ਦੇ ਪੁੱਤਰ ਕੰਵਰ ਨੌਨਿਹਾਲ ਸਿੰਘ ਨੇ ਦਿੱਤੀ। ਇਸ ਗੱਲ ਤੋਂ ਬੇਖਬਰ ਤੇ ਅਣਜਾਣ ਕਿ ਕੱਲ੍ਹ ਨੂੰ ਉਸ ਦੀ ਚਿਤਾ ਵੀ ਪਿਓ ਦੇ ਨਾਲ ਬਾਲਣ ਦਾ ਪ੍ਰਬੰਧ ਵੀ ਗੱਦਾਰਾਂ ਨੇ ਕਰ ਦਿੱਤਾ ਹੋਇਆ ਹੈ।

ਫਿਰ ਉਹਨੇ ਰੌਸ਼ਨਾਈ ਗੇਟ ਦੀ ਅੰਦਰ ਵਾਲੀ ਛੱਤ ਵਲ ਉਂਗਲ ਕਰਕੇ ਦੱਸਿਆ ਕਿ ਜਦੋਂ ਨੌਨਿਹਾਲ ਸਿੰਘ ਤੇ ਹੋਰ ਸਰਦਾਰ ਖੜਕ ਸਿੰਘ ਦੇ ਸਸਕਾਰ ਤੋਂ ਮਗਰੋਂ ਵਾਪਿਸ ਸ਼ਾਹੀ ਕਿਲ੍ਹੇ ਨੂੰ ਮੁੜੇ ਤਾਂ ਉਥੋਂ ਡੋਗਰੇ ਗੱਦਾਰਾਂ ਨੇ ਇਕ ਵੱਡਾ ਛੱਜਾ, ਜਿਸ ਵਿਚ ਮਣਾਂ-ਮੂੰਹੀਂ ਪੱਥਰ ਸੀ, ਕੰਵਰ ਨੌਨਿਹਾਲ ਸਿੰਘ'ਤੇ ਸੁਟਵਾ ਦਿੱਤਾ। ਇਸ ਹਾਦਸੇ ਵਿਚ ਉਹ ਜ਼ਖਮੀ ਹੋ ਗਿਆ ਸੀ। ਗੱਦਾਰ ਕਿਉਂਕਿ ਰਾਜ ਭਾਗ ਦੇ ਇੰਚਾਰਜ ਸਨ, ਉਹਨੂੰ ਚੁੱਕ ਕੇ ਸ਼ਾਹੀ ਕਿਲ੍ਹੇ ਵਿਚ ਲੈ ਗਏ ਤੇ ਸਿਰ 'ਚ ਹਥੌੜੇ ਮਾਰ ਕੇ ਮਾਰ ਦਿੱਤਾ। ਉਹਦੀ ਕਹੀ ਗੱਲ ਹੈ ਵੀ ਸੱਚੀ ਸੀ ਕਿ ਇਸ ਥਾਂ ਤੋਂ ਹੀ ਸਿੱਖ ਰਾਜ ਦੇ ਖਾਤਮੇ ਦੀ ਸ਼ੁਰੂਆਤ ਹੋਈ। ਉਹਦੀ ਗੱਲ ਸੁਣ ਕੇ ਅਸੀਂ ਦੁਬਾਰਾ ਰੌਸ਼ਨਾਈ ਗੇਟ ਦੀ ਛੱਤ ਵਲ ਦੇਖਿਆ। ਜਿੱਦਾਂ ਕੁਝ ਲੱਭ ਦੇ ਹੋਈਏ, ਭਾਵੇਂ ਇਤਿਹਾਸ ਵਿਚ ਇਸ ਘਟਨਾ ਨੂੰ ਕਿੰਨੀ ਵਾਰੀ ਪੜ੍ਹ ਚੁੱਕੇ ਹਾਂ, ਪਰ ਉਸ ਵੇਲੇ ਉਹ ਥਾਂ ਦੇਖ ਕੇ ਅੰਦਰੋਂ ਇਕ ਚੀਸ ਜਿਹੀ ਜ਼ਰੂਰ ਉਠੀ, ਜਿੱਦਾਂ ਕੋਈ ਪੁਰਾਣਾ ਜ਼ਖਮ ਹਰਾ ਹੋ ਗਿਆ ਹੋਵੇ ਤੇ ਗੱਦਾਰਾਂ ਉਤੇ ਮੱਲੋਮੱਲੀ ਕਚੀਚੀ ਜਿਹੀ ਵੀ ਆਗਈ। ਓਦਾਂ ਮੈਨੂੰ ਰਾਜਿਆਂ-ਮਹਾਰਾਜਿਆਂ ਦੀਆਂ ਸਲਤਨਤਾਂ ਨਾਲ ਕੋਈ ਮੋਹ ਨਹੀਂ ਪਰ ਪਤਾ ਨਹੀਂ ਕਿਉਂ ਦਿਲ ਵਿਚ, ਜਿਸ ਤਰ੍ਹਾਂ ਸਿੱਖ ਰਾਜ ਨਾਲ ਧਰੋਹ ਕਰਕੇ ਇਹ ਨੂੰ ਖਤਮ ਕੀਤਾ ਗਿਆ, ਉਹ ਦਰਦ ਅਜੇ ਵੀ ਕਾਇਮ ਹੈ। ਇੰਨੇ ਨੂੰ ਤ੍ਰਿਕਾਲਾਂ ਵੀ ਪੈ ਗਈਆਂ ਸਨ। ਅਸੀਂ ਕਾਦਿਰ ਭਾਈ ਨਾਲ ਵਾਪਿਸ ਥੱਲੇ ਵਲ ਨੂੰ ਗੁਰਦੁਆਰਾ ਡੇਹਰਾ ਸਾਹਿਬ ਨੂੰ ਤੁਰ ਪਏ। ਮੁੜਦੇ ਵੇਲੇ ਦੇਖਿਆ ਕਿ ਜਿਸ ਬਿਲਡਿੰਗ ਵਿਚ ਸਮਾਧਾਂ ਹਨ ਉਹਦੇ ਬਾਹਰ ਵਾਲੇ ਗੇਟ ਅਤੇ ਬਾਹਰਲੀ ਕੰਧ ਤੇ ਹਿੰਦੂ ਮੂਰਤੀਆਂ ਜਿਵੇਂ ਗਣੇਸ਼ ਵਗੈਰਾ ਬਣਾਈਆਂ ਹੋਈਆਂ ਸਨ, ਬਾਹਰੀ ਦਿੱਖ ਪੂਰੀ ਤਰ੍ਹਾਂ ਨਾਲ ਹਿੰਦੂ ਪ੍ਰਭਾਵ ਵਾਲੀ ਲੱਗਦੀ ਹੈ।

ਗੁਰਦੁਆਰਾ ਡੇਹਰਾ ਸਾਹਿਬ ਤੋਂ ਸਾਮਾਨ ਲੈਕੇ ਅਸੀਂ ਰਾਤ ਠਹਿਰਨ ਲਈ ਗੁਰਦੁਆਰਾ ਸ਼ਹੀਦ ਗੰਜ ਸਿੰਘ-ਸਿੰਘਣੀਆਂ ਨੂੰ ਜਾਣਾ ਸੀ ਤਾਂ ਇਕਵਾਰ ਫਿਰ ਡੇਹਰਾ ਸਾਹਿਬ ਗੁਰਦੁਆਰਾ ਨੂੰ ਸਿਰ ਝੁਕਾਇਆ ਤੇ ਇਕ ਹੋਰ ਯਾਦ ਵੀ ਆਈ ਕਿ ਇਸੇ ਥਾਂ ਤੋਂ ਭਗਤ ਪੂਰਨ ਸਿੰਘ ਅਪੰਗ ਤੇ ਮੰਦਬੁੱਧੀ ਵਾਲੇ ਬੱਚੇ ਪਿਆਰਾ ਸਿੰਘ ਨੂੰ ਆਪਣੇ ਮੋਢਿਆਂ ਤੇ ਚੁੱਕ ਕੇ 1947 ਵਿਚ ਅੰਮ੍ਰਿਤਸਰ ਲੈ ਗਿਆ ਤੇ ਅੱਜ ਵਾਲੇ ਪਿੰਗਲਵਾੜੇ ਦਾ ਮੁੱਢ ਬੰਨਿਆ। ਕਾਦਿਰ ਭਾਈ ਨੇ ਸਾਡਾ ਸਾਮਾਨ ਆਪਣੀ ਟੈਕਸੀ ਵਿਚ ਰੱਖ ਲਿਆ ਤਾਂ ਅਸੀਂ ਉਹਨੂੰ ਸਰਸਰੀ ਪੁੱਛਿਆ ਕਿ ਬਾਹਰ ਦਾ ਮਾਹੌਲ ਕਿੱਦਾਂ ਦਾ ਹੈ, ਕਿਉਂਕਿ ਦੋ ਦਿਨ ਪਹਿਲਾਂ ਹੀ ਲਾਹੌਰ ਵਿਚ ਪਬਲਿਕ ਥਾਂਵਾਂ 'ਤੇ ਬੰਬ ਧਮਾਕੇ ਹੋਏ ਸਨ। ਉਹ ਹੱਸ ਕੇ ਕਹਿੰਦਾ ਕਿ ਤੁਸੀਂ ਦੂਰੋਂ ਅਮਰੀਕਾ-ਇੰਗਲੈਂਡ ਤੋਂ ਮਨ 'ਚ ਬਾਬੇ ਨਾਨਕ ਦੇ ਘਰ ਦੇ ਦਰਸ਼ਨਾਂ ਲਈ ਆਏ ਹੋ, ਜੇ ਪਹਿਲਾਂ ਕੋਈ ਰੁਕਾਵਟ ਨਹੀਂ ਆਈਤਾਂ ਹੁਣ ਕਿੱਦਾਂ ਆ ਜਾਊ, ਭਾਵੇਂ ਮਾਹੌਲ ਲੱਖ ਖਰਾਬ ਹੋਈ ਜਾਵੇ। ਸਾਨੂੰ ਆਪਣੀ ਟੈਕਸੀ ਵਿਚ ਬਿਠਾ ਕੇ ਕਹਿੰਦਾ ਕਿ ਅੱਲਾ ਤਾਲਾ ਦੀ ਇਸ ਕਾਦਿਰ ਭਾਈ ਤੇ ਇੰਨੀ ਕੁ ਨਜ਼ਰ ਸਵੱਲੀ ਰਹੀ ਆ ਕਿ ਜਦ ਵੀ ਮੇਰੀ ਟੈਕਸੀ ਵਿਚ ਸਰਦਾਰ ਬੈਠਦੇ ਹਨ, ਮੈਨੂੰ ਕਦੀ ਵੀ ਕੋਈ ਰੁਕਾਵਟ ਨਹੀਂ ਆਉਂਦੀ।

ਇਥੇ ਪੰਜਾਬ ਵਿਚ ਸਰਦਾਰਾਂ ਨੂੰ ਬਹੁਤ ਹੀ ਅਦਬ ਨਾਲ ਦੇਖਿਆ ਜਾਂਦਾ ਹੈ, ਖਾਸ ਕਰਕੇ ਪੁਲਿਸ ਤੇ ਸਿਵਲ ਐਡਮਨਿਸਟ੍ਰੇਸ਼ਨ ਸਰਦਾਰਾਂ ਦੀ ਹਰ ਮੁਸ਼ਕਿਲ ਪਹਿਲ ਦੇ ਆਧਾਰ 'ਤੇ ਸਿਰਫ ਸੁਣਦੇ ਹੀ ਨਹੀਂ, ਹੱਲ ਵੀ ਕਰਦੇ ਹਨ। ਅਸੀਂ ਉਹ ਦੀ ਇਸ ਗੱਲ ਨੂੰ ਥੋੜਾ ਵਧਾ ਕੇ ਕਹੀ ਹੋਈ ਸਮਝਿਆ। ਇੰਨੇ ਨੂੰ ਲਾਈਟਾਂ ਵੀ ਜਗ ਪਈਆਂ ਸੀ ਤੇ ਉਹ ਸਾਨੂੰ ਸ਼ਹੀਦ ਗੰਜ ਗੁਰਦੁਆਰੇ ਲਈ ਲੈ ਕੇ ਚੱਲ ਪਿਆ। ਨਾਲ ਦੀ ਨਾਲ ਉਹ ਸ਼ਹਿਰ ਬਾਰੇ ਵੀ ਜਾਣਕਾਰੀ ਦਿੰਦਾ ਜਾਂਦਾ ਸੀ। ਉਹਨੇ ਹੀ ਦੱਸਿਆ ਸੀ ਕਿ ਲਾਹੌਰ ਦੇ 12 ਗੇਟ ਤੇ 13ਵੀਂ ਮੋਰੀ ਹੈ। ਉਹਨੇ ਕੁਝ ਗੇਟਾਂ ਦੇ ਨਾਂ ਵੀ ਦੱਸੇ ਜਿਵੇਂ ਕਸ਼ਮੀਰੀ ਗੇਟ, ਦਿੱਲੀ ਗੇਟ, ਆਲਮਗੀਰ ਗੇਟ, ਸ਼ੇਰਾਂਵਾਲਾ ਗੇਟ, ਭੱਟੀ ਗੇਟ, ਲੋਹਾਰੀ ਗੇਟ, ਮਸਤੀ ਗੇਟ। ਕੋਈ ਅੱਧੇ ਘੰਟੇ ਵਿਚ ਉਹਨੇ ਆਪਣੀ ਟੈਕਸੀ ਇਕ ਬੜੇ ਭੀੜੇ ਜਿਹਾ ਬਾਜ਼ਾਰ ਵੱਲ ਨੂੰ ਮੋੜੀ। ਉਸ ਦੇ ਦੋਹੀਂ ਪਾਸੀਂ ਪੁਰਾਣੇ ਲੋਹੇ ਦੀਆਂ ਦੁਕਾਨਾਂ ਹਨ ਜਿਥੋਂ ਰੇੜ੍ਹੀਆਂ ਤੇ ਟਰੱਕਾਂ ਵਿਚ ਲੋਹਾ ਲੱਦਿਆ ਤੇ ਲਾਹਿਆ ਵੀ ਜਾ ਰਿਹਾ ਸੀ। ਰਸਤਾ ਤਾਂ ਮਸਾਂ ਤੁਰ ਕੇ ਲੰਘਣ ਜੋਗਾ ਲਗਦਾ ਸੀ ਤੇ ਉਹਦੀ ਵੱਡੀ ਟੈਕਸੀ ਕਿੱਥੋਂ ਵਿਚ ਵੜਨੀ ਸੀ। ਉਹਦਾ ਨਾਂ ਉਹਨੇ ਲੰਡਾ ਬਾਜ਼ਾਰ ਦੱਸਿਆ ਕਿਉਂਕਿ ਇਸੇ ਬਾਜ਼ਾਰ ਦੇ ਆਖਰੀ ਸਿਰੇ 'ਤੇ ਗੁਰਦੁਆਰੇ ਦਾ ਗੇਟ ਹੈ ਪਰ ਟੈਕਸੀ ਨਾ ਜਾਂਦੀ ਵੇਖ ਕੇ ਉਹਨੇ ਟੈਕਸੀ ਮੋੜ ਲਈ ਤੇ ਥੋੜਾ ਜਿਹਾ ਵਾਪਿਸ ਜਾ ਕੇ ਇਕ ਗੇਟ ਮੂਹਰੇ ਲਾ ਲਈ, ਜੋ ਬੰਦ ਸੀ। ਅਸਲ ਵਿਚ ਇਹ ਥਾਣਾ ਸੀ, ਗੱਡੀ ਰੁਕੀ ਦੇਖ ਕੇ ਏ.ਕੇ.ਸੰਤਾਲੀ ਚੁੱਕੀ ਖੜਾ ਸੰਤਰੀ ਆਣ ਕੇ ਉਹਨੂੰ ਪੁੱਛਣ ਲੱਗਾ ਕਿ ਗੱਡੀ ਇਥੇ ਕਿਉਂ ਰੋਕੀ ਹੈ ਤਾਂ ਕਾਦਿਰ ਭਾਈ ਕਹਿੰਦਾ ਕਿ ਮੈਂ ਗੱਡੀ ਥਾਣੇ ਦੇ ਅੰਦਰ ਖੜੀ ਕਰਨੀ ਹੈ। ਅੱਗੋਂ ਪੁਲਿਸ ਵਾਲਾ ਕਹਿੰਦਾ, "ਤੂੰ ਕੌਣ ਹੈਂ ਜਿਹੜਾ ਪ੍ਰਾਈਵੇਟ ਗੱਡੀ ਥਾਣੇ 'ਚ ਵਾੜਨੀ ਚਾਹੁੰਨਾਂ ਤੈਨੂੰ ਪਤਾ ਨਹੀਂ ਹਾਲਾਤ ਕਿੱਦਾਂ ਦੇ ਆ ਤੇ ਸਰਕਾਰੀ ਗੱਡੀ ਤੋਂ ਇਲਾਵਾ ਕੋਈ ਵੀ ਵਹੀਕਲ ਅੱਗੇ ਨਹੀਂਆ ਸਕਦਾ, ਇਥੋਂ ਛੇਤੀ ਗੱਡੀ ਪਿੱਛੇ ਹਟਾ।"

ਇੰਨੇ ਨੂੰ ਕਾਦਿਰ ਭਾਈ ਉਸ ਪੁਲਿਸ ਵਾਲੇ ਨੂੰ ਕਹਿੰਦਾ ਕਿ ਮੇਰੀ ਟੈਕਸੀ ਵਿਚ ਬਾਹਰੋਂ ਆਏ ਹੋਏ ਸਰਦਾਰ ਬੈਠੇ ਹਨ, ਇਨ੍ਹਾਂ ਦੀ ਸੁਰੱਖਿਆ ਦਾ ਜਿੰਮਾ ਮੇਰਾ ਹੈ। ਮੈਂ ਇਨ੍ਹਾਂ ਨੂੰ ਗੁਰਦੁਆਰਾ ਸ਼ਹੀਦ ਗੰਜ ਛੱਡਣ ਜਾਣਾ ਹੈ, ਬਾਜ਼ਾਰ ਵਿਚ ਇਸ ਵੇਲੇ ਭੀੜ ਕਰਕੇ ਗੱਡੀ ਅੰਦਰ ਨਹੀਂ ਗਈ। ਇਸ ਕਰਕੇ ਮੈਂ ਇਥੇ ਸੁਰੱਖਿਆ ਕਰਕੇ ਹੀ ਗੱਡੀ ਲਿਆਇਆ ਹਾਂ ਤੇ ਤੂੰ ਅੱਗੋਂ ਗੇਟ ਨਹੀਂ ਖੋਲ੍ਹਦਾ। ਉਹਦੀਆਂ ਇਹ ਗੱਲਾਂ ਸੁਣ ਕੇ ਸੰਤਰੀ ਨੇ ਟੈਕਸੀ ਦੇ ਅੰਦਰ ਦੇਖਿਆ ਤਾਂ ਅਸੀਂ ਤਾਂ ਵਿਚ ਬੈਠੇ ਹੀ ਸੀ। ਉਹਨੇ ਬਿਨਾਂ ਹੋਰ ਕੁਝ ਕਹੇ ਝੱਟ ਗੇਟ ਖੋਲ੍ਹ ਦਿੱਤਾ ਤੇ ਕਾਦਿਰ ਨੇ ਗੱਡੀ ਥਾਣੇ ਅੰਦਰ ਪਾਰਕ ਕੀਤੀ। ਇਸ ਘਟਨਾ ਨਾਲ ਉਹਦੀ ਪਹਿਲਾਂ ਕਹੀ ਗੱਲ ਪਈ ਸਰਦਾਰਾਂ ਦੀ ਬੜੀ ਕਦਰ ਹੈ, ਹੁਣ ਸਾਨੂੰ ਸਹੀ ਲੱਗੀ। ਉਥੋਂ ਸਾਮਾਨ ਲੈ ਕੇ ਇਕ ਹੋਰ ਬਾਜ਼ਾਰ ਜਿਸਨੂੰ ਉਹ ਨੌਂ ਲੱਖਾ ਬਾਜ਼ਾਰ ਦੱਸਦਾ ਸੀ, ਵਿਚੋਂ ਦੀ ਚੱਲ ਪਏ। ਕੋਈ ਫਰਲਾਂਗ ਕੁ ਚੱਲੇ ਹੋਣੇ ਆਂ ਕਿ ਉਹ ਸਾਨੂੰ ਇਕ ਬਹੁਤ ਹੀ ਛੋਟੀ ਜਿਹੀ ਗਲੀ ਵਲ ਲੈ ਕੇ ਮੁੜ ਗਿਆ, ਜਿਸਦੇ ਅੱਗੇ ਇਕ ਲੋਹੇ ਦਾ ਛੋਟਾ ਜਿਹਾ ਗੇਟ ਸੀ ਜੋ ਕਿ ਅੰਦਰੋਂ ਬੰਦ ਸੀ। ਉਹਨੇ ਗੇਟ ਨੂੰ ਕਿੰਨਾ ਹੀ ਚਿਰ ਖੜਕਾਇਆ ਤਾਂ ਇਕ ਮੁੰਡਾ ਆਇਆ ਤੇ ਗੇਟ ਖੋਲ੍ਹਿਆ। ਜਦੋਂ ਗੇਟ ਖੁਲ੍ਹਿਆ ਤਾਂ ਅੱਗੇ ਨਿਸ਼ਾਨ ਸਾਹਿਬ ਤੇ ਨਾਲ ਹੀ ਨਵੀਂ-ਨਵੀਂ ਬਣੀ ਗੁਰਦੁਆਰੇ ਦੀ ਖੂਬਸੂਰਤ ਇਮਾਰਤ ਵੀ ਦਿਸ ਪਈ।

ਲੰਡਾ ਬਾਜ਼ਾਰ ਤੇ ਨੌਂ ਲੱਖਾ ਬਾਜ਼ਾਰ ਪਿੱਛੋਂ ਵੱਖ-ਵੱਖ ਸ਼ੁਰੂ ਹੁੰਦੇ ਹਨ ਤੇ 'ਨਾਖਾਸ ਚੌਕ' ਜਿੱਥੇ ਇਹ ਗੁਰਦੁਆਰਾ ਹੈ, ਮਿਲ ਜਾਂਦੇ ਹਨ। ਗੁਰਦੁਆਰੇ ਦੇ ਬਾਹਰ ਦੋ ਮੰਜੇ ਪਏ ਸਨ ਤੇ ਪਰ੍ਹੇ ਬਰਾਂਡੇ ਵਿਚੋਂ ਦੋ ਕੁ ਕੁਰਸੀਆਂ ਕਾਦਿਰ ਨੇ ਲਿਆ ਕੇ ਰੱਖ ਦਿੱਤੀਆਂ। ਅਸੀਂ ਬੈਠ ਗਏ ਤਾਂ ਨਾਲ ਹੀ ਉਹ ਇਸ ਥਾਂ ਦਾ ਇਤਿਹਾਸ ਦੱਸਣ ਲੱਗ ਪਿਆ। ਕਿਉਂਕਿ ਗੁਰਦੁਆਰੇ ਦੇ ਗ੍ਰੰਥੀ ਸਿੰਘ ਅਜੇ ਰਹਿਰਾਸ ਸਾਹਿਬ ਦੇ ਪਾਠ ਤੋਂ ਉਪਰੰਤ ਥੱਲੇ ਨਹੀਂ ਆਏ ਸੀ ਤੇ ਅਸੀਂ ਸਾਰੇ ਉਨ੍ਹਾਂ ਦੀ ਉਡੀਕ ਕਰ ਰਹੇ ਸੀ। ਫਿਰ ਅਸੀਂ ਵੀ ਗੁਰਦੁਆਰੇ ਦੇ ਅੰਦਰ ਚਲੇ ਗਏ। ਪਹਿਲੀ ਮੰਜ਼ਿਲ 'ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ। ਉਸ ਵੇਲੇ ਗ੍ਰੰਥੀ ਸਿੰਘ ਤਾਂ ਮਹਾਰਾਜ ਦੀ ਤਾਬਿਆ ਬੈਠੇ ਸਨ ਤੇ ਇਕ 20 ਕੁ ਸਾਲ ਦਾ ਕੇਸਕੀ ਵਾਲਾ ਸੁਨੱਖਾ ਜਿਹਾ ਸਿੱਖ ਲੜਕਾ ਹਾਰਮੋਨੀਅਮ ਨਾਲ ਇਕੱਲਾ ਹੀ ਕੀਰਤਨ ਕਰ ਰਿਹਾ ਸੀ। ਅਸੀਂ ਤਿੰਨੋਂ ਜਣੇ ਵੀ ਜਾ ਕੇ ਬੈਠ ਗਏ, ਛੇਤੀ ਹੀ ਸਮਾਪਤ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਸੁਖ-ਆਸਨ ਉਪਰ ਇਕ ਹੋਰ ਕਮਰੇ ਵਿਚ ਕਰ ਦਿੱਤਾ। ਉਸ ਵਕਤ ਦੋ ਹੋਰ ਮੋਨੇ ਮੁੰਡੇ ਵੀ ਨਾਲ ਸਨ ਤੇ ਉਹ ਵੀ ਬੜੀ ਮਿੱਠੀ ਆਵਾਜ਼ ਵਿਚ ਸੁਖ-ਆਸਨ ਸਮੇਂ ਦਾ ਸ਼ਬਦ ''ਜਿਥੇ ਜਾਇ ਬਹੈ ਮੇਰਾ ਸਤਿਗੁਰੂ, ਸੋ ਥਾਨਿਸੁਹਾਵਾ.....॥" ਪੜ੍ਹ ਰਹੇ ਸਨ।

ਅਸੀਂ ਸਮਝ ਨਾ ਸਕੇ ਕਿ ਇਹ ਮੁੰਡੇ ਸਿੱਖ ਹਨ ਜਾਂ ਮੁਸਲਮਾਨ। ਸੁੱਖ-ਆਸਨ ਦਾ ਕਮਰਾ ਬੰਦ ਕਰਕੇ ਭਾਈ ਜੀ ਵੀ ਬਾਹਰ ਆ ਗਏ ਤੇ ਸਾਡੇ ਨਾਲ ਗੱਲਬਾਤ ਹੋਈ। ਮੇਰੇ ਭਰਾ ਨੇ ਦੱਸਿਆ ਕਿ ਅਸੀਂ ਕਿੱਥੋਂ-ਕਿੱਥੋਂ ਆਏ ਹਾਂ ਤੇ ਇਥੇ ਹੀ ਰਾਤ ਰਹਿਣਾ ਹੈ। ਅਸਲ ਵਿਚ ਇਸ ਗ੍ਰੰਥੀ ਸਿੰਘ ਨੂੰ ਇੰਗਲੈਂਡ ਵਾਲੀ ਸੰਗਤ ਨੇ ਹੀ ਇਥੇ ਭੇਜਿਆ ਹੋਇਆ ਹੈ। ਉਹ ਹੀ ਇਸਨੂੰ ਤਨਖਾਹ ਦਿੰਦੇ ਹਨ। ਓਦਾਂ ਉਹ ਕਪੂਰਥਲੇ ਜ਼ਿਲ੍ਹੇ ਦੇ ਕਿਸੇ ਪਿੰਡ ਦਾ ਹੈ। ਉਸ ਦਾ ਪਰਿਵਾਰ ਉਥੇ ਪਿੰਡ ਵਿਚ ਹੀ ਰਹਿੰਦਾ ਹੈ। ਉਸੇ ਵੇਲੇ ਉਸ ਨੇ ਲਾਂਗਰੀ ਨੂੰ ਕਹਿ ਦਿੱਤਾ ਕਿ ਤਿੰਨ ਹੋਰ ਸਿੰਘਾਂ ਲਈ ਵੀ ਲੰਗਰ ਤਿਆਰ ਕਰ ਲਓ। ਸਾਡੇ ਸਾਮਾਨ ਬਾਰੇ ਉਸਨੇ ਪੁੱਛਿਆ ਤਾਂ ਅਸੀਂ ਕਿਹਾ ਕਿ ਬਾਹਰ ਹੀ ਪਿਆ ਹੈ। ਫਿਰ ਉਸ ਨੇ ਸਾਨੂੰ ਕਮਰੇ ਦੀਆਂ ਚਾਬੀਆਂ ਦੇ ਦਿੱਤੀਆਂ ਤੇ ਸਾਮਾਨ ਅੰਦਰ ਰੱਖ ਆਉਣ ਲਈ ਕਿਹਾ। ਰਿਹਾਇਸ਼ੀ ਕਮਰੇ ਬੜੇ ਸੋਹਣੇ ਬਣਾਏ ਹੋਏ ਹਨ ਤੇ ਬਾਥਰੂਮ ਤੇ ਟਾਇਲਟ ਵੀ ਵਧੀਆ ਹਨ।

ਸਾਮਾਨ ਰਖਵਾ ਕੇ ਕਾਦਿਰ ਭਾਈ ਨੇ ਸਾਡਾ ਅਗਲਾ ਪ੍ਰੋਗਰਾਮ ਪੁੱਛਿਆ ਤਾਂ ਅਸੀਂ ਕਿਹਾ ਕਿ ਨਨਕਾਣਾ ਸਾਹਿਬ ਤੇ ਪੰਜਾ ਸਾਹਿਬ ਜਾਣਾ ਹੈ। ਨਾਲ ਹੀ ਅਸੀਂ ਕਰਤਾਰਪੁਰ ਸਾਹਿਬ ਦਾ ਵੀ ਦੱਸ ਦਿੱਤਾ ਕਿਉਂਕਿ ਸਾਨੂੰ ਇਹ ਤਾਂ ਜਾਣਕਾਰੀ ਹੈ ਨਹੀਂ ਸੀ ਕਿ ਕਿਹੜਾ ਪਾਸਾ ਕਿੱਧਰ ਨੂੰ ਹੈ। ਉਸਨੇ ਸਾਨੂੰ ਪੁੱਛਿਆ ਕਿ ਤੁਸੀਂ ਕੁੱਲ ਕਿੰਨੇ ਦਿਨ ਰਹਿਣਾ ਹੈ ਕਿਉਂਕਿ ਗੁਰਪੁਰਬ ਤਾਂ 2 ਨਵੰਬਰ ਨੂੰ ਆਉਣਾ ਸੀ ਤੇ ਓਦਣ ਅਜੇ 21 ਅਕਤੂਬਰ ਸੀ। ਅਸੀਂ ਦੱਸ ਦਿੱਤਾ ਕਿ ਅਸੀਂ 25 ਅਕਤੂਬਰ ਨੂੰ ਮੁੜਨ ਦਾ ਹਿਸਾਬ ਰੱਖਿਆ ਹੋਇਆ ਹੈ। ਜੇ ਇਕ ਅੱਧਾ ਦਿਨ ਵਧ ਘੱਟ ਵੀ ਹੋ ਜਾਵੇ ਤਾਂ ਵੀ ਕੋਈ ਗੱਲ ਨਹੀਂ। ਉਹ ਕਹਿੰਦਾ ਕਿ ਤੁਹਾਡੀ ਯਾਤਰਾ ਦਾ ਟਾਈਮ ਟੇਬਲ ਜੇ ਮੈਂ ਬਣਾਵਾਂ ਤਾਂ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ। ਸਾਡੇ ਨਾਂਹ ਕਹਿਣ 'ਤੇ ਬੋਲਿਆ, ਕੱਲ੍ਹ ਨੂੰ ਆਪਾਂ ਸਵੇਰੇ 7 ਵਜੇ ਇਥੋਂ ਚੱਲਾਂਗੇ ਤੇ ਸਭ ਤੋਂ ਪਹਿਲਾਂ ਗੁਰਦੁਆਰਾ ਰੋੜੀ ਸਾਹਿਬ ਦੇਖ ਕੇ ਕਰਤਾਰਪੁਰ ਸਾਹਿਬ ਜਾਵਾਂਗੇ ਤੇ ਉਥੋਂ ਪੰਜਾ ਸਾਹਿਬ ਜਾ ਕੇ ਰਾਤ ਰੁਕਾਂਗੇ। ਦੂਜੇ ਦਿਨ ਉਥੋਂ ਨਨਕਾਣਾ ਸਾਹਿਬ ਨੂੰ ਜਾਵਾਂਗੇ ਤੇ ਰਾਤ ਰਹਾਂਗੇ। ਫਿਰ ਵਾਪਿਸ ਲਾਹੌਰ ਆ ਜਾਵਾਂਗੇ ਅਤੇ ਲਾਹੌਰ ਦੇ ਕੁਝ ਗੁਰਦੁਆਰੇ ਵੇਖਾਂਗੇ ਤੇ ਰਾਤ ਇਥੇ ਰੁਕ ਕੇ ਅਗਲਾ ਦਿਨ 25 ਅਕਤੂਬਰ ਆ ਜਾਣਾ ਹੈ। ਅਸੀਂ ਕਿਹਾ ਕਿ ਠੀਕ ਹੈ।

ਉਹ ਸਾਡੇ ਕੋਲੋਂ ਜਾਣ ਲਈ ਇਜ਼ਾਜਤ ਮੰਗਣ ਲੱਗਾ ਉਸ ਨੇ ਕਿਹਾ ਕਿ ਮੈਂ ਸਵੇਰੇ 7 ਵਜੇ ਤੋਂ ਵੀ ਪਹਿਲਾਂ ਤੁਹਾਡੇ ਕੋਲ ਆ ਜਾਵਾਂਗਾ ਕਿਉਂਕਿ ਮੈਨੂੰ ਪਤਾ ਤੁਸੀਂ ਬਾਹਰਲੇ ਲੋਕੀਂ ਟਾਈਮ ਦੀ ਬੜੀ ਕਦਰ ਕਰਦੇ ਹੋ। ਅਜੇ ਤੱਕਨਾ ਉਸ ਨੇ ਸਾਨੂੰ ਕੁਝ ਦੱਸਿਆ ਸੀ ਕਿ ਕੀ ਕਿਰਾਇਆ ਭਾੜਾ ਲੈਣਾ ਤੇ ਨਾ ਹੀ ਅਸੀਂ ਪੁੱਛਿਆ ਸੀ। ਜਦ ਉਹ ਤੁਰਨ ਲੱਗਾ ਤਾਂ ਮੇਰੇ ਭਰਾ ਨੇ ਮੈਨੂੰ ਕਿਹਾ ਕਿ ਇਹਦੇ ਨਾਲ ਪੈਸਿਆਂ ਦੀ ਤਾਂ ਮਾੜੀ ਜਿਹੀ ਗੱਲ ਕਰ ਲੈਣੀ ਸੀ। ਏਸ ਕੰਮ ਲਈ ਅਸੀਂ ਦੋਵੇਂ ਭਰਾ ਤਾਂ ਬਸ ਨਖਿੱਧ ਹੀ ਆਂ, ਪਤਾ ਈ ਨਹੀਂ ਕਿ ਕਿੱਦਾਂ ਗੱਲ ਸ਼ੁਰੂ ਕਰੀਏ। ਫੇਰ ਅਸੀਂ ਆਪਣੇ ਰਿਸ਼ਤੇਦਾਰ ਨੂੰ ਇਸ਼ਾਰਾ ਕੀਤਾ, ਕਿਉਂਕਿ ਉਹ ਇਨ੍ਹਾਂ ਕੰਮਾਂ 'ਚ ਸੋਲਾਂ ਕਲਾਂ ਸੰਪੂਰਨ ਹਨ। ਉਨ੍ਹਾਂ ਨੇ ਕਾਦਿਰ ਭਾਈ ਨੂੰ ਹਾਕ ਮਾਰ ਕੇ ਰੋਕ ਲਿਆ ਤੇ ਕਹਿਣ ਲੱਗੇ ਕਿ ਕਿਰਾਏ ਦੀ ਸਾਡੇ ਨਾਲ ਗੱਲ ਮੁਕਾਲੈ।

ਉਹ ਫਿਰ ਮੁੜ ਆਇਆ ਤੇ ਕਹਿਣ ਲੱਗਾ, "ਕਿਰਾਏ ਦੀ ਕਿਹੜੀ ਗੱਲ ਹੈ, ਤੁਸੀਂ ਗੁਰ ਅਸਥਾਨਾਂ ਦੇ ਦਰਸ਼ਨ ਕਰ ਲਏ, ਇਹੀ ਬਹੁਤ ਹੈ। ''ਸਾਨੂੰ ਉਹ ਲੁਕਵੀਂ ਜਿਹੀ ਗੱਲ ਕਰਦਾ ਲੱਗ ਦਾ ਸੀ ਪਰ ਹੁਣ ਤੱਕ 3-4 ਘੰਟੇ ਸਾਡੇ ਨਾਲ ਰਹਿਣ ਤੇ ਉਹਨੇ ਕੋਈ ਪੈਸਿਆਂ ਦੇ ਲਾਲਚ ਦੀ ਬੁਸਕ ਜਿਹੀ ਵੀ ਨਹੀਂ ਸੀ ਕੱਢੀ। ਸਾਡੇ ਜ਼ਿਆਦਾ ਕਹਿਣ 'ਤੇ ਕਹਿੰਦਾ ਕਿ ਜੋ ਮਰਜ਼ੀ ਦੇ ਦਿਓ। ਓਦਾਂ ਸਾਨੂੰ ਮਾੜਾ ਜਿਹਾ ਪਤਾ ਸੀ ਕਿ 4-5 ਦਿਨਾਂ ਦੇ ਇਨ੍ਹਾਂ ਥਾਵਾਂ ਤੇ ਲਿਜਾਣ ਦੇ 15000 ਰੁਪਏ ਤੱਕ ਟੈਕਸੀ ਵਾਲੇ ਲੈਂਦੇ ਹਨ। ਸਾਡੇ ਰਿਸ਼ਤੇਦਾਰ ਨੇ ਉਹਨੂੰ ਕਿਹਾ ਕਿ ਅਸੀਂ ਤੈਨੂੰ 15000 ਦੇਣੇ ਹਨ ਤਾਂ ਉਸ ਨੇ ਫਿਰ ਉਹੀ ਗੱਲ ਕਹੀ ਕਿ ਮੈਂ ਤਾਂ ਬਾਬੇ ਨਾਨਕ ਦੇ ਦਰ ਤੋਂ ਹੀ ਸਭ ਕੁਝ ਪਾਇਆ ਹੈ ਤੇ ਮੇਰੇ ਭਾਗ ਚੰਗੇ ਹਨ ਕਿ ਤੁਸੀਂ ਮੈਨੂੰ ਸੇਵਾ ਬਖਸ਼ਦੇ ਹੋ। ਤੁਹਾਡੇ ਨਾਲ ਮੈਂ ਵੀ ਦਰਸ਼ਨ ਕਰ ਲਊਂਗਾ। ਇਹੀ ਮੇਰਾ ਕਿਰਾਇਆ ਹੈ।

ਉਹ ਥੋੜ੍ਹਾ ਰੁਕ ਕੇ ਕਹਿੰਦਾ ਕਿ ਮੈਂ ਜੱਟ ਹਾਂ ਤੇ ਮੇਰਾ ਕੰਮਕਾਰ ਬਹੁਤ ਜ਼ਿਆਦਾ ਸੀ, ਫਿਰ ਪਤਾ ਨਹੀਂ, ਉਪਰ ਵਾਲੇ ਦਾ ਕੀ ਭਾਣਾ ਵਰਤਿਆ ਕਿ ਮੈਂ ਅਰਸ਼ ਤੋਂ ਫਰਸ਼ 'ਤੇ ਆ ਗਿਆ। ਕੁਝ ਸਮਝ ਨਾ ਲੱਗੇ ਕਿ ਕੀ ਕਰਾਂ। ਮੈਂ ਲਾਹੌਰ ਰਹਿਣ ਲੱਗ ਪਿਆ ਤੇ ਇਕ ਟੈਕਸੀ ਪਾ ਲਈ। ਪਹਿਲਾਂ ਪਹਿਲ ਇਕ ਦੋ ਵਾਰ ਸਿੱਖ ਯਾਤਰੀਆਂ ਨਾਲ ਗੁਰਦੁਆਰਾ ਡੇਹਰਾ ਸਾਹਿਬ ਗਿਆ। ਪਤਾ ਨਹੀਂ ਕਿਥੋਂ ਬਖਸ਼ਿਸ਼ਾਂ ਹੋਣ ਲੱਗ ਪਈਆਂ ਕਿ ਮੈਂ ਛੇਤੀ ਹੀ ਪੈਰਾਂ ਸਿਰ ਹੋ ਗਿਆ। ਹੁਣ ਮੇਰੇ ਕੋਲ ਆਪਣੀਆਂ 3 ਟੈਕਸੀਆਂ ਹਨ ਤੇ ਕੋਈ ਵੀ ਵਿਹਲੀ ਨਹੀਂ ਰਹਿੰਦੀ। ਹੋਰ ਵੀ ਜਿਸ ਕੰਮ ਨੂੰ ਹੱਥ ਪਾਇਆ, ਉਤੇ ਨੂੰ ਹੀ ਗਿਆ। ਇਹ ਸਾਰਾ ਕੁਝ ਬਾਬੇ ਨਾਨਕ ਦੀ ਰਹਿਮਤ ਸਦਕਾ ਹੋਇਆ। ਇਸ ਲਈ ਤੁਹਾਡੇ ਵਲੋਂ ਇਕ ਰੁਪਿਆ ਵੀ ਦਿੱਤਾ ਹੋਇਆ ਮੇਰੇ ਲਈ ਬਾਬੇ ਨਾਨਕ ਦੀ ਹੀ ਬਖਸ਼ੀਸ਼ ਹੋਵੇਗੀ। ਇਸ ਤੋਂ ਬਾਅਦ ਅਸੀਂ ਕਿਰਾਏ ਦੀ ਕੋਈ ਗੱਲ ਹੀ ਨਾ ਕੀਤੀ ਤੇ ਉਹ ਸਵੇਰੇ 7 ਵਜੇ ਮਿਲਣ ਦਾ ਵਾਅਦਾ ਕਰਕੇ ਖੁਦਾ ਹਾਫਿਜ਼ ਕਹਿ ਕੇ ਉਠ ਕੇ ਤੁਰ ਪਿਆ।

(ਬਾਕੀ ਕਿਸ਼ਤ ਨੰ: 05 'ਚ)