ਗੁਰੂ ਗ੍ਰੰਥ ਸਾਹਿਬ ਦੀ ਸਰਬਉਚਤਾ ਅਤੇ ਸਿੱਖ ਏਕੇ 'ਤੇ ਹਮਲਾ!

 -ਮਝੈਲ ਸਿੰਘ ਸਰਾਂ
ਅਸੀਂ ਸਿੱਖ ਬੜੇ ਕਲਪਦੇ ਆਂ ਕਿ ਸਾਡੇ ਨਾਲ ਵਕਤ ਦੀ ਹਰ ਹਕੂਮਤ ਅਤੇ ਬਹੁ ਗਿਣਤੀ ਸਮਾਜ ਨੇ ਸਦਾ ਦੁਹਾਂਡ ਹੀ ਨਹੀਂ ਕੀਤਾ, ਸਗੋਂ ਸਾਡੇ ਗੁਰੂ ਵੱਲੋਂ ਬਖ਼ਸ਼ੀ ਵੱਖਰੀ ਤੇ ਵਿਲੱਖਣ ਹੈਸੀਅਤ ਤੇ ਸੋਚ ਨੂੰ ਹਰ ਹਰਬਾ ਵਰਤ ਕੇ ਖੋਰਾ ਲਾਉਣ ਦੀਆਂ ਕੁਚਾਲਾਂ ਕੀਤੀਆਂ। ਤ੍ਰਾਸਦੀ ਇਹ ਹੈ ਕਿ ਇਨ੍ਹਾਂ ਕੁਚਾਲਾਂ ਨੂੰ ਅੰਜ਼ਾਮ ਦੇਣ ਲਈ ਅਸੀਂ ਖੁਦ ਸਿੱਖ ਹੀ ਮੋਹਰੇ ਹੁੰਦੇ ਹਾਂ। ਸਿੱਧਾ ਸਾਦਾ ਸ਼ਰਧਾਵਾਨ ਗੁਰੂ ਦਾ ਸਿੱਖ ਇਨ੍ਹਾਂ ਕੁਚਾਲਾਂ ਦੇ ਗੇੜ 'ਚ ਫਸ ਕੇ ਮੁੜ ਉਸੇ ਬਿਪਰ ਜਾਲ 'ਚ ਉਲਝ ਜਾਂਦਾ ਹੈ ਜਿਸ ਤੋਂ ਬਾਬਾ ਨਾਨਕ ਖਹਿੜਾ ਛੁਡਾ ਗਿਆ ਸੀ। ਬਾਬਾ ਜੋ ਵੀ ਉਪਦੇਸ਼ ਦਿੰਦਾ ਸੀ, ਉਹ ਸਿੱਧਾ ਤੇ ਸਪੱਸ਼ਟ ਸੀ ਜੋ ਸੁਣਨ ਵਾਲੇ ਦੇ ਧੁਰ ਅੰਦਰ ਤਕ ਅਸਰ ਕਰਦਾ। ਨਾਲ ਹੀ ਬਾਬਾ ਆਉਣ ਵਾਲੇ ਅਨੰਤ ਕਾਲ ਲਈ ਗੁਰਬਾਣੀ ਉਚਾਰ ਕੇ ਆਪਣੇ ਗੁਰਗੱਦੀ ਨਸ਼ੀਨ ਗੁਰੂ ਦੇ ਹਵਾਲੇ ਕਰ ਗਿਆ ਤਾਂ ਕਿ ਜਿਹੜੀ ਜੋਤ ਅਕਾਲ ਪੁਰਖ ਨੇ ਉਹਦੇ ਰਾਹੀਂ ਜਗਾਈ ਹੈ, ਉਹਦਾ ਪ੍ਰਕਾਸ਼ ਸਦਾ ਲਈ ਰਹੇ।

ਬਾਬੇ ਨਾਨਕ ਨੂੰ ਤਾਂ ਬਿਪਰਵਾਦ ਨੇ ਬਾਲ ਉਮਰੇ ਹੀ ਆਪਣੇ ਰਾਹ ਦਾ ਰੋੜਾ ਮੰਨ ਲਿਆ ਸੀ ਜਦੋਂ 7 ਸਾਲ ਦੀ ਉਮਰ 'ਚ ਨਾਨਕ ਨੇ ਕਿਹਾ ਕਿ ਪਾਂਡੇ! ਲਿਆ ਪਾ ਮੇਰੇ ਗਲ ਵਿਚ ਜਨੇਊ, ਜਿਹੜਾ ਗਲਦਾ ਸੜਦਾ ਨਾ ਹੋਵੇ; ਸਬਰ ਸੰਤੋਖ ਦੀਆਂ ਗੰਢਾਂ ਵਾਲਾ ਹੋਵੇ; ਕਦੇ ਪਰਾਏ ਹੱਕ ਵੱਲ ਝਾਕਣ ਨਾ ਦੇਵੇ; ਜਿਸ ਸਰੀਰ 'ਤੇ ਇਹ ਪਵੇ, ਉਹ ਇੰਨਾ ਪਵਿੱਤਰ ਹੋ ਜਾਵੇ ਕਿ ਕਿਸੇ ਦੀ ਸੁਨੱਖੀ ਧੀ-ਭੈਣ ਦੀ ਪਵਿੱਤਰਤਾ ਭੰਗ ਨਾ ਕਰੇ। ਇਹ ਗੱਲਾਂ ਬਾਬੇ ਨੇ ਪਾਂਡੇ ਨੂੰ ਜ਼ਰੂਰ ਪੁੱਛੀਆਂ ਹੋਣੀਆਂ, ਕਿਉਂਕਿ ਗੁਰਬਾਣੀ ਵਿਚ ਬਾਬੇ ਨਾਨਕ ਦਾ ਆਇਆ ਸ਼ਬਦ "ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ" ਤਾਂ ਬਾਅਦ ਵਿਚ ਉਚਾਰਿਆ ਗਿਆ। ਇਹਦਾ ਮਤਲਬ, ਬਾਬੇ ਨਾਨਕ ਨੇ ਜਨੇਊ ਪਾਉਣ ਤੋਂ ਨਾਂਹ ਨਹੀਂ ਕੀਤੀ, ਪਰ ਜਿਹੜਾ ਜਨੇਊ ਬਾਬਾ ਕਹਿੰਦਾ ਸੀ ਪਾ, ਉਹ ਪਾਂਡੇ ਦੇ ਵੱਸ ਵਿਚ ਨਹੀਂ ਸੀ; ਤੇ 7 ਸਾਲ ਦੇ ਨਿਆਣੇ ਕੋਲੋਂ ਇਹੋ ਜਿਹੀਆਂ ਖਰੀਆਂ ਗੱਲਾਂ ਸੁਣ ਕੇ ਪਾਂਡੇ ਦਾ ਤਾਂ ਮੂੰਹ ਅੱਡਿਆ ਰਹਿ ਗਿਆ ਹੋਣਾ। ਉਸ ਦਿਨ ਤੋਂ ਲੈ ਕੇ ਅੱਜ ਤੱਕ ਇਹ ਬਿਪਰਵਾਦ ਗੁਰੂ, ਗੁਰੂ ਦੀ ਬਾਣੀ, ਗੁਰਸਿੱਖੀ ਨੂੰ ਆਪਣਾ ਦੁਸ਼ਮਣ ਮੰਨ ਕੇ ਚਲਿਆ ਹੋਇਆ ਤੇ ਜਦੋਂ ਦਾਅ ਲੱਗਦਾ, ਆਪਣਾ ਵਾਰ ਕਰੀ ਜਾਂਦਾ ਹੈ।

ਬਾਬੇ ਨਾਨਕ ਦੇ ਨਿਰਮਲ ਪੰਥ ਨੂੰ ਢਾਹ ਲਾਉਣ ਲਈ ਉਨ੍ਹਾਂ ਦੇ ਹੀ ਪੁੱਤਰ ਨੂੰ ਥਾਪੜਾ ਦੇ ਦਿੱਤਾ। ਵੱਡੇ ਭਰਾ ਦਾ ਫਰਜ਼ ਨਿਭਾਉਣ ਦੀ ਥਾਂ ਪ੍ਰਿਥੀ ਚੰਦ ਨੇ ਗੁਰੂ ਅਰਜਨ ਤੇ ਗੁਰੂ ਘਰ ਵਿਰੁਧ ਹਕੂਮਤ ਨਾਲ ਮਿਲ ਕੇ ਸਾਜ਼ਿਸ਼ਾਂ ਰਚੀਆਂ। ਇੰਨਾ ਹੀ ਨਹੀਂ, ਗੁਰਬਾਣੀ ਦੀ ਨਕਲ ਕਰ ਕੇ ਆਪਣੇ ਹੀ ਪੁੱਤਰ ਮਿਹਰਵਾਨ ਵੱਲੋਂ ਨਾਨਕ ਨਾਮ ਹੇਠ ਕਵਿਤਾਵਾਂ ਵੀ ਲਿਖਵਾਈਆਂ ਤਾਂ ਕਿ ਧੁਰ ਕੀ ਬਾਣੀ ਵਿਚ ਮਿਲਾਵਟ ਕੀਤੀ ਜਾ ਸਕੇ। ਇਹ ਗੁਰਬਾਣੀ 'ਤੇ ਪਹਿਲਾ ਹਮਲਾ ਸੀ ਜਿਸ ਨੂੰ ਸਿੱਖ ਜਗਤ ਨੇ ਉਦੋਂ ਹੀ ਨਕਾਰ ਦਿੱਤਾ।
ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਤੇ ਅਗਲਾ ਹਮਲਾ ਹੋਇਆ ਉਨ੍ਹਾਂ ਹਿੰਦੂ ਸਾਧਾਂ-ਸੰਤਾਂ ਵੱਲੋਂ ਜਿਹੜੇ ਬਿਪਰਵਾਦ ਨਾਲ ਹੱਥ ਮਿਲਾ ਕੇ ਚਲਦੇ ਸਨ। ਜਦੋਂ ਗੁਰੂ ਅਰਜਨ ਦੇਵ ਭਾਈ ਗੁਰਦਾਸ ਪਾਸੋਂ ਗ੍ਰੰਥ ਸਾਹਿਬ ਲਿਖਵਾ ਰਹੇ ਸਨ ਤਾਂ ਉਹ ਗੁਰੂ ਸਾਹਿਬਾਨ ਦੀ ਬਾਣੀ ਦੇ ਨਾਲ-ਨਾਲ ਹੋਰ ਸੰਤ-ਮਹਾਤਮਾਵਾਂ ਦੀਆਂ ਰੱਬੀ ਪ੍ਰੇਮ ਵਿਚ ਰਚੀਆਂ ਰਚਨਾਵਾਂ ਨੂੰ ਵੀ ਉਸੇ ਗ੍ਰੰਥ ਵਿਚ ਬਰਾਬਰ ਦਾ ਰੁਤਬਾ ਦੇ ਰਹੇ ਸਨ। ਉਦੋਂ ਕੁਝ ਉਹ ਸੰਤ-ਸਾਧ ਵੀ ਆਪਣੀ ਰਚਨਾ ਗ੍ਰੰਥ ਸਾਹਿਬ ਵਿਚ ਸ਼ਾਮਲ ਕਰਵਾ ਕੇ ਉਹਨੂੰ ਰੱਬੀ ਬਾਣੀ ਦਾ ਸਤਿਕਾਰ ਦਿਵਾਉਣਾ ਚਾਹੁੰਦੇ ਸਨ, ਪਰ ਗੁਰੂ ਅਰਜਨ ਦੇਵ ਨੂੰ ਉਹ ਖਸਮ ਦੀ ਬਾਣੀ ਨਹੀਂ ਸੀ ਦਿਸਦੀ, ਤੇ ਗੁਰੂ ਜੀ ਨੇ ਉਹ ਰਚਨਾਵਾਂ ਉਨ੍ਹਾਂ ਸੰਤਾਂ ਨੂੰ ਵਾਪਸ ਕਰ ਦਿੱਤੀਆਂ। ਇਸ 'ਤੇ ਕਿੜ ਖਾ ਕੇ ਉਨ੍ਹਾਂ ਨੇ ਲਾਹੌਰ ਦੇ ਅਮੀਰ ਸੇਠ ਚੰਦੂ ਨਾਲ ਗੰਢ-ਤੁਪ ਕਰ ਕੇ ਦਿੱਲੀ ਵਿਚ ਵਜ਼ੀਰ ਬੀਰਬਲ ਰਾਹੀਂ ਅਕਬਰ ਕੋਲ ਸ਼ਿਕਾਇਤ ਕੀਤੀ ਕਿ ਸਿੱਖਾਂ ਦੇ ਗੁਰੂ ਅਰਜਨ ਦੇਵ ਨੇ ਗ੍ਰੰਥ ਲਿਖਾਇਆ ਹੈ ਜਿਸ ਨੂੰ ਉਹ ਅਤੇ ਉਹਦੇ ਸਿੱਖ 'ਰੱਬੀ ਬਾਣੀ' ਕਹਿੰਦੇ ਹਨ, ਪਰ ਉਸ ਵਿਚ ਇਸਲਾਮ ਬਾਰੇ ਬਹੁਤ ਗਲਤ ਲਿਖਿਆ ਹੋਇਆ ਹੈ; ਇਸ ਕਰ ਕੇ ਇਹ ਗ੍ਰੰਥ ਜ਼ਬਤ ਕਰ ਕੇ ਪਾਬੰਦੀ ਲਾਈ ਜਾਵੇ ਤੇ ਇਸਲਾਮ ਵਿਰੋਧੀ ਲਿਖਣ 'ਤੇ (ਗੁਰੂ) ਅਰਜਨ ਨੂੰ ਸਜ਼ਾ ਦਿੱਤੀ ਜਾਵੇ।
ਅਕਬਰ ਵਿਚ ਮੁਗਲ ਸਮਰਾਟਾਂ ਵਰਗੀ ਧਾਰਮਿਕ ਕੱਟੜਤਾ ਨਹੀਂ ਸੀ। ਉਸ ਨੇ ਕਿਹਾ ਕਿ ਉਹ ਖੁਦ ਉਸ ਗ੍ਰੰਥ ਨੂੰ ਦੇਖ ਕੇ ਫੈਸਲਾ ਕਰੇਗਾ। ਉਸ ਨੇ ਅੰਮ੍ਰਿਤਸਰ ਗੁਰੂ ਅਰਜਨ ਨੂੰ ਸੁਨੇਹਾ ਭਿਜਵਾਇਆ ਕਿ ਆਪਣਾ ਪਵਿੱਤਰ ਗ੍ਰੰਥ ਲੈ ਕੇ ਕਲਾਨੌਰ (ਗੁਰਦਾਸਪੁਰ) ਪੁੱਜੋ, ਉਹ ਖੁਦ ਉਥੇ ਆ ਰਿਹਾ ਹੈ। ਇਹ ਉਹੋ ਕਲਾਨੌਰ ਹੈ ਜਿਥੇ ਅਕਬਰ ਦੀ ਭਾਰਤ ਦੇ ਸਮਰਾਟ ਵਜੋਂ ਤਾਜਪੋਸ਼ੀ ਬੈਰਮ ਖਾਨ ਨੇ ਹਮਾਯੂੰ ਦੀ ਮੌਤ ਪਿਛੋਂ ਕੀਤੀ ਸੀ। ਗੁਰੂ ਅਰਜਨ ਦੇਵ ਨੇ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਨੂੰ ਗ੍ਰੰਥ ਸਾਹਿਬ ਦੀ ਬੀੜ ਦੇ ਕੇ ਅਕਬਰ ਪਾਸ ਕਲਾਨੌਰ ਭੇਜ ਦਿੱਤਾ। ਜਦੋਂ ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ ਅਕਬਰ ਦੇ ਦਰਬਾਰ ਵਿਚ ਗ੍ਰੰਥ ਸਾਹਿਬ ਲਿਆਏ, ਤਾਂ ਅਕਬਰ ਨੇ ਕਿਹਾ ਕਿ ਖੋਲ੍ਹ ਕੇ ਪੜ੍ਹੋ ਕੀ ਲਿਖਿਆ ਹੈ। ਜਦੋਂ ਬਾਬਾ ਬੁੱਢਾ ਸਾਹਿਬ ਨੇ ਪੱਤਰਾ ਖੋਲ੍ਹ ਕੇ ਪੜ੍ਹਿਆ ਤਾਂ ਉਸ ਵਿਚ ਖੁਦਾ ਦੀ ਸਿਫ਼ਤ ਸੀ ਤੇ ਉਹਦੀ ਬਣਾਈ ਕਾਇਨਾਤ ਦੀ ਗੱਲ ਸੀ। ਅਕਬਰ ਸੁਣ ਕੇ ਹੈਰਾਨ ਹੋ ਗਿਆ। ਉਹਨੇ ਕਿਹਾ ਕਿ ਕਿਸੇ ਹੋਰ ਥਾਂ ਤੋਂ ਵੀ ਖੋਲ੍ਹ ਕੇ ਪੜ੍ਹੋ, ਤਾਂ ਸ਼ਾਇਦ ਇਹ ਸ਼ਬਦ ਆਇਆ- ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ, ਤੇ ਉਸ ਪੱਤਰੇ ਵਿਚ ਵੀ ਅੱਲਾ ਦੀ ਬਖ਼ਸ਼ਿੰਦਗੀ ਦੇ ਬੋਲ ਸਨ। ਜਦੋਂ ਦੋ ਵਾਰ ਇਸਲਾਮ ਦੇ ਵਿਰੁਧ ਕੋਈ ਗੱਲ ਨਾ ਮਿਲੀ ਤਾਂ ਚੰਦੂ ਕਹਿੰਦਾ ਕਿ ਲੱਗਦਾ, ਬਾਬਾ ਬੁੱਢਾ ਜੀ ਆਪਣੇ ਵੱਲੋਂ ਇਸਲਾਮ ਦੇ ਹੱਕ ਵਿਚ ਬੋਲ ਰਹੇ ਸਨ। ਇਸ ਕਰ ਕੇ ਕਿਸੇ ਸਰਕਾਰੀ ਸਿੱਖ ਤੋਂ ਇਹ ਗ੍ਰੰਥ ਪੜ੍ਹਾਓ। ਤੀਜੀ ਵਾਰੀ ਵੀ ਅਜਿਹਾ ਕੀਤਾ ਤਾਂ ਖੁਦਾ ਦੀ ਰਹਿਮਤ ਦੀ ਗੱਲ ਨਿਕਲੀ। ਇਸ 'ਤੇ ਅਕਬਰ ਨੇ ਆਪ 51 ਮੋਹਰਾਂ ਰੱਖ ਕੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਤੇ ਗੁਰਸਿੱਖਾਂ ਨੂੰ ਸਤਿਕਾਰ ਸਹਿਤ ਅੰਮ੍ਰਿਤਸਰ ਵਾਪਸ ਵਿਦਾ ਕਰਦਿਆਂ ਕਿਹਾ ਕਿ ਗੁਰੂ ਨੂੰ ਕਿਹੋ, ਇਸ ਗ੍ਰੰਥ ਦੀ ਬਾਣੀ ਸਹੀ ਹੀ ਰੱਬੀ ਬਾਣੀ ਹੈ ਤੇ ਇਸੇ ਦਾ ਹੀ ਵੱਧ ਤੋਂ ਵੱਧ ਪ੍ਰਚਾਰ ਕਰਿਓ।
ਜਦੋਂ ਹਕੂਮਤ ਤੋਂ ਗੁਰੂ ਗ੍ਰੰਥ ਸਾਹਿਬ ਨੂੰ ਮਾਨਤਾ ਮਿਲ ਗਈ ਤਾਂ ਗੁਰੂ ਦੋਖੀਆਂ ਨੇ ਅਗਲਾ ਹਮਲਾ ਕੀਤਾ ਕਿ ਇਸ ਗ੍ਰੰਥ ਨੂੰ ਕਬਜ਼ੇ ਵਿਚ ਕਰ ਲਓ, ਸਿੱਖ ਆਪੇ ਗੁਰੂ ਨਾਲੋਂ ਟੁੱਟ ਜਾਣਗੇ। ਜਿਸ ਕੋਲ ਇਹ ਗ੍ਰੰਥ ਹੋਵੇਗਾ, ਉਹਦੀ ਮਾਨਤਾ ਕਰਨ ਲੱਗ ਪੈਣਗੇ। ਫਿਰ ਗੁਰੂ ਪਰਿਵਾਰਾਂ 'ਚੋਂ ਹੀ ਧੀਰਮੱਲੀਏ ਇਹਨੂੰ ਆਪਣੀ ਵਿਰਾਸਤ ਸਮਝ ਕੇ ਨਿੱਜੀ ਹੱਕ ਜਤਲਾਉਣ ਲੱਗ ਪਏ। ਇਸੇ ਦਾ ਨਤੀਜਾ ਸੀ ਕਿ ਗੁਰੂ ਤੇਗ ਬਹਾਦਰ ਨੂੰ ਸ੍ਰੀ ਦਰਬਾਰ ਸਾਹਿਬ ਆਉਣ ਤੋਂ ਰੋਕ ਦਿੱਤਾ ਗਿਆ। ਹੋਰ ਤਾਂ ਹੋਰ, ਉਸ ਗ੍ਰੰਥ ਨੂੰ ਸ੍ਰੀ ਹਰਿਮੰਦਰ ਸਾਹਿਬ ਵਰਗੀ ਪਵਿੱਤਰ ਜਗ੍ਹਾ ਤੋਂ ਚੁੱਕ ਕੇ ਆਪਣੇ ਸੁਆਰਥ ਹਿੱਤ ਆਪਣੇ ਟਿਕਾਣੇ ਕਰਤਾਰਪੁਰ ਲੈ ਗਏ ਤੇ ਸਿੱਖ ਸੰਗਤਾਂ ਨੂੰ ਦਰਸ਼ਨ ਕਰਵਾਉਣੇ ਵੀ ਬੰਦ ਕਰ ਦਿੱਤੇ। ਉਸ ਵਕਤ ਸਿੱਖਾਂ ਕੋਲ ਬਾਣੀ ਦੇ ਸੋਮੇ, ਗੁਰੂ ਸਾਹਿਬ ਸਰੀਰਕ ਤੌਰ 'ਤੇ ਮੌਜੂਦ ਸਨ ਜੋ ਸਿੱਖ ਸੰਗਤਾਂ ਨੂੰ ਗੁਰੂ ਦੀ ਬਾਣੀ ਦ੍ਰਿੜ ਕਰਵਾਉਂਦੇ ਰਹੇ ਤੇ ਸਿੱਖ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜੇ ਰਹੇ।
ਸ੍ਰੀ ਗੁਰੂ ਗੋਬਿੰਦ ਸਿੰਘ ਦੇ ਗੁਰਗੱਦੀ 'ਤੇ ਬਿਰਾਜਮਾਨ ਹੋਣ ਵਕਤ ਸਿੱਖ ਗ੍ਰੰਥ ਸਾਹਿਬ ਦੀ ਬਾਣੀ ਵਿਚ ਬੜੇ ਪਰਪੱਕ ਹੋ ਚੁੱਕੇ ਸਨ। ਦਸਵੇਂ ਪਾਤਿਸ਼ਾਹ ਆਪ ਬਾਣੀ ਦੇ ਰਸੀਏ ਸਨ। ਉਨ੍ਹਾਂ ਦੀਵਾਨ ਲਾ ਕੇ ਸਵੇਰੇ ਸ਼ਾਮ ਆਸਾ ਦੀ ਵਾਰ ਤੇ ਰਹਿਰਾਸ ਸਾਹਿਬ ਦੇ ਪਾਠ ਕੀਰਤਨ ਕਰਨੇ ਸ਼ੁਰੂ ਕੀਤੇ ਤਾਂ ਕਿ ਸਿੱਖਾਂ ਦੇ ਹਿਰਦਿਆਂ ਵਿਚ ਗੁਰਬਾਣੀ ਸਥਾਈ ਸਥਾਨ ਬਣਾ ਲਵੇ। ਇਹ ਗੱਲ ਧਿਆਨ ਰੱਖਣ ਵਾਲੀ ਹੈ ਕਿ ਦਸਵੇਂ ਪਾਤਿਸ਼ਾਹ ਨੇ ਗ੍ਰੰਥ ਸਾਹਿਬ ਨੂੰ ਗੁਰਗੱਦੀ ਇਸ ਕਰ ਕੇ ਨਹੀਂ ਦਿੱਤੀ ਕਿ ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਚੁੱਕੇ ਸਨ ਤੇ ਉਨ੍ਹਾਂ ਦਾ ਜਾਨਸ਼ੀਨ ਕੋਈ ਨਹੀਂ ਸੀ ਰਿਹਾ। ਉਨ੍ਹਾਂ ਦਾ ਇਹ ਫੈਸਲਾ ਚਾਣਚੱਕ ਨਹੀਂ ਸੀ; ਸਗੋਂ ਇਹ ਤਾਂ ਉਨ੍ਹਾਂ ਨੇ ਗ੍ਰੰਥ ਸਾਹਿਬ ਦੀ ਬਾਣੀ ਦੀ ਉਚਤਾ ਤੇ ਪਵਿੱਤਰਤਾ ਸਮਝ ਕੇ ਪਹਿਲਾਂ ਹੀ ਕਰ ਲਿਆ ਹੋਣਾ ਕਿ ਅੱਗੇ ਤੋਂ ਸਿੱਖ ਜਗਤ ਇਸੇ ਦੀ ਹੀ ਛਤਰ ਛਾਇਆ ਹੇਠ ਬੁਲੰਦੀਆਂ ਛੂਹ ਸਕੇਗਾ ਤੇ ਜ਼ੁਲਮ ਜਬਰ ਦਾ ਟਾਕਰਾ ਇਹਦੀ ਸੇਧ ਵਿਚ ਰਹਿ ਕੇ ਕਰਨ ਦੇ ਕਾਬਿਲ ਹੋਵੇਗਾ।
ਅਨੰਦਪੁਰ ਸਾਹਿਬ ਛੱਡਣ ਤੋਂ ਲੈ ਕੇ ਦਮਦਮਾ ਸਾਹਿਬ ਪੁੱਜਣ ਤੱਕ ਬਹੁਤ ਕੁਝ ਵਾਪਰ ਗਿਆ। ਗੁਰੂ ਪਰਿਵਾਰ ਖੇਰੂੰ ਖੇਰੂੰ ਹੀ ਨਹੀਂ ਹੋਇਆ, ਸ਼ਹਾਦਤ ਦਾ ਜਾਮ ਵੀ ਪੀ ਗਿਆ। ਧਰਮ ਦੇ ਨਾਂ 'ਤੇ ਗਊ ਮਾਤਾ ਦੀਆਂ ਸਹੁੰਆਂ ਖਾਣ ਵਾਲਿਆਂ ਦਾ ਕਰੂਪ ਚਿਹਰਾ ਵੀ ਨੰਗਾ ਹੋਇਆ, ਹਾਅ ਦਾ ਨਾਅਰਾ ਮਾਰਨ ਵਾਲਿਆਂ ਦੀ ਵੀ ਪਛਾਣ ਹੋਈ, ਗੁਰੂ 'ਤੇ ਭਰੋਸਾ ਅਤੇ ਗੁਰਬਾਣੀ 'ਤੇ ਪਹਿਰਾ ਦੇਣ ਵਾਲੇ ਸਿੱਖਾਂ ਦੀ ਪਰਖ ਵੀ ਚਮਕੌਰ ਦੀ ਗੜ੍ਹੀ ਵਿਚ ਹੋ ਗਈ। ਧਰਮ ਯੁੱਧ ਲਈ ਸਿੱਖਾਂ ਤੋਂ ਪਹਿਲਾਂ ਆਪਣੇ ਪੁੱਤਰਾਂ ਨੂੰ ਸ਼ਹਾਦਤ ਲਈ ਤੋਰਨ ਦਾ ਕਰਮ ਵੀ ਇਸੇ ਸਮੇਂ ਦੁਨੀਆਂ ਨੂੰ ਦੇਖਣ ਨੂੰ ਮਿਲਿਆ। ਇਸੇ ਸਮੇਂ ਵਿਚ ਵੱਖਰੇ ਮਜ਼ਹਬ ਦੇ ਗੁਰੂ ਨੂੰ ਆਪਣੇ ਮਜ਼ਹਬ ਦਾ 'ਉਚ ਦਾ ਪੀਰ' ਦਰਸਾ ਕੇ ਆਪਣੀ ਜਾਨ ਦਾਅ 'ਤੇ ਲਾ ਕੇ ਦੁਸ਼ਮਣਾਂ ਦੇ ਘੇਰੇ ਵਿਚੋਂ ਸਹੀ ਸਲਾਮਤ ਕੱਢਣ ਦਾ ਕੌਤਕ ਵੀ ਹੋਇਆ। ਇਸੇ ਸਮੇਂ ਦੌਰਾਨ ਗੁਰੂ ਨੇ ਖੁਆਰ ਹੋਇਆਂ ਨੂੰ ਮੇਲ ਕੇ ਟੁੱਟੀ ਗੰਢੀ ਅਤੇ ਮੁਕਤਿਆਂ ਦਾ ਖਿਤਾਬ ਬਖਸ਼ਿਆ।
ਦਮਦਮਾ ਸਾਹਿਬ ਪਹੁੰਚ ਕੇ ਗੁਰੂ ਸਾਹਿਬ ਨੂੰ ਸਿੱਖਾਂ ਦਾ ਸਦੀਵੀ ਕਾਲ ਗੁਰੂ ਬਣਾਉਣ ਦਾ ਸਮਾਂ ਨੇੜੇ ਆਉਂਦਾ ਜਾਣ ਕੇ ਆਪਣੇ ਹੀ ਸਕੇਸਬੰਧੀਆਂ ਪਾਸੋਂ ਗ੍ਰੰਥ ਸਾਹਿਬ ਦੀ ਬੀੜ ਲੈਣ ਲਈ ਬੇਨਤੀ ਕਰਨੀ ਪਈ ਜਿਹੜੀ ਗੁਰੂ-ਡੰਮੀਆਂ ਨੇ ਨਾ-ਮਨਜ਼ੂਰ ਕਰ ਕੇ ਮਿਹਣਾ ਵੀ ਮਾਰਿਆ ਕਿ ਜੇ ਗੁਰੂ ਗੋਬਿੰਦ ਸਿੰਘ ਵਾਕਿਆ ਹੀ ਪਹਿਲੇ ਨੌਂ ਗੁਰੂਆਂ ਦੀ ਜੋਤ ਹੈ ਤਾਂ ਉਨ੍ਹਾਂ ਦੀ ਬਾਣੀ ਉਨ੍ਹਾਂ ਨੂੰ ਯਾਦ ਹੋਣੀ ਹੈ, ਆਪੇ ਹੀ ਲਿਖ ਲਵੇ ਨਵਾਂ ਗ੍ਰੰਥ ਤੇ ਗੁਰੂ ਗੋਬਿੰਦ ਸਿੰਘ ਨੇ ਇਹ ਸੱਚ ਕਰ ਦਿਖਾਇਆ। ਉਨ੍ਹਾਂ ਗੁਰੂ ਤੇਗ ਬਹਾਦਰ ਦੀ ਬਾਣੀ ਸ਼ਾਮਿਲ ਕਰ ਕੇ ਭਾਈ ਮਨੀ ਸਿੰਘ ਤੋਂ ਗ੍ਰੰਥ ਸਾਹਿਬ ਲਿਖਵਾ ਲਿਆ ਤੇ ਉਸੇ ਗ੍ਰੰਥ ਸਾਹਿਬ ਨੂੰ ਨਾਂਦੇੜ ਪਹੁੰਚ ਕੇ ਆਪਣਾ ਸਰੀਰਕ ਚੋਲਾ ਬਦਲਣ ਵਕਤ ਸਦੀਵੀ ਗੁਰੂ ਥਾਪ ਦਿੱਤਾ। ਇਹ ਸੀ ਗ੍ਰੰਥ ਸਾਹਿਬ ਨੂੰ ਗੁਰੂ ਦਾ ਰੁਤਬਾ ਮਿਲਣ ਤੱਕ ਦਾ ਸਫ਼ਰ ਅਤੇ ਉਸ ਉਤੇ ਬਿਪਰਵਾਦ ਤੇ ਗੁਰੂਡੰਮੀਆਂ ਵੱਲੋਂ ਕੀਤੇ ਹਮਲਿਆਂ ਦਾ ਸੰਖੇਪ ਜਿਹਾ ਵਰਣਨ।
ਬਿਪਰਵਾਦ ਤੇ ਗੁਰੂ-ਡੰਮ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਗੁਰਗੱਦੀ ਬੜੀ ਚੁਭਣ ਲੱਗ ਪਈ ਅਤੇ ਇਹਨੂੰ ਚੁਣੌਤੀ ਦੇਣ ਦੀਆਂ ਗੋਂਦਾਂ ਗੁੰਦਣੀਆਂ ਸ਼ੁਰੂ ਹੋ ਗਈਆਂ। ਰਾਹ ਵੀ ਲੱਭ ਲਿਆ ਗਿਆ ਕਿ ਉਸੇ ਗੁਰੂ ਦਾ ਨਾਂ ਵਰਤੋ ਜਿਹਦੇ ਬੋਲਾਂ 'ਤੇ ਸਿੱਖ ਪਹਿਰਾ ਦੇ ਕੇ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ,…ਤੇ ਕਿਤੋਂ ਕੱਢ ਮਾਰਿਆ ਇਕ ਹੋਰ ਗ੍ਰੰਥ ਜਿਹਦਾ ਨਾਂ ਜੋੜ ਦਿੱਤਾ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਨਾਲ ਕਿ ਇਹ ਉਨ੍ਹਾਂ ਆਪਣੇ ਮੁਖਾਰਬਿੰਦ ਤੋਂ ਉਚਾਰੀ ਹੈ, ਤੇ ਸਿੱਖਾਂ ਨੂੰ ਗੁਮਰਾਹ ਕਰਨਾ ਸ਼ੁਰੂ ਕਰ ਦਿੱਤਾ ਕਿ ਇਸ ਗ੍ਰੰਥ ਨੂੰ ਵੀ ਗੁਰਬਾਣੀ ਦਾ ਦਰਜਾ ਦੇ ਕੇ ਅਦਬ ਸਤਿਕਾਰ ਕਰੋ; ਜੇ ਅਜਿਹਾ ਨਹੀਂ ਕਰਦੇ ਤਾਂ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਨਿਰਾਦਰ ਹੋਵੇਗਾ। ਗੁਰੂ ਪ੍ਰਤੀ ਸ਼ਰਧਾਵੱਸ ਸ਼ਾਇਦ ਸਿੱਖ ਵੀ ਇਸ ਗ੍ਰੰਥ ਨੂੰ ਸਤਿਕਾਰ ਦੇਣ ਲੱਗ ਪੈਂਦੇ, ਪਰ ਜਦ ਉਨ੍ਹਾਂ ਨੇ ਇਸ ਵਿਚਲੀ ਲੇਖਣੀ ਨੂੰ ਸੁਣਿਆ ਦੇਖਿਆ ਤਾਂ ਸ਼ਰਮਸ਼ਾਰ ਹੋ ਗਏ, ਕਿ ਅਜਿਹੀ ਲਿਖਤ ਗੁਰਬਾਣੀ ਕਿੱਦਾਂ ਹੋ ਗਈ ਜਿਹਨੂੰ ਘਰ ਵਿਚ ਬੈਠ ਕੇ ਧੀਆਂ ਭੈਣਾਂ ਸਾਹਮਣੇ ਪੜ੍ਹਿਆ ਨਾ ਜਾ ਸਕੇ? ਹੁਣ ਤਾਂ ਇਸ ਮੁਹਿੰਮ ਪਿੱਛੇ ਲੁਕਿਆ ਮਕਸਦ ਵੀ ਸਪਸ਼ਟ ਹੋ ਗਿਆ ਹੈ। ਮਕਸਦ ਬੜਾ ਸਿੱਧਾ ਹੈ- ਸਿੱਖ ਧਰਮ ਨੂੰ ਹਿੰਦੂਮਤ ਦਾ ਹੀ ਅੰਗ ਬਣਾ ਕੇ ਪੇਸ਼ ਕਰਨਾ।
ਸਿੱਖਾਂ ਦੇ ਆਪਸੀ ਵਖਰੇਵੇਂ ਭਾਵੇਂ ਲੱਖ ਹੋਣ, ਪਰ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਵਾਸਤਾ ਪਾਇਆ ਜਾਂਦਾ ਹੈ ਤਾਂ ਉਹ ਇਕੱਠੇ ਹੋ ਜਾਂਦੇ ਹਨ ਤੇ ਇਹ ਇਕਜੁਟਤਾ ਬਿਪਰਵਾਦੀਆਂ ਨੂੰ ਕਤੱਈ ਨਹੀਂ ਭਾਉਂਦੀ। ਇਸ ਏਕਤਾ ਨੂੰ ਤੋੜਨ ਲਈ ਹੀ ਗੁਰੂ ਗ੍ਰੰਥ ਸਾਹਿਬ ਦਾ ਸ਼ਰੀਕ ਖੜ੍ਹਾ ਕਰ ਕੇ ਸਿੱਖਾਂ ਵਿਚ ਪਾੜਾ ਪਾਉਣ ਦੀ ਕੁਚਾਲ ਕੀਤੀ ਗਈ। ਸਿੱਖ ਧਰਮ ਨੂੰ ਢਾਹ ਲਾਉਣ ਦੀਆਂ ਬਹੁਤੀਆਂ ਬਿਪਰਵਾਦੀ ਚਾਲਾਂ ਤਾਂ ਕਾਮਯਾਬ ਨਹੀਂ ਹੋਈਆਂ, ਪਰ ਆਹ ਜਿਹੜੀ ਅੱਜਕੱਲ੍ਹ ਜ਼ੋਰ ਫੜ ਰਹੀ ਆ, ਇਹ ਜ਼ਿਆਦਾ ਮਾਰੂ ਹੈ।
ਮੁਸਲਮਾਨਾਂ ਦਾ ਕਿਸੇ ਹੋਰ ਮਤ ਵਾਲਿਆਂ ਨੇ ਐਨਾ ਨੁਕਸਾਨ ਨਹੀਂ ਕੀਤਾ ਜਿੰਨਾ ਉਨ੍ਹਾਂ ਖੁਦ ਸ਼ੀਆ-ਸੁੰਨੀ ਦਾ ਵਖਰੇਵਾਂ ਕਰਕੇ ਆਪ ਕੀਤਾ। ਹਜ਼ਰਤ ਮੁਹੰਮਦ ਸਾਹਿਬ ਅਤੇ ਪਵਿੱਤਰ ਕੁਰਾਨ ਸ਼ਰੀਫ 'ਤੇ ਕਿਸੇ ਨੂੰ ਕੋਈ ਕਿੰਤੂ ਨਹੀਂ, ਫਿਰ ਵੀ ਇਕ-ਦੂਜੇ ਦੀਆਂ ਮਸਜਿਦਾਂ ਵਿਚ ਬੰਬ ਚਲਾਏ ਜਾਂਦੇ ਹਨ ਜਿਥੇ ਕੁਰਾਨ ਸ਼ਰੀਫ਼ ਪਈ ਹੁੰਦੀ ਹੈ। ਸਾਨੂੰ ਸਿੱਖਾਂ ਨੂੰ ਤਾਂ ਵੰਡਣ ਹੀ ਗ੍ਰੰਥਾਂ ਦੇ ਆਧਾਰ 'ਤੇ ਲੱਗੇ ਆ। ਜਿਹੜੇ ਸਿੱਖ ਵਿਦਵਾਨਾਂ ਨੇ ਦਸਮ ਗ੍ਰੰਥ ਬਾਰੇ ਖੋਜ ਕਰ ਕੇ ਇਹਨੂੰ ਗੁਰੂ ਗੋਬਿੰਦ ਸਿੰਘ ਨਾਲ ਜੋੜਿਆ ਹੈ, ਉਨ੍ਹਾਂ ਦਾ ਖੋਜ ਥੀਸਿਸ ਉਨ੍ਹਾਂ ਨੂੰ ਮੁਬਾਰਕ!
   
  • ਇਹ ਕਿਉਂ ਤੀਂਘੜ-ਤੀਂਘੜ ਕੇ ਇਹਨੂੰ ਗੁਰਬਾਣੀ ਦਾ ਦਰਜਾ ਦੇਣ ਲਈ ਅੱਡੀਆਂ ਚੁੱਕ ਕੇ ਗੁਰਦੁਆਰਿਆਂ ਵਿਚ ਸੈਮੀਨਾਰ ਕਰਦੇ ਫਿਰਦੇ ਆ?
  • ਕਿਉਂ ਥੋਥੀਆਂ ਦਲੀਲਾਂ ਦੇ ਕੇ ਗੁਰੂ ਗ੍ਰੰਥ ਸਾਹਿਬ ਦੀ ਸਰਬਉਚਤਾ ਨੂੰ ਚੁਣੌਤੀ ਦੇਣ ਡਹੇ ਆ?
  • ਇਹ ਇਹਦੇ ਨਾਲ ਸਿੱਖੀ ਨੂੰ ਹੋਰ ਕਿੰਨੀ ਕੁ ਪੱਕੀ ਕਰ ਰਹੇ ਆ ਜਿਹੜੀ ਅੱਜ ਤੱਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਨਹੀਂ ਹੋਈ?
  • ਇਹ ਆਪਣੇ ਅੰਦਰ ਝਾਤੀ ਮਾਰ ਕੇ ਦੇਖਣ ਤੇ ਦੱਸਣ ਕਿ ਉਹ ਇਸ ਦਸਮ ਗ੍ਰੰਥ ਨੂੰ ਗੁਰਬਾਣੀ ਮੰਨ ਕੇ ਦੂਜੇ ਸਿੱਖਾਂ ਨਾਲੋਂ ਕਿਵੇਂ ਚੰਗੇ ਆ?
ਪਤਾ ਤਾਂ ਲੱਗੇ ਫਰਕ ਦਾ ਤੇ ਗੁਣਾਂ ਦਾ! ਜੇ ਇਹਦਾ ਪਾਠ ਕਰ ਕੇ ਉਨ੍ਹਾਂ ਦਾ ਜੀਵਨ ਸਫ਼ਲ ਹੋ ਰਿਹਾ ਹੈ ਤਾਂ ਕਰੀ ਜਾਣ ਆਪਣੇ ਘਰਾਂ ਵਿਚ ਦਿਨ ਰਾਤ ਇਹਦਾ ਪਾਠ, ਪਰ ਗੁਰੂ ਦੀ ਹੁਕਮ-ਅਦੂਲੀ ਤਾਂ ਨਾ ਕਰਨ। ਇਹ ਝੂਠੀ ਵਕਾਲਤ ਤਾਂ ਨਾ ਕਰਨ ਕਿ ਕਿਸੇ ਵੇਲੇ ਇਸ ਗ੍ਰੰਥ ਦਾ ਪ੍ਰਕਾਸ਼ ਵੀ ਗੁਰਦੁਆਰਿਆਂ ਵਿਚ ਹੁੰਦਾ ਰਿਹਾ ਹੈ।
ਪਿਛੇ ਜਿਹੇ ਕੈਲੀਫੋਰਨੀਆ ਦੇ ਇਕ ਗੁਰਦੁਆਰੇ ਵਿਚ 'ਅੰਮ੍ਰਿਤ ਬਾਣੀ' ਨਾਮ ਹੇਠ ਸੈਮੀਨਾਰ ਕਰਵਾਇਆ ਗਿਆ। ਹੁਣ ਤੱਕ ਤਾਂ ਇਹਦੇ ਬਾਰੇ ਕਾਫ਼ੀ ਕੁਝ ਇੰਟਰਨੈਟ, ਫੇਸਬੁੱਕ ਤੇ ਅਖ਼ਬਾਰਾਂ ਵਿਚ ਆ ਚੁੱਕਿਆ ਹੈ। ਇਸ ਇਕੱਠ ਨੂੰ ਪ੍ਰਬੰਧਕਾਂ ਨੇ ਬਹੁਤ ਵੱਡਾ ਪੰਥਕ ਇਕੱਠ ਦੱਸ ਕੇ ਪ੍ਰਚਾਰਿਆ ਤੇ ਸਫ਼ਲ ਕਰਾਰ ਦਿੱਤਾ। ਹੁਣ ਇਨ੍ਹਾਂ ਵਿਦਵਾਨਾਂ ਦੀਆਂ ਕਹੀਆਂ ਦੋ ਕੁ ਗੱਲਾਂ 'ਤੇ ਝਾਤ ਪਾ ਲਈਏ। ਡਾ. ਹਰਭਜਨ ਸਿੰਘ ਨੇ ਇਸ ਪੰਥਕ ਇਕੱਠ ਵਿਚ ਬੋਲਦਿਆਂ ਕਿਹਾ ਕਿ 'ਚਰਿਤਰੋ ਪਾਖਿਆਨ' ਜਿਸ ਦੀਆਂ ਸਤਰਾਂ ਲਿਖਣ ਤੋਂ ਅਖ਼ਬਾਰ ਨੇ ਵੀ ਗੁਰੇਜ਼ ਕੀਤਾ, ਸਮੇਤ ਸਮੁੱਚਾ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਦੀ ਰਚਨਾ ਹੈ। ਉਨ੍ਹਾਂ ਦੀ ਦਲੀਲ ਸੀ ਕਿ ਇਹਦੇ ਵਿਚ ਕੌਤਕ ਹਨ ਗੁਰੂ ਸਾਹਿਬ ਦੇ।
 
ਸਵਾਲ ਹੈ ਕਿ ਕੀ ਦਸਮ ਗ੍ਰੰਥ ਦੇ ਉਪਾਸ਼ਕ ਆਪਣੇ ਘਰ ਵਿਚ ਆਪਣੀ ਧੀ ਨੂੰ ਅਜਿਹੇ ਕੌਤਕ ਕਰਨ ਦੀ ਇਜਾਜ਼ਤ ਦੇਣਗੇ? ਜੇ ਜੁਆਬ ਨਾਂਹ ਵਿਚ ਹੈ ਤਾਂ ਸਮਝੋ ਇਹ ਗੁਰੂ ਕ੍ਰਿਤ ਨਹੀਂ, ਕਿਉਂਕਿ ਜਿਸ ਗੁਰੂ ਨੇ ਖਾਲਸਾ ਸਿਰਜਣ ਸਮੇਂ ਖਾਲਸੇ ਨੂੰ ਇਹੋ ਜਿਹੀ ਹਰਕਤ ਨੂੰ ਬਜਰ ਕੁਰਹਿਤ ਵਿਚ ਰੱਖ ਕੇ ਪੂਰੀ ਤਰ੍ਹਾਂ ਵਰਜ ਦਿੱਤਾ, ਉਹ ਕਿਵੇਂ ਇਹੋ ਜਿਹਾ ਲਿਖ ਸਕਦਾ ਹੈ।
ਗੁਰੂ ਜੀ ਨੇ ਜਦੋਂ ਤੰਬਾਕੂ ਪੀਣ ਵਾਲੇ ਨੂੰ ਵਰਜਿਆ ਤੇ ਮਿਸਾਲ ਇਹ ਵੀ ਦਿੱਤੀ ਕਿ ਉਨ੍ਹਾਂ ਦਾ ਘੋੜਾ ਤੰਬਾਕੂ ਦੇ ਖੇਤ 'ਚੋਂ ਨਿਕਲਣ ਤੋਂ ਇਨਕਾਰੀ ਹੋ ਗਿਆ, ਫਿਰ ਉਹੋ ਗੁਰੂ ਇਹੋ ਜਿਹਾ ਗ੍ਰੰਥ ਕਿਉਂ ਲਿਖੂ ਜਿਸ ਵਿਚ ਗਾਂਜਾ, ਭੰਗ, ਚਰਸ ਖਾ ਕੇ ਕੌਤਕ ਕਰਨ ਵਾਸਤੇ ਉਕਸਾਇਆ ਗਿਆ ਹੋਵੇ?
ਗੁਰੂ ਗੋਬਿੰਦ ਸਿੰਘ ਨੂੰ ਕਿਹੜੀ ਮਜਬੂਰੀ ਸੀ ਕਿ ਇੰਨਾ ਸੋਹਣਾ ਨਾਮ ਬਦਲ ਕੇ ਆਪਣੇ ਆਪ ਨੂੰ ਰਾਮ ਸ਼ਿਆਮ ਕਹਿਣਾ ਪਿਆ?
ਕਿੱਡੀ ਵੱਡੀ ਸਾਜ਼ਿਸ਼ ਹੈ! ਇਸ ਵਿਦਵਾਨ ਨੇ ਇਹ ਵੀ ਕਿਹਾ, ਗੁਰੂ ਗ੍ਰੰਥ ਸਾਹਿਬ ਵੱਡਾ ਭਰਾ ਹੈ ਤੇ ਦਸਮ ਗ੍ਰੰਥ ਉਹਦਾ ਹੀ ਛੋਟਾ ਭਰਾ! ਕੀ ਅਹਿਮਕਪੁਣਾ ਫੜ ਲਿਆ ਅਜਿਹੇ ਸਿੱਖ ਵਿਦਵਾਨਾਂ ਨੇ?
ਇਸ ਵਿਦਵਾਨ ਨੇ ਸੈਮੀਨਾਰ ਕਰਾਉਣ ਵਾਲਿਆਂ ਦੀ ਮਨਸ਼ਾ ਇਹ ਕਹਿ ਕੇ ਪੂਰੀ ਕਰ ਦਿੱਤੀ ਕਿ ਸਾਰੇ ਗ੍ਰੰਥ ਹੀ ਅਦਬ ਸਤਿਕਾਰ ਦੇ ਹੱਕਦਾਰ ਹਨ। ਉਨ੍ਹਾਂ ਗੁਰਸਿੱਖਾਂ ਦੀ ਆਲੋਚਨਾ ਕੀਤੀ ਜਿਹੜੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਗੁਰਬਾਣੀ ਦਾ ਇਕੋ ਇਕ ਸੋਮਾ ਮੰਨਦੇ ਹਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵੀ ਮਹਾਂ ਵਿਨਾਸ਼ਕਾਰੀ ਕਰਾਰ ਦੇ ਦਿੱਤਾ। ਵਿਦਵਾਨ ਦੇ ਲਫ਼ਜ਼ ਹਨ, "ਆਹ ਜਿਹੜੇ ਇਕੋ ਗ੍ਰੰਥ ਇਕੋ ਗ੍ਰੰਥ ਦੀ ਰਟ ਲਾਈ ਜਾਂਦੇ ਹਨ, ਇਹ ਗ੍ਰੰਥ ਨਿੰਦਕ ਹਨ ਤੇ ਉਹ ਗ੍ਰੰਥ ਵੀ ਮਹਾਂ ਵਿਨਾਸ਼ਕਾਰੀ ਹੈ ਜਿਹੜਾ ਅੱਗਿਉਂ ਹੋਰ ਗ੍ਰੰਥ ਲਿਖਣੇ ਬੰਦ ਕਰਵਾ ਦੇਵੇ, ਘਰ ਘਰ ਵਿਚ ਗ੍ਰੰਥ ਲਿਖ ਹੋਣੇ ਚਾਹੀਦੇ ਹਨ।"
ਇਥੇ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਇਹ ਸੈਮੀਨਾਰ ਉਸੇ ਗੁਰਦੁਆਰੇ ਵਿਚ ਹੋਇਆ ਜਿਥੇ 2-3 ਕੁ ਸਾਲ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦੋ ਹੋਰ ਪਾਲਕੀਆਂ ਰੱਖ ਕੇ ਉਨ੍ਹਾਂ ਵਿਚ ਰੁਮਾਲਿਆਂ 'ਚ ਸਜਾ ਕੇ ਦੋ ਗ੍ਰੰਥ ਰੱਖ ਕੇ ਦੋ ਗੁਰਸਿੱਖਾਂ ਨੂੰ ਚੌਰ ਦੇ ਕੇ ਉਨ੍ਹਾਂ ਦੀ ਤਾਬਿਆ ਬਿਠਾ ਕੇ ਸਿੱਖ ਸੰਗਤ ਤੋਂ ਇਹ ਕਹਿ ਕੇ ਮੱਥੇ ਟਿਕਵਾਏ ਕਿ ਇਨ੍ਹਾਂ ਵਿਚੋਂ ਇਕ ਵਿਚ ਬਹੁਤ ਦੁਰਲੱਭ ਭਾਈ ਬੰਨੋ ਵਾਲੀ ਗ੍ਰੰਥ ਸਾਹਿਬ ਦੀ ਬੀੜ ਹੈ ਤੇ ਦੂਜੇ ਵਿਚ ਦਸਮ ਗ੍ਰੰਥ। ਇਹ ਤਾਂ ਉਨ੍ਹਾਂ ਦੋਵਾਂ ਗੁਰਸਿੱਖਾਂ ਦਾ ਭਲਾ ਹੋਵੇ ਜਿਨ੍ਹਾਂ ਨੇ ਉਹ ਗ੍ਰੰਥ ਖੋਲ੍ਹ ਕੇ ਦੇਖੇ ਜਿਨ੍ਹਾਂ ਵਿਚ ਕ੍ਰਿਸ਼ਨ ਯੁਧਿਸ਼ਟਰ ਦੀਆਂ ਕਹਾਣੀਆਂ ਲਿਖੀਆਂ ਹਨ ਤੇ ਇਕ ਵੀ ਗੁਰਬਾਣੀ ਦਾ ਸ਼ਬਦ ਨਹੀਂ ਲੱਭਾ। ਜਦੋਂ ਰੌਲਾ ਪਿਆ ਤਾਂ ਪ੍ਰਬੰਧਕ ਕਹਿੰਦੇ, ਗਲਤੀ ਨਾਲ 'ਮਹਾਂਭਾਰਤ ਗ੍ਰੰਥ' ਰੱਖਿਆ ਗਿਆ।
ਦਸਮ ਗ੍ਰੰਥ ਦੀ ਵਾਜਬੀਅਤ ਲਈ ਇਹ ਦਲੀਲ ਦਿੱਤੀ ਗਈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸ਼ਾਂਤੀ ਦਾ ਪੈਗਾਮ ਦਿੰਦੀ ਹੈ ਜਦੋਂਕਿ ਦਸਮ ਗ੍ਰੰਥ ਦੀ ਬਾਣੀ ਪੜ੍ਹ ਕੇ ਬੰਦਾ ਜੋਸ਼ ਨਾਲ ਭਰ ਜਾਂਦਾ ਹੈ ਤੇ ਦੁਸ਼ਮਣ ਨਾਲ ਦੋ ਹੱਥ ਕਰਨ ਲਈ ਅੱਗੇ ਵਧ ਕੇ ਲੜਦਾ ਹੈ। ਇਨ੍ਹਾਂ ਹੀ ਵਿਦਵਾਨਾਂ ਨੇ ਦੱਸਿਆ ਕਿ ਦਸਮ ਗ੍ਰੰਥ 1696 ਵਿਚ ਲਿਖਿਆ ਗਿਆ, ਪਰ ਗੁਰੂ ਗੋਬਿੰਦ ਸਿੰਘ ਦੀ ਪਹਿਲੀ ਲੜਾਈ ਪਹਾੜੀ ਰਾਜਿਆਂ ਨਾਲ 1688 ਵਿਚ ਭੰਗਾਣੀ 'ਚ ਹੋਈ; ਉਸ ਵਕਤ ਗੁਰੂ ਜੀ ਵੱਲੋਂ ਲੜਨ ਵਾਲੇ ਕੋਈ ਟਰੇਂਡ ਯੋਧੇ ਤੇ ਵਧੀਆ ਹਥਿਆਰਾਂ ਵਾਲੇ ਨਹੀਂ ਸੀ। ਉਹ ਹੀ ਸਨ ਜਿਹੜੇ ਜਪੁਜੀ ਸਾਹਿਬ, ਅਨੰਦ ਸਾਹਿਬ, ਸੁਖਮਨੀ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਬਾਣੀਆਂ ਦਾ ਪਾਠ ਪੜ੍ਹਨ, ਸੁਣਨ ਵਾਲੇ ਸਨ, ਫਿਰ ਉਨ੍ਹਾਂ ਵਿਚ ਜੋਸ਼ ਕਿੱਥੋਂ ਆ ਗਿਆ ਕਿ ਪਹਾੜੀਆਂ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ? ਉਦੋਂ ਤਾਂ ਇਹ ਜੋਸ਼ੀਲਾ ਗ੍ਰੰਥ ਲਿਖਿਆ ਵੀ ਨਹੀਂ ਸੀ ਗਿਆ।
ਉਦਾਂ ਤਾਂ ਗੁਰੂ ਸਾਹਿਬ ਤੋਂ ਬਾਅਦ ਦਾ ਸਮਾਂ ਸਿੱਖਾਂ ਲਈ ਜੰਗਾਂ-ਯੁੱਧਾਂ ਵਾਲਾ ਹੀ ਸੀ, ਪਰ ਮਹਾਰਾਜਾ ਰਣਜੀਤ ਸਿੰਘ ਦੀਆਂ ਮੁਹਿੰਮਾਂ ਦਾ ਇਤਿਹਾਸ ਮਿਲਦਾ ਹੈ। ਮਹਾਰਾਜੇ ਦੇ ਜਰਨੈਲ ਗੁਰੂ ਗ੍ਰੰਥ ਸਾਹਿਬ ਤੋਂ ਹੁਕਮਨਾਮਾ ਲੈ ਕੇ ਅਰਦਾਸ ਕਰ ਕੇ ਯੁੱਧਾਂ ਵਿਚ ਜਾਂਦੇ ਤੇ ਜਿੱਤਾਂ ਵੀ ਪ੍ਰਾਪਤ ਹੁੰਦੀਆਂ। ਤੀਜੀ ਗੱਲ, 1849 'ਚ ਅੰਗਰੇਜ਼ਾਂ ਨੇ ਜਦੋਂ ਪੰਜਾਬ ਨੂੰ ਬ੍ਰਿਟਿਸ਼ ਸਾਮਰਾਜ ਵਿਚ ਸ਼ਾਮਲ ਕੀਤਾ ਤਾਂ ਉਹ ਭਲੀ ਪ੍ਰਕਾਰ ਸਿੱਖ ਸਿਪਾਹੀਆਂ ਦੇ ਲੜਨ ਮਰਨ ਦੇ ਜਜ਼ਬੇ ਤੋਂ ਜਾਣੂ ਹੋ ਗਏ ਸਨ, ਕਿਉਂਕਿ ਸਭਰਾਵਾਂ ਤੇ ਚਿੱਲਿਆਂ ਵਾਲਾ ਦੀਆਂ ਲੜਾਈਆਂ ਵਿਚ ਅੰਗਰੇਜ਼ਾਂ ਦੀ ਜਿੱਤ ਗੱਦਾਰਾਂ ਨੇ ਕਰਵਾਈ ਸੀ। ਅੰਗਰੇਜ਼ ਬੜਾ ਤੇਜ਼ ਦਿਮਾਗ ਸੀ, ਉਹਨੇ ਸਿੱਖ ਰਜਮੈਂਟ ਜਦੋਂ ਬਣਾਈ ਤਾਂ ਉਹੋ ਸਿਪਾਹੀ ਰਣਜੀਤ ਸਿੰਘ ਵਾਲੇ ਭਰਤੀ ਕੀਤੇ ਤੇ ਨਾਲ ਹੀ ਗੁਰਦੁਆਰਾ ਬਣਾ ਕੇ ਗੁਰੂ ਗ੍ਰੰਥ ਸਾਹਿਬ ਰੱਖ ਦਿੱਤਾ ਤੇ ਸਿੱਖ ਸਿਪਾਹੀਆਂ ਨੂੰ ਸਾਬਤ ਸੂਰਤ ਰਹਿਣ ਦਾ ਹੁਕਮ ਕੀਤਾ। ਉਹ ਇਹ ਬਾਖੂਬੀ ਜਾਣਦਾ ਸੀ ਕਿ ਸਿੱਖਾਂ ਦਾ ਇਹ ਪੱਕਾ ਭਰੋਸਾ ਹੈ ਕਿ ਜਿੰਨੀ ਦੇਰ ਗੁਰੂ ਗ੍ਰੰਥ ਸਾਹਿਬ ਉਨ੍ਹਾਂ ਦੇ ਨਾਲ ਹੈ, ਕੋਈ ਮਾਈ ਦਾ ਲਾਲ ਹਰਾ ਨਹੀਂ ਸਕਦਾ। ਇਹਦਾ ਵੱਡਾ ਸਬੂਤ ਉਹ ਫੋਟੋ ਹੈ ਜਿਹੜੀ ਲੰਡਨ ਮਿਊਜੀਅਮ ਵਿਚ ਪਈ ਹੈ ਜਿਸ ਵਿਚ ਪਹਿਲੀ ਸੰਸਾਰ ਜੰਗ ਵਿਚ ਸਿੱਖ ਫੌਜੀ ਮੈਸੋਪਟਾਮੀਆ ਵਿਚ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿਚ ਮਾਰਚ ਕਰਦੇ ਹਨ। ਚੌਥੀ ਗੱਲ, ਕੀ ਇਹ ਵਿਦਵਾਨ ਦੱਸਣਗੇ ਕਿ 31 ਅਕਤੂਬਰ 1984 ਨੂੰ ਸ਼ ਬੇਅੰਤ ਸਿੰਘ ਤੇ ਸ਼ ਸਤਵੰਤ ਸਿੰਘ ਨੇ ਕਿਹੜੇ ਚਰਿਤਰੋ ਪਾਖਿਆਨ ਦਾ ਨਿਤਨੇਮ ਕੀਤਾ ਸੀ ਕਿ ਉਨ੍ਹਾਂ ਵਿਚ ਇੰਨਾ ਜੋਸ਼ ਭਰ ਗਿਆ?
ਦਸਮ ਗ੍ਰੰਥ ਦੇ ਸਮਰਥਕ ਇਨ੍ਹਾਂ ਵਿਦਵਾਨਾਂ ਦਾ ਪੂਰਾ ਜ਼ੋਰ ਲੱਗਾ ਹੋਇਆ ਹੈ ਕਿ ਇਸ ਗ੍ਰੰਥ ਦਾ ਅੱਖਰ ਅੱਖਰ ਗੁਰੂ ਸਾਹਿਬ ਦੀ ਰਚਨਾ ਹੈ। ਇਸੇ ਕਰ ਕੇ ਇਹ ਕਹਿੰਦੇ ਕਿ ਚਰਿਤਰੋ ਪਾਖਿਆਨ ਤੋਂ ਬਗੈਰ ਤਾਂ ਅੰਮ੍ਰਿਤ ਤੇ ਨਿਤਨੇਮ ਦੀਆਂ ਬਾਣੀਆਂ ਵੀ ਅਧੂਰੀਆਂ ਹਨ। ਮਕਸਦ ਇਹ ਹੈ ਕਿ ਇਸ ਚਰਿਤਰੋ ਪਾਖਿਆਨ ਦੇ ਗੰਦਮੰਦ ਨੂੰ ਵੀ ਨਿਤਨੇਮ ਦੀਆਂ ਬਾਣੀਆਂ ਨਾਲ ਜੋੜੋ ਤਾਂ ਕਿ ਗੁਰੂ ਗ੍ਰੰਥ ਸਾਹਿਬ ਦਾ ਅਦਬ ਸਤਿਕਾਰ ਕਰਨ ਵਾਲੇ ਆਪਣੇ ਮੂੰਹੋਂ ਖੁਦ ਕਹਿਣ ਕਿ ਇਹ ਬਾਣੀਆਂ ਵੀ ਝੂਠੀਆਂ ਹਨ! ਮੈਂ ਤਾਂ ਉਨ੍ਹਾਂ ਗੁਰਸਿੱਖਾਂ ਨੂੰ ਵੀ ਇਹ ਅਰਜ਼ ਕਰਦਾਂ ਕਿ ਜਦ ਤੱਕ ਸਮੂਹ ਸਿੱਖ ਜਗਤ ਕੋਈ ਅਗਲਾ ਫੈਸਲਾ ਨਹੀਂ ਕਰਦਾ, ਉਨੀ ਦੇਰ ਪਹਿਲਾਂ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਮੁਤਾਬਿਕ ਨਿਤਨੇਮ ਤੇ ਅੰਮ੍ਰਿਤ ਦੀਆਂ ਬਾਣੀਆਂ 'ਤੇ ਕਿੰਤੂ ਜਾਂ ਉਜ਼ਰ ਕਰਨਾ ਵੀ ਉਨਾ ਹੀ ਗੁਨਾਹ ਹੋਵੇਗਾ ਜਿੰਨਾ ਦਸਮ ਗ੍ਰੰਥ ਨੂੰ ਸਿਰ 'ਤੇ ਚੜ੍ਹਾਉਣਾ।
ਬੜਾ ਸੰਜੀਦਾ ਮਸਲਾ ਅਗਲਿਆਂ ਨੇ ਖੜ੍ਹਾ ਕੀਤਾ ਹੋਇਆ ਹੈ, ਸਿਆਣਪ ਨਾਲ ਤੇ ਗੁਰੂ ਦੀ ਮਤ ਮੁਤਾਬਿਕ ਹੱਲ ਹੋਣਾ ਹੈ। ਕਿਤੇ ਆਹ ਦਸਮ ਗ੍ਰੰਥ ਵਾਲਾ ਛਲੇਡਾ ਸਿੱਖ ਜਗਤ ਨੂੰ ਦੋਫਾੜ ਨਾ ਕਰ ਜਾਵੇ। ਜਿਸ ਸ਼ੈਤਾਨ ਨੇ ਇਹ ਤੀਲ ਬਾਲ ਕੇ ਸਿੱਖਾਂ ਦੇ ਵਿਹੜੇ ਵਿਚ ਸੁੱਟੀ ਆ, ਉਹ ਤਾਂ ਕਦੋਂ ਦਾ ਕਚੀਚੀਆਂ ਲੈ ਰਿਹਾ ਹੈ ਕਿ ਇਹ ਅਜੇ ਤੱਕ ਭਾਂਬੜ ਕਿਉਂ ਨਹੀਂ ਬਣਿਆ।
ਸ਼ੀਆ ਸੁੰਨੀ ਮਸਜਿਦਾਂ ਵਾਂਗੂ ਅਜੇ ਤੱਕ ਗੁਰਦੁਆਰੇ ਦੋ ਫਿਰਕਿਆਂ 'ਚ ਲੀਕ ਖਿੱਚ ਕੇ ਵੰਡੇ ਕਿਉਂ ਨਹੀਂ ਗਏ?
ਕਿਉਂ ਨਹੀਂ ਅਜੇ ਤੱਕ ਇੱਕ ਗੁਰਦੁਆਰੇ ਦੇ ਸਿੱਖਾਂ ਨੇ ਦੂਜੇ ਗੁਰਦੁਆਰੇ ਉਤੇ ਹਮਲਾ ਕੀਤਾ?
ਕਿਉਂ ਨਹੀਂ ਇਕ ਗ੍ਰੰਥ ਵਾਲਿਆਂ ਨੇ ਦੂਜੇ ਨੂੰ ਚੁੱਕ ਕੇ ਬਾਹਰ ਸੁੱਟਿਆ?
ਮਸਲੇ ਤਾਂ ਸਿੱਖਾਂ ਦੇ ਹੋਰ ਬੜੇ ਹਨ ਜਿਨ੍ਹਾਂ ਬਾਰੇ ਵਿਦਵਾਨਾਂ ਨੇ ਗੁਰਮਤਿ ਦੀ ਰੌਸ਼ਨੀ ਵਿਚ ਸਿੱਖਾਂ ਨੂੰ ਸੇਧ ਦੇਣੀ ਹੈ, ਪਰ ਆਹ ਦਸਮ ਗ੍ਰੰਥ ਨੇ ਤੁਹਾਨੂੰ ਫੜ ਕੇ ਬਹਿ ਜਾਣਾ ਹੈ! ਚੇਤੇ ਰੱਖਿਓ, ਭਵਿੱਖ ਨੇ ਤੁਹਾਡੇ ਕੋਲੋਂ ਜੁਆਬ ਮੰਗਣਾ!!
'ਗੱਲ ਸਹੇ ਦੀ ਨਹੀਂ, ਪਹੇ ਦੀ ਹੈ।' ਇਸ ਕਹਾਵਤ ਤੋਂ ਸਬਕ ਲੈ ਕੇ ਆਪਾਂ ਉਸ ਸਿੱਖੀ ਨੂੰ ਟੋਟੇ ਹੋਣ ਤੋਂ ਬਚਾਉਣਾ ਹੈ ਜਿਹਨੂੰ ਸਾਡੇ ਗੁਰੂ ਸਾਹਿਬਾਨ, ਸਾਹਿਬਜ਼ਾਦਿਆਂ ਤੇ ਨਿੱਕੇ ਨਿੱਕੇ ਬੱਚਿਆਂ, ਭੈਣਾਂ, ਮਾਤਾਵਾਂ ਤੇ ਗੁਰਸਿੱਖਾਂ ਨੇ ਸ਼ਹਾਦਤਾਂ ਦੇ ਕੇ ਵੱਡਾ ਕੀਤਾ।