ਨਾਨਕ ਦੀਆਂ ਗੁੱਝੀਆਂ ਰਮਜ਼ਾਂ ਨੂੰ ਬੇਸਮਝ ਜ਼ਮਾਨਾ ਕੀ ਜਾਣੇ…

 -ਮਝੈਲ ਸਿੰਘ ਸਰਾਂ
ਗੀਤ ਦੇ ਇਹ ਬੋਲ ਛੋਟੇ ਹੁੰਦਿਆਂ ਤਵੇ ਵਾਲੇ ਰਿਕਾਰਡਾਂ ਉਤੇ ਲਾਊਡ ਸਪੀਕਰਾਂ ‘ਤੇ ਸੁਣਦੇ ਸਾਂ। ਥੋੜ੍ਹਾ ਚਿਰ ਪਹਿਲਾਂ ਮੇਰੇ ਇਕ ਦੋਸਤ ਨੇ ਫੇਸਬੁੱਕ ‘ਤੇ ਇਹੋ ਗੀਤ ਮੇਰੇ ਨਾਲ ਸਾਂਝਾ ਕੀਤਾ। ਚਰਨ ਸਿੰਘ ਸਫਰੀ ਦਾ ਲਿਖਿਆ, ਸਰੂਪ ਸਿੰਘ ਸਰੂਪ ਦੀ ਆਵਾਜ਼ ਵਿਚ ਇਹ ਗੀਤ ਧੁਰ ਅੰਦਰ ਮਿਸ਼ਰੀ ਘੋਲਦਾ ਹੈ। ਬੱਸ, ਦੋ ਕੁ ਸਾਧਾਰਨ ਜਿਹੇ ਸਾਜ਼ਾਂ ਨਾਲ ਅਜਿਹੀ ਟੁਣਕਵੀਂ ਆਵਾਜ਼ ਹੈ ਕਿ ਮੁੜ-ਮੁੜ ਸੁਣਨ ਨੂੰ ਜੀਅ ਕਰਦਾ ਹੈ। ਇਕ ਦਿਨ ਇਹ ਗੀਤ ਸੁਣ ਕੇ ਹਟਿਆ ਹੀ ਸਾਂ ਕਿ ਇਹਦੇ ਇਨ੍ਹਾਂ ਬੋਲਾਂ ਵੱਲ ਵਧੇਰੇ ਧਿਆਨ ਚਲਾ ਗਿਆ ਕਿ ਬਾਬੇ ਨਾਨਕ ਦੀਆਂ ਉਹ ਕਿਹੜੀਆਂ ਗੁੱਝੀਆਂ ਰਮਜ਼ਾਂ ਹੋਈਆਂ, ਜਿਹੜੀਆਂ ਜ਼ਮਾਨੇ ਦੇ ਸਮਝ ਨਹੀਂ ਆਈਆਂ। ਬਾਬਾ ਤਾਂ ਲੋਕਾਈ ਤੋਂ ਕੁਝ ਵੀ ਗੁੱਝਾ ਨਹੀਂ ਸੀ ਰੱਖਦਾ। ਉਹ ਤਾਂ ਸਗੋਂ ਜ਼ਮਾਨੇ ਨੂੰ ਸਮਝਾਉਣ ਆਇਆ ਸੀ ਕਿ ਹੱਥੀਂ ਕਿਰਤ ਕਰਦਿਆਂ ਰੱਬ ਦਾ ਨਾਮ ਵੀ ਸੌਖਿਆਂ ਜਾਪਿਆ ਜਾ ਸਕਦਾ ਹੈ। ਵਿਹਲੜ ਬੰਦੇ ਬਾਬੇ ਨਾਨਕ ਨੂੰ ਭਾਉਂਦੇ ਹੀ ਨਹੀਂ ਸਨ। ਉਹ ਸਦਾ ਕਿਰਤੀਆਂ ਦੇ ਅੰਗ-ਸੰਗ ਆਪ ਵੀ ਕਿਰਤੀ ਬਣ ਕੇ ਰਹੇ। ਬਾਬੇ ਦਾ ਤਾਂ ਹਰ ਕਰਮ ਹੀ ਬੜਾ ਸਿੱਧਾ ਤੇ ਸਪੱਸ਼ਟ ਹੁੰਦਾ ਸੀ। ਮਾਪੇ ਜੰਞੂ ਪਾਉਣ ਲੱਗੇ ਤਾਂ ਬਾਲ ਉਮਰੇ ਹੀ ਨਾਨਕ ਨੇ ਜਨੇਊ ਸਬੰਧੀ ਉਹ ਕੁਝ ਦੱਸਿਆ ਜਿਹੜਾ ਪੰਡਿਤਾਂ, ਪੁਰੋਹਿਤਾਂ ਦੇ ਖੁਆਬ ਵਿਚ ਵੀ ਨਹੀਂ ਸੀ। ਮੌਲਵੀ ਤੇ ਪੰਡਿਤ ਕੋਲ ਪੜ੍ਹਨ ਭੇਜਿਆ ਤਾਂ ਜਿਹੜੀ ਪੜ੍ਹਾਈ ਬਾਬਾ ਪੜ੍ਹਨ ਨੂੰ ਕਹੇ, ਉਸ ਤੋਂ ਵਿਦਵਾਨ ਮੌਲਵੀ ਤੇ ਪੰਡਿਤ ਆਪ ਸੱਖਣੇ ਸੀ। ਬਾਪ ਨੇ ਰਕਮ ਦਿੱਤੀ ਕਿ ਪੁੱਤ ਵਪਾਰਕ ਕਿੱਤੇ ਵਿਚ ਪੈ ਜਾਵੇ ਤਾਂ ਕਹਿੰਦੇ ਨੇ.....ਨਾਨਕ ਭੁੱਖੇ ਸਾਧੂ-ਸੰਤਾਂ ਨੂੰ ਭੋਜਨ ਛਕਾਉਣ ‘ਤੇ ਖਰਚ ਆਏ। ਉਹਨੇ ਬਾਪ ਦਾ ਗੁੱਸੇ ਵਿਚ ਵੱਜਿਆ ਥੱਪੜ ਵੀ ਸਾਰੇ ਲੋਕਾਂ ਦੇ ਸਾਹਮਣੇ ਮੂੰਹ ‘ਤੇ ਜਰ ਲਿਆ, ਤੇ ਇਕੋ ਲਫ਼ਜ਼ ਕਿਹਾ ਕਿ ‘ਖਰਾ ਸੌਦਾ’ ਕਰ ਲਿਆ ਹੈ। ਪਿਛਲੀ ਉਮਰੇ ਖੇਤੀ ਕੀਤੀ ਤਾਂ ਇਸ ਵਿਚ ਵੀ ਹੱਥੀਂ ਕਿਰਤ ਕਰਨ ਦਾ ਸਪਸ਼ਟ ਸੁਨੇਹਾ ਸੀ। ਮੇਰੇ ਮਨ ਵਿਚ ਆਇਆ ਕਿ ਇਹ ਗੀਤ ਤਾਂ ਬੱਸ, ਬੋਲਾਂ ਤੋਂ ਸਿਵਾਏ ਹੋਰ ਕੁਝ ਨਹੀਂ। ਉਂਜ, ਦਿਮਾਗ ਦੇ ਕਿਸੇ ਕੋਨੇ ਵਿਚ ਬੂੜੀਆ ਅੜਿਆ ਜ਼ਰੂਰ ਪਿਆ ਸੀ ਕਿ ਚਰਨ ਸਿੰਘ ਸਫ਼ਰੀ ਵਰਗਾ ਸਿੱਖੀ ਨੂੰ ਸਮਰਪਿਤ ਗੀਤਕਾਰ ਐਵੇਂ ਤਾਂ ਗੀਤ ਲਿਖ ਨਹੀਂ ਗਿਆ। ਕੋਈ ਗੱਲ ਤਾਂ ਜ਼ਰੂਰ ਹੋਣੀ ਹੈ ਜਿਹੜੀ ਮੇਰੀ ਛੋਟੀ ਮਤ ਦੇ ਗੇੜ ‘ਚ ਨਹੀਂ ਆਈ।

.....ਤੇ ਹੁਣ ਇਕ ਸੰਤ ਮਹਾਂਪੁਰਸ਼ ਦੇ ਬਚਨ ਸੁਣਨ ਨੂੰ ਮਿਲੇ ਜਿਸ ਵਿਚ ਬਾਬੇ ਨਾਨਕ ਦੀ ਸਿਫ਼ਤ-ਸਲਾਹ ਕੀਤੀ ਗਈ ਸੀ। ਬਾਬੇ ਦੀ ਬਾਣੀ ਦੇ ਸ਼ਬਦ ਵੀ ਪੜ੍ਹ ਕੇ ਸੁਣਾਏ ਤੇ ਉਨ੍ਹਾਂ ਦੇ ਜੀਵਨ ਬਾਰੇ ਵੀ ਬੜਾ ਕੁਝ ਦੱਸਿਆ। ਕੰਨਾਂ ਨੂੰ ਸੁਣਨ ਨੂੰ ਬਹੁਤ ਚੰਗਾ ਲੱਗਾ। ਦਰਅਸਲ, ਗੁਰੂ ਨਾਨਕ ਨਾਮ ਹੈ ਹੀ ਅਜਿਹਾ ਕਿ ਜ਼ੁਬਾਨ ‘ਤੇ ਆਉਣ ਸਾਰ, ਤੇ ਕੰਨਾਂ ਵਿਚ ਪੈਣ ਸਾਰ ਇਨਸਾਨ ਹੌਲਾ ਫੁੱਲ ਹੋ ਜਾਂਦਾ ਹੈ। ਇਨ੍ਹਾਂ ਮਹਾਂਪੁਰਸ਼ਾਂ ਦੇ ਬਚਨ ਸੁਣਦਿਆਂ ਮੇਰੇ ਮਨ ਵਿਚ ਉਪਰ ਵਾਲੇ ਗੀਤ ਦੇ ਬੋਲ ਵੀ ਆ ਗਏ ਤੇ ਥੋੜ੍ਹੀਆਂ ਜਿਹੀਆਂ ਗੁੱਝੀਆਂ ਰਮਜ਼ਾਂ ਵੀ ਟਿਮਕਣ ਲੱਗੀਆਂ ਜਿਹੜੀਆਂ ਪਹਿਲਾਂ ਪਕੜ ਵਿਚ ਨਹੀਂ ਸਨ ਆ ਰਹੀਆਂ, ਜਾਂ ਇਹ ਕਹਿ ਲਈਏ ਕਿ ਅਸੀਂ ਉਹ ਸਮਝਣੀਆਂ ਚਾਹੁੰਦੇ ਹੀ ਨਹੀਂ; ਕਿਉਂਕਿ ਸਾਨੂੰ ਕਰਾਮਾਤੀ ਬਾਬਾ ਨਾਨਕ ਹੀ ਪਸੰਦ ਹੈ; ਜਿਹੜਾ ਕਹੇ ਕਿ ‘ਮਰਦਾਨਿਆ ਮੀਟ ਅੱਖਾਂ’ ਤੇ ਭਾਈ ਮਰਦਾਨਾ ਅੱਖਾਂ ਮੀਟ ਲਵੇ; ਤੇ ਅਗਲੇ ਪਲ ਬਾਬਾ ਨਾਨਕ ਕਹੇ ‘ਮਰਦਾਨਿਆਂ ਖੋਲ੍ਹ ਅੱਖਾਂ’ ਤੇ ਭਾਈ ਮਰਦਾਨਾ ਅੱਖਾਂ ਖੋਲ੍ਹਦੇ ਸਾਰ ਦੇਖੇ ਕਿ ਸੈਂਕੜੇ ਮੀਲ ਦਾ ਸਫ਼ਰ ਤੈਅ ਹੋ ਗਿਆ ਹੈ। ਅਸੀਂ ਕਦੇ ਨਹੀਂ ਚਾਹੁੰਦੇ ਕਿ ਬਾਬਾ ਨਾਨਕ ਸਾਲਾਂਬੱਧੀ ਪਾਟੇ ਕੱਪੜਿਆਂ ‘ਚ, ਟੁੱਟੀ ਜੁੱਤੀ ਤੇ ਕਦੇ ਨੰਗੇ ਪੈਰੀਂ ਵੀ ਕਈ-ਕਈ ਦਿਨ ਫਾਕੇ ਕੱਟਦਾ ਜੰਗਲਾਂ, ਮਾਰੂਥਲਾਂ, ਸਮੁੰਦਰਾਂ ਤੇ ਪਹਾੜਾਂ ਵਿਚ ਅਤਿ ਦੀ ਗਰਮੀ, ਲੋਹੜੇ ਦਾ ਕੱਕਰ, ਹਨ੍ਹੇਰੀਆਂ-ਝਾਂਜਿਆਂ ‘ਚ ਫਿਰਦਾ ਗਰੀਬੜੇ ਜਿਹੇ ਲਾਲੋ ਦੇ ਕੱਚੇ ਕੋਠੇ ‘ਚ ਭੁੰਜੇ ਬਹਿ ਕੇ ਹੱਥ ਤੇ ਰੱਖ ਕੇ ਸੁੱਕੀ ਰੋਟੀ ਖਾਂਦਾ ਹੋਵੇ। ਅਸੀਂ ਤਾਂ ਰਹਿਬਰੀ ਲੀੜਿਆਂ ਵਿਚ ਸਜੇ ਬਾਬੇ ਨਾਨਕ ਦੇ ਇਕ ਹੱਥ ਵਿਚੋਂ ਦੁੱਧ ਅਤੇ ਦੂਜੇ ਵਿਚੋਂ ਲਹੂ ਨਿਕਲਦਾ ਦੇਖ ਕੇ ਹੀ ਵਾਹਿਗੁਰੂ ਵਾਹਿਗੁਰੂ ਕਰਨਾ ਚਾਹੁੰਦੇ ਹਾਂ। ਬਾਬੇ ਨਾਨਕ ਦਾ ਕਿਰਤੀ ਨਾਲੋਂ ਸੰਤ ਰੂਪ ਸਾਡੀਆਂ ਅੱਖਾਂ ਨੂੰ ਜ਼ਿਆਦਾ ਪੋਂਹਦਾ ਹੈ। ਅਸਲ ਵਿਚ ਅਸੀਂ ਸ਼ਰਧਾਵਾਨ ਸਿੱਖ ਉਸੇ ਸੰਤ ਮਹਾਂਪੁਰਸ਼ ਜੋ ਕਥਾ ਜਾਂ ਸਾਖੀ ਸੁਣਾਉਂਦਾ ਹੁੰਦਾ ਹੈ, ਵਿਚੋਂ ਹੀ ਬਾਬੇ ਨਾਨਕ ਦਾ ਝਲਕਾਰਾ ਲੱਭਦੇ ਹਾਂ। ਉਸ ਦੀ ਪੇਸ਼ਕਾਰੀ ਇੰਨੀ ਮੋਹਿਤ ਕਰਨ ਵਾਲੀ ਹੁੰਦੀ ਹੈ ਕਿ ਅਸੀਂ ਕੀਲੇ ਜਾਂਦੇ ਹਾਂ, ਤੇ ਮੱਲੋਮੱਲੀ ਉਸ ਸੰਤ ਦੇ ਪੈਰ ਛੂਹ ਲੈਂਦੇ ਹਾਂ।

ਗੁਰੂ ਨਾਨਕ ਦੀ ਸੱਚਾ ਸੌਦਾ ਸਾਖੀ ਦਾ ਜ਼ਿਕਰ ਅਕਸਰ ਹੀ ਗੁਰਦੁਆਰਿਆਂ ਦੇ ਦੀਵਾਨਾਂ ਵਿਚ ਹੁੰਦਾ ਹੈ। ਸਾਖੀ ਮੁਤਾਬਕ ਜਦੋਂ ਬਾਬੇ ਨਾਨਕ ਨੇ ਕਈ ਦਿਨਾਂ ਤੋਂ ਭੁੱਖੇ ਸੰਤ-ਸਾਧੂ ਦੇਖੇ ਤਾਂ ਉਨ੍ਹਾਂ ਦਾ ਭੁੱਖ ਨਾਲ ਹੋਇਆ ਬੁਰਾ ਹਾਲ ਬਾਬੇ ਤੋਂ ਝੱਲਿਆ ਨਾ ਗਿਆ ਤੇ ਉਸ ਨੇ 20 ਰੁਪਏ ਦੀ ਸਾਰੀ ਰਕਮ ਦਾ ਰਾਸ਼ਨ ਉਨ੍ਹਾਂ ਭੁੱਖੇ ਸਾਧੂਆਂ ਨੂੰ ਖੁਆ ਦਿੱਤਾ। ਹੁਣ ਤਾਂ ਇਹ ਵੀ ਪ੍ਰਚਾਰਿਆ ਜਾਂਦਾ ਹੈ ਕਿ ਬਾਬਾ ਨਾਨਕ ਉਹ 20 ਰੁਪਏ ਸੰਤਾਂ ਨੂੰ ਖੁਆ ਕੇ ਸਿੱਖਾਂ ਲਈ ਐਫ਼ ਡੀ. ਕਰ ਗਏ ਜਿਸ ਦੇ ਵਿਆਜ ਵਿਚੋਂ ਸਿੱਖਾਂ ਦੇ ਲੰਗਰ ਹੁਣ ਤੱਕ ਚੱਲੀ ਜਾਂਦੇ ਹਨ।

ਉਂਜ, ਜਿਹੜੀ ਗੱਲ ਮੈਂ ਪਹਿਲੀ ਵਾਰੀ ਸੁਣੀ, ਉਹ ਮੈਨੂੰ ਪਹਿਲੀਆਂ ਨਾਲੋਂ ਕੁਝ ਹਟਵੀਂ ਲੱਗੀ। ਸੰਤ ਮਹਾਂਪੁਰਸ਼ ਨੇ ਦੱਸਿਆ ਕਿ ਉਹ ਸੰਤ ਮੰਡਲੀ ਆਮ ਨਹੀਂ ਸੀ, ਸਗੋਂ ਉਸ ਵਿਚ ਖੁਦ ਕਰਤਾਰ, ਭਾਵ ਰੱਬ ਆਇਆ ਸੀ ਤਾਂ ਕਿ ਗੁਰੂ ਨਾਨਕ ਸਾਹਿਬ ਨੂੰ ਪਰਖਿਆ ਜਾਵੇ ਕਿ ਜਿਸ ਮਕਸਦ ਲਈ ਉਹਨੂੰ ਦੁਨੀਆਂ ਵਿਚ ਭੇਜਿਆ ਸੀ, ਕੀ ਅਜੇ ਵੀ ਉਹ ਉਸ ‘ਤੇ ਕਾਇਮ ਹੈ? ਜਦ ਬਾਬੇ ਨਾਨਕ ਨੇ ਉਹ 20 ਰੁਪਏ ਦੀ ਰਕਮ ਉਨ੍ਹਾਂ ਨੂੰ ਖੁਆ ਦਿੱਤੀ ਤਾਂ ਉਸ ‘ਸੰਤ ਮੰਡਲੀ ਰੱਬ’ ਨੇ ਬਾਬੇ ਨਾਨਕ ਨੂੰ ਪਾਸ ਕਰ ਦਿੱਤਾ, ਭਾਵ ਉਨ੍ਹਾਂ ਭੁੱਖੇ ਤੇ ਵਿਹਲੜ ਸਾਧਾਂ ਦਾ ਦਰਜਾ ਗੁਰੂ ਨਾਨਕ ਸਾਹਿਬ ਤੋਂ ਉਪਰ ਦੱਸਿਆ ਗਿਆ ਹੈ।

ਅਸੀਂ ਸਾਰੇ ਜਾਣਦੇ ਹਾਂ ਕਿ ਗੁਰੂ ਨਾਨਕ ਨੇ ਸੁੱਚੀ ਕਿਰਤ ਦਾ ਸੁਨੇਹਾ ਇਸ ਜਗਤ ਨੂੰ ਦਿੱਤਾ। ਉਨ੍ਹਾਂ ਦੇ ਪਿਤਾ ਮਹਿਤਾ ਕਾਲੂ ਕਿੱਤੇ ਵਜੋਂ ਪਟਵਾਰੀ ਸਨ ਤੇ ਉਨ੍ਹਾਂ ਦੇ ਘਰ ਵਿਚ ਜ਼ਰੂਰਤ ਦੀ ਹਰ ਸ਼ੈ ਦੀ ਬਹੁਤਾਤ ਹੁੰਦੀ ਹੋਵੇਗੀ, ਜਦੋਂ ਕਿ ਇਲਾਕੇ ਦੇ ਆਮ ਕਿਸਾਨਾਂ ਦੀ ਆਰਥਿਕ ਹਾਲਤ ਪਤਲੀ ਸੀ ਤੇ ਨਿਆਣੀ ਉਮਰੇ ਨਾਨਕ ਨੇ ਇਹ ਆਪਣੀਆਂ ਅੱਖਾਂ ਨਾਲ ਦੇਖਿਆ ਹੋਣਾ ਕਿ ਬਾਪ ਦੀ ਪਟਵਾਰੀ ਦੀ ਹੈਸੀਅਤ ਹੋਣ ਸਦਕਾ ਤਲਵੰਡੀ ਦਾ ਹਰ ਕਿਸਾਨ ਕੁਝ ਨਾ ਕੁਝ ਉਨ੍ਹਾਂ ਦੇ ਘਰ ਭੇਜਦਾ ਹੈ, ਭਾਵੇਂ ਉਨ੍ਹਾਂ ਦੇ ਆਪਣੇ ਘਰ ਲੋੜੀਦੀਆਂ ਚੀਜ਼ਾਂ ਤੋਂ ਸੱਖਣੇ ਹੀ ਕਿਉਂ ਨਾ ਰਹਿੰਦੇ ਹੋਣ! ਮੈਂ ਨਹੀਂ ਕਹਿੰਦਾ ਕਿ ਮਹਿਤਾ ਕਾਲੂ ਜੀ ਰਿਸ਼ਵਤਖੋਰ ਸਨ, ਪਰ ਉਨ੍ਹਾਂ ਦਾ ਇਲਾਕੇ ਦਾ ਪਟਵਾਰੀ ਹੋਣਾ ਹੀ ਮਾਇਨੇ ਰੱਖਦਾ ਸੀ ਅਤੇ ਬਹੁਤ ਕੁਝ ਬਿਨਾਂ ਕੁਝ ਕੀਤੇ ਹੀ ਉਨ੍ਹਾਂ ਨੂੰ ਮਿਲ ਜਾਂਦਾ ਹੋਣਾ ਹੈ। ਫਿਰ ਬਾਬੇ ਨਾਨਕ ਦੀ ਇਲਾਹੀ ਨਜ਼ਰ ਇਸ ਨੂੰ ਸੱਚੀ ਕਿਰਤ ਕਦੋਂ ਮੰਨਦੀ ਹੋਣੀ ਹੈ?

ਜਦੋਂ ਬਾਪ ਨੇ ਪੁੱਤਰ ਨੂੰ ਵਪਾਰ ਵਿਚ ਪਾਉਣਾ ਚਾਹਿਆ ਤੇ 20 ਰੁਪਏ ਬਾਬੇ ਨਾਨਕ ਨੂੰ ਦਿੱਤੇ ਤਾਂ ਉਨ੍ਹਾਂ ਨੇ ਆਗਿਆਕਾਰੀ ਪੁੱਤਰ ਹੋਣ ਸਦਕਾ ਲੈ ਤਾਂ ਲਏ ਹੋਣੇ ਹਨ ਪਰ ਉਨ੍ਹਾਂ ਨੂੰ ਉਹ ਰਕਮ ਕਦੇ ਵੀ ਹੱਕ ਹਲਾਲ ਦੀ ਕਮਾਈ ਨਹੀਂ ਲੱਗੀ ਹੋਣੀ, ਜਿਸ ਨਾਲ ਬਾਬਾ ਕਦੇ ਵੀ ਵਪਾਰ ਕਰਨਾ ਨਹੀਂ ਚਾਹੁੰਦਾ ਹੋਣਾ। ਫਿਰ ਬਾਬੇ ਨੇ ਜੇ ਇਸ ਰਕਮ ਨਾਲ ਵਪਾਰ ਨਹੀਂ ਕਰਨਾ ਸੀ ਤਾਂ ਇਸ ਨੂੰ ਕਿਤੇ ਖਰਚਣ ਬਾਰੇ ਵੀ ਸੋਚਿਆ ਹੋਣਾ ਹੈ। ਬਾਬੇ ਨੇ ਤਾਂ ਇਸ ਰਕਮ ਨੂੰ ਕਿਸੇ ਲੋੜਵੰਦ ਟੱਬਰਦਾਰ ਨੂੰ ਵੀ ਦੇਣਾ ਮੁਨਾਸਬ ਨਹੀਂ ਸਮਝਿਆ, ਕਿਉਂਕਿ ਉਹਦੇ ਨਿਰਮਲ ਪੰਥ ਵਿਚ ਤਾਂ ਸਿਰਫ ਸੁੱਚੀ ਕਿਰਤ ਕਮਾਈ ਹੀ ਵੰਡ ਛਕਣ ਲਈ ਵਰਤੀ ਜਾਣੀ ਸੀ। ਫਿਰ ਚੂਹਣਕਾਣੇ ਸ਼ਹਿਰ ਦੇ ਬਾਹਰਵਾਰ ਇਹ (ਭੁੱਖੀ) ਸੰਤ ਮੰਡਲੀ ਮਿਲ ਗਈ ਤੇ ਉਨ੍ਹਾਂ ਨੇ ਫ਼ੈਸਲਾ ਕਰ ਲਿਆ ਹੋਣਾ ਹੈ ਕਿ ਇਸ ਰਕਮ ਦੇ ਸਹੀ ਹੱਕਦਾਰ ਇਹ ਵਿਹਲੜ ਸਾਧ ਹਨ। ਘਰ ਪਰਤ ਕੇ ਬਾਬੇ ਨਾਨਕ ਦਾ ਜਵਾਬ ਸੀ ਕਿ ਉਹ ਤਾਂ ‘ਖਰਾ ਸੌਦਾ’ ਕਰ ਆਏ ਹਨ। ਇਸ ‘ਖਰੇ ਸੌਦੇ’ ਵਿਚ ਹੀ ਬਾਬੇ ਦੀ ਗੁੱਝੀ ਰਮਜ਼ ਤਮਾਮ ਦੁਨੀਆਂ ਦੇ ਬਾਪਾਂ ਨੂੰ ਕਹਿ ਰਹੀ ਸੀ ਕਿ ਜੇ ਪੁੱਤਾਂ-ਧੀਆਂ ਨੂੰ ਨੇਕ ਇਨਸਾਨ ਬਣਾਉਣਾ ਹੈ, ਉਨ੍ਹਾਂ ਦਾ ਅੱਗਾ ਸੰਵਾਰਨਾ ਹੈ ਤਾਂ ਉਨ੍ਹਾਂ ਲਈ ਹੱਥੀਂ ਕੀਤੀ ਸੁੱਚੀ ਕਿਰਤ ਕਮਾਈ ਵਰਤੋ ਜਿਸ ਵਿਚ ਸਰਬਤ ਦਾ ਭਲਾ ਲੁਕਿਆ ਹੋਇਆ ਹੈ।

ਇਸ ਵਿਚੋਂ ਜਿਹੜੀ ਅਗਲੀ ਰਮਜ਼ ਸਾਡਾ ਬਾਬਾ ਨਾਨਕ ਦੱਸਣੀ ਚਾਹੁੰਦਾ ਹੋਣਾ ਹੈ, ਉਹ ਇਹ ਕਿ ਜਿਹੜਾ ਨਿਰਮਲ ਪੰਥ ਉਹਨੇ ਚਲਾਉਣਾ ਹੈ, ਉਸ ਮਾਰਗ ‘ਤੇ ਚੱਲਣ ਵਾਲੇ ਭਲੀਭਾਂਤ ਇਹ ਸਮਝ ਜਾਣ ਕਿ ਉਨ੍ਹਾਂ ਨੂੰ ਜ਼ਿੰਦਗੀ ਵਿਚ ਰੱਬ ਦੇ ਨਾਂ ‘ਤੇ ਠੱਗੀਆਂ ਮਾਰਨ ਵਾਲੇ ਸਾਧੂ ਸੰਤਾਂ ਦੇ ਵਿਹਲੜ ਵੱਗਾਂ ਨੇ ਬਹੁਤ ਟੱਕਰਨਾ ਹੈ ਤੇ ਧਰਮ ਦੀ ਆੜ ਵਿਚ ਲੁੱਟਣ ਦੀ ਵੀ ਬੜੀ ਕੋਸ਼ਿਸ਼ ਕਰਨੀ ਹੈ। ਉਹ ਆਪ ਸਾਰੀ ਰਕਮ ਜਿਸ ਨਾਲ ਬਾਪ ਨੇ ਵਪਾਰ ਕਰਾਉਣਾ ਸੀ, ਅਜਿਹੇ ਸੰਤਾਂ ਨੂੰ ਲੁਟਾ ਕੇ ਵੀ ‘ਖਰਾ ਸੌਦਾ’ ਇਸ ਕਰ ਕੇ ਕਹਿੰਦਾ ਸੀ ਕਿ ਉਹਨੇ ਆਪਣੇ ਸਿੱਖਾਂ ਨੂੰ ਪਾਖੰਡੀ ਸੰਤਾਂ ਦੀ ਲੁੱਟ ਤੋਂ ਬਚਾ ਲਿਆ। ਬਾਬਾ ਨਾਨਕ ਤਾਂ ਸਭ ਨੂੰ ਚੁਕੰਨਾ ਕਰ ਗਿਆ ਕਿ ਜਿਹੜੇ ਸਾਧਾਂ ਨੇ ਉਨ੍ਹਾਂ ਦੇ ਗੁਰੂ ਨੂੰ ਨਹੀਂ ਬਖ਼ਸ਼ਿਆ, ਉਹ ਆਮ ਸਿੱਖਾਂ ਨੂੰ ਕਦੋਂ ਬਖ਼ਸ਼ਣਗੇ?

ਕਾਸ਼! ਸਿੱਖ ਆਪਣੇ ਬਾਬੇ ਨਾਨਕ ਦੀ ਇਸ ਰਮਜ਼ ਨੂੰ ਸਮਝ ਜਾਂਦੇ ਤਾਂ ਉਨ੍ਹਾਂ ਦੀ ਕਿਰਤ ਕਮਾਈ ਅੱਜ ਵਿਹਲੜ ਸੰਤਾਂ ਕੋਲ ਨਾ ਜਾਂਦੀ ਜਿਨ੍ਹਾਂ ਦੇ ਦਿਮਾਗਾਂ ਨੂੰ ਐਨੀ ਫਿੱਟ ਤੇ ਫਤੂਰ ਚੜ੍ਹਿਆ ਹੋਇਆ ਹੈ ਕਿ ਉਹ ਆਪਣੇ ਹੀ ਉਨ੍ਹਾਂ ਸ਼ਰਧਾਲੂਆਂ, ਜਿਹੜੇ ਉਹਨੂੰ ਰੱਬ ਦਾ ਦਰਜਾ ਦਿੰਦੇ ਹਨ, ਦੀ ਇੱਜ਼ਤ-ਆਬਰੂ ਤਾਰ-ਤਾਰ ਕਰਨ ਲੱਗੇ ਰਤੀ ਭਰ ਵੀ ਖੌਫ ਨਹੀਂ ਖਾਂਦੇ! ਜਦੋਂ ਆਪਣੇ-ਆਪ ਨੂੰ ‘ਵਿਹੰਗਮ ਸੰਤ’ ਕਹਾਉਣ ਵਾਲੇ ਦੇ ਡੇਰੇ ਵਿਚ ਸ਼ਰਧਾਲੂ ਮੁਟਿਆਰ ਖੁਦਕੁਸ਼ੀ ਕਰਦੀ ਹੋਵੇ, ਜਿਹਦਾ ਸਬੱਬ ਸੰਤ ਮਹਾਂਪੁਰਖ ਵੱਲੋਂ ਉਸ ਲੜਕੀ ਨੂੰ ਆਪਣੇ ਫੋਨ ਤੋਂ ਭੇਜੇ ਇਤਰਾਜ਼ਯੋਗ ਮੈਸੇਜ਼ ਹੋਣ ਤੇ ਅਜਿਹੇ ਸੰਤਾਂ ਦੀਆਂ ਮੁਜਰਮਾਨਾ ਹਰਕਤਾਂ ਕਰ ਕੇ ਕਿਸੇ ਸ਼ਰੀਫ ਨੂੰ ਸਦਾ ਲਈ ਅੱਖਾਂ ਤੋਂ ਅੰਨਾ ਕੀਤਾ ਜਾਵੇ, ਕਿਉਂਕਿ ਉਸ ਨੇ ਬਾਬੇ ਦਾ ਕੁਕਰਮ ਆਪਣੀ ਅੱਖੀਂ ਦੇਖਿਆ ਸੀ ਤੇ ਗੁਰੂ ਦੀ ਮੋਹਰ ਕੇਸ ਕਿਸੇ ਸ਼ਰਧਾਲੂ ਦੇ ਇਸ ਕਰ ਕੇ ਕਤਲ ਕਰਵਾ ਦੇਵੇ ਕਿ ਉਹਨੇ ਉਹਦੇ ਡੇਰੇ ਵਿਚ ਹੁੰਦੀਆਂ ਗੁਰਮਤਿ ਵਿਰੋਧੀ ਕਾਰਵਾਈਆਂ ਦੀ ਗੱਲ ਕੀਤੀ ਸੀ; ਸਿਤਮਜ਼ਰੀਫੀ ਦੇਖੋ ਕਿ ਬਾਬੇ ਦੇ ‘ਖਰੇ ਸੌਦੇ’ ਨੂੰ ‘ਸੱਚੇ ਸੌਦੇ’ ਨਾਂ ਵਿਚ ਤਬਦੀਲ ਕਰ ਕੇ ਦੁਨੀਆਂ ਭਰ ਦਾ ‘ਕੁ-ਸੌਦਾ’ ਕਰੀ ਜਾਂਦੇ ਹਨ। ਇੰਨਾ ਕੁਝ ਹੋਣ ਦੇ ਬਾਵਜੂਦ ਸਿੱਖ ਅਜੇ ਵੀ ਬੇਸਮਝ ਬਣੇ ਬੈਠੇ ਹਨ।

ਬਾਬਾ ਤਾਂ ਗੁਰਬਾਣੀ ਵਿਚ ਵੀ ਸਪੱਸ਼ਟ ਕਰ ਗਿਆ ਕਿ ‘ਅਕਲੀ ਸਾਹਿਬੁ ਸੇਵੀਐ’। ਰੱਬ ਦਾ ਨਾਂ ਲੈਣ ਲਈ ਕਿਸੇ ਠੇਕੇਦਾਰ ਸਾਧ ਦੀ ਅਕਲ ਦੀ ਜ਼ਰੂਰਤ ਨਹੀਂ, ਖੁਦ ਆਪਣੀ ਅਕਲ ਵਰਤਣੀ ਹੈ। ਇਹੋ ਬਾਬੇ ਨਾਨਕ ਦਾ ਹਰ ਸਿੱਖ ਲਈ ਹੁਕਮ ਹੈ ਪਰ ਜੇ ਕੋਈ ਸਿੱਖ ਇੱਦਾਂ ਨਹੀਂ ਕਰਦਾ ਤਾਂ ਇਹ ਗੁਰੂ ਨਾਨਕ ਪਾਤਸ਼ਾਹ ਦੀ ਹੁਕਮ-ਅਦੂਲੀ ਹੈ।

ਅਸੀਂ ‘ਸੱਚਾ ਸੌਦਾ’ ਵਾਲੀ ਸਾਖੀ ਦਾ ਜ਼ਿਕਰ ਸਦਾ ਧਾਰਮਿਕ ਰੰਗਣ ਵਿਚ ਹੀ ਕਰਦੇ ਹਾਂ। ਇਸ ਕਰ ਕੇ ਇਸ ਪਿੱਛੇ ਲੁਕੇ ਰਹੱਸ ਜਾਂ ਰਮਜ਼ਾਂ ਜਿਹੜੀਆਂ ਬਾਬਾ ਨਾਨਕ ਸਾਨੂੰ ਦੱਸ ਗਿਆ, ਫੜਨ ਤੋਂ ਗੁਰੇਜ਼ ਕਰ ਜਾਈਦਾ ਹੈ ਕਿ ਕਿਤੇ ਸਾਡੇ ਵੱਡੇ ਧਰਮੀ (ਸੰਤ-ਮਹਾਂਪੁਰਸ਼) ਸਾਡੇ ‘ਤੇ ਅਧਰਮੀ ਹੋਣ ਦਾ ਠੱਪਾ ਹੀ ਨਾ ਲਾ ਦੇਣ; ਪਰ ਬਾਬੇ ਨਾਨਕ ਦੇ ਸਿੱਖ ਹੋਣ ਦੇ ਨਾਤੇ ਉਹਦੀਆਂ ਗੁੱਝੀਆਂ ਰਮਜ਼ਾਂ ਦੀ ਗੱਲ ਕਰਨੀ ਵੀ ਤਾਂ ਜ਼ਰੂਰੀ ਹੈ। ਹੁਣ ਜਦੋਂ ‘ਸੱਚਾ ਸੌਦਾ’ ਸਾਖੀ ਵਿਚ ਭੁੱਖੇ ਸਾਧੂ-ਸੰਤਾਂ ਦਾ ਜ਼ਿਕਰ ਵਾਰ-ਵਾਰ ਆਉਂਦਾ ਤਾਂ ਮੈਂ ਕੌਣ ਹੁੰਨਾ, ਉਨ੍ਹਾਂ ਨੂੰ ਰੱਜੇ ਹੋਏ ਕਹਿ ਸਕਾਂ; ਕਿਉਂਕਿ ਜਿਹੜੇ ਬਾਬੇ ਨਾਨਕ ਕੋਲੋਂ ਨਹੀਂ ਰੱਜੇ, ਸਾਡੇ ਕੋਲੋਂ ਭਲਾ ਕਿੱਥੇ ਰੱਜ ਜਾਣਗੇ? ਇਹ ਉਦੋਂ ਵੀ ਭੁੱਖੇ ਸੀ ਤੇ ਅੱਜ ਵੀ ਭੁੱਖੇ ਹੀ ਹਨ।

ਅੱਜਕੱਲ੍ਹ ਤਾਂ ਇਨ੍ਹਾਂ ਸੰਤਾਂ ਦੀ ਭੁੱਖ ਰਾਜ ਸਭਾ ‘ਤੇ ਕਾਬਜ਼ ਹੋਣ ਦੀ ਹੈ। ਇਸ ਮਕਸਦ ਲਈ ਇਹ ‘ਦਸ ਨੰਬਰੀਆਂ’ ਨਾਲ ਵੀ ਯਾਰੀ ਪਾ ਲੈਂਦੇ ਹਨ। ਕਈ ਖੁਦ ਦਸ ਨੰਬਰੀਏ ਆ। ਅਸੀਂ ਖੁਦ ਦੇਖਦੇ ਹਾਂ ਕਿ ਮਾਇਆ ਤੋਂ ਦੂਰ ਰਹਿਣ ਦਾ ਉਪਦੇਸ਼ ਦੇਣ ਵਾਲੇ ਕਿੱਦਾਂ ਗਰੀਬਾਂ ਦੀਆਂ ਜ਼ਮੀਨਾਂ ਉਤੇ ਕਬਜ਼ਾ ਕਰੀ ਜਾਂਦੇ ਹਨ। ਹਰ ਸੰਤ ਦਾ ਡੇਰਾ ਵ੍ਹਾਈਟ ਹਾਊਸ ਬਣਿਆ ਹੋਇਆ ਹੈ। ਮਹਿੰਗੀ ਤੋਂ ਮਹਿੰਗੀ ਕਾਰ ਇਨ੍ਹਾਂ ਲਿਸ਼ਕਦੇ ਚੋਲਿਆਂ ਵਾਲਿਆਂ ਕੋਲ ਹੈ। ਇਨ੍ਹਾਂ ਦੀ ਜ਼ਿੰਦਗੀ ਬਸਰ ਕਰਨ ਦੇ ਢੰਗ ਤੋਂ ਕੌਣ ਕਹਿ ਸਕਦਾ ਹੈ ਕਿ ਇਨ੍ਹਾਂ ਵਿਚ ਫਕੀਰੀ ਨਾਂ ਦੀ ਵੀ ਕੋਈ ਕਣੀ ਹੈ। ਸਰਕਾਰੇ ਦਰਬਾਰੇ ਪੂਰਾ ਦਬਦਬਾ ਹੈ।

ਇਥੇ ਇਕ ਗੱਲ ਦਾ ਜ਼ਿਕਰ ਰਤਾ ਕੁ ਉਚੇਚਾ ਕਰ ਲਵਾਂ। ਰਤਾ ਕੁ ਧਿਆਨ ਧਰ ਕੇ ਸੋਚੋ ਕਿ ਜੇ ਉਨ੍ਹਾਂ 15 ਜਾਂ 20 ਸਾਧੂਆਂ ਨੂੰ ਸੱਚੀਂ ਹੀ ਢਿੱਡ ਦੀ ਭੁੱਖ ਸੀ ਤਾਂ ਉਹ ਤਾਂ ਉਦੋਂ ਰੁਪਏ ਜਾਂ ਦੋ ਰੁਪਏ ਦੇ ਰਾਸ਼ਨ ਨਾਲ ਪੂਰੀ ਹੋ ਜਾਣੀ ਸੀ। ਉਦੋਂ ਇਕ ਟਕੇ ਦੇ ਕਈ ਮਣ ਦਾਣੇ ਮਿਲਦੇ ਸੀ ਤੇ 20 ਰੁਪਏ ਤਾਂ ਉਸ ਵਕਤ ਦੀ ਬਹੁਤ ਵੱਡੀ ਰਕਮ ਸੀ। ਇਥੇ ਉਨ੍ਹਾਂ ਭੁੱਖੇ ਸੰਤਾਂ ਦੇ ਇਖਲਾਕ ਦੀ ਗੱਲ ਵੀ ਹੈ! ਉਨ੍ਹਾਂ ਨੂੰ ਇਹ ਨਹੀਂ ਸੀ ਚਾਹੀਦਾ ਕਿ ਉਹ ਇੰਨੀ ਵੱਡੀ ਰਕਮ ਨਾ ਹਥਿਆਉਂਦੇ? ਪਰ ਨਹੀਂ! ਉਨ੍ਹਾਂ ਦੀ ਭੁੱਖ ਸਿਰਫ਼ ਰੋਟੀ ਨਹੀਂ ਸੀ, ਬਲਕਿ ਇਸ ਤੋਂ ਵੀ ਕਈ ਗੁਣਾ ਵੱਡੀ ਸੀ। ਇਨ੍ਹਾਂ ਨੇ ਸਾਰੀ ਰਕਮ ਹਥਿਆਉਣ ਲਈ ਬਾਬੇ ਨਾਨਕ ਕੋਲ ਕਈ ਝੂਠੇ ਸੱਚੇ ਫਫੜੇ ਵੀ ਕੀਤੇ ਹੋਣੇ ਹਨ। ਇਸੇ ਕਤਾਰ ਦੇ ਸੰਤਾਂ ਦੀਆਂ ਅੱਜ ਡਾਰਾਂ ਦੀਆਂ ਡਾਰਾਂ ਤੁਰੀਆਂ ਫਿਰਦੀਆਂ ਹਨ, ਤੇ ਇਨ੍ਹਾਂ ਦੇ ਫਫੜੇ ਵੀ ਲੋਕਾਂ ਦੀਆਂ ਭਾਵਨਾਵਾਂ ਮੁਤਾਬਕ ਬਦਲੀ ਜਾਂਦੇ ਹਨ।

ਬੜੀ ਚਤੁਰਾਈ ਨਾਲ ਜਹਾਜ਼ੇ ਚੜ੍ਹ ਕੇ ਆਉਂਦੇ ਹਨ; ਕੋਈ ਕਹਿੰਦਾ ਹੈ, ਮੈਂ ਹਸਪਤਾਲ ਬਣਾ ਰਿਹਾਂ; ਕੋਈ ਸਕੂਲ; ਕੋਈ ਨਸ਼ਾ ਛਡਾਊ ਸੈਂਟਰ; ਕੋਈ ਲੋੜਵੰਦ ਪਰਾਵਾਰਾਂ ਦੀਆਂ ਬੱਚੀਆਂ ਦੇ ਵਿਆਹ ਕਰਾਉਣ ਦੀਆਂ ਬੜੀਆਂ ਮਿੱਠੀਆਂ ਗੱਲਾਂ ਕਰ ਕੇ ਸਿੱਖਾਂ ਦੀ ਦਸਾਂ ਨਹੁੰਆਂ ਦੀ ਕਿਰਤ ਨੂੰ ਆਪਣਾ ਡੇਰਾ ਬਣਾਉਣ ‘ਤੇ ਲਾ ਰਹੇ ਹਨ। ਬੇਥਾਹ ਦੌਲਤ ਇਕੱਠੀ ਹੋ ਰਹੀ ਹੈ। ਮਾਇਆ ਤੋਂ ਪਰ੍ਹੇ ਰਹਿਣ ਦਾ ਪ੍ਰਚਾਰ ਕਰਨ ਵਾਲੇ ਇਨ੍ਹਾਂ ਸੰਤਾਂ ਨਾਲ ਜਦੋਂ ਹਸਪਤਾਲ ਤੇ ਸਕੂਲਾਂ ਦੀ ਗੱਲ ਕੀਤੀ ਗਈ ਹੈ ਤਾਂ ਕੋਈ ਕਹਿ ਸਕਦਾ ਹੈ ਕਿ ਅਜਿਹਾ ਕਰ ਕੇ ਕੀ ਮਾੜਾ ਕਰਦੇ ਆ ਸੰਤ; ਪਰ ਮਾਲਵੇ ਵਿਚ ਬਹੁਤ ਵੱਡੇ ਡੇਰੇ ਵੱਲੋਂ ਬੜਾ ਵੱਡਾ ਸਕੂਲ ਚਲਾਇਆ ਜਾ ਰਿਹਾ ਹੈ, ਇਸ ਕੋਲ ਜੋ ਜ਼ਮੀਨ ਹੈ, ਉਹ ਵੀ ਸੁਣਿਆ ਸੀ ਕਿ ਦੱਬ-ਦਬਾ ਕੇ ਕੌਡੀਆਂ ਦੇ ਭਾਅ ਖਰੀਦੀ ਹੋਈ ਹੈ। ਇਸ ਸਕੂਲ ਵਿਚ ਨਿਆਣਿਆਂ ਕੋਲੋਂ ਫੀਸਾਂ ਠੋਕ ਕੇ ਲਈਆਂ ਜਾਂਦੀਆਂ ਤੇ ਟੀਚਿੰਗ ਸਟਾਫ ਨੂੰ ਬੜੀ ਘੱਟ ਤਨਖਾਹ ਦੇ ਕੇ ਦਸਤਖਤ ਵੱਧ ਰਕਮ ਉਤੇ ਕਰਵਾਏ ਜਾਂਦੇ ਹਨ। ਇਹ ਲੁੱਟ ਨਹੀਂ ਤਾਂ ਹੋਰ ਕੀ ਹੈ? ਆਹ ਬੜੂ (ਸਾਹਿਬ) ਤਾਂ ਇਕ ਮਿਸਾਲ ਹੈ!

ਹੁਣ ਹਸਪਤਾਲਾਂ ਦੀ ਗੱਲ। ਜਿਹੜੇ ਹਸਪਤਾਲ ਡੇਰੇਦਾਰ ਸੰਤ ਚਲਾਉਂਦੇ ਨੇ, ਇਨ੍ਹਾਂ ਵਿਚੋਂ ਕਈ ਤਾਂ ਭਰੂਣ ਹੱਤਿਆ ਦੇ ਸੈਂਟਰ ਹੀ ਹਨ; ਕਿਉਂਕਿ ਬਾਬਿਆਂ ਨੇ ਆਪਣੇ ਸ਼ਰਧਾਲੂਆਂ ਨੂੰ ਵਰਦਾਨ ਪੁੱਤ ਦਾ ਹੀ ਦਿੱਤਾ ਹੁੰਦਾ ਹੈ ਤੇ ਨਾਲੇ ਹਦਾਇਤ ਕੀਤੀ ਹੁੰਦੀ ਕਿ ਹਰ ਪੁੰਨਿਆ ਜਾਂ ਸੰਗਰਾਂਦ ਨੂੰ ਡੇਰੇ ‘ਤੇ ਚੌਂਕੀ ਭਰੀ ਜਾਇਓ ਤੇ ਹਸਪਤਾਲ ਵਿਚੋਂ ਦਵਾ-ਦਾਰੂ ਵੀ ਲਈ ਜਾਇਓ। ਬੱਸ, ਇਸੇ ਬਹਾਨੇ ਉਨ੍ਹਾਂ ਦਾ ਭਰੂਣ ਚੈੱਕ ਕਰਵਾਇਆ ਜਾਂਦਾ ਹੈ। ਜੇ ਮੁੰਡਾ ਨਹੀਂ ਤਾਂ ਕਹਾਣੀ ਉਥੇ ਹੀ ਖ਼ਤਮ; ਤਾਂ ਕਿ ਸੰਤ ਦੇ ਵਰਦਾਨ ਸੱਚੇ ਸਾਬਤ ਹੋਣ। ਆਹ ਸ਼ਰਧਾਲੂ ਮਰਦਾਂ ਨੂੰ ਤਾਂ ਹੁਣ ਨਿਪੁੰਸਕ ਬਣਾਉਣਾ ਵੀ ਸ਼ੁਰੂ ਕਰ ਦਿੱਤਾ ਹੈ, ਇਨ੍ਹਾਂ ਡੇਰੇਦਾਰਾਂ ਨੇ। ਆਪਣੇ ਹਸਪਤਾਲਾਂ ਵਿਚ ਅਜਿਹੀ ਲੁੱਟ ਬਾਰੇ ਤਾਂ ਬਾਬੇ ਨਾਨਕ ਨੇ ਵੀ ਨਹੀਂ ਸੋਚਿਆ ਹੋਣਾ ਕਿ ਜਿਹੜੇ ਸਾਧਾਂ ਨੇ ਭੁੱਖ ਦਾ ਬਹਾਨਾ ਲਾ ਕੇ ਉਸ ਤੋਂ ਹੀ ਸਾਰੀ ਰਕਮ ਠੱਗ ਲਈ, ਉਨ੍ਹਾਂ ਦੀਆਂ ਆਉਣ ਵਾਲੀਆਂ ਸੰਤ ਨਸਲਾਂ ਉਹਦੇ ਸਿੱਖਾਂ ਨਾਲ ਅਜਿਹੇ ਕਾਰੇ ਕਰਨਗੀਆਂ। ਅਜਿਹਾ ਤਾਂ ਵਾਪਰਿਆ ਕਿਉਂਕਿ ਅਸੀਂ ਬਾਬੇ ਦੀਆਂ ਰਮਜ਼ਾਂ ਸਮਝਣ ‘ਚ ਢਿੱਲ ਵਰਤੀ।

ਸਿੱਖੀ ਸਿਧਾਂਤਾਂ ਵਿਚ ਸਰਾਪ ਜਾਂ ਵਰਦਾਨ ਵਰਗੀਆਂ ਗੱਲਾਂ ਨੂੰ ਕੋਈ ਮਾਨਤਾ ਨਹੀਂ ਅਤੇ ਨਾ ਹੀ ਗੁਰੂ ਨਾਨਕ ਨੇ ਕਿਸੇ ਨੂੰ ਕੋਈ ਵਰ ਜਾਂ ਸਰਾਪ ਦਿੱਤਾ; ਪਰ ਲੱਗਦਾ ਹੈ ਕਿ ਜਦੋਂ ਬਾਬੇ ਨਾਨਕ ਕੋਲੋਂ ਸਾਰੀ ਰਕਮ ਭੁੱਖੇ ਸੰਤਾਂ ਨੇ ਠੱਗ ਲਈ ਤਾਂ ਰੱਬ ਸਬੱਬ ਹੀ ਇਨ੍ਹਾਂ ਸੰਤਾਂ-ਸਾਧਾਂ ਨੂੰ ਵਰਦਾਨ ਤੇ ਸਰਾਪ ਨਾਲ ਦੀ ਨਾਲ ਹੀ ਮਿਲ ਗਿਆ। ਇਹ ਸਰਾਪ ਵੀ ਵਰਦਾਨ ਵਰਗਾ ਹੈ। ਵਰਦਾਨ ਇਨ੍ਹਾਂ ਸੰਤਾਂ ਨੂੰ ਇਹ ਮਿਲ ਗਿਆ ਕਿ ਤੁਹਾਨੂੰ ਕਦੇ ਵੀ ਹੱਥੀਂ ਕੋਈ ਕੰਮ ਨਹੀਂ ਕਰਨਾ ਪੈਣਾ, ਦੁਨੀਆਂ ਭਰ ਦੇ ਕਿਰਤੀਆਂ ਦੇ ਨਿਆਣਿਆਂ ਨੂੰ ਭਾਵੇਂ ਰੋਟੀ ਦਾ ਚੱਪਾ ਮਿਲੇ ਜਾਂ ਨਾ, ਛੇ ਮਹੀਨੇ ਮਿੱਟੀ ਨਾਲ ਮਿੱਟੀ ਹੋ ਕੇ ਕਮਾਈ ਕਰਨ ਵਾਲੇ ਕਿਸਾਨ ਦੇ ਘਰ ਭਾਵੇਂ ਭੰਗ ਭੁੱਜੇ, ਉਹ ਤੰਗੀ ਦਾ ਮਾਰਿਆ ਭਾਵੇਂ ਆਪਣੇ ਸਿਰ ਦਾ ਸਾਫਾ ਗੱਲ ‘ਚ ਪਾ ਕਿਤੇ ਦਰਖਤ ਨਾਲ ਲਟਕ ਜਾਵੇ, ਉਹਦੇ ਕੋਠੇ ਤਾਂ ਭਾਵੇਂ ਮੀਂਹ ਦੀ ਪਹਿਲੀ ਮਾਰ ਵੀ ਨਾ ਸਹਾਰ ਸਕਣ, ਪਰ ਸੰਤੋ! ਤੁਹਾਨੂੰ ਤਿੰਨੇ ਵੇਲੇ ‘ਭੋਜਨ’ ਛਕਣ ਨੂੰ ਮਿਲਿਆ ਕਰੂਗਾ ਤੇ ਤੁਹਾਡੀਆਂ ਕੁਟੀਆਨੁਮਾ ਬਿਲਡਿੰਗਾਂ ਜਿੰਨੀਆਂ ਅਸਮਾਨ ਵੱਲ ਉਚੀਆਂ ਹੋਣਗੀਆਂ, ਉਨੀਆਂ ਹੀ ਜ਼ਮੀਨ ਵਿਚ ਹੋਣਗੀਆਂ; ਜਿਥੇ ਸੁੱਖ ਸਹੂਲਤਾਂ ਕਿਸੇ ਸ਼ਹਿਨਸ਼ਾਹ ਤੋਂ ਘੱਟ ਨਹੀਂ ਹੁੰਦੀਆਂ। ਸ਼ਾਇਦ ਕੁਝ ਵੀਰਾਂ-ਭੈਣਾਂ ਨੂੰ ਰੋਟੀ ਅਤੇ ਭੋਜਨ ‘ਚ ਕੋਈ ਫਰਕ ਨਾ ਲਗਦਾ ਹੋਵੇ, ਪਰ ਜ਼ਮੀਨ ਅਸਮਾਨ ਜਿੰਨਾ ਫਰਕ ਹੈ। ਆਪਾਂ ਸਾਰੇ ਹੀ ਸਿਫ਼ਟਾਂ ‘ਤੇ ਕੰਮ ਕਰਨ ਵਾਲੇ, ਟਰੱਕ-ਟੈਕਸੀ ਚਲਾਉਣ ਵਾਲੇ, ਛੋਟੇ ਕਾਰੋਬਾਰੀਏ ਰੋਟੀ ਖਾਣੇ ਹੀ ਹਾਂ ਜਿਹੜੀ ਡੱਬੇ ‘ਚ ਪਾ ਕੇ ਕੰਮ ‘ਤੇ ਕੋਲ ਲੈ ਜਾਈਦੀ ਹੈ ਤੇ ਠੰਢੀ ਹੀ ਛਕ ਲਈਦੀ ਹੈ। ਸ਼ਾਇਦ ਬਾਬੇ ਨਾਨਕ ਨੇ ਵੀ ਸਾਰੀ ਜ਼ਿੰਦਗੀ ਭੋਜਨ ਨਾ ਛਕਿਆ ਹੋਵੇ, ਕਿਉਂਕਿ ਉਹ ਵੀ ਸਾਡੇ ਵਰਗਾ ਰੋਟੀ ਖਾਣ ਵਾਲਾ ਹੀ ਤਾਂ ਸੀ ਜਿਹੜਾ ਪਿਛਲੀ ਉਮਰੇ ਜਾ ਕੇ ਵੀ ਹੱਥ ‘ਚ ਹਲ ਦੀ ਹੱਥੀ ਫੜ ਕੇ ਮਿੱਟੀ ਨਾਲ ਮਿੱਟੀ ਹੁੰਦਾ ਰਿਹਾ। ਇਹ ਭੋਜਨ ਛਕਣ ਵਾਲੇ ਤਾਂ ਸੰਤ ਬਾਬੇ ਹੀ ਹਨ! ਕਿਤੇ ਇਨ੍ਹਾਂ ਦੇ ਭੋਜਨ ਦਾ ਜਲੌਅ ਦੇਖਣਾ.....ਕਿਆ ਬਾਤਾਂ! ਚਾਰ ਬੰਦੇ ਤਾਂ ਹੱਥ ਧੁਆਉਣ ‘ਤੇ ਹੀ ਖੜ੍ਹੇ ਹੁੰਦੇ ਨੇ। ਫਿਰ ਥਾਲ ਤੇ ਥਾਲ ਭਰਿਆ ਆਉਂਦਾ ਭੋਜਨ ਦਾ, ਸਾਰੇ ਸ਼ਰਧਾਲੂ ਹੱਥ ਜੋੜੀ ਖੜ੍ਹੇ ਹੁੰਦੇ ਆ ਖਿਦਮਤ ਵਿਚ। ਇਹ ਬਾਬੇ ਖਾਂਦੇ ਘੱਟ ਤੇ ਜੂਠ ਵੱਧ ਛੱਡਦੇ ਆ, ਕਿਉਂਕਿ ਇਨ੍ਹਾਂ ਦੇ ਸ਼ਰਧਾਲੂਆਂ ਨੇ ਪ੍ਰਸਾਦਿ ਸਮਝ ਕੇ ਉਹ ਜੂਠ ਆਪ ਖਾਣੀ ਹੁੰਦੀ ਹੈ।

ਇਸ ਵਰਦਾਨ ਨਾਲ ਜਿਹੜਾ ਸਰਾਪ ਇਨ੍ਹਾਂ ਨੂੰ ਮਿਲਿਆ, ਉਹ ਇਹ ਹੈ ਕਿ ਭਾਵੇਂ ਦੁਨੀਆਂ ਭਰ ਦੀ ਦੌਲਤ ਇਨ੍ਹਾਂ ਕੋਲ ਆ ਜਾਵੇ, ਇਨ੍ਹਾਂ ਦੀ ਭੁੱਖ ਕਦੇ ਵੀ ਪੂਰੀ ਨਹੀਂ ਹੋਣੀ। ਦਿਸ ਹੀ ਰਿਹਾ ਹੈ ਕਿ ਡੇਰਿਆਂ ਦੀਆਂ ਜਾਇਦਾਦਾਂ ਅਰਬਾਂ ਰੁਪਏ ਦੀਆਂ ਹੋ ਗਈਆਂ, ਫਿਰ ਵੀ ਸਿੱਖੀ ਦੇ ਪ੍ਰਚਾਰ ਦਾ ਬਹਾਨਾ ਬਣਾ ਕੇ ਛੈਣੇ ਚੁੱਕੀ ਆ ਵੜਦੇ ਨੇ ਬਾਹਰਲੇ ਮੁਲਕਾਂ ਵਿਚ ਦਸਵੰਧ ਦੇ ਨਾਂ ‘ਤੇ ਉਗਰਾਹੀ ਕਰਨ। ਇਸ ਸਰਾਪ ਨੂੰ ਵਰਦਾਨ ਇਸ ਕਰ ਕੇ ਕਿਹਾ ਹੈ ਕਿ ਇਨ੍ਹਾਂ ਕੋਲ ਲੁੱਟ ਹੋਣ ਵਾਲਿਆਂ ਦੀ ਗਿਣਤੀ ਵਿਚ ਕਦੇ ਵੀ ਕਮੀ ਨਹੀਂ ਆਉਂਦੀ। ਹੁਣ ਬਾਬਾ ਨਾਨਕ ਕਿਹਦਾ-ਕਿਹਦਾ ਹੱਥ ਫੜ ਕੇ ਕਹੂ ਕਿ ਅਜਿਹੇ ਸਾਧੂ-ਸੰਤਾਂ ਨੇ ਹੀ ਉਹਦੇ ਕੋਲੋਂ ਪੰਜ ਸਦੀਆਂ ਪਹਿਲਾਂ ਰਕਮ ਠੱਗੀ ਸੀ.....ਤੁਸੀਂ ਮੇਰੇ ਕਿਰਤ ਦੇ ਸਿਧਾਂਤ ‘ਤੇ ਤਾਂ ਪੂਰਾ ਪਹਿਰਾ ਦੇ ਕੇ ਦੁਨੀਆਂ ਭਰ ਵਿਚ ‘ਬਹਿ ਜਾ ਬਹਿ ਜਾ’ ਕਰਵਾ ਦਿੱਤੀ, ਪਰ ਆਹ ਵਿਹਲੜ ਬਾਬਿਆਂ ਕੋਲੋਂ ਕਿਉਂ ਠੱਗ ਹੋਈ ਜਾਂਦੇ ਓ?

ਹੁਣ ਥੋੜ੍ਹੀ ਜਿਹੀ ਝਾਤ ਇਨ੍ਹਾਂ ਸੰਤਾਂ ਦੇ ਧਰਮ ਪ੍ਰਚਾਰ ‘ਤੇ ਵੀ ਪਾ ਲਈਏ। ਅੱਜਕੱਲ੍ਹ ਸੰਤ ਬਾਬੇ ਵੀ ਬੜੇ ਹਾਈਟੈਕ ਹਨ, ਆਪਣੇ ਦੀਵਾਨਾਂ ਦੀਆਂ ਵੀਡੀਓ ਬਣਾ ਕੇ ਇੰਟਰਨੈੱਟ ‘ਤੇ ਪੁਆ ਕੇ ਸਾਰੀ ਦੁਨੀਆਂ ਵਿਚ ਆਪਣੇ ਸ਼ਰਧਾਲੂਆਂ ‘ਤੇ ਪੂਰੀ ਪੈਂਠ ਪਾ ਕੇ ਰੱਖਦੇ ਨੇ। ਅੱਜਕੱਲ੍ਹ ਇਕ ਵੀਡੀਓ ਇੰਟਰਨੈੱਟ ‘ਤੇ ਦੇਖੀ ਹੈ। 21ਵੀਂ ਸਦੀ ਦਾ ਵੱਡਾ ਸੰਤ ਕਹਾਉਣ ਵਾਲਾ ਬਾਬਾ ਕਿਸੇ ਸੰਤ ਦੀ ਬਰਸੀ ‘ਤੇ ਇੰਨੀਆਂ ਗੱਪਾਂ ਮਾਰ ਗਿਆ ਕਿ ਸੁਣਦਿਆਂ ਨੂੰ ਸ਼ਰਮ ਆਵੇ, ਤੇ ਉਹ ਸੰਗਤ ਕੋਲੋਂ ਨਿਰਲੱਜ ਹੋ ਕੇ ਪੈਸੇ ਵੀ ਮੰਗ ਰਿਹਾ ਸੀ। ਉੱਦਾਂ ਇਹ ਸ਼ਤਾਬਦੀਆਂ ‘ਤੇ 300 ਭਾਂਤ ਦੇ ਪਕਵਾਨ ਵਰਤਾਉਣ ਦਾ ਡਰਾਮਾ ਕਰਦਾ ਰਿਹਾ ਹੈ। ਗੁਜ਼ਰ ਚੁੱਕੇ ਸੰਤ ਦੀ ਵਡਿਆਈ ਵਿਚ ਇਹ ਕਹਿੰਦਾ ਹੈ ਕਿ ਉਹਦੀ ਨਿਗ੍ਹਾ ਜਿਸ ਜੀਵ ‘ਤੇ ਪੈ ਜਾਂਦੀ ਸੀ, ਉਹਦਾ ਅੱਗਾ ਸੌਰ ਜਾਂਦਾ ਸੀ। ਅਖੇ ਸੰਤ ਦੇ ਡੇਰੇ ਵਿਚ ਕੁੱਤੀ ਹੁੰਦੀ ਸੀ ਜਿਸ ‘ਤੇ ਬਾਬੇ ਦੀ ਮਿਹਰ ਦੀ ਨਜ਼ਰ ਸੀ। ਉਹ ਕੁੱਤੀ ਮਰਨ ਤੋਂ ਬਾਅਦ ਇੰਗਲੈਂਡ ਦੀ ਮਲਕਾ ਵਿਕਟੋਰੀਆ ਬਣੀ.....ਹਿਟਲਰ ਪਿਛਲੇ ਜਨਮ ਵਿਚ ਉਸ ਸੰਤ ਨਾਲ ਹੀ ਤਪ ਕਰਦਾ ਹੁੰਦਾ ਸੀ ਤਾਂ ਹੀ ਉਹਨੂੰ ਬਾਦਸ਼ਾਹਤ ਮਿਲੀ; ਪਰ ਜਦ ਸੰਤ ਨੂੰ ਪਤਾ ਲੱਗਾ ਕਿ ਇਸ ਬੰਦੇ ਨੇ ਤਾਂ ਸਾਰੀ ਦੁਨੀਆਂ ਨੂੰ ਮੋਹਰੇ ਲਾਇਆ ਹੋਇਆ ਹੈ ਤਾਂ ਉਹਨੇ ਆਪਣੇ ਡੇਰੇ (ਸ਼ਾਇਦ ਭੁੱਚੋ ਮੰਡੀ) ਵਿਚ ਗੁੱਸੇ ‘ਚ ਆ ਕੇ ਜ਼ਮੀਨ ‘ਤੇ ਹੱਥ ਮਾਰਿਆ ਤਾਂ ਉਧਰ ਉਸੇ ਵਕਤ ਜਰਮਨੀ ਵਿਚ ਹਿਟਲਰ ਦੀ ਮੌਤ ਹੋ ਗਈ। ਫਿਰ ਕਹਿੰਦਾ ਕਿ ਉਸ ਸੰਤ ਵਰਗਾ ਕੋਈ ਧਰਮ ਦਾ ਪ੍ਰਚਾਰ ਨਹੀਂ ਕਰ ਸਕਦਾ, ਆਸਾ ਜੀ ਦੀ ਵਾਰ ਦਾ ਕੀਰਤਨ ਇਕ ਕਿਲੋ ਦੇਸੀ ਘਿਓ ਪੀ ਕੇ ਕਰਨ ਬਹਿੰਦੇ ਸੀ ਤੇ ਤੇੜ 18 ਮੀਟਰ ਕੱਪੜੇ ਦਾ ਕਛਹਿਰਾ ਪਾਉਂਦੇ ਸੀ; ਜਿਹੜਾ ਹੁਣ ਸੰਗਤਾਂ ਦੇ ਦਰਸ਼ਨਾਂ ਲਈ ਰੱਖਿਆ ਹੋਇਆ ਹੈ। ਉਸ ਵੀਡੀਓ ਵਿਚ ਅੱਧਾ ਘੰਟਾ ਉਪਰ ਦੱਸਿਆ ਧਰਮ ਪ੍ਰਚਾਰ ਹੀ ਕੀਤਾ ਹੋਇਆ ਹੈ। ਦੀਵਾਨ ਦੇ ਅੰਤ ਵਿਚ ਸੰਗਤ ਨੂੰ ਕਹਿੰਦਾ ਕਿ ਕਰੋ ਆਪਣੀਆਂ ਜੇਬਾਂ ਢਿੱਲੀਆਂ! ਬੀਬੀਓ ਖੋਲ੍ਹੋ ਪਰਸ, ਦੋ ਮਹੀਨੇ ਸੁਰਖੀ-ਪਾਊਡਰ ਨਾ ਲਾਇਓ.....ਭਾਈ ਸਿੰਘੋ! ਤੁਸੀਂ ਵੀ ਕੱਢੋ ਬਟੂਏ, ਸਮਝ ਲਿਓ ਕਿ ਦੋ ਮਹੀਨੇ ਪੈਗ ਨਹੀਂ ਲਾਏ.....ਲਿਆਓ ਮਾਇਆ ਤੇ ਕਰੋ ਸੰਤਾਂ ਮਹਾਂਪੁਰਸ਼ਾਂ ਦੀਆਂ ਖੁਸ਼ੀਆਂ ਪ੍ਰਾਪਤ!......

ਆਹ ਸਭ ਸੁਣ ਕੇ ਇਸ ਸਾਧ ਨੂੰ ਠੱਗ ਨਹੀਂ ਤਾਂ ਹੋਰ ਕੀ ਕਹੋਗੇ? ਗੁਰੂ ਨਾਨਕ ਨੇ ‘ਖਰਾ ਸੌਦਾ’ ਕਰ ਕੇ ਤਾਂ ਸਾਨੂੰ ਇੱਦਾਂ ਦੇ ਸੰਤਾਂ ਕੋਲੋਂ ਬਚਣ ਦੀ ਰਮਜ਼ ਮਾਰੀ ਸੀ। ਗੁਰੂ ਗ੍ਰੰਥ ਸਾਹਿਬ ਵਿਚ ਇਹੋ ਜਿਹਿਆਂ ਨੂੰ ‘ਓਇ ਹਰਿ ਕੇ ਸੰਤਿ ਨਾ ਆਖੀਐ ਬਨਾਰਸਿ ਕੇ ਠੱਗ’ ਕਿਹਾ ਹੋਇਆ ਹੈ; ਪਰ ਇਹ ਡੇਰੇਦਾਰ ਸੰਤ ਬੜੇ ਵੱਡੇ ਕਲਾਕਾਰ ਹਨ। ਉਪਰੋਕਤ ਸ਼ਬਦ ਦੀ ਵਿਆਖਿਆ ਕਰਨਗੇ ਦੂਜੇ ਧਰਮ ਦੇ ਧੋਤੀਆਂ ਤਿਲਕਾਂ ਵਾਲੇ ਸਾਧਾਂ ਦੀ; ਸੁਣਨ ਵਾਲੇ ਸ਼ਰਧਾਵਾਨਾਂ ਨੂੰ ਪੂਰਾ ਜਚਾ ਦਿੰਦੇ ਨੇ ਕਿ ਗੁਰਬਾਣੀ ਨੇ ਦੂਜੇ ਧਰਮ ਦੇ ਸੰਤਾਂ ਨੂੰ ਠੱਗ ਕਿਹਾ, ਉਨ੍ਹਾਂ ਨੂੰ ਨਹੀਂ; ਕਿਉਂਕਿ ਉਹ ਕਿਹੜਾ ਬਨਾਰਸ ਵਿਚ ਰਹਿੰਦੇ ਆ!

ਸੱਚੀ ਗੱਲ ਤਾਂ ਇਹ ਹੈ ਕਿ ਅੱਜ ਸਿੱਖ ਧਰਮ ਵਿਚ ਜ਼ਿਆਦਾ ਗਿਣਤੀ ਉਨ੍ਹਾਂ ਸੰਤਾਂ ਦੀ ਹੋ ਗਈ ਹੈ ਜਿਨ੍ਹਾਂ ਨੂੰ ‘ਧਾਰਮਿਕ ਦਹਿਸ਼ਤਗਰਦ’ ਕਿਹਾ ਜਾਵੇ ਤਾਂ ਢੁੱਕਵਾਂ ਹੋਵੇਗਾ ਕਿਉਂਕਿ ਇਹ ਜਿਥੇ ਸਿੱਖ ਇਤਿਹਾਸ, ਫਲਸਫੇ ਤੇ ਰਿਵਾਇਤਾਂ ਦਾ ਘਾਣ ਕਰੀ ਜਾਂਦੇ ਹਨ, ਉਥੇ ਗੁਰੂ ਸਾਹਿਬਾਨ ਦੇ ਜੀਵਨ ਬਾਰੇ ਬਹੁਤ ਕੁਝ ਊਲ-ਜਲੂਲ ਬੋਲੀ ਜਾਂਦੇ ਹਨ। ਸਭ ਤੋਂ ਵੱਧ, ਇਹ ਸਿੱਖ ਸੰਗਤਾਂ ਨੂੰ ਰੱਬ ਦੇ ਨਾਂ, ਜਾਂ ਉਹਦੀ ਭਜਨ-ਬੰਦਗੀ ਕਰਨ ਦੇ ਹੋਰ ਤਰੀਕਿਆਂ ਅਤੇ ਸਵਰਗ ਨਰਕ ਦੇ ਨਾਂ ਤੋਂ ਖੌਫਜ਼ਦਾ ਕਰ ਕੇ ਉਨ੍ਹਾਂ ਦੀ ਲੁੱਟ ਕਰਦੇ ਹਨ।

ਹੁਣ ਇਹ ਸ਼ੱਕ ਵੀ ਦੂਰ ਕਰ ਲਈਏ ਕਿ ਸਿੱਖਾਂ ਦੇ ਲੰਗਰ ਗੁਰੂ ਨਾਨਕ ਸਾਹਿਬ ਵੱਲੋਂ ਕਿਹੜੀ ਐਫ਼ ਡੀ. ਵਿਚੋਂ ਚਲ ਰਹੇ ਹਨ। 20 ਰੁਪਇਆਂ ਵਾਲੀ ਐਫ਼ ਡੀ. ਵਿਚੋਂ ਤਾਂ ਕਦੇ ਹੋ ਨਹੀਂ ਸਕਦੇ, ਕਿਉਂਕਿ ਉਹ ਬਾਰੇ ਨਾਨਕ ਨੇ ਕਰਵਾਈ ਹੀ ਨਹੀਂ ਸੀ। ਗੁਰੂ ਜੀ ਦੀ ਐਫ਼ ਡੀ. ਜਿਸ ਵਿਚੋਂ ਸਾਡੇ ਲੰਗਰ ਅੱਜ ਤੱਕ ਚੱਲ ਰਹੇ ਹਨ, ਉਹ ਹੈ ਗੁਰੂ ਨਾਨਕ ਸਾਹਿਬ ਵੱਲੋਂ 18 ਸਾਲ ਕੀਤੀ ‘ਸੱਚੀ ਕਿਰਤ’; ਕਰਤਾਰਪੁਰ ਸਾਹਿਬ ਵਿਚ ਹੱਥੀਂ ਖੇਤੀ ਕਰ ਕੇ। ਬਾਬਾ ਨਾਨਕ ਕਦੇ ਕਿਲੋ ਦੇਸੀ ਘਿਓ ਪੀ ਕੇ ਹਲ ਦਾ ਜੋਤਾ ਲਾਉਣ ਨਹੀਂ ਜਾਂਦਾ ਹੋਣਾ। ਖੇਤਾਂ ਵਿਚ ਉਹਦਾ ਤਾਂ ਛਾਹ ਵੇਲਾ ਰੋਟੀ ਤੇ ਆਚਾਰ ਨਾਲ ਹੁੰਦਾ ਹੋਣਾ। ਗੁਰੂ ਨਾਨਕ ਨੇ ਜੇ ਵਿਹਲੀਆਂ ਹੀ ਖਾਣੀਆਂ ਹੁੰਦੀਆਂ ਤਾਂ ਰਾਇ ਬੁਲਾਰ ਨੇ 750 ਮੁਰੱਬਾ ਜ਼ਮੀਨ ਦਾ ਬਾਬੇ ਦੇ ਨਾਂ ਕਰਵਾ ਦਿੱਤੀ ਸੀ ਜਿਹੜਾ ਅੱਜ ਵੀ ਗੁਰਦੁਆਰਾ ਨਨਕਾਣਾ ਸਾਹਿਬ ਦੇ ਨਾਂ ਹੈ। ਸਾਡੇ ਅੱਜ ਦੇ ਡੇਰੇਦਾਰ ਸੰਤ ਜਿਹੜੇ ਕਹਿੰਦੇ ਹਨ ਕਿ ਉਹ ਤਾਂ ਗੁਰੂ ਨਾਨਕ ਦੇ ਧਰਮ ਦਾ ਪ੍ਰਚਾਰ ਕਰਦੇ ਹਨ, ਪਰ ਇਹ ਆਪ ਹੀ ਗਰੀਬ ਕਿਸਾਨਾਂ ਦੀਆਂ ਜ਼ਮੀਨਾਂ ਉਤੇ ਕਬਜ਼ਾ ਕਰੀ ਜਾਂਦੇ ਹਨ। ਇਹ ਸੰਤ ਕਹਾਉਂਦੇ ਠੱਗ ਹੁਣ ਸਿਰਫ ਪੈਸਾ ਹੀ ਨਹੀਂ ਠੱਗਦੇ, ਸਗੋਂ ਸਿੱਖ ਧਰਮ ਦੇ ਫਲਸਫੇ ਨੂੰ ਖੋਰਾ ਲਾ ਕੇ ਸਿੱਖਾਂ ਦੇ ਸਵੈਮਾਣ ਨੂੰ ਢਾਹ ਲਾਉਣ ‘ਤੇ ਉਤਰ ਆਏ ਹਨ। ਜੇ ਸਿੱਖ ਅਜੇ ਵੀ ਨਾ ਸੰਭਲੇ ਤਾਂ.....!