ਸਫਰਨਾਮਾ -ਮਝੈਲ ਸਿੰਘ ਸਰਾਂ
(ਲੜੀ ਜੋੜਨ ਲਈ ਕਿਸ਼ਤ ਨੰ: 02 ਦੇਖੋ)ਅੰਦਰ ਲੰਘ ਕੇ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਿਆ। ਉਥੇ ਇਕ ਬਜ਼ੁਰਗ ਗ੍ਰੰਥੀ ਸਿੰਘ ਸੇਵਾ ਕਰ ਰਹੇ ਹਨ, ਉਨ੍ਹਾਂ ਨੇ ਸਾਨੂੰ ਸੰਖੇਪ ਵਿਚ ਗੁਰੂ ਸਾਹਿਬ ਦੀ ਸ਼ਹਾਦਤ ਬਾਰੇ ਦੱਸਿਆ। ਗ੍ਰੰਥੀ ਸਿੰਘ ਦੀ ਪੰਜਾਬੀ 'ਤੇ ਪਿਸ਼ੌਰੀ ਬੋਲੀ ਦੀ ਭਾਅ ਵੱਜਦੀ ਸੀ ਨਾ ਕਿ ਉਰਦੂ ਦੀ, ਜਿੱਦਾਂ ਲਾਹੌਰੀਆਂ ਵਿਚ ਹੈ, ਕੁਝ ਦੇਰ ਅੰਦਰ ਬੈਠ ਕੇ ਅਸੀਂ ਬਾਹਰ ਆ ਗਏ ਤੇ ਜਿਸ ਭਾਈ ਅਮਰ ਸਿੰਘ ਨੇ ਸਾਨੂੰ ਚਾਹ ਛਕਾਈ ਸੀ, ਉਸ ਨਾਲ ਗੱਲਾਂ ਕਰਨ ਲੱਗ ਪਏ। ਉਸ ਨੇ ਦੱਸਿਆ ਕਿ ਉਹ ਨਨਕਾਣਾ ਸਾਹਿਬ ਦਾ ਹੈ ਪਰ ਉਸ ਤੋਂ ਵੀ ਪਹਿਲਾਂ ਪਿੱਛਾ ਪਿਸ਼ਾਵਰ ਦਾ ਹੈ। ਇਥੇ ਉਹ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਲਾਜ਼ਮ ਹੈ ਜਿਸ ਨੂੰ ਤਨਖਾਹ ਪਾਕਿਸਤਾਨ ਸਰਕਾਰ ਦਾ ਔਕਾਫ ਬੋਰਡ ਦਿੰਦਾ ਹੈ। ਔਕਾਫ ਬੋਰਡ ਉਸੇ ਤਰ੍ਹਾਂ ਪਾਕਿਸਤਾਨ ਵਿਚ ਰਹਿ ਰਹੇ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲ ਦਾ ਹੈ ਜਿਵੇਂ ਸਾਡੇ ਇਧਰਲੇ ਪਾਸੇ ਵਕਫ ਬੋਰਡ। ਪਾਕਿਸਤਾਨ ਵਿਚਲੇ ਸਾਰੇ ਹੀ ਗੁਰਦੁਆਰਿਆਂ ਦੀ ਜਾਇਦਾਦ ਅਤੇ ਬਿਲਡਿੰਗਾਂ ਦਾ ਪ੍ਰਬੰਧ ਇਸੇ ਔਕਾਫ ਬੋਰਡ ਕੋਲ ਹੈ।
ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਸਰਕਾਰ ਵਲੋਂ ਹੀ ਮਿਥੇ ਸਮੇਂ ਲਈ ਲਾਏ ਜਾਂਦੇ ਹਨ ਤੇ ਪ੍ਰਧਾਨ ਆਪਣੀ ਰਜ਼ਾਮੰਦੀ ਨਾਲ ਹੀ ਬਣਾਉਂਦੇ ਹਨ। ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੈਡ ਆਫਿਸ ਵੀ ਗੁਰਦੁਆਰਾ ਡੇਹਰਾ ਸਾਹਿਬ ਵਿਚ ਹੀ ਹੈ। ਸਰਕਾਰ ਦੇ ਔਕਾਫ ਬੋਰਡ ਵਲੋਂ ਗੁਰਦੁਆਰਿਆਂ ਦੇ ਅੰਦਰ ਧਾਰਮਿਕ ਪ੍ਰੋਗਰਾਮਾਂ ਅਤੇ ਸਿੱਖ ਰਹਿਤ ਮਰਿਯਾਦਾ ਵਿਚ ਕੋਈ ਦਖਲ ਨਹੀਂ ਦਿੱਤਾ ਜਾਂਦਾ ਪਰ ਪੈਸੇ 'ਤੇ ਕੰਟਰੋਲ ਬੋਰਡ ਦਾ ਹੈ। ਕਮੇਟੀ ਆਪਣੇ ਸੁਝਾਅ ਬੋਰਡ ਨੂੰ ਦਿੰਦੀ ਹੈ। ਧਾਰਮਿਕ ਕੰਮਾਂ ਲਈ, ਉਸਨੇ ਦੱਸਿਆ, ਲੋੜੀਂਦਾ ਪੈਸਾ ਬੋਰਡ ਕਮੇਟੀ ਨੂੰ ਦਿੰਦਾ ਹੀ ਰਹਿੰਦਾ ਹੈ।
ਮੈਂ ਭਾਈ ਅਮਰ ਸਿੰਘ ਨੂੰ ਪੁੱਛਿਆ ਕਿ ਕੀ ਪਾਕਿਸਤਾਨ ਵਾਲੇ ਗੁਰਦੁਆਰਿਆਂ ਦਾ ਪ੍ਰਬੰਧ ਪਾਕਿਸਤਾਨ ਕਮੇਟੀ ਦੇ ਅਧੀਨ ਵਧੀਆ ਹੋ ਰਿਹਾ ਹੈ ਜਾਂ ਇਸ ਤੋਂ ਪਹਿਲਾਂ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਇੰਡੀਆ) ਸੀ, ਉਦੋਂ ਵਧੀਆ ਸੀ, ਤਾਂ ਉਸ ਨੇ ਥੋੜਾ ਝਿਜਕ ਦੇ ਨੇ ਕਿਹਾ ਕਿ ਹੁਣ ਬਹੁਤ ਵਧੀਆ ਹੈ। ਕਾਰਨ ਵੀ ਉਸਨੇ ਦੱਸਿਆ ਕਿ ਹੁਣ ਸਾਰੇ ਕਮੇਟੀ ਮੈਂਬਰ ਪਾਕਿਸਤਾਨ ਦੇ ਬਾਸ਼ਿੰਦੇ ਹਨ, ਉਨ੍ਹਾਂ ਨੇ ਹਰ ਰੋਜ਼ ਇਨ੍ਹਾਂ ਹੀ ਗੁਰਦੁਆਰਿਆਂ ਵਿਚ ਆਉਣਾ ਹੈ। ਉਨ੍ਹਾਂ ਨੂੰ ਫਿਕਰ ਵੀ ਇਸ ਗੱਲ ਦਾ ਹੁੰਦਾ ਹੈ ਕਿ ਗੁਰਦੁਆਰਿਆਂ ਦੇ ਅੰਦਰੂਨੀ ਧਾਰਮਿਕ ਪ੍ਰਬੰਧ ਵਿਚ ਕੋਈ ਕਮੀ ਨਾ ਰਹੇ। ਗੁਰਪੁਰਬ ਜਿਹੜੇ ਪਾਕਿਸਤਾਨ ਵਿਚ ਦੁਨੀਆਂ ਭਰ ਦੇ ਸਿੱਖਾਂ ਨੇ ਆਕੇ ਮਨਾਉਣੇ ਹੁੰਦੇ ਹਨ, ਉਹ ਉਸ ਦਾ ਪ੍ਰਬੰਧ ਵੀ ਸਰਕਾਰ ਨਾਲ ਮਿਲ ਕੇ ਕਈ ਦਿਨ ਪਹਿਲਾਂ ਹੀ ਸ਼ੁਰੂ ਕਰ ਦਿੰਦੇ ਹਨ। ਇਕ ਗੱਲ ਹੋਰ ਉਸ ਨੇ ਦੱਸੀ ਕਿ ਜਦੋਂ ਦੀ ਪਾਕਿਸਤਾਨ ਕਮੇਟੀ ਬਣੀ ਹੈ, ਉਨ੍ਹਾਂ ਨੂੰ ਬਤੌਰ ਮੁਲਾਜ਼ਮ ਤਨਖਾਹ ਵੀ ਰੈਗੂਲਰ ਤੇ ਗੁਜ਼ਾਰੇ ਮੁਤਾਬਿਕ ਠੀਕ ਮਿਲ ਰਹੀ ਹੈ ਤੇ ਲੰਗਰ ਵਿਚ ਕਿਸੇ ਵੀ ਚੀਜ਼ ਦੀ ਕਮੀ ਨਹੀਂ।
ਗੁਰਦੁਆਰਾ ਡੇਹਰਾ ਸਾਹਿਬ ਵਿਚ ਬੈਠ ਕੇ ਮਹਿਸੂਸ ਕੀਤਾ ਕਿ ਇਸ ਜਗ੍ਹਾ ਦਾ ਸਿੱਖ ਤਵਾਰੀਖ ਵਿਚ ਕਿੱਡਾ ਵੱਡਾ ਯੋਗਦਾਨ ਹੈ। ਇਹੀ ਉਹ ਥਾਂਹੈ ਜਿਥੋਂ ਸਿੱਖੀ ਵਿਚ ਸ਼ਹਾਦਤ ਦਾ ਮੁੱਢ ਬੱਝਾ ਤੇ ਆਉਣ ਵਾਲੇ ਸਮੇਂ ਵਿਚ ਸਿੱਖ ਦਾ ਅਗਲਾ ਸੰਤ ਸਿਪਾਹੀ ਵਾਲਾ ਰੁਤਬਾ ਸ਼ੁਰੂ ਹੋਇਆ, ਇਹੀ ਉਹ ਇਤਿਹਾਸਕ ਜਗ੍ਹਾ ਹੈ ਜਿੱਥੋਂ ਸਿੱਖ-ਸੋਚ ਵਿਚ ਭਗਤੀ ਦੇ ਨਾਲ ਸ਼ਕਤੀ ਦਾ ਰਲੇਵਾਂ ਵੀ ਪਿਆ। ਅਸੀਂ ਆਪਸ ਵਿਚ ਬੈਠੇ ਗੱਲਾਂ ਕਰ ਰਹੇ ਸਾਂ ਕਿ ਮੇਰਾ ਭਰਾ ਕਹਿਣ ਲੱਗਾ ਕਿ ਏਸ ਜਗ੍ਹਾ ਜਿੱਥੇ ਆਪਾਂ ਬੈਠੇ ਹਾਂ, ਉਦੋਂ ਰਾਵੀ ਵਗਦਾ ਹੋਣਾ ਤੇ ਜਦੋਂ ਗੁਰੂ ਅਰਜਨ ਦੇਵ ਨੂੰ ਰਾਵੀ ਵਿਚ ਉਤਾਰਿਆ ਹੋਣਾ ਉਦੋਂ ਨਾਲ ਖੜੇ ਸਿੱਖਾਂ ਨੂੰ ਇਹ ਅਹਿਸਾਸ ਹੋਣਾ ਕਿ ਗੁਰੂ ਜੀ ਹੁਣੇ ਹੀ ਬਾਹਰ ਨਿਕਲਣਗੇ, ਪਰ ਜਦੋਂ ਲੰਮਾ ਸਮਾਂ ਗੁਰੂ ਜੀ ਨਹੀਂ ਨਿਕਲੇ ਹੋਣੇ ਤਾਂ ਉਨ੍ਹਾਂ ਦੇ ਮਨ ਦੇ ਹਾਲਾਤ ਕਿਸ ਤਰ੍ਹਾਂ ਦੇ ਹੋਏ ਹੋਣ ਗੇ। ਪਤਾ ਨਹੀਂ ਕਿੰਨਾ ਕੁ ਚਿਰ ਟਿਕਟਿਕੀ ਲਾਕੇ ਪਾਣੀ ਵਲ ਦੇਖਦੇ ਰਹੇ ਹੋਣਗੇ, ਪਤਾ ਨਹੀਂ ਕਿੰਨਾ ਕੁ ਰਾਵੀ ਦਰਿਆ ਦੇ ਨਾਲ ਨਾਲ ਤੁਰੇ ਹੋਣਗੇ ਨੇ ਕਿ ਕੀ ਪਤਾ ਗੁਰੂ ਜੀ ਪਾਣੀ ਦੇ ਵਹਾਅ ਵਿਚ ਅਗਾਂਹ ਜਾ ਕੇ ਬਾਹਰ ਨਿਕਲਣਗੇ। ਜਿੱਦਾਂ-ਜਿੱਦਾਂ ਸਮਾਂ ਨਿਕਲੀ ਜਾਂਦਾ ਹੋਣਾ ਉਦਾਂ ਹੀ ਉਨ੍ਹਾਂ ਸਿੱਖਾਂ ਦੀ ਬੇਚੈਨੀ ਵੱਧਦੀ ਗਈ ਹੋਵੇਗੀ, ਇਸਦਾ ਅੰਦਾਜ਼ਾ ਤਾਂ ਹੀ ਲਾਇਆ ਜਾ ਸਕਦਾ ਹੈ ਜੇ ਕਿਸੇ ਇਨਸਾਨ ਦੇ ਸਾਹਮਣੇ ਉਹਦਾ ਕੋਈ ਆਪਣਾ ਦਰਿਆ ਵਿਚ ਡੁੱਬਦਾ ਹੋਵੇ। ਪਤਾ ਨਹੀਂ ਕਿਹੜੇ ਕਦਮਾਂ ਨਾਲ ਵਾਪਿਸ ਰਾਵੀ ਦਰਿਆ ਤੋਂ ਮੁੜੇ ਹੋਣੇ ਨੇ ਬਿਨਾਂ ਗੁਰੂ ਜੀ ਦੇ। ਇਹ ਗੱਲਾਂ ਉਸੇ ਥਾਂ 'ਤੇ, ਜਿਥੇ ਇਹ ਭਾਣਾ ਵਰਤਿਆ, ਬੈਠ ਕੇ ਕਰਦਿਆਂ ਦੇ ਮੱਲੋ ਮੱਲੀ ਸਾਡੇ ਮਨ ਵੀ ਸੋਗੀ ਹੋ ਗਏ।
ਇੰਨੀ ਦੇਰ ਨੂੰ ਕਾਦਿਰ ਭਾਈ, ਜਿਸ ਦੀ ਅਸੀਂ ਉਡੀਕ ਕਰ ਰਹੇ ਸਾਂ, ਉਹ ਵੀ ਕਰੋਸ਼ੀਏ ਦੀ ਕੱਢੀ ਚਿੱਟੀ ਟੋਪੀ, ਜਿੱਦਾਂ ਦੀ ਮੁਸਲਮਾਨ ਪਾਉਂਦੇ ਹਨ ਸਿਰ 'ਤੇ ਲੈ ਕੇ ਬੜੀ ਮਸਤ ਜਿਹੀ ਚਾਲ ਵਿਚ ਤੁਰਿਆ ਆਉਂਦਾ ਦਿਸਿਆ। ਇਹ ਸਾਨੂੰ ਸਾਡੇ ਕੋਲ ਖੜ੍ਹੇ ਭਾਈ ਜੀ ਨੇ ਦੱਸਿਆ। ਨੇੜੇ ਆਉਣ ਤੇ ਸਾਡੇ ਰਿਸ਼ਤੇਦਾਰ ਨੇ ਵੀ ਉਸ ਨੂੰ ਪਛਾਣ ਲਿਆ ਤੇ ਉਸ ਨੇ ਉਹ ਨੂੰ ਵੀ। ਸਾਨੂੰ ਬੜੇ ਤਪਾਕ ਨਾਲ ਮਿਲਿਆ, ਸਾਨੂੰ ਇਕੱਲੇ ਇਕੱਲੇ ਨੂੰ ਮਿਲ ਕੇ ਸਤਿ ਸ੍ਰੀ ਅਕਾਲ ਬੁਲਾਈ ਤੇ ਸੁੱਖਸਾਂਦ ਪੁਛੀ ਕਿ ਵਾਹਗੇ ਤੋਂ ਇਥੇ ਤੱਕ ਪਹੁੰਚਣ ਵਿਚ ਕੋਈ ਦਿੱਕਤ ਤਾਂ ਨਹੀਂ ਆਈ? ਉਹ ਸਾਨੂੰ ਭਾਈ ਜਾਨ ਕਹਿ ਕੇ ਸੰਬੋਧਨ ਕਰਦਾ ਸੀ ਤੇ ਸਾਡੇ ਜੀਜਾ ਜੀ ਨੂੰ ਉਨ੍ਹਾਂ ਦੀ ਉਮਰ ਮੁਤਾਬਿਕ ਬਾਪੂ ਜੀ। ਬੜੀ ਸਿੱਧੀ ਸਾਦੀ ਜੱਟਕੀ ਪੰਜਾਬੀ ਬੋਲਦਾ ਸੀ, ਜਿਸ ਵਿਚ ਕੁਝ ਲਫਜ਼ ਉਰਦੂ ਦੇ ਸਨ ਜੋ ਸੁਣਨ ਨੂੰ ਬੜੇ ਵਧੀਆ ਲੱਗਦੇ ਸਨ ਤੇ ਸੁਣਨ ਵਾਲੇ 'ਤੇ ਪ੍ਰਭਾਵ ਵੀ ਵੱਧ ਪਾਉਂਦੇ ਸਨ। ਫਿਰ ਉਹ ਸਾਨੂੰ ਕਹਿੰਦਾ ਕਿ ਆਓ ਅੰਦਰ ਗੁਰਦੁਆਰੇ ਦੇ ਦਰਸ਼ਨ ਕਰੀਏ। ਜਦੋਂ ਅਸੀਂ ਦੱਸਿਆ ਕਿ ਅਸੀਂ ਤਾਂ ਮੱਥਾ ਟੇਕ ਆਏ ਹਾਂ, ਉਹ ਫਿਰ ਵੀ ਸਾਨੂੰ ਨਾਲ ਲੈ ਤੁਰਿਆ, ਫਿਰ ਆਪੇ ਹੀ ਕਹਿੰਦਾ ਕਿ ਆਓ ਕਮਰੇ ਵਿਚ ਹੀ ਬੈਠਦੇ ਹਾਂ।'
ਅਸਲ ਵਿਚ ਇਹੋ ਕਮਰਾ ਸਾਨੂੰ ਰਹਿਣ ਲਈ ਦਿੱਤਾ ਸੀ ਤੇ ਸਾਡਾ ਸਾਮਾਨ ਵੀ ਅਸੀਂ ਅੰਦਰ ਮੱਥਾ ਟੇਕਣ ਗਏ ਇਥੇ ਰੱਖ ਗਏ ਸੀ। ਕਮਰੇ 'ਚ ਬੈਡਾਂ 'ਤੇ ਬੈਠ ਕੇ ਉਹ ਕਹਿਣ ਲੱਗਾ ਕਿ ਭਾਵੇਂ ਮੈਨੂੰ ਪਤੈ ਕਿ ਤੁਹਾਨੂੰ ਇਸ ਪਵਿੱਤਰ ਅਸਥਾਨ ਬਾਰੇ ਪਹਿਲਾਂ ਹੀ ਬਹੁਤ ਜਾਣਕਾਰੀ ਹੈ, ਪਰ ਮੇਰੇ ਮਨ ਨੂੰ ਗੁਰੂਆਂ ਦੀਆਂ ਗੱਲਾਂ ਕਰਕੇ ਜਿਹੜੀ ਸ਼ਾਂਤੀ ਮਿਲਦੀ ਹੈ, ਉਹ ਮੈਂ ਹੀ ਜਾਣਦਾਂ। ਇਹ ਗੱਲ ਇਕ ਮੁਸਲਮਾਨ ਦੇ ਮੂੰਹੋਂ ਸੁਣ ਕੇ ਉਹ ਵੀ ਟੈਕਸੀ ਵਾਲੇ ਤੋਂ, ਮੈਨੂੰ ਲੱਗਿਆ ਕਿ ਇਹ ਸਾਡੀਆਂ ਧਾਰਮਿਕ ਭਾਵਨਾਵਾਂ ਚਮਕਾਉਂਦਾ ਹੈ ਤੇ ਐਵੇਂ ਮਸਖੇ ਲਾਉਂਦਾ ਹੈ। ਸੋਚਿਆ ਸ਼ਾਇਦ ਗੱਲਾਂ ਵਿਚ ਲੈ ਕੇ ਟੈਕਸੀ ਦਾ ਮੋਟਾ ਕਿਰਾਇਆ ਭੋਟੂਗਾ। ਅਗਲੀ ਗੱਲ ਉਹ ਕਹਿੰਦਾ ਕਿ ਬਾਬੇ ਨਾਨਕ ਨੂੰ ਤਾਂ ਸਿੱਖਾਂ ਨੇ ਮੱਲੋ ਮੱਲੀ ਆਪਣੇ ਕਬਜ਼ੇ ਵਿਚ ਲਿਆ ਹੋਇਆ, ਉਹ ਤਾਂ ਸਾਰੀ ਕਾਇਨਾਤ ਦਾ ਬਾਬਾ ਐ। ਉਹ ਕਹਿੰਦਾ ਮੈਨੂੰ ਤਾਂ ਸਭ ਕੁਝ ਬਾਬੇ ਨਾਨਕ ਦੇ ਦਰ ਤੋਂ ਮਿਲਿਆ ਏ ਤੇ ਫਿਰ ਵੀ ਜੇ ਮੈਂ ਉਹਦੀ ਸਿਫਤ-ਸਲਾਹ ਤੁਹਾਡੇ ਨਾਲ ਸਾਂਝੀ ਨਾ ਕਰਾਂ ਤਾਂ ਮੈਂ ਆਪਣੇ ਆਪ ਨੂੰ ਅਭਾਗਾ ਤੇ ਕਸੂਰਵਾਰ ਸਮਝੂੰਗਾ। ਉਹਦੀਆਂ ਥੋੜ੍ਹੀਆਂ ਜਿਹੀਆਂ ਗੱਲਾਂ ਸੁਣਨ ਤੋਂ ਹੀ ਸਾਨੂੰ ਉਹ ਟੈਕਸੀ ਡਰਾਈਵਰ ਨਾਲੋਂ ਕਿਤੇ ਵੱਧ ਸਿੱਖ ਧਰਮ ਦਾ ਪ੍ਰਚਾਰਕ ਲੱਗਾ। ਸਾਨੂੰ ਸਮਝ ਵੀਨਾ ਲੱਗੇ ਕਿ ਉਹ ਬੰਦਾ ਸੱਚੀਂ ਦਿਲ ਦੀ ਗੱਲ ਕਰਦਾ ਹੈ ਜਾਂ.....?
ਉਸ ਵੇਲੇ ਤੱਕ ਤ੍ਰਿਕਾਲਾਂ ਪੈਣ ਵਾਲੀਆਂ ਹੋ ਗਈਆਂ ਸਨ ਤੇ ਉਸਨੇ ਸਾਡੇ ਅਗਲੇ ਪ੍ਰੋਗਰਾਮ ਬਾਰੇ ਪੁੱਛਿਆ। ਅਸਲ ਵਿਚ ਸਾਡਾ ਰਾਤ ਠਹਿਰਨ ਦਾ ਇਰਾਦਾ ਗੁਰਦੁਆਰਾ ਸ਼ਹੀਦ ਸਿੰਘ-ਸਿੰਘਣੀਆਂ ਵਿਚ ਸੀ, ਕਿਉਂਕਿ ਉਥੇ ਰਿਹਾਇਸ਼ ਇੰਗਲੈਂਡ ਵਾਲਿਆਂ ਨੇ ਬਣਾਈ ਹੋਈ ਹੈ। ਓਦਾਂ ਤਾਂ ਗੁਰਦੁਆਰੇ ਦੀ ਬਿਲਡਿੰਗ ਵੀ ਉਨ੍ਹਾਂ ਨੇ ਹੀ ਬਣਾਈ ਹੋਈ ਹੈ। ਉਹ ਗੁਰਦੁਆਰਾ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਨਹੀਂ ਹੈ, ਉਹਦਾ ਪ੍ਰਬੰਧ ਇੰਗਲੈਂਡ ਵਾਲੇ ਹੀ ਕਰਦੇ ਹਨ। ਮੇਰੇ ਭਰਾ ਨੂੰ ਇੰਗਲੈਂਡ ਵਿਚੋਂ ਹੀ ਉਸ ਕਮੇਟੀ ਦੇ ਪ੍ਰਬੰਧਕ ਨੇ ਕਿਹਾ ਸੀ ਕਿ ਉਥੇ ਚਲੇ ਜਾਇਓ। ਇਹ ਸੁਣ ਕੇ ਕਾਦਿਰ ਭਾਈ ਕਹਿੰਦਾ, ''ਠੀਕ ਹੈ ਮੈਂ ਤੁਹਾਨੂੰ ਉਥੇ ਛੱਡ ਦਿੰਨਾਂ, ਉਸੇ ਵੇਲੇ ਉਸ ਨੇ ਉਥੋਂ ਦੇ ਸੇਵਾਦਾਰ ਗ੍ਰੰਥੀ ਸਿੰਘ ਨਾਲ ਫੋਨ 'ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਨਾਲੇ ਉਹ ਕਹਿੰਦਾ ਕਿ ਅਜੇ ਥੋੜ੍ਹਾ ਸਮਾਂ ਹੈਗਾ, ਜੇ ਤੁਸੀਂ ਇੱਦਾਂ ਦਾ ਭਰਮ ਨਹੀਂ ਕਰਦੇ ਤਾਂ ਮੈਂ ਤੁਹਾਨੂੰ ਸਿੱਖ ਰਾਜ ਦੀਆਂ ਕੁਝ ਉਹ ਥਾਂਵਾਂ ਦਿਖਾਉਣੀਆਂ ਚਾਹੁੰਨਾਂ ਜਿਹੜੀਆਂ ਤੁਹਾਡੇ ਕਈ ਸਿੱਖ ਯਾਤਰਾ ਤੋਂ ਬਾਅਦ ਦੇਖਦੇ ਹਨ। ਅਸੀਂ ਤਾਂ ਝੱਟ ਹਾਂ ਕਰ ਦਿਤੀ ਤੇ ਨਾਲੇ ਕਿਹਾ ਕਿ ਭਰਮ-ਭੁਰਮ ਤਾਂ ਅਸੀਂ ਲਾਗੇ ਵੀ ਨਹੀਂ ਆਉਣ ਦਿੰਦੇ। ਓਦਾਂ ਅਸੀਂ ਸੋਚਿਆ ਕਿ ਇਹੋ ਜਿਹੀ ਕਿਹੜੀ ਥਾਂ ਹੋਊਗੀ?
ਫਿਰ ਸਾਨੂੰ ਨਾਲ ਲੈ ਕੇ ਗੁਰਦੁਆਰੇ ਦੇ ਉਪਰਲੇ ਪਾਸੇ ਨੂੰ ਪੌੜੀਆਂ ਚੜ੍ਹ ਗਿਆ। ਅਸਲ ਵਿਚ ਇਨ੍ਹਾਂ ਬਿਲਡਿੰਗਾਂ ਵਿਚੋਂ ਇਕ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਹੈ ਤੇ ਨਾਲ ਵਾਲੀ ਬਿਲਡਿੰਗ ਵਿਚ ਖੜਕ ਸਿੰਘ ਤੇ ਕੰਵਰ ਨੌਨਿਹਾਲ ਸਿੰਘ ਦੀਆਂ ਸਮਾਧਾਂ ਹਨ। ਇਹ ਬਿਲਡਿੰਗਾਂ ਪਾਕਿਸਤਾਨ ਪੁਰਾਤੱਤਵ ਮਹਿਕਮੇ ਕੋਲ ਹਨ, ਇਸ ਕਰਕੇ ਉਸੇ ਹਾਲਤ ਵਿਚ ਰੱਖੀਆਂ ਹੋਈਆਂ ਹਨ। ਜੇ ਕਿਤੇ ਥੋੜ੍ਹੀ ਬਹੁਤੀ ਮੁਰੰਮਤ ਦੀ ਜ਼ਰੂਰਤ ਪਈ ਵੀਹੈ ਤਾਂ ਉਨ੍ਹਾਂ ਦਾ ਮੂਲ ਰੂਪ ਵਿਗੜਨ ਨਹੀਂ ਦਿਤਾ। ਦਰਵਾਜ਼ੇ ਲੱਕੜ ਦੇ ਹਨ, ਇੰਨੀਆਂ ਮੋਟੀਆਂ ਚੁਗਾਠਾਂ ਮੈਂ ਨਹੀਂ ਦੇਖੀਆਂ। ਅੰਦਰ ਰਣਜੀਤ ਸਿੰਘ ਦੀ ਸਮਾਧ ਦੇਖ ਕੇ ਉਸ ਥਾਂ ਦੇ ਮਹੱਤਵ ਦਾ ਵੀ ਚੇਤਾ ਕੀਤਾ। ਖਾਮੀਆਂ ਦੇ ਬਾਵਜੂਦ ਖਾਲਸਾ ਫੌਜ ਦੇ ਮਨਾਂ ਵਿਚ ਸ਼ੇਰੇ ਪੰਜਾਬ ਦੀ ਇੰਨੀ ਕਦਰ ਸੀ ਕਿ ਇਕ ਵਾਰ ਅੰਗਰੇਜ਼ਾਂ ਤੋਂ ਹਾਰ ਖਾ ਕੇ ਇਸ ਸਮਾਧ 'ਤੇ ਆ ਕੇ ਕਸਮ ਖਾਧੀ ਸੀ ਕਿ ਤੇਰੇ ਰਾਜ ਦੀ ਸ਼ਾਨ ਲਈ ਆਖਰੀ ਸਾਹ ਤੱਕ ਲੜਾਂਗੇ ਤੇ ਸੱਚ ਕਰ ਵੀ ਦਿਖਾਇਆ ਸੀ ਪਰ ਨਤੀਜੇ ਆਪਣਿਆਂ ਦੀਆਂ ਸਾਜਿਸ਼ਾਂ ਨੇ ਉਲਟ ਪਾ ਦਿੱਤੇ ਸੀ। ਨਾਲ ਵਾਲੀ ਬਿਲਡਿੰਗ ਵਿਚ ਦੋਵਾਂ ਪਿਉ ਪੁੱਤਰਾਂ ਖੜਕ ਸਿੰਘ ਤੇ ਨੌਨਿਹਾਲ ਸਿੰਘ ਦੀਆਂ ਸਮਾਧਾਂ ਹਨ। ਉੱਥੇ ਕੁਝ ਲਿਖਿਆ ਹੋਇਆ ਨਹੀ ਕਿ ਕਿਹੜੀ ਕਿਸ ਦੀ ਸਮਾਧ ਹੈ। ਕਾਦਿਰ ਭਾਈ ਨੂੰ ਪੁੱਛਿਆ ਤਾਂ ਉਸ ਨੇ ਵੀ ਅਣਜਾਣਤਾ ਜ਼ਾਹਰ ਕੀਤੀ। ਇਹ ਤਿੰਨੋ ਸਮਾਧਾਂ ਅਸਲ ਵਿਚ ਫਰਸ਼ ਨਾਲੋਂ ਦੋ ਕੁ ਫੁੱਟ ਉਚੀਆਂ ਚੌਰਸ ਥੜ੍ਹੇ ਹਨ। ਇਹ ਦੋਵੇਂ ਸਮਾਧਾਂ ਵੀ ਤਾਂ ਸਾਜ਼ਿਸ਼ਕਾਰਾਂ ਦੀ ਮਿਹਰਬਾਨੀ ਸਦਕਾ ਇਕੋ ਸਮੇਂ ਬਣੀਆਂ। ਬਿਲਡਿੰਗ 'ਤੇ ਨਿਸ਼ਾਨ ਸਾਹਿਬ ਲੱਗਾ ਹੋਇਆ ਹੈ ਤੇ ਕਾਦਿਰ ਭਾਈ ਸਾਨੂੰ ਪੁਛਦਾ ਕਿ ਇਥੇ ਨਿਸ਼ਾਨ ਸਾਹਿਬ ਬਾਰੇ ਕੀ ਵਿਚਾਰ ਹੈ ਤੁਹਾਡਾ?
ਮੈਂ ਤੇ ਮੇਰੇ ਭਰਾ ਨੇ ਇੱਕ ਦੂਜੇ ਵਲ ਵੇਖਿਆ ਤੇ ਸਾਨੂੰ ਕੋਈ ਜੁਆਬ ਨਹੀਂ ਅਹੁੜਿਆ। ਨਾਲੇ ਅਸੀਂ ਸੋਚਿਆ ਕਿ ਇਹਨੇ ਇਹ ਕਾਹਤੋ ਸਾਡੇ ਕੋਲੋ ਪੁਛਿਆ, ਫਿਰ ਉਹ ਆਪ ਹੀ ਕਹਿਣ ਲੱਗਾ ਕਿ ਮੈਂ ਇੱਥੇ ਨਿਸ਼ਾਨ ਸਾਹਿਬ ਲਗਾਉਣ ਦੇ ਹੱਕ ਵਿਚ ਨਹੀਂ। ਅਸੀਂ ਬੜੀ ਉਤਸੁਕਤਾ ਨਾਲ ਉਹਦੇ ਮੂੰਹ ਵਲ ਦੇਖਣ ਲੱਗ ਪਏ। ਬੋਲਿਆ, "ਫਿਰ ਮੈਂ ਤਾਂ ਦੂਜੇ ਦੀਨ ਦਾ ਬੰਦਾ ਹਾਂ, ਪਰ ਜਦੋਂ ਕਦੀ ਕੋਈ ਸਿੱਖ ਯਾਤਰੀ ਮੇਰੇ ਨਾਲ ਆਉਂਦੇ ਹਨ ਤਾਂ ਉਨ੍ਹਾਂ ਨੂੰ ਮੈਂ ਜ਼ਰੂਰ ਕਹਿਨਾਂ ਕਿ ਇਥੇ ਨਿਸ਼ਾਨ ਸਾਹਿਬ ਨਹੀਂ ਹੋਣਾ ਚਾਹੀਦਾ ਕਿਉਂਕਿ ਨਿਸ਼ਾਨ ਸਾਹਿਬ ਸਿੱਖ ਧਰਮ ਵਿਚ ਉਸ ਜਗ੍ਹਾ 'ਤੇ ਲਗਾਇਆ ਜਾਂਦਾ ਹੈ ਜਿਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ। ਭਾਵੇਂ ਇਨ੍ਹਾਂ ਸਮਾਧਾਂ ਦੀ ਇਤਿਹਾਸਕ ਮਹੱਤਤਾ ਬਹੁਤ ਉਚੀ ਹੈ ਪਰ ਇਥੇ ਕਦੀ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੋਇਆ, ਇਸ ਕਰਕੇ ਨਿਸ਼ਾਨ ਸਾਹਿਬ ਪ੍ਰਤੀਕ ਹੈ ਗੁਰਦੁਆਰੇ ਦੀ ਹੋਂਦ ਦਾ। "ਇਸ ਕਰਕੇ ਮੜੀਆਂ ਜਾਂ ਸਮਾਧਾਂ ਤੇ ਨਿਸ਼ਾਨ ਸਾਹਿਬ ਲਾਉਣੇ ਸਿੱਖ ਧਰਮ ਦੇ ਸਿਧਾਂਤ ਤੋਂ ਉਲਟ ਲੱਗਦੇ ਹਨ। ਅਸੀਂ ਉਹਦੀ ਗੱਲ ਸੁਣਲਈ ਪਰ ਕੋਈ ਜੁਆਬ ਸਾਨੂੰ ਨਾ ਲੱਭਾ।
ਜਦੋਂ ਅਸੀਂ ਸਮਾਧਾਂ ਦੇਖ ਕੇ ਮੁੜਨ ਲੱਗੇਤਾਂ ਉਸਨੂੰ ਪੁੱਛਿਆ ਕਿ ਤੂੰ ਪਹਿਲਾਂ ਇਹ ਕਾਹਤੋਂ ਸਾਨੂੰ ਕਿਹਾ ਸੀ ਕਿ ਜੇ ਕੋਈ ਭਰਮ ਨਹੀਂ ਤਾਂ ਮੈਂ ਤੁਹਾਨੂੰ ਸਿੱਖ ਰਾਜ ਦੀਆਂ ਖਾਸ ਥਾਵਾਂ ਦਿਖਾਨਾਂ? ਕਹਿੰਦਾ, ਬਹੁਤੇ ਸਿੱਖ ਜੋ ਯਾਤਰਾ ਤੇ ਆਉਂਦੇ ਨੇ, ਉਹ ਪਹਿਲਾਂ ਸਿਰਫ ਗੁਰੂ ਘਰਾਂ ਦੇ ਹੀ ਦਰਸ਼ਨ ਕਰਨਾ ਚਾਹੁੰਦੇ ਹਨ। ਉਨ੍ਹਾਂ ਨੂੰ ਸਿੱਖ ਰਾਜ ਦੀਆਂ ਘਟਨਾਵਾਂ ਵਾਲੀਆਂ ਥਾਵਾਂ ਨਾਲ ਬਹੁਤਾ ਲਗਾਓ ਨਹੀਂ ਹੁੰਦਾ, ਬੱਸ ਹਰੇਕ ਜਗ੍ਹਾ ਤੇ ਮੱਥੇ ਹੀ ਟੇਕੀ ਜਾਂਦੇ ਹਨ। ਕਈ ਤਾਂ ਇਨ੍ਹਾਂ ਸਮਾਧਾਂ ਤੇ ਵੀ ਪੈਸੇ ਰੱਖ ਕੇ ਮੱਥਾ ਟੇਕਣ ਲੱਗ ਪੈਂਦੇ ਹਨ। ਉਹਦੀ ਗੱਲ ਵਿਚ ਸਾਨੂੰ ਵਜ਼ਨ ਲੱਗਾ ਕਿ ਇਹ ਬੰਦਾ ਸਾਡੀ ਸਿੱਖ ਮਨੋਦਸ਼ਾ ਨੂੰ ਕਿੰਨਾ ਸਮਝ ਚੁੱਕਾ ਹੈ ਪਰ ਕੀ ਬਣੇ ਜੇ ਇਹਨੂੰ ਦੱਸੀਏ ਕਿ ਸਿੱਖਾਂ ਨੇ ਤਾਂ ਚੜ੍ਹਦੇ ਪੰਜਾਬ ਵਿਚ ਥਾਂ-ਥਾਂ ਤੇ ਜਠੇਰੇ ਬਣਾ ਕੇ ਨਿਸ਼ਾਨ ਸਾਹਿਬ ਵੀ ਝੁਲਾਏ ਹੋਏ ਹਨ, ਉਥੇ ਜਠੇਰਿਆਂ ਦਾ ਮੇਲਾ ਤਾਂ ਗੁਰਪੁਰਬਾਂ ਨਾਲੋਂ ਵੀ ਵੱਧ ਸ਼ਰਧਾ ਨਾਲ ਸਿੱਖ ਹੀ ਮਨਾਉਂਦੇ ਹਨ। ਰਹੀ ਗੱਲ ਮੱਥੇ ਟੇਕਣ ਵਾਲੀ, ਉਹ ਤਾਂ ਪਾਕਿਸਤਾਨ ਦਾ ਹੀ ਇਕ ਬੰਦਾ ਬਾਹਰ ਅਮਰੀਕਾ ਵਿਚ ਗੁਰੂ ਗੋਬਿੰਦ ਸਿੰਘ ਵਲੋਂ ਉਹਦੇ ਬਜ਼ੁਰਗਾਂ ਨੂੰ ਬਖਸ਼ਿਆ ਗੰਗਾ ਸਾਗਰ ਲਿਜਾ ਕੇ, ਉਥੇ ਗੁਰਦੁਆਰਿਆਂ ਵਿਚ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਰੱਖ ਕੇ ਜਦੋਂ ਦਰਸ਼ਨ ਕਰਾਉਂਦਾ ਹੈ ਤਾਂ ਅਸੀਂ ਸਿੱਖ ਪਹਿਲਾਂ ਉਹਦੇ ਕੋਲ ਡਾਲਰ ਰੱਖਦੇ ਹਾਂ, ਫਿਰ ਮੱਥਾ ਉਸ ਗੰਗਾ ਸਾਗਰ ਨੂੰ ਟੇਕਦੇ ਹਾਂ। ਗੁਰੂ ਗ੍ਰੰਥ ਸਾਹਿਬ ਨਾਲੋਂ ਵੱਧ ਸ਼ਰਧਾ ਭਾਵਨਾ ਉਸ ਗੰਗਾ ਸਾਗਰ ਨਾਮਕ ਭਾਂਡੇ ਵਿਚ ਦਿਖਾਉਂਦੇ ਹਾਂ। ਇਹ ਵਿਸਾਰ ਜਾਂਦੇ ਹਾਂ ਕਿ ਜਿਸ ਗੁਰੂ ਦਾ ਇਹ ਗੰਗਾ ਸਾਗਰ ਹੈ, ਉਹਨੇ ਤਾਂ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਹੋਰ ਕਿਤੇ ਮੱਥੇ ਟੇਕਣ ਨੂੰ ਹੀ ਤਾਂ ਬਿਪਰਵਾਦ ਕਿਹਾ ਸੀ।
ਇਨ੍ਹਾਂ ਸਮਾਧਾਂ ਦੀ ਇਮਾਰਤ ਦੇ ਥੱਲੇ ਗੁਰਦੁਆਰਾ ਡੇਹਰਾ ਸਾਹਿਬ ਹੈ, ਉਪਰ ਸ਼ਾਹੀ ਕਿਲੇ ਦਾ ਮੁੱਖ ਗੇਟ ਹੈ, ਉਥੇ ਖੜ੍ਹ ਕੇ ਡੇਹਰਾ ਸਾਹਿਬ ਦੇ ਪੱਛੋਂ ਵਾਲੇ ਪਾਸੇ ਜੀ.ਟੀ. ਰੋਡ ਹੈ, ਜੋ ਪਿਸ਼ਾਵਰ ਨੂੰ ਜਾਂਦੀ ਹੈ। ਜੀ.ਟੀ. ਰੋਡ ਦੇ ਕੰਢੇ ਤੇ ਇਕ ਵੱਡਾ ਸੋਹਣਾ ਪਾਰਕ ਬਣਿਆ ਹੋਇਆ, ਜਿਸ ਵਿਚ ਮੀਨਾਰ-ਏ-ਪਾਕਿਸਤਾਨ, ਜੋ ਕਾਫੀ ਉਚਾ ਹੈ, ਖੜ੍ਹਾ ਦਿਖਾਈ ਦਿੰਦਾ ਹੈ। ਉਸ ਵੇਲੇ ਅਜੇ ਹਨ੍ਹੇਰਾ ਨਹੀਂ ਸੀ ਤੇ ਕਾਦਿਰ ਭਾਈ ਨੇ ਦੱਸਿਆ ਕਿ ਰਾਤ ਵੇਲੇ ਇਹਦੀਆਂ ਸਭ ਲਾਈਟਾਂ ਜਗ ਜਾਂਦੀਆਂ ਹਨ ਤੇ ਇਹਦਾ ਜਲਵਾ ਆਪਣਾ ਹੀ ਹੁੰਦਾ ਹੈ।
ਇਹ ਮੀਨਾਰ- ਏ-ਪਾਕਿਸਤਾਨ ਉਸ ਜਗ੍ਹਾ ਤੇ ਬਣਾਇਆ ਗਿਆ ਜਿੱਥੇ 1940 ਵਿਚ ਮੁਸਲਿਮ ਲੀਗ ਦੀ ਇਕ ਵੱਡੀ ਕਾਨਫਰੰਸ ਹੋਈ ਸੀ। ਜਿਸ ਵਿਚ ਪਹਿਲੀ ਵਾਰੀ ਵੱਖਰੇ ਮੁਲਕ ਪਾਕਿਸਤਾਨ ਦਾ ਮਤਾ ਪਾਸ ਕੀਤਾ ਗਿਆ ਸੀ ਤੇ ਪਾਕਿਸਤਾਨ ਬਣਨ ਉਪਰੰਤ ਇਸੇ ਜਗ੍ਹਾ ਨੂੰ ਯਾਦਗਾਰੀ ਰੱਖਣ ਲਈ ਮੀਨਾਰ-ਏ-ਪਾਕਿਸਤਾਨ ਬਣਾਇਆ ਗਿਆ। ਇਸ ਤੋਂ ਬਾਅਦ ਅਸੀਂ ਕਾਦਿਰ ਭਾਈ ਨਾਲ ਗੁਰਦੁਆਰੇ ਥੱਲੇ ਆ ਗਏ। ਉਹ ਸਾਨੂੰ ਗੁਰਦੁਆਰੇ ਤੋਂ ਬਾਹਰ ਲਿਆ ਕੇ ਸ਼ਾਹੀ ਕਿਲੇ ਦੀ ਬਾਹਰੀ ਦੀਵਾਰ ਦਿਖਾਉਂਦਾ ਇਕ ਗੁੰਬਦ ਵਲ ਉਂਗਲ ਕਰਕੇ ਦੱਸਣ ਲਗਾ ਕਿ ਉਸ ਵਲ ਦੇਖੋ। ਫਿਰ ਕਹਿੰਦਾ ਇਹ ਉਹੋ ਥਾਂ ਹੈ ਜਿਥੇ ਇਕ ਇਕ ਕਰਕੇ ਭਾਈ ਬਿਧੀ ਚੰਦ ਨੇ ਦੋ ਕਾਬਲੀ ਘੋੜਿਆਂ ਗੁਲਬਾਗ ਤੇ ਦਿਲਬਾਗ ਦੀਆਂ ਪਿੱਠਾਂ ਤੇ ਬਹਿ ਕੇ ਏਨੀ ਉਚਾਈ ਤੋਂ ਰਾਵੀ ਦਰਿਆ ਵਿਚ ਛਾਲ ਮਾਰਕੇ, ਦੋਵੇਂ ਘੋੜੇ ਗੁਰੂ ਹਰਗੋਬਿੰਦ ਸਾਹਿਬਦੇ ਜਾ ਪੇਸ਼ ਕੀਤੇ। ਅਸੀਂ ਪਲ ਦੀ ਪਲ ਗੁੰਬਦ ਦੀ ਉਚਾਈ ਅਤੇ ਥੱਲੇ, ਜਿੱਥੇ ਹੁਣ ਸੜਕ ਬਣੀ ਹੋਈ ਹੈ, ਰਾਵੀ ਦਾ ਵਗਦਾ ਪਾਣੀ ਚਿਤਵ ਕੇ ਭਾਈ ਬਿਧੀ ਚੰਦ ਦੇ ਕਾਰਨਾਮੇ ਤੇ ਰਸ਼ਕ ਮਹਿਸੂਸ ਕੀਤਾ। ਤਾਹੀਉਂ ਛੇਵੇਂ ਪਾਤਸ਼ਾਹ ਨੇ ਕਿਹਾ ਹੋਣਾ "ਬਿਧੀ ਚੰਦ ਛੀਨਾ ਗੁਰੂ ਕਾ ਸੀਨਾ''।
ਹੁਣ ਸਾਨੂੰ ਕਾਦਿਰ ਭਾਈ ਹੋਰ ਵੀ ਵਧੀਆ ਲੱਗਿਆ ਕਿਉਂਕਿ ਇਹ ਜਾਣਕਾਰੀ ਸਾਨੂੰ ਕਿਸੇ ਨੇ ਵੀ ਨਹੀਂ ਸੀ ਦੇਣੀ। ਅੱਗੋਂ ਉਹ ਸ਼ਾਹੀ ਕਿਲੇ ਬਾਰੇ ਦੱਸਦਾ ਅੱਗੇ ਨੂੰ ਲੈ ਤੁਰਿਆ। ਉਹ ਸੜਕ ਕਾਫੀ ਚੌੜੀ ਹੈ ਤੇ ਪੁਲਿਸ ਵੀ ਕਾਫੀ ਦਿਖਾਈ ਦਿੰਦੀ ਸੀ। ਲੋਕਾਂ ਦੀ ਪੈਦਲ ਆਵਾਜਾਈ ਬਹੁਤ ਸੀ ਕਿਉਂਕਿ ਉਪਰ ਕਿਲੇ ਦੇ ਮੁੱਖ ਗੇਟ ਤੱਕ ਕੋਈ ਵੀ ਕਾਰ ਨਹੀਂ ਜਾਣ ਦਿੰਦੇ। ਤੁਰਿਆ ਜਾਂਦਾ ਹੀ ਉਹ ਸਾਨੂੰ ਦੱਸਣ ਲੱਗਾ ਕਿ ਅੱਜ ਕਿਲ੍ਹੇ ਅੰਦਰ, ਪੰਜਾਬ ਦਾ ਮੁੱਖ ਮੰਤਰੀ ਅਤੇ ਕੇਂਦਰ ਦੇ ਕਿਸੇ ਮੰਤਰੀ ਦਾ ਨਾਂ ਦੱਸਿਆ, ਮੀਟਿੰਗ ਕਰ ਰਹੇ ਹਨ, ਇਸ ਕਰਕੇ ਪੁਲਿਸ ਜਿਆਦਾ ਹੈ। ਉਹ ਮੀਟਿੰਗ ਤਿੰਨ ਕੁ ਦਿਨ ਪਹਿਲਾਂ ਹੀ ਲਾਹੌਰ ਵਿਚ ਹੋਏ ਬੰਬ ਧਮਾਕੇ ਦੇ ਸੰਬੰਧ ਵਿਚ ਹੋ ਰਹੀ ਸੀ। ਮੈਨੂੰ ਹੈਰਾਨੀ ਹੋਈ ਕਿ ਪੰਜਾਬ ਦਾ ਮੁੱਖ ਮੰਤਰੀ ਤੇ ਕੇਂਦਰ ਦਾ ਮੰਤਰੀ, ਨਾਲ ਹੀ ਸਾਰੇ ਸਟੇਟ ਦੀ ਸਿਵਲ ਪ੍ਰਸ਼ਾਸਨ ਅੰਦਰ ਹੈ ਪਰ ਲੋਕੀਂ ਆਮ ਵਾਂਗ ਹੀ ਆ ਜਾ ਰਹੇ ਸਨ। ਇਥੋਂ ਤੱਕ ਕਿ ਸਾਨੂੰ ਕਿਸੇ ਵੀ ਸੁਰੱਖਿਆ ਵਾਲੇ ਨੇ ਸਰਦਾਰ ਹੋਣ ਨਾਤੇ ਰੋਕਣਾ ਜਾਂ ਕੁਝ ਪੁੱਛਣਾ ਤਾਂ ਇਕ ਪਾਸੇ ਰਿਹਾ, ਸਗੋਂ ਕਈਆਂ ਨੇ ਦੁਆ ਸਲਾਮ ਕੀਤੀ।
ਸਾਨੂੰ 3 ਸਿੱਖਾਂ ਨੂੰ ਲੋਕੀਂ ਬੜੇ ਖੁਸ਼ ਹੋ ਕੇ ਦੇਖ ਰਹੇ ਸਨ ਤੇ ਕਈ ਆਪਣੇ ਬੱਚਿਆਂ ਨੂੰ ਵੀ ਕੁਝ ਸਾਡੇ ਬਾਰੇ ਦਸ ਰਹੇ ਲਗਦੇ ਸਨ। ਇਕ ਆਦਮੀ ਦੂਰੋਂ ਹੀ ਹਸਦਾ-ਹਸਦਾ ਸਾਡੇ ਵਲ ਨੂੰ ਆ ਗਿਆ ਤੇ ਸਤਿ ਸ੍ਰੀ ਅਕਾਲ ਬੁਲਾ ਕੇ ਸਾਡੇ ਨਾਲ ਹੱਥ ਮਿਲਾਇਆ ਤੇ ਹਾਲਚਾਲ ਪੁੱਛਣ ਲੱਗਾ। ਜ਼ਰਾ ਕੁ ਬਾਅਦ ਹੀ ਉਹ ਆਪਣੇ ਦੋਹਾਂ ਨਿਆਣਿਆਂ-ਇਕ ਲੜਕਾ 5 ਕੁ ਸਾਲ ਦਾ ਲੱਗਦਾ ਸੀ ਤੇ ਛੋਟੀ ਬੇਟੀ 3-4 ਸਾਲ ਦੀ ਹੋਣੀ ਹੈ, ਨੂੰ ਲਿਆ ਕੇ ਕਹਿੰਦਾ, ''ਬੇਟਾ ਸਰਦਾਰ ਜੀ ਨੂੰ ਸਲਾਮ ਬੋਲੋ।'' ਤਾਂ ਦੋਵਾਂ ਨੇ ਇਕੱਠਿਆਂ ਨੇ ਹੀ ਸਲਾਮਾ ਲੇਕਮ ਬੋਲਿਆ। ਬੱਚੀ ਨੂੰ ਉਸ ਉਪਰ ਚੁੱਕਿਆ ਤਾਂ ਉਹ ਆਪਣਾ ਹੱਥ ਸਾਡੇ ਵਲ ਨੂੰ ਮਿਲਾਉਣ ਨੂੰ ਕਰੇ। ਬੜੀ ਹੀ ਪਿਆਰੀ ਲੱਗੀ। ਅਸੀਂ ਉਸ ਦੇ ਨਿੱਕੇ ਜਿਹੇ ਹੱਥ ਨੂੰ ਦੋਵਾਂ ਹੱਥਾਂ 'ਚ ਲਿਆਤੇ ਸਿਰ 'ਤੇ ਹੱਥ ਰੱਖ ਕੇ ਪਿਆਰ ਦਿੱਤਾ।
(ਬਾਕੀ ਕਿਸ਼ਤ ਨੰ: 04 'ਚ)