ਸਫਰਨਾਮਾ -ਮਝੈਲ ਸਿੰਘ ਸਰਾਂ
(ਲੜੀ ਜੋੜਨ ਲਈ ਕਿਸ਼ਤ ਨੰ: 01ਦੇਖੋ)ਬਾਰਡਰ ਗੇਟ ਦੇ ਨੇੜੇ ਪਹੁੰਚ ਕੇ ਪਾਕਿਸਤਾਨ ਦਾ ਸਾਹਮਣੇ ਸਵਾਗਤੀ ਗੇਟ ਹੈ ਜਿਸ' ਤੇ ਕਾਇਦੇ ਆਜ਼ਮ ਮੁਹੰਮਦ ਅਲੀ ਜਿੱਨਾਹ ਦੀ ਫੋਟੋ ਲੱਗੀ ਹੋਈ ਹੈ ਤੇ ਉਤੇ ਪਾਕਿਸਤਾਨੀ ਝੰਡਾ ਝੂਲਦਾ ਦਿਸਦਾ ਹੈ। ਕਾਲੀਆਂ ਸਲਵਾਰਾਂ ਤੇ ਕਮੀਜ਼ਾਂ ਪਹਿਨੀਂ ਸਿਰ 'ਤੇ ਤੁਰਲੇ ਵਾਲੀ ਕਾਲੀ ਪੱਗ ਵਾਲੇ ਸਾਢੇ ਛੇ-ਫੁੱਟ ਲੰਮੇ ਕੱਦ ਦੇ ਪਾਕਿਸਤਾਨੀ ਰੇਂਜਰ ਵੀ ਘੁੰਮਦੇ ਦਿੱਸਦੇ ਹਨ। ਗੇਟ 'ਤੇ ਹਿੰਦੋਸਤਾਨ ਵਾਲੇ ਪਾਸੇ ਬੀ.ਐਸ਼.ਐਫ਼ ਦਾ ਜੁਆਨ ਖੜ੍ਹਾ ਪਾਸਪੋਰਟ ਤੇ ਵੀਜ਼ੇ ਚੈਕ ਕਰਕੇ ਪਾਕਿਸਤਾਨ ਵਲ ਟੱਪਣ ਲਈ ਕਹਿ ਦਿੰਦਾ ਹੈ। ਅਸੀਂ ਵੀ ਇਹ ਕਾਰਵਾਈ ਪੂਰੀ ਕਰਵਾ ਕੇ ਜਦੋਂ ਉਧਰ ਨੂੰ ਪੈਰ ਪੁੱਟੇ ਤਾਂ ਦੋਹਾਂ ਮੁਲਕਾਂ ਦੇ ਗੇਟਾਂ ਵਿਚਕਾਰ ਇਕ ਫੁੱਟ ਕੁ ਚੌੜੀ ਚਿੱਟੇ ਰੰਗ ਦੀ ਪੱਟੀ ਨਜ਼ਰ ਆਈ ਜਿਸ ਨੂੰ ਸ਼ਾਇਦ ਨੋ-ਮੈਨ' ਜ਼ਲੈਂਡ ਕਹਿੰਦੇ ਹਨ। ਹਿੰਦੋਸਤਾਨ ਵਲ ਦੇ ਕੁਲੀ ਜੋ ਸਾਮਾਨ ਚੁੱਕ ਕੇ ਲਿਆਉਂਦੇ ਹਨ, ਉਹ ਚਿੱਟੀ ਪੱਟੀ ਦੇ ਉਰੇ ਖੜ੍ਹੇ ਹੋ ਜਾਂਦੇ ਹਨ ਤੇ ਪਾਕਿਸਤਾਨ ਵਲ ਦੇ ਕੁਲੀ ਆਪਣੇ ਪਾਸੇ ਵਲ ਖੜ੍ਹੇ ਹੁੰਦੇ ਹਨ। ਉਥੋਂ ਹੀ ਸਾਮਾਨ ਇਕ ਦੂਜੇ ਨੂੰ ਫੜ੍ਹਾ ਦਿੰਦੇ ਹਨ। ਅਜੀਬ ਜਿਹਾ ਹੀ ਨਜ਼ਾਰਾ ਲੱਗਿਆ। ਉਨ੍ਹਾਂ ਲਈ ਚਿੱਟੀ ਪੱਟੀ ਦੇ ਅੱਗੇ ਪੈਰ ਦਾ ਅੰਗੂਠਾ ਲੰਘਾਉਣਾ ਵੀ ਸਖਤ ਮਨ੍ਹਾਂ ਹੈ ਜਦੋਂ ਕਿ ਸਾਮਾਨ ਫੜਾਉਂਦਿਆਂ ਇਕ ਦੂਜੇ ਦੇ ਹੱਥ ਤੇ ਸਿਰ ਵੀ ਕਈ ਵਾਰੀ ਜੁੜ ਜਾਂਦੇ ਹਨ।
ਉਸ ਚਿੱਟੀ ਪੱਟੀ ਨੂੰ ਦੇਖ ਕੇ ਤੇ ਉਸ 'ਤੇ ਖੜ੍ਹ ਕੇ ਇਕ ਝਲਕਾਰੇ ਮਾਤਰ 1947 ਵੀ ਯਾਦ ਆਇਆ ਕਿ ਏਸ ਲਕੀਰ ਖਾਤਰ ਕੀ ਕੁਝ ਨਹੀਂ ਕਰਵਾ ਲਿਆ। ਉਸ ਲਕੀਰ ਨੂੰ ਟੱਪਣ ਨਾਲ ਹੀ ਅਸੀਂ ਪਾਕਿਸਤਾਨ ਵਿਚ ਸਾਂ ਤੇ ਉਥੇ ਵੀ ਗੇਟ ਤੇ ਪਾਕਿਸਤਾਨੀ ਰੇਂਜ਼ਰ ਖੜਾ ਸੀ ਜਿਸ ਨੇ ਸਾਨੂੰ ਸਤਿ ਸ੍ਰੀ ਅਕਾਲ ਬੁਲਾਈ ਤੇ ਪਾਸਪੋਰਟ ਦਿਖਾਉਣ ਲਈ ਕਿਹਾ। ਉਸਨੇ ਵੀ ਸਾਡੇ ਵੀਜ਼ੇ ਦੇਖੇ ਤੇ ਅੱਗੇ ਪਾਕਿਸਤਾਨ ਦੇ ਸਵਾਗਤੀ ਗੇਟ ਵਲ ਨੂੰ ਜਾਣ ਲਈ ਕਹਿ ਦਿੱਤਾ ਜਿਥੇ 3 ਸਟਾਰਾਂ ਵਾਲਾ ਇਕ ਅਫਸਰ ਤੇ 2 ਹੋਰ ਵੀ ਵਰਦੀ ਵਾਲੇ ਬੈਠੇ ਸਨ। ਸਾਡੇ ਕੋਲ ਜਾਣ' ਤੇ 3 ਸਟਾਰਾਂ ਵਾਲਾ ਅਫਸਰ ਬੋਲਿਆ, ''ਸਰਦਾਰ ਸਾਹਿਬ ਕਿੱਦਾਂ ਹਾਲ ਆ? ਪਾਕਿਸਾਤਨ ਵਿਚ ਤੁਹਾਡਾ ਸੁਆਗਤ ਹੈ ਤੇ ਤੁਸੀਂ ਕਿੰਨੇ ਕੁ ਦਿਨ ਰਹਿਣਾ ਤੇ ਕਿੱਥੇ ਕਿੱਥੇ ਜਾਣ ਦਾ ਪ੍ਰੋਗਰਾਮ ਹੈ?" ਨਾਲ ਦੀ ਨਾਲ ਪਾਸਪੋਰਟਾਂ ਤੋਂ ਨਾਂ ਅਤੇ ਸਾਥੋਂ ਪਤੇ ਪੁੱਛ ਕੇ ਰਜਿਸਟਰ 'ਤੇ ਲਿਖੀ ਜਾਂਦਾ ਸੀ। ਉਥੇ ਖੜੇ ਨੂੰ ਮੈਨੂੰ ਪਾਕਿਸਤਾਨ ਦੇ ਸਵਾਗਤੀ ਗੇਟ ਦੀ ਕੰਧ 'ਤੇ ਇਕ ਪੇਂਟਿੰਗ ਬਣਾਈ ਦਿਸੀ ਜੋ 1947 ਵਿਚ ਹਿੰਦੋਸਤਾਨ ਵਾਲੇ ਪਾਸਿਉਂ ਉਜੜ ਕੇ ਜਾਂਦੇ ਲੋਕਾਂ ਦੀ ਲੱਗੀ ਕਿਉਂ ਕਿ ਕੁਝ ਲੋਕ ਗੱਡਿਆਂ 'ਤੇ ਬੈਠੇ ਜਾ ਰਹੇ ਲੱਗੇ ਤੇ ਕਈਆਂ ਨੇ ਸਿਰਾਂ 'ਤੇ ਪੰਡਾਂ ਚੁੱਕੀਆਂ ਹੋਈਆਂ ਸਨ ਜੋ ਕਾਫਲੇ ਨਾਲ ਤੁਰੇ ਜਾਂਦੇ ਸਨ। ਕਿਸੇ ਨਾਲ ਡੰਗਰ-ਪਸ਼ੂ ਤੋਰਿਆ ਸੀ। ਉਥੇ ਇਹ ਪੇਂਟਿੰਗ ਬਣਾਉਣ ਦਾ ਮਕਸਦ ਵੀ ਸ਼ਾਇਦ ਇਹੋ ਹੋਊਗਾ ਕਿ ਇਨ੍ਹਾਂ ਰਾਹਾਂ ਥਾਣੀ ਹੀ ਪਾਕਿ ਧਰਤ 'ਤੇ ਪਹੁੰਚੇ।
ਪਾਸਪੋਰਟ ਲੈ ਕੇ ਅਸੀਂ ਅਗਾਂਹ ਨੂੰ ਅਜੇ ਤੁਰੇ ਹੀ ਸੀ ਕਿ ਇਕ ਕੁਲੀ ਕਹਿੰਦਾ ਕਿ ਸਰਦਾਰ ਸਾਹਿਬ ਆਹ ਜਿਹੜੇ ਰੇੜੂ ਤੁਹਾਡੇ ਅਟੈਚੀ ਨੂੰ ਲੱਗਿਓ ਆ ਇਨ੍ਹਾਂ ਦੀ ਥਾਂ ਮੈਨੂੰ ਲੱਗਣਾ ਪੈਣਾ। ਉਹ ਸਾਡੇ ਕੋਲੋਂ ਮੱਲੋ-ਮੱਲੀ ਅਟੈਚੀ ਫੜ੍ਹ ਕੇਸਿਰ 'ਤੇ ਚੁੱਕ ਕੇ ਤੁਰ ਪਿਆ ਨਾਲੇ ਕਹੀ ਜਾਵੇ ਮੇਰੇ 12 ਨਿਆਣੇ ਆ ਮੈਂ ਤੁਹਾਡੇ ਸਰਦਾਰਾਂ ਦੇ ਸਿਰੋਂ ਹੀ ਪਾਲਣੇ ਹਨ। ਉਹਦੇ 12 ਨਿਆਣੇ ਸੁਣਕੇ ਅਸੀਂ ਹੱਸ ਪਏ। ਉਹ ਸਾਨੂੰ ਮਾੜੀ ਜਿਹੀ ਫੂਕ ਵੀ ਛਕਾਈ ਜਾਵੇ। ਕਹਿੰਦਾ ਪਈ ਸਾਡੇ ਵਾਲਦਾਇਨ (ਬਜ਼ੁਰਗ) ਚੜ੍ਹਦੇ ਪੰਜਾਬ ਤੋਂ ਆਇਓ ਆ। ਉਹ ਕਹਿੰਦੇ ਹੁੰਦੇ ਸੀ, "ਯਾਰੀ ਜੱਟ ਸਰਦਾਰ ਦੀ ਲਕੜ ਤੂਤ ਦੀ ਕਦੇ ਧੋਖਾ ਨਹੀਂ ਦਿੰਦੀ। "ਬੱਸ ਇੰਨੀ ਕੁ ਹੀ ਸਾਡੇ ਲਈ ਬਥੇਰੀ ਸੀ ਉਹਨੂੰ ਅਸੀਂ ਸੌ ਦੀ ਥਾਂ ਦੋ ਸੌ ਦਿੱਤਾ ਕਿ ਜਿਨ੍ਹਾਂ ਬਾਰੇ ਅਸੀਂ ਦੁਸ਼ਮਣੀ ਪਾਲੀ ਬੈਠੇ ਹਾਂ ਉਹ ਵੀ ਸਾਨੂੰ ਕੁਝ ਸਮਝ ਦੇ ਆ। ਥੋੜ੍ਹੇ ਕਦਮ ਚੱਲ ਕੇ ਉਹ ਸੱਜੇ ਹੱਥ ਬਣੀ ਬਹੁਤ ਹੀ ਸੋਹਣੀ ਬਿਲਡਿੰਗ ਵਿਚ ਲੈ ਗਿਆ ਜਿਥੇ ਇਮੀਗ੍ਰੇਸ਼ਨ ਤੇ ਕਸਟਮ ਦੇ ਦੋਵੇਂ ਦਫਤਰ ਸਨ। ਉਹ ਸਾਨੂੰ ਸੋਫਿਆਂ 'ਤੇ ਬਿਠਾ ਕੇ ਇਮੀਗ੍ਰੇਸ਼ਨ ਦੇ ਫਾਰਮ ਦੇ ਗਿਆ ਕਿਭਰ ਲਓ। ਉਥੇ ਹੀ ਸਾਨੂੰ ਇਕ ਹੋਰ ਆਦਮੀ ਆਕੇ ਕਹਿਣ ਲੱਗਾ ਕਿ ਤੁਸੀਂ ਪਾਕਿਸਤਾਨੀ ਕਰੰਸੀ ਐਕਸਚੇਂਜ਼ ਕਰਵਾਉਣੀ ਹੈ ਤਾਂ ਇਥੋਂ ਹੀ ਕਰਵਾ ਲਓ। ਨਾਲੇ ਤੁਸੀਂ ਅੱਗੋਂ ਜਾਣਾ ਕਿਸ ਤਰ੍ਹਾਂ ਹੈ ਜੇ ਕੋਈ ਪ੍ਰਬੰਧ ਨਹੀਂ ਤਾਂ ਉਹ ਟੈਕਸੀ ਕਰਵਾ ਦਏਗਾ।
ਅਸੀਂ ਜਾਣਾ ਤਾਂ ਟੈਕਸੀ ਵਿਚ ਹੀ ਸੀ ਪਰ ਸਾਡੇ ਜੀਜਾ ਜੀ ਜਿਹੜੇ ਦੋ ਕੁ ਸਾਲ ਪਹਿਲਾਂ ਪਾਕਿਸਤਾਨ ਘੁੰਮ ਗਏ ਸੀ, ਸਾਡੇ ਕੋਲ ਉਸ ਟੈਕਸੀ ਵਾਲੇਦਾ ਕਾਰਡ ਸੀ ਜਿਸ ਨੇ ਉਨ੍ਹਾਂ ਨੂੰ ਪਾਕਿਸਤਾਨ ਵਿਚ ਘੁੰਮਾਇਆ ਸੀ। ਕਾਰਡ ਦਿਖਾਇਆ ਤਾਂ ਕਹਿੰਦਾ ਕਿ ਇਹ ਕਾਦਿਰ ਭਾਈ ਦੇ ਬੰਦੇ ਹਨ। ਉਹਨੇ ਝੱਟ ਉਹਨੂੰ ਟੈਲੀਫੋਨ ਮਿਲਾ ਦਿੱਤਾ ਤੇ ਕਹਿੰਦਾ ਕਾਦਿਰ ਤੇਰੇ ਬੰਦੇ ਵਾਹਗਾ ਬਾਰਡਰ 'ਤੇ ਆਏ ਹੋਏ ਹਨ। ਉਹਨੇ ਸਾਡੇ ਨਾਲ ਵੀ ਗੱਲ ਕਰ ਲਈ ਤੇ ਕਹਿੰਦਾ ਕਿ ਮੈਂ ਲਾਹੌਰ ਤੋਂ ਬਾਹਰ ਹਾਂ ਤੁਸੀਂ ਵਾਹਗੇ ਤੋਂ ਟੈਕਸੀ ਲੈ ਕੇ ਲਾਹੌਰ ਗੁਰਦੁਆਰਾ ਡੇਹਰਾ ਸਾਹਿਬ ਪਹੁੰਚ ਜਾਓ ਉਥੇ ਹੀ ਉਹ ਸਾਨੂੰ ਮਿਲੇਗਾ। ਫਿਰ ਅਸੀਂ ਪੈਸੇ ਬਦਲਣ ਲਈ ਜਦੋਂ ਉਸੇ ਆਦਮੀ ਨੂੰ ਕਿਹਾ ਕਿ ਬੈਂਕ ਕਿੱਥੇ ਹੈ ਜਿੱਥੋਂ ਪੈਸੇ ਐਕਸਚੇਂਜ ਹੋਣੇ ਹਨ। ਉਹਨੇ ਆਪਣੇ ਲੱਕ ਨਾਲ ਇਕ ਵੱਡਾ ਸਾਰਾ ਬੋਝਾ ਜਿਹਾ ਬੰਨ੍ਹਿਆ ਹੋਇਆ ਦਿਖਾਇਆ ਅਤੇ ਕਹਿੰਦਾ ਕਰੰਸੀ ਮੇਰੇ ਕੋਲ ਹੀ ਹੈ ਕਿਤੇ ਨਹੀਂ ਜਾਣਾ। ਨਾਲੇ ਉਹਨੇ ਉਸੇ ਬੋਝੇ ਵਿਚੋਂ ਪੰਜ-ਪੰਜ ਹਜ਼ਾਰ ਦੇ, ਇਕ-ਇਕ ਹਜ਼ਾਰ ਦੇ, ਪੰਜ ਸੌ ਰੁਪਏ ਦੇ ਨੋਟ ਕੱਢ ਲਏ ਅਤੇ ਨਾਲ ਹੀ ਹਰੇਕ ਕਰੰਸੀ ਦਾ ਰੇਟ ਵੀ ਦੱਸ ਦਿੱਤਾ।
ਪਾਕਿਸਤਾਨ ਦੀ ਕਰੰਸੀ ਕਾਫੀ ਥੱਲੇ ਹੈ ਇੰਡੀਅਨ 100 ਰੁਪਏ ਦੇ 170 ਪਾਕਿਸਤਾਨੀ ਰੁਪਏ ਸਨ। ਕਿਉਂਕਿ ਮੇਰਾ ਤਾਂ ਸਾਰਾ ਖਰਚਾ ਮੇਰਾ ਭਰਾ ਹੀ ਕਰਦਾ ਸੀ, ਇਸ ਕਰਕੇ ਮੈਂ ਤਾਂ ਹਰੇ ਨੋਟ ਦਾ ਭਾਅ ਪੁੱਛਿਆ ਹੀ ਨਹੀਂ। ਇੰਗਲੈਂਡ ਦੇ ਇਕ ਪੌਂਡ ਦੇ ਉਸਤੋਂ 125 ਰੁਪਏ ਦੇ ਹਿਸਾਬ ਨਾਲ ਮੇਰੇ ਭਰਾ ਨੇ ਜ਼ਰੂਰਤ ਮੁਤਾਬਿਕ ਪੈਸੇ ਲੈ ਲਏ। ਉਦਾਂ ਉਸ ਤੋਂ ਅਸੀਂ ਪੁੱਛੀਏ ਕਿ ਹੈ ਇਹ ਅਸਲੀ ਕਿਤੇ ਇਹ ਨਾ ਹੋਵੇ ਕਿ ਆਏ ਸੈਰਾਂ ਕਰਨ, ਉਹ ਵੀ ਬਿਗਾਨੇ ਮੁਲਕ ਵਿਚ ਤੇ ਫਸ ਜਾਈਏ ਨਕਲੀ ਕਰੰਸੀ ਰੱਖਣ ਦੇਦੋਸ਼ ਵਿਚ। ਪਿੱਛੇ ਕਿਸੇ ਨੂੰ ਪਤਾ ਵੀ ਨਹੀਂ ਲੱਗਣਾ। ਉਹਦੇ ਕੋਲ ਇਕ ਇਮੀਗ੍ਰੇਸ਼ਨ ਵਾਲਾ ਖੜ੍ਹਾ ਸੀ ਉਹ ਸਾਨੂੰ ਕਹਿੰਦਾ, ਬਿਨਾਂ ਕਿਸੇ ਸ਼ੱਕ ਦੇ ਲੈਲਓ ਅਸਲੀ ਕਰੰਸੀ ਹੈ। ਉਦਾਂ ਮਗਰੋਂ ਸਾਨੂੰ ਲਾਹੌਰ ਜਾ ਕੇ ਪਤਾ ਲੱਗਾ ਕਿ ਪੌਂਡ ਦਾ ਰੇਟ 136 ਰੁਪਏ ਹੈ ਪਰ ਸਾਨੂੰ ਇਹਦਾ ਬਹੁਤਾ ਹਿਰਖ ਜਿਹਾਵੀ ਨਹੀਂ ਲੱਗਾ ਕਿਉਂਕਿ ਸਾਨੂੰ ਤਾਂ 125 ਰੁਪਏ ਵੀ ਬਹੁਤ ਲੱਗੇ ਸੀ। ਨਾਲੇ ਅਸੀਂ ਤਾਂ ਖਰਚਣੇ ਸੀ ਜੇ ਥੋੜ੍ਹੇ ਵੱਧ ਮਿਲ ਜਾਂਦੇ ਉਹ ਵੀ ਉਧਰੇ ਨਿਬੇੜ ਵਿਛੜੇ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕੇ ਆਉਣੇ ਸੀ। ਇਮੀਗਰੇਸ਼ਨ, ਕਸਟਮ ਤੇ ਮਨੀ ਐਕਸਚੇਂਜ ਦਾ ਕੰਮ ਨਿਪਟਾ ਕੇ ਬਾਹਰ ਨਿਕਲ ਕੇ ਥੋੜ੍ਹਾ ਜਿਹਾ ਤੁਰੇ ਤਾਂ ਬਾਹਰ 5 ਕੁ ਟੈਕਸੀਆਂ ਖੜ੍ਹੀਆਂ ਸਨ ਤੇ ਛੋਟੀਆਂ-ਛੋਟੀਆਂ ਚਾਹ ਤੇ ਕੁਝ ਖਾਣ-ਪੀਣ ਦੀਆਂ ਦੁਕਾਨਾਂ ਸਨ।
ਅਸਲ ਵਿਚ ਉਥੇ ਬਹੁਤ ਵੱਡਾ ਟਰੱਕ ਯਾਰਡ ਸੀ ਤੇ ਜਿਹੜੇ ਹਿੰਦੋਸਤਾਨ ਦੇ ਟਰੱਕ ਮਾਲ ਲੈ ਕੇ ਆਉਂਦੇ, ਉਥੇ ਖੜ੍ਹੇ ਕੀਤੇ ਜਾਂਦੇ ਸਨ ਤੇ ਉਥੋਂ ਪਾਕਿਸਤਾਨੀ ਟਰੱਕਾਂ ਵਿਚ ਮਾਲ ਪਲਟੀ ਕੀਤਾ ਜਾਂਦਾ ਸੀ। ਹਿੰਦੁਸਤਾਨੀ ਟਰੱਕ ਉਥੋਂ ਹੀ ਵਾਪਸ ਕਰ ਦਿੱਤੇ ਜਾਂਦੇ ਹਨ। ਸਾਨੂੰ ਤਿੰਨ ਸਿੱਖਾਂ ਨੂੰ ਦੇਖ ਕੇ 2 ਟੈਕਸੀਆਂ ਵਾਲੇ ਆ ਗਏ ਤੇ ਜਾਣ ਬਾਰੇ ਪੁੱਛਿਆ, ਸਾਡੇ ਗੁਰਦੁਆਰਾ ਡੇਹਰਾ ਸਾਹਿਬ ਦੱਸਣ 'ਤੇ ਇਕ ਕਹਿੰਦਾ ਹਜ਼ਾਰ ਰੁਪਿਆ ਕਿਰਾਇਆ ਦੇ ਦਿਓ ਲੈ ਜਾਨਾਂ, ਸਾਡੇ ਬੱਸ ਇੰਨਾ ਕਹਿਣ 'ਤੇ ਕਿ ਇਕ ਹਜ਼ਾਰ। ਦੂਜਾ ਟੈਕਸੀ ਵਾਲਾ ਕਹਿੰਦਾ ਮੈਨੂੰ 5 ਸੌ ਦੇ ਦਿਓ, ਮੇਰੇ ਨਾਲ ਚੱਲੋ। ਬਾਰਡਰ ਲੰਘਣ ਤੋਂ ਬਾਅਦ ਸਾਰੀਆਂ ਕਾਰਵਾਈਆਂ ਤਕਰੀਬਨ ਘੰਟੇ ਕੁ ਵਿਚ ਨਿਬੜ ਗਈਆਂ ਕਿਉਂਕਿ ਸਾਰਿਆਂ ਦਾ ਵਰਤਾਓ ਦੋਸਤਾਨਾ ਸੀ। ਜਿੱਦਾਂ ਸਾਡੇ ਮਨ ਵਿਚ ਇਕ ਤੌਖਲਾ ਸੀ ਕਿ ਖਬਰੇ ਉਧਰ ਦੇ ਲੋਕ ਕਿੱਦਾਂ ਦੇ ਹੋਣਗੇ, ਉਹ ਘੰਟਾ ਕੁ ਗੱਲਾਂ ਕਰਕੇ ਲੱਗਣ ਲੱਗ ਪਿਆ ਕਿ ਫਰਕ ਤਾਂ ਇਕ ਵਿਚਾਲੇ ਚਿੱਟੀ ਲੀਕ ਦਾ ਹੀ ਹੈ, ਬਾਕੀ ਤਾਂ ਚੜ੍ਹਦੇ ਪਾਸੇ ਵਾਂਗ ਹੀ ਲੱਗਾ।
ਕੋਈ 3 ਕੁ ਵਜੇ ਅਸੀਂ ਉਥੋਂ ਟੈਕਸੀ ਵਿਚ ਲਾਹੌਰ ਨੂੰ ਚੱਲ ਪਏ। ਵਾਹਗੇ ਤੋਂ ਲਾਹੌਰ 35 ਕਿਲੋਮੀਟਰ ਹੀ ਹੈ। ਮਤਲਬ ਕਿ ਅੰਮ੍ਰਿਤਸਰ ਤੋਂ ਲਾਹੌਰ ਸਿਰਫ 70 ਕਿਲੋਮੀਟਰ (45 ਕੁ ਮੀਲ)ਦੇ ਫਾਸਲੇ 'ਤੇ ਹੈ। ਮੈਂ ਟੈਕਸੀ ਵਿਚ ਡਰਾਈਵਰ ਨਾਲ ਦੀ ਸੀਟ 'ਤੇ ਮੂਹਰੇ ਬੈਠਾ ਸਾਂ ਤੇ ਬਿਨਾਂ ਅੱਖਾਂ ਝਮਕੇ ਆਲਾ-ਦੁਆਲਾ ਦੇਖਣਾ ਚਾਹੁੰਦਾ ਸਾਂ। ਕਦੇ ਖੱਬੇ ਪਾਸੇ ਤੇ ਕਦੇ ਸੱਜੇ ਪਾਸੇ ਵੱਲ ਨੂੰ ਐਦਾਂ ਜਿਵੇਂ ਕੋਈ ਨਵੀਂ ਤੇ ਵੱਖਰੀ ਹੀ ਦੁਨੀਆਂ ਦੇਖਣ ਤੁਰੇ ਹੋਈਏ। ਵਾਹਗੇ ਤੋਂ ਲਾਹੌਰ ਵਾਲੀ ਸੜਕ ਨਵੀਂ ਹੈ, ਲਾਹੌਰ ਤੱਕ ਦੋ ਕੁ ਕਸਬੇ ਜਿਹੇ ਆਏ, ਬੱਸ ਆਵਾਜਾਈ ਕੋਈ ਜ਼ਿਆਦਾ ਨਹੀਂ ਸੀ। ਸਿਰਫ ਦੋ ਕੁ ਬੱਸਾਂ ਹੀ ਇੰਨੇ ਸਫਰ 'ਚ ਮਿਲੀਆਂ, ਉਹ ਵੀ ਪ੍ਰਾਈਵੇਟ ਸਨ। ਉਦਾਂ ਬਅਦ'ਚ ਵੀ ਜਿੰਨਾ ਅਸੀਂ ਘੁੰਮੇ, ਸਰਕਾਰੀ ਬੱਸਾਂ ਨਾਂਹ ਦੇ ਬਰਾਬਰ ਹੀ ਸਨ। ਟੈਂਪੂਆਂ ਵਿਚ ਵੀ ਲੋਕ ਸਫਰ ਕਰਦੇ ਸਨ। ਉਥੋਂ ਦੇ ਟੈਂਪੂ ਬੜੇ ਸ਼ਿੰਗਾਰ ਕੇ ਰੱਖੇ ਹੋਏ ਸਨ। ਆਲੇ-ਦੁਆਲੇ ਸਭ ਦੁਕਾਨਾਂ ਦੇ ਬੋਰਡ ਉਰਦੂ ਵਿਚ ਹੀ ਲਿਖੇ ਹੋਏ ਸਨ, ਇਸ ਕਰਕੇ ਸਾਨੂੰ ਤਾਂ ਪਤਾ ਨਹੀਂ ਲੱਗਾ ਕਿ ਕਿੱਦਾਂ ਦੇ ਨਾਂਵਾਂ ਵਾਲੇ ਬੋਰਡ ਸਨ। ਬੱਸ ਅੱਧੇ ਕੁ ਘੰਟੇ ਵਿਚ ਹੀ ਲਾਹੌਰ ਸ਼ਹਿਰ ਦੀ ਹੱਦ ਅੰਦਰ ਪਹੁੰਚ ਗਏ, ਜਿੱਦਾਂ-ਜਿੱਦਾਂ ਅੰਦਰ ਜਾ ਰਹੇ ਸਾਂ,ਆਵਾਜਾਈ ਵਧਦੀ ਜਾਂਦੀ ਸੀ।
ਉਥੇ ਚੜ੍ਹਦੇ ਪੰਜਾਬ ਵਾਂਗ ਸਕੂਟਰ ਕੋਈ ਨਹੀਂ ਦੇਖਿਆ ਤੇ ਹਾਂਡਾ ਮੋਟਰ ਸਾਈਕਲ ਬਹੁਤ ਜ਼ਿਆਦਾ ਹੈ। ਪਹਿਲਾਂ ਪਹਿਲ ਕਹਿੰਦੇ ਹਨ ਲਾਹੌਰ ਵਿਚ ਟਾਂਗੇ ਬਹੁਤ ਸਨ ਪਰ ਹੁਣ ਟਾਂਗੇ ਬਿਲਕੁਲ ਨਹੀਂ ਦਿਸੇ ਤੇ ਨਾਹੀ ਰਿਕਸ਼ਾ। ਉਸਦੀ ਜਗ੍ਹਾ ਦੋ ਸੀਟਾਂ ਵਾਲਾ ਮੋਟਰ ਰਿਕਸ਼ਾ ਹੀ ਦਿਸਿਆ ਜਿਹੜਾ ਹਾਂਡਾ ਮੋਟਰ ਸਾਈਕਲ ਨਾਲ ਚਲਾਇਆ ਜਾਂਦਾ। ਸੁਜ਼ੂਕੀ ਕਾਰਾਂ ਲਾਹੌਰ ਸ਼ਹਿਰ ਵਿਚ ਬਹੁਤ ਚਲਦੀਆਂ ਦਿਸੀਆਂ, ਇੱਧਰ ਦੀ ਮਾਰੂਤੀ 800 ਜਾਪਾਨ ਦੀ ਸੁਜ਼ੂਕੀ 800 ਦਾ ਹੀ ਨਾਂ ਹੈ। ਲਾਹੌਰ 'ਚ ਫਿਰਦਿਆਂ ਇਉਂ ਹੀ ਲੱਗਦਾ ਸੀ ਜਿਵੇਂ ਜਲੰਧਰ ਹੀ ਤੁਰੇ ਫਿਰਦੇ ਹੋਈਏ। ਬਾਜ਼ਾਰ ਦੇ ਆਲੇ-ਦੁਆਲੇ ਢਾਬੇ ਸਨ, ਮਠਿਆਈ ਦੀਆਂ ਦੁਕਾਨਾਂ ਸਨ। ਫਲਾਂ ਦੀਆਂ ਰੇਹੜੀਆਂ ਵੀ ਲੱਗੀਆਂ ਹੋਈਆਂ ਸਨ। ਸਾਡੇ ਵਾਲੇ ਪਾਸੇ ਵਾਂਗ ਹੀ ਸੜਕਾਂ ਦੇ ਕੰਢੇ ਰੇਹੜੀ ਅਤੇ ਫੜ੍ਹੀ ਵਾਲਿਆਂ ਨੇ ਮੱਲੇ ਹੋਏ ਸਨ। ਸਬਜ਼ੀ ਦੀਆਂ ਦੁਕਾਨਾਂ ਤੇ ਰੇਹੜੀਆਂ ਵੀ ਸਨ, ਕੁਝ ਰੇਹੜੀਆਂ ਜਾਂ ਦੁਕਾਨਾਂ' ਤੇ ਮੀਟ ਦੀਆਂ ਸੀਖਾਂ ਜਿਹੀਆਂ ਲੱਗੀਆਂ ਹੋਈਆਂ ਵੀ ਦਿਸੀਆਂ, ਸ਼ਾਇਦ ਕਬਾਬ ਦੀਆਂ। ਸਾਰੀਆਂ ਦੁਕਾਨਾਂ ਤੇ ਰੇਹੜੀਆਂ 'ਤੇ ਖਰੀਦੋ-ਫਰੋਖਤ ਵੀ ਹੁੰਦੀ ਸੀ ਕਿਉਂਕਿ ਇਹ ਲਾਹੌਰ ਦਾ ਬਾਹਰ ਵਾਰ ਦਾ ਪਾਸਾ ਸੀ। ਇਸ ਕਰਕੇ ਹਰੇਕ ਤਰ੍ਹਾਂ ਦੀਆਂ ਰਲੀਆਂ-ਮਿਲੀਆਂ ਦੁਕਾਨਾਂ ਸਨ। ਮਰਦਾਂ ਦਾ ਪਹਿਰਾਵਾ ਕਮੀਜ਼ ਸਲਵਾਰ ਹੈ, ਮੁੰਡੇ-ਖੁੰਡੇ ਪੈਂਟਾਂ, ਕਮੀਜ਼ਾਂ ਪਾਈ ਫਿਰਦੇ ਸਨ।
ਆਦਮੀਆਂ ਨਾਲੋਂ ਬੀਬੀਆਂ ਦੀ ਗਿਣਤੀ ਬਾਜ਼ਾਰ ਵਿਚ ਘੱਟ ਸੀ। ਕਿਸੇ ਕਿਸੇ ਨੇ ਹੀ ਬੁਰਕਾ ਪਾਇਆ ਸੀ, ਨਹੀਂ ਤਾਂ ਪੰਜਾਬੀ ਸਲਵਾਰ-ਕਮੀਜ਼ ਵਿਚ ਹੀ ਸਨ ਪਰ ਸਿਰ ਸਾਰੀਆਂ ਦੇ ਦੁਪੱਟੇ ਨਾਲ ਢੱਕੇ ਹੋਏ ਸਨ। ਲੋੜੀਂਦਾ ਸਾਮਾਨ ਖਰੀਦ ਕੇ ਲਿਫਾਫਿਆਂ ਜਾਂ ਝੋਲਿਆਂ ਵਿਚ ਪਾ ਕੇਤੁਰੇ ਹੋਏ ਸਨ। ਪਹਿਲੀ ਨਜ਼ਰੇ ਜੇ ਉਰਦੂ ਵਾਲੇ ਬੋਰਡ ਅਤੇ ਲੋਕਾਂ ਦਾ ਪਹਿਰਾਵਾ ਮਨਫੀ ਕਰਕੇ ਦੇਖੀਏ ਤਾਂ ਚੜ੍ਹਦੇ ਪੰਜਾਬ ਦੇ ਕਿਸੇ ਸ਼ਹਿਰ ਦਾ ਬਾਜ਼ਾਰ ਲੱਗਦਾ ਪਰ ਲਾਹੌਰ ਵਿਚ ਚੱਲਣ ਦਾ ਸਾਡੇ ਮਨ ਨੂੰ ਬੜਾ ਹੁਲਾਸ ਜਿਹਾ ਮਿਲ ਰਿਹਾ ਸੀ ਕਿਉਂਕਿ ਅੱਜ ਤੱਕ ਇਤਿਹਾਸ ਦੀਆਂ ਕਿਤਾਬਾਂ ਵਿਚ ਲਾਹੌਰ ਨੂੰ ਲਾਹੌਰ ਨਾਲ ਜੁੜੀਆਂ ਇਤਿਹਾਸਕ ਘਟਨਾਵਾਂ, ਖਾਸ ਕਰਕੇ ਸਿੱਖ ਕੌਮ ਨਾਲ ਸੰਬੰਧਤ, ਪੜ੍ਹੀਆਂ ਹੀ ਸਨ ਪਰ ਅੱਜ ਉਸੇ ਜਗ੍ਹਾ' ਤੇ ਆ ਕੇ ਇਕ ਵੱਖਰੀ ਕਿਸਮ ਦਾ ਅਨੁਭਵ ਜਿਹਾ ਹੋ ਰਿਹਾ ਸੀ ਜਿਹੜਾ ਮੈਂ ਲਿਖਣ ਦੇ ਅਸਮਰੱਥ ਹਾਂ। ਕੁਝ ਗੱਲਾਂ ਮਹਿਸੂਸ ਹੀ ਕੀਤੀਆਂ ਜਾਂਦੀਆਂ ਹਨ ਅਤੇ ਲਫਜ਼ਾਂ ਦੀ ਪਕੜ ਤੋਂ ਬਾਹਰ ਹੁੰਦੀਆਂ ਹਨ। ਇਹੋ ਜਿਹੀ ਹੀ ਮੇਰੀ ਗੱਲ ਹੈ।
ਅੱਗੇ ਅਸੀਂ ਗੁਰਦੁਆਰਾ ਡੇਹਰਾ ਸਾਹਿਬ ਪਹੁੰਚਣਾ ਸੀ ਤੇ ਹਿਰਦੇ ਵਿਚ ਗੁਰੂ ਅਰਜਨ ਦੇਵ ਜੀ ਦਾ ਤੱਤੀ ਤਵੀ ਵਾਲਾ ਦ੍ਰਿਸ਼ ਉਘੜਨਾ ਵੀ ਸ਼ੁਰੂ ਹੋ ਗਿਆ, ਸਿੰਘਾਂ ਦੇ ਸਿਰਾਂ ਦੇ ਮੁੱਲ ਵੀ ਇਸੇ ਸ਼ਹਿਰ ਵਿਚ ਪਏ ਸਨ, ਸ਼ਾਇਦ ਇੰਜ ਦੁਨੀਆਂ ਵਿਚ ਹੋਰ ਕਿਤੇ ਕਿਸੇ ਹਕੂਮਤ ਨੇ ਨਾ ਪਾਏ ਹੋਣ। ਇਹੋ ਹੀ ਲਾਹੌਰ ਸੀ ਜਿਥੇ ਮਾਸੂਮ ਨਿਆਣਿਆਂ ਨੂੰ ਮਾਂਵਾਂ ਤੋਂ ਖੋਹ ਕੇ ਉਨ੍ਹਾਂ ਦੇ ਸਾਹਮਣੇ ਚੀਰ ਦਿੱਤਾ ਗਿਆ ਹੋਵੇ, ਨੇਜਿਆਂ 'ਤੇ ਟੰਗੇ ਗਏ ਹੋਣ ਅਤੇ ਉਨ੍ਹਾਂ ਦੀਆਂ ਆਂਦਰਾਂ ਕੱਢ ਕੇ ਉਨ੍ਹਾਂ ਹੀ ਮਾਂਵਾਂ ਦੇ ਗਲਾਂ ਵਿਚ ਪਾ ਦਿੱਤੀਆਂ ਹੋਣ। ਇਸੇ ਲਾਹੌਰ ਵਿਚ ਭਾਈ ਤਾਰੂ ਸਿੰਘ ਦੀ ਖੋਪੜੀ ਲਾਹੀ ਗਈ ਸੀ। ਇਹੋ ਹੀ ਲਾਹੌਰ ਸ਼ਹਿਰ ਹੈ, ਜਿਥੋਂ ਖਾਲਸਾ ਰਾਜ ਮਜ਼ਬੂਤ ਹੋਇਆ, ਜਿਸਨੇ 50 ਸਾਲ ਤਕ ਉਸ ਵੇਲੇ ਦੀ ਦੁਨੀਆਂ ਦੀ ਸਭ ਤੋਂ ਵੱਡੀ ਬਾਦਸ਼ਾਹੀ ਨੂੰ ਸਤਲੁਜ ਪਾਰ ਨਾ ਕਰਨ ਦਿੱਤਾ, ਇਹੋ ਸ਼ਹਿਰ ਲਾਹੌਰ ਹੈ ਜਿਥੇ ਖਾਲਸਾ ਰਾਜ ਦੀਆਂ ਜੇਤੂ ਮੁਹਿੰਮਾਂ ਪਹਿਲੀ ਵਾਰੀ ਪੂਰਬ ਵਾਲੇ ਪਾਸੇ ਤੋਂ ਦਰ੍ਹਾ ਖੈਬਰ ਪਾਰ ਕਰਕੇ ਗਈਆਂ, ਫਿਰ ਇਸੇ ਹੀ ਲਾਹੌਰ ਸ਼ਹਿਰ ਵਿਚ ਸਾਜ਼ਿਸ਼ਾਂ ਦਾ ਦੌਰ ਚੱਲਿਆ ਤੇ ਸਿੱਖ ਰਾਜ ਸਦਾ ਲਈ ਖ਼ਤਮ ਹੋ ਗਿਆ। ਇਨ੍ਹਾਂ ਸੋਚਾਂ ਵਿਚ ਤੇ ਆਲਾ-ਦੁਆਲਾ ਦੇਖਦੇ ਟੈਕਸੀ ਗੁਰਦੁਆਰਾ ਡੇਹਰਾ ਸਾਹਿਬ ਪਹੁੰਚ ਗਈ ਅਤੇ ਗੁਰਦੁਆਰਾ ਸਾਹਿਬ ਦਾ ਗੁੰਬਦ ਤੇ ਨਿਸ਼ਾਨ ਸਾਹਿਬ ਦਿਸ ਪਏ।
ਡਰਾਈਵਰ ਨੇ ਟੈਕਸੀ ਬਾਹਰ ਸੜਕ 'ਤੇ ਪਾਰਕ ਕਰ ਦਿੱਤੀ ਤੇ ਸਾਡੇ ਅਟੈਚੀ ਕੱਢਣ ਲੱਗ ਪਿਆ। ਅਸੀਂ ਉਤਰ ਕੇ ਆਲਾ ਦੁਆਲਾ ਦੇਖਿਆ। ਸੜਕ 'ਤੇ ਕਾਫੀ ਲੋਕੀਂ ਆ-ਜਾ ਰਹੇ ਸਨ, ਜੋ ਸਾਨੂੰ ਬੜੇ ਧਿਆਨ ਨਾਲ ਦੇਖ ਰਹੇ ਸਨ। ਅਸਲ ਵਿਚ ਉਹ ਸੜਕ ਉਪਰ ਨੂੰ ਸ਼ਾਹੀ ਕਿਲੇ ਵੱਲ ਜਾਂਦੀ ਹੈ ਤੇ ਕਿਲੇ ਦੇ ਸਾਹਮਣੇ ਬਾਦਸ਼ਾਹੀ ਮਸਜਿਦ ਹੈ, ਜਿਥੇ ਲੋਕ ਸ਼ਾਮ ਦੀ ਨਮਾਜ਼ ਲਈ ਜਾ ਰਹੇ ਸਨ। ਅਸੀਂ ਸਾਮਾਨ ਲੈ ਕੇ ਗੁਰਦੁਆਰੇ ਦੇ ਗੇਟ ਵੱਲ ਨੂੰ ਹੋਏ ਤਾਂ ਦੇਖਿਆ ਕਿ ਗੇਟ ਬੰਦ ਸੀ। ਸਾਨੂੰ 3 ਸਿੱਖਾਂ ਨੂੰ ਦੇਖ ਕੇ ਇਕ ਸਿਕਿਓਰਿਟੀ ਵਾਲਾ ਉਸੇ ਵੇਲੇ ਆ ਗਿਆ ਤੇ ਪੁੱਛਿਆ ਕਿ ਅੰਦਰ ਗੁਰਦੁਆਰਾ ਸਾਹਿਬ ਜਾਣਾ ਹੈ ਤਾਂ ਸਾਡੇ 'ਹਾਂ' ਕਹਿਣ 'ਤੇ ਉਸ ਨੇ ਗੇਟ ਖੋਲ੍ਹ ਦਿੱਤਾ। ਬਾਅਦ ਵਿਚ ਅਸੀਂ ਦੇਖਿਆ ਕਿ ਸਾਰੇ ਹੀ ਗੁਰਦੁਆਰਿਆਂ ਦੇ ਗੇਟ ਬੰਦ ਹੁੰਦੇ ਸਨ ਤੇ ਹਰੇਕ ਥਾਂ ਪੁਲਿਸ ਦੀ ਸਿਕਿਓਰਿਟੀ ਸੀ, ਕਿਸੇ ਅਣਜਾਣ ਨੂੰ ਅੰਦਰ ਨਹੀਂ ਸੀ ਜਾਣ ਦਿੰਦੇ।
ਗੁਰਦੁਆਰਾ ਡੇਹਰਾ ਸਾਹਿਬ ਦੇ ਅੰਦਰ ਸਾਨੂੰ ਸ਼ ਅਮਰ ਸਿੰਘ ਮਿਲੇ, ਜੋ ਲੰਗਰ ਦੀ ਸੇਵਾ ਕਰਦੇ ਹਨ। ਉਨ੍ਹਾਂ ਨੂੰ ਅਸੀਂ ਦੱਸਿਆ ਕਿ ਅਸੀਂ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਆਏ ਹਾਂ ਤੇ ਇਥੇ ਸਾਨੂੰ ਕਾਦਿਰ ਭਾਈ ਨਾਂ ਦੇ ਟੈਕਸੀ ਵਾਲੇ ਨੇ ਮਿਲਣਾ ਹੈ ਤਾਂ ਉਸਨੇ ਦੱਸਿਆ ਕਿ ਉਹਦਾ ਐਥੇ ਸਾਨੂੰ ਟੈਲੀਫੋਨ ਆ ਗਿਆ ਹੈ। ਤੁਹਡੇ ਰਹਿਣ ਲਈ ਇਕੋ-ਇਕ ਏ. ਸੀ. ਵਾਲਾ ਕਮਰਾ ਹੈ, ਉਹ ਸਾਫ ਹੈ, ਉਥੇ ਤੁਸੀਂ ਆਪਣਾ ਸਾਮਾਨ ਰੱਖ ਲਓ, ਨਾਲੇ ਉਹਨੇ ਸਾਡੇ ਲਈ ਕੁਰਸੀਆਂ ਬਾਹਰ ਕੱਢ ਕੇ ਰੱਖ ਦਿੱਤੀਆਂ ਤੇ ਸਾਡੇ ਲਈ ਲੰਗਰ ਵਿਚੋਂ ਚਾਹ ਦਾ ਜੱਗ ਬਣਾ ਲਿਆਇਆ ਤੇ ਨਾਲ ਖਾਣ ਲਈ ਵਧੀਆ ਰਸਵੀ ਦਿੱਤੇ, ਜਿਸ ਦੀ ਉਸ ਵੇਲੇ ਤੱਕ ਸਾਨੂੰ ਜ਼ਰੂਰਤ ਵੀ ਮਹਿਸੂਸ ਹੋਣ ਲੱਗ ਪਈ ਸੀ। ਇਨ੍ਹਾਂ ਰਿਹਾਇਸ਼ੀ ਕਮਰਿਆਂ ਵਿਚ ਹੀ ਸਰਕਾਰ ਵਲੋਂ ਖੋਲ੍ਹੀ ਗਈ ਡਿਸਪੈਂਸਰੀ ਵੀ ਸੀ। ਚਾਹ ਪੀ ਕੇ ਅਸੀਂ ਕਾਦਿਰ ਭਾਈ ਦੀ ਉਡੀਕ ਕਰਨ ਲੱਗੇ, ਫਿਰ ਸੋਚਿਆ ਕਿ ਕਿਉਂ ਨਾ ਓਨੀ ਦੇਰ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਕੇ ਮੱਥਾ ਟੇਕੀਏ।
ਗੁਰਦੁਆਰੇ ਦਾ ਦੀਵਾਨ ਹਾਲ ਬਹੁਤ ਵੱਡਾ ਨਹੀਂ। ਉਸ ਵੇਲੇ ਉਥੇ ਉਸਦੀ ਛੱਤ ਦੀ ਅੰਦਰੋਂ ਰਿਪੇਅਰ ਦਾ ਕੰਮ ਚੱਲ ਰਿਹਾ ਸੀ। ਕਾਰੀਗਰ ਸਾਰੇ ਮੁਸਲਮਾਨ ਹੀ ਸਨ ਪਰ ਸਾਰਿਆਂ ਨੇ ਸਿਰਾਂ 'ਤੇ ਜਾਂ ਤਾਂ ਟੋਪੀਆਂ ਪਾਈਆਂ ਹੋਈਆਂ ਸਨ ਜਾਂ ਪਟਕੇ ਬੰਨ੍ਹੇ ਹੋਏ ਸੀ। ਦੱਸਦੇ ਸਨ, ਜਦੋਂ ਕਦੀ ਦੀਵਾਨ ਲੱਗਦਾ ਉਦੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ। ਪ੍ਰਕਾਸ਼ ਵਾਲੀ ਥਾਂ ਵੀ ਉਚੀ ਬਣਾਈ ਹੋਈ ਹੈ, ਉਦਾਂ ਗੁਰਦੁਆਰਾ ਜਿਥੇ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ, ਨਾਲ ਹੀ ਹੈ, ਉਸਦੇ ਦਰਵਾਜ਼ੇ ਪੁਰਾਣੇ ਸਟਾਈਲ ਦੇ ਲੱਕੜ ਦੇ ਹਨ।
ਇਹ ਗੁਰਦੁਆਰਾ ਵੀ ਮਹਾਰਾਜਾ ਰਣਜੀਤ ਸਿੰਘ ਨੇ ਹੀ ਬਣ ਵਾਇਆ ਸੀ। ਗੁਰਦੁਆਰਾ ਬਿਲਕੁਲ ਸ਼ਾਹੀ ਕਿਲੇ ਦੇ ਨਾਲ ਹੈ। ਉਸ ਵੇਲੇ ਦਰਿਆ ਰਾਵੀ ਸ਼ਾਹੀ ਕਿਲੇ ਦੀ ਦੀਵਾਰ ਨਾਲ ਖਹਿ ਕੇ ਵਗਦਾ ਸੀ। ਗੁਰਦੁਆਰਾ ਡੇਹਰਾ ਸਾਹਿਬ ਉਸ ਥਾਂ 'ਤੇ ਬਣਿਆ ਹੋਇਆ ਹੈ ਜਿਥੇ ਗੁਰੂ ਸਾਹਿਬ ਨੂੰ ਤੱਤੀਆਂ ਤਵੀਆਂ 'ਤੇ ਬੈਠਾ ਕੇ ਤੱਤੀ ਰੇਤਾ ਉਪਰ ਪਾਉਣ ਤੋਂ ਬਾਅਦ ਸਾਰਾ ਸਰੀਰ ਬੁਰੀ ਤਰ੍ਹਾਂ ਨਾਲ ਸਾੜਿਆ ਹੋਣ ਤੋਂ ਬਾਅਦ ਦਰਿਆ ਰਾਵੀ 'ਤੇ ਲਿਆਂਦਾ ਤਾਂ ਕਿ ਠੰਡੇ ਪਾਣੀ ਵਿਚ ਨਹਾਉਣ ਨਾਲ ਸਰੀਰ 'ਤੇ ਪਏ ਹੋਏ ਛਾਲੇ ਹੋਰ ਤੜਫਾਉਣ। ਹਕੂਮਤ ਦਾ ਮਕਸਦ ਵੱਧ ਤੋਂ ਵੱਧ ਸਰੀਰਕ ਕਸ਼ਟ ਦੇਣਾ ਸੀ, ਸ਼ਾਇਦ ਇਹ ਚਾਲ ਚੰਦੂ ਦੀ ਹੀ ਹੋਵੇ ਕਿਉਂਕਿ ਉਸਨੂੰ ਪਤਾ ਹੋਣਾ ਜਿਸ ਜਗ੍ਹਾ 'ਤੇ ਗੁਰੁ ਜੀ ਦਾ ਸਸਕਾਰ ਹੋਣਾ ਸਿੱਖ ਤਾਂ ਉਸ ਥਾਂ 'ਤੇ ਯਾਦਗਾਰ ਬਣਾ ਕੇ ਅੱਗੋਂ ਪਤਾ ਨਹੀਂ ਕਿਹੜਾ ਪੈਂਤੜਾ ਅਪਨਾ ਲੈਣ ਤੇ ਉਹ ਵਗਦੇ ਦਰਿਆ ਵਿਚ ਕਿੱਦਾਂ ਗੁਰਦੁਆਰਾ ਬਣਾਉਣਗੇ ਪਰ ਉਹ ਕੀ ਜਾਣਦਾ ਸੀ ਕਿ ਸ਼ਹਾਦਤਾਂ ਤਾਂ ਦਰਿਆਵਾਂ ਦਾ ਰੁਖ ਬਦਲਣ ਦੇ ਸਮਰੱਥ ਹੁੰਦੀਆਂ, ਉਥੇ ਬਹਿ ਕੇ ਇਹ ਸੱਚ ਹੀ ਦਿਸਿਆ। ਇਸ ਜਗ੍ਹਾ 'ਤੇ ਗੁਰੂ ਜੀ ਰਾਵੀ ਦੇ ਪਾਣੀ ਵਿਚ ਉਤਰੇ ਤੇ ਸਦਾ ਲਈ ਇਸ ਦੁਨੀਆਂ ਤੋਂ ਅਲੋਪ ਹੋ ਗਏ। ਗੁਰਦੁਆਰਾ ਡੇਹਰਾ ਸਾਹਿਬ ਵਾਲੀ ਥਾਂ 'ਤੇ ਗੁਰੂ ਜੀ ਨੂੰ ਤੱਤੀ ਤਵੀ 'ਤੇ ਨਹੀਂ ਸੀ ਬਿਠਾਇਆ, ਜਿਵੇਂ ਕਿ ਮੈਂ ਪਹਿਲਾਂ ਸਮਝ ਦਾ ਸਾਂ, ਉਹ ਜਗ੍ਹਾ ਹੋਰ ਥਾਂ 'ਤੇ ਹੈ। ਇਸ ਦਾ ਜ਼ਿਕਰ ਬਾਅਦ ਵਿਚ ਕਰਾਂਗਾ। ਕਈ ਗੱਲਾਂ ਬਾਰੇ ਜਿੱਦਾਂ ਪਹਿਲਾਂ ਪੜ੍ਹਿਆ ਹੋਇਆ ਹੈ, ਜਿੱਦਾਂ ਉਥੋਂ ਦੇ ਲੋਕਾਂ ਨੇ ਦੱਸਿਆ ਕਿ ਉਹ ਕੁਝ ਵੱਖਰਾ ਹੈ, ਉਹੀ ਮੈਂ ਲਿਖ ਰਿਹਾਂ।
(ਬਾਕੀ ਕਿਸ਼ਤ ਨੰ: 03 'ਚ)