ਸਿੱਖੀ, ਸੰਤ, ਡੇਰਾ ਤੇ ਗੁਰਦੁਆਰਾ....

-ਮਝੈਲ ਸਿੰਘ 'ਮਝੈਲ'
ਗੁਰਦੁਆਰਾ! ਬੱਸ ਨਾਮ ਹੀ ਕਾਫੀ ਹੁੰਦਾ ਹੈ ਸਿੱਖ ਲਈ, ਆਪਣੀ ਜ਼ਿੰਦਗੀ ਦੇ ਝੰਜਟ-ਝਮੇਲਿਆਂ ਤੋਂ ਛੁਟਕਾਰਾ ਪਾਉਣ ਦਾ। ਗੁਰਦੁਆਰਾ ਸਿੱਖ ਲਈ ਕੇਵਲ ਕੋਈ ਬਿਲਡਿੰਗ ਦਾ ਨਾਂ ਨਹੀਂ, ਬਲਕਿ ਇਹ ਤਾਂ ਉਹਦੇ ਲਈ ਰੱਬ ਦੇ ਦਰਬਾਰ ਦਾ ਉਹ ਪਵਿੱਤਰ ਦਰ ਹੈ, ਜਿੱਥੇ ਉਹਦੇ ਸਵਾਲੀ ਬਣ ਕੇ ਝੁਕੇ ਨੂੰ ਹਰ ਮੁਰਾਦ ਪੂਰੀ ਹੋਣ ਦੀ ਆਸ ਬੱਝੀ ਹੁੰਦੀ ਹੈ। ਜ਼ਿੰਦਗੀ ‘ਚ ਜੇ ਕਿਤੇ ਹਰ ਪਾਸਿਓਂ ਹੀ ਨਿਰਾਸ਼ਾ ਮਿਲੀ ਹੋਵੇ ਤਾਂ ਵੀ ਗੁਰਦੁਆਰੇ ਆ ਕੇ ਕੋਈ ਅੰਦਰੂਨੀ ਤਸੱਲੀ ਮਹਿਸੂਸ ਕਰਦਾ ਹੈ ਤੇ ਜ਼ਿੰਦਗੀ ‘ਚ ਢਾਰਸ ਦਾ ਸਬੱਬ ਵੀ ਬਣਦਾ ਹੈ। ਗੁਰਦੁਆਰੇ ਦੀ ਹਰ ਚੀਜ਼ ਅਤੇ ਵਰਤਾਰਾ ਇਕ ਅਹਿਸਾਸ ਦਿਵਾਉਂਦੈ ਜਿਉਂਦੀ ਜਾਗਦੀ ਕੌਮ ਦਾ। ਕੇਸਰੀ ਨਿਸ਼ਾਨ ਥੱਲੇ ਆ ਕੇ ਸਿੱਖ ਤਾਂ ਕੀ, ਹੋਰ ਵੀ ਕੋਈ ਇਹੋ ਮਹਿਸੂਸ ਕਰਦਾ ਹੈ ਕਿ ਹੁਣ ਸੱਚੇ ਪਰਵਰਦਗਾਰ ਦੀ ਪਨਾਹ ਵਿਚ ਆ ਗਿਆਂ। ਗੁਰੂ ਗ੍ਰੰਥ ਸਾਹਿਬ ਅੱਗੇ ਜਦੋਂ ਹੱਥ ਜੋੜ ਕੇ ਖੜ੍ਹਦਾ ਹੈ ਤਾਂ ਆਪਣੇ ਆਪ ਦਸ ਗੁਰੂ ਸਾਹਿਬਾਨ ਦੇ ਸਨਮੁਖ ਖੜ੍ਹਾ ਮਹਿਸੂਸ ਕਰਦਾ ਹੈ। ਉਹਨੂੰ ਅਹਿਸਾਸ ਹੁੰਦਾ ਹੈ ਕਿ ਖਾਮੋਸ਼ੀ ‘ਚ ਕੀਤੀ ਉਹਦੀ ਅਰਦਾਸ ਆਪ ਰੱਬ ਸੱਚੇ ਨੇ ਸੁਣੀ ਹੈ। ਦੁਖੀ ਮਨ ਨਾਲ ਮਾਰਿਆ ਨਿਹੋਰਾ ਵੀ ਉਹਨੂੰ ਸਕੂਨ ਦੇ ਜਾਂਦਾ ਹੈ ਤੇ ਜਦੋਂ ਮੱਥਾ ਟੇਕਦਾ ਹੈ ਤਾਂ ਇਹ ਮਹਿਸੂਸ ਕਰਦਾ ਹੈ ਕਿ ਬਾਬੇ ਨਾਨਕ ਨੇ ਉਹਦੀ ਕੰਡ ‘ਤੇ ਹੱਥ ਫੇਰਿਐ। ਗੁਰੂ ਗ੍ਰੰਥ ਸਾਹਿਬ ਅੱਗੇ ਸਜਾਏ ਸ਼ਸਤਰਾਂ ਵਿਚੋਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਚੜ੍ਹਦੀ ਕਲਾ ਦਾ ਝਲਕਾਰਾ, ਡਿੱਗਦੇ ਨੂੰ ਥੰਮੀ ਦਾ ਸਹਾਰਾ ਦੇ ਜਾਂਦਾ ਹੈ ਤੇ ਗੁਰੂ ਦਾ ਪ੍ਰਸਾਦਿ ਸਿੱਖ ਨੂੰ ਦੁਨੀਆਂ ਦੀਆਂ ਤਮਾਮ ਕੀਮਤੀ ਸ਼ੈਆਂ ਨਾਲੋਂ ਕਿਤੇ ਵੱਧ ਵਡਮੁੱਲੀ ਦਾਤਿ ਹੁੰਦੀ ਹੈ। ਗੁਰਦੁਆਰੇ ਅੰਦਰ ਗੁਰਬਾਣੀ ਦਾ ਕੀਰਤਨ ਸੁਣਦਿਆਂ ਮਹਿਸੂਸ ਹੁੰਦਾ ਹੈ ਕਿ ਸਾਡੇ ਭਗਤ-ਸੰਤ ਕੋਲ ਹੀ ਤਾਂ ਬੈਠੇ ਦੁੱਖ-ਸੁੱਖ ਦੇ ਭਾਈਵਾਲ ਬਣੇ ਹੋਏ ਹਨ। ਅਰਦਾਸ ਵਿਚ ਜੁੜੇ ਨੂੰ ਸਾਰੇ ਸ਼ਹੀਦ ਉਥੇ ਹੀ ਕਿਤੇ ਹਾਜ਼ਰ ਹੋਣ ਦਾ ਅਹਿਸਾਸ ਹੁੰਦਾ ਹੈ, ਜਦੋਂ ਉਹ ਸੁਣਦਾ ਹੈ ਕਿ ਬੰਦ ਬੰਦ ਕਟਵਾ ਕੇ, ਖੋਪੜੀਆਂ ਲੁਹਾ ਕੇ ਵੀ ਤੇਰਾ ਭਾਣਾ ਮਿੱਠਾ ਲਗਦਾ ਹੈ। ਫਿਰ ਆਪਣਾ ਦੁੱਖ ਤਾਂ ਕੁਝ ਵੀ ਨਹੀਂ ਲੱਗਦਾ, ਜਦੋਂ ਸੁਣਦਾ ਹੈ ਕਿ ਮਾਂਵਾਂ ਆਪਣੇ ਹੀ ਬੱਚਿਆਂ ਦੀਆਂ ਆਂਦਰਾਂ ਦੇ ਹਾਰ ਗਲਾਂ ‘ਚ ਪੁਆ ਕੇ, ਦਿਨਾਂ ਬੱਧੀ ਭੁੱਖੀਆਂ ਭਾਣੀਆਂ ਰਹਿ ਕੇ, ਸਵਾ ਸਵਾ ਮਣ ਦੇ ਪੀਸਣੇ ਪੀਂਹਦੀਆਂ ਰਹੀਆਂ ਪਰ ਸਿਦਕ ਤੋਂ ਨਾ ਹਾਰੀਆਂ। ਅੰਤ ਵਿਚ ਜਦੋਂ ਗੁਰਦੁਆਰਿਆਂ ਦਾ ਧਿਆਨ ਧਰ ਕੇ ਸਰਬੱਤ ਦਾ ਭਲਾ ਮੰਗਿਆ ਜਾਂਦਾ ਹੈ ਤਾਂ ਆਪ ਹੀ ਬੰਦਾ ਹੌਲਾ ਫੁੱਲ ਹੋ ਜਾਂਦਾ ਹੈ।

ਇਹ ਬਰਕਤਾਂ ਸਿਰਫ਼ ਗੁਰਦੁਆਰੇ ਵਿਚ ਹੀ ਮਿਲ ਸਕਦੀਆਂ ਹਨ, ਕੇਵਲ ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ। ਦੁਨੀਆਂ ਦੀਆਂ ਕਾਮਯਾਬੀਆਂ, ਖੁਸ਼ੀਆਂ, ਖੇੜਿਆਂ ਨੂੰ ਸਿੱਖ ਸਦਾ ਹੀ ਗੁਰੂ ਦੀ ਬਖ਼ਸ਼ਿਸ਼ ਮੰਨਦਾ ਹੋਇਆ, ਗੁਰਦੁਆਰੇ ਜਾ ਕੇ ਹੀ ਸ਼ੁਕਰਾਨਾ ਕਰਦਾ ਹੈ। ਗੁਰਦੁਆਰਾ ਸਿੱਖ ਦੀ ਰੂਹ ਨੂੰ ਤਰੋਤਾਜ਼ਾ ਤਾਂ ਕਰਦਾ ਹੀ ਹੈ, ਨਾਲ ਦੀ ਨਾਲ ਸਵੈਮਾਣਤਾ ਨਾਲ ਵੀ ਭਰਪੂਰ ਕਰ ਦਿੰਦਾ ਹੈ ਤੇ ਭਾਈਚਾਰਕ ਸਾਂਝ ਐਨੀ ਪੱਕੀ ਕਿ ‘ਏਕ ਪਿਤਾ ਏਕਸ ਕੇ ਹਮ ਬਾਰਿਕ’ ਦੇ ਸਿਧਾਂਤ ਮੁਤਾਬਿਕ ਇਕ-ਦੂਸਰੇ ਲਈ ਆਪਾ ਵਾਰਨ ਵਾਲੇ ਹੁੰਦੇ ਹਨ। ਦਰਅਸਲ, ਸਿੱਖ ਲਈ ਗੁਰਦੁਆਰੇ ਦੀ ਐਨੀ ਅਹਿਮੀਅਤ ਹੈ ਕਿ ਲਫ਼ਜ਼ਾਂ ਵਿਚ ਬਿਆਨ ਕਰਨੀ ਬੜੀ ਮੁਸ਼ਕਿਲ ਹੈ। ਗੁਰਦੁਆਰੇ ਤੋਂ ਬਗੈਰ ਸਿੱਖ ਜ਼ਿੰਦਗੀ ਨੂੰ ਅਧੂਰੀ ਮਹਿਸੂਸ ਕਰਦਾ ਹੈ ਅਤੇ ਅਧੂਰੀ ਜ਼ਿੰਦਗੀ ਉਹ ਜੀਅ ਨਹੀਂ ਸਕਦਾ। ਇਸ ਕਰਕੇ ਸਿੱਖਾਂ ਨੇ ਜਿੱਥੇ ਵੀ ਉਹ ਵਸੇ, ਸਭ ਤੋਂ ਪਹਿਲਾਂ ਆਪਣਾ ਗੁਰਦੁਆਰਾ ਬਣਾਇਆ, ਆਪਣੇ ਘਰ ਬਾਅਦ ‘ਚ। ਗੁਰਦੁਆਰੇ ਸਿੱਖਾਂ ਨੂੰ ਆਪਣੇ ਸਾਹਾਂ ਤੋਂ ਵੀ ਵੱਧ ਪਿਆਰੇ ਹਨ। ਤਵਾਰੀਖ ਗਵਾਹ ਹੈ ਕਿ ਸਿੱਖ ਆਪਣੀਆਂ ਜਾਨਾਂ ‘ਤੇ ਖੇਲ ਕੇ ਵੀ ਗੁਰਦੁਆਰਿਆਂ ਦੀ ਪਵਿੱਤਰਤਾ ਅਤੇ ਆਨ-ਸ਼ਾਨ ਨੂੰ ਕਾਇਮ ਰੱਖਦੇ ਰਹੇ ਹਨ। ਜਿੰਨੀ ਭਾਵਨਾ ਨਾਲ ਸਿੱਖ ਗੁਰਦੁਆਰੇ ਨਾਲ ਜੁੜਿਆ ਹੈ, ਹੋਰ ਕਿਸੇ ਵੀ ਧਰਮ ਦਾ ਪੈਰੋਕਾਰ ਆਪਣੇ ਧਾਰਮਿਕ ਸਥਾਨ ਨਾਲ ਨਹੀਂ ਜੁੜਿਆ; ਭਾਵੇਂ ਉਨ੍ਹਾਂ ਦੀ ਗਿਣਤੀ ਸਿੱਖਾਂ ਨਾਲੋਂ ਕਿਤੇ ਵੱਧ ਹੈ। ਜਿੰਨੀਆਂ ਕੁਰਬਾਨੀਆਂ ਸਿੱਖ ਕੌਮ ਨੇ ਗੁਰਦੁਆਰਿਆਂ ਲਈ ਕੀਤੀਆਂ, ਸ਼ਾਇਦ ਕਿਸੇ ਹੋਰ ਕੌਮ ਨੇ ਨਹੀਂ। ਕੀ ਕਾਰਨ ਹੈ ਇਸ ਦਾ?

‘ਗੁਰਦੁਆਰਾ’ ਨਾਮ ਆਪ ਗੁਰੂ ਸਾਹਿਬਾਨ ਨੇ ਦਿੱਤਾ। ਗੁਰਬਾਣੀ ਵਿਚ ਗੁਰਦੁਆਰਾ ਸ਼ਬਦ ਬੜੀ ਵਾਰੀ ਆਇਆ। ਅਨੰਦ ਸਾਹਿਬ ਬਾਣੀ ਵਿਚ ਦੋ ਵਾਰੀ ਗੁਰਦੁਆਰਾ ਸ਼ਬਦ ਆਇਆ ਹੈ-‘ਜਿਸਨੋ ਕਥਾ ਸੁਣਾਇਹਿ ਆਵੇ, ਗੁਰਦੁਆਰੈ ਸੁੱਖ ਪਾਵਹੇ’ ਅਤੇ ‘ਗੁਰਦੁਆਰੈ ਲਾਇ ਭਾਵਨੀ ਇਕਨਾ ਦਸਵਾ ਦੁਆਰ ਦਿਖਾਇਆ’। ਗੁਰ ਸ਼ਬਦ ਨੂੰ ਸਿੱਖ ਆਪਣੇ ਸੀਨੇ ਨਾਲ ਲਾ ਕੇ ਰੱਖਦੇ ਹਨ। ਇਸ ਕਰਕੇ ਸਿੱਖਾਂ ਲਈ ਗੁਰਦੁਆਰੇ ਦਾ ਕੋਈ ਵੀ ਬਦਲਵਾਂ ਨਾਂ ਹੋ ਹੀ ਨਹੀਂ ਸਕਦਾ, ਕਿਉਂਕਿ ਗੁਰੂ ਦੇ ਬੋਲ ਰੱਬੀ ਫਰਮਾਨ ਹਨ ਤੇ ਪੂਰੀ ਜ਼ਿੰਦਗੀ ਸਿੱਖ ਨੇ ਇਸ ‘ਤੇ ਪਹਿਰਾ ਦੇਣਾ ਹੈ ਤੇ ਪਹਿਰੇਦਾਰ ਦਾ ਇਹ ਪਹਿਲਾ ਫ਼ਰਜ਼ ਹੈ ਕਿ ਹਰ ਹੀਲੇ ਉਸ ਦੀ ਹਿਫ਼ਾਜ਼ਤ ਕਰੇ ਜਿਸ ‘ਤੇ ਉਹਦੀ ਡਿਊਟੀ ਹੁੰਦੀ ਹੈ ਤੇ ਗੁਰੂ ਦੇ ਸਿੱਖ ਬਾਖ਼ੂਬੀ ਇਸ ਨੂੰ ਨਿਭਾਉਂਦੇ ਵੀ ਆ ਰਹੇ ਹਨ ਪਰ ਆਹ ਹੁਣ ਜਦੋਂ ਦਾ ਸੰਤਵਾਦ ਕੁਝ ਜ਼ਿਆਦਾ ਹੀ ਵਧੀ ਜਾਂਦਾ ਹੈ ਅਤੇ ਨਾਲ ਹੀ ਡੇਰਿਆਂ ਦੀ ਗਿਣਤੀ ਵੀ ਵਧੀ ਜਾਂਦੀ ਹੈ, ਉਦੋਂ ਤੋਂ ਸਿੱਖੀ ਭੇਸ ਵਿਚ ਕਈ ਸੰਤ ਬਾਬਿਆਂ ਨੇ ਗੁਰੂ ਬਖ਼ਸ਼ਿਸ਼ ‘ਗੁਰਦੁਆਰਾ’ ਨਾਂ ਨੂੰ ਵੀ ਚੁਣੌਤੀ ਦੇ ਕੇ, ਆਪਣਿਆਂ ਡੇਰਿਆਂ ਦੀ ਦਿੱਖ ਗੁਰਦੁਆਰਿਆਂ ਵਾਲੀ ਬਣਾ ਕੇ ਨਵੇਂ ਨਾਂ ਰੱਖਣੇ ਸ਼ੁਰੂ ਕਰ ਦਿੱਤੇ ਹਨ। ਇਹੋ ਜਿਹੇ ਗੁਰਦੁਆਰਾ ਨੁਮਾ ਡੇਰੇ ਦਾ ਨਾਂ ਭਾਵੇਂ ਪਰਮੇਸ਼ਦੁਆਰ ਹੋਵੇ ਭਾਵੇਂ ਠਾਠ, ਭਾਵੇਂ ਨਿਰਮਲ ਕੁਟੀਆ ਭਾਵੇਂ ਗੁਰਜੋਤਿ ਪ੍ਰਕਾਸ਼, ਤੇ ਭਾਵੇਂ ਸਚਖੰਡ ਹੀ ਕਿਉਂ ਨਾ ਰੱਖਿਆ ਹੋਵੇ, ਉਹ ਕਦੇ ਵੀ ਗੁਰਦੁਆਰੇ ਨਹੀਂ ਕਹਾਉਂਦੇ ਕਿਉਂਕਿ ਇਨ੍ਹਾਂ ਡੇਰਿਆਂ ਵਿਚ ਦੇਹਧਾਰੀ ਦੀ ਮਾਨਤਾ ਪਹਿਲਾਂ ਹੁੰਦੀ ਹੈ ਅਤੇ ਸ਼ਬਦ ਗੁਰੂ ਦੀ ਸਿਰਫ ਰਸਮ ਮਾਤਰ।

ਜੇ ਉਹ ਗੁਰੂ ਬਖ਼ਸ਼ੇ ਗੁਰਦੁਆਰੇ ਨਹੀਂ ਤਾਂ ਫਿਰ ਸੱਚ ਜਾਣਿਓਂ, ਉਥੇ ‘ਗੁਰੂ ਰਹਿਮਤ’ ਵੀ ਨਹੀਂ ਵਰਤਦੀ ਅਤੇ ਗੁਰੂ ਦੇ ਸਿੱਖਾਂ ਨੂੰ ਉਥੇ ਕਦੇ ਵੀ ਰੂਹਾਨੀਅਤ ਦੀ ਤ੍ਰਿਪਤੀ ਨਹੀਂ ਹੁੰਦੀ ਕਿਉਂਕਿ ਨਕਲੀ ਕਦੇ ਵੀ ਅਸਲੀ ਨਹੀਂ ਹੁੰਦਾ। ਹਾਂ! ਇਹ ਵੱਖਰੀ ਗੱਲ ਆ ਕਿ ਡੇਰੇਦਾਰ ਦੇ ਸ਼ਰਧਾਲੂਆਂ ਨੂੰ ਭਾਵੇਂ ਉਥੇ ਸਭ ਕੁਝ ਮਿਲਦਾ ਹੋਊਗਾ, ਸਮੇਤ ਪੁੱਤਰਾਂ ਦੀਆਂ ਦਾਤਾਂ ਦੇ ਕਿਉਂਕਿ ਉਥੇ ਦਾ ਦੇਹਧਾਰੀ ਸੰਤ ਬਾਬਾ ਪੂਰਾ ਸਮਰੱਥ ਹੁੰਦਾ ਹੈ। ਬਾਬਾ ਰਾਮ ਰਾਇ ਦੇ ਗੁਰਬਾਣੀ ਦਾ ਸਿਰਫ਼ ਇਕੋ ਸ਼ਬਦ ਹੀ ਬਦਲਣ ‘ਤੇ ਗੁਰੂ ਹਰਿ ਰਾਇ ਸਾਹਿਬ ਨੇ ਸਾਰੀ ਉਮਰ ਮੂੰਹ ਨਹੀਂ ਦੇਖਿਆ ਅਤੇ ਸੰਗਤ ਨੂੰ ਵੀ ਇਹੋ ਫਰਮਾਨ ਜਾਰੀ ਕੀਤਾ; ਹਾਲਾਂਕਿ ਰਾਮ ਰਾਇ ਨੂੰ ਗੁਰਬਾਣੀ ਦਾ ਬਹੁਤ ਗਿਆਨ ਸੀ ਤੇ ਉਹ ਧਰਮੀ ਵੀ ਵੱਡਾ ਸੀ। ਹੁਣ ਫਿਰ ਅੱਜ ਦੇ ਉਨ੍ਹਾਂ ਡੇਰੇਦਾਰਾਂ ਨੂੰ ਕਿਸ ਵਰਗ ‘ਚ ਰੱਖੀਏ ਜਿਨ੍ਹਾਂ ਨੇ ‘ਗੁਰਦੁਆਰੇ’ ਦੀ ਬਜਾਏ ਵੱਖਰੇ ਨਾਂ ਵੱਡੇ ਵੱਡੇ ਗੇਟਾਂ ‘ਤੇ ਲਿਖੇ ਹੋਏ ਹਨ? ਕੀ ਇਹ ਗੁਰੂ ਨੂੰ ਚੁਣੌਤੀ ਨਹੀਂ?

ਬਹੁਤੇ ਸਿੱਖ ਵੀਰ-ਭੈਣਾਂ ਇਹ ਸੋਚਦੇ ਹੋਣਗੇ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਵੀ ਛਕਾਇਆ ਜਾਂਦਾ ਹੈ, ਸਭ ਕੁਝ ਹੀ ਤਾਂ ਧਾਰਮਿਕ ਹੁੰਦਾ ਹੈ, ਫਿਰ ਇਹ ਡੇਰੇ ਗੁਰਦੁਆਰੇ ਕਿਉਂ ਨਹੀਂ ਅਖਵਾ ਸਕਦੇ ਅਤੇ ਕਿਉਂ ਨਹੀਂ ਉਥੇ ‘ਗੁਰੂ ਰਹਿਮਤ’ ਵਰਤਦੀ? ਬੱਸ, ਇਹੋ ਜਿਹੀਆਂ ਗੱਲਾਂ ਹੀ ਚੰਗਿਆਂ ਭਲਿਆਂ ਨੂੰ ਸ਼ਸ਼ੋਪੰਜ ਵਿਚ ਪਾ ਦਿੰਦੀਆਂ ਹਨ ਅਤੇ ਸਿੱਖ ਦੁਬਿਧਾ ਵਿਚ ਪੈ ਜਾਂਦਾ ਹੈ। ਇਸ ਦੁਬਿਧਾ ਦਾ ਫਾਇਦਾ ਡੇਰੇਦਾਰ ਦੇ ਸ਼ਰਧਾਲੂ ਪ੍ਰਚਾਰਕ ਉਠਾਉਂਦੇ ਹਨ, ਤੇ ਉਹ ਗੁਰਬਾਣੀ ਦੇ ਪਵਿੱਤਰ ਸ਼ਬਦ ਸੰਤ, ਬ੍ਰਹਮਗਿਆਨੀ ਜਾਂ ਹੋਰ ਵੀ ਜਿੰਨੇ ਸ਼ਬਦ ਹਨ, ਸਹਿਜੇ ਸਹਿਜੇ ਡੇਰੇਦਾਰ (ਸੰਤ) ‘ਤੇ ਢੁਕਾ ਕੇ ਉਹਨੂੰ ਹੀ ਰੱਬੀ ਅਵਤਾਰ ਸਾਬਿਤ ਕਰਨ ‘ਤੇ ਲਾ ਦਿੰਦੇ ਹਨ। ਸ਼ਬਦ ਤਾਂ ਗੁਰਬਾਣੀ ਦਾ ਹੀ ਬੋਲਣਗੇ ਪਰ ਮਹਿਮਾ ਡੇਰੇ ਦੇ ਸੰਤ ਦੀ ਕਰਨਗੇ।

ਅੱਜਕੱਲ੍ਹ ਤਾਂ ਕਈ ਡੇਰਿਆਂ ਵਾਲੇ ਛੋਟੇ ਛੋਟੇ ਕਿਤਾਬਚੇ ਜਿਹੇ ਵੀ ਛਾਪ ਕੇ ਵੰਡਦੇ ਹਨ ਜਿਸ ਵਿਚ ਸਿਰਫ਼ ਤੇ ਸਿਰਫ਼ ਡੇਰੇ ਦੇ ਮੌਜੂਦਾ ਜਾਂ ਗੁਜ਼ਰ ਚੁੱਕੇ ਸੰਤਾਂ ਦਾ ਹੀ ਜੱਸ ਗਾਣ ਕੀਤਾ ਹੁੰਦਾ ਹੈ ਅਤੇ ਕਈ ਮਨਘੜਤ ਕਿੱਸੇ ਕਹਾਣੀਆਂ ਉਨ੍ਹਾਂ ਨਾਲ ਜੋੜੀਆਂ ਹੁੰਦੀਆਂ ਹਨ। ਹੋਰ ਨਹੀਂ ਤਾਂ ਇਹੋ ਹੀ ਬੜਾ ਵਧਾ ਚੜ੍ਹਾ ਕੇ ਲਿਖਿਆ ਹੁੰਦਾ ਹੈ ਕਿ ਇਕੱਲੇ ਸੰਤ ਨੇ ਇਕੋ ਹੀ ਚੌਕੜੇ ‘ਚ ਆਖੰਡ ਪਾਠ ਆਪ ਕੀਤਾ ਜਾਂ ਸੁਣ ਲਿਆ। ਆਹ ਗੱਲਾਂ ਕੋਈ ਸਿੱਖੀ ਦੇ ਪ੍ਰਚਾਰ ਲਈ ਥੋੜ੍ਹਾ ਹਨ, ਇਹ ਤਾਂ ਬਾਬੇ ਸੰਤ ਨੂੰ ਗੁਰੂ ਨਾਲੋਂ ਵੀ ਉਚਾ ਦਿਖਾਉਣ ਲਈ ਕੀਤਾ ਢਕਵੰਜ ਹੈ। ਹਾਂ, ਇਹਦੇ ਨਾਲ ਡੇਰੇ ਦੇ ਸ਼ਰਧਾਲੂਆਂ ਦੀ ਗਿਣਤੀ ਬਥੇਰੀ ਵਧੀ ਜਾਂਦੀ ਆ!

ਇੱਥੇ ਆਪਾਂ ਇਕ ਗੱਲ ਸਾਂਝੀ ਕਰਾਂਗੇ ਜਿਸ ਤੋਂ ਗੁਰਦੁਆਰੇ ਅਤੇ ਡੇਰੇ ਵਿਚਲਾ ਫਰਕ ਸਾਡੀ ਸਮਝ ਵਿਚ ਆ ਜਾਵੇ। ਕੋਈ ਧਾਰਮਿਕ ਸਥਾਨ ਇਕੋ ਵਕਤ ਜਾਂ ਤਾਂ ਗੁਰਦੁਆਰਾ ਹੋ ਸਕਦਾ ਹੈ, ਜਾਂ ਫਿਰ ਡੇਰਾ। ਵਕਤ ਬੀਤਣ ‘ਤੇ ਕੋਈ ਗੁਰਦੁਆਰਾ ਡੇਰੇ ਵਿਚ ਵੀ ਤਬਦੀਲ ਹੋ ਸਕਦਾ ਹੈ ਅਤੇ ਇਸੇ ਤਰ੍ਹਾਂ ਡੇਰਾ ਗੁਰਦੁਆਰੇ ਵਿਚ ਵੀ। ਗੱਲ ਗੁਰੂ ਨਾਨਕ ਸਾਹਿਬ ਦੇ ਵਕਤ ਦੀ ਹੀ ਹੈ ਜਦੋਂ ਉਨ੍ਹਾਂ ਨੇ ਉਦਾਸੀਆਂ ਤੋਂ ਬਾਅਦ ਢਾਈ ਮੁਰੱਬੇ ਜ਼ਮੀਨ ਮੁੱਲ ਲੈ ਕੇ ਕਰਤਾਰਪੁਰ ਵਸਾਇਆ। ਉਨ੍ਹਾਂ ਇਹ ਢਾਈ ਮੁਰੱਬੇ (62 ਏਕੜ) ਖੇਤੀ ਲਈ ਖਰੀਦੇ ਅਤੇ ਇਸ ਵਿਚ ਹੀ ਪਰਿਵਾਰ ਦੇ ਰਹਿਣ ਲਈ ਘਰ ਬਣਾਇਆ। ਇੱਥੇ ਹੀ ਆਪ ਦੇ ਦੋਵੇਂ ਸਪੁੱਤਰ ਵੱਡੇ ਹੋਏ। ਬਾਬਾ ਆਪ ਹੱਥੀਂ ਖੇਤੀ ਕਰਦਾ ਰਿਹਾ। ਹਰ ਆਏ ਗਏ ਸੰਤ ਮਹਾਂਪੁਰਸ਼ ਨੂੰ ਦਾਲ ਫੁਲਕਾ ਵੀ ਛਕਾਉਂਦਾ ਸੀ। ਲੋੜਵੰਦ ਦੀ ਆਪਣੀ ਕਿਰਤ ਵਿਚੋਂ ਬਣਦੀ ਸਰਦੀ ਮੱਦਦ ਵੀ ਬਾਬਾ ਕਰਦਾ ਰਿਹਾ।

ਇੱਥੋਂ ਜਾ ਕੇ ਹੀ ਗੁਰੂ ਨਾਨਕ ਨੇ ਅਚੱਲ ਵਟਾਲੇ ਸਿੱਧਾਂ ਨਾਲ ਗੋਸ਼ਟਾਂ ਕੀਤੀਆਂ ਅਤੇ ਉਨ੍ਹਾਂ ਦੀਆਂ ਮਨੌਤਾਂ ਨੂੰ ਇਕ ਇਕ ਕਰਕੇ ਗਲਤ ਸਾਬਿਤ ਕੀਤਾ ਤੇ ਦੱਸਿਆ ਕਿ ਘਰ ਗ੍ਰਹਿਸਥੀ ਚਲਾਉਣ ਵਾਲੇ ਲੋਕ ਹੀ ਰੱਬ ਦੇ ਨੇੜੇ ਹੁੰਦੇ ਹਨ। ਬਾਬੇ ਨਾਨਕ ਨੇ ਜਿਹੜਾ ਸਿੱਧਾ ਸਾਦਾ ਸਿੱਖੀ ਸਿਧਾਂਤ ‘ਕਿਰਤ ਕਰੋ, ਨਾਮ ਜਪੋ, ਵੰਡ ਛਕੋ’ ਮਾਨਵਤਾ ਨੂੰ ਦਿੱਤਾ, ਉਹਨੂੰ ਆਪ ਹਕੀਕਤ ਵਿਚ ਕਰਤਾਰਪੁਰ ਰਹਿ ਕੇ ਜੀਵਿਆ। ਅਸਲ ਵਿਚ ਕਰਤਾਰਪੁਰ ਨੂੰ ਸਿੱਖੀ ਦਾ ਪਹਿਲਾ ਪ੍ਰਚਾਰ ਸੈਂਟਰ ਬਾਬੇ ਨਾਨਕ ਨੇ ਬਣਾਇਆ ਜਿੱਥੇ ਸਿਧਾਂਤ ਅਤੇ ਹਕੀਕਤ ਪ੍ਰਤੱਖ ਇਕੱਠੇ ਦਿਸਦੇ ਸੀ ਅਤੇ ਹਰ ਆਉਣ ਵਾਲੇ ਨੂੰ ਬਾਬਾ “ੴ ਸਤਿਨਾਮ” ਨਾਲ ਜੋੜਦਾ ਰਿਹਾ। ਹੁਣ ਤਾਂ ਸਾਡੇ ਮਨਾਂ ਵਿਚ ਸ. ਸੋਭਾ ਸਿੰਘ ਦੀ ਫੋਟੋ ਵਾਲਾ ਨਾਨਕ ਹੀ ਵਸਿਆ ਹੋਇਆ ਹੈ। ਅਸੀਂ ਕਦੇ ਨਹੀਂ ਸੋਚਿਆ ਕਿ ਢੱਗਿਆਂ ਨਾਲ 62 ਖੇਤਾਂ ਦੀ ਖੇਤੀ ਕਰਨ ਵਾਲਾ ਤਾਂ ਖੱਦਰ ਦਾ ਝੱਗਾ ਅਤੇ ਪੈਰੀਂ ਧੌੜੀ ਦੀ ਜੁੱਤੀ ਪਾ ਕੇ ਹਲ ਵਾਹੁੰਦਾ ਰਿਹਾ ਹੋਵੇਗਾ। ਕਿਰਤ ਕਰਦਾ ਵੀ ਉਹ ਰੱਬ ਨਾਲ ਜੁੜਿਆ ਰਿਹਾ ਕਿਉਂਕਿ ਦਿਨ-ਰਾਤ ਕੰਮ ਕਰਨ ਵਾਲੇ ਕੋਲ ਐਨਾ ਵਕਤ ਕਿੱਥੇ ਹੁੰਦਾ ਹੋਣਾ ਕਿ ਭੋਰਾ ਬਣਾ ਕੇ, ਦੁੱਧ ਚਿੱਟੇ ਕੱਪੜੇ ਪਾ ਕੇ, ਸ਼ੇਰ ਦੀ ਖੱਲ ‘ਤੇ ਬਹਿ ਕੇ ਤਿੰਨ-ਤਿੰਨ ਦਿਨ ਸਿਮਰਨ ਕੀਤਾ ਜਾਵੇ।

ਬਾਬੇ ਨਾਨਕ ਦਾ ਸਿਧਾਂਤ ਤਾਂ ਸਪੱਸ਼ਟ ਹੈ ਕਿ ਕਿਰਤ ਕਰਦਿਆਂ ਸਿਮਰਨ ਵੀ ਕੀਤਾ ਜਾ ਸਕਦਾ ਹੈ। ਸਿਰਫ਼ ਚੌਕੜੀ ਮਾਰ ਕੇ, ਮਾਲਾ ਫੇਰ ਕੇ, ਰੱਬ ਰੱਬ ਕਰਨ ਵਾਲਾ ਕਿਰਤ ਨਹੀਂ ਕਰ ਸਕਦਾ। ਬਾਬੇ ਨਾਨਕ ਨੇ ਤਾਂ ਸਦਾ ਹੀ ਕਿਰਤੀ ਨੂੰ ਵਡਿਆਈ ਦਿੱਤੀ। ਉਨ੍ਹਾਂ ਨੇ ਜੀਵਨ ਦੇ ਜਿਹੜੇ 18 ਸਾਲ ਕਰਤਾਰਪੁਰ ਬਿਤਾਏ, ਉਹ ਕਿਰਤੀ, ਸੰਤ ਅਤੇ ਦਾਨੀ ਬਣ ਕੇ ਬਿਤਾਏ। ਉਨ੍ਹਾਂ ਦੇ ਪਰਲੋਕ ਸਿਧਾਰਨ ਤੋਂ ਕੁਝ ਸਮਾਂ ਪਹਿਲਾਂ ਕਰਤਾਰਪਰ ਸਾਹਿਬ ਵਿਚ ਸੰਗਤਾਂ ਦਾ ਆਉਣਾ ਕਾਫ਼ੀ ਵਧ ਗਿਆ ਸੀ। ਇੱਥੇ ਆ ਕੇ ਹਰ ਇਕ ਨੂੰ ਰੂਹ ਦੀ ਸ਼ਾਂਤੀ ਮਿਲਦੀ। ਬਾਬੇ ਨਾਨਕ ਦੇ ਬੋਲਾਂ ਵਿਚ ਲੋਕਾਂ ਨੂੰ ਰੱਬੀ ਬੋਲ ਸੁਣਾਈ ਦਿੰਦੇ ਸਨ। ਇਸ ਜਗ੍ਹਾ ਨੂੰ ਲੋਕੀਂ ਸਤਿਕਾਰ ਸਹਿਤ ਸਿਰ ਝੁਕਾਉਂਦੇ ਸਨ ਤੇ ਰੱਬ ਦਾ ਘਰ ਸਮਝਦੇ ਸਨ, ਕਿਉਂਕਿ ਜੋ ਬਰਕਤਾਂ ਇੱਥੇ ਸਨ, ਉਹ ਹੋਰ ਕਿਤੇ ਵੀ ਨਹੀਂ ਸਨ।

ਇਹੋ ਹੀ ਉਹ ਪਵਿੱਤਰ ਥਾਂ ਹੈ ਜਿੱਥੇ ਕਿਸੇ ਧਰਮ ਦੇ ਰਹਿਬਰ ਨੇ ਪਹਿਲੀ ਵਾਰ ਇਹ ਪਿਰਤ ਪਾਈ ਕਿ ਆਪਣੇ ਜਿਉੁਂਦੇ ਜੀਅ ਆਪਣੀ ਸਾਰੀ ਘਾਲ ਕਮਾਈ ਆਪਣੇ ਸੇਵਕ ਨੂੰ ਆਪਣੇ ਹੱਥੀਂ ਦੇ ਕੇ ਆਪਣੇ ਵਾਲਾ ਦਰਜਾ ਦਿੱਤਾ ਜਾਵੇ ਅਤੇ ਭਾਈ ਲਹਿਣਾ ਜੀ ਤੋਂ ਗੁਰੂ ਅੰਗਦ ਬਣਾਇਆ। ਫਿਰ ਕੀ ਵਿਧ ਬਣੀ ਕਿ ਇਸ ਮਹਾਨ ਜਗ੍ਹਾ ਨੂੰ ਗੁਰੂ ਨਾਨਕ ਸਾਹਿਬ ਨੇ ਅੱਗੇ ਤੋਂ ਗੁਰੂ ਅੰਗਦ ਦੇਵ ਨੂੰ ਛੱਡ ਕੇ ਜਾਣ ਲਈ ਕਹਿ ਦਿੱਤਾ ਅਤੇ ਸਿੱਖੀ ਦੇ ਪ੍ਰਚਾਰ ਲਈ ਨਵੀਂ ਜਗ੍ਹਾ ਲੱਭਣ ਦਾ ਹੁਕਮ ਵੀ ਕਰ ਦਿੱਤਾ? ਨਾਲ ਹੀ ਬਾਬਾ ਬੁੱਢਾ ਵਰਗੇ ਬ੍ਰਹਮਗਿਆਨੀ ਨੂੰ ਆਪਣੇ ਗੁਰੂ ਨਾਲ ਹੀ ਤੋਰ ਦਿੱਤਾ ਜਦੋਂ ਕਿ ਸਿੱਖੀ ਦੇ ਪ੍ਰਚਾਰ ਲਈ ਕਰਤਾਰਪੁਰ ਸਾਹਿਬ ਬਹੁਤ ਢੁੱਕਵੀਂ ਜਗ੍ਹਾ ਸੀ ਅਤੇ ਸੰਗਤ ਸਾਰੀ ਜਾਣਦੀ ਵੀ ਸੀ।

ਅਸਲ ਵਿਚ, ਜਾਣੀ ਜਾਣ ਬਾਬੇ ਨਾਨਕ ਨੇ ਇਨ੍ਹਾਂ 18 ਵਰ੍ਹਿਆਂ ਦੌਰਾਨ ਆਪਣੇ ਸਪੁੱਤਰਾਂ ਨੂੰ ਵੱਡੇ ਹੁੰਦੇ ਦੇਖਿਆ ਅਤੇ ਉਨ੍ਹਾਂ ਦੇ ਵਿਚਾਰਾਂ ਵਿਚ ਆਉਂਦੀਆਂ ਤਬਦੀਲੀਆਂ ਵੀ। ਬਾਬਾ ਸ੍ਰੀ ਚੰਦ ਜੀ ਬੜੇ ਧਾਰਮਿਕ ਬਿਰਤੀ ਵਾਲੇ ਸਨ। ਘੰਟਿਆਂ ਬੱਧੀ ਬੈਠ ਕੇ ਰੱਬ ਦਾ ਸਿਮਰਨ ਕਰਨ ਵਾਲੇ, ਦੁਨਿਆਵੀ ਗੱਲਾਂ ਤੋਂ ਪੂਰੀ ਤਰ੍ਹਾਂ ਆਪਣੇ ਆਪ ਨੂੰ ਨਿਰਲੇਪ ਰੱਖਿਆ ਹੋਇਆ ਸੀ। ਜਿੱਥੇ ਗੁਰੂ ਨਾਨਕ ਸਾਹਿਬ ਢਲਦੀ ਉਮਰ ਵਿਚ ਆਪ ਖੇਤੀ ਕਰਦੇ ਸਨ, ਉਥੇ ਸ੍ਰੀ ਚੰਦ ਸਿਰਫ਼ ਭਗਵੇਂ ਕੱਪੜੇ ਪਾ ਕੇ ਚੌਕੀਆਂ ਲਾਉਂਦਾ ਸੀ।

ਕਹਿਣ ਤੋਂ ਭਾਵ ਹੈ ਕਿ ਬਾਬੇ ਨਾਨਕ ਨੇ ਉਹਦੇ ਵਿਚ ਹੱਥੀਂ ਕਿਰਤ ਕਰਨ ਨੂੰ ਗਾਇਬ ਪਾਇਆ ਜਿਹੜਾ ਸਿੱਖੀ ਦਾ ਮੁਢਲਾ ਅਸੂਲ ਹੈ। ਗੁਰੂ ਨਾਨਕ ਸਾਹਿਬ ਨੇ ਸਿੱਧਾਂ ਨੂੰ ਤਾਂ ਸਮਝਾ ਦਿੱਤਾ ਕਿ ਗ੍ਰਹਿਸਥੀ ਜੀਵਨ ਹੀ ਉਤਮ ਹੈ ਪਰ ਬਾਬਾ ਸ੍ਰੀ ਚੰਦ ਇਸ ਵੱਲੋਂ ਮੁਨਕਰ ਹੋਏ ਖੜ੍ਹੇ ਸਨ। ਗੁਰੂ ਨਾਨਕ ਸਾਹਿਬ ਦੇ ਪੰਥ ਨੇ ਤਾਂ ਸੰਤ ਸਿਪਾਹੀ ਦੇ ਸੰਕਲਪ ਨੂੰ ਅੱਪੜਨਾ ਸੀ ਅਤੇ ਸਦਾ ਚੜ੍ਹਦੀ ਕਲਾ ਵਿਚ ਰਹਿਣਾ ਸੀ। ਫਿਰ ਬਾਬਾ ਸ੍ਰੀ ਚੰਦ ਬਿਲਕੁਲ ਉਲਟ ‘ਉਦਾਸੀ’ ਜੀਵਨ ਬਤੀਤ ਕਰਨ ਦੀ ਗੱਲ ਕਰਦਾ ਸੀ। ਕਰਤਾਰਪੁਰ ਗੁਰੂ ਨਾਨਕ ਸਾਹਿਬ ਦਾ ਘਰ ਵੀ ਸੀ ਅਤੇ ਉਨ੍ਹਾਂ ਤੋਂ ਬਾਅਦ ਉਨ੍ਹਾਂ ਦੇ ਪੁੱਤਰਾਂ ਨੇ ਹੀ ਇੱਥੇ ਰਹਿਣਾ ਸੀ। ਫਿਰ ਬਾਬਾ ਸ੍ਰੀ ਚੰਦ ਜੀ ਨੇ ਜੋ ਪ੍ਰਚਾਰ ਕਰਨਾ ਸੀ, ਉਹ ਭਾਵੇਂ ਪੂਰਾ ਧਾਰਮਿਕ ਹੋਣਾ ਸੀ ਪਰ ਨਾਨਕ ਦੀ ਸਿੱਖੀ ਤੋਂ ਬਿਲਕੁਲ ਉਲਟ ਹੋਣਾ ਸੀ।

ਜੋਤ ਭਾਵੇਂ ਗੁਰੂ ਅੰਗਦ ਦੇਵ ਵਿਚ ਗੁਰੂ ਨਾਨਕ ਸਾਹਿਬ ਦੀ ਹੀ ਸੀ ਅਤੇ ਉਨ੍ਹਾਂ ਹੀ ਬਾਬੇ ਨਾਨਕ ਦੇ ਸਿਧਾਂਤ ਨੂੰ ਅੱਗੇ ਵਧਾਉਣਾ ਸੀ ਪਰ ਕਰਤਾਰਪੁਰ ਸਾਹਿਬ ਪਿਤਾ ਪੁਰਖੀ ਹੋਣ ਕਰਕੇ ਬਾਬਾ ਸ੍ਰੀ ਚੰਦ ਦਾ ਪ੍ਰਭਾਵ ਸੰਗਤਾਂ ਵਿਚ ਵਧ ਜਾਣਾ ਸੀ। ਸਿੱਖੀ ਉਤੇ ਉਦਾਸੀ ਮੱਤ ਭਾਰੂ ਹੋਣ ਦਾ ਖਤਰਾ ਬਾਬੇ ਨਾਨਕ ਨੇ ਉਦੋਂ ਹੀ ਜਾਣ ਲਿਆ ਸੀ। ਉਨ੍ਹਾਂ ਨੂੰ ਇਹ ਪੂਰਾ ਯਕੀਨ ਹੋ ਗਿਆ ਸੀ ਕਿ ਉਨ੍ਹਾਂ ਤੋਂ ਪਿੱਛੋਂ ਸਿੱਖੀ ਪ੍ਰਚਾਰ ਦੇ ਕੇਂਦਰ ਨੂੰ ਬਾਬਾ ਸ੍ਰੀ ਚੰਦ ਡੇਰੇ ਦੇ ਤੌਰ ‘ਤੇ ਵਰਤੇਗਾ ਅਤੇ ਸਿੱਖੀ ਦਾ ਇਹ ਕੇਂਦਰ, ਉਦਾਸੀ ਅਖਾੜਾ ਬਣ ਕੇ ਰਹਿ ਜਾਵੇਗਾ। ਇਸ ਲਈ ਗੁਰੂ ਅੰਗਦ ਦੇਵ ਲਈ ਇਹ ਸਥਾਨ ਸਿੱਖੀ ਦੇ ਪ੍ਰਚਾਰ ਲਈ ਬਹੁਤਾ ਕਾਰਆਮਦ ਸਾਬਿਤ ਨਹੀਂ ਹੋਣਾ, ਕਿਉਂਕਿ ਇਕੋ ਥਾਂ ਤੋਂ ਦੋ ਵੱਖਰੇ ਸਿਧਾਂਤਾਂ ਦੀ ਗੱਲ ਕਰਨੀ ਹੀ ਬੜੀ ਮੁਸ਼ਕਿਲ ਸੀ। ਇਸੇ ਲਈ ਗੁਰੂ ਅੰਗਦ ਦੇਵ ਨੂੰ ਇਹ ਥਾਂ ਛੱਡਣ ਲਈ ਕਿਹਾ ਕਿ ਖਡੂਰ ਸਾਹਿਬ ਜਾ ਕੇ ਸਿੱਖ ਫਲਸਫੇ ਦਾ ਸੰਗਤਾਂ ‘ਚ ਪ੍ਰਚਾਰ ਕਰਨ।

ਬਾਬੇ ਨਾਨਕ ਨੇ ਆਪ, ਸ਼ੁਰੂ ‘ਚ ਹੀ ਸਿੱਖਾਂ ਨੂੰ ਡੇਰਿਆਂ ਨਾਲ ਜੁੜਨ ਤੋਂ ਵਰਜ ਦਿੱਤਾ ਸੀ ਭਾਵੇਂ ਉਹ ਕਿੰਨੇ ਵੀ ਧਾਰਮਿਕ ਕਿਉਂ ਨਾ ਹੋਣ ਅਤੇ ਉਹਨੂੰ ਚਲਾਉਣ ਵਾਲਾ ਭਾਵੇਂ ਉਨ੍ਹਾਂ ਦੇ ਆਪਣੇ ਪੁੱਤ ਵਰਗਾ ਧਰਮੀ ਹੀ ਕਿਉਂ ਨਾ ਹੋਵੇ, ਕਿਉਂਕਿ ਜਿਹੜਾ ਡੇਰਾ ਸਿੱਖ ਫਲਸਫੇ ਤੋਂ ਥੋੜ੍ਹਾ ਜਿਹਾ ਵੀ ਇਧਰ ਉਧਰ ਹੋਇਆ, ਉਥੇ ਕਦੇ ਵੀ ਸਿੱਖੀ ਸਿਧਾਂਤ ਦੀ ਸੱਚੀ ਸੁੱਚੀ ਤੇ ਹਰ ਇਕ ਦੇ ਸਮਝ ਆਉਣ ਵਾਲੀ ਗੱਲ ਨਹੀਂ ਹੋਣੀ। ਉਥੇ ਤਾਂ ਸਿਰਫ਼ ਰੱਬ ਦੇ ਨਾਂ ‘ਤੇ ਭੰਬਲਭੂਸਾ ਪ੍ਰਚਾਰਿਆ ਜਾਵੇਗਾ, ਕਿਉਂਕਿ ਇਸੇ ਭੰਬਲਭੂਸੇ ਨੇ ਤਾਂ ਡੇਰੇਦਾਰ ਦੀ ਮਾਨਤਾ ਵਿਚ ਵਾਧਾ ਕਰਨਾ ਹੁੰਦਾ ਹੈ। ਸਿੱਖੀ ਪ੍ਰਚਾਰ ਲਈ ਉਹ ਜਗ੍ਹਾ ਹੀ ਢੁੱਕਵੀਂ ਅਤੇ ਸਹੀ ਹੈ ਜਿੱਥੇ ਮਨੁੱਖਤਾ ਦੇ ਸਮੁੱਚੇ ਭਲੇ ਦੀ ਗੱਲ ਹੋਵੇ ਤੇ ਉਹ ਸਥਾਨ ਸਰਬ ਸਾਂਝੀਵਾਲਤਾ ਦਾ ਪ੍ਰਤੀਕ ਵੀ ਹੋਵੇ। ਇਹੋ ਜਿਹਾ ਸਥਾਨ ਫਿਰ ਗੁਰਦੁਆਰਾ ਹੀ ਬਣਿਆ, ਨਾ ਕਿ ਕੋਈ ਡੇਰਾ। ਗੁਰੂ ਨਾਨਕ ਸਾਹਿਬ ਨੇ ਤਾਂ ਡੇਰੇ ਅਤੇ ਗੁਰਦੁਆਰੇ ਵਿਚਲੇ ਫਰਕ ਨੂੰ ਆਪੇ ਹੀ ਸਪੱਸ਼ਟ ਕੀਤਾ ਹੋਇਐ। ਫਿਰ ਵੀ ਜੇ ਅੱਜ ਅਸੀਂ ਇਹ ਕਹੀਏ ਕਿ ਡੇਰੇ ਵੀ ਗੁਰਦੁਆਰੇ ਹੀ ਹਨ ਤਾਂ ਇਹ ਬਾਬੇ ਨਾਨਕ ਨੂੰ ਝੂਠਾ ਸਾਬਿਤ ਕਰਨ ਦੀ ਕੁਚਾਲ ਹੋਵੇਗੀ।

ਅੱਜ ਸਾਡੇ ਸਿੱਖ ਸਮਾਜ ਵਿਚ ਇਕੋ ਹੀ ਗੱਲ ਘਰ ਕਰ ਗਈ ਹੈ ਕਿ ਜਿੰਨਾ ਕੋਈ ਸੰਤ ਵੱਧ ਗਿਣਤੀ ਵਿਚ ਅੰਮ੍ਰਿਤ ਛਕਾਉਂਦਾ ਹੈ, ਉਨਾ ਹੀ ਉਹਨੂੰ ਗੁਰਮਤਿ ਦਾ ਵੱਡਾ ਪ੍ਰਚਾਰਕ ਸਮਝਿਆ ਜਾਂਦਾ ਹੈ, ਤੇ ਉਨੀ ਹੀ ਉਹਦੀ ਮਾਨਤਾ, ਸਗੋਂ ਮਾਨਤਾ ਨਾਲੋਂ ਪੂਜਾ ਵੱਧ ਹੋ ਰਹੀ ਹੈ। ਇਹੋ ਜਿਹਾ ਡੇਰੇਦਾਰ ਸੰਤ ਆਪ ਵੀ ਬੜਾ ਹੁੱਬ ਕੇ ਦੱਸਦੈ ਕਿ ਮੈਂ ਪੰਜ ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਦੀ ਦਾਤ ਬਖ਼ਸ਼ੀ ਹੈ। ਨਾਲ ਹੀ ਕਹੀ ਜਾਂਦਾ ਹੈ ਕਿ ਤਾਂ ਵੀ ਕੀ ਹੋ ਗਿਆ, ਜੇ ਉਨ੍ਹਾਂ ਵਿਚੋਂ ਢਾਈ ਲੱਖ ਨੇ ਅੰਮ੍ਰਿਤ ਛਕ ਕੇ ਤੋੜ ਦਿੱਤਾ। ਫਿਰ ਤਾਂ ਬਾਬੇ ਨਾਨਕ ਦੇ ਜਨੇਊ ਧਾਰਨ ਕਰਵਾਉਣ ਵਾਲੀ ਗੱਲ ਹੀ ਹੋ ਗਈ ਜਿਸ ਨੂੰ ਬਾਬੇ ਨੇ ਕਿਹਾ ਸੀ ਕਿ ਪੰਡਿਤਾ! ਮੈਂ ਟੁੱਟਣ ਵਾਲਾ ਜਨੇਊ ਨਹੀਂ ਪਾਉਣਾ। ਹੁਣ ਵਾਲੇ ਸੰਤ ਜਨੇਊੁ ਦੀ ਜਗ੍ਹਾ ਟੁੱਟਣ ਵਾਲੇ ਗਾਤਰੇ ਪਵਾ ਕੇ ਆਪਣੀ ਧੰਨ ਧੰਨ ਕਰਵਾਈ ਜਾਂਦੇ ਨੇ! ਕੀ ਅੰਮ੍ਰਿਤ ਛਕਾਉਣਾ/ਛਕਣਾ ਹੀ ਸਿਰਫ਼ ਸਿੱਖੀ ਦਾ ਅਖੀਰਲਾ ਪੌਡਾ ਹੈ? ਬੱਸ, ਗਿਣਤੀ ਹੀ ਵਧਾਉਣੀ ਹੈ, ਕੁਆਲਿਟੀ ‘ਤੇ ਕੋਈ ਗੌਰ ਨਹੀਂ ਕਰਨਾ। ਇਹ ਕਿੱਥੋਂ ਦਾ ਖਾਲਸਈ ਨਿਸ਼ਾਨਾ ਹੋਇਆ? ਤਾਂ ਹੀ ਤਾਂ ਫਿਰ ਇੱਦਾਂ ਦੇ ਅੰਮ੍ਰਿਤਧਾਰੀ, ਡੇਰਿਆਂ ਵਿਚ ਮਨਾਈਆਂ ਜਾਂਦੀਆਂ ਬਰਸੀਆਂ ‘ਤੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿਚ ਖੁਸਰਿਆਂ ਵਾਂਗ ਨੱਚਦੇ ਫਿਰਦੇ ਨੇ! ਫਿਰ ਇਨ੍ਹਾਂ ਡੇਰਿਆਂ ਨੂੰ ਤੁਸੀਂ ਕਿੱਦਾਂ ਗੁਰਦੁਆਰੇ ਕਹਿ ਸਕੋਗੇ?

ਇਨ੍ਹਾਂ ਡੇਰਿਆਂ ਨੇ ਐਨੀ ਮਨਮਤਿ ਚਲਾਈ ਹੋਈ ਹੈ ਕਿ ਰਹੇ ਰੱਬ ਦਾ ਨਾਂ! ਕੁਝ ਵਰ੍ਹੇ ਪਹਿਲਾਂ ਸਮੂਹ ਸਿੱਖ ਜਗਤ ਨੇ 300 ਸਾਲਾ ਗੁਰਗੱਦੀ ਦਿਵਸ ਮਨਾਇਆ ਅਤੇ ਇਕ ਸੰਤ ਨੇ ਆਪਣੇ ਡੇਰੇ ਵਿਚ ਜੋ ਡਰਾਮਾ ਕੀਤਾ, ਮੈਂ ਤਾਂ ਉਹਦੀ ਵੀਡੀਓ ਹੀ ਦੇਖੀ ਹੈ ਜਿਸ ਵਿਚ ਉਹਨੇ ਪੰਜਾਬ ਦੀਆਂ ਦੋਹਾਂ ਸਿਰਕੱਢ ਪਾਰਟੀਆਂ ਦੇ ਸਿਰਕੱਢ ਲੀਡਰ ਵੀ ਸੱਦੇ ਹੋਏ ਸਨ। ਆਪ ਉਹ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪੱਤਰਿਆਂ ‘ਤੇ ਲਾਲ ਟਿੱਕੇ ਲਾਈ ਜਾਂਦਾ ਸੀ ਤੇ ਨਾਲੇ ਇਨ੍ਹਾਂ ਮੁਜੀ ਲੀਡਰਾਂ ਤੋਂ ਵੀ ਲਵਾ ਕੇ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਦੇ ਰਿਹਾ ਸੀ। ਉਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਵੀ ਉੱਚਾ ਹੋਣ ਦਾ ਢੌਂਗ ਰਚੀ ਬੈਠਾ ਸੀ।

ਇਕ ਹੋਰ ਬਹੁਤ ਮਕਬੂਲ ਡੇਰਾ ਹੈ। ਪੰਜਾਬ ਵਿਚ ਬਾਬੇ ਨਾਨਕ ਦੇ ਨਾਂ ‘ਤੇ ਹੀ ਚਲਾਇਆ ਹੋਇਆ ਹੈ। ਲੋਕਾਂ ਵਿਚ ਸ਼ਰਧਾ ਵੀ ਬੜੀ ਹੈ ਇਸ ਡੇਰੇ ਦੀ। ਵੱਡੇ ਮਹਾਂਪੁਰਸ਼ ਦੇ ਗੁਜ਼ਰ ਜਾਣ ‘ਤੇ ਦੂਜੇ ਨੰਬਰ ਵਾਲੇ ਦੇ ਪੱਗ ਬੰਨ੍ਹਣ ਦਾ ਰਿਵਾਜ ਹੈ। ਉਸ ਡੇਰੇ ਵਿਚ ਵੀ ਗੁਜ਼ਰੇ ਹੋਏ ਬਾਬੇ ਦੀਆਂ ਫੋਟੋਆਂ ਨੂੰ ਪਾਲਕੀਆਂ ਵਿਚ ਰੱਖ ਕੇ ਮੱਥੇ ਟਿਕਾਉਂਦੇ ਹਨ। ਉਥੇ ਗੱਲ ਫੋਟੋਆਂ ਤੱਕ ਸੀਮਿਤ ਹੀ ਨਹੀਂ, ਬਾਬੇ ਦੀਆਂ ਜੁੱਤੀਆਂ ਵੀ ਰੱਖੀਆਂ ਹੋਈਆਂ ਹਨ ਰੁਮਾਲਿਆਂ ‘ਤੇ। ਉਥੇ ਜੁੱਤੀਆਂ ਦੀ ਪੂਜਾ ਕੀਤੀ ਜਾਂਦੀ ਹੈ। ਉਸ ਟਾਇਲਟ ਨੂੰ ਵੀ ਪੂਜਣ ਵਾਲਾ ਥਾਂ ਬਣਾ ਦਿੱਤਾ ਹੈ ਜਿਹੜੀ ਵੱਡਾ ਬਾਬਾ ਵਰਤਦਾ ਰਿਹਾ ਹੈ। ਡੇਰੇ ਦਾ ਵੱਡਾ ਸੰਤ ਬਾਹਰ ਵਿਦੇਸ਼ ਗਿਆ ਹੋਇਆ ਸੀ ਅਤੇ ਉਥੇ ਹੀ ਅਕਾਲ ਚਲਾਣਾ ਕਰ ਗਿਆ। ਜਿਸ ਤਾਬੂਤ ਵਿਚ ਉਹਦੀ ਦੇਹ ਇੰਡੀਆ ਲਿਆਂਦੀ ਗਈ, ਉਹਨੂੰ ਵੀ ਉਥੇ ਦਰਸ਼ਨਾਂ ਲਈ ਰੱਖਿਆ ਅਤੇ ਸ਼ਰਧਾਲੂ ਮੱਥਾ ਟੇਕਦੇ ਰਹੇ। ਕਿਹੜੀ ਗੁਰਮਤਿ ਦੀ ਗੱਲ ਹੈ ਇਸ ਵਿਚ? ਨਾਲੇ ਇਹ ਗੱਲ ਧਾਰਮਿਕ ਵੀ ਕਿੱਧਰੋਂ ਹੋ ਗਈ? ਜਿੱਥੇ ਜੁੱਤੀਆਂ ਤੇ ਟਾਇਲਟਾਂ ਨੂੰ ਮੱਥੇ ਟਿਕਾਏ ਜਾਣ? ਕੀ ਉਹ ਗੁਰਦੁਆਰਾ ਹੋ ਸਕਦਾ ਹੈ? ਇਹ ਫੈਸਲਾ ਮੇਰੇ ਭਰਾਵੋ ਤੇ ਭੈਣੋ, ਤੁਸੀਂ ਆਪ ਹੀ ਕਰ ਲਿਓ!

ਇਨ੍ਹਾਂ ਡੇਰੇਦਾਰ ਸੰਤਾਂ ਦੇ ਸੁਭਾਅ ਦਾ ਵੀ ਥੋੜ੍ਹਾ ਜਿਹਾ ਜ਼ਿਕਰ ਕਰ ਹੀ ਲਈਏ, ਕਿਉਂਕਿ ਘੰਟਿਆਂ ਬੱਧੀ ਸਿਮਰਨ ਕਰਨ ਵਾਲਿਆਂ, ਹਰ ਵਕਤ ਵਾਹਿਗੁਰੂ ਦੇ ਭੈਅ ‘ਚ ਰਹਿਣ ਵਾਲਿਆਂ, ਆਪ ਹਰਿਮੋਨੀਅਮ ਵਜਾਉਣ ਤੇ ਕੀਰਤਨ ਕਰਨ ਵਾਲਿਆਂ, ਸਿੱਖਾਂ ਨੂੰ ਗੁਰੂ ਦੇ ਲੜ ਲਾਉਣ ਵਾਲਿਆਂ ਵਿਚ ਨਿਮਰਤਾ ਤਾਂ ਕੁੱਟ-ਕੁੱਟ ਕੇ ਭਰੀ ਹੁੰਦੀ ਹੈ। ਉਹ ਕਿਸੇ ਦਾ ਵੀ ਮੰਦਾ ਨਹੀਂ ਸੋਚ ਸਕਦੇ, ਹਉਮੈ ਹੰਕਾਰ ਤਾਂ ਇਨ੍ਹਾਂ ਦੇ ਨੇੜੇ-ਤੇੜੇ ਵੀ ਨਹੀਂ ਫਟਕ ਸਕਦਾ। ਮੰਦਾ ਤਾਂ ਇਨ੍ਹਾਂ ਮਹਾਂਪੁਰਖਾਂ ਨੇ ਕਿਸੇ ਨੂੰ ਕੀ ਬੋਲਣਾ ਬਲਕਿ ਸਦਾ ਹੀ ਅਸ਼ੀਰਵਾਦ ਦਿੰਦੇ ਹੋਣੇ ਹਨ ਕਿਉਂਕਿ ਆਪ ਇਨ੍ਹਾਂ ਦੀਆਂ ਰੂਹਾਂ ਗੁਰਬਾਣੀ ਅਤੇ ਗੁਰਮਤਿ ਨਾਲ ਜੁੜੀਆਂ ਹੋਣ ਕਾਰਨ ਪਵਿੱਤਰ ਹੋ ਗਈਆਂ ਹੁੰਦੀਆਂ ਹਨ, ਇਹੋ ਹੀ ਤਾਂ ਸੰਤ ਸੁਭਾਅ ਹੈ।

ਉਦਾਂ ਮੈਂ ਕਿਸੇ ਬਾਬੇ ਨੂੰ ਬਹੁਤਾ ਨੇੜਿਓਂ ਨਹੀਂ ਦੇਖਿਆ ਹੋਇਆ, ਫਿਰ ਵੀ ਇਕ ਬਹੁਤ ਹੀ ਮਸ਼ਹੂਰ ਬਾਬੇ ਦੇ ‘ਕੌੜੇ ਸੁਭਾਅ’ ਦੀ ਗੱਲ ਸਾਂਝੀ ਕਰ ਲਈਏ। ਇਹ ਸੰਤ ਥੋੜ੍ਹੇ ਹੀ ਦਿਨ ਹੋਏ, ਅਮਰੀਕਾ ਦੀ ਫੇਰੀ ‘ਤੇ ਆਇਆ ਹੋਇਆ ਸੀ। ਕਹਿਣ ਨੂੰ ਤਾਂ ਸਾਰੇ ਗੁਰਮਤਿ ਪ੍ਰਚਾਰ ਹੀ ਕਹਿੰਦੇ ਨੇ ਪਰ ਅਸਲ ‘ਚ ਇਹ ਕਰਨ ਆਉਂਦੇ ਨੇ ਉਗਰਾਹੀ। ਇਸ ਸੰਤ ਮਹਾਂਪੁਰਖ ਬਾਰੇ ਕੁਝ ਖ਼ਬਰਾਂ ਚੰਗੀਆਂ ਨਹੀਂ ਮਿਲ ਰਹੀਆਂ। ਕਈ ਤਾਂ ਇਖਲਾਕ ਨਾਲ ਵੀ ਸਬੰਧਤ ਹਨ ਅਤੇ ਇਕ ਕੇਸ ਵਿਚ ਤਾਂ ਮਨੁੱਖੀ ਅਧਿਕਾਰ ਸੰਸਥਾ ਨੇ ਕੋਰਟ ਵਿਚ ਕੇਸ ਵੀ ਕੀਤਾ ਹੋਇਆ ਹੈ। ਉਦਾਂ ਇਸ ਬਾਬੇ ਨੇ 300 ਸਾਲਾ ਗੁਰਗੱਦੀ ਦਿਵਸ ਮੌਕੇ 300 ਤਰ੍ਹਾਂ ਦੇ ਪਕਵਾਨ (ਖਾਣੇ) ਬਣਾ ਕੇ ਸੰਗਤਾਂ ਨੂੰ ਛਕਾਏ ਸਨ। ਇਸ ਬਾਬੇ ਦੇ ਆਚਰਨ ‘ਤੇ ਉਠੀ ਉਂਗਲ ਕਰਕੇ ਕੁਝ ਸੋਝੀਵਾਨ ਸਿੱਖ ਵੀਰਾਂ ਭੈਣਾਂ ਨੇ ਇਹਦੇ ਪ੍ਰੋਗਰਾਮ ਦਾ ਬਾਈਕਾਟ ਕੀਤਾ ਅਤੇ ਰੋਸ ਮੁਜ਼ਾਹਰਾ ਵੀ ਕੀਤਾ।

ਇਸ ਬਾਰੇ ਅਖ਼ਬਾਰਾਂ ਵਿਚ ਕਾਫ਼ੀ ਚਰਚਾ ਹੋਈ। ਇਸ ‘ਤੇ ਇਹ ਬਾਬਾ ਐਨਾ ਗੁੱਸੇ ‘ਚ ਸੀ ਕਿ ਇਸ ਨੇ ਆਪਣੇ ਪ੍ਰੋਮੋਟਰ, ਮਤਲਬ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਨੂੰ ਕਿਹਾ ਕਿ ਜਿਹੜੇ ਲੋਕੀਂ ਐਥੇ ਮੇਰੀ ਮੁਖ਼ਾਲਫਤ ਕਰਦੇ ਨੇ, ਇਨ੍ਹਾਂ ਦੇ ਪਿਛਲੇ ਐਡਰੈਸ ਪਤੇ ਅਤੇ ਆਈ.ਡੀ. ਲੈ ਕੇ ਮੈਨੂੰ ਦਿਓ। ਜਦੋਂ ਇਨ੍ਹਾਂ ਵਿਚੋਂ ਕੋਈ ਇੰਡੀਆ ਆਇਆ ਤਾਂ ਉਥੇ ਮੈਂ ਇਨ੍ਹਾਂ ਨੂੰ ਸਬਕ ਸਿਖਾਊਂਗਾ। ਉਥੇ ਮੇਰੀ ਸਰਕਾਰੇ-ਦਰਬਾਰੇ ਵੀ ਪੂਰੀ ਪਹੁੰਚ ਆ।

ਕੀ ਇਹ ਸੰਤ ਬਚਨ ਹਨ ਜਾਂ ਬਦਮਾਸ਼ਾਂ ਵਾਲੀ ਧਮਕੀ? ਸਾਡੇ ਗੁਰੂ ਸਾਹਿਬਾਨ ਦੇ ਤਾਂ ਬਚਨ ਹਨ “ਸਾਧੋ ਮਨ ਕਾ ਮਾਨੁ ਤਿਆਗੋ” ਪਰ ਇਹ ਸਾਧ ਤਾਂ ਐਦਾਂ ਕਹਿੰਦਾ ਲੱਗਦਾ ਹੈ ਕਿ ਮਨ ਦਾ ਮਾਨ ਕਿੱਦਾਂ ਤਿਆਗਾਂ, ਮੇਰਾ ਤਾਂ ਲੂੰ-ਲੂੰ ‘ਮਾਨ ਸਿਹੁੰ’ ਬਣਿਆ ਪਿਆ। ਕੀ ਇਹੋ ਜਿਹੇ ਨਕਾਬਪੋਸ਼ ਸੰਤਾਂ ਦੇ ਕੀਤੇ ਗੁਰਮਤਿ ਪ੍ਰਚਾਰ ਦਾ ਅਸਰ ਸਹੀ ਤਰੀਕੇ ਨਾਲ ਸੰਗਤ ‘ਤੇ ਪੈ ਸਕਦਾ ਹੈ? ਹੁਣ ਜੇ ਇਹੋ ਜਿਹੇ ਸੰਤਾਂ ਦੇ ਸ਼ਰਧਾਲੂ ਇਹਨੂੰ ਗੁਰੂ ਨਾਨਕ ਸਾਹਿਬ ਦਾ ਹੀ ਰੂਪ ਕਹਿਣ ਤਾਂ ਉਨ੍ਹਾਂ ‘ਤੇ ਤਰਸ ਹੀ ਕੀਤਾ ਜਾ ਸਕਦਾ ਹੈ। ਗੁਰਬਾਣੀ ਵਿਚ ਇਹੋ ਜਿਹੇ ਸੰਤ ਅਤੇ ਉਹਦੇ ਸ਼ਰਧਾਲੂਆਂ ਨੂੰ “ਕੂੜਿਆਰ ਕੂੜਿਆਰੀ ਜਾਇ ਰਲੈ” ਕਿਹਾ ਹੋਇਆ ਹੈ। ਇਹੋ ਜਿਹਿਆਂ ਦੀ ਮਾਨਤਾ ਕਰਨ ਵਾਲਿਆਂ ਨੂੰ “ਠਾਕੂਰ ਛੋਡਿ ਦਾਸੀ ਕੋ ਸਿਮਰਹਿ ਮਨਮੁਖ ਅੰਗ ਅਧਿਆਨਾ” ਕਿਹਾ ਹੈ, ਤੇ ਗੁਰਬਾਣੀ ਨੇ ਗੁਰਸਿੱਖਾਂ ਨੂੰ ਹਦਾਇਤ ਵੀ ਕੀਤੀ ਹੋਈ ਹੈ “ਨਾਨਕ ਕਚੜਿਆ ਸਿਉ ਤੋੜਿ” ਤੇ ਗੁਰਮੁੱਖਾਂ ਨੂੰ ਕਿੱਥੇ ਜਾਣ ਲਈ ਕਿਹਾ ਹੈ “ਸਚਿਆਰ ਸਿੱਖ ਬੈਠੇ ਸਤਿਗੁਰ ਪਾਸਿ”

ਆਪਾਂ ਇਹ ਦੇਖ ਹੀ ਲਿਆ ਹੈ ਕਿ ਜਦੋਂ ਤੋਂ ਪੰਜਾਬ ਵਿਚ ਸੰਤਾਂ ਦੇ ਡੇਰਿਆਂ ਦੀ ਗਿਣਤੀ ਵਧੀ ਹੈ, ਉਦੋਂ ਤੋਂ ਹੀ ਸਿੱਖਾਂ ਵਿਚ ਪਤਿਤਪੁਣਾ ਵੀ ਵਧਿਆ ਹੈ। ਸ੍ਰੀ ਅਕਾਲ ਤਖਤ ਸਾਹਿਬ ‘ਤੇ ਹੋਏ ਸਰਬ ਪ੍ਰਵਾਣਿਤ ਪੰਥਕ ਫੈਸਲਿਆਂ ਵਿਰੁੱਧ ਆਵਾਜ਼ ਵੀ ਇਨ੍ਹਾਂ ਡੇਰਿਆਂ ‘ਚੋਂ ਹੀ ਨਿਕਲਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਸਰਬਉਚਤਾ ਨੂੰ ਕਿਤੇ ਗੁੱਝੀ ਅਤੇ ਕਿਤੇ ਸਿੱਧੀ ਚੁਣੌਤੀ ਦੀਆਂ ਆਵਾਜ਼ਾਂ ਵੀ ਇਨ੍ਹਾਂ ਸੰਤ ਦੇ ਡੇਰਿਆਂ ਵਿਚੋਂ ਹੀ ਸੁਣਨ ਨੂੰ ਮਿਲਦੀਆਂ ਹਨ। ਪੁਰਾਣੀ ਕਹਾਵਤ ਹੈ, ਸੱਚੀ ਹੀ ਹੋਣੀ ਆ ਕਿ “ਇਲਾਜ ਨਾਲੋਂ ਪ੍ਰਹੇਜ਼ ਚੰਗਾ”। ਬੱਸ ਸਾਰੀਆਂ ਸਿੱਖ ਸੰਗਤਾਂ ਜੇ ਕਿਤੇ ਪ੍ਰਹੇਜ਼ ਕਰ ਲੈਣ ਤਾਂ ਉਮੀਦ ਹੈ ਕਿ ਇਨ੍ਹਾਂ ਡੇਰਿਆਂ ‘ਤੇ ਜਾਣ ਤੋਂ ਤਾਂ ਭਲਾ ਹੀ ਹੋਊਗਾ। ਨਾਲੇ ਬਾਬੇ ਨਾਨਕ ਨੇ ਵੀ ਤਾਂ ਵਰਜਿਆ ਹੋਇਆ ਹੈ।

ਸਿੱਖ ਸੰਗਤਾਂ ਲਈ ਅੱਜਕੱਲ੍ਹ ਬੜੀ ਵੱਡੀ ਅਤੇ ਇਮਤਿਹਾਨ ਦੀ ਘੜੀ ਆ ਗਈ ਹੈ। ਹੁਣ ਤੱਕ ਜੇ ਕਿਤੇ ਕੋਈ ਮਨਮਤੀਆ ਸੰਤ ਬਾਬਾ ਆਪਣੇ ਡੇਰੇ ਵਿਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਆਪ ਹੁਦਰੀਆਂ ਕਰਕੇ ਗੁਰਮਤਿ ਸਿਧਾਂਤ ਨੂੰ ਸੱਟ ਮਾਰਨ ਦੀ ਹਰਕਤ ਕਰਦਾ ਹੈ ਤਾਂ ਸਭ ਤੋਂ ਪਹਿਲਾਂ ਸਿੱਖ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕਰਦੇ ਨੇ ਕਿ ਇਹੋ ਜਿਹੇ ਸਾਧ ਨੂੰ ਨੱਥ ਪਾਵੇ, ਪਰ ਹੁਣ ਅੱਗੇ ਤੋਂ ਸਿੱਖ ਕਿੱਥੇ ਰੋਣਾ ਰੋਣਗੇ, ਕਿਉਂਕਿ ਸ਼੍ਰੋਮਣੀ ਕਮੇਟੀ ‘ਤੇ ਵੀ ਹੁਣ ਡੇਰੇਦਾਰਾਂ ਦਾ ਕਬਜ਼ਾ ਹੋਣ ਜਾ ਰਿਹਾ ਹੈ। ਇਸ ਗੱਲ ਦਾ ਪੂਰਾ ਖ਼ਦਸ਼ਾ ਹੈ ਕਿ ਸ਼੍ਰੋਮਣੀ ਕਮੇਟੀ ਕਿਤੇ ਵੱਡੇ ਡੇਰੇ ਵਿਚ ਹੀ ਨਾ ਤਬਦੀਲ ਹੋ ਜਾਵੇ! ਫਿਰ ਇਹ ਕੋਈ ਵੱਡੀ ਗੱਲ ਨਹੀਂ ਹੋਣੀ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਅਜਾਇਬ ਘਰ ਵਿਚ ਅਕਾਲ ਚਲਾਣਾ ਕਰ ਚੁੱਕੇ ਸੰਤਾਂ ਦੇ ਜੋੜੇ (ਜੁੱਤੀਆਂ) ਰੱਖੇ ਜਾਣਗੇ ਦਰਸ਼ਨਾਂ ਲਈ। ਪਤਾ ਨਹੀਂ ਹੋਰ ਕੀ ਕੀ ਕੁਝ ਹੋਵੇ। ਸਭ ਕੁਝ ਗਾਇਬ ਹੋ ਜਾਣਾ; ਦੁਰਲੱਭ ਗੁਰਮਤਿ ਵਸਤਾਂ, ਗੁਰੂ ਸਾਹਿਬਾਨ ਦੇ ਪਵਿੱਤਰ ਸ਼ਸਤਰ, ਤੇ ਉਨ੍ਹਾਂ ਦੀ ਥਾਂ ‘ਤੇ ਹੋਣਗੀਆਂ ਸੋਨੇ, ਚਾਂਦੀ ਦੀ ਮੁੱਠ ਵਾਲੀਆਂ ਖੁੰਡੀਆਂ ਜਿਨ੍ਹਾਂ ਦੇ ਸਹਾਰੇ ਡੇਰੇਦਾਰ ਤੁਰਦੇ ਹੁੰਦੇ ਸੀ।

27 ਸਾਲਾਂ ਤੋਂ ਆਪਾਂ ਕਹਿ ਰਹੇ ਹਾਂ ਕਿ ਫੌਜੀ ਹਮਲੇ ਵਿਚ ਹਿੰਦੁਸਤਾਨੀ ਫੌਜ ਨੇ ਕਿੰਨੀਆਂ ਇਤਿਹਾਸਕ ਅਤੇ ਦੁਰਲੱਭ ਵਸਤਾਂ ਦਾ ਨੁਕਸਾਨ ਕੀਤਾ। ਜੋ ਨੁਕਸਾਨ ਹੁਣ ਚਿੱਟੇ ਚੋਲਿਆਂ ਵਾਲਿਆਂ ਨੇ ਕਰਨਾ ਹੈ, ਉਹਦਾ ਕੋਈ ਅੰਦਾਜ਼ਾ ਹੀ ਨਹੀਂ। ਮਤ ਕੋਈ ਸਮਝੇ ਕਿ ਮੁਖਾਲਫ਼ਤ ਦਾ ਇਹ ਏਜੰਡਾ ਕਿਸੇ ਲਿਖਣ ਲਿਖਾਉਣ ਵਾਲੇ ਦੇ ਆਪਣੇ ਮਨ ਦਾ ਡੇਰੇਦਾਰ ਸੰਤਾਂ ਨੂੰ ਬਦਨਾਮ ਕਰਨ ਲਈ ਹੈ, ਬਲਕਿ ਸੱਚਾਈ ਹੈ ਜੋ ਸਾਹਮਣੇ ਦਿਸਦੀ ਹੈ ਕਿ ਭਾਵੇਂ ਕੋਈ ਵੀ ਸੰਤ ਸਮਾਜੀ ਸ਼੍ਰੋਮਣੀ ਕਮੇਟੀ ਦਾ ਮੈਂਬਰ ਨਹੀਂ ਸੀ, ਪਰ ਬਾਹਰੋਂ ਹੀ ਜਿਸ ਦਬਕੇ ਨਾਲ ਸ਼੍ਰੋਮਣੀ ਕਮੇਟੀ ਦੇ ਫੈਸਲਿਆਂ ਨੂੰ ਪ੍ਰਭਾਵਿਤ ਕੀਤਾ, ਉਹ ਚਿੱਟੇ ਦਿਨ ਵਾਂਗ ਹੈ ਤੇ ਹੁਣ ਜਦੋਂ 30 ਸੰਤ ਸਮਾਜੀ ਡੇਰੇਦਾਰਾਂ ਨੇ ਆਪ ਸ਼੍ਰੋਮਣੀ ਕਮੇਟੀ ਦੇ ਫੈਸਲੇ ਕਰਨੇ ਹਨ, ਤਾਂ ਫਿਰ ਦੇਖਿਓ ਕਿ ਕਿੱਦਾਂ ਧੱਜੀਆਂ ਉਡਦੀਆਂ ਹਨ ਗੁਰੂ ਬਾਬੇ ਨਾਨਕ ਦੇ ਨਿਰਮਲ ਪੰਥਕ ਸਿਧਾਂਤਾਂ ਦੀਆਂ। ਸਭ ਗੁਰੂ ਸ਼ਹਾਦਤਾਂ ਤੇ ਸਿੱਖ ਕੁਰਬਾਨੀਆਂ ‘ਤੇ ਭਾਰੂ ਪੈ ਜਾਣੀਆਂ ਸੰਤ ਬਾਬਿਆਂ ਦੀਆਂ ਬਰਸੀਆਂ। ਰੱਬ ਕਰੇ, ਇਹ ਕੁਝ ਨਾ ਹੀ ਹੋਵੇ। ਮੈਨੂੰ ਲੱਗਦਾ ਹੈ ਕਿ ਗੁਰੂ ਨੂੰ ਪਿਆਰ ਕਰਨ ਵਾਲਾ ਹਰ ਬੰਦਾ ਵੀ ਇਹੋ ਚਾਹੁੰਦਾ ਹੈ। ਇਸ ਕਰਕੇ ਇਮਤਿਹਾਨ ਜਿਹੜਾ ਸਤੰਬਰ ਮਹੀਨੇ ਵਿਚ ਹੋ ਰਿਹਾ ਹੈ, ਲਈ ਸਮੂਹ ਸਿੱਖ, ਸੋਚ ਵਿਚਾਰ ਕੇ ਤਿਆਰੀ ਕਰ ਲੈਣ ਤਾਂ ਕਿ ਗੁਰੂ ਬਖ਼ਸ਼ੇ ‘ਗੁਰਦੁਆਰੇ’ ਗੁਰਦੁਆਰੇ ਹੀ ਬਣੇ ਰਹਿਣ ਜਿੱਥੋਂ ਸਦਾ ਹੀ ਗੁਰੂ ਰਹਿਮਤ ਬਰਸਦੀ ਹੈ।

ਇਸ ਵਿਚ ਤਾਂ ਕੋਈ ਸ਼ੱਕ ਨਹੀਂ ਕਿ ਪੰਜਾਬ ਤੇ ਖਾਸ ਕਰਕੇ ਸਿੱਖਾਂ ਨਾਲ ਦਿੱਲੀ ਨੇ ਵਫਾ ਘੱਟ ਹੀ ਕੀਤੀ ਹੈ। ਡਰ ਇਹ ਹੈ ਕਿ ਹੁਣ ਕਿਤੇ ਸਿੱਖਾਂ ਦੀ ਮਿਨੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਇਕ ਵੱਡੇ ਟੱਬਰ ਤੋਂ ਛੁਟਕਾਰਾ ਪਾਉਂਦੇ ਪਾਉਂਦੇ ਰਾਜਧਾਨੀ ਵਾਲੇ ਟੱਬਰ ਨੂੰ ਨਾ ਸਾਰੀਆਂ ਵਾਗਾਂ ਫੜ੍ਹਾ ਬੈਠੀਏ। ਜੇ ਅਜਿਹਾ ਹੋਇਆ ਤਾਂ ਹੱਥਾਂ ਦੀਆਂ ਦਿੱਤੀਆਂ ਆਪਣੀਆਂ ਹੀ ਗੰਢਾਂ ਨੂੰ ਦੰਦਾਂ ਨਾਲ ਖੋਲ੍ਹਣਾ ਪੈ ਸਕਦਾ ਹੈ ਕਿਉਂਕਿ ਫਿਰ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਨ੍ਹਾਂ ਲੋਕਾਂ ਦਾ ਮਾਣ ਸਨਮਾਨ ਹੋਣ ਲੱਗ ਪਵੇਗਾ ਜਿਨ੍ਹਾਂ ਨੇ ਇਸ ‘ਤੇ ਹਮਲਾ ਕੀਤਾ ਸੀ। ਬਹੁਤ ਧਿਆਨ ਰੱਖਣਾ ਪਵੇਗਾ ਕਿ ਕਿਤੇ ਅੱਜ ਦੀਆਂ ਮਿੱਠੀਆਂ ਗੋਲੀਆਂ ਕੱਲ੍ਹ ਨੂੰ ਬੰਦੂਕ ਦੀਆਂ ਗੋਲੀਆਂ ਨਾਲ ਬਣ ਜਾਣ।