-ਮਝੈਲ ਸਿੰਘ ਸਰਾਂ
ਪੰਜਾਬੀਓ! ਕਿੱਧਰ ਤੁਰ ਚੱਲਿਆ ਹੈ ਪੰਜਾਬ?
ਸਾਨੂੰ ਸਿੱਖਾਂ ਨੂੰ ਬੜਾ ਮਾਣ ਤੇ ਫ਼ਖ਼ਰ ਹੈ ਕਿ ਸਾਡੇ ਆਪਣੇ ‘ਪੰਜ ਤਖ਼ਤ’ ਹਨ ਜਿਨ੍ਹਾਂ ਨੂੰ ਅਸੀਂ ਹਰਦਮ ਧਿਆਨ ‘ਚ ਰੱਖੀਦਾ ਪਰ ਬੜੀ ਨਮੋਸ਼ੀ ਹੁੰਦੀ ਕਿ ਪੰਜਾਂ ਤਖ਼ਤਾਂ ਦੇ ਮਾਲਕਾਂ ਕੋਲ ਆਪਣਾ ਖੁਦਮੁਖਤਿਆਰ ਰਾਜ ਇਕ ਗਜ਼ ਜ਼ਮੀਨ ‘ਤੇ ਵੀ ਨਹੀਂ। ਇਨ੍ਹਾਂ ਨੂੰ ਹੁਕਮ ਨਹੀਂ ਕਿ ਇਕ ਬੁੱਕ ਵਾਧੂ ਪਾਣੀ ਦਾ ਆਪਣੇ ਕਹਾਉਂਦੇ ਪੰਜਾਂ ਦਰਿਆਵਾਂ ‘ਚੋਂ ਆਪਣੀ ਮਰਜ਼ੀ ਨਾਲ ਭਰ ਲੈਣ। ਤਖ਼ਤ ਤਾਂ ਇਕੋ ਹੀ ਮਾਣ ਨਹੀਂ ਸੀ ਜਿਸ ਦੀ ਸਰਪ੍ਰਸਤੀ ਵਿਚ ਵੱਡਾ ਰਾਜ ਸਥਾਪਤ ਹੋ ਗਿਆ ਸੀ ਜਿਸ ਵੱਲ ਉਸ ਵੇਲੇ ਦੀ ਦੁਨੀਆ ਦੀ ਸਭ ਤੋਂ ਵੱਡੀ ਸਾਮਰਾਜੀ ਤਾਕਤ ਵੀ ਇਕ ਅਰਸੇ ਤੱਕ ਉਂਗਲ ਨਹੀਂ ਕਰ ਸਕੀ। ਹੁਣ ਪੰਜਾਂ ਤਖ਼ਤਾਂ ਦੇ ਮਾਲਕਾਂ ਕੋਲੋਂ ਕਿਹੜੀ ਖੁਨਾਮੀ ਹੋ ਗਈ ਹੈ ਕਿ ਦਰ-ਬ-ਦਰ ਹੋਏ ਫਿਰਦੇ ਆਂ। ਇਹ ਧੁੰਦਲਾ ਸਵਾਲ ਕਈ ਵਾਰੀ ਦਿਮਾਗ ਵਿਚ ਆਉਂਦਾ ਹੈ ਤੇ ਜਵਾਬ ਕਦੀ ਲੱਭਾ ਨਹੀਂ। ਇਹ ਵੀ ਕਹਿ ਸਕਦਾ ਕਿ ‘ਮੇਰੀ ਐਨੀ ਔਕਾਤ ਵੀ ਕਿੱਥੇ?’
ਉਂਜ, ਬੀਤੀ 6 ਮਾਰਚ ਨੂੰ ਪੰਜਾਬ ਦੇ ਜਿਹੜੇ ਚੋਣ ਨਤੀਜੇ ਸਾਹਮਣੇ ਆਏ, ਉਨ੍ਹਾਂ ਨੇ ਉਪਰਲੇ ਸਵਾਲ ਦਾ ਥੋੜ੍ਹਾ ਜਿਹਾ ਜਵਾਬ ਦੇ ਦਿੱਤਾ ਹੈ ਕਿ ਤਖ਼ਤਾਂ ਦੇ ਮਾਲਕਾਂ ਕੋਲ ਆਪਣੀ ਝੁੱਗੀ ਵੀ ਕਾਹਤੋਂ ਨਹੀਂ ਬਣਦੀ? ਧੋਖੇਬਾਜ਼ੀਆਂ ਜਿੱਥੇ ਹੋਧਰੋਂ ਵੀ ਹੋਈਆਂ, ਉਥੇ ਖਾਮੀਆਂ ਦੀ ਕਸਰ ਆਪਣੇ ‘ਚ ਵੀ ਕਿਤੇ ਘੱਟ ਨਹੀਂ। ਇਕ ਹੋਰ ਗੱਲ ਵੀ ਇਨ੍ਹਾਂ ਚੋਣ ਨਤੀਜਿਆਂ ਨੇ ਕਿਸੇ ਹੱਦ ਤੱਕ ਸੱਚ ਸਾਬਿਤ ਕਰ ਦਿੱਤੀ ਕਿ ਪੰਜਾਬੀ ਬੜੇ ਫਰਾਖਦਿਲ ਹੁੰਦੇ ਹਨ। ਹੁਣ ਦੇ ਨਤੀਜਿਆਂ ਨੇ ਤਾਂ ਹਕੀਕਤ ਵਿਚ ਦਰਸਾ ਦਿੱਤਾ ਕਿ ਪੰਜਾਬੀਆਂ ਵਰਗਾ ਵੱਡਾ ਜਿਗਰਾ ਅਤੇ ਖੁੱਲ੍ਹਾਦਿਲੀ ਹੋਰ ਕਿਸੇ ਦਾ ਵੀ ਨਹੀਂ ਹੋ ਸਕਦਾ।
ਇਨ੍ਹਾਂ ਨਤੀਜਿਆਂ ਨੇ ਸਾਰੀਆਂ ਕਿਆਸ-ਅਰਾਈਆਂ ਨੂੰ ਪਰ੍ਹੇ ਵਗ੍ਹਾ ਮਾਰਿਆ। ਪਟਿਆਲੇ ਵਾਲਾ ਜਿਹੜਾ ਨਵੀਂਆਂ ਪਜਾਮੀਆਂ ਸਵਾਈ ਫਿਰਦਾ ਸੀ ਕਿ ਰਾਜ ਤਖ਼ਤ ‘ਤੇ ਇਸ ਵਾਰ ਉਹਦੀ ਵਾਰੀ ਆ ਬੈਠਣ ਦੀ, ਸਭ ਧਰਿਆ-ਧਰਾਇਆ ਰਹਿ ਗਿਆ। ਉਂਜ ਤਾਂ ਬਾਦਲ ਪਿਉ-ਪੁੱਤ ਨੂੰ ਵੀ ਇਸ ਜਿੱਤ ‘ਤੇ ਹੈਰਾਨੀ ਹੋਈ ਹੋਣੀ ਹੈ, ਕਿਉਂਕਿ ਉਹ ਵੀ ਅੰਦਰੋਗਤੀ ਸਮਝੀ ਬੈਠੇ ਸੀ ਕਿ ਅਗਲੇ ਪੰਜ ਸਾਲ ਉਨ੍ਹਾਂ ਨੇ ਪਿਛਲੀ ਪੰਜ ਸਾਲਾਂ ਦੀ ਕੀਤੀ ਕਮਾਈ (ਲੁੱਟ) ਨੂੰ ਸਾਂਭਣ ‘ਤੇ ਹੀ ਲਾਉਂਦੇ ਹਾਂ ਪਰ ‘ਵਾਹ ਓ ਪੰਜਾਬੀਓ! ਕਿਆ ਬਾਤਾਂ ਤੁਹਾਡੀਆਂ, ਤੁਸੀਂ ਹੋਰ ਪੰਜ ਸਾਲ ਬਖ਼ਸ਼ ਦਿੱਤੇ ਇਸ ਕਮਾਈ ਨੂੰ ਹੋਰ ਵਧਾਉਣ ਲਈ।’ ਹੁਣ ਫਿਰ ਸੰਗਤ ਦਰਸ਼ਨਾਂ ਦੇ ਨਾਂ ਹੇਠ ਗਰਾਂਟਾਂ ਛਕੀਆਂ ਜਾਣਗੀਆਂ, ਸ਼ਿਵਦੁਆਲਿਆਂ ਤੇ ਗਊਸ਼ਾਲਾਵਾਂ ਨੂੰ ਦਾਨ ਦੇਣ ਹੇਠ, ਸਿਵਿਆਂ ਦੀਆਂ ਚਾਰ ਦੀਵਾਰੀਆਂ ਨੂੰ ਬਣਾਉਣ ਜਾਂ ਜਠੇਰਿਆਂ ਨੂੰ ਜਾਂਦੀਆਂ ਸੜਕਾਂ ਬਣਾਉਣ ਲਈ ਜਿਹਨੂੰ ਸ਼ਾਇਦ ਵਿਕਾਸ ਦਾ ਨਾਂ ਦੇ ਦਿੱਤਾ ਤੇ ਪੰਜਾਬੀਆਂ ਨੇ ਵੀ ਇਸੇ ਵਿਕਾਸ ਨੂੰ ਪ੍ਰਵਾਨ ਕਰਕੇ ਮੁੜ ਗੱਦੀ ਨਸ਼ੀਨੀ ਪੱਕੀ ਕਰ ਦਿੱਤਾ।
ਹਾਕਮਾਂ ਨੇ ਤੁਹਾਡੀ ‘ਸੇਵਾ’ ਦੀ ਸ਼ੁਰੂਆਤ ਕਰਨ ਲਈ ਜਗ੍ਹਾ ਵੀ ਉਹ ਚੁਣੀ (ਚੱਪੜਚਿੜੀ), ਜਿਥੇ ਖਾਲਸਾ ਪੰਥ ਨੇ ਬਾਬਾ ਬੰਦਾ ਸਿੰਘ ਦੀ ਕਮਾਨ ਹੇਠ ਆਜ਼ਾਦੀ ਦੀ ਪਹਿਲੀ ਲੜਾਈ ਅਤੇ ਜਿੱਤੀ। ਅਣਗਿਣਤ ਸਿੰਘ ਇਸ ਲੜਾਈ ਵਿਚ ਸ਼ਹੀਦ ਹੋਏ, ਬਾਬਾ ਬੰਦਾ ਸਿੰਘ ਦੇ ਆਪਣੇ ਸਰੀਰ ‘ਤੇ ਬੜੇ ਵੱਡੇ ਜ਼ਖ਼ਮ ਆਏ। ਫਿਰ ਕਿਤੇ ਜਾ ਕੇ ‘ਲੋਕ ਰਾਜ’ ਵਾਲਾ ‘ਰਾਜ’ ਬਾਬਾ ਜੀ ਨੇ ਸਥਾਪਤ ਕਰਕੇ ‘ਰਾਜ ਨਹੀਂ ਸੇਵਾ’ ਦਾ ਅਸਲੀ ਮਤਲਬ ਦਰਸਾਇਆ। ਹੁਣ ਜਿਨ੍ਹਾਂ ਨੇ 14 ਮਾਰਚ ਨੂੰ ਉਸੇ ਇਤਿਹਾਸਕ ਚੱਪੜਚਿੜੀ ‘ਤੇ ਸਹੁੰਆਂ ਖਾਧੀਆਂ, ਉਨ੍ਹਾਂ ਦੀ ਫਤਿਹ ਆਪਣਾ ਖੂਨ ਵਹਾ ਕੇ ਨਹੀਂ ਹੋਈ। ਉਸ ਫਤਿਹ ਦੀ ਪ੍ਰਾਪਤੀ ਹਜ਼ਾਰਾਂ ਟਰੱਕ ਸ਼ਰਾਬਾਂ ਦੀਆਂ ਬੋਤਲਾਂ, ਭੁੱਕੀ ਦੀਆਂ ਬੋਰੀਆਂ ਤੇ ਨੋਟਾਂ ਦੀ ਬਰਸਾਤ ਵਿਚੋਂ ਹੋਈ। ਹੁਣ ਪੰਜਾਬੀਓ, ਤੁਸੀਂ ਬਾਬਾ ਬੰਦਾ ਸਿੰਘ ਦੀ ਸੇਵਾ ਵਰਗੀ ਆਸ ਨਾ ਰੱਖਿਓ। ਉਸ ਮਹਾਨ ਸੂਰਬੀਰ ਯੋਧੇ ਨੂੰ ਅਤੇ ਉਹ ਦੀ ਸ਼ਹਾਦਤ ਨੂੰ ਸਿੱਖ ਕੌਮ ਤੇ ਹਰ ਕਿਰਤੀ ਦਾ ਲੱਖਾਂ ਵਾਰ ਸਲਾਮ ਹੈ। ਉਨ੍ਹਾਂ ਵਰਗਾ ਕਿਸੇ ਨੇ ਨਹੀਂ ਹੋ ਜਾਣਾ ਜਿਸ ਦੀਆਂ ਅੱਖਾਂ ਸਾਹਮਣੇ ਉਹਦੇ 6 ਸਾਲ ਦੇ ਪੁੱਤ ਨੂੰ ਚੀਰ ਕੇ ਉਸ ਦਾ ਤੜਫਦਾ ਦਿਲ ਉਹਦੇ ਮੂੰਹ ਵਿਚ ਤੁੰਨ੍ਹਿਆ ਪਰ ਗੁਰੂ ਦਾ ਸਿੱਖ ਨਾ ਡੋਲਿਆ ਤੇ ਨਾ ਸਰਕਾਰ ਨਾਲ ਕੋਈ ਸਮਝੌਤਾ ਕੀਤਾ। ਜਿਥੇ ਬਾਬਾ ਜੀ ਨੇ ਪੁੱਤਰ ਦੀ ਸ਼ਹਾਦਤ ਪ੍ਰਵਾਨ ਕਰ ਲਈ ਸੀ, ਉਥੇ ਹੁਣ ਪੁੱਤਰ ਨੂੰ ਡਿਪਟੀ ਮੁੱਖ ਮੰਤਰੀ ਬਣਾ ਦਿੱਤਾ। ਜ਼ਮੀਨ-ਅਸਮਾਨ ਜਿੰਨਾ ਫਰਕ!
ਇਨ੍ਹਾਂ ਚੋਣਾਂ ਵਿਚ ਬੜੇ ਜ਼ੋਰ-ਸ਼ੋਰ ਨਾਲ ਪ੍ਰਚਾਰ ਕੀਤਾ ਕਿ ਪੰਜਾਬ ਵਿਚ ਵਿਕਾਸ ਦੀ ਨ੍ਹੇਰੀ ਲਿਆ ਦਿੱਤੀ। ਪੰਜਾਬ ਖੇਤੀ ਵਾਲਾ ਸੂਬਾ ਹੈ, ਇਸ ਕਰਕੇ ਜ਼ਿਆਦਾ ਗਿਣਤੀ ਕਿਸਾਨਾਂ ਦੀ ਹੈ ਤੇ ਹਰ ਕਿਸਾਨ ਸਿਰ ਪਿਛਲੇ ਪੰਜ ਸਾਲਾਂ ਵਿਚ ਕਰਜ਼ੇ ਦੀ ਪੰਡ ਦੁੱਗਣੀ ਹੋਈ ਤੇ ਕਈ ਤਾਂ ਜ਼ਮੀਨ ਵਾਲੇ ਬੇਜ਼ਮੀਨੇ ਬਣ ਗਏ। ਇਸ ਵਿਕਾਸ ਨੇ ਜ਼ਿੰਦਗੀ ਦੇ ਚਾਲੀਵੇਂ ਸਾਲ ਵਿਚ ਹੀ ਚੰਗੇ-ਨਰੋਏ ਬੰਦੇ ਨੂੰ ਬੁੱਢਾ ਬਣਾ ਕੇ ਰੱਖ ਦਿੱਤਾ। ਕੀ ਕਦੇ ਖ਼ੁਸ਼ਹਾਲੀ ਵਿਚ ਵੀ ਕੋਈ ਰੱਸਾ ਚੁੱਕੀ ਫਿਰਦਾ ਹੈ ਫਾਹਾ ਲੈਣ ਨੂੰ? ਪਰ ਪੰਜਾਬੀਆਂ ਨੇ ਵੋਟਾਂ ਪਾ ਕੇ ਇਸ ਗੱਲ ‘ਤੇ ਮੋਹਰ ਲਾ ਦਿੱਤੀ ਕਿ ਵਿਕਾਸ ਤਾਂ ਹੋਇਆ ਹੀ ਹੋਣਾ ਹੈ, ਹੋਰ ਕਿਤੇ ਐਨਾ ਸਿਆਣਾ-ਬਿਆਣਾ ਬਜ਼ੁਰਗ ਬੰਦਾ ਜਿਹੜਾ ਚਾਰ ਵਾਰ ਮੁੱਖ ਮੰਤਰੀ ਬਣਿਆ ਹੋਵੇ, ਝੂਠ ਥੋੜ੍ਹਾ ਬੋਲ ਸਕਦਾ! ਨਾਲੇ ਉਹ ਤਾਂ ਸਾਰੇ ਸੰਤ-ਬਾਬਿਆਂ ਨੂੰ ਮੰਨਣ ਵਾਲਾ ਇਨਸਾਨ ਆ। ਸਾਰੇ ਸੰਤ-ਬਾਬੇ ਵੀ ਤਾਂ ਉਸ ਦੇ ਨਾਲ ਹਨ। ਪੰਜਾਬ ਦੇ ਸਾਰੇ ਲੋਕ ਕਿਸੇ ਨਾ ਕਿਸੇ ਸੰਤ ਦੇ ਸ਼ਰਧਾਲੂ ਹਨ ਤੇ ਫਿਰ ਸੰਤਾਂ ਦੇ ਬਚਨਾਂ ਨੂੰ ਤਾਂ ਸਿੱਖ ਰੱਬੀ ਫਰਮਾਨ ਸਮਝਦੇ ਆ। ਇਸ ਕਰਕੇ ਵਿਕਾਸ ਜ਼ਰੂਰ ਹੋਇਆ ਹੋਣਾ, ਜੇ ਸਾਨੂੰ ਨਹੀਂ ਦਿਸਦਾ ਤਾਂ ਸੰਤਾਂ ਦੀ ਗੈਬੀ ਤਾਕਤ ਜ਼ਰੂਰ ਦੇਖਦੀ ਹੋਣੀ।
ਹੁਣ ਤਾਂ ਇਸ ਬਾਰੇ ਜਾਣਕਾਰੀ ਸਾਂਝੀ ਕਰਨੀ ਬਣਦੀ ਹੈ ਤਾਂ ਕਿ ਅਗਲੇ ਪੰਜ ਸਾਲਾਂ ਦੀ ਪਿਕਚਰ ਜਿਹੜੀ ਵਿਕਾਸ ਨੇ ਲੈਣੀ ਹੈ, ਉਹਦਾ ਅੰਦਾਜ਼ਾ ਹੋ ਜਾਵੇ। ਜਿਹੜੀਆਂ ਗੱਲਾਂ ਜ਼ਿਆਦਾ ਅਹਿਮੀਅਤ ਵਾਲੀਆਂ ਹਨ, ਉਹ ਇਹ ਹਨ ਕਿ ਕਿਹਦੀਆਂ ਬੱਸਾਂ ਪੰਜਾਬ ‘ਚ ਚੱਲਦੀਆਂ, ਕਿਹਦੇ ਵੱਡੇ ਹੋਟਲ ਹੈਗੇ, ਖੱਡਾਂ ਦੇ ਰੇਤੇ ਦੇ ਠੇਕੇ ਕਿਹਨੂੰ ਮਿਲਦੇ ਆ? ਇਹ ਸਭ ਆਪਾਂ ਅਖ਼ਬਾਰਾਂ ਵਿਚ ਪੜ੍ਹਦੇ ਰਹੇ ਆਂ। ਮੈਂ ਆਪ ਤਕਰੀਬਨ 6-7 ਸਾਲਾਂ ਬਾਅਦ ਪਿੰਡ ਨੂੰ ਗਿਆ ਤਾਂ ਸਭ ਤੋਂ ਪਹਿਲਾਂ ਵਿਕਾਸ ਦੇ ਦਰਸ਼ਨ ਹੀ ਹੋਏ। ਪਿੰਡ ਦੇ ਬਾਹਰਵਾਰ ਲਿੰਕ ਸੜਕ ‘ਤੇ ਖੇਤਾਂ ਵਿਚ ਸ਼ਰਾਬ ਦਾ ਠੇਕਾ ਖੁੱਲ੍ਹਿਆ ਦਿੱਸਿਆ। ਤ੍ਰਿਕਾਲਾਂ ਨੂੰ ਉਥੇ ਮੇਲਾ ਜਿਹਾ ਹੀ ਲੱਗ ਜਾਣਾ। ਕਿਲਕਾਰੀਆਂ ਵੀ ਵੱਜਦੀਆਂ ਸੁਣਨੀਆਂ। ਕਿਲਕਾਰੀ ਐਵੇਂ ਥੋੜ੍ਹਾ ਵੱਜਦੀ ਆ, ਜਦੋਂ ਬੰਦਾ ਪੂਰਾ ਖ਼ੁਸ਼ਹਾਲ ਹੋਵੇ ਤਾਂ ਮੂੰਹੋਂ ਨਿਕਲਦੀ ਆ ਤੇ ਹੁਣ ਜਿਨ੍ਹਾਂ ਨੇ ਇਹ ਖ਼ੁਸ਼ਹਾਲੀ ਦੀ ਦਾਤ ਬਖ਼ਸ਼ੀ ਆ ਤਾਂ ਲੋਕਾਂ ਦਾ ਵੀ ਤਾਂ ਕੋਈ ਫ਼ਰਜ਼ ਬਣਦਾ ਸੀ। ਸੋ, ਵੋਟਾਂ ਪਾ ਦਿੱਤੀਆਂ, ਵਿਕਾਸ ਦੇ ਨਾਂ ‘ਤੇ। ਮੈਨੂੰ ਮੇਰੇ ਦੋਸਤ ਨੇ ਦੱਸਿਆ ਸੀ, ਉਸ ਸਾਲ ਇਸ ਠੇਕੇ ਦੀ ਨਿਲਾਮੀ ਜਿਸਦੇ ਨਾਂ ਟੁੱਟੀ ਸੀ, ਉਹ ਬਜ਼ੁਰਗ ਸੰਤਾਂ ਦੇ ਨੇੜਲੇ ਰਿਸ਼ਤੇਦਾਰ ਦੇ ਨਾਂ ਸੀ ਤੇ ਉਸ ਨੇ ਇਹ ਵੀ ਦੱਸਿਆ ਕਿ ਇਸ ਠੇਕੇ ‘ਤੇ ਸ਼ਰਾਬ ਦੀ ਵਿਕਰੀ ਬਹੁਤ ਹੁੰਦੀ ਹੈ। ਇਸੇ ਤਰ੍ਹਾਂ ਪਿੰਡ ਦੇ ਦੂਜੇ ਪਾਸੇ ਵੀ ਇਕ ਹੋਰ ਠੇਕਾ ਖੁੱਲ੍ਹਿਆ ਸੀ ਤੇ ਜਿਸ ਪਿੰਡ ਵਿਚ 5-6 ਸਾਲਾਂ ਵਿਚ ਸ਼ਰਾਬ ਦੇ ਦੋ-ਦੋ ਠੇਕੇ ਖੁੱਲ੍ਹ ਜਾਣ, ਉਹ ਤਾਂ ਤਰੱਕੀ ਕਰੂਗਾ ਈ ਕਰੂਗਾ!
ਇਕ ਗੱਲ ਹੋਰ। ਮੈਂ ਪਿੰਡ ਛੱਡ ਕੇ ਜਹਾਜ਼ੇ ਚੜ੍ਹਿਆ ਸੀ ਤਾਂ ਉਸ ਸਮੇਂ ਸਾਡੇ ਪਿੰਡਾਂ ਨੂੰ ਜਿਹੜਾ ਸ਼ਹਿਰ ਲੱਗਦਾ ਸੀ, ਉਹਦੇ ਦੁਆਲੇ ਦੋ ਮੈਰਿਜ ਪੈਲੇਸ ਹੁੰਦੇ ਸੀ। ਹੁਣ ਸ਼ਹਿਰ ਦੇ ਆਲੇ-ਦੁਆਲੇ ਦੀਆਂ ਸਭ ਸੜਕਾਂ ‘ਤੇ ਬੜੇ ਆਲੀਸ਼ਾਨ ਮੈਰਿਜ ਪੈਲੇਸ ਦਿਸੇ। ਸ਼ਹਿਰ ਕੀ, ਮੈਰਿਜ ਪੈਲੇਸ ਪਿੰਡਾਂ ਵਿਚ ਬਣੇ ਹੋਏ ਆ ਤੇ ਉਦੋਂ ਉਨ੍ਹਾਂ ਦੀ ਗਿਣਤੀ ਸ਼ਾਇਦ 9 ਦੱਸੀ ਸੀ। ਹੁਣ ਹੋਰ ਵੀ ਵਧ ਗਈ ਹੋਣੀ। ਇਹ ਮੈਰਿਜ ਪੈਲੇਸ ਕਿਹੜੇ ਵਿਕਾਸ ਵੱਲ ਉਂਗਲ ਕਰ ਰਹੇ ਆ? ਪਿੰਡਾਂ ਵਾਲੇ ਜ਼ਮੀਨਾਂ ਵੇਚ ਕੇ ਝੂਠੀ ਸ਼ੁਹਰਤ ਲਈ ਇਨ੍ਹਾਂ ਪੈਲੇਸਾਂ ਵਿਚ ਵਿਆਹਾਂ ਤੇ ਸ਼ਰਾਬਾਂ-ਕਬਾਬਾਂ ਦੀਆਂ ਹੁੱਲਰੀਆਂ ਕਿਹੜੀ ਖ਼ੁਸ਼ੀ ਵਿਚ ਉਡਾਈ ਜਾਂਦੇ ਆ? ਵਿਆਹ ਵਰਗੇ ਪਵਿੱਤਰ ਰਿਸ਼ਤੇ ਨੂੰ ਵੀ ਇਨ੍ਹਾਂ ਬਿਲਡਿੰਗਾਂ ਵਿਚ ਲੀਰੋ-ਲੀਰ ਕੀਤਾ ਜਾਂਦਾ ਹੈ। ਦਲਾਲ ਝੂਠੇ ਵਿਆਹਾਂ ਨੂੰ ਅੰਜ਼ਾਮ ਇਥੋਂ ਹੀ ਦਿੰਦੇ ਆ। ਪੰਜਾਬ ਦਾ ਮਾਹੌਲ ਹੀ ਇਹੋ ਜਿਹਾ ਬਣਾ ਦਿੱਤਾ ਕਿ ਹੁਣ ਕੋਈ ਸੋਚਦਾ ਹੀ ਨਹੀਂ ਕਿ ਘਰ ਵਿਆਹ ਕਰ ਲਈਏ।
ਪੰਜਾਬ ਵਿਚ ਨਸ਼ਿਆਂ ਦੀ ਵਰਤੋਂ ਕੋਈ ਨਵੀਂ ਨਹੀਂ ਹੋਈ। ਇਹ ਪਹਿਲਾਂ ਵੀ ਸੀ, ਬੱਸ ਇਕ-ਦੋ ਕੁ ਗਿਣੇ-ਚੁਣੇ ਨਸ਼ਿਆਂ ਦਾ ਨਾਂ ਸੁਣੀਂਦਾ ਸੀ। ਡੋਡੇ ਜਾਂ ਫੀਮ, ਕੁਝ ਲੋਕ ਨਸ਼ਵਾਰ ਵੀ ਸੁੰਘਦੇ ਸੀ। ਪਤਾ ਨਹੀਂ ਉਹ ਨਸ਼ਾ ਸੀ ਜਾਂ ਭੁਸ। ਹੁਣ ਜਿਹੜੇ ਨਸ਼ੇ ਆ, ਇਨ੍ਹਾਂ ਦੇ ਤਾਂ ਨਾਵਾਂ ਦਾ ਵੀ ਪਤਾ ਨਹੀਂ। ਸਰੀਰ ਗਾਲ ਕੇ ਰੱਖ ਦਿੱਤੇ ਮੁੰਡਿਆਂ ਦੇ। ਗੱਲੀਂਬਾਤੀਂ ਸਾਰੇ ਬੜੇ ਫਿਰਕਮੰਦ ਆ। ਇਸ ਪਾਸੇ ਪਿਛਲੇ ਪੰਜਾਂ ਸਾਲਾਂ ਵਿਚ ਪੰਥਕ ਸਰਕਾਰ ਦੀ ਨਿਗ੍ਹਾ ਬੜੀ ਸਵੱਲੀ ਹੋਈ ਆ। ਬੜਾ ਵਿਕਾਸ ਕੀਤਾ। ਤਕਰੀਬਨ ਹਰ ਵੱਡੇ ਸਰਕਾਰੀ ਹਸਪਤਾਲ ਵਿਚ ਨਸ਼ਾ ਪੀੜਿਤਾਂ ਲਈ ਨਵਾਂ ਵਾਰਡ ਖੋਲ੍ਹਿਆ ਗਿਆ ਹੈ। ਕਿੰਨੇ ਹੀ ਨਵੇਂ ਨਸ਼ਾ ਛੁਡਾਊ ਕੇਂਦਰ ਖੋਲ੍ਹੇ ਜਾ ਰਹੇ ਆ। ਕਈ ਡੇਰੇਦਾਰ ਸੰਤਾਂ ਨੇ ਵੀ ਇਸ ਪਰਉਪਕਾਰੀ ਕੰਮ ਵਿਚ ਬਹੁਤ ਯੋਗਦਾਨ ਪਾਇਆ। ਲੋਕੀਂ ਅਸੀਸਾਂ ਦਿੰਦੇ ਨ੍ਹੀਂ ਥੱਕਦੇ ਪਰ ਅਕਲ ਦੇ ਅੰਨ੍ਹਿਆਂ ਨੂੰ ਮੱਤ ਕੌਣ ਦੇਵੇ ਕਿ ਇਹ ਨਸ਼ੇ ਪੰਜਾਬ ਦੇ ਖੇਤਾਂ ‘ਚ ਪੈਦਾ ਨਹੀਂ ਹੋਏ, ਇਹਨੂੰ ਇਥੇ ਲਿਆਉਣ ਵਾਲੇ ਹੋਰ ਕੋਈ ਨਹੀਂ, ਆਹ ਵਿਕਾਸ ਦੀ ਨ੍ਹੇਰੀ ਲਿਆਉਣ ਵਾਲੇ ਹੀ ਤਾਂ ਹਨ। ਕਨਸੋਆਂ ਤਾਂ ਇਹ ਵੀ ਮਿਲਦੀਆਂ ਕਿ ਅੱਜ ਸਭ ਤੋਂ ਵੱਡਾ ਨਸ਼ਿਆਂ ਦਾ ਸਮਗਲਿੰਗ ਸੈਂਟਰ ਪੰਜਾਬ ਹੈ ਤੇ ਇਸ ਵਿਚ ‘ਵਿਕਾਸ’ ਵਾਲਿਆਂ ਦੀ ਸ਼ਹਿ ਜਾਂ ਭਾਈਵਾਲੀ ਵੀ ਹੈ।
ਬੜੀ ਹੈਰਾਨੀ ਹੁੰਦੀ ਹੈ ਉਨ੍ਹਾਂ ਸੰਤਾਂ-ਬਾਬਿਆਂ ‘ਤੇ ਜਿਹੜੇ ਝਿਲਮਿਲੇ ਕੱਪੜੇ ਪਾ ਕੇ ਮਹੀਨੇ ਛੇ ਨਹੀਂ ਪੈਣ ਦਿੰਦੇ, ਢੋਲਕੀਆਂ-ਛੈਣੇ ਚੁੱਕ ਕੇ ਜਹਾਜ਼ੇ ਚੜ੍ਹ ਡਾਲਰ-ਪੌਂਡ ਵਾਲੇ ਮੁਲਕਾਂ ਦੇ ਟੂਰ ‘ਤੇ ਚੜ੍ਹ ਪੈਂਦੇ ਤੇ ਬੜੀ ਦੁਹਾਈ ਦਿੰਦੇ ਆ ਗੁਰਦੁਆਰਿਆਂ ਵਿਚ ਕਿ ਸਿੱਖੋ, ਪੰਜਾਬ ਵਿਚ ਛੇਵਾਂ ਦਰਿਆ ਹੁਣ ਨਸ਼ਿਆਂ ਦਾ ਵਗਦਾ ਹੈ ਜਿਹੜਾ ਸਿੱਖ ਜਵਾਨੀ ਨੂੰ ਨਿਗਲ ਰਿਹਾ ਹੈ, ਤੁਸੀਂ ਕੁਝ ਕਰੋ। ਦੇਖੋ, ਚਾਲਬਾਜ਼ੀਆਂ ਕਿੱਦਾਂ ਦੀਆਂ ਕਰਦੇ ਆ? ਕੋਈ ਇਨ੍ਹਾਂ ਨੂੰ ਪੁੱਛੇ ਕਿ ਇਹ ਛੇਵਾਂ ਦਰਿਆ ਹਿਮਾਲਾ ਪਰਬਤ ਵਿਚੋਂ ਤਾਂ ਨਿਕਲ ਕੇ ਆਇਆ ਨਹੀਂ ਕਿ ਬੰਨ੍ਹ ਨਹੀਂ ਹੁੰਦਾ। ਇਹ ਤਾਂ ਸਗੋਂ ਲਹਿੰਦੇ ਤੋਂ ਚੜ੍ਹਦੇ ਨੂੰ ਵਿਕਾਸ ਵਾਲਿਆਂ ਦੀ ਤਾਕਤ ਨਾਲ ਵੱਗਦਾ, ਕਿਉਂ ਨ੍ਹੀਂ ਉਨ੍ਹਾਂ ਨੂੰ ਫਿਟਕਾਰਦੇ।
ਵਿਕਾਸ ਦਾ ਇਕ ਹੋਰ ਨਮੂਨਾ ਜੋ ਸਾਡੇ ਪਿੰਡ ਪਿਛਲੇ ਪੰਜ ਸਾਲਾਂ ਤੋਂ ਚੱਲ ਰਿਹਾ ਹੈ, ਉਹ ਵੀ ਦੱਸ ਦਿਆਂ। ਬਿਜਲੀ ਦੀ ਹਾਲਤ ਤਾਂ ਜਿੱਦਾਂ ਦੀ ਸਾਰੇ ਪੰਜਾਬ ਹੁੰਦੀ ਹੈ, ਉਹ ਬਾਹਰ ਬੈਠਿਆਂ ਨੂੰ ਪਤਾ ਲੱਗਦਾ ਰਹਿੰਦਾ ਹੈ। ਸਾਡੇ ਪਿੰਡ ਦਾ ਹਾਲ ਵੀ ਇਸ ਪੱਖੋਂ ਬਹੁਤ ਮਾੜਾ ਹੈ। ਪਿਛਲੀ ਵਾਰੀ ਜਦੋਂ ਨਵੀਂ ਸਰਕਾਰ ਬਣੀ ਤਾਂ ਸਾਡੇ ਇਲਾਕੇ ਦਾ ਐਮ.ਐਲ਼ਏ. ਸਾਡੇ ਪਿੰਡ ‘ਤੇ ਥੋੜ੍ਹਾ ਦਿਆਲ ਹੋ ਗਿਆ, ਕਿਉਂਕਿ ਤਿੰਨ ਵਾਰੀ ਲਗਾਤਾਰ ਜਿੱਤਦਾ ਜੁ ਰਿਹਾ ਸੀ। ਨਾਲੇ ਅਸੀਂ ਪਿੰਡ ਵਾਲੇ ਪੰਥਕ ਸਰਕਾਰ ਦੀ ਹਾਮੀ ਭਰਨ ਵਾਲੇ ਹਾਂ। ਉਸਨੇ ਕਿਹਾ, “ਜੇ ਤੁਸੀਂ ਪਿੰਡ ਵਾਲੇ ਲੋੜੀਂਦੀ ਜ਼ਮੀਨ ਦੇ ਦਿਉ ਤਾਂ ਕੁਝ ਰਕਮ, ਸ਼ਾਇਦ ਢਾਈ ਜਾਂ ਤਿੰਨ ਲੱਖ, ਬਿਜਲੀ ਬੋਰਡ ਕੋਲ ਜਮ੍ਹਾਂ ਕਰਵਾ ਦਿਓ, ਤੁਹਾਡੇ ਪਿੰਡਾਂ ਲਈ ਵੱਖਰਾ 33 ਕੇ. ਵੀ. ਸਟੇਸ਼ਨ ਚਲਾ ਦੇਵਾਂਗੇ ਜਿਸ ਨਾਲ ਟਿਊਬਵੈੱਲਾਂ ਨੂੰ ਘੱਟੋ-ਘੱਟ 12 ਘੰਟੇ ਤੇ ਘਰਾਂ ਲਈ ਤਾਂ 24 ਘੰਟੇ ਬਿਜਲੀ ਮਿਲੇਗੀ। ਪਿੰਡ ਦੇ ਉਦਮੀਆਂ ਨੇ ਪੈਸੇ ਇਕੱਠੇ ਕਰਕੇ ਜਮ੍ਹਾਂ ਕਰਵਾ ਦਿੱਤੇ ਤੇ ਪੰਜ ਕਨਾਲ ਜ਼ਮੀਨ ਵੀ ਦੇ ਦਿੱਤੀ। ਇਹ ਸਾਲ 2007 ਦੀ ਹੀ ਗੱਲ ਹੈ, ਕੰਮ ਵੀ ਉਥੇ ਬੜੀ ਛੇਤੀ ਸ਼ੁਰੂ ਕਰ ਦਿੱਤਾ। ਹੁਣ ਆਲੇ-ਦੁਆਲੇ ਦੇ ਪਿੰਡਾਂ ਨੂੰ ਜਾਣ ਵਾਲੀਆਂ ਵੱਡੇ ਖੰਭਿਆਂ ਵਾਲੀਆਂ ਲਾਈਨਾਂ ਵੀ ਗੱਡੀਆਂ ਨੂੰ 3-4 ਸਾਲ ਹੋ ਗਏ। ਗੱਲ ਇਸ ਤੋਂ ਅੱਗੇ ਨਹੀਂ ਤੁਰੀ!
ਚਲੋ, ਵਿਕਾਸ ਦੀ ਗੱਲ ਛੱਡੀਏ। ਇਨ੍ਹਾਂ ਚੋਣਾਂ ‘ਚ ਵੀ ਕੋਈ ਵੱਖਰੀ ਗੱਲ ਨਹੀਂ ਹੋਈ। ਇਹ ਜਿੱਤਣ ਹਾਰਨ ਵਾਲੀਆਂ ਗੱਲਾਂ ਤਾਂ ਸਾਡੀਆਂ ਆਮ ਲੋਕਾਂ ਦੇ ਕਰਨ ਲਈ ਆ। ਨਾ ਤਾਂ ਅਕਾਲੀ ਜਿੱਤੇ ਆ ਤੇ ਨਾ ਹੀ ਕਾਂਰਗਸ ਹਾਰੀ। ਜਿੱਦਾਂ ਅੱਗੇ ਹੁੰਦਾ ਉਦਾਂ ਹੀ ਇਸ ਵਾਰੀ ਵੀ ਜਿੱਤ ਤਾਂ ‘ਚਾਣਕੀਯ ਨੀਤੀ’ ਦੀ ਹੋਈ ਤੇ ਹਾਰਿਆ ਪੰਜਾਬ। ਦਰਅਸਲ, ਪੰਜਬ ਨੂੰ ਹਾਰਨ ਦੀ ਮਾਰ (ਮਹਾਰਾਜਾ) ਰਣਜੀਤ ਸਿੰਘ ਨੇ ਹੀ ਪਾ ਦਿੱਤੀ ਸੀ, ਜਦੋਂ ਖਾਲਸਾ ਸਰਕਾਰ ਦਾ ਸਾਰਾ ਪ੍ਰਬੰਧ ਡੋਗਰਿਆਂ ਤੇ ਮਿਸਰਿਆਂ ‘ਤੇ ਛੱਡ ਦਿੱਤਾ। ਬੱਸ ਉਸ ਤੋਂ ਬਾਅਦ ਪੰਜਾਬ ਕਦੇ ਵੀ ਖੜ੍ਹਨ ਜੋਗਾ ਨਹੀਂ ਛੱਡਿਆ। 1947 ਵਿਚ ਹਿੰਦੋਸਤਾਨ ਤਾਂ ਆਜ਼ਾਦੀ ਦੇ ਜਸ਼ਨ ਮਨਾਉਣ ਲੱਗ ਪਿਆ, ਪਰ ਪੰਜਾਬ ਲੱਖਾਂ ਪੰਜਾਬੀਆਂ ਦੀਆਂ ਲਾਸ਼ਾਂ ਸੰਭਾਲਣ ਵਿਚ ਲੱਗਾ ਹੋਇਆ ਸੀ। ਪੰਜਾਬ ਲਈ ਕਾਹਦੀ ਆਜ਼ਾਦੀ ਸੀ, ਘਰੋਂ-ਬੇਘਰ ਕਰਕੇ ਰੱਖ ਦਿੱਤੇ ਸੀ। ਫਿਰ ਤਾਂ ਨਹਿਰੂ-ਗਾਂਧੀਆਂ ਦੀਆਂ ਚਾਲਾਂ ਨੇ ਪੰਜਾਬ ਬੁਰੀ ਤਰ੍ਹਾਂ ਝੰਬ ਸੁੱਟਿਆ। ਭਲਾ ਕੋਈ ਰਾਜਧਾਨੀ ਅਤੇ ਆਪਣੀ ਹੀ ਜ਼ਮੀਨ ‘ਤੇ ਵਗਦੇ ਦਰਿਆਵਾਂ ਤੋਂ ਸੱਖਣਾ ਕਰਕੇ ਵੀ ਹੋਰ ਸੂਬਾ ਬਣਾਇਆ ਹਿੰਦੋਸਤਾਨ ਦੀ ਸਰਕਾਰ ਨੇ ਸਿਵਾਏ ਪੰਜਾਬ ਦੇ?
ਸੱਚ ਪੁੱਛੋ ਤਾਂ ਪੰਜਾਬ ਉਸ ਖ਼ੁਸ਼ਹਾਲੀ ‘ਚੋਂ ਵੀ ਹਾਰਿਆ ਸਾਬਤ ਹੋਇਆ ਜਿਹੜੀ ਹਰੇ ਇਨਕਲਾਬ ਨੇ ਲਿਆਂਦੀ। ਭੋਲੇ ਸੀ ਆਪਾਂ। ‘ਜੈ ਜਵਾਨ ਜੈ ਕਿਸਾਨ’ ਦੇ ਨਾਅਰਿਆਂ ਦਾ ਬੜਾ ਚਾਅ ਚੜ੍ਹਿਆ ਸੀ ਸਾਨੂੰ। ਟਰਾਲੀਆਂ ਪਿੱਛੇ ਇਹ ਨਾਅਰਾ ਕਿੰਨਾ ‘ਹਿੱਟ’ ਹੋਇਆ। ਇਨ੍ਹਾਂ ਨਾਅਰੇ ਵਾਲਿਆਂ ਨੇ ਚੂਪ ਕੇ ਗੁਟੀ ਵਾਂਗ ਢੇਰ ‘ਤੇ ਸੁੱਟ ਦਿੱਤਾ। ਆਹ ਕਰਜ਼ੇ ਦੀਆਂ ਨਾ ਲਹਿਣ ਵਾਲੀਆਂ ਪੰਡਾਂ, ਖੁਦਕੁਸ਼ੀਆਂ, ਪਾਣੀ ਤੋਂ ਬਗੈਰ ਬੰਜਰ ਬਣ ਰਹੀ ਜ਼ਮੀਨ, ਜ਼ਮੀਨ ਹੇਠਲਾ ਜ਼ਹਿਰੀਲਾ ਪਾਣੀ, ਲਾ-ਇਲਾਜ ਕੈਂਸਰ ਵਰਗੀ ਬਿਮਾਰੀ, ਨਿੱਤ ਦਿਨ ਬੇ-ਜ਼ਮੀਨੇ ਹੋ ਰਹੇ ਕਿਸਾਨ ਅਤੇ ਹੋਰ ਬੜਾ ਕੁਝ ਇਸ ਖ਼ੁਸ਼ਹਾਲੀ ਨੇ ਦਿੱਤਾ। ਹੈਰਾਨੀ ਨਹੀਂ ਹੁੰਦੀ ਕਿ ਅੰਨਦਾਤਾ ਕਹਾਉਣ ਵਾਲਾ ਹੁਣ ਦਾਲ-ਰੋਟੀ ਮੰਗਣ ‘ਤੇ ਆ ਗਿਆ ਹੈ। ਅਸੀਂ ਆਪਣੇ-ਆਪ ਨੂੰ ਲੱਖ ਅਕਲਮੰਦ ਕਹੀਏ ਪਰ ਸਾਡੇ ਨਾਲੋਂ ਛਤੀਸਗੜ੍ਹ ਦੇ ਜੰਗਲੀ ਆਦਿਵਾਸੀ ਹਜ਼ਾਰ ਗੁਣਾ ਸੂਝਵਾਨ ਹਨ ਜਿਨ੍ਹਾਂ ਨੇ ਆਪਣੇ ਕੁਦਰਤੀ ਸਾਧਨ ਬਚਾਉਣ ਖਾਤਰ ਸਰਕਾਰ ਖਿਲਾਫ ਹਥਿਆਰਬੰਦ ਘੋਲ ਵਿੱਢਿਆ ਹੋਇਆ ਹੈ। ਜਿੱਤ ਦੇ ਨੇੜੇ ਪੁੱਜਿਆ ਪੰਜਾਬ 1984 ਵਿਚ ਬੁਰੀ ਤਰ੍ਹਾਂ ਹਾਰ ਗਿਆ ਜਿਸ ਦਾ ਸਬੱਬ ਵੀ ਘਰ ਦੇ ਭੇਤੀ ਜ਼ਿਆਦਾ ਨਿਕਲੇ। ਸਿੱਖਾਂ ਨੂੰ ਅੱਜ ਵੀ ਰੋਹ ਹੈ ਉਨ੍ਹਾਂ ਪੁਲਿਸ ਅਫ਼ਸਰਾਂ ‘ਤੇ ਜਿਨ੍ਹਾਂ ਨੇ ਜਵਾਨ ਮੁੰਡਿਆਂ ਨੂੰ ਝੂਠੇ ਮੁਕਾਬਲੇ ਬਣਾ ਕੇ ਮਾਰਿਆ। ਫਿਰ ਕਿਹੜੀ ਮਜਬੂਰੀ ਹੋਈ ਪੰਥਕ ਕਹਾਉਣ ਵਾਲੀ ਪਾਰਟੀ ਦੀ ਕਿ ਉਨ੍ਹਾਂ ਨੂੰ ਵਿਧਾਨ ਸਭਾ ਦੀਆਂ ਟਿਕਟਾਂ ਦੇ ਕੇ ਨਿਵਾਜਿਆ? ਕਿਹੜੇ ਮੂੰਹ ਨਾਲ ਇਹ ਪੰਥਕ ਆਗੂ ਦੂਜੀ ਪਾਰਟੀ ਨੂੰ ਕਹੀ ਜਾਂਦੇ ਕਿ ਤੁਸੀਂ ਦਿੱਲੀ ਕਤਲੇਆਮ ਕਰਨ ਵਾਲਿਆਂ ਨੂੰ ਕਿਉਂ ਵਜ਼ੀਰੀਆਂ ਦਿੱਤੀਆਂ? ਇਹੋ ਜਿਹਾ ਦੋਗਲਾ ਕਿਰਦਾਰ ਪੰਜਾਬ ਨੂੰ ਸਦਾ ਹਾਰ ਹੀ ਦਿਵਾਏਗਾ।
ਰਤਾ ਕੁ ਵਿਸਥਾਰ ਨਾਲ ਗੱਲ ਕਰਨੀ ਬਣਦੀ ਹੈ ਉਸ ਚਾਣਕੀਯ ਨੀਤੀ ਦੀ, ਜਿਹੜੀ ਪੰਜਾਬ ਵਿਚ ਲਗਾਤਾਰ ਜਿੱਤੀ ਜਾਂਦੀ ਹੈ। ਇਸ ਨੀਤੀ ਨੇ ਕਸ਼ਮੀਰ ‘ਚ ਅਬਦੁੱਲਿਆ ਦਾ ਟੱਬਰ ਲੱਭਿਆ ਅਤੇ ਪੰਜਾਬ ਵਿਚ ਬਾਦਲਾਂ ਦਾ। ਪੰਜਾਬ ਲਈ ਚਾਣਕੀਯ ਨੀਤੀ ਇਹੋ ਚਾਹੁੰਦੀ ਕਿ ਜਿਹੜਾ ਆਗੂ ਗੱਲਾਂ ਸਿੱਖੀ ਦੀਆਂ ਕਰੇ, ਪੰਜਾਬ ਨਾਲ ਹੁੰਦੇ ਵਿਤਕਰੇ ਦੀਆਂ ਕਰੇ ਪਰ ਹਕੀਕੀ ਪੱਧਰ ‘ਤੇ ਉਲਟ ਹੋਵੇ, ਉਹ ਉਸਦਾ ਪੁਰਜ਼ਾ ਹੈ। ਕੈਪਟਨ ਅਮਰਿੰਦਰ ਸਿੰਘ ਇਸ ਚਾਣਕੀਯ ਨੀਤੀ ਨੂੰ ਪ੍ਰਵਾਨ ਕਿੱਦਾਂ ਹੋ ਸਕਦਾ ਜਿਹੜਾ ਚੁੱਪ-ਚੁਪੀਤੇ ਦਰਿਆਈ ਪਾਣੀਆਂ ਦਾ ਮੁੱਦਾ ਵਿਧਾਨ ਸਭਾ ‘ਚ ਪਾਸ ਕਰਵਾ ਦੇਵੇ। ਇਸ ਨੀਤੀ ਨੇ ਤਾਂ ਉਸੇ ਦਿਨ ਤੋਂ ਉਹਦੇ ਨਾਂ ‘ਤੇ ਕਾਟਾ ਮਾਰ ਦਿੱਤਾ ਹੋਇਆ। ਸਿੱਖ ਸਿਰਫ਼ ਕੈਪਟਨ ਦਾ ਮੁੱਖ ਮੰਤਰੀ ਬਣਨਾ ਲੋਚਦੇ ਸੀ ਕਿਉਂਕਿ ਉਸ ਵਿਚ ਲੋਕਾਂ ਨੂੰ ਪੰਜਾਬ ਲਈ ਕੁਝ ਕਰਨ ਦੀ ਹਿੰਮਤ ਲਗਦੀ ਸੀ। ਸੱਚੀ ਗੱਲ ਤਾਂ ਇਹ ਹੈ ਕਿ ਸਿੱਖਾਂ ਨੂੰ ਅਕਾਲੀ ਪਾਰਟੀ ਦਾ ਹਾਰਨਾ ਵੀ ਬਰਦਾਸ਼ਤ ਨਹੀਂ ਹੁੰਦਾ, ਕਿਉਂਕਿ ਇਹ ਤਕਰੀਬਨ ਇਕ ਸਦੀ ਤੋਂ ਪੁਸ਼ਤ-ਦਰ-ਪੁਸ਼ਤ ਇਸ ਪਾਰਟੀ ਨਾਲ ਜੁੜੇ ਹੋਏ ਹਨ ਪਰ ਹੁਣ ਦੁੱਖ ਉਦੋਂ ਵੀ ਬੜਾ ਹੁੰਦਾ ਹੈ ਜਦੋਂ ਪੰਜਾਬ ਵਿਚ ਡੰਕਾ ਸਿਰਫ਼ ਬਾਦਲਾਂ-ਮਜੀਠਿਆਂ ਦਾ ਹੀ ਵੱਜਣ ਲੱਗ ਪਿਆ ਅਤੇ ਇਹ ਜਿੱਤ ਵੀ ਹਜ਼ਮ ਕਰਨੀ ਔਖੀ ਹੋਈ ਪਈ ਆ।
ਇਥੇ ਥੋੜ੍ਹੀ ਜਿਹੀ ਗੱਲ ਚਾਣਕੀਯ ਜਾਂ ਚਾਣਕੀਯ ਨੀਤੀ ਬਾਰੇ ਵੀ ਕਰ ਲਈਏ। ਚਾਣਕੀਯ ਬਹੁਤ ਪੜ੍ਹਿਆ-ਲਿਖਿਆ ਬ੍ਰਾਹਮਣ ਸੀ। ਅੱਜ ਤੋਂ ਕੋਈ 2300 ਸਾਲ ਪਹਿਲਾਂ ਉਸ ਵੇਲੇ ਏਸ਼ੀਆ ਦੀ ਸਭ ਤੋਂ ਵੱਡੀ ਯੂਨੀਵਰਸਿਟੀ ‘ਤਕਸ਼ਿਲਾ’ ਹੋਈ ਹੈ ਤੇ ਇਸੇ ਯੂਨੀਵਰਸਿਟੀ ਵਿਚ ਉਹ ਪੜ੍ਹਾਉਂਦਾ ਵੀ ਰਿਹਾ। ਉਸ ਵੇਲੇ ਭਾਰਤ ਦੇ ਪਾਟਲੀਪੁੱਤਰ ਵਿਚ ਨੰਦਾ ਖਾਨਦਾਨ ਦੇ ਰਾਜੇ ਰਾਜ ਕਰਦੇ ਸਨ ਤੇ ਚਾਣਕੀਯ ਉਸ ਦੀ ਸਰਕਾਰ ਵਿਚ ਉਚ ਅਹੁਦੇ ‘ਤੇ ਸੀ, ਪਰ ਕਿਸੇ ਕਾਰਨ ਇਸ ਦੀ ਰਾਜੇ ਨਾਲ ਅਣਬਣ ਹੋ ਗਈ ਤੇ ਇਹਨੇ ਚੰਦਰਗੁਪਤ ਮੋਰੀਆ ਨਾਲ ਰਲ ਕੇ ਨੰਦਾ ਖਾਨਦਾਨ ਦਾ ਖਾਤਮਾ ਕਰ ਦਿੱਤਾ। ਇਸ ਕੰਮ ਲਈ ਇਸਨੇ ਉਸਦੇ ਸਭ ਤੋਂ ਵੱਡਾ ਵਜ਼ੀਰ ਖਰੀਦਿਆ। ਚਾਣਕੀਯਾ ਨੇ ਇਕ ਕਿਤਾਬ ‘ਅਰਥ ਸ਼ਾਸਤਰ’ ਲਿਖੀ ਹੋਈ ਹੈ ਜਿਸ ਵਿਚ ਉਸ ਦਾ ਨੀਤੀਸ਼ਾਸਤਰ ਵੀ ਹੈ। ਇਸ ਨੀਤੀ ਮੁਤਾਬਕ ਸਿਰਫ਼ ਨਤੀਜਾ ਦੇਖੋ, ਉਹ ਨਤੀਜਾ ਪ੍ਰਾਪਤ ਕਰਨ ਦੇ ਢੰਗ ਨੂੰ ਨਹੀਂ। ਮਕਸਦ ਪੂਰਾ ਕਰਨ ਹਿੱਤ ਹਰ ਗੈਰ-ਵਾਜਬ ਹਰਬਾ ਵਰਤ ਲੈਣਾ ਚਾਹੀਦਾ ਹੈ। ਚਾਣਕੀਯ ਭਾਰਤ ਨੂੰ ਹਿੰਦੂ ਸਾਮਰਾਜ ਚਿਤਵਦਾ ਸੀ। ਆਜ਼ਾਦੀ ਤੋਂ ਬਾਅਦ ਭਾਰਤ ਵਿਚ ਇਹੋ ਨੀਤੀ ਕੰਮ ਕਰ ਰਹੀ ਹੈ ਜਿਥੇ ਘੱਟ-ਗਿਣਤੀਆਂ ਨੂੰ ਦੁਬੇਲ ਬਣਾ ਕੇ ਰੱਖਣ ਲਈ ਸਰਕਾਰ ਦਾ ਹਰ ਅੰਗ, ਵਿਧਾਨਪਾਲਿਕਾ, ਕਾਰਜਪਾਲਿਕਾ, ਨਿਆਂਪਾਲਿਕਾ, ਪ੍ਰੈਸ ਤੇ ਸੂਚਨਾ ਪ੍ਰਸਾਰਨ ਆਪੋ-ਆਪਣਾ ਰੋਲ ਅਦਾ ਕਰ ਰਹੇ ਹੈ। ਹੋਰ ਤਾਂ ਹੋਰ, ਆਹ ਗਾਂਧੀ ਟੋਪੀ ਵਾਲਾ ਅੰਨਾ ਹਜ਼ਾਰੇ ਵੀ ਇਸੇ ਨੀਤੀ ਦਾ ਪੈਰੋਕਾਰ ਹੈ। ਮਿਸਾਲਾਂ ਤਾਂ ਬਹੁਤ ਹਨ ਪਰ ਇਥੇ ਸਿਰਫ਼ ਦੋ ਦਾ ਜ਼ਿਕਰ ਕਰਦਾ ਹਾਂ। ਅਫ਼ਜ਼ਲ ਗੁਰੂ ਜਿਹਨੂੰ ਪਾਰਲੀਮੈਂਟ ‘ਤੇ ਹਮਲਾ ਕਰਨ ਦੀ ਸਾਜ਼ਿਸ਼ ਵਿਚ ਨਾਮਜ਼ਦ ਕੀਤਾ ਗਿਆ। ਅਦਾਲਤ ਦੇ ਫੈਸਲੇ ਵਿਚ ਲਿਖਿਆ ਕਿ ਬੇਸ਼ਕ ਅਫ਼ਜ਼ਲ ਦੇ ਖ਼ਿਲਾਫ਼ ਕੋਈ ਠੋਸ ਸਬੂਤ ਨਹੀਂ ਪਰ ਭਾਰਤ ਦੀ ਸਮੂਹਿਕ ਚੇਤਨਾ ਨੂੰ ਧਿਆਨ ਵਿਚ ਰੱਖਦਿਆਂ ਉਸ ਨੂੰ ਸਜ਼ਾ-ਏ-ਮੌਤ (ਫਾਂਸੀ) ਦੀ ਸਜ਼ਾ ਦਿੱਤੀ ਜਾਂਦੀ ਹੈ। ਇਹ ਸਮੂਹਕ ਚੇਤਨਾ ਹੀ ਚਾਣਕੀਯ ਨੀਤੀ ਹੈ। ਹੁਣ ਸ਼ ਬਲਵੰਤ ਸਿੰਘ ਰਾਜੋਆਣਾ ਜਿਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੋਈ ਹੈ ਅਤੇ ਇਸ ਦੇ ਵਿਰੁੱਧ ਸਮੂਹਕ ਸਿੱਖ ਕੌਮ ਇਕਮੁੱਠ ਹੋ ਕੇ ਖੜ੍ਹੀ ਹੈ, ਪਰ ਇਥੇ ਇਸ ਨਿਆਂਪਾਲਿਕਾਂ ਨੂੰ ਇਹ ਸਮੂਹਕ ਚੇਤਨਾ ਨਹੀਂ ਦਿਸ ਰਹੀ।
ਪੰਜਾਬ ਖਾਸ ਕਰਕੇ ਸਿੱਖ ਚਾਣਕੀਯ ਨੀਤੀ ਦੇ ਬੁਰੀ ਤਰ੍ਹਾਂ ਸ਼ਿਕਾਰ ਹਨ। ਕਿਸੇ ਨੂੰ ਵੀ ਇਕ-ਦੂਜੇ ‘ਤੇ ਭਰੋਸਾ ਨਹੀਂ। ਵੰਡੀਆਂ ਪੈ ਚੁੱਕੀਆਂ ਹਨ, ਜਿਵੇਂ ਸਹਿਜਧਾਰੀ ਸਿੱਖ, ਪਤਿਤ ਸਿੱਖ, ਟਕਸਾਲੀ ਸਿੱਖ, ਮਿਸ਼ਨਰੀ, ਦਸਮ ਗ੍ਰੰਥੀ, ਨਾਨਕਸਰੀ ਵਗੈਰਾ-ਵਗੈਰਾ। ਮਾਹੌਲ ਹੀ ਇਹੋ ਜਿਹਾ ਪੈਦਾ ਕਰ ਦਿੱਤਾ ਗਿਆ ਕਿ ਇਹ ਦੂਰੀਆਂ ਘਟਣ ਦੀ ਬਜਾਏ ਵਧ ਰਹੀਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਚੋਣਾਂ ਹੋਈਆਂ, ਉਸ ‘ਚੋਂ ਪਹਿਲਾਂ ਸਿੱਖ ਚੇਤਨਾ ਬਿਪਰਵਾਦੀ ਬਾਦਲ ਜੁੰਡਲੀ ਤੋਂ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣਾ ਚਾਹੁੰਦੀ ਸੀ। ਚੋਣਾਂ ਦੇ ਐਲਾਨ ਨੇ ਸਿੱਖੀ ਸੋਚ ਵਾਲੀਆਂ ਪੰਥਕ ਧਿਰਾਂ ਨੂੰ ਇਕ ਪਲੇਟਫਾਰਮ ‘ਤੇ ਲਿਆ ਕੇ ਬਾਦਲਾਂ ਵਿਰੁੱਧ ਮੋਰਚਾ ਵਿੱਢਣ ਦੀ ਕਵਾਇਦ ਸ਼ੁਰੂ ਕਰਨ ਦੀ ਗੱਲ ਹੋਣ ਲੱਗ ਪਈ ਸੀ। ਸ਼ ਸਿਮਰਨਜੀਤ ਸਿੰਘ ਜੀ ਮਾਨ ਨੇ ਐਲਾਨ ਕਰ ਦਿੱਤਾ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਖਾਲਿਸਤਾਨ ਦੇ ਮੁੱਦੇ ‘ਤੇ ਲੜੀਆਂ ਜਾਣਗੀਆਂ। ਫਿਰ ਦਿੱਲੀ ਬੈਠੀ ਚਾਣਕੀਯ ਨੀਤੀ ਨੇ ਆਪਣਾ ਖਾਸ ਦੂਤ ਪਰਮਜਤਿ ਸਿੰਘ ਸਰਨਾ ਪੰਜਾਬ ਭੇਜ ਦਿੱਤਾ। ਉਸ ਨੇ ਆਉਂਦੇ ਸਾਰ ਪਹਿਲਾਂ ਬਿਆਨ ਦਿੱਤਾ ਕਿ ‘ਅਸੀਂ ਸਾਂਝਾ ਮੋਰਚਾ ਬਣਾ ਕੇ ਚੋਣਾਂ ਲੜਾਂਗੇ ਜਿਹੜਾ ਬਾਦਲਾਂ ਅਤੇ ਖਾਲਿਸਤਾਨ ਪੱਖੀਆਂ ਵਿਰੁੱਧ ਹੋਵੇਗਾ।’ ਨਤੀਜਾ.......ਚਾਣਕੀਯ ਨੀਤੀ ਨੇ ਬੜੇ ਆਰਾਮ ਨਾਲ ਆਪਣਾ ਪੁਰਜ਼ਾ ‘ਬਾਦਲ’ ਜਿਤਾ ਦਿੱਤਾ।
ਇਕ ਗੱਲ ਹੋਰ ਸਾਂਝੀ ਕਰ ਲਈਏ। ਚਾਣਕੀਯ ਨੀਤੀ ਨੂੰ ਮਨਪ੍ਰੀਤ ਬਾਦਲ ਵੀ ਪ੍ਰਵਾਨ ਹੈ। ਦੇਰ-ਸਵੇਰ ਇਹ ਉਹਦੀ ਬਣਦੀ ਸਰਦੀ ਮੱਦਦ ਜ਼ਰੂਰ ਕਰੇਗੀ। ਇਹਦੀ ਸ਼ਾਹਦੀ ਮੇਰਾ ਮਨ ਭਰਦਾ ਹੈ, ਅੱਗੇ ਵਕਤ ਦੱਸੇਗਾ। ਪੰਜਾਬ ਤੋਂ ਬਾਅਦ ਹੁਣ ਚਾਣਕੀਯ ਨੀਤੀ ਨੇ ਯੂਰਪ ਅਤੇ ਅਮਰੀਕਾ ‘ਚ ਵਸਦੇ ਸਿੱਖਾਂ ਵੱਲ ਵੀ ਨਿਸ਼ਾਨਾ ਸਾਧਿਆ ਹੋਇਆ ਹੈ। ਇਸ ਮਕਸਦ ਲਈ ਇਥੇ ਬਣੇ ਗੁਰਦੁਆਰੇ ਚੁਣੇ ਗਏ ਹਨ। ਇਥੇ ਦਾਅ ਇਹ ਲਾਇਆ ਜਾਂਦਾ ਕਿ ਸਿੱਖ ਧਰਮ ਦੇ ਪ੍ਰਚਾਰ ਦੀ ਆੜ ਵਿਚ ਮਨਮਤ ਵਾਲੀਆਂ ਮਨਘੜਤ ਕਿੱਸੇ-ਕਹਾਣੀਆਂ ਗੁਰੂ ਸਾਥੀਆਂ ਜਾਂ ਗੁਰ-ਇਤਿਹਾਸ ਕਹਿ ਕੇ ਬੜੇ ਜਾਦੂਮਈ ਲਫ਼ਜ਼ਾਂ ਨਾਲ ਸਿੱਖੀ ਨਾਲ ਜੋੜ ਕੇ ਸੁਣਾਈਆਂ ਜਾ ਰਹੀਆਂ ਹਨ। ਇਹ ਕੰਮ ਬਹੁਤੇ ਸੰਤ-ਬਾਬੇ ਕਰਦੇ ਹਨ। ਹੁਣ ਇਸ ਤਰ੍ਹਾਂ ਲੱਗਣ ਲੱਗ ਪਿਆ ਕਿ ਚਾਣਕੀਯ ਨੀਤੀ ਕੁਝ ਪੁਰਜ਼ੇ ਬਾਹਰਲੇ ਗੁਰਦੁਆਰਿਆਂ ਵਿਚ ਫਿੱਟ ਕਰਨ ਵਿਚ ਕਾਮਯਾਬ ਵੀ ਹੋ ਗਈ ਹੈ ਤਾਂ ਕਿ ਬਾਹਰ ਵਸਦੇ ਸਿੱਖਾਂ ਵਿਚ ਧੜੇਬੰਦੀ ਬਣਾ ਕੇ ਇਨ੍ਹਾਂ ਨੂੰ ਕਦੇ ਵੀ ‘ਸਮੂਹਿਕ ਸਿੱਖ-ਕਾਜ਼’ ਉਤੇ ਇਕੱਠਾ ਨਾ ਹੋਣ ਦਿੱਤਾ ਜਾਵੇ। ਗੁਰਦੁਆਰਿਆਂ ਦੇ ਕੋਰਟਾਂ ਵਿਚ ਹੁੰਦੇ ਕੇਸ ਇਸੇ ਨੀਤੀ ਦੀ ਬਖ਼ਸ਼ਿਸ਼ ਲਗਦੀ ਹੈ।
ਪੰਜਾਬੀਆਂ ਨੇ ਆਪਣੀ ਸਮਝ ਮੁਤਾਬਕ ਉਨ੍ਹਾਂ ਨੂੰ ਹੀ ਸੂਬੇ ਦੇ ਹਾਕਮ ਦੁਬਾਰਾ ਬਣਾ ਦਿੱਤਾ ਜਿਨ੍ਹਾਂ ਨੇ ਪ੍ਰਣ ਕੀਤਾ ਕਿ ‘ਰਾਜ ਨਹੀਂ ਸੇਵਾ’ ਕਰਾਂਗੇ ਅਤੇ ਹੁਣ ਪੰਜ ਸਾਲ ਪੂਰੀ ਤਨਦੇਹੀ ਨਾਲ ਸੇਵਾ ਕੀਤੀ ਜਾਵੇਗੀ। ਇਸ ਲਈ ਸਭ ਤੋਂ ਪਹਿਲਾਂ ਕੰਮ ਹਾਕਮਾਂ ਨੇ ਵੱਡੇ ਸੇਵਾਦਾਰ ਦੇ ਅਹੁਦੇ ‘ਤੇ ਬਹੁਤ ਹੀ ਇਮਾਨਦਾਰ ਅਤੇ ਵਧੀਆ ਕਿਰਦਾਰ ਵਾਲੇ ਸੁਮੇਧ ਸੈਣੀ ਨੂੰ ਲਗਾਇਆ ਜਿਸ ‘ਤੇ ਕਤਲ ਦੇ ਮੁਕੱਦਮੇ ਦੇਸ਼ ਦੀ ਸੁਪਰੀਮ ਕੋਰਟ ਤੱਕ ਚਲਦੇ ਹਨ। ਅੱਗਿਓਂ ਇਸ ਤੋਂ ਵੱਧ ਦੀ ਆਸ ਰੱਖਣਾ। ਉੱਦਾਂ ਵਾਹਿਗੁਰੂ ਸਮਰਥ ਹੈ।