ਵਿਛੜੇ ਗਰੁ ਧਾਮਾਂ ਦੇ ਦਰਸਨ ਦੀਦਾਰੇ ( ਕਿਸ਼ਤ ਨੰ: 01 )

ਸਫਰਨਾਮਾ  -ਮਝੈਲ ਸਿੰਘ ਸਰਾਂ
ਹਿੰਦੋਸਤਾਨ ਆਜ਼ਾਦ ਤਾਂ ਹੋ ਗਿਆ ਤੇ ਨਾਲ ਹੀ ਪੰਜਾਬ ਦੀਆਂ ਵੀ ਦੋ ਲੀਰਾਂ ਹੋ ਗਈਆਂ। ਇਕ ਲੀਰ ਹਿੱਸੇ ਆਈ ਆਜ਼ਾਦ ਹਿੰਦੋਸਤਾਨ ਦੇ ਤੇ ਦੂਜੀ ਮਿਲ ਗਈ ਸੱਜਰੇ ਬਣੇ ਪਾਕਿਸਤਾਨ ਨੂੰ। ਇਸ ਪਾਟੋ-ਧਾੜ ਵਿਚ ਹੋਰ ਵੀ ਬਹੁਤ ਕੁਝ ਅਣਕਿਆਸਿਆ ਵਾਪਰ ਗਿਆ। ਆਜ਼ਾਦੀ ਦੀ ਕੀਮਤ ਪੰਜਾਬ ਦੇ ਲੋਕਾਂ ਨੂੰ ਕੁਝ ਜ਼ਿਆਦਾ ਹੀ ਤਾਰਨੀ ਪਈ, ਸਦੀਆਂ ਪੁਰਾਣੀਆਂ ਸਾਂਝਾਂ ਨੂੰ ਇਕੋ ਹੀ ਜਨੂਨੀ ਫਲੂਹੇ ਨੇ ਝੁਲਸ ਕੇ ਰੱਖ ਦਿੱਤਾ। ਵਸਦੇ ਰਸਦੇ ਘਰਾਂ ਤੇ ਕਾਰੋਬਾਰਾਂ ਨੂੰ ਛੱਡ ਕੇ ਇੱਜ਼ਤਾਂ ਤੇ ਜਾਨਾਂ ਬਚਾਉਂਦੇ ਇੱਧਰ-ਉਧਰ ਨੂੰ ਕਾਫਲੇ ਬਣਾ ਕੇ ਨੱਠ ਤੁਰੇ। ਸਭ ਕੁਝ ਲੁਟਾਉਣ ਬਾਅਦ ਇਕ ਨਵੇਂ ਤਖੱਲਸ ''ਪਨਾਹਗੀਰ'' ਨਾਲ ਜਾਣੇਜਾਣ ਲੱਗ ਪਏ ਆਜ਼ਾਦ ਹਿੰਦੋਸਤਾਨ ਵਿਚ। ਘੱਟ ਦੂਜੇ ਪਾਸੇ ਜਾਣ ਵਾਲਿਆਂ ਨਾਲ ਵੀ ਨਹੀਂ ਹੋਈ ਉਨ੍ਹਾਂ ਨੂੰ ਨਵਾਂ ਨਾਂ 'ਮੁਹਾਜ਼ਿਰ' ਦਿੱਤਾ ਗਿਆ, ਨਵੇਂ ਬਣੇ ਪਾਕਿ-ਪਵਿੱਤਰ ਮੁਲਕ ਵਿਚ।

ਉਧਰੋਂ ਉੱਜੜ ਕੇ ਆਏ ਸਿੱਖਾਂ ਨੇ ਭਾਵੇਂ ਆਪਣੇ ਆਪਨੂੰ ਛੇਤੀ ਹੀ ਪੈਰਾਂ ਸਿਰ ਕਰ ਲਿਆ ਪਰ ਪਿਛਲੀਆਂ ਯਾਦਾਂ ਉਨ੍ਹਾਂ ਦੇ ਚੇਤਿਆਂ 'ਚ ਧੁਰ ਤੱਕ ਖੁੱਭੀਆਂ ਪਈਆਂ ਸਨ। ਵੱਡਾ ਝੋਰਾ ਲੱਗਿਆ ਉਨ੍ਹਾਂ ਪਵਿੱਤਰ ਗੁਰ ਅਸਥਾਨਾਂ ਤੋਂ ਵਿਛੋੜੇ ਦਾ, ਜਿੱਥੋਂ ਮਨ ਦੀਹਰ ਮੁਰਾਦ ਪਾਉਣ ਲਈ ਨਤਮਸਤਕ ਹੁੰਦੇ ਸਨ। ਉਨ੍ਹਾਂ ਹੀ ਗੁਰ-ਅਸਥਾਨਾਂ ਦਾ ਵਿਯੋਗ ਚੜ੍ਹਦੇ ਪਾਸੇ ਵਾਲੇ ਪੰਜਾਬ 'ਚ ਵਸਦੇ ਸਿੱਖਾਂ ਨੂੰ ਬੜਾ ਗਹਿਰਾ ਲੱਗਾ, ਜਦੋਂ ਅਟਾਰੀ ਤੇ ਵਾਹਗੇ ਵਿਚਕਾਰ ਲੀਕ ਖਿੱਚ ਕੇ ਉਧਰ ਜਾਣੋਂ ਵਰਜ ਦਿੱਤਾ। ਗੁਰਧਾਮਾਂ ਲਈ ਹਰ ਸਿੱਖ ਵਿਲਕ ਉਠਿਆ ਪਰ ਕਰ ਕੁਝ ਸਕਦਾ ਨਹੀਂ ਸੀ ਕਿਉਂਕਿ ਜਿਨ੍ਹਾਂ ਨਾਲ ਆੜੀਲਾਈ ਉਹ ਬਾਅਦ 'ਚ ਬੇਇਤਬਾਰੇ ਤੇ ਫਰੇਬੀ ਨਿਕਲੇ। ਫਿਰ ਬਚਿਆ ਸਿਰਫ ਇਕੋ ਇਕ ਰਸਤਾ ਫਰਿਆਦ ਦਾ, ਕਿਹਦੇ ਅੱਗੇ? ਕੇਵਲ ਤੇ ਕੇਵਲ ਅਕਾਲ ਪੁਰਖ ਅੱਗੇ ਉਦੋਂ ਤੋਂ ਲੈ ਕੇ ਅੱਜ ਤੱਕਜਦੋਂ ਵੀ ਸਿੱਖ ਅਰਦਾਸ ਕਰਦਾ ਹੈ ਇਹੋ ਜੋਦੜੀ ਕਰਦਾ 'ਗੁਰਦੁਆਰਾ ਨਨਕਾਣਾ ਸਾਹਿਬ ਤੇ ਹੋਰ ਗੁਰਧਾਮਾਂ ਗੁਰਦੁਆਰਿਆਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਉਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਤੇ ਸੇਵਾ ਸੰਭਾਲ ਖਾਲਸਾ ਜੀ ਨੂੰ ਬਖਸ਼ਣੇ ਜੀ। 'ਜਿਵੇਂ ਹਰ ਸਿੱਖ ਦੀ ਮਨਸ਼ਾ ਬਾਬੇ ਨਾਨਕਦੇ ਜਨਮ ਅਸਥਾਨ ਅਤੇ ਪਾਕਿਸਤਾਨ ਵਿਚ ਰਹਿ ਗਏ ਹੋਰ ਗੁਰਧਾਮਾਂ ਦੇ ਦਰਸ਼ਨਾਂ ਦੀ ਹੈ, ਮੇਰੇ ਵਿਚ ਵੀ ਹੋਣੀ ਕੁਦਰਤੀ ਹੀ ਸੀ। ਪਰ ਇਹ ਦੇ ਲਈ ਪਿੰਡ ਰਹਿੰਦਿਆਂ ਬਹੁਤਾ ਤਰੱਦਦ ਵੀ ਨਹੀਂ ਸੀ ਕੀਤਾ ਕਿਉਂਕਿ ਪਾਕਿਸਤਾਨ ਦਾ ਵੀਜ਼ਾ ਲੁਆਉਣ ਲਈ ਕਿਸੇ ਨੀਲੀ ਪੱਗ ਵਾਲੇ ਜਥੇਦਾਰ ਦੀ ਤੀਮਾਰਦਾਰੀ ਕਰਨੀ ਪੈਣੀ ਸੀ ਜਿਹੜੀ ਮੇਰੇ ਵਰਗੇ ਦੇਸੀ ਜਿਹੇ ਸੁਭਾਅ ਵਾਲੇ ਦੇ ਫਿੱਟ ਨਹੀਂ ਸੀ।

ਫਿਰ ਸਮੇਂ ਨੇ ਛੇ ਕੁ ਸਾਲ ਪਹਿਲਾਂ ਮੈਨੂੰ ਡਾਲਰਾਂ ਵਾਲੇ ਮੁਲਕ ਵਿਚ ਲੈ ਆਂਦਾ। ਪਿਛਲੇ ਸਾਲ ਤੋਂ ਹੀ ਮੇਰੇ ਵੱਡੇ ਭਾਈ ਸਾਹਿਬ ਜਿਹੜੇ ਇੰਗਲੈਂਡ ਵਿਚ ਰਹਿੰਦੇ ਆ ਮੈਨੂੰ ਪਿੰਡ ਜਾਣ ਨੂੰ ਕਹਿ ਰਹੇ ਸਨ, ਪਰ ਮੈਂ ਹੀ ਘੇਸਲ ਜਿਹੀ ਮਾਰੀ ਜਾਂਦਾ ਸੀ। ਜੁਲਾਈ 2009 ਦੇ ਮਹੀਨੇ ਉਨ੍ਹਾਂ ਨੇ ਪਿਆਰ ਭਰੀ ਝਿੜਕ ਮਾਰ ਕੇ ਕਿਹਾ ਕਿ ਮੈਂ ਅਕਤੂਬਰ ਦੇ ਦੂਜੇ ਹਫਤੇ ਤੋਂ ਛੁੱਟੀਆਂ ਲੈ ਲਈਆਂ ਹਨ ਤੇ ਉਸੇ ਹਫਤੇ ਇੰਗਲੈਂਡ ਤੋਂ ਅੰਮ੍ਰਿਤਸਰ ਦੀਆਂ ਦੋ ਟਿਕਟਾਂ (ਇਕ ਤੇਰੀ ਤੇ ਦੂਜੀ ਆਪਣੀ) ਵੀ ਲੈ ਲਈਆਂ ਹਨ। ਤੂੰ 11-12 ਅਕਤੂਬਰ ਤੱਕ ਇੰਗਲੈਂਡ ਪਹੁੰਚ ਜਾਹ। ਮੇਰੀ ਇੰਗਲੈਂਡ ਤੇ ਪਿੰਡ ਜਾਣ ਦੀ ਜਿਹੜੀ ਕੱਚ-ਪਿੱਲ ਸੀ ਉਹਨੂੰ ਪੂਰਾ ਫੁੱਲ ਸਟਾਪ ਲੱਗ ਗਿਆ। ਨਾਲੇ ਮੈਨੂੰ ਪਿੰਡ ਜਾਣ ਦਾ ਵੀ ਚਾਅ ਜਿਹਾ ਚੜ੍ਹਨ ਲੱਗ ਪਿਆ। ਛੇਆਂ ਸਾਲਾਂ ਬਾਅਦ ਪਹਿਲੀ ਵਾਰੀ ਤਾਂ ਜਾਣਾ ਸੀ। ਜਾਣ ਤੋਂ ਮਹੀਨਾ ਕੁ ਪਹਿਲਾਂ ਮੈਂ ਜਦੋਂ ਉਨ੍ਹਾਂ (ਭਰਾ) ਨੂੰ ਆਪਣੀ ਮਨਸ਼ਾ ਪਾਕਿਸਤਾਨ ਜਾਣ ਦੀ ਦੱਸੀ ਤਾਂ ਉਨ੍ਹਾਂ ਨੇ ਵੀ ਝੱਟ ਹਾਮੀ ਭਰ ਦਿੱਤੀ ਤੇ ਨਾਲ ਹੀ ਮੈਨੂੰ ਕਹਿ ਦਿੱਤਾ ਕਿ ਐਥੋਂ ਕਿਸੇ ਨੂੰ ਪੁੱਛ ਕੇ ਪਾਕਿਸਤਾਨ ਦਾ ਵੀਜ਼ਾ ਲੈ ਲਈਂ। ਹੁਣ ਮੈਨੂੰ ਜਾਣਾ ਹੋਰ ਵੀ ਵਧੀਆ ਲੱਗਣ ਲੱਗ ਪਿਆ। ਅਗਲੇ ਹੀ ਦਿਨ ਇੰਟਰਨੈਟ ਤੋਂ ਪਾਕਿਸਤਾਨ ਵਿਛੜੇ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਸਫਰਨਾਮਾ ਕੌਂਸਲੇਟ ਦੇ ਫਾਰਮ ਪ੍ਰਿੰਟ ਕਰਕੇ ਪਾਸਪੋਰਟ ਨਾਲ ਲਾਸ ਏਂਜਲਸ ਨੂੰ ਭੇਜ ਦਿੱਤਾ ਤੇ 10 ਕੁ ਦਿਨਾਂ ਬਾਅਦ ਵੀਜ਼ਾ ਵੀ ਲੱਗ ਕੇ ਆ ਗਿਆ। ਇਸ ਤਰ੍ਹਾਂ ਵਿਛੜੇ ਗੁਰਧਾਮਾਂ ਦੇ ਦਰਸ਼ਨਾਂ ਲਈ ਪਹਿਲਾ ਪੈਰ ਪੁੱਟਿਆ ਗਿਆ।

ਜਦੋਂ ਇਥੋਂ ਇੰਗਲੈਂਡ ਨੂੰ ਜਾਣ ਤੋਂ ਪਹਿਲਾਂ ਆਪਣੇ ਭਰਾ ਤੋਂ ਉਨ੍ਹਾਂ ਦੇ ਵੀਜ਼ੇ ਬਾਰੇ ਪੁੱਛਿਆ ਤਾਂ ਥੋੜ੍ਹੀ ਨਿਰਾਸ਼ਾ ਹੋਈ ਕਿਉਂਕਿ ਲੰਡਨ ਸਥਿਤ ਪਾਕਿਸਤਾਨੀ ਕੌਂਸਲੇਟ ਤੋਂ ਉਨ੍ਹਾਂ ਨੂੰ ਅਜੇ ਵੀਜ਼ਾ ਨਹੀਂ ਸੀ ਲੱਗਾ ਬਾਵਜੂਦ ਇਸਦੇ ਕਿ ਉਹ ਦੋ ਵਾਰ ਅੰਬੈਸੀ ਦੇ ਦਫਤਰ ਵੀ ਜਾ ਚੁੱਕੇ ਸਨ। ਅਸਲ ਵਿਚ ਉਨ੍ਹਾਂ ਦਿਨਾਂ ਵਿਚ ਹਿੰਦ-ਪਾਕਿ ਸਰਹੱਦ ਤੇ ਇਕ-ਦੂਜੇ ਵਲ ਰਾਕਟ ਸੁੱਟੇ ਜਾਣ ਕਰਕੇ ਵਿਦੇਸ਼ੀਆਂ ਲਈ ਵੀਜ਼ਾ ਕੁਝ ਸਖਤ ਕਰ ਦਿੱਤਾ ਗਿਆ ਸੀ। ਇਹ ਗੱਲ ਵੀਜ਼ਾ ਅਫਸਰ ਨੇ ਮੇਰੇ ਭਰਾ ਨੂੰ ਦੱਸੀ ਤੇ ਕਿਹਾ ਕਿ ਅਸੀਂ ਤੈਨੂੰ ਆਪ ਹੀ ਟੈਲੀਫੋਨ ਤੇ ਦੱਸਾਂਗੇ ਤਾਂ ਆ ਕੇ ਵੀਜ਼ਾ ਲੈ ਜਾਣਾ। ਉਦਾਂ ਆਪ ਅੰਬੈਸੀ ਟੈਲੀਫੋਨ ਨਾ ਕਰੀਂ। ਇਹ ਇਕ ਤਰ੍ਹਾਂ ਨਾਲ ਵੀਜ਼ੇ ਲਈ ਲੁਕਵੀਂ ਨਾਂਹ ਹੀ ਸੀ। ਮੈਂ ਤਾਂ 12 ਅਕਤੂਬਰ ਨੂੰ ਇੰਗਲੈਂਡ ਪਹੁੰਚ ਗਿਆ ਜਿਥੋਂ ਅੱਗੇ 14 ਅਕਤੂਬਰ ਦੀਆਂ ਅੰਮ੍ਰਿਤਸਰ ਦੀਆਂ ਸੀਟਾਂ ਬੁੱਕ ਸਨ। ਮੇਰੇ ਭਰਾਨੇ ਮੈਨੂੰ ਦੱਸਿਆ ਕਿ ਕੱਲ੍ਹ ਦੁਬਾਰਾ ਕਿਸੇ ਜਾਣਕਾਰ ਨੇ ਮੇਰਾ ਪਾਸਪੋਰਟ ਲਿਆ ਹੈ, ਸ਼ਾਇਦ ਉਸ ਦੀ ਅੰਬੈਸੀ ਵਿਚ ਕਾਫੀ ਵਾਕਫੀਅਤ ਹੋਵੇਗੀ। ਉਸਨੇ ਕਿਹਾ ਕਿ ਮੈਂ ਕੋਸ਼ਿਸ਼ ਕਰ ਲੈਨਾਂ ਜੇ ਵੀਜ਼ਾ ਲੱਗ ਗਿਆ ਤਾਂ ਵੀ ਨਹੀਂ ਤਾਂ ਪਾਸਪੋਰਟ 12 ਅਕਤੂਬਰ ਤੱਕ ਤੁਹਾਨੂੰ ਮਿਲ ਜਾਊਗਾ। ਗੱਲ ਸੱਚੀ ਹੋਈ ਰਾਤ ਨੂੰ 8 ਕੁ ਵਜੇ ਸਾਡਾ ਜਾਣਕਾਰ ਵੀਜ਼ਾ ਲਗਵਾ ਕੇ ਪਾਸਪੋਰਟ ਲੈ ਆਇਆ। ਆਪਣੇ ਭਰਾ ਦਾ ਵੀਜ਼ਾ ਲੱਗਣ ਦੀ ਮੈਨੂੰ ਜ਼ਿਆਦਾ ਹੀ ਖੁਸ਼ੀ ਹੋਈ ਕਿਉਂਕਿ ਉਨ੍ਹਾਂ ਤੋਂ ਬਗੈਰ ਤਾਂ ਮੈਂ ਵੀ ਪਾਕਿਸਤਾਨ ਨਹੀਂ ਸੀ ਜਾਣਾ। ਉਨ੍ਹਾਂ ਦਾ ਵੀਜ਼ਾ ਲੱਗਣ ਉਪਰੰਤ ਲੱਗਾ ਕਿ ਹੁਣ ਕੋਈ ਅੜਚਣ ਨਹੀਂ ਪਰ 14 ਅਕਤੂਬਰ ਨੂੰ ਸਵੇਰੇ ਜਦੋਂ ਪੰਜਾਬੀ ਚੈਨਲ 'ਤੇ ਖਬਰਾਂ ਦੇਖੀਆਂ ਤਾਂ ਮੁੱਖ ਖਬਰ ਇਹੋ ਸੀ ਕਿ ਪਾਕਿਸਤਾਨ ਵਿਚ ਪਿਸ਼ਾਵਰ, ਰਾਵਲਪਿੰਡੀ ਤੇ ਦੋ ਕੁ ਹੋਰ ਸ਼ਹਿਰਾਂ ਵਿਚ ਪਬਲਿਕ ਥਾਂਵਾਂ 'ਤੇ ਬੰਬ ਫਟਣ ਨਾਲ 35 ਮੌਤਾਂ ਹੋ ਗਈਆਂ ਹਨ ਤੇ ਨਾਲ ਹੀ ਇਹ ਖਬਰ ਸੀ ਕਿ ਉਨ੍ਹਾਂ ਦਿਨਾਂ ਵਿਚ ਇੰਡੀਆ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਤੇ ਜਿਹੜਾ ਜਥਾ ਪਾਕਿਸਤਾਨ ਗੁਰਧਾਮਾਂ ਦੀ ਯਾਤਰਾ' ਤੇ ਭੇਜਿਆ ਸੀ, ਉਸਨੂੰ ਵਿਚਕਾਰੋਂ ਹੀ ਇੰਡੀਆ ਵਾਪਸ ਭੇਜ ਦਿੱਤਾ ਗਿਆ ਹੈ। ਸ਼ਾਇਦ ਸੁਰੱਖਿਆ ਕਾਰਨਾਂ ਅਜਿਹਾ ਕੀਤਾ ਗਿਆ ਹੋਣਾ। ਨਾਲ ਹੀ ਖਬਰ ਵਿਚ ਦੱਸਿਆ ਗਿਆ ਕਿ ਪਾਕਿਸਤਾਨ ਸਰਕਾਰ ਵਲੋਂ 2 ਨਵੰਬਰ ਨੂੰ ਆ ਰਹੇ ਗੁਰੂ ਨਾਨਕ ਜੀ ਦੇ ਗੁਰਪੁਰਬ ਉਤੇ ਸ਼ਾਇਦ ਕਿਸੇ ਵੀ ਜਥੇ ਨੂੰ ਵੀਜ਼ਾ ਨਾ ਦਿਤਾ ਜਾਵੇ ਤੇ ਇਸਦਾ ਥੋੜ੍ਹਾ ਜਿਹਾ ਸਬੂਤ ਉਸੇ ਦਿਨ ਇੰਗਲੈਂਡ ਵਿਚ ਮਿਲ ਗਿਆ ਜਦੋਂ ਸਾਡੇ ਰਿਸ਼ਤੇਦਾਰ ਨੇ ਦੱਸਿਆ ਕਿ ਬਰਮਿੰਘਮ ਤੋਂ ਜੋ 150 ਸਿੱਖ ਸ਼ਰਧਾਲੂਆਂ ਦਾ ਜਥਾ ਜਾਣਾ ਸੀ ਉਸ ਦੇ ਵੀਜ਼ੇ ਰੋਕ ਲਏ ਗਏ ਹਨ।

ਅਸੀਂ ਤਾਂ ਉਸੇ ਸ਼ਾਮ ਨੂੰ ਹੀ ਇੰਗਲੈਂਡ ਤੋਂ ਚਾਲੇ ਪਾ ਲਏ ਤੇ 15 ਅਕਤੂਬਰ ਨੂੰ ਦੁਪਹਿਰ ਦੇ ਦੋ ਕੁ ਵਜੇ ਗੁਰੂ ਰਾਮਦਾਸ ਜੀ ਦੇ ਵਸਾਏ ਸਿਫਤੀ ਦੇ ਘਰ ਸ੍ਰੀ ਅੰਮ੍ਰਿਤਸਰ ਦੇ ਰਾਜਾਸਾਂਸੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰ ਗਏ ਤੇ ਪੈਰਾਂ ਨੂੰ ਜ਼ਮੀਨ ਦੇ ਸਪਰਸ਼ ਨੇ ਅਨੁਭਵ ਕਰਵਾ ਦਿੱਤਾ ਕਿ ਛੇ ਸਾਲ ਸੱਤ ਸਮੁੰਦਰੋਂ ਪਾਰ ਉਪਰ ਵਾਲੇ ਦੀ ਖਲਾਰੀ ਚੋਗ ਚੁਗ ਕੇ ਮੁੜ ਜੰਮਣ ਭੋਂ 'ਤੇ ਪਹੁੰਚ ਗਏ ਹਾਂ। ਪਾਕਿਸਤਾਨ ਜਾਣ ਦਾ ਸਾਡਾ ਪ੍ਰੋਗਰਾਮ 21 ਅਕਤੂਬਰ ਦਾ ਸੀ ਕਿਉਂਕਿ ਅਸੀਂ ਕਿਸੇ ਜਥੇ ਨਾਲ ਤਾਂ ਜਾਣਾ ਨਹੀਂ ਸੀ ਤੇ ਗੁਰਪੁਰਬ 'ਤੇ ਪੁਹੰਚਣ ਵਾਲੇ ਜਥਿਆਂ ਤੋਂ ਪਹਿਲਾਂ ਹੀ ਦਰਸ਼ਨ ਕਰਕੇ ਵਾਪਿਸ ਮੁੜਨਾ ਸੀ। ਅਸਲ ਵਿਚ ਅਸੀਂ ਕਿਸੇ ਨਾਲ ਬੱਝ ਕੇ ਜਾਣਾ ਨਹੀਂ ਸੀ ਚਾਹੁੰਦੇ। ਉਸ ਦਾ ਕਾਰਨ ਇਕ ਇਹ ਵੀ ਸੀ ਕਿ ਅਸੀਂ ਆਪਣੀ ਯਾਤਰਾ ਦੌਰਾਨ ਗੁਰਧਾਮਾਂ ਦੇ ਦਰਸ਼ਨਾਂ ਦੇ ਨਾਲ ਨਾਲ ਪਾਕਿਸਤਾਨ ਵੀ ਦੇਖਣਾ ਚਾਹੁੰਦੇ ਸੀ। ਉਥੋਂ ਦੇ ਲੋਕਾਂ ਨਾਲ ਜਿੰਨਾ ਕੁ ਹੋ ਸਕਦਾ ਸੀ ਰਾਬਤਾ ਬਣਾਉਣਾ ਸੀ। ਉਥੇ ਸਿੱਖਾਂ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਆ, ਸਾਡੇ ਉਥੋਂ ਦੇ ਗੁਰਧਾਮਾਂ ਬਾਰੇ ਕਿਹੋ ਜਿਹੇ ਵਿਚਾਰ ਰੱਖਦੇ ਆ, ਉਥੋਂ ਦੇ ਪਿੰਡ ਕਿੱਦਾਂ ਦੇ ਲੱਗਦੇ ਆ, ਲੋਕਾਂ ਦਾਰਹਿਣ ਸਹਿਣ ਕਿੱਦਾਂ ਦਾ ਹੈ? ਐਹੋ ਜਿਹੀ ਆਂਕਈ ਗੱਲਾਂ ਸਨ ਜਿਸ ਕਰਕੇ ਸਾਡੀ ਉਕਸੁਕਤਾ ਕੁਝ ਹੋਰ ਵੀ ਵੱਧ ਗਈ ਸੀ ਪਰ 19 ਅਕਤੂਬਰ ਨੂੰ ਪਿੰਡ ਜਦੋਂ ਖਬਰਾਂ ਸੁਣੀਆਂ ਤਾਂ ਪਤਾ ਲੱਗਾ ਕਿ ਲਾਹੌਰ ਵਿਚ ਵੀ ਤਿੰਨ ਥਾਂਵਾਂ 'ਤੇ ਬੰਬ ਫਟ ਗਏ ਤੇ 8 ਲੋਕ ਮਾਰੇ ਗਏ। ਇਹੋ ਜਿਹੀਆਂ ਖਬਰਾਂ ਅਸਲ ਵਿਚ ਸਾਡੇ ਉਧਰ ਜਾਣ ਵਿਚ ਰੁਕਾਵਟਾਂ ਬਣਨ ਲੱਗੀਆਂ ਕਿਉਂਕਿ ਸਾਰੇ ਹੀ ਸਾਨੂੰ ਕਹਿਣ ਲੱਗ ਪਏ ਕਿ ਇਹੋ ਜਿਹੇ ਮਾਹੌਲ ਵਿਚ ਨਾ ਜਾਓਤਾਂ ਚੰਗਾ। ਮੇਰਾ ਭਰਾ ਵੀ ਕਹਿਣ ਲੱਗਾ ਕਿ ਉਹ ਦਾ ਵਿਚਾਰ ਇਨ੍ਹਾਂ ਹਾਲਤਾਂ ਵਿਚ ਅੱਧੋ-ਅੱਧ ਹੋ ਗਿਆਹੈ। ਮੇਰੇ ਚੁੱਪ ਰਹਿਣ 'ਤੇ ਕਹਿਣ ਲੱਗੇ ਕਿ ਆਪਾਂ ਚਲੇ ਜਾਨੇ ਆਂ ਜੇ ਬਾਰਡਰ 'ਤੇ ਪਾਕਿਸਤਾਨ ਸਰਕਾਰ ਵਲੋਂ ਕੋਈ ਅੜਚਣ ਨਾ ਪਈ ਤਾਂ ਚਲੇ ਜਾਵਾਂਗੇ। ਜੇ ਸੁਰੱਖਿਆ ਕਾਰਨਾਂ ਕਰਕੇ ਐਂਟਰੀਨਾ ਦਿੱਤੀ ਤਾਂ ਮੁੜ ਆਵਾਂਗੇ! ਅਸਲ ਵਿਚ ਇਹ ਸਭ ਦੱਸਣ ਦਾ ਮੇਰਾ ਮਕਸਦ ਇਹੀ ਹੈ ਕਿ ਖੁੱਲ੍ਹੇ ਦਰਸ਼ਨ-ਦੀਦਾਰੇ ਕਰਨ ਦੇ ਰਾਹ ਵਿਚ ਕਿੰਨੀਆਂ ਰੁਕਾਵਟਾਂ ਆਉਂਦੀਆਂ ਹਨ।

ਅਸੀਂ ਮਿੱਥੇ ਮੁਤਾਬਿਕ 21 ਅਕਤੂਬਰ ਨੂੰ ਬਾਰਡਰ 'ਤੇ ਜਾਣਾ ਸੀ। ਪਿੰਡੋਂ ਇਕ ਦਿਨ ਪਹਿਲਾਂ ਜਲੰਧਰ ਰਹਿੰਦੇ ਆਪਣੇ ਰਿਸ਼ਤੇਦਾਰਾਂ ਦੇ ਵੱਲ ਚਲੇ ਗਏ ਕਿਉਂਕਿ ਉਦਾਂ ਵੀ ਬਾਹਰੋਂ ਜਾ ਕੇ ਮਿਲਣ ਤਾਂ ਜਾਣਾ ਹੀ ਸੀ। ਰਿਸ਼ਤਾ ਹੀ ਇੱਦਾਂ ਦਾ ਹੈ ਮਤਲਬ ਕਿ ਮੇਰੇ ਸਹੁਰਿਆਂ ਦਾ ਘਰ ਆ। ਰਾਤ ਨੂੰ ਵੀ ਮੇਰੇ ਰਿਸ਼ਤੇਦਾਰ ਜੋ ਕਿ ਖਾਲਸਾ ਕਾਲਜ ਜਲੰਧਰ ਵਿਚ ਪ੍ਰੋਫੈਸਰ ਹਨ, ਪਾਕਿਸਤਾਨ ਦੀਹਾਲਤ ਦਾ ਜ਼ਿਕਰ ਕਰਦਿਆਂ ਸਾਡੇ ਉਧਰ ਵਲਜਾਣ 'ਤੇ ਥੋੜ੍ਹੀ ਜਿਹੀ ਫਿਕਰ ਮੰਦੀ ਜ਼ਾਹਿਰ ਕਰਨ ਲੱਗੇ, ਪਰ ਸਾਨੂੰ ਰੋਕਿਆ ਵੀ ਨਾ। ਫਿਰ 21ਅਕਤੂਬਰ ਨੂੰ ਸਵੇਰੇ ਅਸੀਂ ਟੈਕਸੀ ਲੈ ਕੇ ਜਲੰਧਰੋਂ ਸਿੱਧਾ ਦਰਬਾਰ ਸਾਹਿਬ ਪੁੱਜ ਗਏ। ਦਰਸ਼ਨੀ ਡਿਉੜੀ ਦੀਆਂ ਪੌੜੀਆਂ ਉਤਰਦਿਆਂ ਪਵਿੱਤਰ ਸਰੋਵਰ ਵਿਚ ਦਰਬਾਰ ਸਾਹਿਬ ਸੱਚ ਖੰਡ ਦੇ ਦਰਸ਼ਨ ਕਰਦਿਆਂ ਸੁੱਤੇ ਸਿੱਧ ਹੀ ਹੱਥ ਜੁੜ ਗਏ। ਆਖਰੀ ਪੌੜੀ ਉਤਰਨ ਤੇ ਪਰਿਕਰਮਾ ਵਿਚ ਹੀ ਦਰਬਾਰ ਸਾਹਿਬ ਵਲ ਥੋੜ੍ਹੀ ਜਿਹੀ ਟਿਕ-ਟਿਕੀ ਲਗਾ ਕੇ ਦੇਖਣ ਉਪਰੰਤ ਆਪਣੇ ਆਪ ਹੀ ਮੱਥਾ ਟੇਕਿਆ ਗਿਆ ਤੇ ਮਨ ਨੇ ਇਕ ਖਾਮੋਸ਼ ਅਰਦਾਸ ਵੀ ਕਰ ਦਿੱਤੀ ਕਿ ਹੇ ਸੱਚੇ ਪਾਤਸ਼ਾਹ ਮੇਰੇ ਵਿਚ ਲੱਖਾਂ ਬੁਰਿਆਈਆਂ ਹੋਣ ਦੇ ਬਾਵਜੂਦ ਕਿਸੇ ਹੋਰ ਦੀ ਸਰਦਲ'ਤੇ ਸਿਰ ਝੁਕਾਉਣ ਤੋਂ ਆਪ ਹੀ ਬਚਾ ਲਿਆ ਕਰੀਂ। ਸਰੋਵਰ ਦੀ ਪਰਿਕਰਮਾ ਤੇ ਪਵਿੱਤਰ ਜਲ ਵਿਚ ਇਸ਼ਨਾਨ ਕਰਕੇ ਸੱਚਖੰਡ ਅੰਦਰ ਮੱਥਾ ਟੇਕਿਆ ਤੇ ਬਾਹਰ ਆ ਕੇ ਸ੍ਰੀ ਅਕਾਲ ਤਖਤ ਦੇ ਵੀ ਦਰਸ਼ਨ ਕੀਤੇ। ਇੰਨੇ ਨੂੰ ਟਾਈਮ ਵੀ ਹੋਗਿਆ ਸੀ। ਅਸਲ ਵਿਚ ਸਾਡੀ ਨੂੰਹ ਮਤਲਬ ਮੇਰੇ ਇੰਗਲੈਂਡ ਵਾਲੇ ਭਰਾ ਦੀ ਨੂੰਹ ਜੋ ਕਿ ਇੰਗਲੈਂਡ ਦੀ ਹੀ ਜੰਮਪਲ ਹੈ, ਵੀ ਸਾਡੇ ਨਾਲ ਸੀ। ਉਸ ਦਾ ਵਿਆਹ ਥੋੜ੍ਹਾ ਚਿਰ ਪਹਿਲਾਂ ਹੋਇਆ ਸੀ। ਉਹ ਵੀ ਸਾਡੇ ਨਾਲ ਹੀ ਪਹਿਲੀ ਵਾਰੀ ਇੰਡੀਆ ਆਈ ਸੀ ਕਿਉਂਕਿ ਮੇਰਾ ਭਰਾ ਚਾਹੁੰਦਾ ਸੀ ਕਿ ਉਹਨੂੰ ਆਪਣਾ ਪਿੰਡ ਜ਼ਰੂਰ ਦਿਖਾ ਦਿਆਂ ਤੇ ਉਹ ਵੀ ਖੁਸ਼ ਸੀ ਕਿ ਮੈਂ ਦੇਖਾਂ, ਪਿੰਡਾਂ ਦਾ ਮਾਹੌਲ ਕਿੱਦਾਂ ਦਾ ਹੈ। ਪਰ ਉਹਦੇ ਕੋਲ ਛੁੱਟੀ ਹੀ ਕੁਲ 5 ਦਿਨਾਂ ਦੀ ਸੀ ਅਸੀਂ ਇੰਨੇ ਕੁ ਦਿਨਾਂ ਵਿਚ ਉਸਨੂੰ ਦਿਖਾ ਦਿੱਤਾ ਪਾਥੀਆਂ ਕਿੱਦਾਂ ਪੱਥ ਹੁੰਦੀਆਂ, ਗਾਈਆਂ ਦਾ ਦੁੱਧ ਕਿੱਦਾਂ ਚੋਈਦਾ, ਪਿੰਡਾਂ ਵਿਚ ਗੋਹੇ ਦੇ ਢੇਰ ਵੀ ਦਿਖਾਲ ਦਿੱਤੇ, ਚੁੱਲ੍ਹਾ, ਭੱਠੀ, ਦੁੱਧ ਤੱਤਾ ਕਰਨ ਵਾਲੀ ਭੜੋਲੀ ਜੋ ਅਜੇ ਤੱਕ ਸਾਡੇ ਘਰ ਵਿਚ ਚਾਲੂ ਹੈ, ਦਿਖਾ ਦਿੱਤੇ। ਉਦਾਂ ਹੁਣ ਪਿੰਡ ਬਹੁਤ ਬਦਲ ਗਏ ਆ। ਸਾਡੀ ਇਸ ਨੂੰਹ ਦੀ ਵਾਪਸੀ ਦੀ ਫਲਾਈਟ ਅੰਮ੍ਰਿਤਸਰ ਤੋਂ ਹੀ ਦੁਪਹਿਰੇ ਇਕ ਵਜੇ ਸੀ ਇਸ ਲਈ ਦਰਬਾਰ ਸਾਹਿਬ ਅਸੀਂ ਬੈਠੇ ਨਹੀਂ ਤੇ ਉਸਨੂੰ ਏਅਰ ਪੋਰਟ ਛੱਡਣ ਚੱਲ ਪਏ, 12 ਕੁਵਜੇ ਦੁਪਹਿਰੇ ਉਹਨੂੰ ਛੱਡ ਕੇ ਅਸੀਂ ਅਗੇ ਆਪਣੀ ਅਸਲ ਮੰਜ਼ਿਲ ਅਟਾਰੀ ਬਾਰਡਰ ਵਲ ਨੂੰ ਚਾਲੇਪਾ ਦਿੱਤੇ।

ਅੰਮ੍ਰਿਤਸਰ ਤੋਂ ਅਟਾਰੀ ਬਾਰਡਰ ਸੜਕ ਰਸਤੇ 35 ਕੁ ਕਿਲੋਮੀਟਰ ਹੈ। ਟੈਕਸੀ ਵਾਲੇ ਨੇ ਤਕਰੀਬਨ 1 ਵਜੇ ਉਥੇ ਪੁਚਾ ਦਿੱਤਾ। ਅੱਗੇ ਸੜਕ' ਤੇ ਲੋਹੇ ਦਾ ਗੇਟ ਹੈ। ਉਸ ਦੇ ਅੰਦਰ ਨੀਲੇ ਕੱਪੜਿਆਂ ਵਾਲੇ ਵੱਡੀ ਗਿਣਤੀ ਵਿਚ ਕੁਲੀ ਫਿਰਦੇ ਦਿਸੇ। ਇਸ ਗੇਟ ਤੋਂ ਅੱਗੇ ਕੋਈ ਪ੍ਰਾਈਵੇਟ ਗੱਡੀ ਨਹੀਂ ਜਾਣ ਦਿੰਦੇ। ਕਿਉਂਕਿ ਸਾਡਾ ਪਾਕਿਸਤਾਨ ਜਾਣ ਦਾ ਪਹਿਲਾ ਤਜਰਬਾ ਸੀ ਕਿ ਕਿਥੇ ਕੀ-ਕੀਚੈਕ ਹੋਣਾ ਸਾਨੂੰ ਪਤਾ ਨਹੀਂ ਸੀ। ਉਦਾਂ ਸਾਡੇ ਨਾਲ ਸਾਡੇ ਵੱਡੇ ਜੀਜਾ ਜੀ ਸਨ ਜੋ ਅਮਰੀਕਾ ਵਿਚ ਬਹੁਤ ਚਿਰ ਤੋਂ ਰਹਿੰਦੇ ਹਨ। ਉਹ ਕੁਝ ਸਾਲ ਪਹਿਲਾਂ ਬਾਰਡਰ ਰਾਹੀਂ ਪਾਕਿਸਤਾਨ ਜਾਵੀ ਚੁੱਕੇ ਸੀ ਪਰ ਉਨ੍ਹਾਂ ਨੂੰ ਬਹੁਤਾ ਪਤਾ ਨਹੀਂ ਸੀ। ਉਸ ਗੇਟ ਦੇ ਅੰਦਰ ਵਾਰ ਇਕ ਚੈਕਪੋਸਟ ਜਿਹੀ ਸੀ ਤੇ ਉਹਦੇ ਮੋਹਰੇ ਇਕ ਟੈਂਟ ਵੀ ਸੀ। ਜਦੋਂ ਅਸੀਂ ਅੰਦਰ ਨੂੰ ਤੁਰੇ, ਅਸੀਂ ਉਨ੍ਹਾਂ ਨੂੰ ਪੁੱਛਣਾ ਹੀ ਸੀ ਕਿ ਕੀ ਪ੍ਰੋਸੀਜ਼ਰ ਹੈ। ਪਰ ਸਾਡੇ ਪਹੁੰਚਣ ਤੋਂ ਪਹਿਲਾਂ ਹੀ ਇਕ ਖਾਕੀ ਕੱਪੜਿਆਂ ਵਾਲਾ ਸਾਡੇ ਵਲ ਨੂੰ ਤੇਜ਼ ਤੁਰਦਾ ਆਇਆ ਤੇ ਕਹਿੰਦਾ ਤੁਸੀਂ ਕਿਥੇ ਨੂੰ ਤੁਰੇਓ ਆਂ, ਅਸੀਂ ਕਿਹਾ,'ਪਾਕਿਸਤਾਨ ਨੂੰ'। ਫਿਰ ਕਹਿੰਦਾ ਆਏ ਕਿੱਥੋਂਆਂ? ਤਾਂ ਅਸੀਂ ਕਿਹਾ ''ਆਪਣੇ ਪਿੰਡੋ'' ਤੇ ਜ਼ਿਲ੍ਹੇ ਦਾ ਨਾਂ ਵੀ ਦੱਸ ਦਿੱਤਾ। ਔਹਰਾ ਜਿਹਾ ਦੇਖਦਾ ਕਹਿੰਦਾ ਕਿ ਪਾਸਪੋਰਟ 'ਤੇ ਵੀਜ਼ੇ ਲੱਗਿਓ ਆ, ਸਾਡੇ 'ਹਾਂ' ਕਹਿਣ ਤੇ ਉਹਨੇ ਸਿਰ ਨਾਲ ਹੀ ਅਗੇਜਾਣ ਲਈ ਇਸ਼ਾਰਾ ਕਰ ਦਿੱਤਾ। ਸ਼ਾਇਦ ਉਹ ਨੂੰ ਸਾਡੇ ਰੇੜੂਆਂ ਵਾਲੇ ਅਟੈਚੀਆਂ ਤੋਂ ਅੰਦਾਜ਼ਾ ਹੋ ਗਿਆ ਹੋਣਾ ਕਿ ਕਿਤੇ ਸਮੁੰਦਰ ਪਾਰੋਂ ਢੂਹਾ ਕੁਟਾਉਂਦੇ ਆਏ ਆ। ਅਸਲ ਵਿਚ ਉਹਦਾ ਕਸੂਰ ਵੀ ਨਹੀਂ ਸੀ ਸ਼ਾਇਦ ਉਹ ਕਸਟਮ ਦੀ ਚੈਕਪੋਸਟ ਸੀ ਕਿਉਂਕਿ ਸਾਰੇ ਟਰੱਕਾਂ ਵਾਲੇ ਜਿਨ੍ਹਾਂ ਨੇ ਇੰਡੀਆ ਤੋਂ ਪਾਕਿਸਤਾਨ ਭੇਜਣ ਲਈ ਮਾਲ ਲਿਆਂਦਾ ਹੁੰਦਾ, ਉਹ ਉਥੇ ਕਾਗਜ਼ ਦਿਖਾਉਂਦੇ ਨੇ ਤੇ ਟਰੱਕਾਂ ਵਾਲਿਆਂ ਨਾਲ ਖਾਕੀ ਵਰਦੀ ਵਾਲੇ ਕਿੱਦਾਂ ਪੇਸ਼ ਆਉਂਦੇ ਆਉਹ ਕਿਸੇ ਤੋਂ ਗੁੱਝਾ ਥੋੜ੍ਹਾ?

ਥੋੜ੍ਹਾ ਜਿਹਾ ਤੁਰਨ ਤੋਂ ਬਾਅਦ ਅੱਗੇ ਇਮੀਗਰੇਸ਼ਨ ਦਾ ਦਫਤਰ ਆ ਗਿਆ। ਅੰਦਰ ਲੰਘ ਕੇ ਦੇਖਿਆ ਦੋ ਖਿੜਕੀਆਂ ਤੇ ਬਾਬੂ ਆਪਣੇ ਆਪਣੇ ਕੰਪਿਊਟਰ 'ਤੇ ਕੰਮ ਕਰ ਰਹੇ ਸਨ ਤੇ15-20 ਕੁ ਪਾਕਿਸਤਾਨੀ ਬੈਠੇ ਸਨ ਜਿਨ੍ਹਾਂ ਵਿਚੋਂ ਇਕ ਗਰੁੱਪ ਤਾਂ ਗਾਉਣ ਵਾਲਿਆਂ ਦਾ ਲੱਗਦਾ ਸੀ ਕਿਉਂਕਿ ਉਨ੍ਹਾਂ ਦੇ ਕੱਪੜਿਆਂ ਤੋਂ ਹੀ ਅੰਦਾਜ਼ਾ ਲੱਗਦਾ ਸੀ। ਬਾਕੀ ਇੰਡੀਆ ਤੋਂ ਹੋ ਕੇ ਵਾਪਸ ਜਾਣ ਵਾਲਿਆਂ ਵਿਚ ਮਰਦ ਤੇ ਬੀਬੀਆਂ ਦੋਵੇਂ ਤਰ੍ਹਾਂ ਦੇ ਸਨ। ਉਨ੍ਹਾਂ ਕੋਲ ਜਿਹੜਾ ਸਾਮਾਨ ਸੀ ਉਹ ਵੀ ਜ਼ਿਆਦਾ ਪੰਡਾਂ ਵਾਂਗ ਬੰਨ੍ਹਿਆ ਹੋਇਆ ਸੀ ਜਾਂ ਗਲ 'ਚ ਪਾਉਣ ਵਾਲੇ ਬੜੇ ਬੜੇ ਬੈਗਾਂ ਵਿਚ ਸੀ। ਇਕ ਉਨ੍ਹਾਂ ਵਿਚ ਲਾਹੌਰ ਦੇ ਸਰਦਾਰ ਜੀ ਵੀ ਸਨ। ਉਸ ਨੇ ਮੇਰੇ ਕੋਲੋਂ ਫਾਰਮ ਭਰਾਉਣ ਲਈ ਕੁਝ ਪੁੱਛਿਆ ਸੀ ਤਾਂ ਉਹਨੇ ਦੱਸਿਆ ਕਿ ਉਹ ਦੀ ਲਾਹੌਰ ਵਿਚ ਦੁਕਾਨ ਹੈ। ਅਸੀਂ ਵੀ ਆਪਣਾ ਆਪਣਾ ਫਾਰਮ ਭਰ ਕੇ ਖਿੜਕੀ ਮੋਹਰੇ ਚਲੇ ਗਏ ਤਾਂ ਮੈਨੂੰ ਪਹਿਲੀ ਵਾਰ ਹੈਰਾਨੀ ਹੋਈ ਕਿ ਇਮੀਗ੍ਰੇਸ਼ਨ ਵਾਲੇ ਬਾਬੂ ਨੇ ਮੇਰਾ ਫਾਰਮ ਤੇ ਪਾਸਪੋਰਟ ਚੈਕ ਕਰਕੇ ਮੋਹਰ ਲਗਾਉਣ ਉਪਰੰਤ ਪਾਸਪੋਰਟ ਫੜਾਉਣ ਸਮੇਂ ਕਿਹਾ ''ਲਓ ਸਰ ਜੀ'' ਜਦੋਂ ਕਿ ਉਸੇ ਬਾਬੂ ਨੇ ਪਾਕਿਸਤਾਨ ਵਾਲੇ ਸਰਦਾਰ ਜੀ ਦਾ ਪਹਿਲਾ ਫਾਰਮ ਕੁਝ ਠੀਕ ਨਾ ਭਰਿਆ ਹੋਣ ਕਰਕੇ ਬੜੀ ਰੁੱਖੀ ਜ਼ੁਬਾਨ 'ਚ ਝਿੜਕਾ ਮਾਰਿਆ ਸੀ। ਫਿਰ ਮੈਨੂੰ ਉਸ ਦੇ 'ਸਰ' ਕਹਿਣ ਤੋਂ ਇੰਜ ਲੱਗਾ ਜਿਵੇਂ ਇਹ ਮੈਨੂੰ ਨਹੀਂ ਅਮਰੀਕੀ ਪਾਸਪੋਰਟ ਨੂੰ ਕਿਹਾ ਹੋਵੇ।

ਇਮੀਗਰੇਸ਼ਨ ਤੋਂ ਬਾਅਦ ਕਸਟਮ ਵਾਲਿਆਂ ਦਾ ਦਫਤਰ ਸੀ, ਉਨ੍ਹਾਂ ਨੇ ਸਾਡੇ ਅਟੈਚੀ ਸਕੈਨ ਕਰਕੇ ਅੱਗੇ ਭੇਜ ਦਿੱਤਾ। ਉਥੋਂ ਤੁਰ ਕੇ ਅਗਾਂਹ ਬੀ.ਐਸ਼.ਐਫ਼ ਵਾਲਿਆਂ ਦਾ ਦਫਤਰ ਹੈ ਜਿਥੇ ਉਹ ਪਾਕਿਸਤਾਨ ਜਾਣ ਵਾਲੇ ਹਰੇਕ ਬੰਦੇ ਦਾ ਨਾਂ ਪਤਾ, ਕਿਸ ਦੇਸ਼ ਦਾ ਨਾਗਰਿਕ ਹੈ, ਪਾਸਪੋਰਟ ਨੰਬਰ ਇਕ ਰਜਿਸਟਰ 'ਤੇ ਤਾਰੀਖ ਵਾਰ ਦਰਜ ਕਰਕੇ ਅੱਗੇ ਬਾਰਡਰ ਵਲ ਨੂੰ ਭੇਜਦੇ ਹਨ। ਸਾਹਮਣੇ ਬਾਰਡਰ 'ਤੇ ਗੇਟ ਦਿਖਾਈ ਦਿੰਦਾ ਹੈ ਜਿਸਦੇ ਇੱਧਰ ਵਾਲੇ ਪਾਸੇ ਅਸ਼ੋਕ ਚੱਕਰ ਵਾਲਾ ਭਾਰਤ ਸਰਕਾਰ ਦਾ ਚਿੰਨ੍ਹ ਹੈ ਨਾਲ "ਸਤਯਮੇਵ-ਜਯਤੇ" ਹਿੰਦੀ ਵਿਚ ਲਿਖਿਆ ਹੋਇਆ ਹੈ। ਗੇਟ ਦੇ ਇੱਧਰ ਵਾਲੇ ਪਾਸੇ ਤਿਰੰਗਾ ਝੰਡਾ ਲਹਿਰਾ ਰਿਹਾ ਹੈ, ਕੋਲ ਹੀ ਬੀ.ਐਸ਼.ਐਫ਼ ਦਾ ਜੁਆਨ ਸਟੇਨ ਗੰਨ ਲੈ ਕੇ ਖੜ੍ਹਾ। ਖੱਬੇ ਪਾਸੇ ਉਹ ਥਾਂ ਹੈ ਜਿੱਥੇ ਪੌੜੀਆਂ ਬਣੀਆਂ ਹੋਈਆਂ ਹਨ ਜਿਨ੍ਹਾਂ 'ਤੇ ਬੈਠ ਕੇ ਲੋਕੀਂ ਸ਼ਾਮ ਨੂੰ ਝੰਡੇ ਉਤਾਰਨ ਵਾਲੀ ਬੀ.ਐਸ਼.ਐਫ਼ ਤੇ ਪਾਕਿਸਤਾਨੀ ਰੇਂਜਰ ਦੀ ਸਾਂਝੀ ਪਰੇਡ ਦੇਖਦੇ ਹਨ। ਇਸ ਪਰੇਡ ਵਿਚ ਜਵਾਨ ਪੈਰ ਸਿਰ ਤੱਕ ਉਚੇ ਚੁੱਕ ਕੇ ਜ਼ੋਰ-ਜ਼ੋਰ ਦੀ ਸਲੂਟ ਮਾਰਦੇ ਹਨ ਜਿਵੇਂ ਸਲੂਟ ਨਹੀਂ ਇਕ ਦੂਜੇ ਵੱਲ ਤੋਪਾਂ ਦਾਗ ਰਹੇ ਹੋਣ ਜਾਂ ਇਕ ਦੂਜੇ ਨੂੰ ਦਬਕੇ ਮਾਰ ਰਹੇ ਹੋਣ। ਬੀ.ਐਸ਼.ਐਫ਼ ਅਤੇ ਪਾਕਿਸਤਾਨੀ ਰੇਂਜਰ ਦੇ ਜੁਆਨ ਇਕ ਦੂਜੇ ਵਲਨੂੰ ਘੂਰ-ਘੂਰ ਕੇ ਦੇਖਦੇ ਹਨ। ਅਸਲ ਵਿਚ 7ਕੁ ਸਾਲ ਪਹਿਲਾਂ ਇਹ ਪਰੇਡ ਮੈਂ ਅੱਖੀਂ ਦੇਖੀ ਸੀਪਰ ਜਿੰਨਾ ਵਧੀਆ ਟੈਲੀਵਿਜ਼ਨ 'ਤੇ ਦੇਖਣ ਨੂੰਲੱਗਾ ਅੱਖੀਂ ਦੇਖ ਕੇ ਨਹੀਂ ਸੀ ਲੱਗਿਆ। ਕਾਰਨਇਹ ਹੈ ਕਿ ਸਾਡੇ ਵਾਲੇ ਪਾਸੇ ਦੇਖਣ ਵਾਲਿਆਂਤੇ ਦੇਸ਼ ਭਗਤੀ ਦਾ ਜਨੂਨ ਕੁਝ ਬਹੁਤਾ ਹੀ ਸਿਰਚੜ੍ਹਿਆ ਹੁੰਦਾ ਹੈ। ਉਹ ਉਚੀ-ਉਚੀ ਉਠ ਕੇਮੁੱਕੇ ਉਪਰ ਨੂੰ ਉਲਾਰ ਕੇ "ਭਾਰਤ ਮਾਤਾ ਦੀਜੈ" ਦੇ ਨਾਅਰੇ ਪਾਕਿਸਤਾਨ ਵਾਲੇ ਪਾਸੇ ਨੂੰ ਮੂੰਹਕਰਕੇ ਕਿਲ੍ਹ-ਕਿਲ੍ਹ ਕੇ ਇੱਦਾਂ ਮਾਰਦੇ ਹਨ ਜਿੱਦਾਂਸਕੱਡ ਮਿਜ਼ਾਈਲ ਉਧਰ ਸੁੱਟਣੀ ਹੁੰਦੀ ਆ।

(ਬਾਕੀ ਕਿਸ਼ਤ ਨੰ: 02 'ਚ)